ਆਰਥਿਕ ਝਰੋਖਾ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਟੀਐੱਨ ਨੈਨਾਨ

ਟੀਐੱਨ ਨੈਨਾਨ

ਮੁਲਕ ਦੀ ਆਜ਼ਾਦੀ ਤੋਂ ਬਾਅਦ ਦਾ ਕੋਈ ਹੋਰ ਅਜਿਹਾ ਸਮਾਂ ਚੇਤੇ ਕਰਨਾ ਮੁਸ਼ਕਿਲ ਹੈ ਜਦੋਂ ਕੈਬਨਿਟ ਰੈਂਕ ਦੇ ਕਿਸੇ ਅਫਸਰ ਨੇ ਪੁਲੀਸ ਅਫਸਰਾਂ ਨੂੰ ਸਿਵਿਲ ਸੁਸਾਇਟੀ (ਆਮ ਭਾਰਤੀ ਸ਼ਹਿਰੀਆਂ) ਉਤੇ ਜੰਗੀ ਪੱਧਰ ਦਾ ਹਮਲਾ ਕਰਨ ਲਈ ਆਖਿਆ ਹੋਵੇ। ਇਸ ਮਾਮਲੇ ਵਿਚ ਸਿਰਫ਼ ਇਕ ਅਪਵਾਦ ਇੰਦਰਾ ਗਾਂਧੀ ਦਾ ਐਮਰਜੈਂਸੀ ਦਾ ਦੌਰ ਹੋ ਸਕਦਾ ਹੈ। ਨਾਲ ਹੀ ਐਮਰਜੈਂਸੀ ਸਮੇਤ ਅਜਿਹੇ ਸਮੇਂ ਬਾਰੇ ਤਸੱਵੁਰ ਕਰਨਾ ਤਾਂ ਹੋਰ ਵੀ ਮੁਸ਼ਕਿਲ ਹੈ, ਜਦੋਂ ਅਨੁਸ਼ਾਸਨ ਵਿਚ ਡੁੱਬੀ ਹੋਈ ਫ਼ੌਜ ਦੇ ਕਿਸੇ ਚਾਰ ਸਿਤਾਰਿਆਂ ਵਾਲੇ ਜਨਰਲ ਨੇ ‘ਦਹਿਸ਼ਤਗਰਦਾਂ’ ਦੇ ਹਜੂਮੀ ਕਤਲਾਂ (ਜਦੋਂ ਸੰਭਵ ਤੌਰ ਤੇ ਅਜਿਹੇ ਕਾਤਲ ਹਜੂਮ ਨੂੰ ਪਛਾਣ ਲਿਆ ਗਿਆ ਹੋਵੇ) ਦਾ ਸਵਾਗਤ ਕੀਤਾ ਹੋਵੇ। ਇਹ ਸਾਰੇ ਬਿਆਨ ਬਹੁਤ ਹੀ ਸੰਜੀਦਗੀ ਭਰੇ ਢੰਗ ਨਾਲ ਦਿੱਤੇ ਗਏ ਹੋ ਸਕਦੇ ਹਨ ਜੋ ਨਰਿੰਦਰ ਮੋਦੀ ਦੀ ਹਕੂਮਤ ਦੌਰਾਨ ਬਦਲ ਰਹੇ ਭਾਰਤ ਦੀ ਨਿਸ਼ਾਨਦੇਹੀ ਕਰਦੇ ਹਨ।

ਭਾਰਤ ਵਿਚ ਵਿਦੇਸ਼ੀ ਹਮਲਾਵਰਾਂ ਅਤੇ ਹੋਰਨਾਂ ਵੱਲੋਂ ਕੀਤੀ ਹਿੰਸਾ ਦਾ ਲੰਮਾ ਇਤਿਹਾਸ ਹੈ। ਇਸ ਨੂੰ ਅਹਿੰਸਕ ਢੰਗ-ਤਰੀਕਿਆਂ ਦੇ ਪਰਦੇ ਹੇਠ ਜ਼ਰੂਰ ਛੁਪਾਇਆ ਗਿਆ ਜਿਹੜੀ ਅਹਿੰਸਾ ਆਜ਼ਾਦੀ ਸੰਘਰਸ਼ ਦੀ ਖ਼ਾਸੀਅਤ ਸੀ, ਤੇ ਬਾਅਦ ਵਿਚ ਇਹ ਉਨ੍ਹਾਂ ਹੱਤਿਆਵਾਂ ਰਾਹੀਂ ਉਜਾਗਰ ਹੋਈ ਜਿਨ੍ਹਾਂ ਨੇ ਇਸ ਦੇ ਸਿਖਰ ਦੀ ਨਿਸ਼ਾਨਦੇਹੀ ਕੀਤੀ। ਸਾਡੇ ਸਮਾਜ ਵਿਚ ਦਲਿਤਾਂ ਖਿ਼ਲਾਫ਼ ਬਹੁਤ ਹੀ ਗਿਣੀ-ਮਿਥੀ ਹਿੰਸਾ ਵੀ ਸੀ ਅਤੇ ਨਾਲ ਹੀ ਅਚਨਚੇਤੀ ਹੋਣ ਵਾਲੀ ਹਿੰਸਾ ਵੀ। ਇਸੇ ਤਰ੍ਹਾਂ ਨਿਤਾਣੇ ਕਬਾਇਲੀਆਂ ਨੂੰ ਉਨ੍ਹਾਂ ਦੇ ਰਵਾਇਤੀ ਟਿਕਾਣਿਆਂ ਤੋਂ ਵਿਆਪਕ ਪੱਧਰ ਤੇ ਉਜਾੜੇ ਜਾਣ ਦੀ ਹਿੰਸਾ ਸੀ। ਇਨ੍ਹਾਂ ਵਿਚ ਅੱਜ ਅਚਨਚੇਤੀ ਜ਼ਾਲਮਾਨਾ ਤਰੀਕੇ ਨਾਲ ਹੋ ਰਹੇ ਵਾਧੇ ਤਹਿਤ ਅਰਥਚਾਰੇ ਦੇ ਗ਼ੈਰ ਰਸਮੀ ਖੇਤਰ ਨੂੰ ਨੁਕਸਾਨ ਪਹੁੰਚਾ ਕੇ ਲੱਖਾਂ ਨੌਕਰੀਆਂ ਦੇ ਕੀਤੇ ਜਾ ਰਹੇ ਖ਼ਾਤਮੇ ਨੂੰ ਜਿੱਤ ਵਜੋਂ ਮਨਾਇਆ ਜਾਂਦਾ ਹੈ।

ਜਿਵੇਂ ਸਾਰੇ ਹੀ ਸਮਾਜਾਂ ਵਿਚ ਹਿੰਸਾ ਨਿਰਵਿਵਾਦ ਢੰਗ ਨਾਲ ਤਕੜੇ ਵੱਲੋਂ ਕਮਜ਼ੋਰ ਖਿ਼ਲਾਫ਼, ਵਰਦੀਧਾਰੀ ਲੋਕਾਂ ਵੱਲੋਂ ਆਮ ਲੋਕਾਂ ਖਿ਼ਲਾਫ਼ ਅਤੇ ਬਹੁਗਿਣਤੀ ਵਾਲਿਆਂ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਘੱਟਗਿਣਤੀ ਵਾਲੇ ਲੋਕਾਂ ਖਿ਼ਲਾਫ਼ ਹੁੰਦੀ ਹੈ। ਦੂਜੇ ਪਾਸੇ ਸਟੇਟ/ਰਿਆਸਤ ਜਿਸ ਦੀ ਪਰਿਭਾਸ਼ਾ ਵਜੋਂ ਹਿੰਸਾ ਉਤੇ ਇਜਾਰੇਦਾਰੀ ਸਮਝੀ ਜਾਂਦੀ ਹੈ, ਜਾਂ ਤਾਂ ਇਸ ਹਿੰਸਾ ਵਿਚ ਅਪਰਾਧੀ ਹੈ ਜਾਂ ਸਹਿਯੋਗੀ। ਤੁਸੀਂ ਕਹਿਣ ਨੂੰ ਕਹਿ ਸਕਦੇ ਹੋ ਕਿ ਇਸ ਦਾ ਸਿੱਟਾ ਡਾਰਵਿਨ ਦਾ ਸਿਧਾਂਤ ਹੈ ਪਰ ਪੰਜਾਬੀ ਵਿਚ ਇਸ ਬਾਰੇ ਕਹਾਵਤ ਹੈ: ਤਕੜੇ ਦਾ ਸੱਤੀ ਵੀਹੀਂ ਸੌ, ਜਾਂ ਹਿੰਦੀ ਵਿਚ: ਜਿਸ ਕੀ ਲਾਠੀ, ਉਸ ਕੀ ਭੈਂਸ।

ਉਂਝ ਸਾਡੇ ਕੋਲ ਬਰੋ-ਬਰਾਬਰ ਵਿਸ਼ਵਾਸ ਲਈ ‘ਸਭ ਤੋਂ ਤਾਕਤਵਰ’ ਦੇ ਜਿ਼ੰਦਾ ਰਹਿਣ ਦਾ ਸਿਧਾਂਤ ਵੀ ਹੈ ਜਿਸ ਨੂੰ ਬੀਤੇ ਸਾਲ ਬਰਾਇਨ ਹੇਅਰ ਅਤੇ ਵੈਨੇਸਾ ਵੁਡਜ਼ ਨਾਮੀ ਪਤੀ-ਪਤਨੀ ਦੀ ਟੀਮ ਨੇ ਪੇਸ਼ ਕੀਤਾ ਸੀ। ਉਨ੍ਹਾਂ ਆਪਣੀ ਕਿਤਾਬ ‘ਸਰਵਾਈਵਲ ਆਫ ਦਿ ਫਰੈਂਡਲਿਸਟ: ਅੰਡਰਸਟੈਂਡਿੰਗ ਅਵਰ ਓਰਿਜਿਨਜ਼ ਐਂਡ ਰੀਡਿਸਕਵਰਿੰਗ ਅਵਰ ਕੌਮਨ ਹਿਊਮੈਨਿਟੀ’ ਵਿਚ ਦਲੀਲ ਦਿੱਤੀ ਹੈ ਕਿ ਡਾਰਵਿਨ ਦੇ ਜਿ਼ੰਦਾ ਰਹਿਣ ਦੇ ਸਿਧਾਂਤ ਨੂੰ ਮਿੱਤਰਤਾ ਅਤੇ ਸਹਿਯੋਗੀ/ਸਹਿਕਾਰੀ ਵਿਹਾਰ ਦੀ ਸਮਰੱਥਾ ਨਾਲ ਮਿਲਾ ਕੇ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਇਹੋ ਉਹ ਪੱਖ ਹਨ ਜਿਨ੍ਹਾਂ ਹੋਮੋ ਸੇਪੀਅਨਜ਼ (ਮਨੁੱਖਾਂ) ਦੀ ਇਨਸਾਨ ਦੇ ਹੋਰ ਕਰੀਬੀ ਵਿਕਾਸਵਾਦੀ ਰਿਸ਼ਤੇਦਾਰ ਜੀਵਾਂ (ਚਿੰਪੈਂਜੀ, ਬਾਂਦਰ ਆਦਿ) ਦੇ ਮੁਕਾਬਲੇ ਵਿਕਸਤ ਤੇ ਖ਼ੁਸ਼ਹਾਲ ਹੋਣ ਵਿਚ ਮਦਦ ਕੀਤੀ। ਇਹ ਕਾਰਪੋਰੇਟ ਸੱਭਿਆਚਾਰ, ਕ੍ਰਿਕਟ ਟੀਮਾਂ ਅਤੇ ਆਮ ਮਨੁੱਖਾਂ ਲਈ ਵੀ ਓਨਾ ਹੀ ਸੱਚ ਹੈ ਜਿੰਨਾ ਸਮਾਜਾਂ ਲਈ। ਇਹ ਜਾਨਵਰਾਂ ਲਈ ਵੀ ਸੱਚ ਹੈ: ਹੇਅਰ ਅਤੇ ਵੁਡਜ਼ ਦੀ ਪਹਿਲਾਂ ਕਿਤਾਬ ‘ਦਿ ਜੀਨਿਅਸ ਆਫ ਡੌਗਜ਼: ਹਾਓ ਡੌਗਜ਼ ਆਰ ਸਮਾਰਟਰ ਦੈਨ ਯੂ ਥਿੰਕ’ ਲਈ ਕਾਫ਼ੀ ਚਰਚਾ ਹੋਈ ਸੀ ਜਿਸ ਵਿਚ ਉਨ੍ਹਾਂ ਦਲੀਲ ਦਿੱਤੀ ਹੈ ਕਿ ਕੁੱਤਿਆਂ ਦਾ ਦੋਸਤਾਨਾ ਹੋਣਾ ਸਿਆਣਪ ਦਾ ਇਕ ਰੂਪ ਹੈ।

ਇਹ ਸਾਰਾ ਕੁਝ ਭਾਰਤ ਦੇ ਮਾਮਲੇ ਵਿਚ ਪ੍ਰਸੰਗਿਕ ਤੇ ਅਹਿਮ ਹੈ ਜਿਥੇ ਨਫ਼ਰਤੀ ਭਾਸ਼ਣਾਂ ਤੇ ਬਿਆਨਾਂ ਦੀ ਬੱਲੇ ਬੱਲੇ ਹੈ, ਜਿਥੇ ਕਿਸੇ ਖ਼ਾਸ ਨਿਸ਼ਾਨਾ ਬਣਾਏ ਗਏ ਭਾਈਚਾਰੇ ਖਿ਼ਲਾਫ਼, ਕਿਸੇ ਖ਼ਾਸ ਕਿਸਮ ਦਾ ਖਾਣਾ ਖਾਣ ਵਾਲੇ ਲੋਕਾਂ, ਜਾਂ ਉਨ੍ਹਾਂ ਲੋਕਾਂ ਜਿਹੜੇ ਬਹੁਤ ਕਮਜ਼ੋਰ ਤੇ ਮੁਕਾਬਲਾ ਕਰਨ ਦੇ ਅਸਮਰੱਥ ਹਨ ਜਾਂ ਮਹਿਜ਼ ਜਿਹੜੇ ਤੁਹਾਡੇ ਨਾਲ ਸਹਿਮਤ ਨਹੀਂ, ਖਿ਼ਲਾਫ਼ ਖੁੱਲ੍ਹੇਆਮ ਕਾਨੂੰਨੀ ਅਤੇ ਸੜਕੀ ਹਿੰਸਾ ਕੀਤੀ ਜਾ ਸਕਦੀ ਹੈ। ਇਹ ਇਸ ਕਾਰਨ ਵੀ ਪ੍ਰਸੰਗਿਕ ਹੈ ਕਿਉਂਕਿ ਸਹਿਯੋਗੀ ਵਿਹਾਰ ਦਾ ਸੁਭਾਵਿਕ ਹੀ ਦੂਜਾ ਹਨੇਰਾ ਪੱਖ ਵੀ ਹੈ: ਲੋਕ ਦੂਜਿਆਂ ਉਤੇ ਹਮਲਾ ਕਰਨ ਲਈ ਇਕ ਸਮੂਹ ਦੇ ਅੰਦਰ ਸਹਿਯੋਗ ਕਰ ਸਕਦੇ ਹਨ; ਜਿਵੇਂ ਫਿਲਮ ‘ਮਿਸੀਸਿੱਪੀ ਬਰਨਿੰਗ’ ਦਾ ਸਬਕ ਹੈ ਪਰ ਅਜਿਹੀ ਹਿੰਸਾ ਆਮ ਕਰ ਕੇ ਕਿਆਮਤ ਦੇ ਦਿਨ ਤੋਂ ਪਹਿਲਾਂ ਤੱਕ ਸਾਹਮਣੇ ਆਉਂਦੀ ਹੈ, ਖ਼ਾਸਕਰ ਜਦੋਂ ਇਸ ਹਿੰਸਾ ਨਾਲ ਆਉਂਦੇ ਸੰਸਥਾਈ ਜਾਂ ਨੈਤਿਕ ਵਿਗਾੜ ਰਾਹੀਂ ਵਿਆਪਕ ਸਮਾਜਿਕ ਖ਼ਰਾਬੀ ਪੈਦਾ ਕਰ ਦਿੱਤੀ ਜਾਂਦੀ ਹੈ। ਮਿਸਾਲ ਵਜੋਂ, ਅਮਰੀਕਾ ਕੋਈ ਸਿਹਤਮੰਦ ਜਾਂ ਸੁਰੱਖਿਅਤ ਸਮਾਜ ਨਹੀਂ ਹੈ, ਕਿਉਂਕਿ ਉਥੇ ਆਬਾਦੀ ਦੇ ਲਿਹਾਜ਼ ਨਾਲ ਜੇਲ੍ਹ ਵਿਚ ਬੰਦ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ; ਉਨ੍ਹਾਂ ਵਿਚੋਂ ਵੀ ਬੇਹਿਸਾਬੇ ਢੰਗ ਨਾਲ ਗ਼ੈਰ-ਗੋਰਿਆਂ ਦੀ ਗਿਣਤੀ ਜਿ਼ਆਦਾ ਹੈ।

ਕਈ ਵਾਰ ਅਜਿਹਾ ਹੁੰਦਾ ਹੈ ਕਿ ਜਿਹੜੀ ਹਿੰਸਾ ਮਿਥ ਕੇ ਕਿਸੇ ਖ਼ਾਸ ਦਿਸ਼ਾ ਵਿਚ ਕੀਤੀ ਜਾਣੀ ਹੁੰਦੀ ਹੈ, ਉਹ ਅਣਚਾਹੀਆਂ ਦਿਸ਼ਾਵਾਂ ਵਿਚ ਵੀ ਧਮਾਕੇ ਵਾਂਗ ਫੈਲ ਜਾਂਦੀ ਹੈ। ਮਨਮੋਹਨ ਸਿੰਘ ਨੇ ਮਾਓਵਾਦੀ ਬਗ਼ਾਵਤ (ਜਿਥੇ ਉਨ੍ਹਾਂ ਦਾ ਇਸ਼ਾਰਾ ਲਾਜ਼ਮੀ ਤੌਰ ਤੇ ਕਬਾਇਲੀ ਲੋਕਾਂ ਵੱਲ ਸੀ) ਨੂੰ ਮੁਲਕ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡੀ ਸਮੱਸਿਆ ਦੱਸਿਆ ਸੀ। ਕਸ਼ਮੀਰ ਦੇ ਅਬਦੁੱਲਾ ਪਰਿਵਾਰ ਨੂੰ ਹਰਗਿਜ਼ ਉਮੀਦ ਨਹੀਂ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਵੱਲੋਂ ਹੀ ਪਹਿਲਾਂ ਬਣਾਏ ਗਏ ਸਖ਼ਤ ਕਾਨੂੰਨ ਤਹਿਤ ਜੇਲ੍ਹ ਵਿਚ ਬੰਦ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਕਾਂਗਰਸ ਨੇ ਵੀ ਉਦੋਂ ਘਟਨਾਵਾਂ ਦਾ ਅੰਦਾਜ਼ਾ ਨਹੀਂ ਲਾਇਆ ਸੀ, ਜਦੋਂ ਉਸ ਨੇ ਗ਼ੈਰ ਕਾਨੂੰਨੀ ਕਾਰਵਾਈਆਂ (ਰੋਕੂ) ਐਕਟ (ਯੂਏਪੀਏ) ਬਣਾਇਆ, ਕਿਉਂਕਿ ਇਸ ਕਾਨੂੰਨ ਦਾ ਘੇਰਾ ਗ਼ੈਰ ਕਾਨੂੰਨੀ ਸਰਗਰਮੀਆਂ ਦੀ ਪਰਿਭਾਸ਼ਾ ਦੇ ਵਿਸਤਾਰ ਨਾਲ ਹੀ ਫੈਲਦਾ ਗਿਆ ਅਤੇ ਨਾਲ ਹੀ ਉਨ੍ਹਾਂ ਅਫਸਰਾਂ ਦੇ ਵਰਗਾਂ ਦਾ ਘੇਰਾ ਵੀ ਵਧਦਾ ਗਿਆ ਜਿਹੜੇ ਇਸ ਕਾਨੂੰਨ, ਜਿਹੜਾ ਅਸਲ ਵਿਚ ਗ਼ੈਰ ਕਾਨੂੰਨੀ ਹੈ, ਤਹਿਤ ਕਾਰਵਾਈ ਕਰ ਸਕਦੇ ਹਨ।

ਇਸ ਲਈ ਇਹ ਬੜਾ ਸਿੱਧਾ ਮਾਮਲਾ ਹੈ। ਜਿੰਨਾ ਕੋਈ ਸਮਾਜ ਆਪਣੇ ਸਾਰੇ ਬਾਸ਼ਿੰਦਿਆਂ ਲਈ ਵੱਧ ਦੋਸਤਾਨਾ ਹੋਵੇਗਾ, ਜਿੰਨਾ ਵੱਧ ਸਮਾਜ ਵਿਚਲੇ ਅਤੇ ਸਮਾਜ ਵਿਚੋਂ ਛੇਕੇ ਗਏ ਲੋਕਾਂ ਵਿਚਕਾਰਲੀ ਖਾਈ ਜਾਂ ਫ਼ਰਕ ਨੂੰ ਲੋਕਾਂ ਵੱਲੋਂ ਮੇਟ ਦਿੱਤਾ ਜਾਵੇਗਾ, ਓਨੇ ਹੀ ਅਜਿਹੀ ਸਹਿਯੋਗੀ ਇਕਜੁੱਟਤਾ ਦੇ ਵਧੀਆ ਨਤੀਜੇ ਸਾਹਮਣੇ ਆਉਣਗੇ। ਇਸ ਦੇ ਉਲਟ ਛੇਕਣ ਵਾਲੇ ਵਿਹਾਰ, ਹਜੂਮੀ ਕਤਲਾਂ ਅਤੇ ਲੜਾਈਆਂ ਦੇ ਚਾਹਵਾਨ ਗਰੁੱਪਾਂ ਦੀ ਜਿੰਨੀ ਵੱਧ ਮੌਜੂਦਗੀ ਸਮਾਜ ਵਿਚ ਹੋਵੇਗੀ, ਓਨੀ ਹੀ ਦੋਸਤਾਨਾ ਲੋਕਾਂ, ਨਾ ਕਿ ‘ਸਭ ਤੋਂ ਵੱਧ ਤਾਕਤਵਰਾਂ’ ਦੀ ਹੋਂਦ ਯਕੀਨੀ ਬਣਾਉਣ ਲਈ ਸੰਸਥਾਈ ਰੱਖਿਆ ਟਿਕਾਣਿਆਂ ਦੀ ਵੱਧ ਲੋੜ ਹੋਵੇਗੀ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All