DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੇਸਿੱਟਾ ਵਾਰਤਾ: ਇਰਾਨ ਦੀ ਨਾਕਾਬੰਦੀ

ਗੋਲੀਬੰਦੀ ਤੋਂ ਬਾਅਦ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਇਰਾਨ ਦਰਮਿਆਨ ਪਹਿਲੀ ਸਿੱਧੀ ਸਮਝੌਤਾ ਵਾਰਤਾ ਦਸ ਅਪਰੈਲ ਨੂੰ 21 ਘੰਟੇ ਚੱਲੀ, ਜੋ ਬੇਸਿੱਟਾ ਰਹੀ। ਅਮਰੀਕਾ ਵੱਲੋਂ ਉਪ-ਰਾਸ਼ਟਰਪਤੀ ਜੇ.ਡੀ. ਵੈਂਸ, ਡੋਨਲਡ ਟਰੰਪ ਦਾ ਜਵਾਈ ਜੇਰਾਰਡ ਕੁਸ਼ਨਰ ਅਤੇ ਟਰੰਪ ਦੇ ਵਿਸ਼ੇਸ਼ ਦੂਤ ਵਿਟਕੌਫ ਨੇ...

  • fb
  • twitter
  • whatsapp
  • whatsapp
Advertisement
ਗੋਲੀਬੰਦੀ ਤੋਂ ਬਾਅਦ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਇਰਾਨ ਦਰਮਿਆਨ ਪਹਿਲੀ ਸਿੱਧੀ ਸਮਝੌਤਾ ਵਾਰਤਾ ਦਸ ਅਪਰੈਲ ਨੂੰ 21 ਘੰਟੇ ਚੱਲੀ, ਜੋ ਬੇਸਿੱਟਾ ਰਹੀ। ਅਮਰੀਕਾ ਵੱਲੋਂ ਉਪ-ਰਾਸ਼ਟਰਪਤੀ ਜੇ.ਡੀ. ਵੈਂਸ, ਡੋਨਲਡ ਟਰੰਪ ਦਾ ਜਵਾਈ ਜੇਰਾਰਡ ਕੁਸ਼ਨਰ ਅਤੇ ਟਰੰਪ ਦੇ ਵਿਸ਼ੇਸ਼ ਦੂਤ ਵਿਟਕੌਫ ਨੇ ਅਗਵਾਈ ਕੀਤੀ। ਦੂਜੇ ਪਾਸੇ ਇਰਾਨ ਵੱਲੋਂ ਵਿਦੇਸ਼ ਮੰਤਰੀ ਅਰਾਗ਼ਚੀ, ਸੰਸਦ ਦੇ ਸਪੀਕਰ ਕਾਲੀਬਾਫ਼ ਸਮੇਤ 60 ਮੈਂਬਰੀ ਡੈਲੀਗੇਸ਼ਨ ਸੀ। ਅਮਰੀਕੀ ਡੈਲੀਗੇਸ਼ਨ ਪਲ ਪਲ ਦੀ ਜਾਣਕਾਰੀ ਟਰੰਪ ਨਾਲ ਸਾਂਝੀ ਕਰ ਰਿਹਾ ਸੀ ਜਦੋਂਕਿ ਇਰਾਨੀ ਡੈਲੀਗੇਸ਼ਨ ਨੂੰ ਸਮਝੌਤਾ ਕਰਨ ਜਾਂ ਨਾ ਕਰਨ ਦੇ ਪੂਰੇ ਅਧਿਕਾਰ ਦੇ ਕੇ ਭੇਜਿਆ ਗਿਆ ਤਾਂ ਕਿ ਵਾਰ ਵਾਰ ਫੋਨ ਕਰਨ ’ਤੇ ਲੋਕੇਸ਼ਨ ਲੱਭ ਕੇ ਅਮਰੀਕਾ ਇਜ਼ਰਾਈਲ ਮੁਜਤਬਾ ਖਮੇਨੇਈ ਉੱਤੇ ਹਮਲਾ ਨਾ ਕਰ ਦੇਣ। ਇਰਾਨ ਦਾ ਸਪੀਕਰ ਆਪਣੇ ਹਵਾਈ ਜਹਾਜ਼ ਦੀਆਂ 168 ਸੀਟਾਂ ਉੱਤੇ ਉਨ੍ਹਾਂ ਬੱਚੀਆਂ ਦੀਆਂ ਤਸਵੀਰਾਂ ਅਤੇ ਖ਼ੂਨ ਨਾਲ ਲਥਪਥ ਸਕੂਲ ਬੈਗ ਰੱਖ ਕੇ ਲਿਆਇਆ, ਜਿਨ੍ਹਾਂ ਨੂੰ ਹਮਲੇ ਦੇ ਪਹਿਲੇ ਦਿਨ ਹੀ ਮਾਰ ਦਿੱਤਾ ਗਿਆ ਸੀ। ਇਰਾਨੀ ਡੈਲੀਗੇਸ਼ਨ ਨੇ ਆਪਣਾ ਨਾਮ ਉਨ੍ਹਾਂ ਬੱਚੀਆਂ ਦੇ ਸਕੂਲ ‘ਮੀਨਾਬ’ ਦੇ ਨਾਮ ਉੱਤੇ ‘ਮੀਨਾਬ 168’ ਰੱਖਿਆ।

ਗੱਲਬਾਤ ਇਰਾਨ ਵੱਲੋਂ ਰੱਖੀਆਂ ਦਸ ਸ਼ਰਤਾਂ ਉੱਤੇ ਹੋ ਰਹੀ ਸੀ। ਬਹੁਤੇ ਮੁੱਦਿਆਂ ਉੱਤੇ ਸਹਿਮਤੀ ਦੀਆਂ ਕਨਸੋਆਂ ਸਨ, ਪਰ ਆਖ਼ਰ ਗੱਲਬਾਤ ਅਸਫ਼ਲ ਰਹੀ। ਵਾਪਸੀ ਉੱਤੇ ਵੈਂਸ ਨੇ ਆਖਿਆ ਕਿ ਇਰਾਨ ਨੇ ਸਾਡੀਆਂ ਸ਼ਰਤਾਂ ਨਹੀਂ ਮੰਨੀਆਂ, ਬੁਰਾ ਹੋਇਆ, ਪਰ ਇਹ ਇਰਾਨ ਲਈ ਜ਼ਿਆਦਾ ਬੁਰਾ ਹੋਵੇਗਾ। ਇਹ ਧਮਕੀ ਸੀ। ਇਰਾਨੀ ਵਿਦੇਸ਼ ਮੰਤਰੀ ਅਰਾਗ਼ਚੀ ਨੇ ਆਖਿਆ ਕਿ ਅਮਰੀਕਾ, ਜੋ ਸਾਡੇ ਕੋਲੋਂ ਹਮਲਾ ਕਰਕੇ ਨਹੀਂ ਖੋਹ ਸਕਿਆ, ਉਹ ਗੱਲਬਾਤ ਨਾਲ ਖੋਹਣਾ ਚਾਹੁੰਦਾ ਸੀ। ਇਸ ਪਹਿਲੀ ਮੀਟਿੰਗ ਵਿੱਚ ਦੋਵਾਂ ਨੇ ਇੱਕ-ਦੂਜੇ ਨੂੰ ਟੋਹਿਆ ਹੈ। ਵਿਗੜੀ ਗੱਲਬਾਤ ਤੋਂ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਪੂਰਾ ਖ਼ੁਸ਼ ਹੈ।

Advertisement

ਜਿਨ੍ਹਾਂ ਮੁੱਦਿਆਂ ਉੱਤੇ ਗੱਲਬਾਤ ਟੁੱਟੀ, ਉਨ੍ਹਾਂ ਵਿੱਚੋਂ ਪਹਿਲਾ ਸੀ ਹੋਰਮੁਜ਼ ਸਮੁੰਦਰੀ ਲਾਂਘਾ। ਅਮਰੀਕਾ ਆਪਣੇ ਜੰਗੀ ਬੇੜਿਆਂ ਸਮੇਤ ਹੋਰ ਸਮੁੰਦਰੀ ਜਹਾਜ਼ਾਂ ਲਈ ਤੁਰੰਤ ਪੂਰੀ ਤਰ੍ਹਾਂ ਲਾਂਘਾ ਖੁਲ੍ਹਵਾਉਣਾ ਚਾਹੁੰਦਾ ਸੀ, ਪਰ ਇਰਾਨ ਆਪਣੀ ਸੁਰੱਖਿਆ ਦਾ ਹਵਾਲਾ ਦੇ ਕੇ ਉੱਥੇ ਆਪਣਾ ਮੁਕੰਮਲ ਕੰਟਰੋਲ ਚਾਹੁੰਦਾ ਹੈ ਅਤੇ ਓਮਾਨ ਨਾਲ ਮਿਲ ਕੇ ਟੌਲ ਵਸੂਲੀ ਸਮੇਤ ਆਪਣੀਆਂ ਸ਼ਰਤਾਂ ਉੱਤੇ ਲਾਂਘਾ ਖੋਲ੍ਹਣ ਨੂੰ ਆਪਣਾ ਹੱਕ ਸਮਝਦਾ ਹੈ। ਵੈਸੇ ਵੀ ਲਾਂਘਾ ਤਾਂ ਖੁੱਲ੍ਹਾ ਸੀ, ਇਰਾਨ ਨੇ ਅਮਰੀਕੀ ਹਮਲੇ ਤੋਂ ਬਾਅਦ ਬੰਦ ਕੀਤਾ। ਇਰਾਨ ਦਾ ਕਹਿਣਾ ਹੈ ਕਿ ਫਿਲਹਾਲ ਦੁਸ਼ਮਣ ਦੇਸ਼ਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਛੱਡ ਕੇ ਹੋਰ ਸਭਨਾਂ ਦੇ ਵਪਾਰ ਲਈ ਹੋਰਮੁਜ਼ ਖੁੱਲ੍ਹਾ ਹੈ, ਪਰ ਇਰਾਨ ਇਸ ਜੰਗੀ ਮਾਹੌਲ ਵਿੱਚ ਕਿਸੇ ਅਮਰੀਕੀ ਜੰਗੀ ਬੇੜੇ\B\B ਨੂੰ ਹੋਰਮੁਜ਼ (ਜੋ ਇਰਾਨੀ ਹੱਦ ਹੈ) ਦੇ ਨੇੜੇ ਆਉਣ ਦੀ ਇਜਾਜ਼ਤ ਨਹੀਂ ਦੇਵੇਗਾ।

Advertisement

ਇਰਾਨ ਪ੍ਰਮਾਣੂ ਬੰਬ ਨਾ ਬਣਾਵੇ, ਇਸ ਮੁੱਦੇ ਉੱਤੇ ਸਮਝੌਤਾ ਤਾਂ ਪਿਛਲੀ ਜੂਨ ਵਾਲੀ ਗੱਲਬਾਤ ਵਿੱਚ ਵੀ ਸੰਭਵ ਸੀ। ਇੱਕ ਤਾਂ ਇਰਾਨ ਨੇ ‘ਪ੍ਰਮਾਣੂ ਅਪਸਾਰ ਸੰਧੀ’ ਉੱਤੇ ਪਹਿਲਾਂ ਤੋਂ ਹੀ ਦਸਤਖ਼ਤ ਕੀਤੇ ਹੋਏ ਹਨ। ਦੂਜਾ, ਇਸ ਬਾਰੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਕਹਿਣ ਮੁਤਾਬਿਕ ਉਹ ਪਿਛਲੀ ਗੱਲਬਾਤ ਵਿੱਚ ਵੀ ਸਹਿਮਤ ਸੀ। ਸ਼ਾਂਤਮਈ ਮਕਸਦ ਲਈ ਪ੍ਰਮਾਣੂ ਖੋਜ ਵਿਕਾਸ ਦਾ ਤਾਂ ਹਰ ਆਜ਼ਾਦ ਮੁਲਕ ਨੂੰ ਅਧਿਕਾਰ ਹੈ। ਆਪਣੇ ਪ੍ਰਮਾਣੂ ਸੰਸਥਾਨਾਂ ਉੱਤੇ ਇੰਟਰਨੈਸ਼ਨਲ ਅਟੌਮਿਕ ਐਨਰਜੀ ਏਜੰਸੀ ਦੀ ਨਿਗਰਾਨੀ ਰੱਖਣ ਨੂੰ ਵੀ ਇਰਾਨ ਤਿਆਰ ਸੀ, ਪਰ ਅਮਰੀਕਾ ਨੇ ਇਸਲਾਮਾਬਾਦ ਵਿੱਚ ਸ਼ਰਤ ਰੱਖੀ ਕਿ ਸਾਰਾ ਸੋਧਿਆ ਪ੍ਰਮਾਣੂ ਯੂਰੇਨੀਅਮ ਇਰਾਨ ਅਮਰੀਕਾ ਨੂੰ ਸੌਂਪ ਦੇਵੇ ਅਤੇ ਪ੍ਰਮਾਣੂ ਵਿਕਾਸ ਪ੍ਰੋਗਰਾਮ ਪੂਰੀ ਤਰ੍ਹਾਂ ਬੰਦ ਕਰੇ, ਜਿਸ ਨੂੰ ਇਰਾਨ ਨੇ ਨਹੀਂ ਮੰਨਿਆ।

ਦਰਅਸਲ, ਪ੍ਰਮਾਣੂ ਬੰਬ ਦਾ ਮੁੱਦਾ ਇਰਾਨ ਉੱਤੇ ਹਮਲਾ ਕਰਨ ਦਾ ਮਹਿਜ਼ ਬਹਾਨਾ ਹੈ। ਇਰਾਕ, ਲਿਬੀਆ, ਸੀਰੀਆ, ਵੀਅਤਨਾਮ, ਅਫ਼ਗ਼ਾਨਿਸਤਾਨ ਕੋਲ ਤਾਂ ਐਟਮ ਬੰਬ ਨਹੀਂ ਸਨ, ਫਿਰ ਅਮਰੀਕਾ ਨੇ ਉਨ੍ਹਾਂ ਨੂੰ ਬਰਬਾਦ ਕਿਉਂ ਕੀਤਾ? ਕਿਊਬਾ, ਗਰੀਨਲੈਂਡ, ਕੈਨੇਡਾ, ਮੈਕਸਿਕੋ, ਕੋਲੰਬੀਆ ਕੋਲ ਕਿਹੜਾ ਐਟਮ ਬੰਬ ਹੈ, ਜਿਨ੍ਹਾਂ ਉੱਤੇ ਅਮਰੀਕਾ ਕਬਜ਼ਾ ਕਰਨ ਨੂੰ ਫਿਰਦਾ ਹੈ? ਕੀ ਫ਼ਲਸਤੀਨ ਕੋਲ ਐਟਮ ਬੰਬ ਸੀ? ਵੈਸੇ ਵੀ ਜੇ ਢਾਈ ਸੌ ਸਾਲ ਪਹਿਲਾਂ ਹੋਂਦ ’ਚ ਆਏ ਅਮਰੀਕਾ ਤੇ ਇਜ਼ਰਾਈਲ ਵਰਗੇ ਪ੍ਰਮਾਣੂ ਸੰਪੰਨ ਦੇਸ਼ ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਵਾਲੇ ਇਰਾਨ ਦੁਆਲੇ 17 ਫ਼ੌਜੀ ਅੱਡੇ ਬਣਾ ਕੇ ਘੇਰਾ ਪਾਉਣ ਤਾਂ ਅੱਗੋਂ ਬਰਾਬਰ ਦੇ ਹਥਿਆਰ ਨਾਲ ਬਚਾਅ ਕਰਨ ਤੋਂ ਸਿਵਾਏ ਉਸ ਕੋਲ ਚਾਰਾ ਵੀ ਕੀ ਹੈ? ਅਸਲ ਕਹਾਣੀ ਸਾਮਰਾਜੀ ਧੌਂਸ, ਵਿਸਥਾਰ ਅਤੇ ਦੂਜਿਆਂ ਦੀ ਦੌਲਤ ਉੱਤੇ ਕਬਜ਼ਾ ਕਰਨ ਦੀ ਹੈ।

ਗੱਲਬਾਤ ਦੌਰਾਨ ਲੈਬਨਾਨ ਉੱਤੇ ਇਜ਼ਰਾਇਲੀ ਹਮਲਾ ਬੰਦ ਕਰਨ ਨੂੰ ਅਮਰੀਕਾ ਨੇ ਇਹ ਆਖ ਕੇ ਖਾਰਜ ਕੀਤਾ ਕਿ ਗੋਲੀਬੰਦੀ ਵਿੱਚ ਲੈਬਨਾਨ ਦਾ ਜ਼ਿਕਰ ਨਹੀਂ ਹੈ। ਅਸਲ ਵਿੱਚ ਇਸ ਜੰਗ ਦੇ ਓਹਲੇ ਇਜ਼ਰਾਈਲ ਦਾ ‘ਗਰੇਟਰ ਇਜ਼ਰਾਈਲ’ ਯੋਜਨਾ ਤਹਿਤ ਲੈਬਨਾਨ ਦੇ ਲਿਤਾਨੀ ਦਰਿਆ ਤੱਕ ਕਬਜ਼ਾ ਕਰਨ ਦਾ ਮਨਸੂਬਾ ਹੈ। ਇਸੇ ਲਈ ਟਰੰਪ ਦੇ ਯਹੂਦੀ ਜਵਾਈ ਕੁਸ਼ਨਰ ਨੇ ਗੱਲਬਾਤ ਦੌਰਾਨ ਨੇਤਨਯਾਹੂ ਨਾਲ ਸਲਾਹ ਕਰਕੇ ਜ਼ਿੱਦ ਫੜੀ ਰੱਖੀ ਕਿ ਲੈਬਨਾਨ ਉੱਤੇ ਹਮਲਾ ਤਾਂ ਜਾਰੀ ਰਹੇਗਾ। ਇਹ ਵੀ ਖ਼ਬਰਾਂ ਹਨ ਕਿ ਜਿੱਦਣ ਜੰਗ ਰੁਕੀ, ਓਸੇ ਦਿਨ ਨੇਤਨਯਾਹੂ ਉੱਤੇ ਭ੍ਰਿਸ਼ਟਾਚਾਰ ਵਾਲਾ ਮੁਕੱਦਮਾ ਸ਼ੁਰੂ ਹੋ ਜਾਣਾ ਹੈ ਜਦੋਂਕਿ ਇਰਾਨ ਇਕੱਲਾ ਆਪਣੀ ਨਹੀਂ, ਖਿੱਤੇ ਵਿੱਚ ਸੰਪੂਰਨ ਜੰਗਬੰਦੀ ਤੇ ਸ਼ਾਂਤੀ ਲਈ ਅੜਿਆ ਸੀ। ਗੱਲਬਾਤ ਟੁੱਟਣ ਦੀ ਇਹ ਵੀ ਵੱਡੀ ਵਜ੍ਹਾ ਰਹੀ। ਲੈਬਨਾਨੀ ਹਿਜ਼ਬੁੱਲ੍ਹਾ ਨੂੰ ਥੱਲੇ ਲਾਉਣ ਲਈ ਅਮਰੀਕਾ-ਇਜ਼ਰਾਈਲ-ਲੈਬਨਾਨ ਸਰਕਾਰ ਦਰਮਿਆਨ ਵਾਸ਼ਿੰਗਟਨ ਵਿੱਚ ਅਲੱਗ ਵਾਰਤਾ 13 ਅਪਰੈਲ ਨੂੰ ਸ਼ੁਰੂ ਵੀ ਹੋ ਗਈ ਹੈ।

ਵਾਰਤਾ ਦੌਰਾਨ ਇਰਾਨ ਦੇ ਫਰੀਜ਼ ਕੀਤੇ ਕਈ ਲੱਖ ਕਰੋੜ ਡਾਲਰਾਂ ਦੇ ਅਸਾਸੇ ਮੋੜਨ ਨੂੰ ਅਮਰੀਕਾ ਨੇ ਪੂਰਨ ਸਮਝੌਤਾ ਹੋ ਜਾਣ ਨਾਲ ਜੋੜਿਆ। ਇਰਾਨ ਨੇ ਨਿਹੱਥਾ ਹੋਣ (ਲੰਮੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਾ ਬਣਾਉਣ) ਵਰਗੀ ਕੋਈ ਗ਼ੈਰ-ਕਾਨੂੰਨੀ ਸ਼ਰਤ ਨਹੀਂ ਸੀ ਮੰਨਣੀ।

ਇਸਲਾਮਾਬਾਦ ਤੋਂ ਵਾਪਸ ਪਹੁੰਚ ਕੇ ਇਰਾਨ ਨੇ ਆਖਿਆ ਹੈ ਕਿ ਸਮਝੌਤਾ ਹੋਣ ਹੀ ਵਾਲਾ ਸੀ, ਅਮਰੀਕਾ ਨੇ ਜਾਣਬੁੱਝ ਕੇ ਨਵੀਆਂ ਸ਼ਰਤਾਂ ਲਾ ਕੇ ਸਾਬੋਤਾਜ ਕੀਤਾ। ਅਮਰੀਕੀ ਧਿਰ ਉੱਤੇ ਇਜ਼ਰਾਈਲ ਦਾ ਦਬਾਅ ਵੀ ਸੀ, ਜੋ ਅਮਰੀਕਾ ਨੂੰ ਹਰ ਹਾਲਤ ਵਿੱਚ ਇਰਾਨ ਨਾਲ ਲੜਾਈ ਰੱਖਣਾ ਚਾਹੁੰਦਾ ਹੈ।

ਇੰਜ ਟਰੰਪ ਨੇ 13 ਅਪਰੈਲ ਸ਼ਾਮ ਤੋਂ ਇਰਾਨ ਦੀ ਮੁਕੰਮਲ ਸਮੁੰਦਰੀ ਨਾਕਾਬੰਦੀ ਕਰ ਦਿੱਤੀ ਅਤੇ ਕਿਹਾ ਕਿ ਇਰਾਨੀ ਬੰਦਰਗਾਹਾਂ ਤੋਂ ਜਾਂ ਟੌਲ ਦੇ ਕੇ ਆਉਣ ਜਾਣ ਵਾਲੇ ਕਿਸੇ ਜਹਾਜ਼ ਨੂੰ ਫਾਰਸ, ਓਮਾਨ ਜਾਂ ਅਰਬ ਸਾਗਰ ਤੋਂ ਨਹੀਂ ਲੰਘਣ ਦਿੱਤਾ ਜਾਵੇਗਾ। ਟਰੰਪ ਦਾ ਫਰਮਾਨ ਹੈ ਕਿ ਨਾਕਾਬੰਦੀ ਦਾ ਉਲੰਘਣ ਕਰਨ ਵਾਲੇ ਜਹਾਜ਼ ਉੱਤੇ ਅਮਰੀਕਾ ਹਮਲਾ ਕਰੇਗਾ। ਹਾਲਾਂਕਿ ਚੀਨ ਨੇ ਅਮਰੀਕੀ ਨਾਕਾਬੰਦੀ ਨੂੰ ਨਕਾਰ ਦਿੱਤਾ ਹੈ। ਇਸ ਨਾਲ ਜੰਗ ਦਾ ਦਾਇਰਾ ਵਧਣ ਦੀ ਸੰਭਾਵਨਾ ਬਣ ਗਈ ਹੈ। ਇਉਂ ਚੀਨ ਨਾਲ ਵੀ ਉਲਝਣ ਦੇ ਆਸਾਰ ਹਨ। ਰੂਸ ਨੇ ਤੀਜੀ ਆਲਮੀ ਜੰਗ ਲੱਗਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਅਮਰੀਕਾ ਦੀਆਂ ਬੇਨਤੀਆਂ ਦੇ ਬਾਵਜੂਦ ਇਜ਼ਰਾਈਲ ਤੋਂ ਸਿਵਾਏ ਕਿਸੇ ਮੁਲਕ ਨੇ ਨਾਕਾਬੰਦੀ ਦੀ ਹਮਾਇਤ ਨਹੀਂ ਕੀਤੀ।

ਇਰਾਨ ਅਤੇ ਯਮਨ ਦੇ ਹੂਤੀਆਂ ਨੇ ਇਸ ਨਾਕਾਬੰਦੀ ਵਿਰੁੱਧ ਜਵਾਬੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਹੋ ਸਕਦਾ ਹੈ ਕਿ ਇਸ ਵਧੇ ਹੋਏ ਬਖੇੜੇ ਵਿਚ ਯਮਨ ਕੋਲ ‘ਬਾਬ ਅਲ ਮੰਦੇਬ’ ਸਮੁੰਦਰੀ ਲਾਂਘਾ ਵੀ ਬੰਦ ਹੋ ਜਾਵੇ। ਦਸ ਫ਼ੀਸਦੀ ਤੇਲ ਦਾ ਇਹ ਲਾਂਘਾ ਸੁਏਜ਼ ਨਹਿਰ ਰਾਹੀਂ ਲਾਲ ਸਾਗਰ ਨੂੰ ਅਰਬ ਸਾਗਰ ਨਾਲ ਜੋੜਦਾ ਹੈ।

ਦੁਨੀਆ ਭਰ ਤੋਂ ਜੰਗ ਰੋਕਣ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ। ਇਸ ਵਿੱਚ ਪੋਪ ਦੀ ਆਵਾਜ਼ ਵੀ ਸ਼ਾਮਿਲ ਹੈ, ਜੋ ਟਰੰਪ ਦੇ ਹੰਕਾਰ ਨੂੰ ਦੋਸ਼ੀ ਠਹਿਰਾ ਰਹੇ ਹਨ।

ਨੇਤਨਯਾਹੂ ਨੇ ਤਾਂ ਇਰਾਨ, ਇਰਾਕ, ਯਮਨ, ਲੈਬਨਾਨ, ਸੀਰੀਆ ਨੂੰ ਆਪਣੇ ਦੁਸ਼ਮਣ ਦੇਸ਼ ਐਲਾਨਦਿਆਂ ਇਨ੍ਹਾਂ ਪ੍ਰਤੀ ਹੋਰ ਹਮਲਾਵਰ ਹੋਣ ਦਾ ਅਹਿਦ ਦੁਹਰਾਇਆ ਹੈ। ਟਕਰਾਅ ਸਿਖ਼ਰ ’ਤੇ ਹੈ। ਇੱਕ ਪਾਸੇ ਦੋ ਫ਼ੌਜੀ ਮਹਾਸ਼ਕਤੀਆਂ ਹਨ ਤੇ ਦੂਜੇ ਪਾਸੇ ਇਰਾਨ। ਟਰੰਪ ਇਰਾਨ ਨੂੰ ਛੇਤੀ ਢਾਹੁਣ ਲਈ ਨਾਟੋ ਦੇਸ਼ਾਂ, ਯੂਰਪੀ ਮੁਲਕਾਂ, ਗੁਆਂਢੀ ਅਰਬ ਦੇਸ਼ਾਂ, ਜਪਾਨ, ਕੋਰੀਆ, ਆਸਟਰੇਲੀਆ ਵਰਗੇ ਤੇਲ ਖਰੀਦਦਾਰਾਂ ਸਭ ਨੂੰ ਮਦਦ ਲਈ ਆਵਾਜ਼ਾਂ ਮਾਰ ਰਿਹਾ ਹੈ। ਟਰੰਪ ਨੇ ਨਾਟੋ ਦੇਸ਼ਾਂ ਨੂੰ ਨਾਲ ਘੜੀਸਣ ਵਾਲੀ ਆਸ ਹਾਲੇ ਛੱਡੀ ਨਹੀਂ।

ਇਸ ਅਸਾਵੀਂ ਜੰਗ ਵਿੱਚ ਇਰਾਨ ਇਕੱਲਾ ਹੌਸਲੇ ਨਾਲ ਡਟਿਆ ਹੋਇਆ ਹੈ। ਬਾਕੀ ਸੰਸਾਰ ਦੇ ਲੋਕ ਇਰਾਨ ਨੂੰ ਫੱਟੜ ਹੋ ਕੇ ਡਿੱਗ ਪੈਣ ਦੀ ਸੰਭਾਵਨਾ ਵਾਲੇ ਸੂਰਮੇ ਵਜੋਂ ਹਮਦਰਦੀ ਨਾਲ ਵੇਖ ਰਹੇ ਹਨ। ਸੰਕਟ ਵਿੱਚ ਇਰਾਨ ਨੂੰ ਰੂਸ, ਚੀਨ ਤੇ ਉੱਤਰੀ ਕੋਰੀਆ ਦਾ ਸਹਾਰਾ ਹੈ।

ਮੱਧ ਪੂਰਬੀ ਖਾੜੀ ਦੇ ਅਰਬ ਦੇਸ਼ ਸਾਨ੍ਹਾਂ ਦੇ ਭੇੜ ’ਚ ਫਸ ਗਏ ਹਨ। ਉਨ੍ਹਾਂ ਦੀ ਆਰਥਿਕਤਾ ਅਤੇ ਵੱਕਾਰ ਦੋਵਾਂ ਨੂੰ ਭਾਰੀ ਸੱਟ ਵੱਜੀ ਹੈ। ਉਨ੍ਹਾਂ ਦੀ ਧਰਤੀ ਉੱਤੇ ਬਣੇ ਅਮਰੀਕੀ ਫ਼ੌਜੀ ਅੱਡੇ ਹੀ ਉਨ੍ਹਾਂ ਨੂੰ ਲੈ ਬੈਠੇ ਹਨ।

ਇਸ ਗੋਲੀਬੰਦੀ ਅਤੇ ਸਮਝੌਤਾ ਵਾਰਤਾ ਨਾਲ ਬਾਕੀ ਸਾਰੀ ਦੁਨੀਆ ਨੇ ਸੁਖ ਦਾ ਸਾਹ ਲਿਆ ਸੀ, ਪਰ ਹੁਣ ਅਮਰੀਕੀ ਨਾਕਾਬੰਦੀ ਅਤੇ ਜੰਗ ਦੇ ਮੁੜ ਭੜਕਣ ਦੀ ਸੰਭਾਵਨਾ ਨਾਲ ਸੰਸਾਰ ਭਰ ਵਿੱਚ ਤੇਲ, ਗੈਸ ਅਤੇ ਮਹਿੰਗਾਈ ਦਾ ਵੱਡਾ ਸੰਕਟ ਆਉਣਾ ਤੈਅ ਹੈ। ਹਾਲਾਤ ਵਿਸਫੋਟਕ ਹਨ ਕਿਉਂਕਿ ਇਰਾਨ ਨੇ ਵੀ ਅੱਗੋਂ ਢੁੱਕਵਾਂ ਜਵਾਬ ਦੇਣ ਦਾ ਐਲਾਨ ਕਰ ਦਿੱਤਾ ਹੈ। ਉਂਜ, ਸਮਝੌਤਾ ਵਾਰਤਾ ਦੁਬਾਰਾ ਸ਼ੁਰੂ ਕਰਵਾਉਣ ਵਾਲੇ ਵੀ ਫਿਰ ਸਰਗਰਮ ਹੋ ਗਏ ਹਨ।

ਇਰਾਨ ਨੇ ਮਾਰੂ ਹਮਲੇ ਦਾ ਜੁਰੱਅਤ ਨਾਲ ਮੁਕਾਬਲਾ ਕੀਤਾ ਹੈ ਤੇ ਸਮਝੌਤਾ ਵਾਰਤਾ ਦੌਰਾਨ ਨਿਡਰ ਪੈਂਤੜਾ ਲੈ ਕੇ ਯਰਕਣ ਤੋਂ ਇਨਕਾਰ ਕਰ ਦਿੱਤਾ, ਪਰ ਇਹ ਤਾਂ ਸਾਬਿਤ ਕਰ ਹੀ ਦਿੱਤਾ ਹੈ ਕਿ ਇਤਿਹਾਸ ਵਿੱਚ ਇਰਾਨ ਕਿਉਂ ਕਦੀ ਵੀ ਕਿਸੇ ਦਾ ਗ਼ੁਲਾਮ ਨਹੀਂ ਸੀ ਹੋਇਆ। ਇਹ ਅੱਜ ਵੀ ਬਾਕੀ ਦੁਨੀਆ ਨੂੰ ਸਿਰ ਉੱਚਾ ਕਰਕੇ ਜਿਊਣ ਦਾ ਰਸਤਾ ਦਿਖਾ ਰਿਹਾ ਹੈ। ਬੇਸ਼ੱਕ ਲੜਾਈ ਅਸਾਵੀਂ ਹੈ। ਇਰਾਨੀ ਆਗੂਆਂ ਦਾ ਕਹਿਣਾ ਹੈ ਕਿ ਅਣਖ ਨਾਲ ਜਿਊਣ ਖ਼ਾਤਰ ਉਹ ਸ਼ਹਾਦਤ ਲਈ ਵੀ ਤਿਆਰ ਹਨ। ਕਾਸ਼! ਇਨਸਾਨੀਅਤ ਬਚੀ ਰਹੇ।

ਸੰਪਰਕ: 94173-24543

Advertisement
×