ਵਜ਼ੀਰਾਬਾਦ ਹਮਲਾ: ਇਮਰਾਨ ਨੂੰ ਸਿਆਸੀ ਲਾਹਾ : The Tribune India

ਵਜ਼ੀਰਾਬਾਦ ਹਮਲਾ: ਇਮਰਾਨ ਨੂੰ ਸਿਆਸੀ ਲਾਹਾ

ਵਜ਼ੀਰਾਬਾਦ ਹਮਲਾ: ਇਮਰਾਨ ਨੂੰ ਸਿਆਸੀ ਲਾਹਾ

ਸੁਰਿੰਦਰ ਸਿੰਘ ਤੇਜ

ਸੁਰਿੰਦਰ ਸਿੰਘ ਤੇਜ

ਯਾਸਰ ਕਮਾਲ (1923-2015) ਤੁਰਕਿਸ਼ ਲੇਖਕ ਵੀ ਸੀ ਅਤੇ ਇਨਸਾਨੀ ਹੱਕਾਂ ਦਾ ਝੰਡਾਬਰਦਾਰ ਵੀ। 2012 ਵਿਚ ਉਸ ਦਾ ਨਾਮ ਸਾਹਿਤ ਦੇ ਨੋਬੇਲ ਪੁਰਸਕਾਰ ਲਈ ਵਿਚਾਰਿਆ ਗਿਆ ਪਰ ਐਨ ਆਖਿ਼ਰੀ ਮੌਕੇ ਚੀਨ ਦਾ ਮੋ ਯਾਂ ਬਾਜ਼ੀ ਮਾਰ ਗਿਆ। ਸਿਆਸਤ ਦੀ ਗ਼ਲਾਜ਼ਤ, ਕਮਾਲ ਦੀਆਂ ਕਹਾਣੀਆਂ ਦਾ ਉਭਰਵਾਂ ਹਿੱਸਾ ਬਣੀ ਰਹੀ ਹੈ। ਉਸ ਦੀ ਕਹਾਣੀ ‘ਜ਼ਰਦ ਤਪਸ਼’ (ਯੈਲੋ ਹੀਟ) ਪਾਿਕਸਤਾਨ ਦੀ ਵਰਤਮਾਨ ਦ੍ਰਿਸ਼ਾਵਲੀ ਨਾਲ ਬਹੁਤ ਮਿਲਦੀ-ਜੁਲਦੀ ਹੈ। ਕਹਾਣੀ ਦਾ ਨਾਇਕ ਮਹਿਮਦ ਬੇਹੱਦ ਮਕਬੂਲ ਰਾਜਸੀ ਨੇਤਾ ਹੈ ਪਰ ਉਸ ਦੀ ਪਾਰਟੀ ਵਿਚ ਗੰਭੀਰ ਫੁੱਟ ਹੈ। ਇਕ ਰੈਲੀ ਦੌਰਾਨ ਮਹਿਮਦ ’ਤੇ ਕਾਤਲਾਨਾ ਹਮਲਾ ਹੋ ਜਾਂਦਾ ਹੈ। ਇਹ ਹਮਲਾ ਪਾਰਟੀ ਅੰਦਰਲੀ ਗੁੱਟਬੰਦੀ ਕਾਰਨ ਹੋਇਆ ਪਰ ਇਸ ਨੇ ਮਹਿਮਦ ਦੇ ਵਿਰੋਧੀਆਂ ਦੇ ਖੇਮੇ ਵਿਚ ਗੰਭੀਰ ਵੰਡੀਆਂ ਪਾ ਦਿੱਤੀਆਂ। ਪਾਿਕਸਤਾਨ ਤਹਿਰੀਕ-ਇ-ਇਨਸਾਫ਼ ਪਾਰਟੀ (ਪੀਟੀਆਈ) ਦੇ ਸਰਬਰਾਹ ਇਮਰਾਨ ਖ਼ਾਨ ’ਤੇ ਵੀਰਵਾਰ ਨੂੰ ਵਜ਼ੀਰਾਬਾਦ (ਗੁੱਜਰਾਂਵਾਲਾ) ਵਿਚ ਹੋਇਆ ਕਾਤਲਾਨਾ ਹਮਲਾ ਵੀ ‘ਜ਼ਰਦ ਤਪਸ਼’ ਵਾਲੀਆਂ ਸੰਭਾਵਨਾਵਾਂ ਉਭਾਰਦਾ ਹੈ। ਇਹ ਵਜ਼ੀਰੇ-ਆਜ਼ਮ ਸ਼ਹਿਬਾਜ਼ ਸ਼ਰੀਫ਼ ਦੀ ਸਰਕਾਰ ਤੇ ਪਾਕਿਸਤਾਨੀ ਫ਼ੌਜ ਦਰਮਿਆਨ ਕਿੰਨੀਆਂ ਗਹਿਰੀਆਂ ਵੰਡੀਆਂ ਪਾਏਗਾ, ਇਹ ਤਾਂ ਸਮਾਂ ਹੀ ਦੱਸੇਗਾ; ਹਾਂ, ਪਿਛਲੇ 48 ਘੰਟਿਆਂ ਦੌਰਾਨ ਜੋ ਪ੍ਰਤੀਕਰਮ ਸਾਹਮਣੇ ਆਏ ਹਨ, ਉਹ ‘ਜ਼ਰਦ ਤਪਸ਼’ ਵਾਲੀਆਂ ਸੰਭਾਵਨਾਵਾਂ ਜ਼ਰੂਰ ਉਭਾਰਦੇ ਹਨ।

ਹਮਲਾ ਸੂਬਾ ਪੰਜਾਬ ਵਿਚ ਹੋਇਆ ਜਿਥੇ ਸਰਕਾਰ ਦੇ ਮੁਖੀ ਪਾਿਕਸਤਾਨ ਮੁਸਲਿਮ ਲੀਗ (ਕੌਮੀ) ਦੇ ਨੇਤਾ ਚੌਧਰੀ ਪਰਵੇਜ਼ ਇਲਾਹੀ ਹਨ। ਉਨ੍ਹਾਂ ਕੋਲ ਗਿਣਤੀ ਦੇ ਹੀ ਵਿਧਾਨਕਾਰ ਹਨ; ਸਰਕਾਰ ਮੁੱਖ ਤੌਰ ’ਤੇ ਇਮਰਾਨ ਦੀ ਪਾਰਟੀ (ਪੀਟੀਆਈ) ਦੇ ਸਹਾਰੇ ਚੱਲ ਰਹੀ ਹੈ। ਇਮਰਾਨ ਦੇ ਲੰਮੇ ਮਾਰਚ ਲਈ ਸੁਰੱਖਿਆ ਦੀ ਜਿ਼ੰਮੇਵਾਰੀ ਮੁੱਖ ਤੌਰ ’ਤੇ ਇਲਾਹੀ ਦੀ ਸਰਕਾਰ ਦੀ ਸੀ। ਉਹ ਇਹ ਜਿ਼ੰਮੇਵਾਰੀ ਨਿਭਾਉਣ ਪੱਖੋਂ ਨਾਕਾਮ ਰਹੀ। ਲਿਹਾਜ਼ਾ, ਇਲਾਹੀ ਹੁਣ ਬੈਕ ਫੁੱਟ ’ਤੇ ਹੈ ਅਤੇ ਇਹ ਸਥਿਤੀ ਛੇਤੀ ਸੁਧਰਨ ਵਾਲੀ ਨਹੀਂ। ਇਕ ਸਾਬਕਾ ਪ੍ਰਧਾਨ ਮੰਤਰੀ ਜਿਸ ਦੀ ਜਾਨ ਨੂੰ ਖ਼ਤਰੇ ਦੀਆਂ ਚਿਤਾਵਨੀਆਂ ਰੋਜ਼ ਜਾਰੀ ਹੁੰਦੀਆਂ ਸਨ, ਦੇ ਐਨ ਨੇੜੇ ਅਸਲ੍ਹਾਧਾਰੀ ਹਮਲਾਵਰ ਨੂੰ ਪੁੱਜਣ ਦਿੱਤਾ ਗਿਆ, ਇਹ ਸਿਰੇ ਦੀ ਅਲਗਰਜ਼ੀ ਸੀ। ਉਪਰੋਂ ਹਮਲਾਵਰ ਦੇ ‘ਇਕਬਾਲੀਆ ਬਿਆਨ’ ਵਾਲੀ ਵੀਡੀਓ ਵੀ ਹਮਲੇ ਤੋਂ ਅੱਧੇ ਘੰਟੇ ਬਾਅਦ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਸ ਅਲਗਰਜ਼ੀ ਦਾ ਅਸਰ ਪਰਵੇਜ਼ ਇਲਾਹੀ ’ਤੇ ਪੈਣਾ ਸੁਭਾਵਿਕ ਹੈ ਪਰ ਇਮਰਾਨ ਦੀ ਪਾਰਟੀ ਇਕ ਤੀਰ ਨਾਲ ਕਈ ਸ਼ਿਕਾਰ ਕਰ ਰਹੀ ਹੈ। ਉਹ ਇਲਾਹੀ ਤੋਂ ਇਲਾਵਾ ਸ਼ਹਿਬਾਜ਼ ਸ਼ਰੀਫ਼ ਦੀ ਮਰਕਜ਼ੀ ਸਰਕਾਰ ਅਤੇ ਫ਼ੌਜੀ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਵੀ ਸਿੱਧਾ ਨਿਸ਼ਾਨਾ ਬਣਾ ਰਹੀ ਹੈ। ਇਮਰਾਨ ਨੇ ਹਮਲੇ ਦੀ ‘ਸਾਜਿ਼ਸ਼’ ਰਚਣ ਦੀ ਜਿ਼ੰਮੇਵਾਰੀ ਸਿੱਧੇ ਤੌਰ ’ਤੇ ਸ਼ਹਿਬਾਜ਼ ਸ਼ਰੀਫ਼, ਕੌਮੀ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਅਤੇ ਮੇਜਰ ਜਨਰਲ ਫ਼ੈਸਲ ਉਤੇ ਸੁੱਟੀ ਹੈ। ਫ਼ੈਸਲ ਆਈਐੱਸਆਈ ਵਿਚ ਉੱਚ ਅਹੁਦੇ ’ਤੇ ਹੈ ਅਤੇ ਤਕਰੀਬਨ 10 ਵਰ੍ਹਿਆਂ ਤੱਕ ਜਨਰਲ ਬਾਜਵਾ ਦਾ ਸਹਾਇਕ ਰਿਹਾ ਹੈ। ਇਮਰਾਨ ਨੂੰ ਪਤਾ ਹੈ ਕਿ ਜੋ ਮਾਹੌਲ ਇਸ ਵੇਲੇ ਪਾਿਕਸਤਾਨ ਵਿਚ ਬਣਿਆ ਹੋਇਆ ਹੈ, ਉਸ ਵਿਚ ਨਾ ਤਾਂ ਸ਼ਹਿਬਾਜ਼ ਸ਼ਰੀਫ਼ ਸਰਕਾਰ, ਪੀਟੀਆਈ ਦੀ ਲੀਡਰਸ਼ਿਪ ਖਿ਼ਲਾਫ਼ ਤਿੱਖੀ ਸੁਰ ਅਪਣਾ ਸਕਦੀ ਹੈ ਅਤੇ ਨਾ ਹੀ ਫ਼ੌਜ। ਇਸੇ ਲਈ ਉਹ ਹਮਲੇ ਨੂੰ ਰਾਜਸੀ ਤੌਰ ’ਤੇ ਵੱਧ ਤੋਂ ਵੱਧ ਰਿੜਕਣ ਦੇ ਰਾਹ ਤੁਰਿਆ ਹੋਇਆ ਹੈ। ਦੂਜੇ ਪਾਸੇ ਸ਼ਹਿਬਾਜ਼ ਸਰਕਾਰ ਅਤੇ ਫੌਜ ਆਪੋ-ਆਪਣੇ ਬਚਾਅ ’ਚ ਲੱਗੀਆਂ ਹੋਈਆਂ ਹਨ। ਦੋਵਾਂ ਵੱਲੋਂ ਕੋਈ ਸਾਂਝੀ ਰਣਨੀਤੀ ਨਹੀਂ ਅਪਣਾਈ ਗਈ। ਇਹ ਖ਼ਾਮੀ ਵੀ ਪੀਟੀਆਈ ਵੱਲੋਂ ਆਪਣੇ ਪ੍ਰਾਪੇਗੰਡੇ ਲਈ ਖ਼ੂਬ ਵਰਤੀ ਜਾ ਰਹੀ ਹੈ।

ਇਸ ਵੇਲੇ ਰਾਜਸੀ ਤੌਰ ’ਤੇ ਇਮਰਾਨ ਖ਼ਾਨ ਦੀ ਪੂਰੀ ਚੜ੍ਹਤ ਹੈ, ਇਸ ਬਾਰੇ ਕਿਸੇ ਨੂੰ ਕੋਈ ਸ਼ੁਬਹਾ ਨਹੀਂ। ਹੁਕਮਰਾਨ ਪਾਕਿਸਤਾਨ ਜਮਹੂਰੀ ਮੁਹਾਜ਼ (ਪੀਡੀਐੱਮ) ਕੋਲ ਇਕ ਵੀ ਨੇਤਾ ਅਜਿਹਾ ਨਹੀਂ ਜੋ ਮਕਬੂਲੀਅਤ ਪੱਖੋਂ ਇਮਰਾਨ ਖ਼ਾਨ ਦੇ ਨੇੜੇ ਢੁੱਕਦਾ ਹੋਵੇ। ਸਥਿਤੀ ਸੰਭਾਲਣ ਪੱਖੋਂ ਸਾਬਕਾ ਵਜ਼ੀਰੇ-ਆਜ਼ਮ ਨਵਾਜ਼ ਸ਼ਰੀਫ਼ ਕੁਝ ਕਾਰਗਰ ਸਾਬਤ ਹੋ ਸਕਦਾ ਸੀ ਪਰ ਲੰਡਨ ਛੱਡਣ ਦੀ ਰੌਂਅ ’ਚ ਨਹੀਂ। ਉਸ ਨੂੰ ਨਾ ਤਾਂ ਆਪਣੇ ਛੋਟੇ ਭਰਾ ਸ਼ਹਿਬਾਜ਼ ਸ਼ਰੀਫ਼ ਦੀ ਨੀਅਤ ਤੇ ਨੀਤੀਆਂ ਉਤੇ ਇਤਬਾਰ ਹੈ ਅਤੇ ਨਾ ਹੀ ਫ਼ੌਜ ਦੀ ਰਣਨੀਤੀ ਉਤੇ। ਸ਼ਹਿਬਾਜ਼ ਦੀ ਵਜ਼ੀਰੇ-ਆਜ਼ਮ ਵਜੋਂ ਨਾਮਜ਼ਦਗੀ, ਨਵਾਜ਼ ਸ਼ਰੀਫ਼ ਦੀ ਵਤਨ ਵਾਪਸੀ ਤਕ ਰਾਜਗੱਦੀ ਨੂੰ ਗਰਮ ਰੱਖਣ ਲਈ ਕੀਤੀ ਗਈ ਸੀ ਪਰ ਹੁਣ ਇਹ ਯਕੀਨਦਹਾਨੀ ਨਹੀਂ ਕੀਤੀ ਜਾ ਸਕਦੀ ਕਿ ਨਵਾਜ਼ ਦੀ ਆਮਦ ਹੁੰਦਿਆਂ ਹੀ ਸ਼ਹਿਬਾਜ਼ ਗੱਦੀ ਵੱਡੇ ਭਰਾ ਨੂੰ ਸੌਂਪ ਦੇਵੇਗਾ। ਉਂਝ ਵੀ ਦੋਵਾਂ ਦੇ ਪਰਿਵਾਰਾਂ ਦਰਮਿਆਨ ਪੂਰੀ ਸ਼ਰੀਕੇਬਾਜ਼ੀ ਹੈ। ਸ਼ਹਿਬਾਜ਼ ਆਪਣੇ ਪੁੱਤਰ ਹਮਜ਼ਾ ਨੂੰ ਪੀਐੱਮਐੱਲ-ਐੱਨ ਦੇ ਭਵਿੱਖੀ ਮੁਖੀ ਵਜੋਂ ਸਥਾਪਿਤ ਕਰਨਾ ਚਾਹੁੰਦਾ ਹੈ, ਨਵਾਜ਼ ਦੀਆਂ ਨਜ਼ਰਾਂ ਵਿਚ ਉਸ ਦੀ ਧੀ ਮਰੀਅਮ ਹੀ ਪਾਰਟੀ ਤੇ ਪਰਿਵਾਰ ਦਾ ਅਸਲ ਭਵਿੱਖ ਹੈ। ਅਸਲੀਅਤ ਤਾਂ ਇਹ ਵੀ ਹੈ ਕਿ ਨਵਾਜ਼ ਦੇ ਵਤਨੋਂ ਬਾਹਰ ਰਹਿਣ ਅਤੇ ਕ੍ਰਿਸ਼ਮਈ ਸ਼ਖ਼ਸੀਅਤ ਵਜੋਂ ਸ਼ਹਿਬਾਜ਼ ਦੇ ਨਾ ਉੱਭਰ ਸਕਣ ਕਾਰਨ ਪੀਐੱਮਐੱਲ-ਐੱਨ ਦੇ ਰਾਜਸੀ ਆਧਾਰ ਤੇ ਰਸੂਖ਼ ਨੂੰ ਲਗਾਤਾਰ ਖੋਰਾ ਲੱਗਿਆ ਹੈ। ਇਸ ਹਕੀਕਤ ਤੋਂ ਫੌਜ ਭਲੀ-ਭਾਂਤ ਵਾਕਫ਼ ਹੈ। ਲਿਹਾਜ਼ਾ, ਜੋ ਹਾਲਾਤ ਬਣ ਹਨ, ਉਨ੍ਹਾਂ ਦੇ ਮੱਦੇਨਜ਼ਰ ਇਹ ਜ਼ਰੂਰੀ ਨਹੀਂ ਕਿ ਫ਼ੌਜ, ਸ਼ਹਿਬਾਜ਼ ਸ਼ਰੀਫ਼ ਸਰਕਾਰ ਦਾ ਬਚਾਅ ਕਰਨਾ ਲਗਾਤਾਰ ਜਾਰੀ ਰੱਖੇ।

ਇਸ ਪੱਖੋਂ ਇਮਰਾਨ ਖ਼ਾਨ ਦੇ ਦਾਅ-ਪੇਚ ਵੀ ਕੁਝ ਹੱਦ ਤਕ ਕਾਮਯਾਬ ਸਾਬਤ ਹੋਏ ਹਨ। ਉਹ ਫ਼ੌਜ ਦੇ ਖਿ਼ਲਾਫ਼ ਵੀ ਬੋਲ ਰਿਹਾ ਹੈ ਅਤੇ ਹੱਕ ਵਿਚ ਵੀ। ਉਹ ਜਨਰਲ ਬਾਜਵਾ ਦੀ ਰੁਖ਼ਸਤਗੀ ਚਾਹੁੰਦਾ ਹੈ ਪਰ ਹੋਰਨਾਂ ਜਰਨੈਲਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਇਹ ਦੋਗਲੀਆਂ ਚਾਲਾਂ ਦੋਹਰੇ ਪ੍ਰਭਾਵ ਪੈਦਾ ਕਰਨ ਲੱਗੀਆਂ ਹਨ। ਫ਼ੌਜ ਦੀਆਂ ਸਫ਼ਾਂ ਵਿਚ ਕੁਝ ਹਿਲਜੁਲ ਸ਼ੁਰੂ ਹੋ ਗਈ ਹੈ। ਪਾਕਿਸਤਾਨ ਵਿਚ ਚਾਰ ਸਿਤਾਰਾ ਦੋ ਜਨਰਲਾਂ ਤੋਂ ਇਲਾਵਾ 25 ਲੈਫਟੀਨੈਂਟ ਜਨਰਲ ਅਤੇ 210 ਮੇਜਰ ਜਨਰਲ ਹਨ। ਦੋਵੇਂ ਚਾਰ ਸਿਤਾਰਾ ਜਨਰਲ- ਕਮਰ ਜਾਵੇਦ ਬਾਜਵਾ ਤੇ ਨਦੀਮ ਰਜ਼ਾ ਇਸ ਮਹੀਨੇ ਦੇ ਆਖਿ਼ਰੀ ਹਫ਼ਤੇ ਰਿਟਾਇਰ ਹੋਣ ਵਾਲੇ ਹਨ। ਰਜ਼ਾ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੀ ਸਾਂਝੀ ਕਮੇਟੀ ਦੇ ਮੁਖੀ ਹਨ। ਉਨ੍ਹਾਂ ਦੀ ਰਿਟਾਇਰਮੈਂਟ ਪਹਿਲਾਂ ਹੈ, ਬਾਜਵਾ ਦੀ 29 ਨਵੰਬਰ ਨੂੰ। ਬਾਜਵਾ ਨੂੰ ਇਕ ਫ਼ਾਇਦਾ ਹੈ। ਇਮਰਾਨ ਸਰਕਾਰ ਵੱਲੋਂ 2019 ਵਿਚ ਪਾਸ ਕਰਵਾਈ ਸੰਵਿਧਾਨਕ ਤਰਮੀਮ ਅਨੁਸਾਰ ਥਲ ਸੈਨਾ ਮੁਖੀ 64 ਵਰ੍ਹਿਆਂ ਦੀ ਉਮਰ ਤਕ ਆਪਣੇ ਅਹੁਦੇ ’ਤੇ ਰਹਿ ਸਕਦਾ ਹੈ। ਬਾਜਵਾ 61 ਵਰ੍ਹਿਆਂ ਦੇ ਹਨ। ਉਹ ਚਾਹੁਣ ਤਾਂ ਸੌਦੇਬਾਜ਼ੀ ਕਰ ਕੇ ਆਪਣੇ ਅਹੁਦੇ ’ਤੇ ਟਿਕੇ ਰਹਿ ਸਕਦੇ ਹਨ। ਇਹ ਵੱਖਰੀ ਗੱਲ ਹੈ ਕਿ ਉਹ ਸੇਵਾਮੁਕਤੀ ਦੀ ਇੱਛਾ ਵਾਰ ਵਾਰ ਜ਼ਾਹਿਰ ਕਰ ਚੁੱਕੇ ਹਨ। ਇਸ ਦੇ ਬਾਵਜੂਦ ਜਿਸ ਕਿਸਮ ਦੇ ਰਾਜਸੀ ਹਾਲਾਤ ਪਾਕਿਸਤਾਨ ਵਿਚ ਬਣੇ ਹੋਏ ਹਨ, ਉਨ੍ਹਾਂ ਦੇ ਮੱਦੇਨਜ਼ਰ ਬਾਜਵਾ ਆਪਣਾ ਰੁਖ਼ ਬਦਲ ਵੀ ਸਕਦੇ ਹਨ। ਇਸੇ ਸੰਭਾਵਨਾ ਦੇ ਮੱਦੇਨਜ਼ਰ ਕੁਝ ਲੈਫਟੀਨੈਂਟ ਜਨਰਲਾਂ, ਖ਼ਾਸ ਤੌਰ ’ਤੇ ਚੰਦ ਕੋਰ ਕਮਾਂਡਰਾਂ (ਜਿਨ੍ਹਾਂ ਦਾ ਭਵਿੱਖ ਦਾਅ ’ਤੇ ਹੈ) ਨੇ ਆਪਣੀ ਬੇਚੈਨੀ ਅਸਿੱਧੇ ਢੰਗ ਨਾਲ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ ਹੈ। ਵੱਧ ਹਿਲਜੁਲ ਲੈਫਟੀਨੈਂਟ ਜਨਰਲ ਆਸਿਮ ਮੁਨੀਰ ਵਲੋਂ ਦਿਖਾਈ ਜਾ ਰਹੀ ਹੈ। ਉਹ ਸਭ ਤੋਂ ਸੀਨੀਅਰ ਤਿੰਨ ਸਿਤਾਰਾ ਜਨਰਲ ਹਨ ਪਰ ਉਨ੍ਹਾਂ ਦੀ ਰਿਟਾਇਰਮੈਂਟ ਦੀ ਤਾਰੀਖ਼ 27 ਨਵੰਬਰ ਹੈ। ਉਸ ਤੋਂ ਪਹਿਲਾਂ ਥਲ ਸੈਨਾ ਮੁਖੀ ਨਿਯੁਕਤ ਹੋਣ ਦੀ ਸੂਰਤ ਵਿਚ ਉਨ੍ਹਾਂ ਦਾ ਸੇਵਾਕਾਲ ਤਿੰਨ ਵਰ੍ਹਿਆਂ ਲਈ ਵਧ ਸਕਦਾ ਹੈ। ਉਹ ਖ਼ੁਦ ਨੂੰ ਇਸ ਅਹੁਦੇ ਦਾ ਹੱਕਦਾਰ ਵੀ ਸਮਝਦੇ ਹਨ ਪਰ ਮਸਲਾ ਇਹ ਹੈ ਕਿ ਕੀ ਬਾਜਵਾ ਅਗਲੇ ਚੰਦ ਦਿਨਾਂ ਦੌਰਾਨ ਸ਼ਹਿਬਾਜ਼ ਸ਼ਰੀਫ਼ ਨਾਲ ਹੋਣ ਵਾਲੀ ਮੀਟਿੰਗ ਦੌਰਾਨ ਜਨਰਲ ਮੁਨੀਰ ਦੀ ਸਿਫ਼ਾਰਸ਼ ਕਰਨਗੇ? ਪਾਕਿਸਤਾਨ ਵਿਚ ਰਵਾਇਤ ਰਹੀ ਹੈ ਕਿ ਸੇਵਾਮੁਕਤ ਹੋਣ ਵਾਲਾ ਥਲ ਸੈਨਾ ਮੁਖੀ ਅਹੁਦਾ ਤਿਆਗਣ ਤੋਂ ਚੰਦ ਹਫ਼ਤੇ ਪਹਿਲਾਂ ਆਪਣੇ ਜਾਨਸ਼ੀਨ ਦਾ ਨਾਮ ਵਜ਼ੀਰੇ-ਆਜ਼ਮ ਕੋਲ ਤਜਵੀਜ਼ ਕਰ ਜਾਂਦਾ ਹੈ। ਇਹ ਨਾਮ ਚਾਰ ਤੋਂ ਪੰਜ ਲੈਫਟੀਨੈਂਟ ਜਨਰਲਾਂ ਦੀ ਸੂਚੀ ਵਿਚ ਸਿਖ਼ਰ ’ਤੇ ਹੁੰਦਾ ਹੈ। ਵਜ਼ੀਰੇ-ਆਜ਼ਮ ਲਈ ਇਹ ਜ਼ਰੂਰੀ ਨਹੀਂ ਕਿ ਉਹ ਸਿਖ਼ਰਲੇ ਨਾਮ ਨੂੰ ਹੀ ਮਨਜ਼ੂਰੀ ਦੇਵੇ। ਉਹ ਸੂਚੀ ਤੋਂ ਬਾਹਰਲੇ ਕਿਸੇ ਤਿੰਨ ਸਿਤਾਰਾ ਜਨਰਲ ਨੂੰ ਵੀ ਸੈਨਾਪਤੀ ਨਿਯੁਕਤ ਕਰ ਸਕਦਾ ਹੈ ਪਰ ਬਹੁਤੀ ਵਾਰ ਅਹੁਦਾ ਤਿਆਗ ਰਹੇ ਸੈਨਾਪਤੀ ਦੀ ਰਾਇ ਨੂੰ ਵਜ਼ਨ ਦਿੱਤਾ ਜਾਂਦਾ ਹੈ; ਜਾਂ ਇਹ ਵੀ ਕਿਹਾ ਜਾ ਸਕਦਾ ਕਿ ਸੂਚੀ ਅਮੂਮਨ ਪਹਿਲਾਂ ਹੋਈ ਸੌਦੇਬਾਜ਼ੀ ਮੁਤਾਬਿਕ ਹੀ ਤਿਆਰ ਕੀਤੀ ਜਾਂਦੀ ਹੈ।

ਬਹਰਹਾਲ, ਜੋ ਹਾਲਾਤ ਇਸ ਵੇਲੇ ਬਣੇ ਹੋਏ ਹਨ, ਉਹ ਇਮਰਾਨ ਲਈ ਰਾਜਸੀ ਤੌਰ ’ਤੇ ਬਹੁਤ ਢੁਕਵੇਂ ਹਨ। ਇਹ ਤਕਦੀਰ ਦਾ ਪੁੱਠਾ ਗੇੜ ਹੈ ਕਿ ਜਿਸ ਇਮਰਾਨ ਦੀਆਂ ਨੀਤੀਆਂ ਤੇ ਗ਼ਰੂਰ ਨੇ ਪਾਕਿਸਤਾਨ ਨੂੰ ਗੰਭੀਰ ਆਰਥਿਕ ਸੰਕਟ ਵਿਚ ਫਸਾਇਆ; ਸਾਊਦੀ ਅਰਬ, ਯੂਏਈ, ਕੁਵੈਤ ਤੇ ਇਥੋਂ ਤਕ ਕਿ ਇੰਡੋਨੇਸ਼ੀਆ ਵਰਗੇ ਇਸਲਾਮੀ ਮੁਲਕਾਂ ਨੂੰ ਪਾਕਿਸਤਾਨ ਤੋਂ ਦੂਰ ਕੀਤਾ; ਅਮਰੀਕਾ, ਖਾਸ ਤੌਰ ’ਤੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਬੇਵਜ੍ਹਾ ਨਾਰਾਜ਼ ਕੀਤਾ; ਤੇ ਅਫ਼ਗ਼ਾਨ ਤਾਲਿਬਾਨ ਦੀਆਂ ਸਫ਼ਾਂ ਵਿਚ ਵੀ ਪਾਕਿਸਤਾਨੀ ਨੀਤੀਆਂ ਪ੍ਰਤੀ ਨਾਖ਼ੁਸ਼ੀ ਪੈਦਾ ਕੀਤੀ, ਉਹੀ ਇਮਰਾਨ ਪਾਕਿਸਤਾਨੀ ਫੌਜ ਦੀ ਚੌਧਰ ਨੂੰ ਵੀ ਸਖ਼ਤ ਚੁਣੌਤੀ ਦੇ ਰਿਹਾ ਹੈ ਅਤੇ ਹੁਕਮਰਾਨ ਧਿਰਾਂ ਨੂੰ ਵੀ। ਪਾਕਿਸਤਾਨੀ ਫ਼ੌਜ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਮੁਲਕ ਵਿਚ ਗੰਭੀਰ ਰਾਜਸੀ ਜਾਂ ਸੰਵਿਧਾਨਕ ਸੰਕਟ ਪੈਦਾ ਹੋ ਜਾਂਦਾ ਹੈ ਤਾਂ ਆਪਣੀ ਸਾਖ਼ ਸਲਾਮਤ ਰੱਖਣ ਲਈ ਉਹ ‘ਕੱਕੜ ਫਾਰਮੂਲੇ’ ਉੱਤੇ ਉਤਰ ਆਉਂਦੀ ਹੈ। ਇਹ ਫਾਰਮੂਲਾ 1993 ਵਿਚ ਤਤਕਾਲੀ ਥਲ ਸੈਨਾ ਮੁਖੀ ਜਨਰਲ ਅਬਦੁਲ ਵਹੀਦ ਕੱਕੜ ਨੇ ਅਜ਼ਮਾਇਆ ਸੀ। ਉਦੋਂ ਉਨ੍ਹਾਂ ਨੇ ਰਾਸ਼ਟਰਪਤੀ ਗ਼ੁਲਾਮ ਇਸਹਾਕ ਖ਼ਾਨ ਤੇ ਵਜ਼ੀਰੇ-ਆਜ਼ਮ ਨਵਾਜ਼ ਸ਼ਰੀਫ਼ ਦਰਮਿਆਨ ਸੰਵਿਧਾਨਕ ਟਕਰਾਅ ਦਾ ਖ਼ਾਤਮਾ ਕਰਵਾਉਣ ਲਈ ਦੋਵਾਂ ਨੂੰ ਅਹੁਦੇ ਤਿਆਗਣ ਅਤੇ ਨਵੀਆਂ ਚੋਣਾਂ ਦਾ ਰਾਹ ਪੱਧਰਾ ਕਰਨ ਵਾਸਤੇ ਰਾਜ਼ੀ ਕਰ ਲਿਆ ਸੀ। ਇਮਰਾਨ ਵਾਲੇ ਮਾਮਲੇ ਵਿਚ ਫ਼ੌਜ ਜਿਸ ਤਰ੍ਹਾਂ ਲਗਾਤਾਰ ਅਕਸੀ ਗੋਤੇ ਖਾਂ ਰਹੀ ਹੈ, ਉਸ ਦੇ ਮੱਦੇਨਜ਼ਰ ਉਸ ਵੱਲੋਂ ‘ਕੱਕੜ ਫਾਰਮੂਲੇ’ ਦਾ ਸਹਾਰਾ ਲਏ ਜਾਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਇਹ ਵੱਖਰੀ ਗੱਲ ਹੈ ਕਿ ਉਸ ਸੂਰਤ ਵਿਚ ਵੀ ਫ਼ਾਇਦਾ ਇਮਰਾਨ ਨੂੰ ਹੀ ਹੋਵੇਗਾ।
ਸੰਪਰਕ: 98555-01488

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁੱਖ ਖ਼ਬਰਾਂ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

12 ਪੱਤਰਕਾਰਾਂ ਨੂੰ ਵੀ ਦਿੱਤੀ ਚਿਤਾਵਨੀ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਸੀਆਰਪੀਐਫ, ਐਸਐਸਬੀ ਤੇ ਆਈਟੀਬੀਪੀ ਦੀਆਂ 10 ਪੈਰਾਮਿਲਟਰੀ ਕੰਪਨੀਆਂ ਬਿਹਾ...

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਵਿਦੇਸ਼ੀ ਭਾਸ਼ਾ ’ਚ ਸਰਕਾਰੀ ਕੰਮ ਕਰਨ ’ਤੇ ਲੱਗ ਸਕਦਾ ਹੈ 89 ਲੱਖ ਦਾ ਜੁ...

ਸ਼ਹਿਰ

View All