DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਲਵਾਯੂ ਤਬਦੀਲੀ ਲਈ ਮਨੁੱਖ ਖ਼ੁਦ ਜ਼ਿੰਮੇਵਾਰ

ਗਾਤਾਰ ਵਧ ਰਹੇ ਤਾਪਮਾਨ ਨੇ ਕੇਵਲ ਮਨੁੱਖੀ ਜੀਵਨ ਨੂੰ ਹੀ ਨਹੀਂ, ਬਲਕਿ ਪੰਛੀਆਂ, ਜਾਨਵਰਾਂ ਅਤੇ ਬਨਸਪਤੀ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਲੰਘੇ ਸਰਦੀ ਦੇ ਮੌਸਮ ਵਿੱਚ ਮੀਂਹ ਨਾਂਹ ਦੇ ਬਰਾਬਰ ਪਿਆ। ਇੰਝ ਜਾਪਦਾ ਸੀ ਜਿਵੇਂ ਸਰਦੀਆਂ ਵਿੱਚ ਪੈਣ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਗਾਤਾਰ ਵਧ ਰਹੇ ਤਾਪਮਾਨ ਨੇ ਕੇਵਲ ਮਨੁੱਖੀ ਜੀਵਨ ਨੂੰ ਹੀ ਨਹੀਂ, ਬਲਕਿ ਪੰਛੀਆਂ, ਜਾਨਵਰਾਂ ਅਤੇ ਬਨਸਪਤੀ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਲੰਘੇ ਸਰਦੀ ਦੇ ਮੌਸਮ ਵਿੱਚ ਮੀਂਹ ਨਾਂਹ ਦੇ ਬਰਾਬਰ ਪਿਆ। ਇੰਝ ਜਾਪਦਾ ਸੀ ਜਿਵੇਂ ਸਰਦੀਆਂ ਵਿੱਚ ਪੈਣ ਵਾਲਾ ਰਹਿਮਤ ਦਾ ਮੀਂਹ ਸਾਡੇ ਨਾਲ ਰੁੱਸ ਹੀ ਗਿਆ ਹੋਵੇ। ਖੇਤੀਬਾੜੀ ਲਈ ਇਹ ਬਾਰਸ਼ ਬੇਹੱਦ ਜ਼ਰੂਰੀ ਹੁੰਦੀ ਹੈ। ਜਦੋਂ ਲੰਬੇ ਸਮੇਂ ਤੱਕ ਬੱਦਲ ਨਹੀਂ ਵਰ੍ਹਦੇ ਤਾਂ ਕਿਸਾਨ ਆਸਮਾਨ ਵੱਲ ਟਿਕਟਿਕੀ ਲਗਾ ਕੇ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਕੁਦਰਤ ਦੇ ਇਸ ਬਦਲੇ ਮਿਜ਼ਾਜ ਦਾ ਕਾਰਨ ਕੀ ਹੈ? ਲੰਘੀ ਸਰਦੀ ਵਿੱਚ ਮੀਂਹ ਨਾ ਪੈਣ ਕਰਕੇ ਫ਼ਸਲਾਂ ਦਾ ਝਾੜ ਤਾਂ ਪ੍ਰਭਾਵਿਤ ਹੋਇਆ ਹੀ, ਪਰ ਬਾਅਦ ਵਿੱਚ ਕਈ ਥਾਵਾਂ ’ਤੇ ਹੋਈ ਬੇਮੌਸਮੀ ਬਾਰਸ਼ ਅਤੇ ਗੜ੍ਹੇਮਾਰੀ ਨੇ ਕਣਕ ਦੀ ਪੱਕੀ ਫ਼ਸਲ ਨੂੰ ਬਰਬਾਦ ਕਰਕੇ ਰੱਖ ਦਿੱਤਾ। ਹੁਣ ਭਾਵੇਂ ਮੁੜ ਮੀਂਹ ਪੈਣੇ ਸ਼ੁਰੂ ਹੋ ਗਏ ਹਨ, ਪਰ ਕਈ ਇਲਾਕਿਆਂ ਵਿੱਚ ਇੰਨੀ ਜ਼ਿਆਦਾ ਬਾਰਸ਼ ਅਤੇ ਗੜ੍ਹੇਮਾਰੀ ਹੋ ਰਹੀ ਹੈ ਕਿ ਇਸ ਨਾਲ ਫ਼ਾਇਦੇ ਨਾਲੋਂ ਨੁਕਸਾਨ ਵਧੇਰੇ ਹੋ ਰਿਹਾ ਹੈ।

ਜੇਕਰ ਪਿਛਲਝਾਤ ਮਾਰੀ ਜਾਵੇ ਤਾਂ ਸਾਫ਼ ਮਹਿਸੂਸ ਹੁੰਦਾ ਹੈ ਕਿ ਬੀਤੇ ਕੁਝ ਸਾਲਾਂ ਤੋਂ ਮੌਸਮ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਨਤੀਜੇ ਵਜੋਂ, ਹੁਣ ਬਹੁਤ ਜ਼ਿਆਦਾ ਠੰਢ ਅਤੇ ਬਹੁਤ ਜ਼ਿਆਦਾ ਗਰਮੀ ਪੈਣ ਲੱਗੀ ਹੈ- ਕਦੇ ਬੇਹਿਸਾਬ ਮੀਂਹ ਪੈਂਦਾ ਹੈ ਅਤੇ ਕਦੇ ਲੰਬਾ ਸੋਕਾ ਪੈ ਜਾਂਦਾ ਹੈ। ਇਸ ਅਣਕਿਆਸੇ ਬਦਲਾਅ ਕਾਰਨ ਧਰਤੀ ’ਤੇ ਰਹਿਣ ਵਾਲੇ ਮਨੁੱਖ, ਜੀਵ-ਜੰਤੂ, ਪੰਛੀ ਅਤੇ ਬਨਸਪਤੀ ਇਸ ਜਲਵਾਯੂ ਪਰਿਵਰਤਨ ਨਾਲ ਤਾਲਮੇਲ ਨਹੀਂ ਬਿਠਾ ਪਾ ਰਹੇ। ਇਸ ਜਲਵਾਯੂ ਪਰਿਵਰਤਨ ਦਾ ਮੁੱਖ ਕਾਰਨ ‘ਗਲੋਬਲ ਵਾਰਮਿੰਗ’ ਹੈ, ਜਿਸ ਦਾ ਸਰਲ ਅਰਥ ਹੈ- ਧਰਤੀ ਦੇ ਔਸਤ ਤਾਪਮਾਨ ਵਿੱਚ ਲਗਾਤਾਰ ਹੋ ਰਿਹਾ ਵਾਧਾ। ਕੁਝ ਕੁਦਰਤੀ ਕਾਰਨਾਂ ਅਤੇ ਜ਼ਿਆਦਾਤਰ ਮਨੁੱਖੀ ਗਤੀਵਿਧੀਆਂ ਕਰਕੇ ਧਰਤੀ ਦਾ ਤਾਪਮਾਨ ਨਿਰੰਤਰ ਵਧ ਰਿਹਾ ਹੈ। ਸ਼ਹਿਰਾਂ ਵੱਲ ਤੇਜ਼ੀ ਨਾਲ ਹੋ ਰਿਹਾ ਅੰਨ੍ਹੇਵਾਹ ਪਰਵਾਸ, ਉਦਯੋਗੀਕਰਨ, ਗੈਰ-ਯੋਜਨਾਬੱਧ ਵਿਕਾਸ ਅਤੇ ਵਾਹਨਾਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਅਤੇ ਗਲੋਬਲ ਵਾਰਮਿੰਗ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਦੇ ਨਾਲ ਹੀ ਰਸਾਇਣਿਕ ਪਦਾਰਥਾਂ, ਪ੍ਰਮਾਣੂ ਬੰਬਾਂ ਅਤੇ ਹਾਈਡ੍ਰੋਜਨ ਬੰਬਾਂ ਵਰਗੇ ਅਤਿ-ਵਿਨਾਸ਼ਕਾਰੀ ਹਥਿਆਰਾਂ ਦੀ ਅੰਨ੍ਹੀ ਦੌੜ ਨੇ ਮਨੁੱਖਤਾ, ਜਾਨਵਰਾਂ ਅਤੇ ਬਨਸਪਤੀ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਮੌਜੂਦਾ ਸਮੇਂ ਚੱਲ ਰਹੇ ਰੂਸ-ਯੂਕਰੇਨ ਅਤੇ ਇਜ਼ਰਾਈਲ-ਇਰਾਨ

Advertisement

ਯੁੱਧ ਕਾਰਨ ਨਾ ਸਿਰਫ਼ ਮਨੁੱਖੀ ਜਾਨਾਂ ਦਾ ਘਾਣ ਹੋ ਰਿਹਾ ਹੈ, ਬਲਕਿ ਕੁਦਰਤ, ਵਾਤਾਵਰਣ ਅਤੇ ਬਨਸਪਤੀ ਨੂੰ ਵੀ ਅਜਿਹਾ ਨੁਕਸਾਨ ਪਹੁੰਚ ਰਿਹਾ ਹੈ ਜਿਸ ਦੀ ਭਰਪਾਈ ਅਸੰਭਵ ਹੈ।

Advertisement

ਗਲੋਬਲ ਵਾਰਮਿੰਗ ਕਾਰਨ ਕੁਦਰਤ ਵਿੱਚ ਆ ਰਹੇ ਬਦਲਾਵਾਂ ਤੋਂ ਅੱਜ ਹਰ ਕੋਈ ਵਾਕਫ਼ ਹੈ। ਜਲਵਾਯੂ ਪਰਿਵਰਤਨ ਦਾ ਮਾਰੂ ਅਸਰ ਹੁਣ ਹਰ ਵਰਗ ਅਤੇ ਹਰ ਜੀਵ ’ਤੇ ਸਾਫ਼ ਦਿਖਾਈ ਦੇ ਰਿਹਾ ਹੈ। ਮੌਸਮ ਦੇ ਬਦਲਦੇ ਮਿਜ਼ਾਜ ਕਾਰਨ ਫ਼ਲਾਂ, ਅਨਾਜਾਂ ਅਤੇ ਫ਼ਸਲਾਂ ਦੀ ਉਤਪਾਦਕਤਾ ਲਗਾਤਾਰ ਘਟਦੀ ਜਾ ਰਹੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇਸ ਤਬਦੀਲੀ ਕਾਰਨ ਫ਼ਲਾਂ, ਸਬਜ਼ੀਆਂ, ਅਨਾਜ ਅਤੇ ਹੋਰ ਜਿਣਸਾਂ ਦਾ ਕੁਦਰਤੀ ਸੁਹਜ, ਸਵਾਦ, ਮਹਿਕ ਅਤੇ ਪੌਸ਼ਟਿਕ ਗੁਣ ਹੁਣ ਪਹਿਲਾਂ ਵਰਗੇ ਨਹੀਂ ਰਹੇ। ਗਲੋਬਲ ਵਾਰਮਿੰਗ ਦਾ ਸਭ ਤੋਂ ਘਾਤਕ ਪ੍ਰਭਾਵ ਸਿਹਤ ’ਤੇ ਪੈ ਰਿਹਾ ਹੈ, ਜਿਸ ਕਾਰਨ ਮਨੁੱਖ ਨਿੱਤ ਨਵੀਆਂ ਅਤੇ ਨਾਮੁਰਾਦ ਬਿਮਾਰੀਆਂ ਦੀ ਜਕੜ ਵਿੱਚ ਆ ਰਿਹਾ ਹੈ। ਇਸ ਵਾਤਾਵਰਣਕ ਸੰਕਟ ਕਾਰਨ ਜੀਵ-ਜੰਤੂਆਂ ਅਤੇ ਬਨਸਪਤੀ ਦੀਆਂ ਕਈ ਦੁਰਲੱਭ ਪ੍ਰਜਾਤੀਆਂ ਦੀ ਹੋਂਦ ਹੀ ਖ਼ਤਰੇ ਵਿੱਚ ਪੈ ਗਈ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੁਦਰਤ ਨਾਲ ਹੋ ਰਹੇ ਇਸ ਖਿਲਵਾੜ ਲਈ ਆਖ਼ਰ ਜ਼ਿੰਮੇਵਾਰ ਕੌਣ ਹੈ? ਇਸ ਦਾ ਸਿੱਧਾ ਤੇ ਸਪੱਸ਼ਟ ਉੱਤਰ ਹੈ- ਮਨੁੱਖ। ਮਨੁੱਖ ਨੇ ਆਧੁਨਿਕਤਾ ਅਤੇ ਸ਼ਹਿਰੀਕਰਨ ਦੀ ਅੰਨ੍ਹੀ ਦੌੜ ਵਿੱਚ ਹਰੇ-ਭਰੇ ਦਰੱਖਤਾਂ ਦਾ ਬੇਦਰਦੀ ਨਾਲ ਉਜਾੜਾ ਕੀਤਾ ਹੈ। ਲਗਾਤਾਰ ਵਧ ਰਹੀ ਆਬਾਦੀ ਦੀਆਂ ਰਿਹਾਇਸ਼ੀ ਲੋੜਾਂ ਨੂੰ ਪੂਰਾ ਕਰਨ ਲਈ ਜੰਗਲਾਂ ਨੂੰ ਕੰਕਰੀਟ ਦੇ ਜੰਗਲਾਂ ਵਿੱਚ ਬਦਲਿਆ ਜਾ ਰਿਹਾ ਹੈ। ਖੇਤੀਬਾੜੀ ਵਿੱਚ ਵੱਧ ਪੈਦਾਵਾਰ ਲੈਣ ਦੀ ਹਵਸ ਨੇ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਨੇ ਉਪਜਾਊ ਧਰਤੀ ਨੂੰ ਜ਼ਹਿਰੀਲੀ ਬਣਾ ਦਿੱਤਾ ਹੈ।

ਉਦਯੋਗੀਕਰਨ ਅਤੇ ਮੁਨਾਫ਼ਾਖ਼ੋਰੀ ਦੇ ਇਸ ਦੌਰ ਵਿੱਚ ਮਨੁੱਖ ਨੇ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਬੁਰੀ ਤਰ੍ਹਾਂ ਗੰਧਲਾ ਕਰ ਦਿੱਤਾ ਹੈ। ਸਾਡੇ ਦਰਿਆਵਾਂ ਦਾ ਜੋ ਸ਼ੁੱਧ ਤੇ ਮਿੱਠਾ ਪਾਣੀ ਕਦੇ ਜੀਵਨ ਦਾ ਆਧਾਰ ਹੁੰਦਾ ਸੀ, ਉਹ ਅੱਜ ਖ਼ੁਦ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੰਡ ਰਿਹਾ ਹੈ। ਸੜਕਾਂ ਚੌੜੀਆਂ ਕਰਨ ਅਤੇ ਨਹਿਰਾਂ ਨੂੰ ਪੱਕਾ ਕਰਨ ਦੇ ਨਾਂ ’ਤੇ ਲੱਖਾਂ ਰੁੱਖਾਂ ਦੀ ਬਲੀ ਦਿੱਤੀ ਜਾ ਰਹੀ ਹੈ। ਵਿਕਾਸ ਦੇ ਨਾਂ ’ਤੇ ਕੁਦਰਤੀ ਪਹਾੜਾਂ ਨਾਲ ਕੀਤੀ ਜਾ ਰਹੀ ਬੇਲੋੜੀ ਛੇੜਛਾੜ ਕਾਰਨ ਧਰਤੀ ਦਾ ਵਾਤਾਵਰਣਕ ਸੰਤੁਲਨ ਵਿਗੜ ਰਿਹਾ ਹੈ। ਸਮੁੱਚੇ ਰੂਪ ਵਿੱਚ ਦੇਖਿਆ ਜਾਵੇ ਤਾਂ ਮਨੁੱਖ ਨੇ ਕੁਦਰਤ ਦਾ ਅਜਿਹਾ ਕੋਈ ਹਿੱਸਾ ਨਹੀਂ ਛੱਡਿਆ, ਜਿੱਥੇ ਉਸ ਨੇ ਆਪਣੀ ਸਵਾਰਥੀ ਘੁਸਪੈਠ ਨਾ ਕੀਤੀ ਹੋਵੇ।

ਗਲੋਬਲ ਵਾਰਮਿੰਗ ਦੇ ਮਾਰੂ ਪ੍ਰਭਾਵ ਹੁਣ ਪੂਰੀ ਤਰ੍ਹਾਂ ਸਾਡੇ ਸਾਹਮਣੇ ਆਉਣ ਲੱਗੇ ਹਨ। ਧਰਤੀ ਦਾ ਜਲਵਾਯੂ ਚੱਕਰ ਤੇਜ਼ੀ ਨਾਲ ਬਦਲ ਰਿਹਾ ਹੈ; ਗਰਮੀ, ਸਰਦੀ ਅਤੇ ਬਰਸਾਤ ਦਾ ਰਵਾਇਤੀ ਸਮਾਂ ਅਤੇ ਮਿਜ਼ਾਜ ਪੂਰੀ ਤਰ੍ਹਾਂ ਗੜਬੜਾ ਚੁੱਕਾ ਹੈ। ਇਸ ਦਾ ਪ੍ਰਤੱਖ ਪ੍ਰਭਾਵ ਗਲੇਸ਼ੀਅਰਾਂ ਦੇ ਨਿਰੰਤਰ ਪਿਘਲਣ, ਬਰਫ਼ੀਲੇ ਖੇਤਰਾਂ ਦੇ ਸੁੰਗੜਨ, ਮੌਨਸੂਨ ਦੇ ਬਦਲਦੇ ਪੈਟਰਨ, ਸਮੁੰਦਰੀ ਪੱਧਰ ਦੇ ਵਧਣ, ਵਾਤਾਵਰਣ ਪ੍ਰਣਾਲੀ ਵਿੱਚ ਆ ਰਹੀ ਖ਼ਤਰਨਾਕ ਤਬਦੀਲੀ ਅਤੇ ਲੂ ਦੀਆਂ ਮਾਰੂ ਲਹਿਰਾਂ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਅਜੋਕੇ ਦੌਰ ਵਿੱਚ ਮਨੁੱਖੀ ਜੀਵਨ ਦੀਆਂ ਵਧਦੀਆਂ ਸੁਖ-ਸਹੂਲਤਾਂ ਅਤੇ ਐਸ਼ੋ-ਆਰਾਮ ਦੀ ਭੁੱਖ ਨੇ ਸਾਡੀਆਂ ਲੋੜਾਂ ਨੂੰ ਬੇਅੰਤ ਵਧਾ ਦਿੱਤਾ ਹੈ। ਇਨ੍ਹਾਂ ਅੰਨ੍ਹੀਆਂ ਲੋੜਾਂ ਨੂੰ ਪੂਰਾ ਕਰਨ ਦੀ ਦੌੜ ਵਿੱਚ ਅਸੀਂ ਕੁਦਰਤ ਵੱਲੋਂ ਮੂੰਹ ਮੋੜ ਲਿਆ ਹੈ ਅਤੇ ਇਸ ਨਾਲ ਖਿਲਵਾੜ ਕਰਨ ’ਤੇ ਬਜਿੱਦ ਹਾਂ।

ਜੇਕਰ ਅਸੀਂ ਕੁਦਰਤ ਨਾਲ ਇਹ ਬੇਇਨਸਾਫ਼ੀ ਤੁਰੰਤ ਬੰਦ ਨਾ ਕੀਤੀ, ਤਾਂ ਉਹ ਦਿਨ ਦੂਰ ਨਹੀਂ ਜਦੋਂ ਭਵਿੱਖ ਵਿੱਚ ਸਾਡੇ ਕੋਲ ਪੀਣ ਲਈ ਸ਼ੁੱਧ ਪਾਣੀ ਅਤੇ ਖਾਣ ਲਈ ਸਾਫ਼-ਸੁਥਰਾ ਭੋਜਨ ਤਾਂ ਕੀ, ਸਾਹ ਲੈਣ ਲਈ ਸ਼ੁੱਧ ਹਵਾ ਵੀ ਨਸੀਬ ਨਹੀਂ ਹੋਵੇਗੀ। ਬੇਸ਼ੱਕ ਕੁਦਰਤ ਬਹੁਤ ਦਿਆਲੂ ਹੈ, ਇਹ ਇੱਕ ਹੱਦ ਤੱਕ ਮਨੁੱਖੀ ਗ਼ਲਤੀਆਂ ਨੂੰ ਬਰਦਾਸ਼ਤ ਕਰਦੀ ਹੈ ਅਤੇ ਸਭ ਜੀਵਾਂ ਨੂੰ ਬਰਾਬਰ ਸਮਝ ਕੇ ਵਿਹਾਰ ਕਰਦੀ ਹੈ। ਕੁਦਰਤ ਕਦੇ ਕਿਸੇ ਨਾਲ ਵਿਤਕਰਾ ਨਹੀਂ ਕਰਦੀ, ਪਰ ਜਦੋਂ ਇਸ ਦੇ ਸਬਰ ਦਾ ਬੰਨ੍ਹ ਟੁੱਟਦਾ ਹੈ ਤਾਂ ਵਿਨਾਸ਼ ਅਟੱਲ ਹੋ ਜਾਂਦਾ ਹੈ। ਇਸ ਭਿਆਨਕ ਸੰਕਟ ਤੋਂ ਬਚਣ ਲਈ ਸਾਨੂੰ ਅੱਜ ਹੀ ਸੁਚੇਤ ਹੋਣ ਦੀ ਲੋੜ ਹੈ। ਅਸੀਂ ਵੱਧ ਤੋਂ ਵੱਧ ਰੁੱਖ ਲਗਾ ਕੇ ਅਤੇ ਉਨ੍ਹਾਂ ਦੀ ਪੁੱਤਰਾਂ ਵਾਂਗ ਪਰਵਰਿਸ਼ ਕਰਕੇ ਕੁਦਰਤ ਨੂੰ ਬਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ। ਅੱਜ ਸਾਨੂੰ ਸਾਰਿਆਂ ਨੂੰ ਆਤਮ-ਚਿੰਤਨ ਕਰਨ ਦੀ ਲੋੜ ਹੈ ਕਿ ਸਾਡਾ ਫ਼ਰਜ਼ ਕੁਦਰਤ ਦੀ ਸੰਭਾਲ ਕਰਨਾ ਹੈ ਜਾਂ ਆਪਣੇ ਸਵਾਰਥ ਲਈ ਇਸ ਦਾ ਉਜਾੜਾ ਕਰਨਾ? ਇਸ ਸਵਾਲ ਦਾ ਸਹੀ ਜਵਾਬ ਹੀ ਮਨੁੱਖਤਾ ਦੇ ਸੁਨਹਿਰੀ ਭਵਿੱਖ ਦੀ ਤਕਦੀਰ ਤੈਅ ਕਰੇਗਾ।

ਸੰਪਰਕ: 94136-52646

Advertisement
×