ਪ੍ਰਕਾਸ਼ ਪੁਰਬ ਲਈ ਵਿਸ਼ੇਸ਼

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਡਾ. ਪ੍ਰਿਤਪਾਲ ਸਿੰਘ ਮਹਿਰੋਕ

ਡਾ. ਪ੍ਰਿਤਪਾਲ ਸਿੰਘ ਮਹਿਰੋਕ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਨ੍ਹਾਂ ਦੀ ਬਾਣੀ ਵਿਚੋਂ ਸਮਝ ਆਉਂਦਾ ਉਨ੍ਹਾਂ ਦਾ ਚਿੰਤਨ ਮੂਲ ਰੂਪ ਵਿਚ ਬ੍ਰਹਮ, ਜਗਤ, ਜੀਵ ਅਤੇ ਮੁਕਤੀ ਦੇ ਸੰਕਲਪ ਦਾ ਬੋਧ ਕਰਵਾਉਂਦਾ ਹੈ। ਉਹ ਧਰਮ ਦੇ ਸੰਕਲਪ ਨੂੰ ਸਮਝਾਉਂਦੇ ਹਨ ਤੇ ਧਰਮ ਦੇ ਮਹੱਤਵ ਬਾਰੇ ਤਰਕ ਅਤੇ ਵਿਹਾਰ ਦੇ ਆਧਾਰ ਤੇ ਸੰਵਾਦ ਰਚਾਉਂਦੇ ਹਨ, ਆਪਣੇ ਦਰਸ਼ਨ ਨੂੰ ਸਮਾਜਿਕ ਚੇਤਨਾ ਦੇ ਪ੍ਰਸੰਗ ਵਿਚ ਪੇਸ਼ ਕਰਦੇ ਹਨ। ਸਮਾਜ ਦਾ ਸਰੂਪ-ਨਿਰਮਾਣ ਵਿਅਕਤੀ ਜਾਂ ਵਿਅਕਤੀ ਸਮੂਹ ਦੇ ਵਿਚਾਰਾਂ ਦੇ ਆਧਾਰ ਤੇ ਹੁੰਦਾ ਹੈ। ਗੁਰੂ ਸਾਹਿਬ ਨਿਰਸਵਾਰਥ ਸਮਾਜਿਕ ਤਾਣੇ-ਬਾਣੇ ਦੀ ਸਥਾਪਨਾ ਦਾ ਸੁਨੇਹਾ ਦਿੰਦੇ ਹਨ ਤੇ ਮਨੁੱਖ ਦੇ ਜਗਤ ਵਿਚ ਆਉਣ ਦਾ ਮਨੋਰਥ ਸਮਝਾਉਂਦੇ ਹਨ। ਗੁਰੂ ਸਾਹਿਬ ਦਾ ਬ੍ਰਹਮ ਜੋਤਿ ਸਰੂਪ ਹੈ, ਨਿਰੰਜਨ ਹੈ, ਅਗਮ, ਅਗੋਚਰ ਹੈ। ੴ ਦਾ ਸੰਕਲਪ ਹੀ ਗੁਰੂ ਨਾਨਕ ਦੇਵ ਜੀ ਦੇ ਬ੍ਰਹਮ ਦਾ ਆਧਾਰ ਬਣਦਾ ਹੈ। ਗੁਰੂ ਸਾਹਿਬ ਮਨੁੱਖੀ ਮਨ ਦੀ ਸੂਖ਼ਮਤਾ, ਚੰਚਲਤਾ ਤੇ ਅਵਸਥਾਵਾਂ ਨੂੰ ਦਰਸਾਉਂਦਿਆਂ ਹੋਇਆਂ ਮਨ ਨੂੰ ਵਸ ਵਿਚ ਕਰਨ ਦੀ ਗੱਲ ਸਮਝਾਉਂਦੇ ਹਨ। ਆਪ ਫਰਮਾਉਂਦੇ ਹਨ ਕਿ ਮਨ ਨੂੰ ਵਸ ਕਰ ਕੇ ਹੀ ਜਗਤ ਨੂੰ ਸਮਝਿਆ ਜਾ ਸਕਦਾ ਹੈ। ਪਾਪਾਂ/ਕੁਕਰਮਾਂ ਨਾਲ ਅਪਵਿੱਤਰ ਹੋਈ ਬੁੱਧੀ ਦੀ ਸ਼ੁੱਧੀ ਵਾਸਤੇ ਪ੍ਰਭੂ ਦੇ ਨਾਮ ਸਿਮਰਨ ਦਾ ਸੁਨੇਹਾ ਦੇ ਕੇ ਮਨ ਦੀ ਭਟਕਣ ਤੋਂ ਬਚਣ ਦਾ ਸੁਨੇਹਾ ਵੀ ਗੁਰੂ ਸਾਹਿਬ ਦਿੰਦੇ ਹਨ।

ਗੁਰੂ ਨਾਨਕ ਦੇਵ ਜੀ ਦੇ ਜੀਵਨ, ਗਿਆਨ, ਦ੍ਰਿਸ਼ਟੀ, ਸਮਾਜ, ਸ੍ਰਿਸ਼ਟੀ, ਬ੍ਰਹਿਮੰਡ, ਮਨੁੱਖ ਨੂੰ ਸਮਝਣ ਦੀ ਗਹਿਰੀ ਨੀਝ, ਉਦਾਸੀਆਂ ਵਿਚੋਂ ਗ੍ਰਹਿਣ ਕੀਤੇ ਦੀਰਘ ਅਨੁਭਵ ਦੇ ਨਿਚੋੜ ਉਪਰ ਉਨ੍ਹਾਂ ਦਾ ਦਰਸ਼ਨ ਉਸਰਦਾ ਹੈ। ਇਸ ਦਰਸ਼ਨ ਦਾ ਮੁੱਖ ਪਹਿਲੂ ਉਨ੍ਹਾਂ ਦੀ ਬਾਣੀ ‘ਜਪੁਜੀ ਸਾਹਿਬ’ ਵਿਚੋਂ ਪ੍ਰਗਟ ਹੋ ਜਾਂਦਾ ਹੈ। ਇਸ ਬਾਣੀ ਵਿਚ ਉਹ ਪਰਮਾਤਮਾ ਦੇ ਗੁਣਾਂ ਦੀ ਵਡਿਆਈ, ਆਪਾਰ ਮਹਾਨਤਾ ਅਤੇ ਉਸ ਦੇ ਅਗੰਮੀ ਗੌਰਵ ਨੂੰ ਸਾਕਾਰ ਕਰਦੇ ਹਨ। ‘ਜਪੁਜੀ ਸਾਹਿਬ’ ਵਿਚ ਗੁਰੂ ਨਾਨਕ ਦੇਵ ਜੀ ਹੁਕਮ, ਹਓਮੈ, ਕਿਰਤ, ਕਰਮ, ਨਦਰ ਸਚਿਆਰ, ਪ੍ਰਭੂ ਪ੍ਰੇਮ, ਭਗਤੀ, ਨਾਮ ਸਿਮਰਨ, ਸਬਰ, ਸੰਤੋਖ, ਮਨ, ਮਾਰਗ ਦਰਸ਼ਕ, ਸ਼ਬਦ ਦੇ ਮਹੱਤਵ, ਸ੍ਰਿਸ਼ਟੀ ਦੇ ਪਾਸਾਰ, ਪੰਜ ਖੰਡਾਂ, ਪ੍ਰਭੂ ਦੀ ਮਹਿਮਾ ਆਦਿ ਦਾ ਉਲੇਖ ਕਰਦੇ ਹਨ। ਇਹ ਸੰਕਲਪ ਉਘੜਦੇ ਜਾਂਦੇ ਹਨ ਅਤੇ ਕਈ ਸਵਾਲ ਉਸਰਦੇ ਜਾਂਦੇ ਹਨ। ਮੂਲ ਪ੍ਰਸ਼ਨ ਦਾ ਸੂਤਰ ‘ਕਿਵ ਸਚਿਆਰਾ ਹੋਈਐ’ ਬਣਦਾ ਹੈ ਤੇ ਨਾਲ ਨਾਲ ‘ਹੁਕਮਿ ਰਜਾਈ ਚਲਣਾ’ ਦੀ ਧਾਰਨਾ ਨੂੰ ਬਲ ਮਿਲਦਾ ਜਾਂਦਾ ਹੈ। ‘ਹੁਕਮਿ ਰਜਾਈ ਚਲਣਾ’ ਤੋਂ ਭਾਵ ਜੀਵਨ ਵਿਚ ਉਹ ਕਰਮ ਕਰਨੇ ਹਨ, ਜਿਹੜੇ ਸਦਾਚਾਰਕ ਪੈਮਾਨੇ ਤੇ ਖਰੇ ਉਤਰਦੇ ਹੋਣ। ਗੁਰੂ ਨਾਨਕ ਦੇਵ ਜੀ ਆਪਣੇ ਦਰਸ਼ਨ ਨੂੰ ਮੂਲ ਮੰਤਰ ਵਿਚ ਹੀ ਸਮਝਾ ਦਿੰਦੇ ਹਨ। ਉਹ ਪਾਰ ਬ੍ਰਹਮ ਦੀ ਆਪਾਰ ਸ਼ਕਤੀ, ਉਸ ਦੀ ਅਸਗਾਹ ਹਸਤੀ ਅਤੇ ਉਸ ਨੂੰ ਅੰਤਿਮ ਸੱਚ ਵਜੋਂ ਸਥਾਪਿਤ ਕਰਦੇ ਹਨ। ਉਹ ਹਸਤੀ ਸਰਬਕਾਲੀ ਸੱਚ ਵਾਲੀ ਹੈ। ਇਸੇ ਲਈ ਗੁਰੂ ਸਾਹਿਬ ਮਨੁੱਖ ਨੂੰ ਨਾਸ਼ਵਾਨ ਸੰਸਾਰ ਅਤੇ ਮਾਇਆ ਦੇ ਪਾਸਾਰੇ ਨਾਲੋਂ ਵਿਛੋਹ ਹੋਣ ਲਈ ਕਹਿੰਦੇ ਹਨ ਅਤੇ ਮਾਇਆ ਦੇ ਪਸਾਰੇ ਨਾਲੋਂ ਤੋੜ ਕੇ ਸਰਬਕਾਲੀ ਤੇ ਅੰਤਿਮ ਸੱਚ ਨਾਲ ਜੋੜਨ ਦਾ ਰਸਤਾ ਦਰਸਾਉਂਦੇ ਹਨ। ਸੱਚ ਦੇ ਰਸਤੇ ਤੇ ਚੱਲ ਕੇ ਹੀ ਮਨੁੱਖ ਸਚਿਆਰੀ ਹੋਂਦ ਨੂੰ ਪਛਾਣ ਸਕਦਾ ਹੈ।

ਉਨ੍ਹਾਂ ਇਹ ਗੱਲ ਸਥਾਪਿਤ ਕਰ ਦਿੱਤੀ ਸੀ ਕਿ ਬ੍ਰਹਿਮੰਡ ਨੂੰ ਚੱਲਦਿਆਂ ਰੱਖਣ ਲਈ ਹਰ ਸ਼ੈਅ ਆਪੋ-ਆਪਣਾ ਯੋਗਦਾਨ ਪਾਉਂਦੀ ਹੈ। ਪ੍ਰਾਕਿਰਤਕ ਪਾਸਾਰੇ ਦਾ ਹਰ ਵਰਤਾਰਾ ਗਤੀਸ਼ੀਲ ਹੈ। ਉਨ੍ਹਾਂ ਅਨੁਸਾਰ ਜੋ ਅਸੂਲ ਬ੍ਰਹਿਮੰਡ ਵਿਚ ਕੰਮ ਕਰ ਰਿਹਾ ਹੈ, ਉਹੀ ਕਿਰਿਆਸ਼ੀਲਤਾ ਮਨੁੱਖੀ ਸਰੀਰ ਵਿਚ ਵਾਪਰਦੀ ਰਹਿੰਦੀ ਹੈ। ਉਹ ਪ੍ਰਕਿਰਤੀ ਦੇ ਅਦਭੁਤ ਪਾਸਾਰੇ ਦੇ ਆਧਾਰ ਤੇ ਮਨੁੱਖੀ ਜੀਵਨ ਦੀਆਂ ਰਮਜ਼ਾਂ ਸਮਝਾਉਂਦੇ ਹਨ। ਮਨੁੱਖ ਨੂੰ ਉਹ ਕੁਦਰਤ ਦਾ ਸਮਤੋਲ ਬਣਾਈ ਰੱਖਣ ਦਾ ਸੁਨੇਹਾ ਦਿੰਦੇ ਹਨ।

ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਹੁਤ ਡੂੰਘੇ ਅਰਥ ਛੁਪੇ ਹਨ। ਗੁਰੂ ਸਾਹਿਬ ਮਨੁੱਖੀ ਜੀਵਨ, ਮਨੁੱਖ ਦੇ ਇਸ ਜਗਤ ਵਿਚ ਆਉਣ ਦੇ ਮਨੋਰਥ, ਉਸ ਦੀ ਰਹਿਤਲ, ਉਸ ਦੇ ਸਮਾਜ-ਸਭਿਆਚਾਰ ਅਤੇ ਉਸ ਦੇ ਜੀਵਨ ਨਾਲ ਸਬੰਧਤ ਹੋਰ ਪਹਿਲੂਆਂ ਦੇ ਸਬੰਧ ਵਿਚ ਮਨੁੱਖ ਦੀ ਅਗਵਾਈ ਕਰਦੇ ਹਨ। ਉਨ੍ਹਾਂ ਦੀ ਬਾਣੀ ਵਿਚੋਂ ਉਘੜਦਾ ਉਨ੍ਹਾਂ ਦਾ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸਥਾਰ ਕਰਦਾ ਹੈ ਤੇ ਇਕ ਨਵਾਂ ਧਰਮ ਦਰਸ਼ਨ ਬਣ ਕੇ ਪ੍ਰਗਟ ਹੁੰਦਾ ਹੈ। ਉਹ ਜਦੋਂ ਸ੍ਰਿਸ਼ਟੀ, ਕੁਦਰਤ ਦਾ ਸਮੁੱਚਾ ਪਾਸਾਰ, ਰੁੱਤਾਂ, ਵਣ-ਤ੍ਰਿਣ ਆਦਿ ਨੂੰ ਮਨੁੱਖ ਨਾਲ ਜੋੜ ਕੇ ਦਰਸਾਉਂਦੇ ਹਨ ਤਾਂ ਇਸ ਪ੍ਰਾਕਿਰਤਿਕ ਵਰਤਾਰੇ ਦੇ ਮਨੁੱਖੀ ਮਾਨਸਿਕਤਾ ਉਪਰ ਪੈਣ ਵਾਲੇ ਪ੍ਰਭਾਵਾਂ ਨੂੰ ਵੀ ਪ੍ਰਗਟ ਕਰਦੇ ਜਾਂਦੇ ਹਨ।

ਸੰਸਾਰ ਭਰ ਵਿਚ ਅਜੋਕਾ ਮਨੁੱਖ ਜਿਨ੍ਹਾਂ ਸੰਕਟਾਂ ਦੇ ਸਨਮੁਖ ਖੜ੍ਹਾ ਹੈ, ਉਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਉਨ੍ਹਾਂ ਦਾ ਫ਼ਲਸਫ਼ਾ ਉਨ੍ਹਾਂ ਸੰਕਟਾਂ ਨਾਲ ਨਜਿੱਠਣ ਲਈ ਰਾਹ ਦਰਸਾਉਂਦਾ ਹੈ ਤੇ ਮਨੁੱਖ ਦਾ ਮਾਰਗ ਦਰਸ਼ਨ ਕਰਦਾ ਹੈ। ਮਨੁੱਖ ਦਾ ਰਾਹ ਰੁਸ਼ਨਾਉਣਾ ਉਨ੍ਹਾਂ ਦੇ ਫ਼ਲਸਫ਼ੇ ਦਾ ਮੁੱਖ ਪਹਿਲੂ ਬਣਦਾ ਹੈ। ਗੁਰੂ ਸਾਹਿਬ ਮਨੁੱਖ ਨੂੰ ਜੀਵਨ ਜਾਚ ਦੇ ਢੰਗ-ਤਰੀਕੇ ਸਮਝਾਉਂਦੇ ਹਨ। ਉਨ੍ਹਾਂ ਨੇ ਜਿਸ ਤਰ੍ਹਾਂ ਦੀ ਜੀਵਨ ਜਾਚ ਨੂੰ ਵਿਕਸਤ ਕੀਤਾ ਹੈ, ਉਹ ਹੀ ਅਸਲ ਵਿਚ ਗੁਰਮਤਿ ਦਾ ਸਦਾਚਾਰ ਬਣਦੀ ਹੈ।

ਅਸੀਂ ਦੇਖਦੇ ਹਾਂ ਕਿ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਸੰਦੇਸ਼ ਦੇਣ ਵਾਲੇ ਗੁਰੂ ਨਾਨਕ ਜੀ ਦੇ ਪੈਰੋਕਾਰ ਅੱਜ ਧਰਤੀ, ਹਵਾ, ਪਾਣੀ ਆਦਿ ਦੇ ਕੁਦਰਤੀ ਸੋਮਿਆਂ ਨੂੰ ਅਸ਼ੁੱਧ ਤੇ ਪ੍ਰਦੂਸ਼ਿਤ ਕਰ ਰਹੇ ਹਨ। ਵਾਤਾਵਰਨ ਨੂੰ ਸ਼ੁੱਧ ਬਣਾਈ ਰੱਖਣ ਲਈ ਮਨੁੱਖ ਨੂੰ ਗੁਰੂ ਨਾਨਕ ਦੇ ਸੁਨੇਹੇ ਨੂੰ ਸਮਝਣ ਤੇ ਜਾਗਰੂਕ ਹੋਣ ਦੀ ਲੋੜ ਹੈ। ਜੇ ਮਨੁੱਖਤਾ ਨੂੰ ਜਿਊਂਦਿਆਂ ਰੱਖਣਾ ਹੈ ਤਾਂ ਮਨੁੱਖ ਨੂੰ ਬਾਣੀ ਨਾਲ ਜੁੜਨਾ ਪਵੇਗਾ। ਉਨ੍ਹਾਂ ਦੀਆਂ ਸਾਰੀਆਂ ਸਿੱਖਿਆਵਾਂ ਲੋਕ ਕਲਿਆਣ, ਬਿਹਤਰ ਮਨੁੱਖ ਤੇ ਸਮਾਜ ਦੀ ਸਿਰਜਣਾ ਵਾਸਤੇ ਹਨ। ਉਨ੍ਹਾਂ ਮਨੁੱਖ ਸਾਹਵੇਂ ਜੋ ਆਦਰਸ਼ ਪੇਸ਼ ਕੀਤੇ, ਉਨ੍ਹਾਂ ਨੂੰ ਧਾਰਨ ਕਰ ਕੇ ਹੀ ਮਨੁੱਖ ਸਦਾਚਾਰੀ ਅਖਵਾ ਸਕਦਾ ਹੈ।

ਗੁਰੂ ਸਾਹਿਬ ਮਨੁੱਖੀ ਅਧਿਕਾਰਾਂ ਬਾਰੇ ਅਤੇ ਮਨੁੱਖੀ ਸਮਾਨਤਾ ਬਾਰੇ ਗੱਲ ਕਰਦੇ ਹਨ। ਉਹ ਸਮਕਾਲ ਦੀ ਸਿਆਸਤ ਅਤੇ ਪ੍ਰਚਲਿਤ ਧਰਮਾਂ ਵਿਚਲੀਆਂ ਊਣਤਾਈਆਂ ਨੂੰ ਪਛਾਣਦੇ ਹਨ ਤੇ ਸਮਾਜਿਕ ਅਧੋਗਤੀ ਪ੍ਰਤੀ ਵਿਰੋਧ ਪ੍ਰਗਟ ਕਰਦਿਆਂ ਮਨੁੱਖੀ ਬਰਾਬਰੀ ਤੇ ਮਨੁੱਖੀ ਹੱਕਾਂ ਦੀ ਗੱਲ ਕਰਦੇ ਹਨ। ਉਨ੍ਹਾਂ ਦੀ ‘ਆਸਾ ਦੀ ਵਾਰ’, ‘ਸਿੱਧ ਗੋਸਟਿ’ ਅਤੇ ‘ਬਾਬਰਵਾਣੀ’ ਵਿਚ ਸਮਾਜਿਕ ਅਧੋਗਤੀ ਪ੍ਰਤੀ ਵਿਰੋਧ ਦੀ ਸੁਰ ਹੈ।

ਗੁਰੂ ਨਾਨਕ ਦੇਵ ਜੀ ਹਰ ਗੱਲ ਤਰਕ ਦੇ ਆਧਾਰ ਤੇ ਕਰਦੇ ਹਨ। ਉਹ ਪ੍ਰਸ਼ਨ ਉਠਾਉਂਦੇ ਹਨ। ਸਮਾਜ ਦੋਖੀ ਤਾਕਤਾਂ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ। ਸਮਕਾਲ ਵਿਚ ਸਥਾਪਤੀ ਦੀਆਂ ਵਧੀਕੀਆਂ ਵਿਰੁੱਧ ਡਟਦੇ ਹਨ। ਉਨ੍ਹਾਂ ਦੇ ਫ਼ਲਸਫੇ ਵਿਚ ਗਿਆਨ, ਵਿਗਿਆਨ, ਤਰਕ, ਪਰਖੇ ਜਾ ਸਕਣ ਵਾਲੇ ਸਿਧਾਂਤਾਂ ਦੀ ਭਰਮਾਰ ਹੈ। ਉਹ ਮਹਾਨ ਦਾਰਸ਼ਨਿਕ ਹਨ। ਬ੍ਰਹਿਮੰਡ ਤੋਂ ਇਲਾਵਾ ਸਮਾਜਿਕ, ਸਿਆਸੀ ਮੁੱਦਿਆਂ ਅਤੇ ਕਈ ਹੋਰ ਪਹਿਲੂਆਂ ਬਾਰੇ ਦਾਰਸ਼ਨਿਕ ਖ਼ਿਆਲ ਤੇ ਮਾਡਲ ਪੇਸ਼ ਕਰਦੇ ਹਨ। ਉਨ੍ਹਾਂ ਦਾ ਫ਼ਲਸਫ਼ਾ ਵਿਗਿਆਨਕ ਤੇ ਭਵਿੱਖਮੁਖੀ ਹੈ। ਉਹ ਸਮਾਜਿਕ ਜਾਗ੍ਰਤੀ ਲਿਆਉਣ ਦੀ ਦਿਸ਼ਾ ਵੱਲ ਵਧਦੇ ਹਨ।

ਇਨ੍ਹਾਂ ਕੁਝ ਪੱਖਾਂ ਉਪਰ ਵਿਚਾਰ ਕਰਨ ਤੋਂ ਬਾਅਦ ਕੁਝ ਪ੍ਰਸ਼ਨ ਪੈਦਾ ਹੋਣੇ ਸੁਭਾਵਿਕ ਹਨ। ਅਜੋਕਾ ਮਨੁੱਖ ਗੁਰੂ ਸਾਹਿਬ ਦੇ ਦਿੱਤੇ ਕਿਹੜੇ ਸੰਦੇਸ਼ ਦੀ ਪਾਲਣਾ ਕਰ ਰਿਹਾ ਹੈ? ਕੀ ਮਨੁੱਖ ਉਨ੍ਹਾਂ ਦੇ ਦਰਸਾਏ ਸੰਜਮ ਵਾਲੇ ਜੀਵਨ ਦੇ ਰਸਤੇ ਤੇ ਚੱਲ ਰਿਹਾ ਹੈ? ਕੀ ਮਨੁੱਖ ਕੇਵਲ ਲਿਸ਼ਕ-ਪੁਸ਼ਕ ਤੇ ਚਮਕ-ਦਮਕ ਵਾਲੀ ਜ਼ਿੰਦਗੀ ਜਿਊਣ ਵਿਚ ਵਿਸ਼ਵਾਸ ਨਹੀਂ ਰੱਖ ਰਿਹਾ? ਕੀ ਮਨੁੱਖ ਕੁਦਰਤ ਦੀਆਂ ਬਹੁਮੁੱਲੀਆਂ ਦਾਤਾਂ ਦਾ ਮਲੀਆਮੇਟ ਨਹੀਂ ਕਰ ਰਿਹਾ? ਕੀ ਮਨੁੱਖ ਨਿੱਕੇ-ਵੱਡੇ ਲੋਭ, ਲਾਲਚਾਂ ਵਿਚੋਂ ਆਪਣੇ ਆਪ ਨੂੰ ਕੱਢ ਸਕਿਆ ਹੈ? ਕੀ ਮਨੁੱਖ ਨੇ ਸਮਾਜਿਕ ਨੈਤਿਕਤਾ ਅਤੇ ਸਮਾਜਚਾਰੇ ਦੇ ਆਚਾਰ-ਵਿਹਾਰ ਨੂੰ ਅਪਣਾ ਕੇ ਅਮਲ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ? ਕੀ ਮਨੁੱਖ ਨੇ ਹਓਮੈ ਦੀ ਭਾਵਨਾ ਨੂੰ ਆਪਣੇ ਅੰਦਰੋਂ ਖਾਰਜ ਕਰ ਕੇ (ਜਾਂ ਘਟਾ ਕੇ) ਗੁਰੂ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਦਾ ਅਭਿਆਸ ਕੀਤਾ ਹੈ? ਕੀ ਮਨੁੱਖ ਨੇ ਦੁਨਿਆਵੀ ਮੋਹ, ਮਾਇਆ ਤੋਂ ਨਿਰਲੇਪ ਹੋਣ ਦੀ ਸਿੱਖਿਆ ਉਪਰ ਅਮਲ ਕੀਤਾ ਹੈ? ਕੀ ਮਨੁੱਖ ਨੇ ਆਪਣੇ ਅੰਦਰ ਪਨਪਦੀਆਂ ਪਾਸ਼ਵਿਕ ਬਿਰਤੀਆਂ ਨੂੰ ਮਾਰ ਲਿਆ ਹੈ ਜਾਂ ਵੱਸ ਵਿਚ ਕਰ ਲਿਆ ਹੈ? ਕੀ ਮਨੁੱਖ ਵਿਸ਼ਿਆਂ, ਵਿਕਾਰਾਂ ਨੂੰ ਕਾਬੂ ਵਿਚ ਰੱਖਣ ਦੇ ਉਪਰਾਲੇ ਕਰ ਸਕਿਆ ਹੈ? ਕੀ ਮਨੁੱਖ ਨੇ ਧਰਮ/ਜਾਤ ਆਦਿ ਦੇ ਵਖਰੇਵਿਆਂ ਤੋਂ ਉਪਰ ਉਠ ਕੇ ਗੁਰੂ ਜੀ ਦੇ ਦਰਸਾਏ ਮਨੁੱਖੀ ਸਮਾਨਤਾ ਦੇ ਸਿਧਾਂਤ ਦੀ ਪਾਲਣਾ ਕੀਤੀ ਹੈ? ਕੀ ਮਨੁੱਖ ਨੇ ਮੰਦੇ ਕਰਮ ਕਰਨ ਤੋਂ ਪੂਰੀ ਤਰ੍ਹਾਂ ਨਾਲ ਟਾਲਾ ਵੱਟ ਲਿਆ ਹੈ? ਕੀ ਮਨੁੱਖ ਨੇ ਦੋਗਲੇ ਧਾਰਮਿਕ ਕਿਰਦਾਰਾਂ ਵਾਲੇ ਵਿਹਾਰ ਤੋਂ ਤੌਬਾ ਕਰ ਲਈ ਹੈ?

ਇਨ੍ਹਾਂ ਪ੍ਰਸ਼ਨਾਂ ਉਪਰ ਚਿੰਤਨ ਕਰਨ ਨਾਲ ਗੁਰੂ ਜੀ ਦੇ ਸਰਵ ਅਗਵਾਈ ਕਰਨ ਵਾਲੇ ਸੁਨੇਹੇ ਦੀ ਸਾਰਥਿਕਤਾ ਤੇ ਉਸ ਦੀ ਸਮਾਜਿਕ ਪ੍ਰਸੰਗਕਤਾ ਨੂੰ ਸਮਝਿਆ ਜਾ ਸਕਦਾ ਹੈ। ਉਹ ਅਜਿਹੇ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੰਦੇ ਹਨ, ਜਿਸ ਵਿਚ ਕੋਈ ਦੂਜ ਭਾਵ ਨਾ ਹੋਵੇ ਤੇ ਜਾਤ-ਪਾਤ ਦਾ ਕੋਈ ਵਿਤਕਰਾ ਨਾ ਹੋਵੇ। ਸਮਾਜ ਦਾ ਧਰਮ ਕੇਵਲ ਮਾਨਵਤਾ ਹੋਵੇ। ਸਰਵ ਸਾਂਝ ਧਰਮ ਹੋਵੇ। ਅਜਿਹਾ ਸਮਾਜ ਜਿਸ ਵਿਚ ਹੱਕ, ਸੱਚ, ਬਰਾਬਰੀ, ਨਿਆਂ ਆਦਿ ਦੇ ਵਰਤਾਰੇ ਦਾ ਬੋਲ-ਬਾਲਾ ਹੋਵੇ। ਮਨੁੱਖੀ ਕਲਿਆਣ ਅਤੇ ਮਨੁੱਖੀ ਏਕਤਾ ਨੂੰ ਗੁਰੂ ਜੀ ਪਰਮ ਅਗੇਤ ਦਿੰਦੇ ਹਨ। ਅਜਿਹਾ ਸਮਾਜ ਜਿਸ ਵਿਚ ਪਿਆਰ, ਅਮਨ-ਸ਼ਾਂਤੀ, ਦਇਆ, ਖ਼ਿਮਾ, ਹਮਦਰਦੀ ਆਦਿ ਦਾ ਵਾਸਾ ਹੋਵੇ! ਸਦਾਚਾਰੀ ਮਨੁੱਖ ਦਾ ਵਸੇਬਾ ਹੋਵੇ!

ਸੰਪਰਕ: 98885-10185

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All