ਇਹ ਤਬਦੀਲੀਆਂ ਬੁਨਿਆਦੀ ਨਹੀਂ

ਇਹ ਤਬਦੀਲੀਆਂ ਬੁਨਿਆਦੀ ਨਹੀਂ

ਹਾਰੂਨ ਖ਼ਾਲਿਦ

ਪਿਛਲੇ ਮਹੀਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਜਿਸ ਵਿਚ ਇਕ ਮੁੰਡਾ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਉਸਾਰੇ ਜਾ ਰਹੇ ਇਕ ਹਿੰਦੂ ਮੰਦਰ ਦੀਆਂ ਭਰੀਆਂ ਨੀਹਾਂ ਨੂੰ ਉਖਾੜ ਰਿਹਾ ਸੀ। ਇਸ ਤੋਂ ਕੁਝ ਦਿਨ ਬਾਅਦ ਇਕ ਹੋਰ ਵੀਡੀਓ ਆਈ ਜਿਸ ਵਿਚ ਇਕ ਬੱਚਾ, ਜਿਹੜਾ ਪੰਜ ਸਾਲਾਂ ਤੋਂ ਵੱਧ ਦਾ ਨਹੀਂ ਸੀ ਜਾਪਦਾ, ਮੁਲਕ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਨੂੰ ਧਮਕੀ ਦੇ ਰਿਹਾ ਸੀ। ਇਸੇ ਸਮੇਂ ਦੌਰਾਨ ਅਜਿਹੀਆਂ ਹੋਰ ਵੀ ਅਨੇਕਾਂ ਪੋਸਟਾਂ ਪਾਕਿਸਤਾਨੀ ਮੀਡੀਆ ਉੱਤੇ ਘੁੰਮਣ ਲੱਗੀਆਂ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਨੂੰ ਹਿੰਦੂ ਵਜੋਂ ਦਿਖਾਇਆ ਗਿਆ। ਅਜਿਹਾ ਪਾਕਿਸਤਾਨ ਸਰਕਾਰ ਵੱਲੋਂ ਇਸ ਮੰਦਰ ਦੀ ਉਸਾਰੀ ਲਈ ਫੰਡ ਦਿੱਤੇ ਜਾਣ ਦੇ ਫ਼ੈਸਲੇ ਖ਼ਿਲਾਫ਼ ਕੀਤਾ ਜਾ ਰਿਹਾ ਸੀ।

ਇਸਲਾਮਾਬਾਦ ਦੇ ਹਿੰਦੂ ਭਾਈਚਾਰੇ ਲਈ ਮੰਦਰ ਦੀ ਉਸਾਰੀ ਦਾ ਮਨਸੂਬਾ 2017 ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸਰਕਾਰ ਨੇ ਬਣਾਇਆ ਸੀ, ਪਰ ਪ੍ਰਸ਼ਾਸਕੀ ਰੁਕਾਵਟਾਂ ਕਾਰਨ ਇਹ ਉਸਾਰੀ ਹੁਣ ਸ਼ੁਰੂ ਹੋਈ ਹੈ। ਇਮਰਾਨ ਖ਼ਾਨ ਦੀ ਹਕੂਮਤ ਨੇ ਬੀਤੀ 27 ਜੂਨ ਨੂੰ ਮੰਦਰ ਲਈ ਦਸ ਕਰੋੜ ਪਾਕਿਸਤਾਨੀ ਰੁਪਏ (6 ਲੱਖ ਡਾਲਰ) ਜਾਰੀ ਕੀਤੇ ਤੇ ਉਸਾਰੀ ਦਾ ਮੁੱਢ ਬੱਝਿਆ। ਇਹ ਕਾਰਵਾਈ ਪਾਕਿਸਤਾਨੀ ਹਕੂਮਤ ਦੀ ਮੁਲਕ ਭਰ ਵਿਚ ਗ਼ੈਰ-ਮੁਸਲਿਮ ਧਾਰਮਿਕ ਸਥਾਨਾਂ ਦੀ ਹਾਲਤ ਸੁਧਾਰਨ ਅਤੇ ਨਵੇਂ ਸਥਾਨ ਉਸਾਰਨ ਦੀ ਵਿਆਪਕ ਨੀਤੀ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਹਕੂਮਤ ਨੇ 2005 ਵਿਚ ਪ੍ਰਸਿੱਧ ਕਟਾਸ ਰਾਜ ਮੰਦਰ ਦਾ ਨਵੀਨੀਕਰਨ ਕੀਤਾ ਸੀ। ਇਸਲਾਮਾਬਾਦ ਤੋਂ ਤਕਰੀਬਨ 150 ਕਿਲੋਮੀਟਰ ਦੂਰ ਸਥਿਤ ਇਹ ਪ੍ਰਾਚੀਨ ਹਿੰਦੂ-ਬੋਧੀ ਸਥਾਨ ਹੈ ਜਿਹੜਾ ਹਿੰਦੂ ਤੀਰਥ ਯਾਤਰੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਜਨਵਰੀ 2017 ਵਿਚ ਮੰਦਰ ਦੇ ਦੌਰੇ ਦੌਰਾਨ ਇਸ ਦੇ ਹੋਰ ਸੁਧਾਰ ਦੇ ਹੁਕਮ ਦਿੱਤੇ ਸਨ। ਇਸੇ ਤਰ੍ਹਾਂ ਸਿਆਲਕੋਟ ਸਥਿਤ ਇਤਿਹਾਸਕ ਮੰਦਰ ਦਾ ਵੀ ਨਵੀਨੀਕਰਨ ਕਰ ਕੇ ਇਹ ਹਿੰਦੂ ਭਾਈਚਾਰੇ ਨੂੰ ਸੌਂਪਿਆ ਗਿਆ।

ਇਸੇ ਤਰ੍ਹਾਂ ਹਾਲੀਆ ਸਾਲਾਂ ਦੌਰਾਨ ਪਾਕਿਸਤਾਨੀ ਹਕੂਮਤ ਨੇ ਅਨੇਕਾਂ ਗੁਰਦੁਆਰੇ ਵੀ ਨਵੀਨੀਕਰਨ ਪਿੱਛੋਂ ਸਿੱਖ ਭਾਈਚਾਰੇ ਨੂੰ ਸੌਂਪੇ ਹਨ। ਮਾਰਚ 2016 ਵਿਚ ਪਿਸ਼ਾਵਰ ਦੇ ਇਕ ਇਤਿਹਾਸਕ ਗੁਰਦੁਆਰੇ ਦਾ ਨਵੀਨੀਕਰਨ ਕੀਤਾ ਗਿਆ। ਨਨਕਾਣਾ ਸਾਹਿਬ, ਸਿਆਲਕੋਟ ਤੇ ਐਮਨਾਬਾਦ ਦੇ ਕੁਝ ਗੁਰਦੁਆਰੇ ਵੀ ਨਵੀਨੀਕਰਨ ਪਿੱਛੋਂ ਸੇਵਾ-ਸੰਭਾਲ ਲਈ ਸਿੱਖਾਂ ਨੂੰ ਸੌਂਪੇ ਗਏ। ਮਾਰਚ 2016 ਵਿਚ ਹੀ ਪਾਕਿਸਤਾਨ ਸਰਕਾਰ ਨੇ ਘੱਟਗਿਣਤੀਆਂ ਨਾਲ ਸਬੰਧਿਤ ਕੁਝ ਦਿਹਾੜਿਆਂ ’ਤੇ ਜਨਤਕ ਛੁੱਟੀਆਂ ਕਰਨ ਦਾ ਫ਼ੈਸਲਾ ਵੀ ਕੀਤਾ। ਨਵੰਬਰ 2019 ਵਿਚ ਕਰਤਾਰਪੁਰ ਲਾਂਘੇ ਰਾਹੀਂ ਭਾਰਤੀ ਸਿੱਖਾਂ ਲਈ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵੀਜ਼ਾ ਰਹਿਤ ਦਰਸ਼ਨਾਂ ਦੀ ਸਹੂਲਤ ਦਿੱਤੀ ਗਈ। ਇਸੇ ਸਾਲ ਜਨਵਰੀ ਵਿਚ ਲਾਹੌਰ ਕਿਲ੍ਹੇ ’ਚ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਨਦਾਰ ਬੁੱਤ ਲਾਇਆ ਗਿਆ।

ਇਸ ਦੌਰਾਨ ਬਹੁਤੇ ਪ੍ਰਾਜੈਕਟ ਤਾਂ ਨਿਰਵਿਘਨ ਸਿਰੇ ਚੜ੍ਹ ਗਏ, ਪਰ ਕੁਝ ਵਿਰੋਧ ਦਾ ਸਬੱਬ ਬਣੇ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾਉਣ ਦੇ ਫ਼ੈਸਲੇ ’ਤੇ ਸੋਸ਼ਲ ਮੀਡੀਆ ਉੱਤੇ ਭਾਰੀ ਵਿਵਾਦ ਪੈਦਾ ਹੋਇਆ। ਬੁੱਤ ਤੋਂ ਪਰਦਾ ਹਟਾਏ ਜਾਣ ਦੇ ਦੋ ਮਹੀਨਿਆਂ ਦੌਰਾਨ ਹੀ ਦੋ ਬੰਦਿਆਂ ਨੇ ‘ਧਾਰਮਿਕ ਨਫ਼ਰਤ’ ਕਾਰਨ ਇਸ ਦੀ ਭੰਨ-ਤੋੜ ਕੀਤੀ। ਇੰਝ ਪਾਕਿਸਤਾਨ ਨੂੰ ‘ਅਗਾਂਹਵਧੂ’ ਮੁਲਕ ਵਜੋਂ ਪੇਸ਼ ਕਰਨ ਦੀਆਂ ਇਸਲਾਮਾਬਾਦ ਦੀਆਂ ਕੋਸ਼ਿਸ਼ਾਂ ਨੂੰ ‘ਇੰਤਹਾਪਸੰਦਾਂ’ ਵੱਲੋਂ ਚੁਣੌਤੀ ਦਿੱਤੀ ਜਾ ਰਹੀ ਹੈ।

ਉਂਝ ਪਾਕਿਸਤਾਨ ਵੱਲੋਂ ਧਾਰਮਿਕ ਘੱਟਗਿਣਤੀਆਂ ਤੇ ਉਨ੍ਹਾਂ ਦੇ ਸਥਾਨਾਂ ਵਿਚ ਲਈ ਜਾ ਰਹੀ ਦਿਲਚਸਪੀ ਨੂੰ 9/11, ਦਹਿਸ਼ਤਗਰਦੀ ਖ਼ਿਲਾਫ਼ ਅਖੌਤੀ ਜੰਗ ਤੇ ਇਸ ਦੇ ਸਿੱਟੇ ਵਜੋਂ ਪਾਕਿਸਤਾਨ ਦੀ ਮਜ਼ਹਬੀ ਇੰਤਹਾਪਸੰਦੀ ਨਾਲ ਸਾਂਝ ਦੇ ਹਵਾਲੇ ਨਾਲ ਦੇਖਿਆ ਜਾਣਾ ਚਾਹੀਦਾ ਹੈ। ਇੰਝ ਇਲਾਮਾਬਾਦ ਵੱਲੋਂ ਧਾਰਮਿਕ ਘੱਟਗਿਣਤੀਆਂ ਦੀ ‘ਹਿਫ਼ਾਜ਼ਤ’ ਲਈ ਦਿਖਾਈ ਜਾ ਰਹੀ ਬੇਤਾਬੀ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਇਹ ਇਸ ਵੱਲੋਂ ਖ਼ੁਦ ਨੂੰ ‘ਇੰਤਹਾਪਸੰਦੀ’ ਦੀ ਧਾਰਨਾ ਤੋਂ ਦੂਰ ਲਿਜਾਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਪਰ ਜੋ ਵੀ ਹੋਵੇ, ਪਾਕਿਸਤਾਨੀ ਹਕੂਮਤ ਦੀ ਹਿੰਦੂ ਤੇ ਸਿੱਖ ਸਥਾਨਾਂ ਵਿਚ ਪੈਦਾ ਹੋਈ ਦਿਲਚਸਪੀ ਇਸ ਦੇ ਮੁਲਕ ਦੀਆਂ ਧਾਰਮਿਕ ਘੱਟਗਿਣਤੀਆਂ ਨਾਲ ਰਿਸ਼ਤਿਆਂ ਪੱਖੋਂ ਅਜਿਹੀ ਮਿਸਾਲੀ ਤਬਦੀਲੀ ਹੈ ਜਿਸ ਦੀ ਬਹੁਤ ਲੋੜ ਸੀ। ਗ਼ੌਰਤਲਬ ਹੈ ਕਿ ਨਵੀਨੀਕਰਨ ਤੋਂ ਪਹਿਲਾਂ ਇਹ ਗੁਰਦੁਆਰੇ ਤੇ ਮੰਦਰ ਬਿਲਕੁਲ ਖੰਡਰਾਂ ਵਰਗੇ ਸਨ। ਇਸ ਦੇ ਬਾਵਜੂਦ ਇਸ ਤਬਦੀਲੀ ਦੇ ਨਾਲ ਢਾਂਚਾਗਤ ਤਬਦੀਲੀਆਂ ਨਹੀਂ ਹੋ ਰਹੀਆਂ ਜਿਨ੍ਹਾਂ ਨਾਲ ਪਾਕਿਸਤਾਨੀ ਘੱਟਗਿਣਤੀਆਂ ਦੀ ਆਜ਼ਾਦੀ ਤੇ ਹੱਕਾਂ ਦੀ ਰਾਖੀ ਹੋ ਸਕੇ। ਸ਼ਾਇਦ ਇਸ ਤੋਂ ਵੀ ਅਹਿਮ ਇਹ ਹੈ ਕਿ ਪਾਕਿਸਤਾਨੀ ਰਿਆਸਤ ਨੇ ਮੁਲਕ ਵਿਚ ਹਿੰਦੂਆਂ ਤੇ ਸਿੱਖਾਂ ਨੂੰ ਖਲਨਾਇਕਾਂ ਤੇ ਮੁਸਲਮਾਨਾਂ ਨੂੰ ਨਾਇਕਾਂ ਵਜੋਂ ਦਿਖਾਉਣ ਦੇ ਰੁਝਾਨ ਖ਼ਿਲਾਫ਼ ਜ਼ਰੂਰੀ ਕਦਮ ਨਹੀਂ ਚੁੱਕੇ। ਪਿਛਲੇ ਸਮੇਂ ਦੌਰਾਨ ਇਸ ਰੁਝਾਨ ਨੂੰ ਪਾਕਿਸਤਾਨੀ ਸਮਾਜ ਵਿਚ ਡੂੰਘੀਆਂ ਜੜ੍ਹਾਂ ਜਮਾਉਣ ਦਾ ਮੌਕਾ ਦਿੱਤਾ ਗਿਆ। ਇਸ ਰੁਝਾਨ ਨੂੰ ਸਭ ਤੋਂ ਵੱਧ ਮਜ਼ਬੂਤੀ ਮੁਲਕ ਦਾ ਵਿੱਦਿਅਕ ਢਾਂਚਾ ਦਿੰਦਾ ਹੈ। ਹੋਰਾਂ ਵਾਂਗ ਪਾਕਿਸਤਾਨੀ ਰਿਆਸਤ ਵੀ ਆਪਣੇ ਵਿੱਦਿਅਕ ਢਾਂਚੇ ਨੂੰ ਆਪਣੀ ਹੋਂਦ ਨੂੰ ਵਾਜਬ ਠਹਿਰਾਉਣ ਅਤੇ ਆਪਣੀ ਕਾਇਮੀ ਦੀਆਂ ਮਿੱਥਾਂ ਨੂੰ ਮਜ਼ਬੂਤ ਕਰਨ ਲਈ ਵਰਤਦੀ ਹੈ।

ਪਾਕਿਸਤਾਨੀ ਵਿੱਦਿਅਕ ਢਾਂਚੇ ਵਿਚ ਸਾਰਾ ਵਰਨਣ ਸਦੀਆਂ ਪੁਰਾਣੇ ਹਿੰਦੂ-ਮੁਸਲਿਮ ਟਕਰਾਅ ਉੱਤੇ ਕੇਂਦਰਿਤ ਹੈ ਜਿਹੜਾ ਆਖ਼ਰ 1947 ਵਿਚ ਮੁਲਕ ਦੀ ਅੰਗਰੇਜ਼ਾਂ ਤੋਂ ਆਜ਼ਾਦੀ ਵੇਲੇ ਦੋ ਹਿੱਸਿਆਂ ਵਿਚ ਹੋਈ ਵੰਡ ਨਾਲ ਸਿਖਰ ’ਤੇ ਪੁੱਜਦਾ ਹੈ। ਪਾਕਿਸਤਾਨ ਵੱਲੋਂ ਇਸ ‘ਇਤਿਹਾਸਕ ਟਕਰਾਅ’ ਦੀ ਕਹਾਣੀ ਮੁੜ-ਮੁੜ ਸੁਣਾਏ ਜਾਣ ਦੇ ਅਮਲ ਵਿਚ ਕੁਝ ਮੁਸਲਿਮ ਹਾਕਮਾਂ ਨੂੰ ਖ਼ਾਸ ਅਹਿਮੀਅਤ ਦਿੱਤੀ ਗਈ ਹੈ ਜਿਵੇਂ 11ਵੀਂ ਸਦੀ ਦੇ ਅਫ਼ਗ਼ਾਨ ਹਾਕਮ ਤੇ ਭਾਰਤ ਉੱਤੇ ਹਮਲੇ ਕਰਨ ਵਾਲੇ ਮਹਿਮੂਦ ਗ਼ਜ਼ਨਵੀ ਦੇ ਪਾਕਿਸਤਾਨ ਦੀ ਇਸ ‘ਕੌਮੀ ਕਹਾਣੀ’ ਵਿਚ ਖ਼ਾਸ ਸੋਹਲੇ ਗਾਏ ਗਏ ਹਨ। ਗ਼ਜ਼ਨਵੀ ਵੱਲੋਂ ਭਾਰਤ ਵਿਚ ਗੁਜਰਾਤ ਸਥਿਤ ਸੋਮਨਾਥ ਮੰਦਰ ਉੱਤੇ ਵਾਰ-ਵਾਰ ਹਮਲੇ ਕਰ ਕੇ ਇਸ ਨੂੰ ਲੁੱਟੇ ਜਾਣ ਦੀ ਕਾਰਵਾਈ ਨੂੰ ਧਾਰਮਿਕ ਤੇ ਕੌਮੀ ਫ਼ਰਜ਼ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਕਹਾਣੀਆਂ ਤੇ ਸਬਕਾਂ ਰਾਹੀਂ ਹਿੰਦੂਆਂ ਨੂੰ ਅਜਿਹੀ ਦੂਜੀ ਧਿਰ ਵਜੋਂ ਦਿਖਾਇਆ ਜਾਂਦਾ ਹੈ ਜਿਸ ਖ਼ਿਲਾਫ਼ ਪਾਕਿਸਤਾਨੀ ਕੌਮੀ ਪਛਾਣ ਸਿਰਜੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਭਾਰਤ ਵਿਚ ਗ਼ਜ਼ਨਵੀ ਇਕ ਖਲਨਾਇਕ ਦੀ ਭੂਮਿਕਾ ਵਿਚ ਹੈ ਜਿਸ ਖ਼ਿਲਾਫ਼ ਭਾਰਤੀ ਕੌਮੀ ਆਪਾ ਪ੍ਰੀਭਾਸ਼ਿਤ ਹੁੰਦਾ ਹੈ।

ਉਂਝ ਗ਼ਜ਼ਨਵੀ ਇਕੱਲਾ ਅਜਿਹਾ ਇਤਿਹਾਸਕ ਮੁਸਲਿਮ ਆਗੂ ਨਹੀਂ ਜਿਸ ਦੀ ਪਾਕਿਸਤਾਨ ਵਿਚ ਹਾਲੇ ਵੀ ਬੱਲੇ-ਬੱਲੇ ਹੈ ਸਗੋਂ ਭਾਰਤ ਉੱਤੇ ਹਮਲੇ ਕਰਨ ਵਾਲੇ ਹੋਰ ਮੁਸਲਿਮ ਹਾਕਮਾਂ ਜਿਵੇਂ ਮੁਹੰਮਦ ਬਿਨ ਕਾਸਿਮ, ਮੁਹੰਮਦ ਗ਼ੌਰੀ ਅਤੇ ਬਾਬਰ ਆਦਿ ਨੂੰ ਵੀ ਕੌਮੀ ਨਾਇਕਾਂ ਵਜੋਂ ਦਿਖਾਇਆ ਜਾਂਦਾ ਹੈ। ਫ਼ੌਜੀ ਅੱਡਿਆਂ ਤੇ ਮਿਜ਼ਾਈਲਾਂ ਦੇ ਨਾਂ ਇਨ੍ਹਾਂ ਦੇ ਨਾਵਾਂ ਉੱਤੇ ਰੱਖੇ ਗਏ ਹਨ। ਕਸਬਿਆਂ, ਸੜਕਾਂ ਤੇ ਚੌਕਾਂ ਆਦਿ ਦੇ ਹਿੰਦੂ-ਸਿੱਖ ਨਾਵਾਂ ਨੂੰ ਭੁੱਲ-ਭੁਲਾ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਮੁੜ ਚੇਤੇ ਕਰਾਉਣ ਦੀ ਕੋਈ ਕੋਸ਼ਿਸ਼ ਨਹੀਂ ਹੋਈ ਜਦੋਂਕਿ ਜੇ ਅਜਿਹਾ ਕੀਤਾ ਜਾਂਦਾ ਤਾਂ ਇਸ ਸਰਜ਼ਮੀਨ ਨਾਲ ਧਾਰਮਿਕ ਘੱਟਗਿਣਤੀਆਂ ਦੇ ਇਤਿਹਾਸਕ ਰਿਸ਼ਤਿਆਂ ਨੂੰ ਜ਼ਾਹਰ ਕੀਤਾ ਜਾ ਸਕਦਾ ਸੀ।

ਇਸ ਦੇ ਸਿੱਟੇ ਵਜੋਂ ਪਾਕਿਸਤਾਨੀ ਸਮਾਜ ਆਪਣੇ ਮੁਲਕ ਦੇ ਭਾਰਤ ਨਾਲ ਸਮਕਾਲੀ ਰਿਸ਼ਤਿਆਂ ਨੂੰ ਹਿੰਦੂਆਂ ਤੇ ਮੁਸਲਮਾਨਾਂ ਦੇ ਇਸ ਖ਼ਿਆਲੀ ਬੇਮਿਆਦੀ ਟਕਰਾਅ ਦੀਆਂ ਐਨਕਾਂ ਥਾਣੀ ਦੇਖਦਾ ਹੈ। ਇਸ ਤਰ੍ਹਾਂ ਜਦੋਂ ਵੀ ਦੋਵਾਂ ਮੁਲਕਾਂ ਦੇ ਰਿਸ਼ਤੇ ਵਿਗੜਦੇ ਹਨ ਤਾਂ ਇਸ ਨੂੰ ਇਸ ਕਥਿਤ ਇਤਿਹਾਸਕ ਟਕਰਾਅ ਦੇ ਇਕ ਹੋਰ ਅਧਿਆਏ ਵਜੋਂ ਹੀ ਦੇਖਿਆ ਜਾਂਦਾ ਹੈ। ਮਾਰਚ 2019 ਵਿਚ ਜਦੋਂ ਦੋਵਾਂ ਮੁਲਕਾਂ ਦਰਮਿਆਨ ਤਣਾਅ ਚੋਟੀ ’ਤੇ ਸੀ ਤਾਂ ਲਹਿੰਦੇ ਪੰਜਾਬ ਦੇ ਸੂਚਨਾ ਤੇ ਸੱਭਿਆਚਾਰ ਮੰਤਰੀ ਫ਼ੈਜ਼ੁਲ ਹਸਨ ਚੌਹਾਨ ਨੇ ਹਿੰਦੂ ਭਾਈਚਾਰੇ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ। ਇਨ੍ਹਾਂ ਨਸਲੀ ਟਿੱਪਣੀਆਂ ਦਾ ਭਾਰੀ ਵਿਰੋਧ ਹੋਇਆ ਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ, ਪਰ ਉਸ ਵੱਲੋਂ ਭਾਰਤੀ ਰਿਆਸਤ ਨੂੰ ਹਿੰਦੂ ਮੱਤ ਦੇ ਤੁੱਲ ਦਿਖਾਉਣ ਦੀ ਇਹ ਕੋਸ਼ਿਸ਼ ਇਕ ਵੱਡੀ ਸਮੱਸਿਆ ਵੱਲ ਇਸ਼ਾਰਾ ਕਰਦੀ ਸੀ। ਪਾਕਿਸਤਾਨ ਵਿਚ ਹਿੰਦੂ ਭਾਵੇਂ ਸਭ ਤੋਂ ਵੱਡੀ ਧਾਰਮਿਕ ਘੱਟਗਿਣਤੀ ਹਨ, ਪਰ ਬਹੁਤੇ ਪਾਕਿਸਤਾਨੀ ਹਾਲੇ ਵੀ ਹਿੰਦੂਆਂ ਤੇ ਹਿੰਦੂ ਮੱਤ ਨੂੰ ਭਾਰਤ ਨਾਲ ਮੇਲ ਕੇ ਹੀ ਦੇਖਦੇ ਹਨ। ਹਾਲੀਆ ਸਾਲਾਂ ਦੌਰਾਨ ਭਾਰਤ ਵਿਚ ਸੱਜੇ ਪੱਖੀ ਹਿੰਦੂਤਵ ਦੇ ਉਭਾਰ ਅਤੇ ਪਾਕਿਸਤਾਨ ਵਿਚ ਲਗਾਤਾਰ ਵਧ ਰਹੇ ਇਸਲਾਮੀਕਰਨ ਕਾਰਨ ਇਹ ਧਾਰਨਾ ਹੋਰ ਮਜ਼ਬੂਤ ਹੋਈ ਹੈ।

ਇਸ ਤਰ੍ਹਾਂ ਮੁਲਕ ਦੇ ਖ਼ਾਸ ਵਿਚਾਰਧਾਰਾ ਆਧਾਰਿਤ ਵਿੱਦਿਅਕ ਢਾਂਚੇ ਅਤੇ ਮੀਡੀਆ ਕਾਰਨ ਬਹੁਤੇ ਪਾਕਿਸਤਾਨੀ ਸਾਰੇ ਹਿੰਦੂਆਂ, ਜਿਹੜੇ ਪਾਕਿਸਤਾਨ ਦੇ ਨਾਗਰਿਕ ਵੀ ਹਨ, ਨੂੰ ‘ਦੁਸ਼ਮਣਾਂ’ ਵਜੋਂ ਦੇਖਦੇ ਹਨ। ਇਸ ਲਈ ਇਸਲਾਮਾਬਾਦ ਦੇ ਤਜਵੀਜ਼ਤ ਹਿੰਦੂ ਮੰਦਰ ਉੱਤੇ ਹੋ ਰਹੇ ਹਮਲਿਆਂ ਨੂੰ ਵੀ ਇਸੇ ਰਾਸ਼ਟਰਵਾਦੀ ਚਸ਼ਮੇ ਵਿਚੋਂ ਸਮਝਿਆ ਜਾਣਾ ਚਾਹੀਦਾ ਹੈ। ਇਸ ਕਾਰਨ ਬਹੁਤੇ ਲੋਕਾਂ ਦਾ ਖ਼ਿਆਲ ਹੈ ਕਿ ਮੰਦਰਾਂ ਨੂੰ ਤੋੜਨਾ ਉਨ੍ਹਾਂ ਦਾ ਧਾਰਮਿਕ ਤੇ ਕੌਮੀ ਫ਼ਰਜ਼ ਹੈ।

ਇਸ ਦੌਰਾਨ ਪਾਕਿਸਤਾਨੀ ਰਿਆਸਤ ਦੀ ਹਿੰਦੂ ਤੇ ਸਿੱਖ ਧਾਰਮਿਕ ਥਾਵਾਂ ਵਿਚ ਪੈਦਾ ਹੋਈ ਤਾਜ਼ਾ ਦਿਲਚਸਪੀ ਦੀ ਯਕੀਨਨ ਸ਼ਲਾਘਾ ਹੋਣੀ ਚਾਹੀਦੀ ਹੈ। ਪਰ ਮੁਲਕ ਦੇ ਵਿੱਦਿਅਕ ਢਾਂਚੇ ਵਿਚ ਬੁਨਿਆਦੀ ਤਬਦੀਲੀਆਂ ਤੇ ਥਾਵਾਂ ਦੇ ਇਤਿਹਾਸਕ ਹਿੰਦੂ ਤੇ ਸਿੱਖ ਨਾਵਾਂ ਨੂੰ ਮੁੜ ਪੇਸ਼ ਕੀਤੇ ਬਿਨਾਂ ਅਤੇ ਹਿੰਦੂਆਂ ਤੇ ਮੁਸਲਮਾਨਾਂ ਦੇ ਖ਼ਿਆਲੀ ਟਕਰਾਅ ਦੀ ਧਾਰਨਾ ਖ਼ਿਲਾਫ਼ ਸਰਗਰਮ ਮੁਹਿੰਮ ਚਲਾਏ ਬਿਨਾਂ ਸਰਕਾਰ ਵੱਲੋਂ ਘੱਟਗਿਣਤੀ ਅਕੀਦਿਆਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਦੀਆਂ ਕੋਸ਼ਿਸ਼ਾਂ ਦਾ ਜਨਤਕ ਵਿਰੋਧ ਹੁੰਦਾ ਰਹੇਗਾ।

ਪਾਕਿਸਤਾਨ ਦੀ ਕੌਮੀ ਕਹਾਣੀ ਹਿੰਦੂਆਂ ਦੀ ਹਾਰ ਤੇ ਮੁਸਲਮਾਨਾਂ ਦੀ ਜਿੱਤ ਉੱਤੇ ਆਧਾਰਿਤ ਹੈ ਜਿਹੜੀ ਇਤਿਹਾਸਕ ਮੁਸਲਿਮ ਹਾਕਮਾਂ ਦੇ ਹਮਲਿਆਂ ਅਤੇ ਜੰਗਾਂ-ਜੁੱਧਾਂ ਰਾਹੀਂ ਸੁਣਾਈ ਜਾਂਦੀ ਹੈ ਅਤੇ ਇਸ ਤਰ੍ਹਾਂ ਪਾਕਿਸਤਾਨੀ ਕੌਮੀ ਰਾਸ਼ਟਰਵਾਦ ਨੂੰ ਇਸਲਾਮੀ ਪਛਾਣ ਦੇ ਚਸ਼ਮੇ ਵਿਚੋਂ ਹੀ ਦੇਖਿਆ ਜਾਂਦਾ ਹੈ। ਇਹ ਨਿਖੇੜਕਾਰੀ ਪਛਾਣ ਹਿੰਦੂਆਂ ਤੇ ਹੋਰ ਗ਼ੈਰ-ਮੁਸਲਮਾਨਾਂ ਦਾ ਸਹੀ ਢੰਗ ਨਾਲ ਪਾਕਿਸਤਾਨ ਦਾ ਹਿੱਸਾ ਬਣਨ ਅਤੇ ਕੌਮੀ ਬਹਿਸ ਤੇ ਫ਼ੈਸਲਿਆਂ ਵਿਚ ਸ਼ਾਮਲ ਹੋਣਾ ਨਾਮੁਮਕਿਨ ਬਣਾ ਦਿੰਦੀ ਹੈ। ਇੰਝ ਕਿਹਾ ਜਾ ਸਕਦਾ ਹੈ ਕਿ ਇਸ ਕੌਮੀ ਕਹਾਣੀ ਵਿਚ ਬੁਨਿਆਦੀ ਤਬਦੀਲੀ ਤੋਂ ਬਿਨਾਂ ਮੰਦਰਾਂ ਦੀ ਉਸਾਰੀ ਤੇ ਨਵੀਨੀਕਰਨ ਦੀ ਇਹ ਕਾਰਵਾਈ ਘੱਟਗਿਣਤੀਆਂ ਲਈ ਲਾਰਿਆਂ ਤੋਂ ਸਿਵਾਏ ਹੋਰ ਕੁਝ ਨਹੀਂ ਹੋਵੇਗੀ। ਇਸ ਲਈ ਮੰਦਰ ਉੱਤੇ ਹੋਏ ਇਸ ਹਮਲੇ ਨੂੰ ਮਹਿਜ਼ ‘ਇੰਤਹਾਪਸੰਦੀ ਵਿਰੋਧ’ ਕਰਾਰ ਦੇਣਾ ਪਾਕਿਸਤਾਨੀ ਕੌਮੀ ਉਸਾਰੀ ਦੇ ਅਮਲ ਦੇ ਇਸ ਨਿਖੇੜਕਾਰੀ ਤੇ ਫੁੱਟ-ਪਾਊ ਸੁਭਾਅ ਤੋਂ ਅੱਖਾਂ ਮੀਟਣਾ ਹੋਵੇਗਾ। ਜਿਨ੍ਹਾਂ ਲੋਕਾਂ ਨੇ ਮੰਦਰ ਤੇ ਪਾਕਿਸਤਾਨ ਵਿਚਲੇ ਹਿੰਦੂਆਂ ਨੂੰ ਧਮਕੀਆਂ ਦਿੱਤੀਆਂ, ਉਹ ਕੋਈ ‘ਇੰਤਹਾਪਸੰਦ’ ਨਹੀਂ ਸਗੋਂ ਅਜਿਹੇ ਨਮੂਨੇ ਦੇ ਕੌਮੀ ਵਫ਼ਾਦਾਰ ਹਨ ਜਿਨ੍ਹਾਂ ਨੂੰ ਮੁਲਕ ਵਿਚ ਬੀਤੇ 70 ਸਾਲਾਂ ਦੌਰਾਨ ਬੜੀ ਮਿਹਨਤ ਨਾਲ ਘੜਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All