ਜਿੱਥੇ ਮੌਤ ਦਾ ਪ੍ਰਮਾਣ ਪੱਤਰ ਪਿੰਜਰ ਹੋਵੇ...
ਕਹਿੰਦੇ ਨੇ ਪੁਰਾਣੀ ਚੀਨੀ ਕਹਾਵਤ ਹੈ ਕਿ ਇੱਕ ਤਸਵੀਰ ਹਜ਼ਾਰ ਸ਼ਬਦਾਂ ਦੇ ਬਰਾਬਰ ਹੁੰਦੀ ਹੈ। ਹਾਲਾਂਕਿ ਕਿਹਾ ਇਹ ਵੀ ਜਾਂਦਾ ਹੈ ਕਿ ਇਸ ਕਹਾਵਤ ਬਾਰੇ 1921 ਵਿੱਚ ਅਮਰੀਕੀ ਇਸ਼ਤਿਹਾਰਬਾਜ਼ੀ ਜਗਤ ਦੇੇ ਫਰੈੱਡ ਆਰ. ਬਰਨਾਰਡ ਨੇ ਉਭਾਰ ਕੇ ਗੱਲ ਕੀਤੀ। ਦਰਅਸਲ,...
ਕਹਿੰਦੇ ਨੇ ਪੁਰਾਣੀ ਚੀਨੀ ਕਹਾਵਤ ਹੈ ਕਿ ਇੱਕ ਤਸਵੀਰ ਹਜ਼ਾਰ ਸ਼ਬਦਾਂ ਦੇ ਬਰਾਬਰ ਹੁੰਦੀ ਹੈ। ਹਾਲਾਂਕਿ ਕਿਹਾ ਇਹ ਵੀ ਜਾਂਦਾ ਹੈ ਕਿ ਇਸ ਕਹਾਵਤ ਬਾਰੇ 1921 ਵਿੱਚ ਅਮਰੀਕੀ ਇਸ਼ਤਿਹਾਰਬਾਜ਼ੀ ਜਗਤ ਦੇੇ ਫਰੈੱਡ ਆਰ. ਬਰਨਾਰਡ ਨੇ ਉਭਾਰ ਕੇ ਗੱਲ ਕੀਤੀ। ਦਰਅਸਲ, ਇਸ਼ਤਿਹਾਰਬਾਜ਼ੀ ਦੀ ਦੁਨੀਆ ’ਚ ਤਸਵੀਰ ਦਾ ਬਹੁਤ ਮਹੱਤਵ ਹੁੰਦਾ ਹੈ। ਉਸ ਨੇ ਮਨੁੱਖੀ ਮਨ ’ਤੇ ਪੈਣ ਵਾਲੇ ਤਸਵੀਰ ਦੇ ਡੂੰਘੇ ਪ੍ਰਭਾਵ ਦੀ ਗੱਲ ਕਰਦਿਆਂ ਕਿਹਾ ਸੀ ਕਿ ਇੱਕ ਤਸਵੀਰ ਉਹ ਗੱਲ ਵੀ ਸਹਿਜੇ ਹੀ ਸਮਝਾ ਦਿੰਦੀ ਹੈ, ਜੋ ਕਈ ਵਾਰ ਹਜ਼ਾਰ ਸ਼ਬਦ ਵੀ ਨਹੀਂ ਸਮਝਾ ਸਕਦੇ। ਬਰਨਾਰਡ ਨੇ ਆਪਣੇ ਕਥਨ ਦੀ ਪ੍ਰਮਾਣਿਕਤਾ ਸਥਾਪਤ ਕਰਨ ਲਈ ਇਸ ਨੂੰ ਚੀਨੀ ਕਹਾਵਤ ਦੱਸਿਆ ਸੀ। ਖ਼ੈਰ, ਗੱਲ ਤਸਵੀਰ ਦੀ ਕਰਨ ਲੱਗੇ ਸਾਂ। ਸਿਰਫ਼ ਇਸ਼ਤਿਹਾਰ ਜਗਤ ਹੀ ਨਹੀਂ, ਸਗੋਂ ਆਮ ਜ਼ਿੰਦਗੀ ਵਿੱਚ ਵੀ ਕਈ ਤਸਵੀਰਾਂ ਅਜਿਹੀਆਂ ਹੁੰਦੀਆਂ ਹਨ ਜੋ ਹਜ਼ਾਰਾਂ ਸ਼ਬਦਾਂ ਦਾ ਘੇਰਾ ਪਾਰ ਕਰਦਿਆਂ ਕਿਸੇ ਦੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦੀ ਕਹਾਣੀ ਅਤੇ ਸਾਡੇ ਸਮੁੱਚੇ ਸਮਾਜਿਕ ਤੇ ਪ੍ਰਸ਼ਾਸਨਿਕ ਪ੍ਰਬੰਧ ’ਤੇ ਉੱਘੜਵੀਂ ਟਿੱਪਣੀ ਹੋ ਨਿੱਬੜਦੀਆਂ ਹਨ। ਅਜਿਹੀ ਹੀ ਇੱਕ ਤਸਵੀਰ ਪਿਛਲੇ ਦਿਨੀਂ ਮੀਡੀਆ ’ਚ ਵਾਇਰਲ ਹੋਈ ਹੈ।
ਇਤਫ਼ਾਕਵੱਸ, ਕਿਸੇ ਤਸਵੀਰ ’ਤੇ ਅਜਿਹੀ ਟਿੱਪਣੀ ਅਸੀਂ ਉਦੋਂ ਕਰ ਰਹੇ ਹਾਂ ਜਦੋਂ ਇਸ ਮੁਲਕ ਦੇ ਬਹੁਤ ਹੀ ਸਿਰਕੱਢ ਅਤੇ ਸੰਵੇਦਨਸ਼ੀਲ ਫੋਟੋਗ੍ਰਾਫਰ ਰਘੂ ਰਾਏ ਦਾ ਅਜੇ ਕੁਝ ਦਿਨ ਪਹਿਲਾਂ ਹੀ ਦੇਹਾਂਤ ਹੋਇਆ ਹੈ। ਰਘੂ ਰਾਏ ਦਾ ਇਹ ਕਥਨ, ‘‘ਤਸਵੀਰ ਖਿੱਚਣ ਤੋਂ ਪਹਿਲਾਂ ਮਹਿਸੂਸ ਕਰੋ, ਨਹੀਂ ਤਾਂ ਫੋਟੋ ਮਹਿਜ਼ ਚਿਹਰਾ ਰਹਿ ਜਾਂਦੀ ਹੈ, ਜੀਵਨ ਨਹੀਂ ਬਣਦੀ’’ ਇਸ ਤਸਵੀਰ ’ਤੇ ਬਿਲਕੁਲ ਢੁੱਕਵਾਂ ਹੈ। ਤੁਸੀਂ ਜਦੋਂ ਇਸ ਤਸਵੀਰ ਨੂੰ ਦੇਖਦੇ ਹੋ ਤਾਂ ਇਹ ਤੁਹਾਡੇ ਮਨ ਦੇ ਸ਼ਾਂਤ ਪਾਣੀਆਂ ’ਚ ਹਲਚਲ ਪੈਦਾ ਕਰ ਦਿੰਦੀ ਹੈ।
ਇਹ ਤਸਵੀਰ ਉਡੀਸ਼ਾ ਦੇ ਇੱਕ ਆਦਿਵਾਸੀ ਜੀਤੂ ਮੁੰਡਾ ਦੀ ਹੈ, ਜੋ ਤੇੜ ਇੱਕ ਪੁਰਾਣਾ ਕੱਪੜਾ, ਜਿਸ ਨੂੰ ਪੂਰੀ ਧੋਤੀ ਵੀ ਨਹੀਂ ਕਿਹਾ ਜਾ ਸਕਦਾ, ਲਪੇਟੀ ਨੰਗੇ ਧੜ ਮੋਢੇ ’ਤੇ ਆਪਣੀ ਭੈਣ ਦਾ ਪਿੰਜਰ ਚੁੱਕੀ ਕਿਉਂਝਰ ਜ਼ਿਲ੍ਹੇ ਵਿੱਚ ਦੀਆਨਾਲੀ ਪਿੰਡ ਤੋਂ ਮੱਲੀਪੋਸੀ ਵੱਲ ਜਾਂਦੀ ਸੜਕ ’ਤੇ ਤੁਰਿਆ ਜਾ ਰਿਹਾ ਹੈ। ਮੱਲੀਪੋਸੀ ਸਥਿਤ ਇੱਕ ਬੈਂਕ ਦੀ ਬਰਾਂਚ ਵਿੱਚੋਂ ਉਹ ਆਪਣੀ ਭੈਣ ਦੇ ਖਾਤੇ ’ਚੋਂ 19,300 ਰੁਪਏ ਕਢਵਾਉਣਾ ਚਾਹੁੰਦਾ ਹੈ ਕਿਉਂਕਿ ਉਸ ਦੀ ਭੈਣ ਦੀ ਇਸੇ ਵਰ੍ਹੇ ਜਨਵਰੀ ਵਿੱਚ ਮੌਤ ਹੋ ਗਈ ਸੀ। ਮਰਨ ਤੋਂ ਪਹਿਲਾਂ ਉਸ ਨੇ ਆਪਣੇ ਭਰਾ ਜੀਤੂ ਮੁੰਡਾ ਨੂੰ ਉਸ ਦਾ ਵਾਰਿਸ ਹੋਣ ਨਾਤੇ ਇਹ ਰਕਮ ਬੈਂਕ ਖਾਤੇ ਵਿੱਚੋਂ ਕਢਵਾਉਣ ਲਈ ਆਖਿਆ ਸੀ, ਪਰ ਬੈਂਕ ਅਧਿਕਾਰੀ ਉਸ ਤੋਂ ਵਾਰ-ਵਾਰ ਉਸ ਦੀ ਭੈਣ ਦੀ ਮੌਤ ਦਾ ਪ੍ਰਮਾਣ ਪੱਤਰ ਮੰਗ ਰਹੇ ਸਨ, ਜਿਸ ਤੋਂ ਉਹ ਕਾਫ਼ੀ ਪ੍ਰੇਸ਼ਾਨ ਹੋ ਗਿਆ। ਦਰਅਸਲ, ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਮੌਤ ਦਾ ਪ੍ਰਮਾਣ ਪੱਤਰ ਹਾਸਲ ਕਰਨ ਲਈ ਮਹੀਨਿਆਂਬੱਧੀ ਸਮਾਂ ਲੱਗ ਜਾਂਦਾ ਹੈ ਤਾਂ ਫਿਰ ਕਬਾਇਲੀ ਖੇਤਰ ਦੇ ਜੀਤੂ ਮੁੰਡਾ ਨੂੰ ਇੰਨੀ ਛੇਤੀ ਪ੍ਰਮਾਣ ਪੱਤਰ ਕਿਵੇਂ ਮਿਲ ਸਕਦਾ ਸੀ?
ਉਸ ਆਦਿਵਾਸੀ ਨੂੰ ਇਸ ਪ੍ਰੇਸ਼ਾਨੀ ਤੋਂ ਨਿਜਾਤ ਪਾਉਣ ਦਾ ਇਹੋ ਤਰੀਕਾ ਸਮਝ ਆਇਆ ਕਿ ਜੇਕਰ ਉਹ ਬੈਂਕ ਵਾਲਿਆਂ ਨੂੰ ਆਪਣੀ ਭੈਣ ਦਾ ਪਿੰਜਰ ਦਿਖਾ ਦੇਵੇਗਾ ਤਾਂ ਉਨ੍ਹਾਂ ਨੂੰ ਉਸ ਦੀ ਮੌਤ ਬਾਰੇ ਯਕੀਨ ਆ ਜਾਵੇਗਾ। ਜੀਤੂ ਮੁੰਡਾ ਨੂੰ ਲੱਗਿਆ ਕਿ ਉਹ ਆਪਣੀ ਭੈਣ ਦੀ ਮੌਤ ਦਾ ਇਸ ਤੋਂ ਵੱਧ ਸਟੀਕ ਪ੍ਰਮਾਣ ਹੋਰ ਕੀ ਪੇਸ਼ ਕਰ ਸਕਦਾ ਹੈ? ਬੈਂਕ ਦੇ ਬੂਹੇ ’ਤੇ ਬੇਵੱਸ ਜਿਹੇ ਬੈਠੇ ਜੀਤੂ ਮੁੰਡਾ ਦੇ ਇੱਕ ਪਾਸੇ ਕੱਪੜੇ ’ਚ ਲਿਪਟਿਆ ਉਸ ਦੀ ਭੈਣ ਦਾ ਪਿੰਜਰ ਪਿਆ ਹੈ, ਜੋ ਉਹ ਕਬਰ ਮੁੜ ਪੁੱਟ ਕੇ ਉਸ ਵਿੱਚੋਂ ਕੱਢ ਕੇ ਲਿਆਇਆ ਹੈ। ਉਸ ਪਿੰਜਰ ਦੀਆਂ ਲੱਤਾਂ ਅਤੇ ਪੈਰਾਂ ਦੀਆਂ ਹੱਡੀਆਂ ਕੱਪੜੇ ’ਚੋਂ ਬਾਹਰ ਝਾਕਦੀਆਂ ਦਿਸਦੀਆਂ ਹਨ। ਜੀਤੂ ਮੁੰਡਾ ਦੇ ਚਿਹਰੇ ਦੇ ਹਾਵ-ਭਾਵ ਤੋਂ ਕਿਤੇ ਇਹ ਨਹੀਂ ਲੱਗਦਾ ਕਿ ਉਹ ਸਾਡੇ ਦੇਸ਼ ਦੇ ਸਮੁੱਚੇ ਪ੍ਰਬੰਧ ਨੂੰ ਸ਼ਰਮਸਾਰ ਕਰਨ ਲਈ ਮੋਢੇ ’ਤੇ ਪਿੰਜਰ ਚੁੱਕ ਕੇ ਬੈਂਕ ਤੱਕ ਪੈਦਲ ਆਇਆ ਹੈ। ਰਾਹ ਵਿੱਚ ਥਾਂ-ਥਾਂ ਲੋਕਾਂ ਨੇ ਉਸ ਦੀਆਂ ਵੀਡੀਓਜ਼ ਬਣਾ ਲਈਆਂ, ਜੋ ਹੁਣ ਸਮੁੱਚੇ ਸੋਸ਼ਲ ਮੀਡੀਆ ’ਤੇ ਵਾਇਰਲ ਹਨ। ‘ਦਿ ਗਾਰਡੀਅਨ’ ਜਿਹੇ ਅਖ਼ਬਾਰਾਂ ਨੇ ਵੀ ਇਹ ਖ਼ਬਰ ਉਭਾਰ ਕੇ ਛਾਪੀ ਹੈ, ਜਿਸ ਨੇ ਪੂਰੀ ਦੁਨੀਆ ਵਿੱਚ ਸਾਡੇ ਦੇਸ਼ ਦੀ ਸਰਕਾਰੀ ਵਿਵਸਥਾ ਦਾ ਪਾਜ ਉਧੇੜ ਕੇ ਰੱਖ ਦਿੱਤਾ ਹੈ। ਇਸ ਨੇ ਇਹ ਹਕੀਕਤ ਸਭ ਦੇ ਸਾਹਮਣੇ ਲੈ ਆਂਦੀ ਹੈ ਕਿ ਇਹ ਵਿਵਸਥਾ ਅਮੀਰਾਂ ਦੀ ਜੀ-ਹਜ਼ੂਰ ਤਾਂ ਹੈ, ਪਰ ਗ਼ੁਰਬਤ ਮਾਰੇ ਲੋਕਾਂ ਪ੍ਰਤੀ ਇਸ ਕੋਲੋਂ ਤਰਸ ਤੇ ਹਮਦਰਦੀ ਦੀ ਕੋਈ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ।
ਇਹ ਸਮੁੱਚਾ ਘਟਨਾਕ੍ਰਮ ਸਾਡੇ ਦੇਸ਼ ਵਿੱਚ ਇੱਕ ਗ਼ਰੀਬ ਬੰਦੇ ਦੀ ਹੋਣੀ ਦੀ ਬਾਤ ਪਾਉਂਦਾ ਹੈ, ਜੋ ਆਪਣੀ ਭੈਣ ਵੱਲੋਂ ਪੂਰੀ ਉਮਰ ਲਾ ਕੇ ਬੈਂਕ ’ਚ ਜਮ੍ਹਾਂ ਕੀਤੀ 19,300 ਰੁਪਏ ਦੀ ਕੁੱਲ ਜਮ੍ਹਾਂ ਪੂੰਜੀ ਵਾਰਿਸ ਹੋਣ ਦੇ ਨਾਤੇ ਕਢਵਾਉਣਾ ਚਾਹੁੰਦਾ ਹੈ, ਪਰ ਬੈਂਕਿੰਗ ਸਿਸਟਮ ਵੱਲੋਂ ਵਾਰ-ਵਾਰ ਮੌਤ ਦਾ ਠੋਸ ਪ੍ਰਮਾਣ ਮੰਗਿਆ ਜਾਂਦਾ ਰਿਹਾ। ਦੁਨੀਆ ਵਿੱਚ ਚੌਥੇ ਨੰਬਰ ਦਾ ਅਰਥਚਾਰਾ ਹੋਣ ਦਾ ਦਮਗਜ਼ਾ ਮਾਰਨ ਵਾਲੇ ਮੁਲਕ ਤੇ ਉਸ ਦੇ ਬਾਸ਼ਿੰਦਿਆਂ ਨੂੰ ਹਕੀਕਤ ਦਾ ਸ਼ੀਸ਼ਾ ਦਿਖਾਉਣ ਲਈ ਬੈਂਕ ਦੇ ਬੂਹੇ ’ਤੇ ਪਿਆ ਇਹ ਅੱਧਕੱਜਿਆ ਪਿੰਜਰ ਕਾਫ਼ੀ ਹੈ। ਹੁਣ ਨਜ਼ਰਾਂ ਨਾ ਚੁਰਾਓ..., ਇਸ ਹਕੀਕਤ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਦੇਖੋ ਅਤੇ ਸਮਝੋ ਕਿ ਇੰਨੇ ਵੱਡੇ ਅਰਥਚਾਰੇ ਵਾਲੇ ਸਾਡੇ ਦੇਸ਼ ਵਿੱਚ ਗ਼ਰੀਬ ਨੂੰ ਆਪਣੇ ਹੀ ਪੈਸੇ ਕਢਵਾਉਣ ਲਈ ਕਿਸ ਅਜ਼ਾਬ ਵਿੱਚੋਂ ਗੁਜ਼ਰਨਾ ਪੈਂਦਾ ਹੈ ਜਦੋਂਕਿ ਵੱਡੇ ਪੂੰਜੀਪਤੀਆਂ ਦੇ ਲੱਖਾਂ ਕਰੋੜ ਰੁਪਏ ਦੇ ਕਰਜ਼ੇ ਝੱਟ ਮੁਆਫ਼ ਹੋ ਜਾਂਦੇ ਹਨ। ਅਜਿਹੀਆਂ ਕਰਜ਼ਾ ਮੁਆਫ਼ੀ ਦੀਆਂ ਸਹੂਲਤਾਂ ਦਾ ਫ਼ਾਇਦਾ ਉਠਾਉਣ ਵਾਲੇ ਵੱਡੇ ਪੂੰਜੀਪਤੀਆਂ ਦੀ ਕਿਸੇ ਤਰ੍ਹਾਂ ਦੀ ਵੀ ਦਿੱਕਤ ਦੂਰ ਕਰਨ ਲਈ ਬੈਂਕ ਵੱਲੋਂ ਖ਼ਾਸ ਤੌਰ ’ਤੇ ‘ਰਿਲੇਸ਼ਨਸ਼ਿਪ ਮੈਨੇਜਰ’ ਨਿਯੁਕਤ ਕੀਤੇ ਜਾਂਦੇ ਹਨ ਅਤੇ ਓਧਰ ਕਿਸੇ ਨੇ ਵੀ ਗ਼ਰੀਬ ਆਦਿਵਾਸੀ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਲੋੜੀਂਦੀ ਕਾਰਵਾਈ ਕਿਵੇਂ ਪੂਰੀ ਕਰੇ। ਉਸ ਗ਼ਰੀਬ ਦੀਆਂ ਦਿੱਕਤਾਂ ਅਤੇ ਮਸਲੇ ਭਾਵੇਂ ਬੈਂਕ ਨਾਲ ਹੀ ਸਬੰਧਿਤ ਸਨ, ਪਰ ਇਸ ਨਾਲ ਬੈਂਕ ਵਾਲਿਆਂ ਦਾ ਕੀ ਸਰੋਕਾਰ? ਅਜਿਹੇ ਗ਼ਰੀਬ ਬੰਦੇ ਨਾਲ ਬੈਂਕ ਨੇ ਆਪਣਾ ‘ਰਿਲੇਸ਼ਨਸ਼ਿਪ’ ਰੱਖ ਕੇ ਲੈਣਾ ਵੀ ਕੀ ਹੈ?
ਬੈਂਕ ਵਾਲਿਆਂ ਨੇ ਕੋਈ ਹੋਰ ਮਦਦ ਤਾਂ ਕੀ ਕਰਨੀ ਸੀ, ਜੇਕਰ ਉਨ੍ਹਾਂ ਉਸ ਨੂੰ ਸਮੁੱਚੇ ਲੋੜੀਂਦੇ ਦਸਤਾਵੇਜ਼ ਪੂਰੇ ਕਰਨ ਸਬੰਧੀ ਵੀ ਸਹੀ ਰਾਹ ਪਾਇਆ ਹੁੰਦਾ ਤਾਂ ਉਹ ਮੋਈ ਭੈਣ ਦਾ ਪਿੰਜਰ ਲੈ ਕੇ ਬੈਂਕ ਦੇ ਬੂਹੇ ਨਾ ਪੁੱਜਦਾ।
ਇਹ ਤਸਵੀਰ ਅਤੇ ਵੀਡੀਓ ਵਾਇਰਲ ਹੋਣ ਮਗਰੋਂ ਦੇਸ਼ ਭਰ ਵਿੱਚ ਇਸ ਬਾਰੇ ਰੌਲਾ ਪੈ ਗਿਆ ਅਤੇ ਉਡੀਸ਼ਾ ਦੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵਿੱਚ ਵਿਰੋਧੀ ਧਿਰ ਨੇ ਇਸ ਮੁੱਦੇ ’ਤੇ ਜ਼ੋਰਦਾਰ ਹੰਗਾਮਾ ਕੀਤਾ। ਸੂਬਾ ਸਰਕਾਰ ਨੂੰ ਆਪਣਾ ਨੱਕ ਬਚਾਉਣ ਲਈ ਮਾਮਲੇ ਦੀ ਜਾਂਚ ਦਾ ਹੁਕਮ ਦੇਣਾ ਪਿਆ ਤੇ ਮੁੱਢਲੀ ਜਾਂਚ ਵਿੱਚ ਬੈਂਕ ਮੁਲਾਜ਼ਮਾਂ ਦੇ ਦੋਸ਼ੀ ਹੋਣ ਦੀ ਗੱਲ ਸਾਹਮਣੇ ਆਈ ਹੈ। ਮਾਮਲੇ ਦੀ ਜਾਂਚ ਕਰਨ ਵਾਲੇ ਅਧਿਕਾਰੀ ਦਾ ਕਹਿਣਾ ਹੈ, ‘‘ਵੀਡੀਓ ਫੁਟੇਜ ਦੇਖਣ (ਜਿਸ ਦੀ ਆਡੀਓ ਨਹੀਂ ਹੈ) ਮਗਰੋਂ ਅਸੀਂ ਇਸ ਸਿੱਟੇ ’ਤੇ ਤਾਂ ਨਹੀਂ ਪਹੁੰਚ ਸਕੇ ਕਿ ਜੀਤੂ ਮੁੰਡਾ ਅਤੇ ਬੈਂਕ ਮੁਲਾਜ਼ਮਾਂ ਵਿਚਾਲੇ ਕੀ ਗੱਲਬਾਤ ਹੋਈ, ਪਰ ਬੈਂਕ ਮੁਲਾਜ਼ਮਾਂ ਦੀ ਸਰੀਰਕ ਭਾਸ਼ਾ (Body Language) ਤੋਂ ਜਾਪਦਾ ਹੈ ਕਿ ਗ਼ਲਤੀ ਉਨ੍ਹਾਂ ਦੀ ਹੈ।’’ ਪਿਛਲੇ ਸੋਮਵਾਰ ਨੂੰ ਇਹ ਘਟਨਾ ਉਦੋਂ ਸਾਹਮਣੇ ਆਈ ਸੀ ਜਦੋਂ ਉਹ ਮਰੀ ਹੋਈ ਭੈਣ ਦਾ ਪਿੰਜਰ ਲੈ ਕੇ ਬੈਂਕ ਪੁੱਜਿਆ ਸੀ। ਉਹ ਪਹਿਲਾਂ ਸਵੇਰੇ 11.26 ਵਜੇ ਤੋਂ 11.58 ਵਜੇ ਤੱਕ ਬੈਂਕ ਵਿੱਚ ਮੌਜੂਦ ਸੀ। ਉਹ ਦੋ ਵਾਰ ਬੈਂਕ ਮੈਨੇਜਰ ਨੂੰ ਮਿਲਿਆ, ਫਿਰ ਕੈਸ਼ੀਅਰ ਅਤੇ ਬੈਂਕ ਮਿੱਤਰ ਕੋਲ ਵੀ ਗਿਆ ਪਰ ਜਦੋਂ ਕਿਸੇ ਨੇ ਵੀ ਉਸ ਦੀ ਗੱਲ ਨਾ ਸੁਣੀ ਤੇ ਨਾ ਸਮਝੀ ਤਾਂ ਉਸ ਨੇ ਅਤਿ ਦੀ ਪ੍ਰੇਸ਼ਾਨੀ ਵਿੱਚ ਇਹ ਕਦਮ ਚੁੱਕਿਆ। ਇਹ ਵੀ ਹਕੀਕਤ ਹੈ ਕਿ ਬੈਂਕ ਵਾਲੇ ਜੀਤੂ ਮੁੰਡਾ ਤੇ ਉਸ ਦੀ ਭੈਣ ਨੂੰ ਜਾਣਦੇ ਸਨ। ਉਹ ਆਪਣੀ ਭੈਣ ਕਲਾਰਾ ਨਾਲ ਅਕਸਰ ਬੈਂਕ ਆਉਂਦਾ ਸੀ। ਕਲਾਰਾ ਦੀ ਜਨਵਰੀ ਵਿੱਚ ਹੋਈ ਮੌਤ ਤੋਂ ਪਹਿਲਾਂ 26 ਦਸੰਬਰ 2025 ਨੂੰ ਉਹ ਉਸ ਨਾਲ ਬੈਂਕ ਗਿਆ ਸੀ। ਉਦੋਂ ਉਨ੍ਹਾਂ ਨੇ ਬੈਂਕ ਵਿੱਚੋਂ 500 ਰੁਪਏ ਕਢਵਾਏ ਸਨ।
ਤੁਸੀਂ ਉਸ ਗ਼ਰੀਬ ਦੀ ਤ੍ਰਾਸਦੀ ਅਤੇ ਮਨੋਸਥਿਤੀ ਨੂੰ ਮਹਿਸੂਸ ਕਰ ਕੇ ਦੇਖੋ ਜਦੋਂ ਉਸ ਨੇ ਕੁਝ ਮਹੀਨੇ ਪਹਿਲਾਂ ਆਪਣੀ ਭੈਣ ਨੂੰ ਦਫ਼ਨਾਉਣ ਮਗਰੋਂ ਹੁਣ ਮੁੜ ਆਪਣੇ ਹੱਥੀਂ ਉਸ ਦੀ ਕਬਰ ਪੁੱਟੀ ਹੋਵੇਗੀ, ਉਸ ਦਾ ਪਿੰਜਰ ਬਾਹਰ ਕੱਢਿਆ ਹੋਵੇਗਾ ਤੇ ਉਸ ਨੂੰ ਮੋਢੇ ’ਤੇ ਰੱਖ ਕੇ ਕਈ ਕਿਲੋਮੀਟਰ ਦਾ ਪੈਂਡਾ ਪੈਦਲ ਤੈਅ ਕੀਤਾ ਹੋਵੇਗਾ ਤਾਂ ਉਹ ਕਿੰਨਾ ਬੇਵੱਸ ਹੋਵੇਗਾ। ਓਦਾਂ ਤਾਂ ਅਸੀਂ ਕਿਸੇ ਵਿਅਕਤੀ ਦੇ ਕੱਪੜਿਆਂ ਤੋਂ ਉਸ ਦੀ ਪਛਾਣ
ਦਾ ਦਾਅਵਾ ਕਰਦੇ ਹਾਂ, ਪਰ ਫਿਰ ਇਸ ਗ਼ਰੀਬ ਦੇ ਪਸੀਨੇ ਭਿੱਜੇ ਕੱਪੜੇ (ਉਸ ਨੇ ਤੇੜ ਤਾਂ ਇੱਕ ਕੱਪੜਾ ਹੀ ਲਪੇਟਿਆ ਹੋਇਆ ਸੀ), ਚਿਹਰੇ ’ਤੇ ਗ਼ਰੀਬੀ ਦੀ ਮਾਰ ਅਤੇ ਹੱਥਾਂ ’ਤੇ ਮੁਸ਼ੱਕਤ ਨਾਲ ਪਏ ‘ਅੱਟਣਾਂ’ ਤੋਂ ਸਾਨੂੰ ਉਸ ਦੀ ਪਛਾਣ ਕਿਉਂ ਨਾ ਹੋਈ? ਜਾਂ ਫਿਰ ਅਸੀਂ
ਹੁਣ ਆਪਣੀ ਸਹੂਲਤ ਅਨੁਸਾਰ ਉਸ ਨੂੰ ਪਛਾਣ ਕੇ ਵੀ ਪਛਾਣਨਾ ਨਹੀਂ ਸੀ ਚਾਹੁੰਦੇ। ਗ਼ਰੀਬ, ਪੱਛੜੇ, ਆਦਿਵਾਸੀ ਤੇ ਦੱਬੇ-ਕੁਚਲੇ ਲੋਕਾਂ ਦੀ ਹੋਣੀ ਬਦਲਣ ਦੇ ਵੱਡੇ-ਵੱਡੇ ਵਾਅਦੇ ਕਰ ਕੇ ਹੀ ਤਾਂ ਵੱਖ-ਵੱਖ
ਸਿਆਸੀ ਪਾਰਟੀਆਂ ਵੋਟਾਂ ਮੰਗਦੀਆਂ ਨੇ ਅਤੇ ਇਨ੍ਹਾਂ ਸਭ ਦੀ ਬਿਹਤਰੀ ਕਰਨ ਦੇ ਨਾਂ ’ਤੇ ਹੀ ਸਰਕਾਰਾਂ ਬਣਾਉਂਦੀਆਂ ਹਨ, ਪਰ ਅੰਤ ਇਸ ਸਮੁੱਚੇ ਸਰਕਾਰੀ ਪ੍ਰਬੰਧ ’ਚ ਸਭ ਤੋਂ ਵੱਧ ਤ੍ਰਿਸਕਾਰਿਆ ਜਾਣ ਵਾਲਾ ਵੀ ਇਹੋ ਗ਼ਰੀਬ ਬੰਦਾ ਹੈ।

