ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਇਜ਼ਾਫ਼ੇ ਪਿੱਛੇ ਕੌਣ?

ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਇਜ਼ਾਫ਼ੇ ਪਿੱਛੇ ਕੌਣ?

ਦਵਿੰਦਰ ਸ਼ਰਮਾ

ਦਵਿੰਦਰ ਸ਼ਰਮਾ

ਦੋਂ ਚਾਰ ਮਈ ਨੂੰ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਪ੍ਰੋਗਰਾਮ (ਐੱਫਏਓ) ਦੇ ਡਾਇਰੈਕਟਰ ਜਨਰਲ ਡਾ. ਚੂ ਡੌਂਗਯੂ ਨੇ ਇਹ ਆਖਿਆ ਸੀ ਕਿ ਰਿਕਾਰਡ 19 ਕਰੋੜ 30 ਲੱਖ ਲੋਕਾਂ ਨੂੰ ਅਤਿ ਦੀ ਭੁੱਖਮਰੀ ਤੇ ਖੁਰਾਕ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅਸਲ ਵਿਚ ਉਹ ਕੌਮਾਂਤਰੀ ਭਾਈਚਾਰੇ ਦਾ ਧਿਆਨ ਇਸ ਗੱਲ ਵੱਲ ਖਿੱਚਣ ਦਾ ਯਤਨ ਕਰ ਰਹੇ ਸਨ ਕਿ ਕਿਵੇਂ ਦੇਹਾਤੀ ਕਿਰਤ ਦੀ ਬਰਬਾਦੀ ਕਰ ਕੇ ਗ਼ਰੀਬ ਜਨਤਾ ਨੂੰ ਭੁੱਖਮਰੀ ਦੀ ਰੇਖਾ ਤੋਂ ਹੇਠਾਂ ਧੱਕ ਦਿੱਤਾ ਗਿਆ ਹੈ।

ਦਰਅਸਲ, ਕਈਆਂ ਦਾ ਮੰਨਣਾ ਹੈ ਕਿ ਦੁਨੀਆ ਪਹਿਲਾਂ ਹੀ ਤੀਜੇ ਆਲਮੀ ਖੁਰਾਕ ਸੰਕਟ ਦੀ ਲਪੇਟ ਵਿਚ ਆ ਚੁੱਕੀ ਹੈ। ਹੰਢਣਸਾਰ ਖੁਰਾਕ ਪ੍ਰਣਾਲੀਆਂ ਬਾਰੇ ਮਾਹਿਰਾਂ ਦੇ ਕੌਮਾਂਤਰੀ ਪੈਨਲ (ਆਈਪੀਈਐੱਸ-ਫੂਡ) ਨੇ ‘ਐਨਦਰ ਪਰਫੈਕਟ ਸਟੌਰਮ’ (ਇਕ ਹੋਰ ਮਹਾਤੂਫ਼ਾਨ) ਵਿਚ ਯੂਕਰੇਨ ਉੱਤੇ ਰੂਸੀ ਹਮਲੇ ਕਰ ਕੇ ਪੈਦਾ ਹੋ ਰਹੀ ਖੁਰਾਕ ਦੀ ਸੰਕਟ ਵਾਲੀ ਹਾਲਤ ਨੂੰ ਮੁਖ਼ਾਤਬ ਹੋਣ ਅਤੇ ਇਹ ਜਵਾਬ ਲੱਭਣ ਦਾ ਯਤਨ ਕੀਤਾ ਹੈ ਕਿ ਕਿਵੇਂ ਖੁਰਾਕ ਪ੍ਰਣਾਲੀਆਂ ਵਿਚ ਸੁਧਾਰ ਲਿਆਉਣ ਦੀ ਨਾਕਾਮੀ ਕਰ ਕੇ ਪਿਛਲੇ 15 ਸਾਲਾਂ ਦੌਰਾਨ ਤੀਜਾ ਆਲਮੀ ਖੁਰਾਕ ਸੰਕਟ ਪੈਦਾ ਹੋ ਰਿਹਾ ਹੈ। 2007-08 ਦੇ ਪਹਿਲੇ ਆਲਮੀ ਖੁਰਾਕ ਸੰਕਟ ਵੇਲੇ ਜਦੋਂ ਆਲਮੀ ਖੁਰਾਕ ਪੈਦਾਵਾਰ ਵਿਚ ਕੋਈ ਕਮੀ ਨਾ ਹੋਣ ਦੇ ਬਾਵਜੂਦ 37 ਦੇਸ਼ਾਂ ਅੰਦਰ ਖੁਰਾਕੀ ਵਸਤਾਂ ਲਈ ਦੰਗੇ ਭੜਕ ਪਏ ਸਨ, ਤੋਂ ਲੈ ਕੇ ਹੁਣ ਤੱਕ ਦੁਨੀਆ ਨੇ ਕੋਈ ਸਬਕ ਨਹੀਂ ਸਿੱਖਿਆ।

ਯੂਕਰੇਨ ਜੰਗ ਤੋਂ ਪਹਿਲਾਂ ਹੀ ਖੁਰਾਕੀ ਵਸਤਾਂ ਦੀਆਂ ਕੀਮਤਾਂ ਨਵੀਆਂ ਉਚਾਈਆਂ ਛੂੰਹਦਿਆਂ 2007-08 ਦੇ ਖੁਰਾਕ ਸੰਕਟ ਦੇ ਦਿਨਾਂ ਦੀ ਸਿਖਰ ਤੇ ਪੁੱਜ ਗਈਆਂ ਸਨ। ਐੱਫਏਓ ਦਾ ਖੁਰਾਕ ਕੀਮਤ ਸੂਚਕ ਅੰਕ ਫਰਵਰੀ ਮਹੀਨੇ ਚੜ੍ਹ ਕੇ 140.7 ਅੰਕਾਂ ਤੇ ਪਹੁੰਚ ਗਿਆ ਸੀ ਜੋ ਇਸ ਤੋਂ ਇਕ ਸਾਲ ਪਹਿਲਾਂ ਦੇ ਮੁਕਾਬਲੇ 20.7 ਫ਼ੀਸਦ ਜ਼ਿਆਦਾ ਸੀ। ਮੱਕਾ, ਦਾਲਾਂ, ਬਨਸਪਤੀ ਤੇਲ, ਨਰਮੇ, ਸੋਇਆਬੀਨ, ਖੰਡ ਆਦਿ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਸੀ।

ਦੂਜੇ ਸ਼ਬਦਾਂ ਵਿਚ, ਜੰਗ ਦੇ ਦਿਨਾਂ ਤੋਂ ਪਹਿਲਾਂ ਹੀ ਖੁਰਾਕੀ ਕੀਮਤਾਂ ਵਿਚ ਰਿਕਾਰਡ ਵਾਧਾ ਸ਼ੁਰੂ ਹੋ ਗਿਆ ਸੀ ਤੇ ਦੁਨੀਆ ਨਵੇਂ ਖੁਰਾਕ ਸੰਕਟ ਵੱਲ ਵਧ ਰਹੀ ਸੀ। ਅਫ਼ਸੋਸ, ਜਿਨ੍ਹਾਂ ਕਾਰਨਾਂ ਕਰ ਕੇ ਪਹਿਲਾ ਖੁਰਾਕ ਸੰਕਟ ਪੈਦਾ ਹੋਇਆ ਸੀ, ਉਨ੍ਹਾਂ ਢਾਂਚਾਗਤ ਕਾਰਨਾਂ ਨੂੰ ਮੁਖ਼ਾਤਬ ਹੋਣ ਵਿਚ ਨਾਕਾਮੀ ਕਰ ਕੇ ਇਕ ਹੋਰ ਸੰਕਟ ਦਾ ਮੁੱਢ ਬੱਝ ਗਿਆ। ਆਈਪੀਈਐੱਸ-ਫੂਡ ਦੇ ਕੋ-ਚੇਅਰ ਓਲਿਵਰ ਡੀ ਸ਼ੂਟਰ ਨੇ ਆਖਿਆ, “ਨਵੀਂ ਪੀੜ੍ਹੀ ਨੂੰ ਖੁਰਾਕ ਦੀ ਕਿੱਲਤ ਦਾ ਇਕ ਵਾਰ ਫਿਰ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲਗਦਾ ਹੈ ਕਿ ਜਿਵੇਂ ਪਿਛਲੇ ਖੁਰਾਕ ਸੰਕਟ ਤੋਂ ਲੈ ਕੇ ਹੁਣ ਤੱਕ ਕੋਈ ਸਬਕ ਨਹੀਂ ਲਿਆ ਗਿਆ।” ਇਸੇ ਪੈਨਲ ਦੀ ਵਾਈਸ ਚੇਅਰ ਜੈਨੀਫਰ ਕਲੈਪ ਨੇ ਆਖਿਆ, “ਸਬੂਤਾਂ ਤੋਂ ਪਤਾ ਲੱਗਿਆ ਹੈ ਕਿ ਵਿੱਤੀ ਸੱਟੇਬਾਜ਼ ਜਿਣਸਾਂ ਦੇ ਨਿਵੇਸ਼ ਵਿਚ ਦਾਖ਼ਲ ਹੋ ਰਹੇ ਹਨ ਅਤੇ ਵਧਦੀਆਂ ਖੁਰਾਕ ਕੀਮਤਾਂ ’ਤੇ ਸੱਟੇਬਾਜ਼ੀ ਹੋ ਰਹੀ ਹੈ ਅਤੇ ਇਸ ਨਾਲ ਦੁਨੀਆ ਦੇ ਸਭ ਤੋਂ ਵੱਧ ਗ਼ਰੀਬ ਲੋਕ ਭੁੱਖਮਰੀ ਦੀ ਕਤਾਰ ਵਿਚ ਧੱਕੇ ਜਾ ਰਹੇ ਹਨ।” ਇਸ ਤੋਂ ਪਹਿਲਾਂ ਜੀ-7 ਦੇ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਵਿਚ ਵਾਅਦਾ ਬਾਜ਼ਾਰਾਂ ’ਤੇ ਨਜ਼ਰ ਰੱਖਣ ਅਤੇ ਸੱਟੇਬਾਜ਼ੀ ਦੇ ਅਮਲ ਖਿਲਾਫ਼ ਕਾਰਵਾਈ ਕਰਨ ਬਾਰੇ ਵਿਚਾਰ ਚਰਚਾ ਕੀਤੀ ਸੀ ਪਰ ਇਸ ਤੋਂ ਬਾਅਦ ਵੀ ਜਿਣਸਾਂ ਦੇ ਬਾਜ਼ਾਰ ਵਿਚ ਸੱਟੇਬਾਜ਼ੀ ’ਤੇ ਪਾਬੰਦੀ ਤਾਂ ਕੀ ਲੱਗਣੀ ਸੀ ਸਗੋਂ ਇਸ ਨੂੰ ਠੱਲ੍ਹ ਵੀ ਨਾ ਪਈ।

ਜਦੋਂ 2007-08 ਦਾ ਖੁਰਾਕ ਸੰਕਟ ਹੋਇਆ ਸੀ ਤਾਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੂੰ ਜਾਣਕਾਰੀ ਦਿੱਤੀ ਗਈ ਕਿ ਬੇਤਹਾਸ਼ਾ ਜਿਣਸਾਂ ਦਾ ਵਾਅਦਾ ਵਪਾਰ ਤੇ ਸੱਟੇਬਾਜ਼ੀ ਕਰ ਕੇ ਕੌਮਾਂਤਰੀ ਕੀਮਤਾਂ ਚੜ੍ਹ ਰਹੀਆਂ ਹਨ। ਇਸੇ ਤਰ੍ਹਾਂ, ਖੁਰਾਕ ਸੰਕਟ ਵਿਚ ਵਾਅਦਾ ਵਪਾਰ ਦੀ ਤਿੰਨ ਚੁਥਾਈ ਹਿੱਸੇਦਾਰੀ ਸੀ। ਅਮਰੀਕਾ ਵਿਚ ‘ਡੈਮੋਕਰੇਸੀ ਨਾਓ’ ਦੇ ਪਾਪੂਲਰ ਟੀਵੀ ਸ਼ੋਅ ਵਿਚ ਇਸ ਦਾ ਖੁਲਾਸਾ ਕੀਤਾ ਗਿਆ ਕਿ ਕਿਵੇਂ ਸੱਟੇਬਾਜ਼ੀ ਜ਼ਰੀਏ ਖੇਤੀ ਕਾਰੋਬਾਰੀ ਕੰਪਨੀਆਂ ਹੱਥ ਰੰਗ ਰਹੀਆਂ ਹਨ ਜਦਕਿ ਕਰੋੜਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਆਲਮੀ ਖੁਰਾਕ ਪੈਦਾਵਾਰ ਵਿਚ ਕੋਈ ਕਮੀ ਨਹੀਂ ਆਈ ਪਰ ਤਾਂ ਵੀ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਸਾਰੀਆਂ ਵੱਡੀਆਂ ਖੁਰਾਕ ਕੰਪਨੀਆਂ ਦੇ ਵਾਰੇ ਨਿਆਰੇ ਹੋ ਰਹੇ ਹਨ।

ਲਾਈਟਹਾਊਸ ਰਿਪੋਰਟਸ ਦੇ ਅਧਿਐਨ ਦੇ ਆਧਾਰ ’ਤੇ ‘ਦਿ ਵਾਇਰ’ ਵਿਚ ਨਸ਼ਰ ਹੋਈ ਰਿਪੋਰਟ (6 ਮਈ) ਵਿਚ ਦਰਸਾਇਆ ਗਿਆ ਹੈ ਕਿ “ਜਿਣਸ ਮੰਡੀਆਂ ਵਿਚ ਨਿਵੇਸ਼ ਫੰਡਾਂ ਤੇ ਫਰਮਾਂ ਵਲੋਂ ਕੀਤੀ ਜਾ ਰਹੀ ਬੇਤਹਾਸ਼ਾ ਸੱਟੇਬਾਜ਼ੀ ਕਰ ਕੇ ਕੀਮਤਾਂ ਵਧ ਰਹੀਆਂ ਹਨ।” ਇਸ ਤੋਂ ਇਹੀ ਪਤਾ ਲੱਗਦਾ ਹੈ ਕਿ ਪਿਛਲੇ ਖੁਰਾਕ ਸੰਕਟਾਂ ਤੋਂ ਕੋਈ ਸਬਕ ਨਹੀਂ ਲਿਆ। ਪਾਏਦਾਰ ਖੁਰਾਕ ਪ੍ਰਣਾਲੀਆਂ ਦਾ ਮੁੜ ਨਿਰਮਾਣ ਕਰਨ ਅਤੇ ਖੁਰਾਕੀ ਆਤਮ-ਨਿਰਭਰਤਾ ਨੂੰ ਹੱਲਾਸ਼ੇਰੀ ਦੇਣ ਦੀ ਬਜਾਇ ਤੇਜ਼ ਤਰਾਰ ਆਲਮੀ ਬਾਜ਼ਾਰ ਤੰਤਰ ਨੂੰ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਮਤਲਬ ਹੈ ਕਿ ਬਾਜ਼ਾਰੀ ਸ਼ਕਤੀਆਂ ਨੂੰ ਖੁੱਲ੍ਹੀ ਛੂਟ ਦੇ ਦਿੱਤੀ ਜਾਵੇ। ਇਸ ਨਾਲ ਸਾਰਾ ਧਿਆਨ ਕੌਮਾਂਤਰੀ ਖੇਤੀ ਸਪਲਾਈ ਚੇਨਾਂ ਉਸਾਰਨ ’ਤੇ ਤਬਦੀਲ ਹੋ ਗਿਆ ਹੈ ਜਿਸ ਕਰ ਕੇ ਮੁੱਠੀ ਭਰ ਕੰਪਨੀਆਂ ’ਤੇ ਨਿਰਭਰਤਾ ਵਧ ਗਈ ਹੈ ਅਤੇ ਉਹ ਜਦੋਂ ਜੀਅ ਹੁੰਦਾ ਕੀਮਤਾਂ ਡੇਗ ਜਾਂ ਚੜ੍ਹਾ ਦਿੰਦੀਆਂ ਹਨ।

‘ਦਿ ਗਾਰਡੀਅਨ’ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੀ ਸਭ ਤੋਂ ਵੱਡੀਆਂ ਖੁਰਾਕ ਕੰਪਨੀਆਂ ਵਿਚੋਂ ਇਕ ਕਰਗਿਲ ਨੇ ਇਸ ਸਾਲ ਰਿਕਾਰਡ ਮੁਨਾਫ਼ਾ ਕਮਾਇਆ ਹੈ ਤੇ ਇਸੇ ਤਰ੍ਹਾਂ ਦੋ ਹੋਰ ਵੱਡੀਆ ਕੰਪਨੀਆਂ- ਏਡੀਐੱਮ ਅਤੇ ਬੰਜ ਨੇ ਵੀ ਖੂਬ ਕਮਾਈ ਕੀਤੀ ਹੈ। ਕੁਝ ਦੇਰ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਟਿੱਪਣੀ ਕੀਤੀ ਸੀ: “ਬਹੁਤ ਸਾਰੀਆਂ ਸਨਅਤਾਂ ਵਿਚ ਮੁੱਠੀ ਭਰ ਕੰਪਨੀਆਂ ਦਾ ਦਬਦਬਾ ਕਾਇਮ ਹੋ ਗਿਆ ਹੈ ਤੇ ਅਕਸਰ ਹੀ ਉਹ ਉਨ੍ਹਾਂ ਦੇ ਮੁਕਾਬਲੇ ਦੀਆਂ ਛੋਟੀਆਂ ਕੰਪਨੀਆਂ ਨੂੰ ਨਿਚੋੜ ਸੁੱਟਦੀਆਂ ਹਨ ਤੇ ਨਵੇਂ ਉਦਮੀਆਂ ਨੂੰ ਆਉਣ ਤੋਂ ਡੱਕ ਦਿੰਦੀਆਂ ਹਨ ਜਿਸ ਨਾਲ ਅਰਥਚਾਰੇ ਦੀ ਗਤੀਸ਼ੀਲਤਾ ਮਾਂਦ ਪੈ ਜਾਂਦੀ ਹੈ, ਉਨ੍ਹਾਂ ਕੰਪਨੀਆਂ ਨੂੰ ਕੀਮਤਾਂ ਵਧਾਉਣ ਦੀ ਖੁੱਲ੍ਹੀ ਛੂਟ ਮਿਲ ਜਾਂਦੀ ਹੈ, ਖਪਤਕਾਰਾਂ ਲਈ ਰਾਹ ਸੀਮਤ ਹੋ ਜਾਂਦੇ ਹਨ ਤੇ ਕਾਮਿਆਂ ਦਾ ਸ਼ੋਸ਼ਣ ਹੁੰਦਾ ਹੈ।” ਉਨ੍ਹਾਂ ਇਸ ਮਾਮਲੇ ਵਿਚ ਪਸ਼ੂ-ਧਨ ਸਨਅਤ ਦੀ ਮਿਸਾਲ ਦਿੱਤੀ ਹੈ ਜੋ ਇਸ ਵੇਲੇ ਚਾਰ ਵੱਡੀਆਂ ਕੰਪਨੀਆਂ ਦੇ ਹੱਥਾਂ ਵਿਚ ਆ ਗਈ ਹੈ ਤੇ ਉਹ ਆਪਣੀ ਮਰਜ਼ੀ ਨਾਲ ਬਾਜ਼ਾਰ ਦੇ ਭਾਅ ਮਿੱਥ ਰਹੀਆਂ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਜੀਆਘਾਤ ਕੀਮਤ ਨੀਤੀਆਂ ਅਪਣਾਏ ਜਾਣ ’ਤੇ ਕੋਈ ਰੌਲਾ ਨਹੀਂ ਪੈ ਰਿਹਾ।

ਵਾਅਦਾ ਵਪਾਰ ਸਰਗਰਮੀਆਂ ’ਚ ਨਿਵੇਸ਼ ਫੰਡਾਂ ਦੀ ਗਿਣਤੀ ਕਾਫੀ ਵਧੀ ਹੈ ਜਦਕਿ ਪਤਾ ਚੱਲਿਆ ਹੈ ਕਿ ਦਸਾਂ ਵਿਚੋਂ ਘੱਟੋ-ਘੱਟ ਸੱਤ ਖਰੀਦਦਾਰ ਕਣਕ ਦੇ ਵਾਅਦਾ ਵਪਾਰ ਕਰਨ ਲੱਗੇ ਹੋਏ ਸਨ। ਇਸੇ ਕਰ ਕੇ ਹੈਰਾਨੀ ਦੀ ਗੱਲ ਨਹੀਂ ਕਿ ਸੰਸਾਰ ਬੈਂਕ ਮੁਤਾਬਕ ਖੇਤੀਬਾੜੀ ਜਿਣਸਾਂ ਦਾ ਕੀਮਤ ਸੂਚਕ ਅੰਕ ਸਾਲ ਪਹਿਲਾਂ ਦੀਆਂ ਕੀਮਤਾਂ ਮੁਕਾਬਲੇ 41 ਫ਼ੀਸਦ ਵਧ ਚੁੱਕਿਆ ਹੈ। ਕਣਕ ਦੀਆਂ ਕੀਮਤਾਂ ਵਿਚ 60 ਫ਼ੀਸਦ ਅਤੇ ਮੱਕੇ ਦੀਆਂ ਕੀਮਤਾਂ ਵਿਚ 54 ਫ਼ੀਸਦ ਵਾਧਾ ਹੋਇਆ ਹੈ।

ਉਂਝ, ਇਸ ਤੋਂ ਖੁਰਾਕੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਅਤੇ ਸੱਟੇਬਾਜ਼ੀ ਵਿਚਕਾਰ ਕਿਸੇ ਸਿੱਧੇ ਜੋੜ ਦਾ ਸੰਕੇਤ ਨਹੀਂ ਮਿਲਦਾ ਪਰ ਇਸ ਤੋਂ ਭਾਰਤ ਵਿਚ ਵੱਧ ਤੋਂ ਵੱਧ ਸੰਭਵ ਹੱਦ ਤੱਕ ਕਣਕ ਬਰਾਮਦ ਕਰਨ ਲਈ ਵਧ ਰਹੀ ਵਪਾਰਕ ਰੁਚੀ ਵੱਲ ਇਸ਼ਾਰਾ ਮਿਲਦਾ ਹੈ। ਯਕੀਨਨ ਵਪਾਰੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਬੇਰੋਕ ਢੰਗ ਨਾਲ ਬਰਾਮਦਾਂ ਦੀ ਖੁੱਲ੍ਹ ਮਿਲੇ। ਅਜੇ ਉਨ੍ਹਾਂ ਨੂੰ ਹੋਰ ਜ਼ਿਆਦਾ ਮੁਨਾਫ਼ੇ ਕਮਾਉਣ ਦੀ ਉਮੀਦ ਹੈ।

ਖੁਰਾਕੀ ਵਸਤਾਂ ਦੀਆਂ ਆਲਮੀ ਕੀਮਤਾਂ ਵਿਚ ਵਾਧਾ ਹੋਣ ਨਾਲ ਸਭ ਤੋਂ ਵੱਧ ਮਾਰ ਗਰੀਬ ਮੁਲਕਾਂ ’ਤੇ ਪਈ ਹੈ ਅਤੇ ਨਾਲ ਹੀ ਦਰਾਮਦਾਂ ਮਹਿੰਗੀਆਂ ਹੋ ਗਈਆਂ ਹਨ। ਸੂਡਾਨ ਤੋਂ ਲੈ ਕੇ ਅਫ਼ਗਾਨਿਸਤਾਨ ਤੱਕ ਕਰੀਬ 53 ਗਰੀਬ ਮੁਲਕਾਂ ਨੂੰ ਖੁਰਾਕ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਐੱਫਏਓ’ ਨੇ ਆਖਿਆ ਸੀ, “ਇਹ ਅਜਿਹੀ ਭੁੱਖਮਰੀ ਹੈ ਜੋ ਅਕਾਲ ਦਾ ਰੂਪ ਧਾਰ ਕੇ ਵੱਡੇ ਪੱਧਰ ਤੇ ਮੌਤਾਂ ਦਾ ਸਬਬ ਬਣ ਸਕਦੀ ਹੈ।” ਹਾਲਾਂਕਿ ਕੁਝ ਮੁਲਕਾਂ ਨੂੰ ਲਗਾਤਾਰ ਟਕਰਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਤਾਂ ਵੀ ਪਿਛਲੇ ਕਈ ਸਾਲਾਂ ਤੋਂ ਹੋਰਨਾਂ ਮੁਲਕਾਂ ਨੂੰ ਖੁਰਾਕ ਦੇ ਰੂਪ ਵਿਚ ਆਤਮ-ਨਿਰਭਰ ਹੋਣ ਲਈ ਕੋਈ ਖਾਸ ਕੌਮਾਂਤਰੀ ਯਤਨ ਨਹੀਂ ਕੀਤੇ ਗਏ। ਇਸੇ ਤਰ੍ਹਾਂ, ਖੇਤਰੀ ਖੁਰਾਕ ਭੰਡਾਰ ਕਾਇਮ ਕਰਨ ਦਾ ਸਿਲਸਿਲਾ ਵੀ ਸ਼ੁਰੂ ਨਹੀਂ ਹੋ ਸਕਿਆ ਜਿਨ੍ਹਾਂ ਰਾਹੀਂ ਖੁਰਾਕ ਦੀ ਸਪਲਾਈ ਵਿਚ ਆਉਣ ਵਾਲੀ ਕਮੀ ਨਾਲ ਸਿੱਝਿਆ ਜਾ ਸਕਦਾ ਸੀ। ਹਾਲਾਂਕਿ ਖੁਰਾਕੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਲਈ ਜੰਗ, ਜਲਵਾਯੂ ਤਬਦੀਲੀ, ਗਰੀਬੀ ਅਤੇ ਆਰਥਿਕ ਸੰਕਟਾਂ ਜਿਹੇ ਕਾਰਨਾਂ ਨੂੰ ਜ਼ਿੰਮੇਵਾਰ ਗਿਣਿਆ ਜਾਂਦਾ ਹੈ ਪਰ ਖੁਰਾਕ ਦੀਆਂ ਦਰਾਮਦਾਂ ’ਤੇ ਲੋੜੋਂ ਵੱਧ ਨਿਰਭਰਤਾ ਦੇ ਪਹਿਲੂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਮਿਸਾਲ ਦੇ ਤੌਰ ’ਤੇ ਰੂਸ-ਯੂਕਰੇਨ ਖਿੱਤੇ ਵਲੋਂ 30 ਮੁਲਕਾਂ ਨੂੰ ਕਣਕ ਸਪਲਾਈ ਕੀਤੀ ਜਾਂਦੀ ਹੈ, ਖੁਰਾਕ ਦਰਾਮਦ ਕਰਨ ਵਾਲੇ ਇਨ੍ਹਾਂ ’ਚੋਂ ਜ਼ਿਆਦਾਤਰ ਮੁਲਕ ਕਿਸੇ ਵੀ ਸੂਰਤ ’ਚ ਆਤਮ-ਨਿਰਭਰ ਬਣ ਸਕਦੇ ਹਨ। ਇਸ ਦਾ ਇਹੀ ਸਬਕ ਹੈ।
ਸੰਪਰਕ: hunger55@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All