ਹਾਲੀ ਨੂੰ ਪੜ੍ਹਨਾ ਅੱਜ ਵੀ ਜ਼ਰੂਰੀ ਕਿਉਂ ?
ਹਰ ਸਾਲ ਕੌਮਾਂਤਰੀ ਮਹਿਲਾ ਦਿਵਸ ਸ਼ਰਧਾਂਜਲੀਆਂ, ਭਾਸ਼ਣਾਂ ਅਤੇ ਲਿੰਗ ਸਮਾਨਤਾ ਬਾਰੇ ਉੱਚੇ ਵਾਅਦਿਆਂ ਨਾਲ ਮਨਾਇਆ ਜਾਂਦਾ ਹੈ। ਫਿਰ ਵੀ ਡੂੰਘਾ ਸਵਾਲ ਸਦਾ ਇਹ ਬਣਿਆ ਰਹਿੰਦਾ ਹੈ ਕਿ ਵੱਖ-ਵੱਖ ਸਮਾਜ ਆਪਣੀ ਤਰੱਕੀ ਨੂੰ ਔਰਤਾਂ ਦੇ ਸਤਿਕਾਰ, ਸਿੱਖਿਆ ਅਤੇ ਉਨ੍ਹਾਂ ਦੀ ਸਥਿਤੀ...
ਹਰ ਸਾਲ ਕੌਮਾਂਤਰੀ ਮਹਿਲਾ ਦਿਵਸ ਸ਼ਰਧਾਂਜਲੀਆਂ, ਭਾਸ਼ਣਾਂ ਅਤੇ ਲਿੰਗ ਸਮਾਨਤਾ ਬਾਰੇ ਉੱਚੇ ਵਾਅਦਿਆਂ ਨਾਲ ਮਨਾਇਆ ਜਾਂਦਾ ਹੈ। ਫਿਰ ਵੀ ਡੂੰਘਾ ਸਵਾਲ ਸਦਾ ਇਹ ਬਣਿਆ ਰਹਿੰਦਾ ਹੈ ਕਿ ਵੱਖ-ਵੱਖ ਸਮਾਜ ਆਪਣੀ ਤਰੱਕੀ ਨੂੰ ਔਰਤਾਂ ਦੇ ਸਤਿਕਾਰ, ਸਿੱਖਿਆ ਅਤੇ ਉਨ੍ਹਾਂ ਦੀ ਸਥਿਤੀ ਦੇ ਆਧਾਰ ’ਤੇ ਕਿੰਨੀ ਕੁ ਗੰਭੀਰਤਾ ਨਾਲ ਮਾਪਦੇ ਹਨ? ਲਗਭਗ ਡੇਢ ਸਦੀ ਪਹਿਲਾਂ (ਮੌਜੂਦਾ ਹਰਿਆਣਾ ਵਿੱਚ) ਪਾਣੀਪਤ ਦੇ ਇੱਕ ਉਰਦੂ ਸ਼ਾਇਰ ਨੇ ਇਹੀ ਸਵਾਲ ਪੁੱਛਿਆ ਸੀ। ਔਰਤਾਂ ਬਾਰੇ ਉਸ ਦੇ ਕਲਾਮ ਨੂੰ ਯਾਦ ਕਰਨ ਤੋਂ ਪਹਿਲਾਂ ਇਹ ਚੇਤੇ ਰੱਖਣਾ ਅਹਿਮ ਹੈ ਕਿ ਉਹ ਕਿੰਨੀ ਸ਼ਿੱਦਤ ਨਾਲ ਆਪਣੇ ਵਤਨ ਨੂੰ ਮੁਹੱਬਤ ਕਰਦਾ ਸੀ। ਆਪਣੀ ਇੱਕ ਨਜ਼ਮ ਵਿੱਚ ਖ਼ਵਾਜਾ ਅਲਤਾਫ਼ ਹੁਸੈਨ ਹਾਲੀ (1837-1914) ਨੇ ਲਿਖਿਆ ਹੈ:
ਤੇਰੀ ਏਕ ਮੁਸ਼ਤ-ਏ-ਖ਼ਾਕ ਕੇ ਬਦਲੇ ਲੂੰ ਨਾ ਹਰਗਿਜ਼,
ਅਗਰ ਬਹਿਸ਼ਤ ਮਿਲੇ।
(ਵਤਨ ਦੀ ਮੁੱਠੀ ਭਰ ਮਿੱਟੀ ਬਦਲੇ ਵੀ ਮੈਂ ਕਦੇ ਕੋਈ ਸੌਦੇਬਾਜ਼ੀ ਨਹੀਂ ਕਰਾਂਗਾ, ਭਾਵੇਂ ਬਦਲੇ ਵਿੱਚ ਮੈਨੂੰ ਬਹਿਸ਼ਤ ਵੀ ਮਿਲਦੀ ਹੋਵੇ।) ਉਸ ਦੀਆਂ ਇਹ ਸਤਰਾਂ ਮਾਤ-ਭੂਮੀ ਪ੍ਰਤੀ ਸ਼ਰਧਾ ਤੇ ਭਾਵਨਾ ਨੂੰ ਸਪੱਸ਼ਟਤਾ ਨਾਲ ਦਰਸਾਉਂਦੀਆਂ ਹਨ। ਦੇਸ਼ਭਗਤੀ, ਹਾਲੀ ਦੀ ਵਿਰਾਸਤ ਦਾ ਸਿਰਫ਼ ਇੱਕ ਪਹਿਲੂ ਸੀ। ਮਹਿਲਾ ਦਿਵਸ ਮੌਕੇ ਉਸ ਨੂੰ ਖ਼ਾਸ ਤੌਰ ’ਤੇ ਯਾਦ ਕਰਨਾ ਇਸ ਲਈ ਵਧੇਰੇ ਢੁੱਕਵਾਂ ਹੈ ਕਿਉਂਕਿ ਔਰਤਾਂ ਦੀ ਸਥਿਤੀ, ਮਾਣ ਅਤੇ ਸਿੱਖਿਆ ਬਾਰੇ ਜਿਨ੍ਹਾਂ ਮੁੱਦਿਆਂ ’ਤੇ ਅੱਜ ਗੰਭੀਰਤਾ ਨਾਲ ਚਰਚਾ ਕੀਤੀ ਜਾਂਦੀ ਹੈ, ਇਨ੍ਹਾਂ ਹੀ ਮੁੱਦਿਆਂ ਬਾਰੇ ਉਸ ਨੇ ਲਗਭਗ ਡੇਢ ਸਦੀ ਪਹਿਲਾਂ ਬੜੀ ਬੇਬਾਕੀ ਨਾਲ ਗੱਲ ਕੀਤੀ ਸੀ। ਹਾਲੀ ਨੂੰ ਜ਼ਿਆਦਾ ਕਰਕੇ ਮਿਰਜ਼ਾ ਗ਼ਾਲਿਬ ਦੇ ਸ਼ਾਗਿਰਦ ਅਤੇ ਮੁਕੱਦਮਾ-ਏ-ਸ਼ਿਅਰ-ਓ-ਸ਼ਾਇਰੀ ਦੇ ਰਚਣਹਾਰੇ ਵਜੋਂ ਯਾਦ ਕੀਤਾ ਜਾਂਦਾ ਹੈ, ਜਿਸ ਨੂੰ ਆਮ ਤੌਰ ’ਤੇ ਉਰਦੂ ਵਿੱਚ ਸਾਹਿਤਕ ਆਲੋਚਨਾ ਦਾ ਪਹਿਲਾ ਆਧੁਨਿਕ ਕਾਰਜ ਮੰਨਿਆ ਜਾਂਦਾ ਹੈ। ਪਰ ਉਸ ਦੀ ਸੋਚ ਦੇ ਇੱਕ ਹੋਰ ਪਹਿਲੂ ’ਤੇ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ, ਉਹ ਹੈ: ਔਰਤ ਦੀ ਸਥਿਤੀ ਅਤੇ ਸਮਾਜ ਦੀਆਂ ਨੈਤਿਕ ਕਦਰਾਂ-ਕੀਮਤਾਂ ਬਾਰੇ ਉਸ ਦੀ ਫ਼ਿਕਰਮੰਦੀ। ਹਾਲੀ ਦੇ ਇਸ ਨਜ਼ਰੀਏ ਤੋਂ ਪਹਿਲੀ ਵਾਰ ਮੈਂ 1972 ’ਚ ਜ਼ਿਲ੍ਹੇ ਦੇ ਪ੍ਰਸ਼ਾਸਕੀ ਕਾਰਜਾਂ ਦੀ ਸਿਖਲਾਈ ਦੌਰਾਨ ਕਰਨਾਲ ਵਿੱਚ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਵਜੋਂ ਤਾਇਨਾਤੀ ਸਮੇਂ ਜਾਣੂੰ ਹੋਇਆ। ਉਦੋਂ ਪਾਣੀਪਤ ਵੀ ਪ੍ਰਸ਼ਾਸਨਿਕ ਪੱਖ ਤੋਂ ਕਰਨਾਲ ਜ਼ਿਲ੍ਹੇ ਦਾ ਹਿੱਸਾ ਸੀ। ਫਿਰ ਵੀ ਇਹ ਗੱਲ ਮੈਨੂੰ ਅੱਜ ਵੀ ਪ੍ਰਭਾਵਿਤ ਕਰਦੀ ਹੈ ਕਿ ਮੁੱਖ ਤੌਰ ’ਤੇ ਆਪਣੀਆਂ ਇਤਿਹਾਸਕ ਲੜਾਈਆਂ ਲਈ ਯਾਦ ਕੀਤੇ ਜਾਂਦੇ ਸ਼ਹਿਰ ਪਾਣੀਪਤ ਨੇ ਇੱਕ ਅਜਿਹਾ ਸ਼ਾਇਰ ਵੀ ਪੈਦਾ ਕੀਤਾ, ਜਿਸ ਦੇ ਸਮਾਜ, ਖ਼ਾਸਕਰ ਔਰਤਾਂ ਬਾਰੇ ਵਿਚਾਰ ਆਪਣੇ ਸਮੇਂ ਤੋਂ ਬਹੁਤ ਅੱਗੇ ਸਨ। ਫਿਰ ਵੀ ਸਾਹਿਤਕ ਹਲਕਿਆਂ ਤੋਂ ਬਾਹਰ ਹਾਲੀ ਦੀ ਰਚਨਾ ਦੇ ਇਸ ਪੱਖ ਨੂੰ ਅਜੀਬ ਢੰਗ ਨਾਲ ਨਜ਼ਰਅੰਦਾਜ਼ ਕੀਤਾ ਗਿਆ ਜਾਪਦਾ ਹੈ। ਜਦੋਂ ਮੈਂ ਹਾਲੀ ਬਾਰੇ ਵੱਖ-ਵੱਖ ਉੱਘੇ ਵਿਦਵਾਨਾਂ ਤੇ ਲੇਖਕਾਂ ਦੇ ਲੇਖਾਂ, ਜੋ ਇੱਕ ਕਵੀ, ਆਲੋਚਕ, ਵਾਰਤਕ ਲੇਖਕ ਅਤੇ ਸਮਾਜ ਸੁਧਾਰਕ ਵਜੋਂ ਉਸ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਦੀ ਪੜਚੋਲ ਕਰਦੇ ਸਨ, ਦਾ ਇੱਕ ਯਾਦਗਾਰੀ ਸੰਗ੍ਰਹਿ ਤਿਆਰ ਕੀਤਾ ਤਾਂ ਮੈਂ ਪ੍ਰਸਿੱਧ ਕਲਾਕਾਰ ਐੱਮ.ਐੱਫ. ਹੁਸੈਨ ਨੂੰ ਇਸ ਮਹਾਨ ਸ਼ਾਇਰ ਦਾ ਚਿੱਤਰ ਬਣਾਉਣ ਦੀ ਬੇਨਤੀ ਕੀਤੀ। ਉਨ੍ਹਾਂ ਮੇਰੀ ਬੇਨਤੀ ਸਵੀਕਾਰ ਕਰਦਿਆਂ ਹਾਲੀ ਦਾ ਇੱਕ ਸ਼ਾਨਦਾਰ ਚਿੱਤਰ ਬਣਾਇਆ। ਇਸ ਲੇਖ ਦੇ ਨਾਲ ਦਿੱਤਾ ਗਿਆ ਚਿੱਤਰ ਇਹ ਯਾਦ ਦਿਵਾਉਂਦਾ ਹੈ ਕਿ ਹਾਲੀ ਦੀ ਵਿਰਾਸਤ ਨਾ ਸਿਰਫ਼ ਵਿਦਵਾਨਾਂ ਸਗੋਂ ਕਲਾਕਾਰਾਂ ਨੂੰ ਵੀ ਪ੍ਰੇਰਿਤ ਕਰਦੀ ਹੈ। ਹਾਲੀ ਦੇ ਦ੍ਰਿਸ਼ਟੀਕੋਣ ਨੂੰ ਉਸ ਦੀਆਂ ਇਹ ਸਤਰਾਂ ਐਨ ਢੁੱਕਵੇਂ ਢੰਗ ਨਾਲ ਦਰਸਾਉਂਦੀਆਂ ਹਨ: ਐ ਮਾਓਂ, ਬਹਿਨੋਂ, ਬੇਟੀਓ, ਦੁਨੀਆ ਕੀ ਇੱਜ਼ਤ ਤੁਮ ਸੇ ਹੈ;
ਮੁਲਕੋਂ ਕੀ ਬਸਤੀ ਹੋ ਤੁਮਹੀ, ਕੌਮੋਂ ਕੀ ਇੱਜ਼ਤ ਤੁਮ ਸੇ ਹੈ।
ਇਨ੍ਹਾਂ ਸਤਰਾਂ ਦਾ ਹਵਾਲਾ ਅਕਸਰ ਹਾਲੀ ਦੀ ਸ਼ਾਇਰੀ ਦੀ ਖ਼ੂਬਸੂਰਤੀ ਦੀ ਮਿਸਾਲ ਵਜੋਂ ਦਿੱਤਾ ਜਾਂਦਾ ਹੈ, ਪਰ ਇਨ੍ਹਾਂ ਦਾ ਅਰਥ ਕਿਤੇ ਡੂੰਘੇਰਾ ਹੈ। ਇੱਥੇ ਹਾਲੀ ਤਹਿਜ਼ੀਬ ਦੀ ਗੱਲ ਕਰ ਰਿਹਾ ਹੈ। ਕਿਸੇ ਦੇਸ਼ ਦੀ ਸਥਿਤੀ ਦਾ ਅੰਦਾਜ਼ਾ ਉਸ ਦੀਆਂ ਔਰਤਾਂ ਦੀ ਸਥਿਤੀ ਤੋਂ ਲਗਾਇਆ ਜਾ ਸਕਦਾ ਹੈ। ਔਰਤਾਂ ਨੂੰ ਸਿੱਖਿਆ, ਸਤਿਕਾਰ ਅਤੇ ਆਜ਼ਾਦੀ ਤੋਂ ਵਾਂਝਾ ਰੱਖਣ ਵਾਲਾ ਸਮਾਜ ਪ੍ਰਗਤੀਸ਼ੀਲ ਹੋਣ ਦਾ ਦਾਅਵਾ ਨਹੀਂ ਕਰ ਸਕਦਾ, ਭਾਵੇਂ ਉਹ ਆਪਣੀਆਂ ਪ੍ਰਾਪਤੀਆਂ ਦਾ ਜਸ਼ਨ ਕਿੰਨੇ ਵੀ ਸ਼ਾਨਦਾਰ ਢੰਗ ਨਾਲ ਕਿਉਂ ਨਾ ਮਨਾਉਂਦਾ ਹੋਵੇ। ਹਾਲੀ ਦੀ ਔਰਤਾਂ ਬਾਰੇ ਫ਼ਿਕਰਮੰਦੀ ਸਿਰਫ਼ ਔਰਤ ਦੇ ਸੋਹਲੇ ਗਾਉਣ ਵਾਲੀ ਸ਼ਾਇਰੀ ਤੱਕ ਹੀ ਸੀਮਿਤ ਨਹੀਂ ਸੀ। ਇਹ ਦੋ ਸ਼ਾਨਦਾਰ ਰਚਨਾਵਾਂ ‘ਮਜਲਿਸ-ਉਨ-ਨਿਸਾ’ (ਔਰਤਾਂ ਦੀ ਮਜਲਿਸ) ਅਤੇ ‘ਮੁਨਾਜਾਤ-ਏ-ਬੇਵਾ’ (ਵਿਧਵਾ ਦੀ ਪ੍ਰਾਰਥਨਾ) ਵਿੱਚੋਂ ਵੀ ਝਲਕਦੀ ਸੀ। ਲਗਭਗ 150 ਸਾਲ ਪਹਿਲਾਂ 1874 ਵਿੱਚ ਲਿਖੀ ਗਈ ‘ਮਜਲਿਸ-ਉਨ-ਨਿਸਾ’ ਵਿੱਚ ਹਾਲੀ ਨੇ ਔਰਤਾਂ ਦੇ ਜੀਵਨ ਦਾ ਵਰਣਨ ਪੂਰੀ ਬੇਬਾਕੀ ਨਾਲ ਕੀਤਾ ਹੈ। ਦਿਲਚਸਪ ਸੰਵਾਦ ਰਾਹੀਂ ਉਸ ਨੇ ਕੁੜੀਆਂ ਦੀ ਸਿੱਖਿਆ, ਨੈਤਿਕ ਕਦਰਾਂ-ਕੀਮਤਾਂ ਦਿੜ੍ਹ ਕਰਵਾਉਂਦਿਆਂ ਪਾਲਣ-ਪੋਸ਼ਣ, ਬੱਚਿਆਂ ਦੀ ਪਰਵਰਿਸ਼, ਘਰੇਲੂ ਪ੍ਰਬੰਧਨ ਅਤੇ ਔਰਤਾਂ ਨੂੰ ਅਗਿਆਨਤਾ ਅਤੇ ਸਮਾਜਿਕ ਕੁਰੀਤੀਆਂ ਤੋਂ ਮੁਕਤ ਕਰਨ ਦੀ ਗੱਲ ਕੀਤੀ ਹੈ। ਇਸ ਤਰ੍ਹਾਂ ਉਸ ਨੇ ਸਾਹਿਤ ਵਿੱਚ ਅਮਲੀ ਸੁਧਾਰਾਂ ਦੀ ਗੱਲ ਕੀਤੀ ਹੈ। ਹਾਲੀ ਦੀ ਦਲੀਲ ਸੀ ਕਿ ਅਸਲੀ ਮਾਅਨਿਆਂ ਵਿੱਚ ਸਮਾਜਿਕ ਤਰੱਕੀ ਲਈ ਔਰਤਾਂ ਨੂੰ ਸਮਾਜ ਦਾ ਸਿੱਖਿਅਤ, ਸਤਿਕਾਰਤ ਅਤੇ ਗਿਆਨਵਾਨ ਹਿੱਸਾ ਬਣਾਉਣ ਦੀ ਲੋੜ ਹੈ। ਇੱਕ ਸਦੀ ਤੋਂ ਵੀ ਵੱਧ ਸਮੇਂ ਮਗਰੋਂ ਅੱਜ ਵੀ ਉਸ ਦੇ ਕਥਨ ਦੀ ਅਹਿਮੀਅਤ ਪ੍ਰਤੱਖ ਹੈ। ਭਾਰਤ ਵਿੱਚ ਭਾਵੇਂ ਔਰਤਾਂ ਦੀ ਸਿੱਖਿਆ ਵਿੱਚ ਕਾਫ਼ੀ ਸੁਧਾਰ ਹੋਇਆ ਹੈ, ਪਰ ਉਨ੍ਹਾਂ ਦੀ ਸਾਖਰਤਾ ਦਰ ਅਜੇ ਵੀ ਮਰਦਾਂ ਦੀ ਸਾਖਰਤਾ ਦਰ ਨਾਲੋਂ ਘੱਟ ਹੈ। ਲੱਖਾਂ ਔਰਤਾਂ ਨੂੰ ਸਿੱਖਿਆ ਅਤੇ ਮੌਕੇ ਨਾ ਮਿਲਣ ਕਾਰਨ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਔਰਤਾਂ ਦੀ ਸਿੱਖਿਆ ਬਾਰੇ ਹਾਲੀ ਦੀ ਦਲੀਲ ਨੂੰ ਇਤਿਹਾਸਕ ਸਮਿਆਂ ਦੀ ਉਤਸੁਕਤਾ ਵਾਲੀ ਗੱਲ ਸਮਝਣ ਦੀ ਥਾਂ ਅਧੂਰਾ ਕਾਰਜ ਸਮਝਣ ਦੀ ਲੋੜ ਹੈ। ‘ਮਜਲਿਸ-ਉਨ-ਨਿਸਾ’ ਵਿੱਚ ਸਮਾਜ ’ਚ ਸੁਧਾਰ ਲਿਆਉਣ ਦੇ ਮਕਸਦ ਨਾਲ ਲਿਖੀ ਗਈ ਵਾਰਤਕ ਰਾਹੀਂ ਔਰਤਾਂ ਦੀ ਦੁਰਦਸ਼ਾ ਨੂੰ ਬਿਆਨਿਆ ਗਿਆ ਹੈ ਅਤੇ ‘ਮੁਨਾਜਾਤ-ਏ-ਬੇਵਾ’ ’ਚ ਗਹਿਰੀ ਹਮਦਰਦੀ ਭਰੀ ਸ਼ਾਇਰੀ ਰਾਹੀਂ ਅਜਿਹਾ ਕੀਤਾ ਗਿਆ ਹੈ। ਉਸ ਸ਼ਾਇਰੀ ਵਿੱਚ ਹਾਲੀ ਇੱਕ ਵਿਧਵਾ ਦੇ ਦੁੱਖ ਅਤੇ ਨਿਤਾਣੇਪਣ ਨੂੰ ਆਵਾਜ਼ ਦਿੰਦਾ ਹੈ। ਇਹ ਸ਼ਾਇਰੀ ਨਾ ਸਿਰਫ਼ ਉਸ ਦੇ ਦੁੱਖ ਨੂੰ ਦਰਸਾਉਂਦੀ ਹੈ, ਸਗੋਂ ਉਸ ਦੀ ਸਮਾਜਿਕ ਇਕੱਲਤਾ ਅਤੇ ਅਸੁਰੱਖਿਆ ਨੂੰ ਵੀ ਦਰਸਾਉਂਦੀ ਹੈ। ਉਨ੍ਹੀਵੀਂ ਸਦੀ ਦੇ ਸ਼ਾਇਰ ਲਈ ਕਿਸੇ ਵਿਧਵਾ ਦੀ ਮਨੋਸਥਿਤੀ ਨੂੰ ਇੰਨੀ ਸੰਵੇਦਨਸ਼ੀਲਤਾ ਨਾਲ ਸਮਝਣਾ ਬੜੀ ਵਿਲੱਖਣ ਗੱਲ ਸੀ। ਹਾਲੀ ਨੇ ਵਿਧਵਾ ਨੂੰ ਮਹਿਜ਼ ਹਮਦਰਦੀ ਦੀ ਪਾਤਰ ਨਹੀਂ ਮੰਨਿਆ ਸਗੋਂ ਉਸ ਦੇ ਮਨੋਭਾਵਾਂ ਨੂੰ ਸਨਮਾਨ ਅਤੇ ਮਨੁੱਖਤਾ ਨਾਲ ਜ਼ੁਬਾਨ ਦਿੱਤੀ ਹੈ। ਅੱਜ ਵੀ ਬਹੁਤ ਸਾਰੀਆਂ ਔਰਤਾਂ ਵਿਧਵਾ ਹੋਣ ਜਾਂ ਵਿਆਹ ਟੁੱਟਣ ਮਗਰੋਂ ਆਰਥਿਕ ਅਤੇ ਸਮਾਜਿਕ ਅਸੁਰੱਖਿਆ ਦਾ ਸਾਹਮਣਾ ਕਰਦੀਆਂ ਹਨ। ਹਾਲਾਤ ਭਾਵੇਂ ਬਦਲ ਗਏ ਹਨ, ਪਰ ਅਸਲ ਫ਼ਿਕਰ ਇਹ ਹੈ ਕਿ ਸਮਾਜਿਕ ਢਾਂਚੇ ਦੇ ਅੰਦਰ ਔਰਤਾਂ ਅਜੇ ਵੀ ਨਿਤਾਣੀਆਂ ਹਨ। ਹਾਲੀ ਦੇ ਵਿਚਾਰ ਉਸ ਦੇ ਆਪਣੇ ਖਿੱਤੇ ਦੇ ਪੱਖ ਤੋਂ ਹੋਰ ਵੀ ਢੁੱਕਵੇਂ ਜਾਪਦੇ ਹਨ। ਹਰਿਆਣਾ ਰਾਜ ਪਾਣੀਪਤ ਨੂੰ ਮਾਣ ਨਾਲ ਹਾਲੀ ਦਾ ਜੱਦੀ ਸ਼ਹਿਰ ਆਖਦਾ ਹੈ, ਪਰ ਇਸ ਸੂਬੇ ’ਚ ਲੰਮੇ ਸਮੇਂ ਤੋਂ ਲਿੰਗ ਅਨੁਪਾਤ ਦੇਸ਼ ਵਿੱਚ ਸਭ ਤੋਂ ਘੱਟ ਹੈ। 2011 ਦੀ ਮਰਦਮਸ਼ੁਮਾਰੀ ਵਿੱਚ ਹਰ 1,000 ਮਰਦਾਂ ਪਿੱਛੇ ਸਿਰਫ਼ 879 ਔਰਤਾਂ ਸਨ। ਇਹ ਗਿਣਤੀ ਰਾਸ਼ਟਰੀ ਔਸਤ 943 ਤੋਂ ਬਹੁਤ ਘੱਟ ਸੀ। ਇਹ ਬੜੀ ਅਜੀਬ ਗੱਲ ਹੈ। ਇਹ ਉਹੀ ਧਰਤੀ ਹੈ, ਜਿੱਥੇ ਲਗਭਗ ਡੇਢ ਸਦੀ ਪਹਿਲਾਂ ਇੱਕ ਅਜਿਹਾ ਸ਼ਾਇਰ ਜਨਮਿਆ ਸੀ, ਜੋ ਦਾਅਵਾ ਕਰਦਾ ਸੀ ਕਿ ਕੌਮਾਂ ਦਾ ਸਨਮਾਨ ਉਨ੍ਹਾਂ ਦੀਆਂ ਔਰਤਾਂ ਦੇ ਸਨਮਾਨ ’ਤੇ ਹੀ ਟਿਕਿਆ ਹੁੰਦਾ ਹੈ, ਪਰ ਉਹੀ ਸੂਬਾ ਅਜੇ ਵੀ ਔਰਤਾਂ ਨੂੰ ਨਿਤਾਣੀਆਂ ਸਮਝਣ ਵਾਲੇ ਸਮਾਜਿਕ ਰਵੱਈਏ ਨਾਲ ਜੂਝ ਰਿਹਾ ਹੈ। ਸਮੁੱਚੇ ਤੌਰ ’ਤੇ ਦੇਖੀਏ ਤਾਂ ਹਾਲੀ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਔਰਤਾਂ ਪ੍ਰਤੀ ਉਸ ਦੀ ਚਿੰਤਾ ਨੈਤਿਕ ਅਤੇ ਵਿਹਾਰਕ ਦੋਵੇਂ ਸੀ। ਉਸ ਨੇ ਸਿਧਾਂਤਕ ਤੌਰ ’ਤੇ ਉਨ੍ਹਾਂ ਦੇ ਮਾਣ-ਸਤਿਕਾਰ ਦੀ ਵਕਾਲਤ ਕੀਤੀ, ਪਰ ਉਹ ਉਨ੍ਹਾਂ ਹਾਲਾਤ ਨੂੰ ਵੀ ਮੁਖਾਤਬ ਹੋਇਆ, ਜੋ ਉਨ੍ਹਾਂ ਨੂੰ ਕਮਜ਼ੋਰ ਬਣਾਉਂਦੇ ਸਨ, ਜਿਵੇਂ ਕਿ ਸਿੱਖਿਆ ਦੀ ਘਾਟ, ਸਮਾਜ ਵਿੱਚ ਅਣਗੌਲਿਆਂ ਕੀਤੇ ਜਾਣਾ ਅਤੇ ਪਰਿਵਾਰ ਵਿੱਚ ਨਾਬਰਾਬਰੀ। ਕੌਮਾਂਤਰੀ ਮਹਿਲਾ ਦਿਵਸ ਅਕਸਰ ਭਾਸ਼ਣਾਂ ਅਤੇ ਪ੍ਰਤੀਕਾਤਮਕ ਜਸ਼ਨਾਂ ਦਾ ਦਿਹਾੜਾ ਬਣ ਜਾਂਦਾ ਹੈ। ਹਾਲੀ ਦੇ ਸ਼ਬਦ ਸਾਨੂੰ ਯਾਦ ਦਿਵਾਉਂਦੇ ਹਨ ਕਿ ਅਸਲ ਸਵਾਲ ਇਨ੍ਹਾਂ ਦਿਹਾੜਿਆਂ ਦੇ ਰਸਮੀ ਜਸ਼ਨ ਮਨਾਉਣ ਤੋਂ ਪਰ੍ਹੇ ਹਨ। ਲਗਭਗ ਡੇਢ ਸਦੀ ਪਹਿਲਾਂ ਉਸ ਨੇ ਚਿਤਾਵਨੀ ਦਿੱਤੀ ਸੀ ਕਿ ਕੌਮਾਂ ਦਾ ਸਨਮਾਨ ਉਨ੍ਹਾਂ ਦੀਆਂ ਔਰਤਾਂ ਦੇ ਸਨਮਾਨ ’ਤੇ ਹੀ ਟਿਕਿਆ ਹੁੰਦਾ ਹੈ। ਜੇਕਰ ਇਹ ਸਿਧਾਂਤ ਅਜੇ ਵੀ ਸਾਡੀ ਜ਼ਮੀਰ ਨੂੰ ਸੇਧ ਦਿੰਦਾ ਹੈ ਤਾਂ ਸਾਨੂੰ ਬਿਲਕੁਲ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਇਸ ਦਿਸ਼ਾ ਵਿੱਚ ਅਸੀਂ ਕੀ ਕਰਨਾ ਹੈ। ਔਰਤਾਂ ਦੀ ਇੱਜ਼ਤ, ਸਿੱਖਿਆ ਅਤੇ ਸੁਰੱਖਿਆ ਸਿਰਫ਼ ਸ਼ਾਇਰੀ ਵਿੱਚ ਆਦਰਸ਼ ਨਹੀਂ ਸਗੋਂ ਰੋਜ਼ਾਨਾ ਜੀਵਨ ਦੀ ਹਕੀਕਤ ਬਣਨੀ ਚਾਹੀਦੀ ਹੈ।
*ਲੇਖਕ ਭਾਰਤ ਦਾ ਸਾਬਕਾ ਮੁੱਖ ਚੋਣ ਕਮਿਸ਼ਨਰ ਅਤੇ ਹਾਲੀ ਬਾਰੇ ਤਿੰਨ ਕਿਤਾਬਾਂ ਦਾ ਲੇਖਕ ਹੈ। ਉਸ ਨੇ ਲਿੰਗ ਅਧਿਐਨ ਵਿੱਚ ਪੀਐੱਚ ਡੀ ਕੀਤੀ ਹੈ।

