ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ : The Tribune India

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਐਮ.ਕੇ. ਭੱਦਰਕੁਮਾਰ

ਐਮ.ਕੇ. ਭੱਦਰਕੁਮਾਰ

ਫ਼ੌਜੀ ਸੋਚ ਰੱਖਣ ਵਾਲਿਆਂ ਨੇ ਰੂਸ ਵੱਲੋਂ ਫ਼ੌਜ ਨੂੰ ਇਕ ਤੋਂ ਦੂਜੀ ਥਾਂ ਲਿਜਾਏ ਜਾਣ ਤੋਂ ਬਾਅਦ ਬੀਤੇ ਜਨਵਰੀ ਅਤੇ ਫ਼ਰਵਰੀ ਮਹੀਨਿਆਂ ਦੌਰਾਨ ਕਿਸੇ ਸਮੇਂ ਯੂਕਰੇਨ ਉਤੇ ਵੱਡਾ ਹਮਲਾ ਕੀਤੇ ਜਾਣ ਦੀ ਉਮੀਦ ਕੀਤੀ ਸੀ, ਜਦੋਂ ਦੋਨਬਾਸ ਵਿਚ ਜਮਾ ਦੇਣ ਵਾਲੀ ਠੰਢ ਤੇ ਹੱਡ ਚੀਰਵੀਂਆਂ ਹਵਾਵਾਂ ਦੌਰਾਨ ਤਾਪਮਾਨ ਮਨਫ਼ੀ 30 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਸੀ ਅਤੇ ਇਸ ਕਾਰਨ ਜ਼ਮੀਨ ਸਖ਼ਤ ਹੋ ਜਾਣ ਦੇ ਸਿੱਟੇ ਵਜੋਂ ਉਸ ਉਤੋਂ ਭਾਰੀ ਤੋਪਖ਼ਾਨੇ ਤੇ ਟੈਂਕਾਂ ਆਦਿ ਦੀ ਹਿੱਲ-ਜੁੱਲ ਸੰਭਵ ਸੀ। ਪਰ ਇਸ ਦੌਰਾਨ ਅਜਿਹਾ ਕੁਝ ਨਹੀਂ ਵਾਪਰਿਆ।

ਇਸ ਦੀ ਥਾਂ ਦੋਨਬਾਸ ਮੋਰਚੇ ਉਤੇ ਜ਼ੋਰਦਾਰ ਟਕਰਾਅ ਹੋਇਆ ਅਤੇ ਦੋਵੇਂ ਧਿਰਾਂ ਵੱਲੋਂ ਆਪੋ-ਆਪਣੀ ਸਥਿਤੀ ਮਜ਼ਬੂਤ ਕਰਨ ਲਈ ਹੋਈਆਂ ਸਮਝੀਆਂ ਜਾਂਦੀਆਂ ਇਨ੍ਹਾਂ ਲੜਾਈਆਂ ਦੌਰਾਨ ਰੂਸੀ ਫ਼ੌਜਾਂ ਨੇ ਲੜੀਵਾਰ ਜਿੱਤਾਂ ਦਰਜ ਕੀਤੀਆਂ, ਜਿਸ ਨੇ ਹੁਣ ਯੂਕਰੇਨ ਦੇ ਅਸਲਾਖ਼ਾਨਿਆਂ ਨੂੰ ਖ਼ਤਰਨਾਕ ਸਥਿਤੀ ਤੱਕ ਪਹੁੰਚਾ ਦਿੱਤਾ ਹੈ। ਰੂਸ ਦੀ ਰਣਨੀਤੀ ਮੋਰਚਿਆਂ ਉਤੇ ਟਕਰਾਅ ਨੂੰ ਭਖ਼ਾਈ ਰੱਖਣ ਅਤੇ ਨਾਲ ਹੀ ਯੂਕਰੇਨ ਦੇ ਅਸਲਾਖ਼ਾਨੇ ਕਾਇਮ ਕਰਨ ਦੀ ਸਮਰੱਥਾ ਨੂੰ ਘਟਾਉਂਦੇ ਜਾਣ ਦੀ ਹੈ। ਇਸ ਦੇ ਨਾਲ ਹੀ 800 ਕਿਲੋਮੀਟਰ ਤੋਂ ਵੀ ਅਗਾਂਹ ਤੱਕ ਫੈਲੀਆਂ ਬਹੁਤ ਹੀ ਮਜ਼ਬੂਤ ਕਿਲ੍ਹੇਬੰਦੀ ਵਾਲੀਆਂ ਹਿਫ਼ਾਜ਼ਤੀ ਕਤਾਰਾਂ ਨੇ ਵੀ ਕੀਵ ਨੂੰ ਲੜਾਈ ਵਿਚ ਆਪਣਾ ਹੱਥ ਉੱਚਾ ਕਰਨ ਦੇ ਕਿਸੇ ਮੌਕੇ ਤੋਂ ਮਹਿਰੂਮ ਕਰ ਦਿੱਤਾ ਹੈ। ਫਿਰ ਇਸ ਗੱਲ ਦੀ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਰੂਸੀ ਫ਼ੌਜ ਕਿਸੇ ਤਰ੍ਹਾਂ ਦੇ ਲਾਲਸਾ ਭਰੇ ਅਪਰੇਸ਼ਨ ਕਰਨ ਦੇ ਰਉਂ ਵਿਚ ਨਹੀਂ ਹੈ। ਇਸ ਤੋਂ ਇਲਾਵਾ ਉਹ ਸੰਗਠਨਾਤਮਕ ਮੁੱਦਿਆਂ ਦੇ ਹੱਲ ਲਈ ਵੀ ਲੰਬੀ ਖੇਡ ਵਿਚ ਮਸਰੂਫ਼ ਹੈ। ਰੂਸੀ ਹਥਿਆਰਬੰਦ ਫ਼ੌਜਾਂ ਵਿਚ ਸੰਗਠਨਾਤਮਕ ਤਬਦੀਲੀਆਂ ਦਾ ਅਮਲ ਜਾਰੀ ਹੈ, ਜਿਸ ਵਿਚ ਅਖੌਤੀ ਬਟਾਲੀਅਨ ਟੈਕਟੀਕਲ ਗਰੁੱਪ (Battalion Tactical Group) ਬਣਤਰਾਂ ਤੋਂ ਬਦਲ ਕੇ ਸੋਵੀਅਤ ਫੌਜ ਵਾਲਾ ਡਿਵੀਜ਼ਨ ਢਾਂਚਾ ਲਿਆਉਣਾ ਸ਼ਾਮਲ ਹੈ। ਜਿਥੇ ਬਟਾਲੀਅਨ ਟੈਕਟੀਕਲ ਗਰੁੱਪ ਢਾਂਚਾ ਮਾਰੂ ਸਮਰੱਥਾ ਪੱਖੋਂ ਤਾਂ ਭਾਰੂ ਪੈਂਦਾ ਹੈ, ਪਰ ਪੈਦਲ ਸੈਨਾ ਦੇ ਪੱਖ ਤੋਂ ਗ਼ੈਰਮਾਮੂਲੀ ਢੰਗ ਨਾਲ ਹਲਕਾ ਹੈ ਅਤੇ ਦੂਜੇ ਪਾਸੇ ਡਿਵੀਜ਼ਨ ਢਾਂਚਾ ਹਥਿਆਰਾਂ ਦੀ ਵਿਆਪਕ ਪੈਦਾਵਾਰ ਅਤੇ ਨਾਲ ਹੀ ਫ਼ੌਜੀ-ਸਨਅਤੀ ਗੱਠਜੋੜ ਰਾਹੀਂ ਸਾਜ਼ੋ-ਸਮਾਨ ਦੇ ਨਵੀਨੀਕਰਨ ਸਦਕਾ ਲੋੜ ਪੈਣ ਉਤੇ ਮਹਾਂਦੀਪੀ ਜੰਗ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰ ਸਕਦਾ ਹੈ।

ਇਸ ਦੌਰਾਨ ਦੋਨਬਾਸ ਵਿਚ ਅਪਰੇਸ਼ਨ ਚੋਟੀ ਉਤੇ ਪਹੁੰਚ ਗਏ ਹਨ। ਯੂਕਰੇਨੀ ਰੱਖਿਆ ਕਤਾਰ ਦੀ ਧੁਰੀ ਦਾ ਕਿੱਲਾ ਮੰਨੇ ਜਾਂਦੇ ਸ਼ਹਿਰ ਬਖ਼ਮੁਤ ’ਤੇ ਕਬਜ਼ੇ ਲਈ ਵੀ ਰੂਸ ਕਾਫ਼ੀ ਜ਼ੋਰ ਲਾ ਰਿਹਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਦੋਨਬਾਸ ਖ਼ਿੱਤੇ ਵਿਚ ਵਿਚ ਯੂਕਰੇਨ ਦੇ ਕਬਜ਼ੇ ਹੇਠ ਬਚੇ ਆਖ਼ਰੀ ਦੋ ਸ਼ਹਿਰਾਂ ਸਲਵਿਆਂਸਕ ਅਤੇ ਕਰਾਮਤੋਰਸਕ ਉਤੇ ਵੀ ਰੂਸੀ ਹਮਲੇ ਦਾ ਰਾਹ ਖੁਲ੍ਹ ਜਾਵੇਗਾ। ਆਗਾਮੀ ਹਫ਼ਤਿਆਂ ਦੌਰਾਨ ਦੱਖਣ-ਪੱਛਮੀ ਦੋਨਬਾਸ ਵਿਚਲੇ ਉਗਲੇਦਰ ਖੇਤਰ ਵਿਚ ਵੀ ਗਹਿਗੱਚ ਲੜਾਈ ਹੋਣ ਦੇ ਆਸਾਰ ਹਨ, ਜਿਥੋਂ ਦੋਨੇਤਸਕ ਨੂੰ ਅਜ਼ੋਵ ਸਾਗਰ ਦੀ ਮਾਰੀਉਪੋਲ ਬੰਦਰਗਾਹ ਅਤੇ ਕ੍ਰਾਈਮਿਆ ਦੇ ਜ਼ਮੀਨੀ ਪੁਲ (ਭੂਡਮਰੂ) ਨਾਲ ਜੋੜਨ ਵਾਲੀ ਮੁੱਖ ਰੇਲ ਲਾਈਨ ਕਾਫ਼ੀ ਨੇੜੇ ਹੈ ਅਤੇ ਇਹ ਸਥਿਤੀ ਸੰਭਵ ਤੌਰ ’ਤੇ ਦੱਖਣ ਵਿਚ ਰੂਸ ਦੀ ਸਮੁੱਚੀ ਢੋਆ-ਢੁਆਈ ਲਈ ਖ਼ਤਰਾ ਪੈਦਾ ਕਰਦੀ ਹੈ। ਇਸ ਲਈ ਉਗਲੇਦਰ ‘ਉਭਾਰ’ ਉਤੇ ਕਬਜ਼ਾ ਜਮਾਉਣਾ ਦੋਵਾਂ ਯੂਕਰੇਨ ਤੇ ਰੂਸ ਦੀ ਵੱਡੀ ਤਰਜੀਹ ਹੈ। ਦੂਜੇ ਪਾਸੇ ਕ੍ਰੈਮਲਿਨ ਦੇ ਤਰਜਮਾਨ ਦਮਿਤਰੀ ਪੇਸਕੋਵ ਨੇ ਹਾਲ ਹੀ ਵਿਚ ਸਾਫ਼ ਆਖਿਆ ਕਿ ਜ਼ਾਪੋਰਿਜ਼ੀਆ ਓਬਲਾਸਟ (ਓਬਲਾਸਟ: ਰੂਸ ਦੀ ਇਕ ਪ੍ਰਸ਼ਾਸਕੀ ਇਕਾਈ) ਅਤੇ ਖੇਰਸਾਨ ਨੂੰ ਮੁਕੰਮਲ ਤੌਰ ’ਤੇ ਆਜ਼ਾਦ ਕਰਾਉਣਾ ਰੂਸ ਲਈ ਸੰਵਿਧਾਨਕ ਤੌਰ ’ਤੇ ਜ਼ਰੂਰੀ ਹੈ। ਗ਼ੌਰਤਲਬ ਹੈ ਕਿ ਜ਼ਾਪੋਰਿਜ਼ੀਆ ਓਬਲਾਸਟ ਦਾ ਦੋ ਤਿਹਾਈ ਹਿੱਸਾ ਪਹਿਲਾਂ ਹੀ ਰੂਸੀ ਕਬਜ਼ੇ ਹੇਠ ਹੈ, ਜਦੋਂਕਿ ਖੇਰਸਾਨ ਦਾ ਕਬਜ਼ਾ ਯੂਕਰੇਨ ਨੇ ਬੀਤੇ ਨਵੰਬਰ ਵਿਚ ਜਵਾਬੀ ਹਮਲੇ ਰਾਹੀਂ ਛੁਡਵਾ ਲਿਆ ਸੀ।

ਯਕੀਨਨ, ਜੇ ਅਮਰੀਕਾ ਵੱਲੋਂ ਯੂਕਰੇਨ ਨੂੰ ਲੰਬੇ ਫ਼ਾਸਲੇ ਤੱਕ ਮਾਰ ਕਰਨ ਵਾਲੇ ਹਥਿਆਰ ਮੁਹੱਈਆ ਕਰਵਾ ਕੇ ਨਾਟਕੀ ਢੰਗ ਨਾਲ ਆਪਣੀ ਲੁਕਵੀਂ ਜੰਗ ਦਾ ਘੇਰਾ ਵਧਾਇਆ ਜਾਂਦਾ ਹੈ, ਤਾਂ ਰੂਸੀ ਜੰਗੀ ਕਾਰਵਾਈਆਂ ਵੀ ਲਾਜ਼ਮੀ ਤੌਰ ’ਤੇ ਨੀਪਰ ਦਰਿਆ ਦੇ ਪੂਰਬੀ ਕੰਢੇ ਵਾਲੇ ਸਾਰੇ ਖ਼ਿੱਤੇ ਨੂੰ ਆਪਣੇ ਘੇਰੇ ਵਿਚ ਲੈ ਲੈਣਗੀਆਂ ਅਤੇ ਇਸ ਤਰ੍ਹਾਂ ਇਸ ਵੱਲੋਂ ਰੂਸੀ ਇਲਾਕਿਆਂ ਦੀ ਸਲਾਮਤੀ ਲਈ ਇਕ ਬਫ਼ਰ ਜ਼ੋਨ ਬਣਾ ਲਿਆ ਜਾਵੇਗਾ। ਰੂਸ ਬੁਨਿਆਦੀ ਤੌਰ ’ਤੇ ਜੰਗੀ ਫੈਲਾਅ ਵਿਚ ਆਪਣਾ ਦਬਦਬਾ ਬਣਾਈ ਰੱਖਦਾ ਹੈ।

ਯਕੀਨੀ ਤੌਰ ’ਤੇ, ਆਗਾਮੀ ਸਮੇਂ ਦੌਰਾਨ ਰੂਸੀ ਕਾਰਵਾਈਆਂ ਦੀ ਰੂਪ-ਰੇਖਾ ਇਸ ਦੌਰਾਨ ਉੱਭਰਨ ਵਾਲੇ ਸਿਆਸੀ ਕਾਰਕਾਂ ਉਤੇ ਵੀ ਨਿਰਭਰ ਕਰੇਗੀ। ਬਸੰਤ ਰੁੱਤ ਦੌਰਾਨ ਵੱਡਾ ਹਮਲਾ ਇਸ ਮਹੀਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਕੀਤੇ ਜਾਣ ਵਾਲੇ ਮਾਸਕੋ ਦੌਰੇ ਤੋਂ ਪਹਿਲਾਂ ਸ਼ੁਰੂ ਹੋਣ ਦੇ ਆਸਾਰ ਨਹੀਂ ਜਾਪਦੇ। ਚੀਨ ਅਤੇ ਰੂਸ ਦਰਮਿਆਨ ਕਰੀਬੀ ਸਹਿਯੋਗ ਤੇ ਤਾਲਮੇਲ ਜੰਗ ਦੇ ਇਨ੍ਹਾਂ ਦਿਨਾਂ ਦੌਰਾਨ ਅਤੇ ਪੱਛਮ ਵੱਲੋਂ ਰੂਸ ਖ਼ਿਲਾਫ ਆਇਦ ਪਾਬੰਦੀਆਂ ਦੇ ਬਾਵਜੂਦ ਹੌਲੀ-ਹੌਲੀ ਉਨ੍ਹਾਂ ਦੇ ਸਾਂਝੇ ਰਣਨੀਤਕ ਹਿੱਤਾਂ ਮੁਤਾਬਕ ਉੱਭਰ ਰਿਹਾ ਹੈ।

ਬਹੁਤਾ ਕੁਝ ਇਨ੍ਹਾਂ ਗਰਮੀਆਂ ਤੱਕ ਜੰਗ ਦੌਰਾਨ ਉੱਭਰਨ ਵਾਲੇ ਕਿਸੇ ਨਵੇਂ ਸੰਤੁਲਨ ਉਤੇ ਨਿਰਭਰ ਕਰੇਗਾ – ਜਿਸ ਨੂੰ ਸਾਰੀਆਂ ਧਿਰਾਂ ਵੱਲੋਂ ਮੰਨਿਆ ਵੀ ਜਾਵੇ। ਉਂਝ ਇਸ ਵੇਲੇ ਯੂਰਪ ਵਿਚ ਪੁਰਅਮਨ ਤੇ ਸਹਿਮਤੀ ਭਰੀ ਸੁਰੱਖਿਆ ਬਣਤਰ ਬਣਨ ਦੇ ਬਹੁਤੇ ਆਸਾਰ ਨਹੀਂ ਜਾਪਦੇ। ਜਿਥੇ ਰੂਸ ਨੇ ਪਹਿਲਾਂ ਹੀ ਪੱਛਮੀ ਪਾਬੰਦੀਆਂ ਮੁਤਾਬਕ ਖ਼ੁਦ ਨੂੰ ਢਾਲ ਲਿਆ ਹੈ ਅਤੇ ਮਾਮਲੇ ਨੂੰ ਇਸ ਦੇ ਵਾਜਬ ਅੰਤ ਤੱਕ ਲਿਜਾਣ ਲਈ ਆਪਣੇ ਦ੍ਰਿੜ੍ਹ ਇਰਾਦੇ ਦਾ ਮੁਜ਼ਾਹਰਾ ਕੀਤਾ ਹੈ, ਉਥੇ ਅਮਰੀਕਾ ਤੇ ਉਸ ਦੇ ਪੱਛਮੀ ਇਤਹਾਦੀ ਇਸ ਜੰਗ ਦੇ ਵਹਿਣ ਉਤੇ ਕਿਸੇ ਤਰ੍ਹਾਂ ਦਾ ਪ੍ਰਭਾਵ ਪਾਉਣ ਵਿਚ ਨਾਕਾਮ ਰਹੇ ਹਨ। ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਬਰਤਾਨੀਆ ਵੱਲੋਂ ਯੂਕਰੇਨ ਨੂੰ ਚੈਲੇਂਜਰ ਟੈਂਕ ਤੇ ਪੈਟਰੀਅਟ ਬੈਟਰੀਆਂ ਭੇਜਣ ਲਈ ਹੋ ਰਹੀ ਗੱਲਬਾਤ, ਐਮ-1 ਐਬਰਾਮਜ਼ ਟੈਂਕ, ਅਮਰੀਕਾ ਤੋਂ ਐਫ਼-16 ਆਦਿ ਦੇਣ ਦੀਆਂ ਗੱਲਾਂ ਆਦਿ ਸਭ ਕੁਝ ਜੰਗ ਦਾ ਨਕਲੀ ਫੈਲਾਅ ਹੈ, ਕਿਉਂਕਿ ਇਹ ਹਥਿਆਰ ਸ਼ਾਇਦ ਹੀ ਕਦੇ ਯੂਕਰੇਨ ਪੁੱਜਣ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਰੂਸ ਖ਼ਿਲਾਫ਼ ਆਇਦ ਬੰਦਸ਼ਾਂ ਦੇ ਪੈ ਰਹੇ ਉਲਟ ਅਸਰ ਕਾਰਨ ਯੂਰਪ ਵਿਚ ਰਣਨੀਤਕ, ਸਨਅਤੀ, ਮਾਲੀ, ਸਿਆਸੀ ਅਤੇ ਫ਼ੌਜੀ ਹਾਲਾਤ ਵੱਡੇ ਪੱਧਰ ’ਤੇ ਵਿਗੜ ਰਹੇ ਹਨ। ਪੈਦਾਵਾਰ ਦੀਆਂ ਲਾਗਤਾਂ ਵੱਡੇ ਪੱਧਰ ’ਤੇ ਵਧਣ ਕਾਰਨ ਯੂਰਪ ਵਿਚ ਸਨਅਤਾਂ ਬੰਦ ਹੋ ਰਹੀਆਂ ਹਨ ਅਤੇ ਇਸ ਕਾਰਨ ਮਜ਼ਦੂਰਾਂ/ਮੁਲਾਜ਼ਮਾਂ ਦੀਆਂ ਛਾਂਟੀਆਂ ਕੀਤੀਆਂ ਜਾ ਰਹੀਆਂ ਹਨ। ਜੰਗ ਪ੍ਰਤੀ ਪੱਛਮ ਦੀ ਪਹੁੰਚ ਖ਼ਿਲਾਫ਼ ਜਰਮਨੀ ’ਚ ਲੋਕ ਰਾਇ ’ਚ ਤੇਜ਼ੀ ਨਾਲ ਬੇਭਰੋਸਗੀ ਭਰ ਰਹੀ ਹੈ। ਰੂਸ ਤੋਂ ਜਰਮਨੀ ਨੂੰ ਗੈਸ ਸਪਲਾਈ ਕਰਨ ਵਾਲੀ ਪਾਈਪ ਲਾਈਨ ਨੋਰਦ ਸਟਰੀਮ ਵਿਚ ਬੀਤੇ ਸਾਲ ਹੋਈ ਭੰਨ-ਤੋੜ ਪਿੱਛੇ ਬਾਇਡਨ ਪ੍ਰਸ਼ਾਸਨ ਦਾ ਹੱਥ ਹੋਣ ਸਬੰਧੀ ਹਾਲੀਆ ਲੱਭਤਾਂ ਨੇ ਇਨ੍ਹਾਂ ਭਾਵਨਾਵਾਂ ਨੂੰ ਹੋਰ ਹੁਲਾਰਾ ਦਿੱਤਾ ਹੈ। ਇਹ ਦੇਖਣਾ ਬਾਕੀ ਹੈ ਕਿ ਅਗਾਂਹ ਆਉਣ ਵਾਲੇ ਔਖੇ ਸਮਿਆਂ ਦੌਰਾਨ ਇਸ ਮੁਤੱਲਕ ਊਠ ਕਿਸ ਕਰਵਟ ਬੈਠਦਾ ਹੈ, ਖ਼ਾਸਕਰ ਉਸ ਹਾਲਾਤ ਵਿਚ ਜਦੋਂ ਡੂੰਘਾ ਮੰਦਵਾੜਾ ਜ਼ੋਰ ਫੜ ਰਿਹਾ ਹੈ ਅਤੇ ਅਮਰੀਕਾ ਦੀ ਸਫ਼ਾਰਤੀ ਆਕੜ ਵੱਲ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।

ਰੂਸ ਹੁਣ ਪੱਛਮ ਦੀਆਂ ਗੱਲਬਾਤ ਸਬੰਧੀ ਸ਼ੱਕੀ ਪੇਸ਼ਕਸ਼ਾਂ ਨੂੰ ਹੋਰ ਤਵੱਜੋ ਨਹੀਂ ਦੇਵੇਗਾ, ਕਿਉਂਕਿ ਇਨ੍ਹਾਂ ਪੇਸ਼ਕਸ਼ਾਂ ਵਿਚ ਉਨ੍ਹਾਂ ਮੁੱਦਿਆਂ ਨੂੰ ਅਣਡਿੱਠ ਕੀਤਾ ਜਾਂਦਾ ਹੈ, ਜਿਹੜੇ ਸ਼ੁਰੂਆਤੀ ਤੌਰ ’ਤੇ ਜੰਗ ਦਾ ਕਾਰਨ ਬਣੇ। ਰੂਸੀ ਲੀਡਰਸ਼ਿਪ ਨੇ ਸਿੱਟਾ ਕੱਢਿਆ ਹੈ ਕਿ ਉਹ ਕਿਸੇ ਪੱਛਮੀ ਸਰਕਾਰ/ਮੁਲਕ ਉਤੇ ਭਰੋਸਾ ਨਹੀਂ ਕਰ ਸਕਦੇ, ਅਤੇ ਇਹ ਕਿ ਪੱਛਮ ਸਮੁੱਚੇ ਰੂਪ ਵਿਚ ਅੜੀਅਲ ਢੰਗ ਨਾਲ ਰੂਸ ਪ੍ਰਤੀ ਦੁਸ਼ਮਣੀ ਪਾਲਦਾ ਹੈ। ਇਸ ਦੌਰਾਨ ਜਿਥੇ ਰੂਸ ਅਤੇ ਪੱਛਮ ਦੋਵੇਂ ਹੀ ਆਪਣੀ ਹੋਂਦ ਲਈ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ, ਉਥੇ ਰੂਸ ਦੇ ਮਾਮਲੇ ਵਿਚ ਇਸ ’ਚ ਇਕ ਅਹਿਮ ਵਖਰੇਵਾਂ ਵੀ ਹੈ ਅਤੇ ਇਹ ਇਸ ਦੇ ਇਤਿਹਾਸਕ ਰਿਆਸਤੀ ਰੁਤਬੇ ਸਬੰਧੀ ਹੈ ਪਰ ਦੂਜੇ ਪਾਸੇ ਪੱਛਮ ਲਈ ਇਹ ਆਪਣੇ ਆਲਮੀ ਦਬਦਬੇ ਨੂੰ ਬਚਾਈ ਰੱਖਣ ਦਾ ਮਾਮਲਾ ਹੈ ਅਤੇ ਨਾਲ ਹੀ ਗੁਣਾਤਮਕ ਢੰਗ ਨਾਲ ਬਦਲੇ ਹੋਏ ਆਲਮੀ ਮਾਹੌਲ ਪ੍ਰਤੀ ਅਨੁਕੂਲਤਾ ਲਈ ਤਿਆਰ ਨਾ ਹੋਣ ਦਾ ਵੀ, ਕਿਉਂਕਿ ਇਹ ਮਾਹੌਲ ਅਚਾਨਕ ਹੀ ਬਹੁਤ ਜ਼ਿਆਦਾ ਮੁਕਾਬਲੇ ਵਾਲਾ ਬਣ ਗਿਆ ਹੈ।

ਇਸ ਲਈ ਲੁਕਵੀਂ ਜੰਗ ਵਿਚ ਹਾਰ ਜਾਣ ’ਤੇ ਨਾ ਸਿਰਫ਼ ਅਮਰੀਕਾ ਦੀ ਭਰੋਸੇਯੋਗਤਾ ਨੂੰ ਆਲਮੀ ਪੱਧਰ ’ਤੇ ਸੱਟ ਵੱਜੇਗੀ – ਖ਼ਾਸਕਰ ਅਫ਼ਗਾਨਿਸਤਾਨ ’ਚ ਮਿਲੀ ਹਾਰ ਪਿੱਛੋਂ – ਸਗੋਂ ਇਸ ਨਾਲ ਉਸ ਦੀ ਅਟਲਾਂਟਿਕ ਦੇ ਆਰ-ਪਾਰ ਲੀਡਰਸ਼ਿਪ ਵਾਲੀ ਸਥਿਤੀ ਨੂੰ ਵੀ ਝਟਕਾ ਲੱਗੇਗਾ। ਇਸ ਦੇ ਨਾਟੋ ਲਈ ਵੀ ਮਾਰੂ ਸਿੱਟੇ ਸਾਹਮਣੇ ਆ ਸਕਦੇ ਹਨ। ਇਸੇ ਕਾਰਨ ਨਾਟੋ ਖ਼ਤਰਨਾਕ ਢੰਗ ਨਾਲ ਰੂਸੀ ‘ਲਾਲ ਲਕੀਰ’ ਨੂੰ ਟੱਪਣ ਦੇ ਕਰੀਬ ਜਾ ਪੁੱਜਾ ਹੈ, ਜਿਸ ਨਾਲ ਲੁਕਵੀਂ ਜੰਗ ਨੂੰ ਬੇਸ਼ੁਮਾਰ ਜੋਖਮਾਂ ਵਾਲੇ ਸਿੱਧੇ ਟਕਰਾਅ ਵੱਲ ਧੱਕਿਆ ਜਾ ਰਿਹਾ ਹੈ। ਜੇ ਅਜਿਹਾ ਵਾਪਰਦਾ ਹੈ ਤਾਂ ਰੂਸ ਜੰਗ ਦੇ ਅੰਦਰੂਨੀ ਤੇ ਗੁਣਾਤਮਕ ਫੈਲਾਅ ਰਾਹੀਂ ਜਵਾਬ ਦੇਣ ਲਈ ਮਜਬੂਰ ਹੋ ਸਕਦਾ ਹੈ। ਜੇ ਰੂਸ ਵੱਲੋਂ ਨਾਟੋ ਖ਼ਿਲਾਫ਼ ਜੰਗ ਦਾ ਹੀ ਐਲਾਨ ਕਰ ਦਿੱਤਾ ਜਾਂਦਾ ਹੈ, ਤਾਂ ਕੀ ਹੋਵੇਗਾ? ਜੇ ਰੂਸ ਵੱਲੋਂ ਜੰਗ ਦਾ ਮੈਦਾਨ ਨਾਟੋ ਦੇ ਇਲਾਕੇ ਹੀ ਬਣਾ ਦਿੱਤੇ ਗਏ ਤਾਂ ਕੀ ਹੋਵੇਗਾ? ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਪਿਛਲੇ ਦਿਨੀਂ ਸਵਿੱਸ ਹਫ਼ਤਾਵਾਰੀ ‘ਡੀ ਵੈਲਚਵੌਕ’ (Die Weltwoche) ਨਾਲ ਗੱਲ ਕਰਦਿਆਂ ਕਿਹਾ ਕਿ ਆਗਾਮੀ ਸਮੇਂ ਦੌਰਾਨ ਉਨ੍ਹਾਂ ਦੀ ਤਰਜੀਹ ‘ਜੰਗ ਨੂੰ ਆਪਣੇ ਮੁਲਕ ਤੋਂ ਦੂਰ ਰੱਖਣ’ ਦੀ ਹੈ। ਇਸ ਵਿਚ ਇਹ ਅਸ਼ੁਭ ਚੇਤਾਵਨੀ ਛੁਪੀ ਹੈ ਕਿ ਯੂਕਰੇਨ ਜੰਗ ਖ਼ਤਰੇ ਵਾਲੇ ਖੇਤਰ ਵਿਚ ਦਾਖ਼ਲ ਹੋ ਰਹੀ ਹੈ।
*ਲੇਖਕ ਭਾਰਤ ਦਾ ਸਾਬਕਾ ਰਾਜਦੂਤ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All