ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਸਵਰਾਜਬੀਰ

ਸਵਰਾਜਬੀਰ

ਕੌਣ ਵਸਾਏ ਪਿੰਡ ਵੇ ਲੋਕੋ

ਕੌਣ ਵਸਾਏ ਸ਼ਹਿਰ?

ਕੌਣ ਘੜੇ ਵੇਲੇ ਦਾ ਘੜਾ

ਕੌਣ ਬੰਨ੍ਹੇ ਇਹ ਪਹਿਰ?

ਕੌਣ ਘੋਲਦਾ ਅੰਮ੍ਰਿਤ ਪਿਆਲਾ

ਕੌਣ ਪੀਵੇ ਇਹ ਜ਼ਹਿਰ?

ਕੌਣ ਤਰੇ ਦਰਿਆ ਸੁਖ਼ਨ ਦਾ

ਕੌਣ ਬੰਨ੍ਹੇ ਇਹ ਬਹਿਰ? (ਨਾਟਕ ‘ਹੱਕ’ ਦੇ ਆਰੰਭਕ ਬੋਲ)

ਸੁਪਰੀਮ ਕੋਰਟ ਦੇ ਅਤਿ-ਸਤਿਕਾਰਤ ਜੱਜ ਸਾਹਿਬ! ਤੁਸੀਂ ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਚ ਮੁਜ਼ਾਹਰਾ ਕਰਨ ਦੀ ਇਜਾਜ਼ਤ ਮੰਗਣ ਆਈ ਕਿਸਾਨ ਮਹਾਪੰਚਾਇਤ (ਜੋ ਸਿੰਘੂ-ਟਿੱਕਰੀ-ਗਾਜ਼ੀਪੁਰ ਵਿਚ ਲੱਗੇ ਮੋਰਚਿਆਂ ਦਾ ਹਿੱਸਾ ਨਹੀਂ ਹੈ) ਦੀ ਪਟੀਸ਼ਨ ਸੁਣਦੇ ਹੋਏ ਸਮੂਹ ਕਿਸਾਨਾਂ ਨੂੰ ਸੰਬੋਧਿਤ ਹੋਏ ਤੇ ਕਿਹਾ, ‘‘ਤੁਸੀਂ (ਭਾਵ ਅੰਦੋਲਨ ਕਰ ਰਹੇ ਕਿਸਾਨਾਂ) ਸਾਰੇ ਸ਼ਹਿਰ (ਭਾਵ ਦਿੱਲੀ) ਦੀ ਸੰਘੀ ਘੁੱਟ (strangulated) ਦਿੱਤੀ ਹੈ, ਹੁਣ ਤੁਸੀਂ ਸ਼ਹਿਰ ਦੇ ਅੰਦਰ ਆਉਣਾ ਚਾਹੁੰਦੇ ਹੋ!’’ ਮੈਂ ਬਹੁਤ ਆਦਰ ਤੇ ਨਿਮਰਤਾ ਨਾਲ ਆਪਣੇ ਅਤੇ ਕਿਸਾਨ ਭੈਣਾਂ-ਭਰਾਵਾਂ ਵੱਲੋਂ ਤੁਹਾਡੇ ਅੱਗੇ ਗੁਜ਼ਾਰਿਸ਼ ਕਰਨੀ ਚਾਹੁੰਦਾ ਹਾਂ ਕਿ ਅਸੀਂ ਅਜਿਹਾ ਕੋਈ ਕੰਮ ਨਹੀਂ ਕੀਤਾ। ਜੱਜ ਸਾਹਿਬ, ਸਾਡੀਆਂ ਰਗਾਂ ਵਿਚ ਅਜਿਹਾ ਲਹੂ ਨਹੀਂ ਵਗਦਾ ਜਿਹੜਾ ਸਾਡੇ ਹੱਥਾਂ ਨੂੰ ਅਜਿਹੀ ਲਰਜ਼ਸ਼ ਦੇ ਸਕੇ ਕਿ ਉਹ ਕਿਸੇ ਇਨਸਾਨ, ਸ਼ਹਿਰ, ਨਗਰ ਜਾਂ ਬਸਤੀ ਦੀ ਸੰਘੀ ਤਕ ਪਹੁੰਚ ਜਾਣ। ਅਸੀਂ ਦਸਾਂ ਨਹੁੰਆਂ ਦੀ ਕਿਰਤ ਕਰਕੇ ਅੰਨ ਉਗਾਉਣ ਵਾਲੇ ਲੋਕ ਹਾਂ, ਮਿੱਟੀ ਨਾਲ ਮਿੱਟੀ ਹੋਣ ਵਾਲੇ; ਅਸੀਂ ਸਿਆੜ ਕੱਢਦੇ ਤੇ ਬੀਜ ਬੀਜਦੇ ਹਾਂ, ਲਹਿਲਹਾਉਂਦੀਆਂ ਫ਼ਸਲਾਂ ਵੱਢ ਕੇ ਸ਼ਹਿਰਾਂ ਤੇ ਪਿੰਡਾਂ ਦੇ ਕਦਮਾਂ ਵਿਚ ਰੱਖ ਦਿੰਦੇ ਹਾਂ ਤਾਂ ਕਿ ਇਸ ਧਰਤ ਦੇ ਲੋਕ ਰੋਟੀ ਖਾਣ ਤੇ ਜਿਉਂਦੇ-ਵੱਸਦੇ ਰਹਿਣ। ਅਸੀਂ ਆਪਣੀ ਭੋਇੰ ਨਾਲ ਜੁੜੇ ਹੋਏ ਹਾਂ, ਜੋ ਤੁਸੀਂ ਕਿਹਾ ਹੈ, ਉਹ ਕਰਨਾ ਸਾਡੀ ਫ਼ਿਤਰਤ ਨਹੀਂ, ਏਦਾਂ ਕਰਨਾ ਨਾ ਤਾਂ ਸਾਡੀ ਵਿਰਾਸਤ ਹੈ, ਨਾ ਹੀ ਸਾਡੀ ਰੀਤ। ਹਾਂ, ਤੁਹਾਡੇ ਸ਼ਹਿਰ ਦੀ ਰਾਖੀ ਲਈ ਕਿਸਾਨਾਂ ਦੇ ਪੁੱਤਾਂ ਨੇ ਸਰਹੱਦਾਂ ’ਤੇ ਲੜਦਿਆਂ ਜਾਨਾਂ ਜ਼ਰੂਰ ਵਾਰੀਆਂ ਹਨ; ਤੁਸੀਂ ਇਸ ਤੱਥ ਨੂੰ ਜਾਣਦੇ ਹੋ ਪਰ ਸ਼ਾਇਦ ਉੱਪਰਲਾ ਸਵਾਲ ਪੁੱਛਦੇ ਸਮੇਂ ਤੁਸੀਂ ਕੁਝ ਪਲਾਂ ਲਈ ਇਸ ਹਕੀਕਤ ਨੂੰ ਭੁੱਲ ਗਏ।

ਜੱਜ ਸਾਹਿਬ! ਸ਼ਹਿਰਾਂ ਦਾ ਗਲਾ ਕੌਣ ਘੁੱਟਦਾ ਹੈ? ਜ਼ਰਾ ਉਸ ਸ਼ਹਿਰ, ਜਿੱਥੇ ਦੇਸ਼ ਦੀ ਸਰਬਉੱਚ ਅਦਾਲਤ ਹੈ, ਵੱਲ ਝਾਤੀ ਮਾਰਨਾ; ਮੁੰਬਈ, ਬੰਗਲੁਰੂ, ਹੈਦਰਾਬਾਦ… ਕਿਸੇ ਵੀ ਸ਼ਹਿਰ ਵੱਲ ਨਜ਼ਰ ਮਾਰਨਾ, ਇਨ੍ਹਾਂ ਵਿਚੋਂ ਕਿਸੇ ਵੀ ਸ਼ਹਿਰ ਦਾ ਗਲਾ ਕਿਸਾਨਾਂ ਨੇ ਨਹੀਂ ਘੁੱਟਿਆ; ਇਹ ਗਗਨ-ਚੁੰਬਵੀਆਂ ਇਮਾਰਤਾਂ ਤੇ ਕੰਕਰੀਟ ਦੇ ਜੰਗਲ ਕਿਸਾਨਾਂ ਦੀ ਜਾਇਦਾਦ ਨਹੀਂ ਹਨ; ਏਥੇ ਸਾਰਾ ਦਿਨ ਤੇਜ਼ ਰਫ਼ਤਾਰ ਦੌੜਦੀਆਂ ਕਾਰਾਂ, ਹਵਾ ਵਿਚ ਧੂੰਆਂ ਤੇ ਹੋਰ ਜ਼ਹਿਰੀਲੀਆਂ ਗੈਸਾਂ ਛੱਡਦੇ ਵਾਹਨ ਕਿਸਾਨਾਂ ਦੇ ਨਹੀਂ। ਸ਼ਹਿਰਾਂ ਦੀ ਸੰਘੀ ਕਿਸਾਨਾਂ ਨੇ ਨਹੀਂ, ਕੰਕਰੀਟ ਦੇ ਇਨ੍ਹਾਂ ਜੰਗਲਾਂ ਤੇ ਜ਼ਹਿਰੀਲੀਆਂ ਗੈਸਾਂ ਨੇ ਘੁੱਟੀ ਹੈ। ਇਨ੍ਹਾਂ ਇਮਾਰਤਾਂ ਵਿਚ ਕਰੋੜਾਂ ਏਅਰ-ਕੰਡੀਸ਼ਨਰ ਲੱਗੇ ਹੋਏ ਹਨ। ਯੂਨੀਵਰਸਿਟੀ ਆਫ਼ ਵਿਸਕੋਨਸਨ-ਮੈਡੀਸਨ ਦੀ ਖੋਜ ਅਨੁਸਾਰ ਦੁਨੀਆ ਦੀਆਂ 1.6 ਬਿਲੀਅਨ ਇਮਾਰਤਾਂ ਵਿਚ ਏਅਰ-ਕੰਡੀਸ਼ਨਰ ਲੱਗੇ ਹੋਏ ਹਨ। ਖੋਜ ਅਨੁਸਾਰ ਏਅਰ-ਕੰਡੀਸ਼ਨਰ ਸਾਡੇ ਦੇਸ਼ ਦੀ ਬਿਜਲੀ ਊਰਜਾ ਦਾ 10 ਫ਼ੀਸਦੀ ਵਰਤਦੇ ਹਨ ਅਤੇ 2050 ਤਕ ਇਹ ਵਰਤੋਂ ਸਾਰੇ ਦੇਸ਼ ਦੀ ਬਿਜਲੀ ਊਰਜਾ ਦਾ 45 ਫ਼ੀਸਦੀ ਹੋ ਜਾਵੇਗੀ। ਬਿਜਲੀ ਊਰਜਾ ਜ਼ਿਆਦਾਤਰ ਕੋਲੇ ਨਾਲ ਚੱਲਦੇ ਥਰਮਲ ਪਲਾਂਟਾਂ ’ਚ ਪੈਦਾ ਹੁੰਦੀ ਹੈ ਜਿਨ੍ਹਾਂ ਕਾਰਨ ਹਵਾ ਵੱਡੀ ਪੱਧਰ ’ਤੇ ਪ੍ਰਦੂਸ਼ਿਤ ਹੁੰਦੀ ਹੈ। ਸ਼ਹਿਰਾਂ ਦੀ ਸੰਘੀ ਇਹ ਪ੍ਰਦੂਸ਼ਣ ਘੁੱਟ ਰਿਹਾ ਹੈ, ਲਾਲਚ ਵਿਚ ਗ੍ਰਸੇ ਇਮਾਰਤਕਾਰ ਤੇ ਕਾਰਪੋਰੇਟ ਅਦਾਰੇ ਘੁੱਟ ਰਹੇ ਹਨ, ਸ਼ਹਿਰ ਦੀ ਸੰਘੀ ਉਹ ਜੀਵਨ-ਜਾਚ ਘੁੱਟ ਰਹੀ ਹੈ ਜਿਨ੍ਹਾਂ ਵਿਚੋਂ ਪਿੰਡਾਂ ਨੂੰ ਮਨਫ਼ੀ ਕੀਤਾ ਜਾ ਰਿਹਾ ਹੈ।

ਜੱਜ ਸਾਹਿਬ! ਤੁਸੀਂ ਬਿਹਤਰ ਤਰੀਕੇ ਨਾਲ ਜਾਣਦੇ ਹੋ ਕਿ ਵਿਸ਼ਵ ਬੈਂਕ ਅਤੇ ਕੌਮਾਂਤਰੀ ਵਿੱਤੀ ਫੰਡ (International Monetary Fund-ਆਈਐੱਮਐੱਫ਼) ਦੇ ਹਾਕਮ ਕੀ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਖੇਤੀ ਖੇਤਰ ਵਿਚ ਕੰਮ ਕਰਦੇ ਲੋਕਾਂ ਵਿਚੋਂ ਬਹੁਤਿਆਂ ਨੂੰ ਖੇਤੀ ਖੇਤਰ ’ਚੋਂ ਬਾਹਰ ਕੱਢਿਆ ਜਾਵੇ; ਕਿਸਾਨ ਬੇਜ਼ਮੀਨੇ ਤੇ ਬੇਰੁਜ਼ਗਾਰ ਹੋ ਜਾਣ, ਘੱਟ ਉਜਰਤ ’ਤੇ ਕੰਮ ਕਰਨ ਵਾਲੇ ਮਜ਼ਦੂਰ ਬਣ ਜਾਣ; ਮਜ਼ਦੂਰ ਬਣਨਾ ਕੋਈ ਮਿਹਣਾ ਨਹੀਂ ਹੈ ਪਰ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਬੇਦਖ਼ਲ ਕਰਨਾ ਅਨਿਆਂ ਹੈ। ਇਹ ਖੇਤੀ ਕਾਨੂੰਨ ਵਿਸ਼ਵ ਬੈਂਕ ਤੇ ਆਈਐੱਮਐੱਫ਼ ਦੀ ਸੋਚ ਅਨੁਸਾਰ ਬਣਾਏ ਗਏ ਹਨ ਤੇ ਇਹ ਗੱਲ ਸਰਕਾਰ ਵੀ ਜਾਣਦੀ ਹੈ, ਮਾਹਿਰ ਵੀ ਤੇ ਤੁਸੀਂ ਵੀ। ਜੱਜ ਸਾਹਿਬ! ਅਸੀਂ ਦਿੱਲੀ ਦੀਆਂ ਬਰੂਹਾਂ ’ਤੇ ਸ਼ਹਿਰ ਦੀ ਸੰਘੀ ਘੁੱਟਣ ਨਹੀਂ, ਨਿਆਂ ਕਰਨ ਦੀ ਫ਼ਰਿਆਦ ਲੈ ਕੇ ਆਏ ਹਾਂ। ਤੁਸੀਂ ਕਿਹਾ (ਮੈਂ ਦੁਹਰਾ ਰਿਹਾ ਹਾਂ) ‘‘ਤੁਸੀਂ ਸ਼ਹਿਰ ਦੀ ਸੰਘੀ ਘੁੱਟ ਦਿੱਤੀ ਹੈ, ਹੁਣ ਤੁਸੀਂ ਸ਼ਹਿਰ ਦੇ ਅੰਦਰ ਆਉਣਾ ਚਾਹੁੰਦੇ ਹੋ!’’ ਜੱਜ ਸਾਹਿਬ! ਮੈਂ ਫਿਰ ਬੜੀ ਨਿਮਰਤਾ ਨਾਲ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਕੀ ਅਸੀਂ ਸ਼ਹਿਰ ਵਿਚ ਨਹੀਂ ਆ ਸਕਦੇ? ਕੀ ਅਸੀਂ ਬੇਗ਼ਾਨੇ ਜਾਂ ਅਸੱਭਿਆ ਹਾਂ? ਕੀ ਅਸੀਂ ਇਸ ਦੇਸ਼ ਦੇ ਨਾਗਰਿਕ ਨਹੀਂ? ਕੀ ਅਸੀਂ ਇਸ ਦੇਸ਼ ਲਈ ਖ਼ੂਨ-ਪਸੀਨਾ ਇਕ ਨਹੀਂ ਕੀਤਾ ਹੈ? ਕੀ ਸਾਡੇ ਬਾਬਿਆਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਲੜਦਿਆਂ ਜਾਨਾਂ ਕੁਰਬਾਨ ਨਹੀਂ ਕੀਤੀਆਂ?

ਜੱਜ ਸਾਹਿਬ! ਹੁਣ ਮੈਂ ਕੁਝ ਸ਼ਬਦ ਆਪਣੇ ਪੰਜਾਬੀ ਕਿਸਾਨ ਭੈਣਾਂ-ਭਰਾਵਾਂ ਵੱਲੋਂ ਕਹਿਣਾ ਚਾਹੁੰਦਾ ਹਾਂ। ਅਸੀਂ ਪੰਜਾਬੀ ਬਾਬਾ ਨਾਨਕ, ਸ਼ੇਖ ਫ਼ਰੀਦ, ਬੁੱਲ੍ਹੇ ਸ਼ਾਹ, ਬਾਬਾ ਸੋਹਨ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਸੈਫ਼ੂਦੀਨ ਕਿਚਲੂ, ਡਾ. ਸਤਪਾਲ, ਭਗਤ ਸਿੰਘ ਤੇ ਸੁਖਦੇਵ ਦੇ ਵਾਰਸ ਹਾਂ। ਸਾਨੂੰ ਗੁਰੂ ਅਰਜਨ ਦੇਵ ਜੀ ਨੇ ਇਹ ਸਿੱਖਿਆ ਦਿੱਤੀ ਹੈ, ‘‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।।’’

ਜੱਜ ਸਾਹਿਬ! ਮੈਂ ਏਥੇ ਇਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਮਨ ਵਿਚ ਇਹ ‘ਤੁਸੀਂ’ ਸ਼ਬਦ ਕਿਵੇਂ ਆਇਆ। ਤੁਹਾਡੇ ਸਵਾਲ ਦੀ ਸੀਰਤ ’ਚ ‘ਅਸੀਂ’ (ਭਾਵ ਸ਼ਹਿਰ ਵਾਸੀ) ਤੇ ‘ਤੁਸੀਂ’ (ਭਾਵ ਦਿਹਾਤੀ, ਕਿਸਾਨ) ਦੀ ਵੰਡ ਪ੍ਰਤੱਖ ਦਿਖਾਈ ਦਿੰਦੀ ਹੈ; ਇਹ ਗੱਲ ਬਹੁਤ ਪੀੜ ਪਹੁੰਚਾਉਣ ਵਾਲੀ ਹੈ ਕਿ ਤੁਸੀਂ ਸਾਨੂੰ ਓਪਰੇ, ਪਰਾਏ ਤੇ ਬੇਗ਼ਾਨੇ ਸਮਝਿਆ। ਅਸੀਂ ਤਾਂ ਸਮਝਦੇ ਸਾਂ/ਹਾਂ ਕਿ ਤੁਸੀਂ ਸਾਡੇ ਆਪਣੇ ਹੋ, ਸਾਨੂੰ ਨਿਆਂ ਦੇਣ ਵਾਲੇ; ਸਾਨੂੰ ਉਮੀਦ ਸੀ ਕਿ ਇਹ ‘ਅਸੀਂ-ਤੁਸੀਂ’ ਦੀ ਵੰਡ ਘੱਟੋ ਘੱਟ ਤੁਹਾਡੇ ਮਨ ਵਿਚ ਤਾਂ ਨਹੀਂ ਆਏਗੀ।

ਦਿੱਲੀ ਸਾਡੀ ਰਾਜਧਾਨੀ ਹੈ; ਸਾਡੇ ਦੇਸ਼ ਦਾ ਦਿਲ। ਇਸ ਦੀਆਂ ਬਰੂਹਾਂ ’ਤੇ ਅਸੀਂ ਇਸ ਉਮੀਦ ਨਾਲ ਆਏ ਸਾਂ/ਹਾਂ ਕਿ ਸਾਡੀ ਰਾਜਧਾਨੀ ਸਾਡੀ ਗੱਲ ਸੁਣੇਗੀ; ਤੇ ਜੱਜ ਸਾਹਿਬ! ਤੁਸੀਂ ਦੇਖਿਆ ਹੈ, ਸਾਨੂੰ ਏਥੇ ਬੈਠਿਆਂ ਨੂੰ 10 ਮਹੀਨੇ ਹੋ ਗਏ ਹਨ; ਪੰਜਾਬ ਦੇ 700 ਤੋਂ ਵੱਧ ਕਿਸਾਨ ਏਥੇ ਸ਼ਹੀਦ ਹੋਏ ਹਨ; ਪਰ ਸਰਕਾਰ ਗੱਲ ਨਹੀਂ ਸੁਣ ਰਹੀ। ਜੱਜ ਸਾਹਿਬ! ਤੁਸੀਂ ਸਰਕਾਰ ਨੂੰ ਕਿਉਂ ਨਹੀਂ ਕਿਹਾ ਕਿ ਸਾਡੀ ਗੱਲ ਸੁਣੇ। 22 ਜਨਵਰੀ ਤੋਂ ਬਾਅਦ, ਅੱਠ ਮਹੀਨੇ ਹੋਣ ਲੱਗੇ ਹਨ, ਸਰਕਾਰ ਨੇ ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਸਰਕਾਰੀ ਚੁੱਪ ਦੇ ਅੱਠ ਮਹੀਨੇ ਸਾਡੇ ਲਈ ਅੱਠ ਸਦੀਆਂ ਵਰਗੇ ਹਨ; ਕਿਸਾਨ ਭੈਣ-ਭਰਾ ਖੁੱਲ੍ਹੇ ਅਸਮਾਨ ਹੇਠਾਂ ਬੈਠੇ ਹਨ। ਉਨ੍ਹਾਂ ਸਿਆਲਾਂ ਦੀਆਂ ਹੱਡ-ਚੀਰਵੀਆਂ ਰਾਤਾਂ, ਗਰਮੀਆਂ ਦੇ ਪਿੰਡੇ ਲੂੰਹਦੇ ਦਿਨ ਤੇ ਮੀਂਹ-ਝੱਖੜ, ਸਭ ਝੱਲੇ ਹਨ; ਉਹ ਬਿਮਾਰ ਪਏ ਹਨ; ਮੌਤਾਂ ਹੋਈਆਂ ਹਨ। ਸਰਕਾਰੀ ਚੁੱਪ ਕਿੰਨੀ ਕਰੂਰ ਤੇ ਕਠੋਰ ਹੋ ਸਕਦੀ ਹੈ, ਉਹ ਅਸੀਂ ਜਾਣਦੇ ਹਾਂ। ਤੁਹਾਡਾ ਇਕ ਹੁਕਮ ਇਸ ਚੁੱਪ ਨੂੰ ਤੁੜਵਾ ਸਕਦਾ ਸੀ/ਹੈ ਪਰ ਤੁਸੀਂ ਸਰਕਾਰ ਨੂੰ ਅਜਿਹਾ ਕੋਈ ਹੁਕਮ ਨਹੀਂ ਦਿੱਤਾ। ਸਰਕਾਰ ਨੂੰ ਪੁੱਛਿਆ ਵੀ ਨਹੀਂ ਕਿ ਗੱਲਬਾਤ ਕਿਉਂ ਨਹੀਂ ਕਰ ਰਹੀ; ਕਿਸਾਨਾਂ, ਜਿਨ੍ਹਾਂ ਦਾ ਅੰਦੋਲਨ ਸ਼ਾਂਤਮਈ ਅਤੇ ਸੰਜਮ ਦਾ ਮੁਜੱਸਮਾ ਹੈ, ਨਾਲ ਗੱਲਬਾਤ ਦਾ ਸਿਲਸਿਲਾ ਕਿਉਂ ਤੋੜਿਆ ਗਿਆ ਹੈ? ਜੱਜ ਸਾਹਿਬ! ਕਿਉਂ? ਇਹ ਵਖਰੇਵਾਂ ਕਿਉਂ? ਸਾਨੂੰ ਤਾਂ ਸ਼ਹਿਰ ਦੀ ਸੰਘੀ ਘੁੱਟਣ ਵਾਲੇ ਗਰਦਾਨਿਆ ਜਾ ਰਿਹਾ ਹੈ ਅਤੇ ਸਾਡੀ ਸੰਘੀ ਘੁੱਟਣ ਵਾਲੀ ਸਰਕਾਰ ਨੂੰ ਕੋਈ ਸਵਾਲ ਨਹੀਂ ਪੁੱਛਿਆ ਜਾ ਰਿਹਾ?

ਜੱਜ ਸਾਹਿਬ! ਤੁਸੀਂ ਕਿਹਾ/ਪੁੱਛਿਆ ਹੈ, ‘‘ਹੁਣ ਤੁਸੀਂ ਸ਼ਹਿਰ ਅੰਦਰ ਆਉਣਾ ਚਾਹੁੰਦੇ ਹੋ?’’ ਜੱਜ ਸਾਹਿਬ, ਰਾਜਧਾਨੀ ਦੇ ਇਤਿਹਾਸ ਵਿਚ ਹਜ਼ਾਰਾਂ ਮੁਜ਼ਾਹਰੇ ਹੋਏ ਹਨ। ਮਾਰਚ 1919 ਵਿਚ ਜਦ ਪੰਜਾਬ ਵਿਚ ਰੌਲਟ ਐਕਟ ਵਿਰੁੱਧ ਅੰਦੋਲਨ ਪ੍ਰਚੰਡ ਹੋ ਰਿਹਾ ਸੀ ਤਾਂ ਦਿੱਲੀ ਵੀ ਪੰਜਾਬ ਦੇ ਨਾਲ ਸੀ। 30 ਮਾਰਚ 1919 ਨੂੰ ਦਿੱਲੀ ਵਿਚ ਹੜਤਾਲ ਹੋਈ, ਫ਼ੌਜ ਨੇ ਹੜਤਾਲ ਕਰਨ ਵਾਲਿਆਂ ’ਤੇ ਗੋਲੀ ਚਲਾਈ, 6 ਲੋਕ ਮਾਰੇ ਗਏ ਅਤੇ 16 ਜ਼ਖ਼ਮੀ ਹੋਏ ਸਨ; ਇਹ 13 ਅਪਰੈਲ ਨੂੰ ਜੱਲ੍ਹਿਆਂਵਾਲੇ ਬਾਗ ਵਿਚ ਵਾਪਰੇ ਖ਼ੂਨੀ ਸਾਕੇ ਦੀ ਪ੍ਰਸਤਾਵਨਾ ਸੀ। ਏਥੇ ਹੀ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਨੇ ਬਸਤੀਵਾਦੀ ਸਰਕਾਰ ਦੇ ਲੋਕ ਵਿਰੋਧੀ ਕਾਨੂੰਨਾਂ (ਪਬਲਿਕ ਸੇਫ਼ਟੀ ਐਕਟ ਅਤੇ ਟਰੇਡ ਡਿਸਪਿਊਟ ਐਕਟ) ਵਿਰੁੱਧ ਰੋਸ ਪ੍ਰਗਟ ਕਰਨ ਲਈ 1929 ਵਿਚ ਅਸੈਂਬਲੀ ਵਿਚ ਬੰਬ ਸੁੱਟਿਆ ਸੀ, ਕਿਸੇ ਨੂੰ ਮਾਰਨ ਲਈ ਨਹੀਂ, ਵੇਲੇ ਦੀ ਬੋਲੀ ਸਰਕਾਰ ਦੇ ਕੰਨਾਂ ਤਕ ਲੋਕਾਂ ਦੀ ਆਵਾਜ਼ ਪਹੁੰਚਾਉਣ ਲਈ।

… ਤੇ 346 ਵਰ੍ਹੇ ਪਹਿਲਾਂ (1675 ਈਸਵੀ ਵਿਚ) ਏਥੇ ਸਾਡੇ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਸਾਥੀ ਹੱਕ-ਸੱਚ ਦੀ ਲੜਾਈ ਲਈ ਸ਼ਹੀਦ ਹੋਏ ਸਨ ਅਤੇ 305 ਸਾਲ ਪਹਿਲਾਂ (1716 ਈਸਵੀ ਵਿਚ) ਏਥੇ ਹੀ ਬੰਦਾ ਸਿੰਘ ਬਹਾਦਰ ਤੇ ਉਸ ਦੇ ਸੈਂਕੜੇ ਸਾਥੀਆਂ ਨੇ ਸ਼ਹਾਦਤ ਨੂੰ ਗਲੇ ਲਗਾਇਆ ਸੀ ਅਤੇ 238 ਵਰ੍ਹੇ ਪਹਿਲਾਂ (1783 ਈਸਵੀ ਵਿਚ) ਸਰਦਾਰ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਵਿਚ ਸਿੱਖ ਮਿਸਲਾਂ ਨੇ ਏਥੇ ਜਿੱਤ ਦੇ ਝੰਡੇ ਲਹਿਰਾਏ ਸਨ; ਤੀਸ ਹਜ਼ਾਰੀ, ਜਿੱਥੇ ਸਥਾਨਕ ਅਦਾਲਤਾਂ ਹਨ, ਉਹ 30 ਹਜ਼ਾਰ ਸਿੱਖ ਸੈਨਿਕਾਂ, ਜਿਨ੍ਹਾਂ ਦਿੱਲੀ ਫ਼ਤਿਹ ਕੀਤੀ, ਦੇ ਨਾਂ ’ਤੇ ਹੀ ਹੈ।

… ਤੇ 1947 ਨੇ ਪੰਜਾਬ ਤੇ ਦਿੱਲੀ ਵਿਚ ਇਕ ਹੋਰ ਰਿਸ਼ਤਾ ਕਾਇਮ ਕੀਤਾ… ਦੁੱਖ-ਦਰਦ ਵੰਡਾਉਣ ਦਾ। 1947 ਵਿਚ ਪੰਜਾਬ ਵੰਡਿਆ, ਵਲੂੰਧਰਿਆ ਗਿਆ, ਪੰਜਾਬੀਆਂ ਨੇ ਆਪਣੇ ਆਪ ਨੂੰ ਕੋਹਿਆ, ਕਤਲੋਗਾਰਤ ਹੋਈ, 10 ਲੱਖ ਪੰਜਾਬੀ ਮਾਰੇ ਗਏ ਅਤੇ ਲੱਖਾਂ ਉੱਜੜੇ ਤੇ ਬੇਘਰ ਹੋਏ। ਲਹਿੰਦੇ ਪੰਜਾਬ ਵਿਚੋਂ ਉੱਜੜੇ ਪੰਜਾਬੀਆਂ ਦੇ ਕਾਫ਼ਲੇ ਦਿੱਲੀ ਆ ਗਏ। ਦਿੱਲੀ ਨੇ ਉਨ੍ਹਾਂ ਨੂੰ ਪਨਾਹ ਦਿੱਤੀ। ਚਾਰ ਲੱਖ ਤੋਂ ਜ਼ਿਆਦਾ ਪੰਜਾਬੀਆਂ ਨੇ ਆਪਣੀ ਕਿਸਮਤ ਦਿੱਲੀ ਵਿਚ ਤਲਾਸ਼ਣੀ/ਢੂੰਡਣੀ ਸ਼ੁਰੂ ਕੀਤੀ। ਉਨ੍ਹਾਂ ਵਿਚੋਂ ਬਹੁਤੇ ਵਪਾਰੀ, ਦਸਤਕਾਰ ਤੇ ਮਿਹਨਤ-ਮੁਸ਼ੱਕਤ ਕਰਨ ਵਾਲੇ ਲੋਕ ਸਨ। ਉਸ ਅਪਾਰ ਦੁੱਖ ’ਚੋਂ ਲੰਘਦਿਆਂ ਪੰਜਾਬੀਆਂ ਨੇ ਜ਼ਿੰਦਗੀ ਦੇ ਨਕਸ਼ ਮੁੜ ਘੜੇ, ਖ਼ੁਦ ਪੈਰਾਂ ’ਤੇ ਖੜ੍ਹੇ ਹੋਏ ਤੇ ਦਿੱਲੀ ਨੂੰ ਬਣਾਇਆ-ਸੰਵਾਰਿਆ…। ਜੱਜ ਸਾਹਿਬ! ਇਸ ਸ਼ਹਿਰ ਨੂੰ ਬਣਾਉਣ-ਸੰਵਾਰਨ ਵਿਚ ਪੰਜਾਬੀਆਂ ਦਾ ਵੀ ਵੱਡਾ ਹਿੱਸਾ ਹੈ।

ਪੁਰਾਣੀਆਂ ਗੱਲਾਂ ਛੱਡ ਕੇ ਵਰਤਮਾਨ ਵੱਲ ਆਈਏ ਤਾਂ ਪਿਛਲੇ ਦਹਾਕੇ ਵਿਚ ਇਸ ਸ਼ਹਿਰ ਵਿਚ ਵੱਡੇ ਅੰਦੋਲਨ ਹੋਏ: ਨਿਰਭਯਾ ਨਾਲ ਹੋਏ ਜਬਰ-ਜਨਾਹ ਵਿਰੁੱਧ ਅੰਦੋਲਨ, ਅੰਨਾ ਹਜ਼ਾਰੇ ਦੀ ਅਗਵਾਈ ਵਿਚ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਅਤੇ ਕਈ ਹੋਰ। ਲੱਖਾਂ ਲੋਕਾਂ ਨੇ ਇਨ੍ਹਾਂ ਅੰਦੋਲਨਾਂ ਵਿਚ ਹਿੱਸਾ ਲਿਆ; ਜਮਹੂਰੀਅਤ ਵਿਚ ਏਦਾਂ ਹੀ ਹੁੰਦਾ ਹੈ ਤੇ ਏਦਾਂ ਹੀ ਹੋਣਾ ਚਾਹੀਦਾ ਹੈ ਅਤੇ ਇਸੇ ਲਈ ਮੁੱਖ ਮੁੱਦਾ ਇਹ ਹੈ ਕਿ ਸਾਡੇ ਦਿੱਲੀ ਆਉਣ ਬਾਰੇ ਸਵਾਲ ਕਿਉਂ ਉਠਾਏ ਜਾ ਰਹੇ ਹਨ। ਉੱਘੇ ਕਾਨੂੰਨ ਸ਼ਾਸਤਰੀ ਅਰਲ ਵਾਰਨ (Earl Warren) ਦਾ ਕਥਨ ਹੈ ਕਿ ਰੂਪ/ਸ਼ਬਦ ਨਹੀਂ ਸਗੋਂ ਕਾਨੂੰਨ ਵਿਚਲੀ ਭਾਵਨਾ ਨਿਆਂ ਨੂੰ ਜ਼ਿੰਦਾ ਰੱਖਦੀ ਹੈ। ਸੰਵਿਧਾਨ ਅਤੇ ਕਾਨੂੰਨ ਵਿਚਲੀਆਂ ਭਾਵਨਾਵਾਂ ਦੇਸ਼ ਦੇ ਕਰੋੜਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੱਕ ਵਿਚ ਖੜ੍ਹਨ ਵਾਲੀਆਂ ਹਨ। ਕਿਸੇ ਕਾਨੂੰਨ ਨੂੰ ਤਕਨੀਕੀ ਰੂਪ ਵਿਚ ਲਾਗੂ ਕਰਕੇ ਹੱਕ-ਸੱਚ ਦੀ ਲੜਾਈ ਨੂੰ ਕੁਚਲਣਾ ਸੰਵਿਧਾਨ ਅਤੇ ਕਾਨੂੰਨ ਨਾਲ ਬੇਇਨਸਾਫ਼ੀ ਹੈ। ਕਿਸਾਨ ਸੁਪਰੀਮ ਕੋਰਟ ਤੋਂ ਨਿਆਂ ਦੀ ਆਸ ਰੱਖਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All