ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ
ਦਸੰਬਰ ਮੁਲਕ ਵਾਸਤੇ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਭਾਰਤ-ਪਕਿਸਤਾਨ ਦਰਮਿਆਨ 50 ਸਾਲ ਪਹਿਲਾਂ ਲੜੀ ਗਈ ਜੰਗ ਵਿਚ ਮੁਲਕ ਨੇ ਚਮਤਕਾਰੀ ਜਿੱਤ ਹਾਸਲ ਕੀਤੀ ਤੇ ਪੂਰਬੀ ਪਾਕਿਸਤਾਨ ਫੌਜ ਦੇ ਕਮਾਂਡਰ-ਇੰਨ-ਚੀਫ਼ ਜਨਰਲ ਏਕੇ ਨਿਆਜ਼ੀ ਨੇ 16 ਦਸੰਬਰ ਨੂੰ ਭਾਰਤੀ ਫੌਜ ਦੇ ਨਿਧੜਕ ਜਰਨੈਲ ਜਗਜੀਤ ਸਿੰਘ ਅਰੋੜਾ ਸਾਹਮਣੇ ਤਕਰੀਬਨ 93 ਹਜ਼ਾਰ ਫੌਜੀਆਂ ਸਮੇਤ ਆਤਮ-ਸਮਰਪਣ ਕਰ ਦਿੱਤਾ। ਨਾਲ ਹੀ ਨਵੇਂ ਮੁਲਕ ਬੰਗਲਾਦੇਸ਼ ਨੇ ਜਨਮ ਲਿਆ।
ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ 7 ਦਸੰਬਰ ਨੂੰ ਮੁਲਕ ‘ਹਥਿਆਰਬੰਦ ਫੌਜ ਝੰਡਾ ਦਿਵਸ’ ਮਨਾ ਰਿਹਾ ਹੈ ਜਿਸ ਦਾ ਮੁੱਢ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਨੇ ਪਹਿਲੀ ਸੰਸਾਰ ਜੰਗ ਮੌਕੇ ਬੰਨ੍ਹਿਆ ਸੀ। 1914-18 ਦਰਮਿਆਨ ਲੱਗਭੱਗ 9,50,000 ਭਾਰਤੀ ਫੌਜ ਨੇ ਸੰਸਾਰ ਜੰਗ ਵਿਚ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਜੰਗਜੂਆਂ ਵਿਚੋਂ 74,187 ਭਾਰਤੀ ਫੌਜੀ ਮਾਰੇ ਗਏ ਸਨ ਜਿਨ੍ਹਾਂ ’ਚ ਲੱਗਭੱਗ 13,000 ਪੰਜਾਬ ਦੇ ਫੌਜੀ ਸਨ ਅਤੇ 67,000 ਜ਼ਖ਼ਮੀ/ਨਕਾਰਾ ਹੋ ਗਏ। ਇਨ੍ਹਾਂ ਵਿਚ ਵੀ ਲੱਗਭੱਗ 12,000 ਪੰਜਾਬੀ ਸਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਫੌਜੀਆਂ ਨੂੰ ਸੰਸਾਰ ਜੰਗ ਉਪਰੰਤ ਫਾਰਗ ਕਰ ਦਿੱਤਾ ਗਿਆ।
ਸੋਫੀਆ ਦਲੀਪ ਸਿੰਘ ਨੇ ਸਵੈ-ਇੱਛੁਕ ਨਰਸ ਦੇ ਤੌਰ ਤੇ ਜ਼ਖ਼ਮੀਆਂ ਦੀ ਮੱਲ੍ਹਮ ਪੱਟੀ ਅਤੇ ਦਿਨ-ਰਾਤ ਦੇਖ-ਭਾਲ ਕਰਕੇ ਖ਼ਾਸ ਤੌਰ ਤੇ ਭਾਰਤੀ ਫੌਜੀਆਂ ਦਾ ਦਿਲ ਜਿੱਤਿਆ। ਜੰਗ ਦੌਰਾਨ ਬ੍ਰਿਟਿਸ਼ ਇੰਡੀਆ ਸਰਕਾਰ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਚੁੱਕੀ ਸੀ, ਜਿਵੇਂ ਅੱਜ ਕੱਲ੍ਹ ਬਗੈਰ ਕੋਈ ਰਵਾਇਤੀ ਜੰਗ ਲੜਿਆਂ ਆਪਣੇ ਮੁਲਕ, ਵਿਸ਼ੇਸ਼ ਤੌਰ ਤੇ ਪੰਜਾਬ ਦੀ ਹੋ ਰਹੀ ਹੈ। ਖ਼ੈਰ, ਇਕ ਪਾਸੇ ਤਾਂ ਸਹਿਯੋਗੀ ਮੁਲਕ/ਦਲ ਜਿੱਤੀ ਹੋਈ ਜੰਗ ਬਾਰੇ ਜਸ਼ਨ ਮਨਾਉਣ ਵਿਚ ਰੁੱਝੇ ਹੋਏ ਸਨ, ਦੂਜੇ ਪਾਸੇ ਸੋਫੀਆ ਨੇ ਨਕਾਰਾ ਜ਼ਖ਼ਮੀਆਂ ਤੇ ਫੌਜ ਵਿਚੋਂ ਛਾਂਟੀ ਕੀਤੇ ਜੰਗਜੂਆਂ ਵਾਸਤੇ ਫੰਡ ਇਕੱਠਾ ਕਰਨ ਦੀ ਮੁਹਿੰਮ 11 ਨਵੰਬਰ ਨੂੰ ਵਿੱਢੀ।
ਉਸ ਸਮੇਂ ਦੀ ਸਰਕਾਰ ਨੇ 11 ਨਵੰਬਰ ‘ਯਾਦਗਾਰ ਦਿਨ-ਪੋਪੀ ਡੇਅ’ ਵਜੋਂ ਮਨਾਉਣਾ ਸ਼ੁਰੂ ਕੀਤਾ। ਉਸ ਵੇਲੇ ਪੋਪੀਜ਼ ਨਾਂ ਦਾ ਚਿੰਨ੍ਹ ਜਨਤਾ ਵਿਚ ਵੰਡਿਆ ਜਾਂਦਾ ਸੀ ਅਤੇ ਜਨਤਾ ਵੱਲੋਂ ਇਸ ਬਦਲੇ ਦਾਨ ਦਿੱਤਾ ਜਾਂਦਾ ਸੀ। ਦਾਨ ਦੀ ਇਹ ਰਕਮ ਅੰਗਰੇਜ਼ ਸਾਬਕਾ ਫੌਜੀਆਂ ਦੀ ਐਸੋਸੀਏਸ਼ਨ ਦੇ ਖਾਤੇ ਵਿਚ ਜਾਂਦੀ ਸੀ। ਉਂਜ ਐਸੋਸੀਏਸ਼ਨ ਦਾ ਆਪਣਾ ਅਧਿਕਾਰ ਸੀ ਕਿ ਇਸ ਫੰਡ ਦਾ ਕੁਝ ਹਿੱਸਾ ਭਾਰਤੀ ਫੌਜੀਆਂ, ਸਾਬਕਾ ਫੌਜੀਆਂ ਵਾਸਤੇ ਵਰਤਿਆ ਜਾਵੇ।
ਮੁਲਕ ਦੀ ਵੰਡ ਤੋਂ ਬਾਅਦ ਜੁਲਾਈ 1948 ਵਿਚ ਭਾਰਤ ਸਰਕਾਰ ਦੀ ਰੱਖਿਆ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਹਥਿਆਰਬੰਦ ਫੌਜਾਂ ਵਿਚ ਸੇਵਾ ਨਿਭਾ ਰਹੇ ਫੌਜੀਆਂ, ਸਾਬਕਾ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਵਾਸਤੇ ਦਾਨ ਇਕੱਠਾ ਕਰਨ ਲਈ ਵਿਸ਼ੇਸ਼ ਦਿਨ ਮਿਥਿਆ ਜਾਵੇ। ਇਉਂ 28 ਅਕਤੂਬਰ, 1951 ਨੂੰ ਤਤਕਾਲੀਨ ਰੱਖਿਆ ਮੰਤਰੀ ਦੀ ਕਮੇਟੀ ਨੇ ਹਰ ਸਾਲ 7 ਦਸੰਬਰ ਨੂੰ ਇਹ ਦਿਨ ਮਨਾਉਣ ਦਾ ਫੈਸਲਾ ਕੀਤਾ।
ਝੰਡਾ ਦਿਵਸ ਫੌਜੀਆਂ ਪ੍ਰਤੀ ਸਦਭਾਵਨਾ ਵਾਲਾ ਮਾਹੌਲ ਸਿਰਜਣ ਅਤੇ ਉਨ੍ਹਾਂ ਬਹਾਦਰ ਫੌਜੀਆਂ ਦੀ ਯਾਦ ਤਾਜ਼ਾ ਕਰਵਾਉਂਦਾ ਹੈ ਜਿਹੜੇ ਜੰਗ ਦੇ ਮੈਦਾਨ ਵਿਚ ਮਾਰੇ ਗਏ ਜਾਂ ਨਕਾਰਾ ਹੋ ਗਏ। ਜਦੋਂ ਜੰਗ ਦਾ ਬਿਗਲ ਵੱਜਦਾ ਹੈ ਤਾਂ ਫੌਜੀ ਆਪਣੀਆਂ ਬੈਰਕਾਂ ਅਤੇ ਪਰਿਵਾਰਾਂ ਨੂੰ ਪਿੱਛੇ ਛੱਡ ਕੇ ਲੜਾਈ ਵਾਲੇ ਮੋਰਚਿਆਂ ਨੂੰ ਕੂਚ ਕਰਦੇ ਹਨ। ਜਵਾਨ ਜੰਗਲਾਂ, ਪਹਾੜਾਂ, ਸਿਆਚਿਨ ਵਰਗੇ ਬਰਫੀਲੇ ਇਲਾਕਿਆਂ, ਮਾਰੂਥਲ ਆਦਿ ਸਰਹੱਦੀ ਇਲਾਿਕਆਂ ਵਿਚ ਜਾ ਕੇ ਆਪਣੀ ਪਲਟਨ ਅਤੇ ਮੁਲਕ ਲਈ ਮਰ-ਮਿਟਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ।
ਇਹ ਕੌੜੀ ਸਚਾਈ ਹੈ ਕਿ ਰੱਬ ਅਤੇ ਫੌਜ ਨੂੰ ਸਿਰਫ਼ ਔਖੀ ਘੜੀ ਵੇਲੇ ਹੀ ਯਾਦ ਕੀਤਾ ਜਾਂਦਾ ਹੈ। ਜਦੋਂ ਖ਼ਤਰਾ ਟਲ ਜਾਂਦਾ ਹੈ ਤਾਂ ਸਰਕਾਰਾਂ ਅਤੇ ਸਮੁੱਚਾ ਸਮਾਜ ਭੁੱਲ ਜਾਂਦਾ ਹੈ। ਮੁਲਕ ਵਾਸੀਆਂ ਦਾ ਫਰਜ਼ ਹੈ ਕਿ ਅਜਿਹੇ ਪਰਿਵਾਰਾਂ/ਵਿਧਵਾਵਾਂ ਜਿਨ੍ਹਾਂ ਦੀ ਰੋਜ਼ੀ-ਰੋਟੀ ਕਮਾਉਣ ਵਾਲੇ ਮੁਲਕ ਦੀ ਰੱਖਿਆ ਕਰਦਿਆਂ ਸਦਾ ਦੀ ਨੀਂਦ ਸੌਂ ਗਏ; ਉਨ੍ਹਾਂ ਨਕਾਰਾਂ, ਲਚਾਰਾਂ ਵਿਧਵਾਵਾਂ ਬਿਰਧ ਫੌਜੀਆਂ ਦੇ ਪਾਲਣ-ਪੋਸ਼ਣ ਅਤੇ ਦੇਖ-ਭਾਲ ਅਤੇ ਉਨ੍ਹਾਂ ਦੇ ਮੁੜ-ਵਸੇਬੇ ਵਿਚ ਅਸੀਂ ਵੀ ਆਪਣਾ ਯੋਗਦਾਨ ਪਾਈਏ।
ਸਿਪਾਹੀ ਨੂੰ ਦਿਨ ਦੇ 24 ਘੰਟੇ ਤੇ ਹਫ਼ਤੇ ਵਿਚ 7 ਦਿਨ ਤਿਆਰ-ਬਰ-ਤਿਆਰ ਰਹਿੰਦਿਆਂ ਡਿਊਟੀ ਕਰਨੀ ਪੈਂਦੀ ਹੈ, ਭਾਵੇਂ ਉਹ ਸਰਹੱਦਾਂ ਤੇ ਤਾਇਨਾਤ ਹੋਵੇ ਜਾਂ ਫਿਰ ਬੈਰਕਾਂ ਵਿਚ। ਇਕ ਸਾਬਕਾ ਉੱਚ ਫੌਜੀ ਅਧਿਕਾਰੀ ਵੱਲੋਂ ਕੁਝ ਸਾਲ ਪਹਿਲਾਂ ਤਿਆਰ ਕੀਤੇ ਸਰਵੇਖਣ ਅਨੁਸਾਰ ਇਕ ਸੈਨਿਕ ਨੂੰ 24 ਸਾਲਾਂ ਦੀ ਨੌਕਰੀ ਦੌਰਾਨ ਤਕਰੀਬਨ 18 ਸਾਲ ਪਰਿਵਾਰ ਨਾਲੋਂ ਵੱਖ ਰਹਿਣਾ ਪੈਂਦਾ ਹੈ। ਚਾਲੂ ਸਾਲ ਪਾਰਲੀਮੈਂਟ ਵਿਚ ਵੇਰਵੇ ਪੇਸ਼ ਕਰਦਿਆਂ ਕਿਹਾ ਗਿਆ ਕਿ ਫੌਜ ਵਿਚ ਤਕਰੀਬਨ ਇਕ ਲੱਖ ਜਵਾਨਾਂ ਤੇ 9 ਹਜ਼ਾਰ ਅਫਸਰਾਂ ਦੀ ਘਾਟ ਹੈ। ਹੁਣ ਜਦੋਂ ਬੀਤੇ 19 ਮਹੀਨਿਆਂ ਤੋਂ ਚੀਨ ਵੱਲੋਂ ਹਰ ਕਿਸਮ ਦੇ ਖ਼ਤਰਿਆਂ ਦਾ ਸਾਹਮਣਾ ਕਰਨ ਖ਼ਾਤਰ ਐੱਲਏਸੀ ਤੇ ਸਾਡੀ ਫੌਜ ਦੀ ਗਿਣਤੀ ਲਗਾਤਾਰ ਵਧਦੀ ਗਈ। ਜੇ ਪੂਰਬੀ ਲੱਦਾਖ ਵਿਚ ਪਹਿਲਾਂ ਕੇਵਲ ਤਕਰੀਬਨ 10 ਹਜ਼ਾਰ ਬਖਤਰਬੰਦ ਫੌਜ ਸੀ, ਹੁਣ ਤਾਂ ਇਹ ਗਿਣਤੀ ਵਧ ਕੇ ਤਕਰੀਬਨ 50 ਹਜ਼ਾਰ ਹੋ ਚੁੱਕੀ ਹੈ; ਕਹਿਣ ਤੋਂ ਭਾਵ, ਛਾਉਣੀਆਂ ਵਿਚ ਪਲਟਨਾਂ ਨੂੰ ਹੋਰ ਵੀ ਘੱਟ ਰਹਿਣ ਦਾ ਸਮਾਂ ਮਿਲ ਰਿਹਾ ਹੈ। ਮਿਲਟਰੀ ਸਟੇਸ਼ਨ ਤੇ ਪਹਿਲਾਂ ਹੀ ਜਵਾਨਾਂ ਦੇ ਪਰਿਵਾਰਾਂ ਵਾਸਤੇ ਰਿਹਾਇਸ਼ੀ ਮਕਾਨਾਂ ਦੀ ਘਾਟ ਹੈ ਜਿਸ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਹੁਣ ਜਦੋਂ ਸਰਹੱਦਾਂ ਤੇ ਵਧੇਰੇ ਤਾਇਨਾਤੀ ਹੋ ਰਹੀ ਹੈ ਤਾਂ ਫਿਰ ਜਵਾਨ ਦੇ ਪਰਿਵਾਰਾਂ ਦੀ ਤਾਂ ਖੱਜਲ-ਖੁਆਰੀ ਹੀ ਹੈ। ਵੈਸੇ ਵੀ ਵਾਰ ਵਾਰ ਪੋਸਟਿੰਗ ਕਾਰਨ ਬੱਚਿਆਂ ਦੀ ਪੜ੍ਹਾਈ ਤੇ ਅਸਰ ਪੈਂਦਾ ਹੈ। ਪ੍ਰਸ਼ਾਸਨ, ਪੁਲੀਸ ਅਤੇ ਅਧਿਕਾਰੀਆਂ ਵੱਲੋਂ ਇੱਜ਼ਤ ਤੇ ਇਨਸਾਫ਼ ਦੇਣ ਦੀ ਗੱਲ ਤਾਂ ਛੱਡੋ, ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।
ਨੌਕਰੀ ਸਮੇਂ ਵਿਸ਼ੇਸ਼ ਤੌਰ ਤੇ ਸਿਆਚਿਨ ਵਰਗੇ ਉੱਚ ਪਰਬਤੀ ਇਲਾਕਿਆਂ ਤੇ ਹੁਣ ਐੱਲਏਸੀ ਤੇ ਐੱਲਓਸੀ ਉੱਤੇ ਡਿਊਟੀ ਸਮੇਂ ਮਾਨਸਿਕ ਅਤੇ ਕਿੱਤੇ ਨਾਲ ਸਬੰਧਤ ਤਣਾਅ ਪੈਦਾ ਹੁੰਦਾ ਹੈ ਤੇ ਸੁਭਾਅ ਚਿੜਚਿੜਾ ਹੋ ਜਾਂਦਾ ਹੈ। ਖੁ਼ਦਕੁਸ਼ੀਆਂ ਵਧਦੀਆਂ ਹਨ। ਆਪਸੀ ਖਿੱਚੋਤਾਣ ਕਾਰਨ ਕੁਝ ਸੈਨਿਕ ਇਕ ਦੂਜੇ ਨੂੰ ਬੰਦੂਕ ਦਾ ਨਿਸ਼ਾਨਾ ਬਣਾ ਦਿੰਦੇ ਹਨ।
ਬੀਤੇ ਸਮੇਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲੱਦਾਖ ਵਿਚ ਜਵਾਨਾਂ ਦੇ ਦੁਖੜੇ ਸੁਣੇ ਤਾਂ ਉਨ੍ਹਾਂ ਆਦੇਸ਼ ਜਾਰੀ ਕੀਤੇ ਕਿ ਹਰ ਫਾਰਮੇਸ਼ਨ ਵੱਲੋਂ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਬੰਧਤ ਜ਼ਿਲ੍ਹਿਆਂ ਵਿਚ ਤਾਇਨਾਤ ਕੀਤਾ ਜਾਵੇ ਜੋ ਪ੍ਰਸ਼ਾਸਨ ਤੇ ਪੁਲੀਸ ਨਾਲ ਮੇਲ-ਮਿਲਾਪ ਕਰਕੇ ਸਰਹੱਦਾਂ ਤੇ ਤਾਇਨਾਤ ਰਖਵਾਲਿਆਂ ਦੀਆਂ ਸਮੱਸਿਆਵਾਂ ਹੱਲ ਕਰਵਾਏ। ਕੁਝ ਦਿਨ ਪਹਿਲਾਂ ਇਸ ਲੇਖਕ ਨੇ ਗੁਰਦਾਸਪੁਰ ਤੇ ਪਠਾਨਕੋਟ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਸਾਬਕਾ ਸੈਨਿਕਾਂ, ਵਿਸ਼ੇਸ਼ ਤੌਰ ਤੇ ਬਿਮਾਰੀ ਨਾਲ ਪੀੜਤ ਜੰਗਜੂਆਂ ਨੂੰ ਮਿਲਿਆ। ਲਾਲ ਫੀਤਾਸ਼ਾਹੀ ਤਾਂ ਸਾਬਕਾ ਫੌਜੀ ਜਰਨੈਲਾਂ ਨੂੰ ਨਹੀਂ ਪੁੱਛਦੀ, ਜਵਾਨ ਅਤੇ ਜੇਸੀਓ ਦੀ ਪੁਕਾਰ ਕੌਣ ਸੁਣੇਗਾ? ਵੈਸੇ ਵੀ ਸੈਨਿਕ ਭਲਾਈ ਮਹਿਕਮੇ ਵਿਚ ਅਮਲੇ ਦੀ ਅਤਿ ਘਾਟ ਹੈ। ਗੁਰਦਾਸਪੁਰ ਜ਼ਿਲ੍ਹੇ ਦਾ ਡਿਪਟੀ ਡਾਇਰੈਕਟਰ ਚਾਰ ਜ਼ਿਲ੍ਹਿਆਂ, ਭਾਵ ਆਪਣੇ ਜਿ਼ਲ੍ਹੇ ਤੋਂ ਇਲਾਵਾ ਪਠਾਨਕੋਟ, ਜਲੰਧਰ ਤੇ ਕਪੂਰਥਲਾ ਦਾ ਕੰਮ-ਕਾਜ ਵੀ ਦੇਖ ਰਿਹਾ ਹੈ।
ਇਹ ਮੁਲਕ ਦੇ ਹਿੱਤ ਵਿਚ ਹੋਵੇਗਾ, ਜੇ ਰੱਖਿਆ ਸੇਵਾਵਾਂ ਨਾਲ ਸੰਬੰਧਿਤ ਸਿਵਲ ਅਧਿਕਾਰੀਆਂ, ਸਿਆਸਤਦਾਨਾਂ, ਖ਼ਾਸ ਤੌਰ ਤੇ ਅਫਸਰਸ਼ਾਹੀ ਵਾਸਤੇ ਸਰਹੱਦੀ ਇਲਾਕਿਆਂ ਵਿਚ ਟਰੇਨਿੰਗ ਕੈਪਸੂਲ ਕੈਂਪ ਲਾਏ ਜਾਣ ਤਾਂ ਕਿ ਉਨ੍ਹਾਂ ਨੂੰ ਫੌਜੀਆਂ ਦੀਆਂ ਸਮੱਸਿਆਵਾਂ ਦਾ ਅਹਿਸਾਸ ਹੋ ਸਕੇ।
ਲੋੜ ਇਸ ਗੱਲ ਦੀ ਵੀ ਹੈ ਕਿ ਫੌਜੀ ਵਰਗ ਦੀਆਂ ਪ੍ਰਾਪਤੀਆਂ, ਔਕੜਾਂ ਭਰਪੂਰ ਚੁਣੌਤੀਆਂ ਤੇ ਸੂਰਬੀਰਤਾ ਵਾਲੇ ਕਾਰਨਾਮਿਆਂ ਬਾਰੇ ਸਿਆਸਤਦਾਨਾਂ, ਸੰਸਦ ਮੈਂਬਰਾਂ, ਅਫਸਰਸ਼ਾਹੀ ਤੇ ਮੁਲਕ ਵਾਸੀਆਂ, ਖਾਸ ਤੌਰ ਤੇ ਕਾਲਜਾਂ ਤੇ ਸਕੂਲੀ ਬੱਚਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ‘ਫਲੈਗ ਡੇਅ’ ਦੀ ਮਹੱਤਤਾ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇ।
*ਲੇਖਕ ਰੱਖਿਆ ਵਿਸ਼ਲੇਸ਼ਕ ਹੈ।
ਸੰਪਰਕ: 0172-2740991