ਰਾਮਚੰਦਰ ਗੁਹਾ
ਕੁਝ ਦਿਨ ਪਹਿਲਾਂ ਮੈਂ ਵਾਲਟਰ ਕਰੌਕਰ ਦੀ 1966 ਵਿਚ ਲਿਖੀ ਕਿਤਾਬ ‘ਨਹਿਰੂ: ਏ ਕੰਟੈਂਪਰੇਰੀ’ਜ਼ ਐਸਟੀਮੇਟ’ (ਨਹਿਰੂ: ਇਕ ਸਮਕਾਲੀ ਦਾ ਅਨੁਮਾਨ) ਉਪਰ ਮੁੜ ਝਾਤ ਮਾਰ ਰਿਹਾ ਸੀ। ਇਹ ਕਿਤਾਬ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦੀ ਜ਼ਿੰਦਗੀ ਅਤੇ ਵਿਰਾਸਤ ਦੇ ਅਧਿਐਨ ਦੀ ਹਾਲੇ ਤੱਕ ਵੀ ਬਿਹਤਰੀਨ ਇਕਹਿਰੀ ਜਿਲਦ ਚਲੀ ਆ ਰਹੀ ਹੈ ਅਤੇ ਇਹ ਕਿਤਾਬ ਨਹਿਰੂ ਦੇ ਦੇਸ਼ ਬਾਰੇ ਵੀ ਬਹੁਤ ਸਾਰੀਆਂ ਦਿਲਚਸਪ ਗੱਲਾਂ ਦੱਸਦੀ ਹੈ। ਭਾਰਤ ਦੇ ਜਿਸ ਹਿੱਸੇ ਵਿਚ ਮੈਂ ਰਹਿੰਦਾ ਹਾਂ, ਉਸ ਬਾਰੇ ਕੀਤੀਆਂ ਕੁਝ ਟਿੱਪਣੀਆਂ ’ਤੇ ਰਤਾ ਗ਼ੌਰ ਫਰਮਾਉਣ ਦੀ ਜ਼ਹਿਮਤ ਕਰਿਓ: ‘ਭਾਰਤੀ ਗਣਰਾਜ ਵਿਚ ਦੱਖਣ ਭਾਰਤ ਦੀ ਕੋਈ ਖ਼ਾਸ ਗਿਣਤੀ ਨਹੀਂ ਕੀਤੀ ਜਾਂਦੀ। ਭਾਰਤ ਲਈ ਇਹ ਬਦਨਸੀਬੀ ਅਤੇ ਦੱਖਣੀ ਭਾਰਤ ਲਈ ਧੱਕਾ ਹੀ ਕਹੀ ਜਾਵੇਗੀ ਕਿਉਂਕਿ ਕੁਝ ਮਾਮਲਿਆਂ ਵਿਚ ਦੱਖਣ ਦਾ ਹੱਥ ਉਤਾਂਹ ਹੈ- ਇੱਥੇ ਨਿਸਬਤਨ ਹਿੰਸਾ ਘੱਟ ਹੁੰਦੀ ਹੈ, ਮੁਸਲਿਮ ਵਿਰੋਧੀ ਅਸਹਿਣਸ਼ੀਲਤਾ ਵੀ ਘੱਟ ਪਾਈ ਜਾਂਦੀ ਹੈ, ਇੱਥੋਂ ਦੀਆਂ ਯੂਨੀਵਰਸਿਟੀਆਂ ਵਿਚ ਅਨੁਸ਼ਾਸਨਹੀਣਤਾ ਅਤੇ ਹੁੜਦੰਗਪੁਣਾ ਨਾਂਮਾਤਰ ਹੀ ਹੁੰਦਾ ਹੈ, ਇਸ ਦੇ ਵਿੱਦਿਅਕ ਮਿਆਰ ਨਿਸਬਤਨ ਬਿਹਤਰ ਹਨ, ਸਰਕਾਰ ਦਾ ਕੰਮਕਾਜ ਬਿਹਤਰ ਪਾਇਆ ਜਾਂਦਾ ਹੈ, ਇਸ ਦੀ ਸਾਫ਼ ਸਫ਼ਾਈ ਵੀ ਬਿਹਤਰ ਹੈ, ਭ੍ਰਿਸ਼ਟਾਚਾਰ ਦੀ ਅਲਾਮਤ ਵੀ ਨਿਸਬਤਨ ਘੱਟ ਹੈ ਅਤੇ ਇੱਥੋਂ ਦੇ ਲੋਕਾਂ ਨੂੰ ਹਿੰਦੂ ਸ਼ਾਵਨਵਾਦ ਦਾ ਬਹੁਤਾ ਚਸਕਾ ਨਹੀਂ ਹੈ।’
ਕਰੌਕਰ ਦੀ ਇਸ ਤਹਿਰੀਰ ਤੋਂ ਤਕਰੀਬਨ ਅੱਧੀ ਸਦੀ ਬਾਅਦ ਅਰਥਸ਼ਾਸਤਰੀ ਸੈਮੁਅਲ ਪਾੱਲ ਅਤੇ ਕਾਲਾ ਸੀਤਾਰਾਮ ਸ੍ਰੀਧਰ ਨੇ ਇਕ ਕਿਤਾਬ ਲਿਖੀ ਹੈ ਜਿਸ ਦਾ ਨਾਂ ਹੈ ‘ਦਿ ਪੈਰਾਡੌਕਸ ਆਫ ਇੰਡੀਆ’ਜ਼ ਨੌਰਥ-ਸਾਊਥ ਡਿਵਾਈਡ’ (ਭਾਰਤ ਦੇ ਉੱਤਰ-ਦੱਖਣ ਪਾੜੇ ਦਾ ਵਿਰੋਧਾਭਾਸ) (ਸੇਜ ਪਬਲੀਕੇਸ਼ਨਜ਼, 2015)। ਇਸ ਵਿਚ ਬਹੁਤ ਸਾਰੇ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ’ਚੋਂ ਬਹੁਤੇ ਸਰਕਾਰੀ ਸਰੋਤਾਂ ਤੋਂ ਲਏ ਗਏ ਹਨ ਅਤੇ ਕਿਤਾਬ ਵਿਚ ਦਲੀਲ ਪੇਸ਼ ਕੀਤੀ ਗਈ ਹੈ ਕਿ ਆਰਥਿਕ ਵਿਕਾਸ ਦੇ ਮਾਮਲੇ ਵਿਚ ਦੱਖਣੀ ਭਾਰਤ ਨੇ ਉੱਤਰੀ ਭਾਰਤ ਦੇ ਮੁਕਾਬਲੇ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ। ਪਾੱਲ ਅਤੇ ਸ੍ਰੀਧਰ ਨੇ ਦੋ ਕਿਸਮ ਦੀ ਤੁਲਨਾ ਕੀਤੀ ਹੈ। ਪਹਿਲਾਂ ਉਨ੍ਹਾਂ ਦੱਖਣੀ ਭਾਰਤ ਦੇ ਵੱਡੇ ਸੂਬੇ ਤਾਮਿਲ ਨਾਡੂ ਅਤੇ ਉੱਤਰੀ ਭਾਰਤ ਦੇ ਵੱਡੇ ਸੂਬੇ ਉੱਤਰ ਪ੍ਰਦੇਸ਼ ਨੂੰ ਆਹਮੋ ਸਾਹਮਣੇ ਰੱਖਿਆ ਹੈ। ਇਸ ਤੋਂ ਬਾਅਦ ਉਨ੍ਹਾਂ ਵਡੇਰੇ ਰੂਪ ਵਿਚ ਦੋਵੇਂ ਖਿੱਤਿਆਂ ਦੇ ਆਪੋ ਆਪਣੇ ਖੇਤਰਾਂ ਦੀ ਤੁਲਨਾ ਕੀਤੀ ਹੈ ਜਿਨ੍ਹਾਂ ’ਚ ਚਾਰ ਦੱਖਣੀ ਸੂਬਿਆਂ- ਤਾਮਿਲ ਨਾਡੂ, ਕਰਨਾਟਕ, ਅਣਵੰਡਿਆ ਆਂਧਰਾ ਪ੍ਰਦੇਸ਼ ਅਤੇ ਕੇਰਲਾ- ਦਾ ਚਾਰ ਉੱਤਰੀ ਸੂਬਿਆਂ- ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ- ਦਾ ਤੁਲਨਾਤਮਿਕ ਅਧਿਐਨ ਕੀਤਾ ਹੈ।
ਪਾੱਲ ਅਤੇ ਸ੍ਰੀਧਰ ਵੱਲੋਂ ਵਰਤੇ ਗਏ ਅੰਕੜਿਆਂ ਦੀ ਸ਼ੁਰੂਆਤ 1960 ਤੋਂ ਹੁੰਦੀ ਹੈ ਜਦੋਂ ਤਾਮਿਲ ਨਾਡੂ ਦੀ ਪ੍ਰਤੀ ਜੀਅ ਆਮਦਨ ਉੱਤਰ ਪ੍ਰਦੇਸ਼ ਨਾਲੋਂ 51 ਫ਼ੀਸਦ ਵਧੇਰੇ ਸੀ। 1980ਵਿਆਂ ਵਿਚ ਇਹ ਪਾੜਾ ਘਟ ਕੇ 39 ਫ਼ੀਸਦ ਰਹਿ ਗਿਆ ਸੀ। ਉਂਜ, ਉਸ ਤੋਂ ਬਾਅਦ ਦੇ ਦਹਾਕਿਆਂ ਵਿਚ ਇਹ ਪਾੜਾ ਮੁੜ ਵਧਣਾ ਸ਼ੁਰੂ ਹੋ ਗਿਆ ਅਤੇ 2005 ਵਿਚ ਤਾਮਿਲ ਨਾਡੂ ਦਾ ਇਕ ਆਮ ਵਸਨੀਕ ਉੱਤਰ ਪ੍ਰਦੇਸ਼ ਦੇ ਆਮ ਵਸਨੀਕ ਨਾਲੋਂ 128 ਫ਼ੀਸਦ ਜ਼ਿਆਦਾ ਕਮਾਈ ਕਰ ਰਿਹਾ ਸੀ। (ਆਨਲਾਈਨ ਉਪਲਬਧ ਅੰਕੜਿਆਂ ਮੁਤਾਬਿਕ 2021 ਤੱਕ ਇਹ ਪਾੜਾ ਵਧ ਕੇ ਕਰੀਬ 300 ਫ਼ੀਸਦ ਹੋ ਗਿਆ ਹੈ।)
ਦੱਖਣ ਤੇ ਉੱਤਰ ਨੂੰ ਸਮੁੱਚੇ ਰੂਪ ਵਿਚ ਲੈਂਦਿਆਂ ਕਿਤਾਬ ਵਿਚ ਪਾਇਆ ਗਿਆ ਹੈ ਕਿ 1960-61 ਵਿਚ ਦੋਵੇਂ ਖੇਤਰਾਂ ਦਰਮਿਆਨ ਪ੍ਰਤੀ ਜੀਅ ਆਮਦਨ ਦੇ ਲਿਹਾਜ਼ ਤੋਂ ਪਾੜਾ ਸਿਰਫ਼ 39 ਫ਼ੀਸਦ ਸੀ ਜੋ ਚਾਲੀ ਸਾਲਾਂ ਬਾਅਦ ਵਧ ਕੇ 101 ਫ਼ੀਸਦ ਹੋ ਗਿਆ ਸੀ ਤੇ ਹੁਣ 2021 ਵਿਚ ਇਹ ਪਾੜਾ ਹੋਰ ਵੀ ਜ਼ਿਆਦਾ ਹੋ ਗਿਆ ਹੈ। ਪਾੱਲ ਅਤੇ ਸ੍ਰੀਧਰ ਦੇ ਵਿਸ਼ਲੇਸ਼ਣ ਮੁਤਾਬਿਕ ਇਸ ਵੇਲੇ ਚਾਰ ਉੱਤਰੀ ਸੂਬਿਆਂ ਵਿਚ ਸਾਲਾਨਾ ਪ੍ਰਤੀ ਜੀਅ ਆਮਦਨ ਲਗਪਗ ਚਾਰ ਹਜ਼ਾਰ ਅਮਰੀਕੀ ਡਾਲਰ ਹੈ ਅਤੇ ਚਾਰ ਦੱਖਣੀ ਸੂਬਿਆਂ ਵਿਚ ਸਾਲਾਨਾ ਪ੍ਰਤੀ ਜੀਅ ਆਮਦਨ 10 ਹਜ਼ਾਰ ਡਾਲਰ ਤੋਂ ਜ਼ਿਆਦਾ ਹੈ ਜੋ ਤਕਰੀਬਨ 250 ਫ਼ੀਸਦ ਤੋਂ ਜ਼ਿਆਦਾ ਬਣਦੀ ਹੈ।
ਦੋਵੇਂ ਲੇਖਕਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਦੋ ਖੇਤਰ ਅਜਿਹੇ ਹਨ ਜਿਨ੍ਹਾਂ ਵਿਚ ਦੱਖਣ ਨੇ ਉੱਤਰ ਨਾਲੋਂ ਵਧੀਆ ਕਾਰਕਰਦਗੀ ਦਿਖਾਈ ਹੈ। ਪਹਿਲਾ ਖੇਤਰ ਮਹਿਲਾ ਸਾਖਰਤਾ ਦਰ, ਬਾਲ ਮੌਤ ਦਰ ਅਤੇ ਲੰਮੇਰੀ ਉਮਰ ਨਾਲ ਸਬੰਧਤ ਹੈ ਜਦੋਂਕਿ ਦੂਜਾ ਤਕਨੀਕੀ ਸਿੱਖਿਆ, ਬਿਜਲੀ ਦੀ ਪੈਦਾਵਾਰ ਅਤੇ ਸੜਕਾਂ ਦੇ ਮਿਆਰ ਅਤੇ ਲੰਬਾਈ ਜਿਹੇ ਆਰਥਿਕ ਵਿਕਾਸ ਲਈ ਬੇਹੱਦ ਅਹਿਮ ਪੈਮਾਨਿਆਂ ਨਾਲ ਜੁੜਿਆ ਹੋਇਆ ਹੈ। ਪਹਿਲੇ ਖੇਤਰ ਦਾ ਸਮੂਹ ਸਿਹਤਮੰਦ ਤੇ ਬਿਹਤਰ ਪੜ੍ਹੇ ਲਿਖੇ ਨਾਗਰਿਕ ਪੈਦਾ ਕਰਦਾ ਹੈ ਜੋ ਆਧੁਨਿਕ ਅਰਥਚਾਰੇ ਵਿਚ ਹਿੱਸਾ ਲੈਂਦੇ ਹਨ ਜਦੋਂਕਿ ਦੂਜੇ ਖੇਤਰ ਦਾ ਸਮੂਹ ਨਿਰਮਾਣ ਅਤੇ ਸੇਵਾਵਾਂ ਦੇ ਖੇਤਰ ਵਿਚ ਉੱਚ ਮਿਆਰੀ ਉਤਪਾਦਕਤਾ ਅਤੇ ਕੁਸ਼ਲਤਾ ਲਿਆਉਂਦਾ ਹੈ।
ਪਾੱਲ ਅਤੇ ਸ੍ਰੀਧਰ ਨੇ ਇਹ ਵੀ ਪਾਇਆ ਹੈ ਕਿ ਸ਼ਾਸਨ ਦੇ ਸੂਚਕਾਂ ਪੱਖੋਂ ਵੀ ਦੱਖਣ ਨੇ ਉੱਤਰ ਦੇ ਮੁਕਾਬਲੇ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ। ਦੱਖਣੀ ਸੂਬਿਆਂ ਵਿਚ ਸਰਕਾਰੀ ਸਕੂਲਾਂ ਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਉੱਤਰੀ ਸੂਬਿਆਂ ਦੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਨਾਲੋਂ ਕਿਤੇ ਬਿਹਤਰ ਹੈ। ਦੱਖਣ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਅੱਧ ਵਿਚਾਲੇ ਛੱਡਣ ਦੀ ਦਰ ਘੱਟ ਹੈ ਤੇ ਇੱਥੋਂ ਦੇ ਹਸਪਤਾਲਾਂ ਵਿਚ ਡਾਕਟਰ ਵੀ ਮਿਲਦੇ ਹਨ ਤੇ ਦਵਾਈਆਂ ਵੀ। ਉੱਤਰੀ ਸੂਬਿਆਂ ਦੀਆਂ ਸ਼ਹਿਰੀ ਝੋਂਪੜ ਪੱਟੀਆਂ ਦੇ ਮੁਕਾਬਲੇ ਦੱਖਣ ਦੀਆਂ ਝੁੱਗੀ-ਝੋਂਪੜੀਆਂ ਵਿਚ ਪਖਾਨੇ, ਪੀਣ ਯੋਗ ਪਾਣੀ ਅਤੇ ਸਾਫ਼ ਸਫ਼ਾਈ ਦੀਆਂ ਸਹੂਲਤਾਂ ਜ਼ਿਆਦਾ ਮਿਲਦੀਆਂ ਹਨ।
ਪਾੱਲ ਤੇ ਸ੍ਰੀਧਰ ਦੀ ਕਿਤਾਬ ਸਿੱਟਾ ਕੱਢਦੀ ਹੈ ਕਿ ਉੱਤਰ-ਦੱਖਣ ਦਰਮਿਆਨ ਪਾੜਾ ਹਾਲ ਦੇ ਸਾਲਾਂ ਵਿਚ ਜ਼ਿਆਦਾ ਵਧਿਆ ਹੈ। ਹਾਲਾਂਕਿ ਹੁਣ ਇਹ ਗੱਲ ਮੰਨਣੀ ਔਖੀ ਲੱਗਦੀ ਹੈ ਕਿ 1960 ਵਿਚ ਤਾਮਿਲ ਨਾਡੂ ਵਿਚ ਦਿਹਾਤੀ ਗ਼ਰੀਬੀ ਦੀ ਦਰ ਉੱਤਰ ਪ੍ਰਦੇਸ਼ ਨਾਲੋਂ ਜ਼ਿਆਦਾ ਹੁੰਦੀ ਸੀ। ਉੱਤਰੀ ਸੂਬਿਆਂ ਦੇ ਮੁਕਾਬਲੇ ਦੱਖਣ ਦੇ ਸੂਬਿਆਂ ਦੀ ਕਾਰਗੁਜ਼ਾਰੀ ਵਿਚ ਬਿਹਤਰੀ 1980ਵਿਆਂ ਦੇ ਦਹਾਕੇ ਤੋਂ ਸ਼ੁਰੂ ਹੋਈ ਸੀ ਤੇ 1990ਵਿਆਂ ਦੇ ਦਹਾਕੇ ਵਿਚ ਇਹ ਪਾੜਾ ਤੇਜ਼ੀ ਨਾਲ ਵਧਣ ਲੱਗ ਪਿਆ ਸੀ।
ਪਾੱਲ ਤੇ ਸ੍ਰੀਧਰ ਦਾ ਅਧਿਐਨ ਅੰਕੜਿਆਂ ’ਤੇ ਟਿਕਿਆ ਹੋਇਆ ਹੈ। ਇਸ ਨੇ ਸਮਾਜਿਕ ਜਾਂ ਸਿਫ਼ਤੀ ਵਿਸ਼ਲੇਸ਼ਣ ਨੂੰ ਆਮ ਤੌਰ ’ਤੇ ਤਜ ਦਿੱਤਾ ਹੈ। ਉਂਜ, ਦੱਖਣ ਵਿਚ ਸਮਾਜ ਸੁਧਾਰਾਂ ਦੀਆਂ ਲਹਿਰਾਂ ਦੇ ਮਹੱਤਵ ਦਾ ਚਲਦੇ ਚਲਦੇ ਜ਼ਿਕਰ ਕੀਤਾ ਗਿਆ ਹੈ ਤੇ ਨਾਲ ਹੀ ਇਸ ਨੇ ਹਿੰਦੂ-ਮੁਸਲਿਮ ਟਕਰਾਅ ਦੀ ਨਿਸਬਤਨ ਅਣਹੋਂਦ ਦੀ ਕੋਈ ਗੱਲ ਨਹੀਂ ਕੀਤੀ। ਹਾਲਾਂਕਿ ਇਹ ਕਾਰਕ ਯਕੀਨਨ ਇਹ ਸਮਝਣ ਲਈ ਬਹੁਤ ਅਹਿਮ ਹਨ ਕਿ ਆਪਣੇ ਸਮਾਜਿਕ ਤੇ ਆਰਥਿਕ ਵਿਕਾਸ ਦੇ ਪੱਖਾਂ ਤੋਂ ਦੱਖਣੀ ਸੂਬਿਆਂ ਤੇ ਉੱਤਰੀ ਸੂਬਿਆਂ ਵਿਚਕਾਰ ਇੰਨਾ ਵੱਡਾ ਵਖਰੇਵਾਂ ਕਿਉਂ ਪਾਇਆ ਜਾਂਦਾ ਹੈ। ਪਾੱਲ ਤੇ ਸ੍ਰੀਧਰ ਵੱਲੋਂ ਦਿੱਤੇ ਗਏ ਚੌਖਟੇ ਵਿਚ ਚੀਜ਼ਾਂ ਨੂੰ ਦੇਖਦਿਆਂ ਇਸ ਗੱਲ ’ਤੇ ਹੈਰਾਨੀ ਨਹੀਂ ਹੁੰਦੀ ਕਿ ਉਨ੍ਹਾਂ ਵੱਲੋਂ ਕਰੌਕਰ ਦੀ ਕਿਤਾਬ ਦਾ ਹਵਾਲਾ ਕਿਉਂ ਨਹੀਂ ਦਿੱਤਾ ਗਿਆ। ਉਂਜ, ਜਿਹੜੇ ਸਭਿਆਚਾਰਕ ਕਾਰਕ 1960ਵਿਆਂ ਵਿਚ ਕਰੌਕਰ ਦੀ ਕਿਤਾਬ ਦਾ ਮੁਹਾਂਦਰਾ ਬਣੇ ਸਨ, ਉਹ ਦੱਖਣ ਤੇ ਉੱਤਰ ਦੀਆਂ ਵੱਖੋ ਵੱਖਰੀਆਂ ਵਿਕਾਸ ਪਰਵਾਜ਼ਾਂ ਨੂੰ ਸਮਝਣ ਲਈ ਅਹਿਮ ਸਾਬਿਤ ਹੋ ਸਕਦੇ ਹਨ। 1991 ਵਿਚ ਜਦੋਂ ਭਾਰਤੀ ਅਰਥਚਾਰੇ ਦਾ ਉਦਾਰੀਕਰਨ ਸ਼ੁਰੂ ਹੋਇਆ ਸੀ ਤਾਂ ਦੱਖਣ ਪਹਿਲਾਂ ਹੀ ਇਸ ਨੀਤੀਗਤ ਤਬਦੀਲੀ ਦਾ ਫ਼ਾਇਦਾ ਉਠਾਉਣ ਵਾਸਤੇ ਤਿਆਰ ਹੋ ਚੁੱਕਿਆ ਸੀ ਕਿਉਂਕਿ ਇਸ ਕੋਲ ਵਧੇਰੇ ਹੁਨਰਮੰਦ ਤੇ ਸਿਹਤਮੰਦ ਕਿਰਤ ਸ਼ਕਤੀ ਮੌਜੂਦ ਸੀ। 1990ਵਿਆਂ ਤੇ 2000ਵਿਆਂ ਵਿਚ ਜਿੱਥੇ ਤਾਮਿਲ ਨਾਡੂ ਤੇ ਆਂਧਰਾ ਪ੍ਰਦੇਸ਼ ਜਿਹੇ ਸੂਬਿਆਂ ਅੰਦਰ ਧੜਾਧੜ ਫੈਕਟਰੀਆਂ, ਇੰਜਨੀਅਰਿੰਗ ਕਾਲਜ, ਸਾਫਟਵੇਅਰ ਪਾਰਕ ਅਤੇ ਫਾਰਮਾਸਿਊਟੀਕਲ ਇਕਾਈਆ ਖੁੱਲ੍ਹ ਰਹੀਆਂ ਸਨ, ਉੱਥੇ ਉੱਤਰ ਪ੍ਰਦੇਸ਼ ਅਤੇ ਬਿਹਾਰ ਜਿਹੇ ਸੂਬੇ ਫ਼ਿਰਕੂ ਤੇ ਜਾਤੀ ਟਕਰਾਵਾਂ ਦੇ ਕਦੇ ਵੀ ਨਾ ਖ਼ਤਮ ਹੋਣ ਵਾਲੇ ਕੁਚੱਕਰ ਵਿਚ ਫਸੇ ਹੋਏ ਸਨ। ਰਾਮ ਜਨਮ ਭੂਮੀ ਅੰਦੋਲਨ ਦੇ ਸਿੱਟੇ ਵਜੋਂ ਉੱਤਰੀ ਖਿੱਤੇ ਅੰਦਰ ਹਿੰਦੂਤਵ ਦੇ ਭੂਤ ਖ਼ੌਫ਼ਨਾਕ ਸ਼ਕਲ ਅਖਤਿਆਰ ਕਰ ਰਹੇ ਸਨ ਜਦੋਂਕਿ ਦੱਖਣ ਇਨ੍ਹਾਂ ਤੋਂ ਬਹੁਤ ਹੱਦ ਤੱਕ (ਜੇ ਪੂਰੀ ਤਰ੍ਹਾਂ ਨਾ ਵੀ ਸਹੀ) ਅਛੂਤਾ ਰਿਹਾ।
ਹਾਲੀਆ ਸਮਿਆਂ ’ਚ ਦੱਖਣ ਨੇ ਉੱਤਰ ਦੇ ਮੁਕਾਬਲੇ ਇੰਨੀ ਜ਼ਿਆਦਾ ਬਿਹਤਰ ਕਾਰਗੁਜ਼ਾਰੀ ਕਿਉਂ ਦਿਖਾਈ ਹੈ, ਇਸ ਨੂੰ ਸਮਝਣ ਲਈ ਦੀਰਘਕਾਲੀ ਇਤਿਹਾਸਕ ਨਜ਼ਰੀਆ ਅਪਣਾਉਣਾ ਪਵੇਗਾ ਤੇ ਪਿਛਲੇ ਕੁਝ ਦਹਾਕੇ ਨਹੀਂ ਸਗੋਂ ਪਿਛਲੀਆਂ ਸਦੀਆਂ ਵੱਲ ਪਰਤਣਾ ਪਵੇਗਾ। ਸਮੁੰਦਰੀ ਤਟ ਤੱਕ ਰਸਾਈ ਸਦਕਾ ਹਮਲਾਵਰਾਂ ਦੀ ਬਜਾਏ ਵਪਾਰੀਆਂ ਤੇ ਯਾਤਰੀਆਂ ਵਜੋਂ ਵਿਦੇਸ਼ੀਆਂ ਦੀ ਆਮਦ ਹੋਣ ਨਾਲ ਉੱਥੇ ਦੂਜਿਆਂ ਨੂੰ ਖੁੱਲ੍ਹਦਿਲੀ ਨਾਲ ਸਵੀਕਾਰਨ ਦਾ ਮਾਹੌਲ ਪਣਪਿਆ। ਵਰਤਮਾਨ ਸਮਿਆਂ ਵੱਲ ਆਉਂਦਿਆਂ, ਦੱਖਣ ਨੂੰ ਵੰਡ ਦਾ ਵੱਡਾ ਸੰਤਾਪ ਵੀ ਨਹੀਂ ਹੰਢਾਉਣਾ ਪਿਆ।
ਸਮਾਜਿਕ ਪੱਖ ਤੋਂ ਦੱਖਣ ਵਿਚ ਬ੍ਰਾਹਮਣਵਾਦੀ ਦਬਦਬੇ ਨੂੰ ਚੁਣੌਤੀ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ। ਸ਼੍ਰੀ ਨਰਾਇਣ ਗੁਰੂ ਅਤੇ ਪੇਰੀਆਰ ਜਿਹੇ ਚਿੰਤਕਾਂ ਨੇ ਜਾਤ ਅਤੇ ਲਿੰਗ ਦੇ ਸਬੰਧ ਵਿਚ ਵਧੇਰੇ ਸਮਤਾਮੂਲਕ ਪਹੁੰਚ ਅਪਣਾਉਣ ਦਾ ਮਾਰਗ ਤਿਆਰ ਕਰ ਦਿੱਤਾ। ਦੱਖਣੀ ਭਾਰਤ ’ਚੋਂ ਕਿਸਾਨੀ ਜਾਤਾਂ ’ਚੋਂ ਇੰਨੇ ਜ਼ਿਆਦਾ ਉੱਦਮੀ ਆਉਣਾ ਤੇ ਕਿਰਤ ਸ਼ਕਤੀ ਵਿਚ ਔਰਤਾਂ ਦਾ ਅਨੁਪਾਤ ਵੀ ਕਿਤੇ ਜ਼ਿਆਦਾ ਹੋਣਾ ਮਹਿਜ਼ ਸਬੱਬੀ ਗੱਲ ਨਹੀਂ ਹੈ ਸਗੋਂ ਇਹ ਅਮਲ ਉਨ੍ਹਾਂ ਸਮਾਜ ਸੁਧਾਰ ਲਹਿਰਾਂ ਦਾ ਸਿੱਟਾ ਹੈ ਜਿਨ੍ਹਾਂ ਦਾ ਪ੍ਰਤੱਖ ਤੇ ਦੀਰਘਕਾਲੀ ਅਸਰ ਪਿਆ ਸੀ।
ਸਮਾਜ ਸ਼ਾਸਤਰੀ ਐਲਿਸ ਇਵਾਨਜ਼ ਨੇ ਇਕ ਤਫ਼ਸੀਲੀ ਤੇ ਤੱਥਯੁਕਤ ਲੇਖ ਵਿਚ ਦਲੀਲ ਦਿੱਤੀ ਸੀ ਕਿ ‘ਸਭ ਤੋਂ ਨਾਟਕੀ ਵਖਰੇਵਾਂ (ਦੱਖਣੀ ਭਾਰਤ ਤੇ ਉੱਤਰੀ ਭਾਰਤ ਦਰਮਿਆਨ) ਲਿੰਗਕ ਸਬੰਧਾਂ ਵਿਚ ਨਜ਼ਰ ਆਉਂਦਾ ਹੈ’। ਉਨ੍ਹਾਂ ਲਿਖਿਆ ਸੀ ਕਿ ‘ਉੱਤਰੀ ਸੂਬਿਆਂ ਦੇ ਮੁਕਾਬਲੇ ਦੱਖਣ ਦੀਆਂ ਔਰਤਾਂ ਵਧੇਰੇ ਸਫ਼ਲਤਾ ਨਾਲ ਜਣੇਪਾ ਕੱਟਣ, ਸਿੱਖਿਆ ਹਾਸਲ ਕਰਨ, ਚੜ੍ਹਦੀ ਉਮਰੇ ਵਿਆਹ ਤੋਂ ਬਚਣ, ਆਪਣੇ ਵਰ ਦੀ ਚੋਣ ਕਰਨ, ਆਪਣੇ ਜੀਵਨਸਾਥੀ ਨਾਲ ਵਧੇਰੇ ਕਰੀਬੀ ਰਿਸ਼ਤਾ ਬਣਾਉਣ, ਆਪਣੇ ਅਸਾਸੇ ਬਣਾਉਣ, ਕੰਨਿਆ ਧਨ ’ਤੇ ਵਧੇਰੇ ਕੰਟਰੋਲ ਕਰਨ, ਆਪਣੇ ਦੋਸਤਾਂ ਮਿੱਤਰਾਂ ਅਤੇ ਆਪਣੇ ਭਾਈਚਾਰਿਆਂ ਅੰਦਰ ਖੁੱਲ੍ਹੇ ਡੁੱਲ੍ਹੇ ਢੰਗ ਨਾਲ ਵਿਚਰਨ ਅਤੇ ਮਰਦਾਂ ਦੇ ਬਰਾਬਰ ਕੰਮ ਕਰਨ ਦੇ ਸਮੱਰਥ ਸਾਬਿਤ ਹੋਈਆਂ ਹਨ।’
ਬੇਸ਼ੱਕ, ਦੱਖਣ ਕੋਈ ਸੰਪੂਰਨ ਖਿੱਤਾ ਨਹੀਂ ਹੈ। ਤਾਮਿਲ ਨਾਡੂ ਦੇ ਕੁਝ ਹਿੱਸਿਆਂ ਵਿਚ ਦਲਿਤਾਂ ਨੂੰ ਕਈ ਕਿਸਮ ਦੇ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਸੂਬੇ ਤੇ ਇਸ ਦੇ ਸਿਆਸੀ ਸਭਿਆਚਾਰ ਲਈ ਸ਼ਰਮ ਦੀ ਗੱਲ ਹੈ। ਕਰਨਾਟਕ ਵਿਚ ਹਿੰਦੂਤਵ ਨੇ ਸਮਾਜਿਕ ਤੇ ਸਿਆਸੀ ਜੀਵਨ ਵਿਚ ਪੈਰ ਪਸਾਰ ਲਏ ਹਨ ਜਿਸ ਦੇ ਕੁਝ ਨਾਂਹਪੱਖੀ ਸਿੱਟੇ ਸਾਹਮਣੇ ਆ ਚੁੱਕੇ ਹਨ। ਇਹ ਠੀਕ ਹੈ ਕਿ 1960ਵਿਆਂ ਵਿਚ ਦੱਖਣ ਵਿਚ ਭ੍ਰਿਸ਼ਟਾਚਾਰ ਦਾ ਚਲਨ ਬਹੁਤ ਹੀ ਘੱਟ ਸੀ ਤੇ ਹੁਣ ਜਦੋਂ ਉਦਾਰੀਕਰਨ ਤੋਂ ਬਾਅਦ ਦੇ ਦੌਰ ਵਿਚ ਖਣਨ ਅਤੇ ਬੁਨਿਆਦੀ ਢਾਂਚੇ ਦੇ ਠੇਕਿਆਂ ਤੋਂ ਹੋਣ ਵਾਲੀ ਕਮਾਈ ਦੇ ਮੱਦੇਨਜ਼ਰ ਹੈਦਰਾਬਾਦ, ਬੰਗਲੁਰੂ ਅਤੇ ਚੇਨੱਈ ਦੇ ਸਿਆਸਤਦਾਨ ਵੀ ਆਪਣਾ ਹਿੱਸਾ ਲੈਣ ਤੇ ਵੱਢੀਖੋਰੀ ਦੀ ਹਵਸ ਦੇ ਮਾਮਲੇ ਵਿਚ ਹੋਰਨਾਂ ਖਿੱਤਿਆਂ ਦੇ ਸਿਆਸਤਦਾਨਾਂ ਨਾਲੋਂ ਪਿੱਛੇ ਨਹੀਂ ਹਨ।
ਫਿਰ ਅੰਕੜੇ ਆਪਣੇ ਮੂੰਹੋਂ ਬੋਲਦੇ ਹਨ। ਅਨੁਪਾਤਕ ਤੌਰ ’ਤੇ ਦੱਖਣੀ ਭਾਰਤ ਕੌਮੀ ਅਰਥਚਾਰੇ ਵਿਚ ਉੱਤਰੀ ਭਾਰਤ ਨਾਲੋਂ ਜ਼ਿਆਦਾ ਯੋਗਦਾਨ ਪਾਉਂਦਾ ਹੈ। ਕੇਂਦਰ ਸਰਕਾਰ ਦੇ ਟੈਕਸ ਮਾਲੀਏ ’ਚ ਵੀ ਇਸ ਦੀ ਹਿੱਸੇਦਾਰੀ ਜ਼ਿਆਦਾ ਹੈ। ਦੱਖਣ ਵਿਚ ਰਹਿਣ ਵਾਲੇ ਭਾਰਤੀ ਆਪਣੇ ਉੱਤਰੀ ਹਮਵਤਨੀਆਂ ਦੇ ਮੁਕਾਬਲੇ ਜ਼ਿਆਦਾ ਸਿਹਤਮੰਦ ਤੇ ਲੰਮੀ ਜ਼ਿੰਦਗੀ ਜਿਊਂਦੇ ਹਨ, ਬਿਹਤਰ ਖਾਧ ਖੁਰਾਕ ਲੈਂਦੇ ਹਨ, ਵਧੇਰੇ ਖੁਸ਼ਹਾਲ ਹਨ, ਜ਼ਿਆਦਾ ਪੜ੍ਹੇ ਲਿਖੇ ਹਨ ਅਤੇ ਜਨਤਕ ਸਹੂਲਤਾਂ ਤੱਕ ਜ਼ਿਆਦਾ ਰਸਾਈ ਰੱਖਦੇ ਹਨ। ਉੱਤਰੀ ਸੂਬਿਆਂ ਦੇ ਬਹੁਤ ਸਾਰੇ ਲੋਕ ਇਸ ਨੂੰ ਪ੍ਰਵਾਨ ਕਰਦੇ ਹਨ ਤੇ ਦੱਖਣ ਵਿਚ ਆ ਕੇ ਵਸਣ ਨੂੰ ਤਰਜੀਹ ਦਿੰਦੇ ਹਨ। ਮੈਂ ਬੰਗਲੁਰੂ ਸ਼ਹਿਰ ਵਿਚ ਰਹਿੰਦਾ ਹਾਂ ਤੇ ਇੱਥੇ ਸਫ਼ਲ ਉੱਦਮੀਆਂ ਦੇ ਜਮਘਟ ਵਿਚ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਦੇ ਉਪਨਾਮ ਦੱਸਦੇ ਹਨ ਕਿ ਉਨ੍ਹਾਂ ਦੀ ਉਤਪਤੀ ਦਾ ਸਬੰਧ ਸਿੰਧ-ਗੰਗਾ ਦੇ ਮੈਦਾਨੀ ਇਲਾਕਿਆਂ ਨਾਲ ਜੁੜਿਆ ਹੈ। (ਹਾਲਾਂਕਿ ਮੇਰਾ ਖ਼ਿਆਲ ਨਹੀਂ ਕਿ ਲਖਨਊ ਵਰਗੇ ਸ਼ਹਿਰ ਵਿਚ ਅਜਿਹੇ ਬਹੁਤ ਸਾਰੇ ਉੱਦਮੀ ਮਿਲਣਗੇ ਜਿਨ੍ਹਾਂ ਦੇ ਉਪਨਾਮ ਤਾਮਿਲ, ਕੰਨੜ ਜਾਂ ਮਲਿਆਲੀ ਉਪਨਾਮਾਂ ਨਾਲ ਮਿਲਦੇ ਹੋਣ।)
‘ਦੱਖਣੀ ਭਾਰਤ ਦੀ ਭਾਰਤੀ ਗਣਰਾਜ ਵਿਚ ਵੁੱਕਤ ਘੱਟ ਅੰਗੀ ਗਈ ਹੈ।’ ਇਹ ਗੱਲ ਵਾਲਟਰ ਕਰੌਕਰ ਨੇ 1966 ਵਿਚ ਲਿਖੀ ਸੀ। ਅੱਜ ਪੰਜਾਹ ਸਾਲਾਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਘੱਟੋਘੱਟ ਆਰਥਿਕ ਮਾਮਲਿਆਂ ਵਿਚ ਦੱਖਣੀ ਭਾਰਤ ਨੇ ਆਪਣੀ ਵੁੱਕਤ ਚੰਗੀ ਤਰ੍ਹਾਂ ਦਰਸਾ ਦਿੱਤੀ ਹੈ। ਜੇ ਨਿਸਬਤਨ ਲਹਿਜ਼ੇ ਵਿਚ ਆਖਿਆ ਜਾਵੇ ਤਾਂ ਇਸ ਦੀ ਚੰਗੀ ਕਾਰਗੁਜ਼ਾਰੀ ਦਾ ਧਿਆਨਦੇਣ ਯੋਗ ਹਿੱਸਾ ਇਹ ਹੈ ਕਿ ਇਹ ਸਮਾਜਿਕ ਅਤੇ ਸਭਿਆਚਾਰਕ ਕਾਰਕਾਂ ਕਰਕੇ ਹੋ ਸਕਿਆ ਹੈ ਜਿਨ੍ਹਾਂ ਦਾ ਜ਼ਿਕਰ ਖ਼ੁਦ ਕਰੌਕਰ ਨੇ ਕੀਤਾ ਸੀ ਭਾਵ ਸਿੱਖਿਆ ਤੇ ਸ਼ਾਸਨ ’ਤੇ ਵਧੇਰੇ ਜ਼ੋਰ, ਇਸ ਦੇ ਨਾਲ ਹੀ ਹਿੰਦੂ ਸ਼ਾਵਨਵਾਦ ਦੇ ਚਸਕੇ ਤੋਂ ਪਰਹੇਜ਼।
ਉਂਜ, ਹਾਲੀਆ ਦਹਾਕਿਆਂ ਵਿਚ ਇਸ ਦੀ ਸਾਰੀ ਸਮਾਜਿਕ ਤੇ ਆਰਥਿਕ ਪ੍ਰਗਤੀ ਦੇ ਹੁੰਦੇ-ਸੁੰਦੇ, ਭਾਰਤੀ ਗਣਰਾਜ ਦੇ ਜੀਵਨ ਵਿਚ ਦੱਖਣ ਦੀ ਗਿਣਤੀ ਬਹੁਤ ਘੱਟ ਹੈ। ਤੇ ਹੋ ਸਕਦਾ ਹੈ ਜਲਦੀ ਹੀ ਇਹ ਹੋਰ ਵੀ ਘਟ ਜਾਵੇ। ਆਬਾਦੀ ਦੇ ਲਿਹਾਜ਼ ਨਾਲ ਨਵੇਂ ਸਿਰੇ ਤੋਂ ਲੋਕ ਸਭਾ ਦੀਆਂ ਸੀਟਾਂ ਦੀ ਵੰਡ ਕਰਨ ਦੀ ਤਜਵੀਜ਼ ਲਗਪਗ ਤਿਆਰ ਹੈ। ਜੇ ਇਹ ਅਮਲ ਵਿਚ ਆ ਗਈ ਤਾਂ ਆਪਣੇ ਨਾਗਰਿਕਾਂ ਨੂੰ ਬਿਹਤਰ ਸੇਵਾਵਾਂ ਦੇਣ ਵਾਲੇ ਤਾਮਿਲ ਨਾਡੂ ਤੇ ਕੇਰਲਾ ਜਿਹੇ ਸੂਬੇ ਦੇਖਣਗੇ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਤਰਜੀਹਾਂ ’ਤੇ ਉਨ੍ਹਾਂ ਦਾ ਪ੍ਰਭਾਵ ਨਿਗੂਣਾ ਹੋ ਕੇ ਰਹਿ ਜਾਵੇਗਾ। ਆਪਣੇ ਨਾਗਰਿਕਾਂ ਪ੍ਰਤੀ ਲਾਪਰਵਾਹੀ ਜਾਂ ਘ੍ਰਿਣਤ ਤਰੀਕੇ ਨਾਲ ਸਲੂਕ ਕਰਨ ਵਾਲੇ ਉੱਤਰ ਪ੍ਰਦੇਸ਼ ਅਤੇ ਬਿਹਾਰ ਜਿਹੇ ਸੂਬੇ ਪਾਉਣਗੇ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਤਰਜੀਹਾਂ ’ਤੇ ਉਨ੍ਹਾਂ ਦਾ ਅਸਰ ਰਸੂਖ ਹੋਰ ਜ਼ਿਆਦਾ ਵਧ ਜਾਵੇਗਾ। ਜੇ ਇਹ ਅਮਲ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਭਾਰਤੀ ਸੰਘਵਾਦ ਦੀ ਪਹਿਲਾਂ ਤੋਂ ਹੀ ਡਾਵਾਂਡੋਲ ਸਥਿਤੀ ’ਤੇ ਬੋਝ ਤੇ ਦਬਾਅ ਹੋਰ ਵਧ ਜਾਵੇਗਾ।