ਬਾਬਲ ਦੀ ਤਾਕੀਦ : The Tribune India

ਬਾਬਲ ਦੀ ਤਾਕੀਦ

ਬਾਬਲ ਦੀ ਤਾਕੀਦ

ਜਗਦੀਸ਼ ਕੌਰ ਮਾਨ

ਜਗਦੀਸ਼ ਕੌਰ ਮਾਨ

ਸੀਂ ਆਪਣੇ ਮਾਂ ਬਾਪ ਦੇ ਘਰ ਪੰਜ ਭੈਣਾਂ ਨੇ ਜਨਮ ਲਿਆ ਪਰ ਧੁਰ ਪ੍ਰਵਾਨ ਮੈਂ ਇਕੱਲੀ ਹੀ ਚੜ੍ਹ ਸਕੀ। ਮੇਰੀਆਂ ਬਾਕੀ ਚਾਰ ਭੈਣਾਂ ਨਿੱਕੀ ਉਮਰੇ ਹੀ ਚੱਲ ਵਸੀਆਂ ਸਨ। ਸੋ, ਬੜੇ ਹੀ ਲਾਡ ਨਾਲ ਪਾਲੀ ਇਕਲੌਤੀ ਧੀ ਦੇ ਜਦੋਂ ਵਿਆਹ ਦੇ ਦਿਨ ਧਰੇ ਹੋਣ, ਉਦੋਂ ਮਾਪਿਆਂ ਦਾ ਉਦਾਸ ਹੋਣਾ ਕੁਦਰਤੀ ਹੁੰਦਾ ਹੈ। ਜਦੋਂ ਧੀ ਦੀ ਡੋਲੀ ਘਰੋਂ ਤੁਰਦੀ ਹੈ ਤਾਂ ਬਾਪ ਦੇ ਘਰ ਦੇ ਚਾਰੇ ਖੂੰਜੇ ਹਿਲਦੇ ਮਾਲੂਮ ਹੁੰਦੇ ਹਨ। ਮੈਨੂੰ ਤੁਰੀ ਫਿਰਦੀ ਨੂੰ ਦੇਖ ਕੇ ਮਾਂ ਬਾਪ ਨੂੰ ਹੌਲ ਪੈਂਦੇ ਕਿ ਕੁਝ ਕੁ ਦਿਨਾਂ ਤੱਕ ਕੁੜੀ ਅੰਮੜੀ ਦੇ ਰਾਂਗਲੇ ਵਿਹੜੇ ਵਿਚੋਂ ਵਿਦਾਅ ਹੋ ਜਾਵੇਗੀ। ਤ੍ਰਿੰਝਣ ਦੀਆਂ ਕੁੜੀਆਂ ਤੇ ਚਿੜੀਆਂ ਦੇ ਚੰਬੇ ਦਾ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਉਡਾਰ ਹੋ ਕੇ ਲੰਮੀ ਉਡਾਰੀ ਮਾਰ ਜਾਂਦੀਆਂ ਹਨ।

ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਸਨ। ਪਰਿਵਾਰ ਦਾ ਹਰ ਜੀਅ ਆਪੋ-ਆਪਣੀਆਂ ਜਿ਼ੰਮੇਵਾਰੀਆਂ ਨਿਭਾਉਂਦਾ ਹੋਇਆ ਕਾਹਲੀ ਵਿਚ ਨਜ਼ਰ ਆ ਰਿਹਾ ਸੀ। ਖਰੀਦੋ-ਫਰੋਖਤ ਸੀ ਕਿ ਮੁੱਕਣ ਦਾ ਨਾਂ ਨਹੀਂ ਸੀ ਲੈ ਰਹੀ। ਜੇ ਦਸ ਚੀਜ਼ਾਂ ਲੈ ਆਉਂਦੇ ਤਾਂ ਘਰ ਆ ਕੇ ਵੀਹ ਚੀਜ਼ਾਂ ਹੋਰ ਯਾਦ ਆ ਜਾਂਦੀਆਂ। ਉਹ ਪੁਰਾਣੀ ਕਹਾਵਤ ਮੁੜ ਮੁੜ ਯਾਦ ਆ ਰਹੀ ਸੀ ਕਿ ਵਿਆਹ ਤਾਂ ਗੁੱਡੇ ਗੁੱਡੀ ਦਾ ਮਾਣ ਨਹੀਂ ਹੁੰਦਾ, ਇਥੇ ਤਾਂ ਫਿਰ ਵੀ ਬਾਪ ਨੇ ਆਪਣੇ ਕਲੇਜੇ ਦਾ ਟੁਕੜਾ ਕੱਢ ਕੇ ਕਿਸੇ ਦੀ ਝੋਲੀ ਪਾਉਣਾ ਸੀ, ਫਿਰ ਘਰ ਦੇ ਚਾਰੇ ਖੂੰਜੇ ਤਾਂ ਹਿਲਣੇ ਹੀ ਸਨ।

ਮੈਂ ਵੀ ਕਾਫੀ ਉਦਾਸ ਤੇ ਫਿ਼ਕਰਮੰਦ ਸਾਂ ਕਿ ਅਗਾਂਹ ਵਾਲਾ ਪਰਿਵਾਰ ਪਤਾ ਨਹੀਂ ਕਿਹੋ ਜਿਹਾ ਹੋਵੇਗਾ? ਕਿਤੇ ਮੈਨੂੰ ਉਨ੍ਹਾਂ ਵਿਚ ਰਚਣ ਮਿਚਣ ਸਮੇਂ ਔਖ ਤਾਂ ਨਹੀਂ ਆਵੇਗੀ? ਉਨ੍ਹਾਂ ਦੇ ਘਰ ਦਾ ਮਾਹੌਲ ਤੇ ਰੀਤੀ ਰਿਵਾਜ਼ ਕਿਹੋ ਜਿਹੇ ਹੋਣਗੇ? ਹੋਣ ਵਾਲੇ ਜੀਵਨ ਸਾਥੀ ਦਾ ਸੁਭਾਅ ਕਿਹੋ ਜਿਹਾ ਹੋਵੇਗਾ? ਮੁੰਡਿਆਂ ਵਿਚ ਰਹਿ ਕੇ ਮੁੰਡਿਆਂ ਵਾਂਗ ਪਲੀ ਹੋਈ

ਅਵੈੜੇ ਸੁਭਾਅ ਦੀ ਕੁੜੀ ਉਨ੍ਹਾਂ ਦੀ ਮਾਨਸਿਕਤਾ ਦੇ ਮੇਚ ਆ ਵੀ ਜਾਵੇਗੀ ਕਿ ਨਹੀਂ? ਕਿਤੇ ਪੇਕੇ ਘਰ ਮੇਰੇ ਉਲਾਂਭੇ ਤਾਂ ਨਹੀਂ ਆਉਣਗੇ? ਇਹੋ ਜਿਹੇ ਵੇਲੇ ਸੌ ਤੌਖਲੇ ਹੁੰਦੇ ਹਨ ਕੁੜੀਆਂ ਦੇ ਮਨਾਂ ਵਿਚ। ਵਿਆਹ ਦੇ ਦਿਨ ਜਿਉਂ ਜਿਉਂ ਨੇੜੇ ਆ ਰਹੇ ਸਨ, ਸਮਦਿਸ਼ਾਵੀ ਚੁੰਬਕੀ ਸਿਲਾਈਆਂ ਵਾਂਗ ਫਿ਼ਕਰ, ਮਨ ਵਿਚ ਸਾਂਭ ਕੇ ਰੱਖੇ ਹੋਏ ਚਾਵਾਂ ਨੂੰ ਪਰ੍ਹੇ ਧੱਕਦੇ ਪ੍ਰਤੀਤ ਹੋ ਰਹੇ ਸਨ।

ਇਕ ਦਿਨ ਪਿਤਾ ਜੀ ਨੇ ਜੀਅ ਕਰੜਾ ਕਰ ਕੇ ਮੈਨੂੰ ਆਪਣੇ ਕੋਲ ਬਿਠਾਇਆ ਤੇ ਬੋਲੇ, “ਬਹਿ ਜਾ ਪੁੱਤ! ਤੈਨੂੰ ਕੁਝ ਜ਼ਰੂਰੀ ਗੱਲਾਂ ਸਮਝਾਉਣੀਆਂ ਹਨ।”

“ਹਾਂ ਜੀ! ਪਿਤਾ ਜੀ! ਦੱਸੋ।” ਉਨ੍ਹਾਂ ਨਾਲ ਨਜ਼ਰ ਮਿਲਦਿਆਂ ਹੀ ਮੇਰਾ ਰੋਣਾ ਨਿਕਲ ਗਿਆ। ਔਰਤਾਂ ਦੇ ਮੁਕਾਬਲੇ ਮਰਦ ਭਾਵੇਂ ਘੱਟ ਭਾਵੁਕ ਹੁੰਦੇ ਹਨ ਪਰ ਉਹ ਸਮਾਂ ਹੀ ਇਹੋ ਜਿਹਾ ਸੀ ਕਿ ਪਿਉ ਦਾ ਮਨ ਵੀ ਮਾਂ ਦੇ ਮਮਤਾਮਈ ਦਿਲ ਵਾਂਗ ਛਲਕਣ ਲਈ ਕਾਹਲਾ ਪੈ ਰਿਹਾ ਸੀ। ਪਤਾ ਨਹੀਂ, ਉਨ੍ਹਾਂ ਨੇ ਆਪਣੇ ਉਛਲ ਉਛਲ ਪੈਂਦੇ ਵਹਿਣ ਨੂੰ ਕਿਵੇਂ ਕਾਬੂ ਕੀਤਾ ਤੇ ਫਿਰ ਬੋਲੇ, “ਪੁੱਤਰ! ਧੀਆਂ ਤਾਂ ਮਾਪਿਆਂ ਨੂੰ ਪੁੱਤਾਂ ਤੋਂ ਵੀ ਵੱਧ ਪਿਆਰੀਆਂ ਹੁੰਦੀਆਂ ਨੇ ਪਰ ਕੀ ਕਰੀਏ! ਸਮਾਜ ਦੇ ਦਸਤੂਰ ਮੁਤਾਬਿਕ ਬਿਗਾਨੀ ਅਮਾਨਤ ਆਪਣੇ ਹੱਥੀਂ ਸੱਦਾਏ ਸੱਜਣਾਂ ਨੂੰ ਸੌਂਪਣੀ ਹੀ ਪੈਂਦੀ ਹੈ, ਗੁੱਸਾ ਨਾ ਕਰੀਂ ਬੱਚੀਏ! ਪਿਤਾ ਹੋਣ ਦੇ ਨਾਤੇ ਇਕ ਨਸੀਹਤ ਦੇ ਰਿਹਾ ਹਾਂ, ਜਦੋਂ ਸਹੁਰੇ ਘਰ ਵਸਣ ਰਸਣ ਲੱਗ ਪਈ, ਜਦੋਂ ਵੀ ਪੇਕੀਂ ਆਉਣਾ ਹੋਵੇ, ਪਤੀ ਦੇ ਨਾਲ ਹੀ ਆਉਣਾ ਹੈ ਤਾਂ ਕਿ ਮੈਨੂੰ ਯਕੀਨ ਹੋ ਜਾਵੇ ਕਿ ਸੱਸ ਸਹੁਰੇ ਦੀ ਇਜਾਜ਼ਤ ਨਾਲ ਖ਼ੁਸ਼ੀ ਖ਼ੁਸ਼ੀ ਮਿਲਣ ਆਏ ਹੋ, ਭਾਵੇਂ ਹਰ ਮਹੀਨੇ ਆਇਉ, ਘਰ ਦੇ ਦਰਵਾਜ਼ੇ ਹਮੇਸ਼ਾ ਤੁਹਾਡੇ ਵਾਸਤੇ ਖੁੱਲ੍ਹੇ ਹੋਣਗੇ, ਜੀ ਆਇਆਂ ਨੂੰ ਕਿਹਾ ਜਾਵੇਗਾ ਪਰ ਇਕ ਗੱਲ ਹਰ ਪਲ ਯਾਦ ਰੱਖਣੀ ਹੈ ਕਿ ਜਿਸ ਦਿਨ ਤੂੰ ਇਕੱਲੀ ਆਈ, ਅਸੀਂ ਸਮਝਾਂਗੇ ਕਿ ਤੂੰ ਨਾਰਾਜ਼ ਹੋ ਕੇ ਆਈ ਏਂ, ਉਸ ਦਿਨ ਤੈਨੂੰ ਘਰ ਦਾ ਕੋਈ ਵੀ ਜੀਅ ਉਠ ਕੇ ਦਰਵਾਜ਼ਾ ਨਹੀਂ ਖੋਲ੍ਹੇਗਾ, ਸਮਝ ਗਈ ਏਂ ਨਾ?” ਇੰਨੀ ਗੱਲ ਕਰ ਕੇ ਪਿਤਾ ਜੀ ਚੁੱਪ ਹੋ ਗਏ ਤੇ ਮੇਰੇ ਚਿਹਰੇ ’ਤੇ ਆਏ ਹਾਵ-ਭਾਵ ਨਿਹਾਰਨ ਲੱਗ ਪਏ।

ਹਾਏ! ਕਿੱਡੀ ਵੱਡੀ ਗੱਲ ਕਹਿ ਦਿੱਤੀ ਪਿਤਾ ਜੀ ਨੇ! ਘਰਾਂ ਵਿਚ ਤਾਂ ਸੌ ਵਾਰੀ ਗੁੱਸੇ ਗਿਲੇ ਹੋ ਜਾਂਦੇ ਨੇ, ਜੇ ਪੇਕੇ ਹੀ ਇਹੋ ਜਿਹੀਆਂ ਸਖਤ ਸ਼ਰਤਾਂ ਰੱਖ ਦੇਣ ਤਾਂ ਫਿਰ ਬੰਦਾ ਜਾਊ ਕਿੱਥੇ! ਅਸਹਿਮਤ ਹੋਇਆ ਮੇਰਾ ਮਨ ਇਉਂ ਸੋਚਦਿਆਂ ਅੰਦਰੋ-ਅੰਦਰੀ ਨਿਉਲੀਆਂ ਜਿਹੀਆਂ ਵੱਟੀ ਜਾ ਰਿਹਾ ਸੀ। ਇਸੇ ਰੰਜਿਸ਼ ਕਾਰਨ ਮੈਂ ਕਈ ਦਿਨ ਪਿਤਾ ਜੀ ਨੂੰ ਬੁਲਾਇਆ ਨਹੀਂ ਸੀ।

ਵਿਆਹ ਤੋਂ ਬਾਅਦ ਜਦੋਂ ਜਿ਼ੰਦਗੀ ਦੀਆਂ ਦੁਸ਼ਵਾਰੀਆਂ ਨਾਲ ਦੋ ਚਾਰ ਹੋਣਾ ਪਿਆ, ਉਦੋਂ ਚਾਨਣ ਹੋਇਆ ਕਿ ਪਿਤਾ ਜੀ ਨੇ ਉਹ ਨਸੀਹਤ ਕਿਉਂ ਦਿੱਤੀ ਸੀ। ਵਿਆਹੁਤਾ ਜਿ਼ੰਦਗੀ ਵਿਚ ਆਉਂਦੀਆਂ ਸਮੱਸਿਆਵਾਂ ਦੇ ਹੱਲ ਲਈ ਸਹਿਣਸ਼ੀਲਤਾ ਸੁਚੱਜੀ ਅਤੇ ਕਾਰਗਰ ਢਾਲ ਹੈ ਜਿਸ ਨੂੰ ਵਰਤ ਕੇ ਹਰ ਵੱਡਾ ਛੋਟਾ ਮਸਲਾ ਸਹਿਜੇ ਹੀ ਬੜੀ ਆਸਾਨੀ ਨਾਲ ਨਜਿੱਠਿਆ ਜਾ ਸਕਦਾ ਹੈ ਪਰ ਇਹ ਸਵਾਲ ਅੱਜ ਵੀ ਜਿਉਂ ਦਾ ਤਿਉਂ ਖੜ੍ਹਾ ਹੈ ਕਿ ਅਜਿਹੀਆਂ ਨਸੀਹਤਾਂ ਸਿਰਫ ਕੁੜੀਆਂ ਲਈ ਹੀ ਕਿਉਂ ਹਨ? ਅਕਸਰ ਸੁਣੀਦਾ ਹੈ ਕਿ ਨਵੀਆਂ ਵਿਆਹੀਆਂ ਮੁਟਿਆਰਾਂ ਨਿਮਰਤਾ, ਸੁਹਿਰਦਤਾ, ਖਿਮਾ, ਸਹਿਣਸ਼ੀਲਤਾ ਤੇ ਮਿੱਠੀ ਬੋਲੀ ਨਾਲ ਪੱਕਾ ਸਹੇਲਪੁਣਾ ਪਾ ਲੈਣ ਤਾਂ ਤਲਾਕ ਦੇ ਮੁਕੱਦਮੇ ਅਦਾਲਤਾਂ ਵਿਚ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਜਾਣਗੇ ਪਰ ਆਪਣੇ ਅੰਦਰੋਂ ਉੱਠਦੇ ਸਵਾਲ ਦਾ ਕੀ ਕਰੀਏ?

ਸੰਪਰਕ: 78146-98117

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All