ਅਮਰੀਕੀ ਸੱਤਾ ਤਬਦੀਲੀ ਦੇ ਸੰਭਾਵੀ ਅਸਰ

ਅਮਰੀਕੀ ਸੱਤਾ ਤਬਦੀਲੀ ਦੇ ਸੰਭਾਵੀ ਅਸਰ

ਡਾ. ਸੁਖਦੇਵ ਸਿੰਘ

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੀ ਪਲੇਠੀ ਤਕਰੀਰ ਅਤੇ ਉਸੇ ਹੀ ਦਿਨ 17 ਕਾਰਜਕਾਰੀ ਆਰਡਰਾਂ ਰਾਹੀਂ ਉਹ ਫ਼ੈਸਲੇ ਜਿਹੜੇ ਉਨ੍ਹਾਂ ਤੋਂ ਪਹਿਲੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੌੜੀ ਸੋਚ ਵੱਸ ਕੀਤੇ ਸਨ, ਪਲਟਣ ਕਰ ਕੇ ਦੁਨੀਆ ’ਚ ਨਵੇਂ ਪ੍ਰਭਾਵ ਵਾਲਾ ਸੁਨੇਹਾ ਗਿਆ। ਅਮਰੀਕਾ ਨੂੰ ਇਸ ਵੇਲੇ ਦੁਨੀਆ ਦਾ ਸ਼ਕਤੀਸ਼ਾਲੀ ਮੁਲਕ ਮੰਨਿਆ ਜਾਂਦਾ ਹੈ, ਉਥੇ ਵਾਪਰਨ ਵਾਲੇ ਹਰ ਚੰਗੇ ਮਾੜੇ ਘਟਨਾਕ੍ਰਮ ਦਾ ਸਮਾਜੀ, ਆਰਥਿਕ, ਸਿਆਸੀ ਅਸਰ ਹਰ ਮੁਲਕ ਤੱਕ ਜਾਂਦਾ ਹੈ। ਤਕਨਾਲੋਜੀ ਦੀ ਕਾਠੀ ਵਾਲੇ ਅੱਜ ਦੇ ਯੁੱਗ ਵਿਚ ਦੁਨੀਆ ਬਹੁਤ ਨੇੜੇ ਆ ਗਈ ਹੈ ਅਤੇ ਮਨੁੱਖੀ ਲੋੜਾਂ ਦੀ ਪੂਰਤੀ ਤੇ ਕੁਦਰਤ ਦੇ ਬਚਾਅ ਲਈ ਕੋਈ ਸਮਾਜ ਤੇ ਸਮੂਹ ਅਲੱਗ ਰਹਿ ਕੇ ਕੰਮ ਨਹੀਂ ਕਰ ਸਕਦਾ। ਅਮਰੀਕਾ ਭਾਵੇਂ ਪੂੰਜੀਵਾਦੀ ਮੁਲਕ ਹੈ ਅਤੇ ਆਪਣੇ ਹਿੱਤਾਂ ਦਾ ਖਿਆਲ ਰਖਦਾ ਹੈ ਪਰ ਪੂੰਜੀਵਾਦ ਦਾ ਜੋ ਗੈਰ-ਜਿ਼ੰਮੇਵਾਰਾਨਾ ਤੇ ਅਸੰਵੇਦਨਸ਼ੀਲ ਰੂਪ ਟਰੰਪ ਦੇ ਕਾਰਜਕਾਲ ਵਿਚ ਸਾਹਮਣੇ ਆਇਆ, ਉਹ ਅਮਰੀਕੀ ਲੋਕਤੰਤਰ ਦੇ ਇਤਿਹਾਸ ਵਿਚ ਸ਼ਾਇਦ ਕਦੇ ਨਹੀਂ ਆਇਆ। ਪੂੰਜੀਵਾਦ ਨਾਲ ਵਿਚਰਦਿਆਂ ਅਮਰੀਕੀ ਸਮਾਜ ਦੀਆਂ ਕੁਝ ਅਜਿਹੀਆਂ ਖਾਸੀਅਤਾਂ ਜਿਵੇਂ ਮਜ਼ਬੂਤ ਲੋਕਤੰਤਰੀ ਢਾਂਚਾ, ਉਦਾਰਵਾਦੀ ਰਵੱਈਆ, ਨੈਤਿਕ ਕਦਰਾਂ ਕੀਮਤਾਂ ਦੀ ਰਖਵਾਲੀ ਆਦਿ ਹਨ ਜਿਸ ਕਰ ਕੇ ਇਨ੍ਹਾਂ ਦੀ ਚਰਚਾ ਗਾਹੇ-ਬਗਾਹੇ ਚੱਲਦੀ ਰਹਿੰਦੀ ਹੈ।

ਰਵਾਇਤੀ ਸਮਾਜਾਂ ਤੋਂ ਲੈ ਕੇ ਹੁਣ ਤੱਕ ਆਪਣੇ ਦੇਸ਼/ਸਮਾਜ ਦੀ ਤਰੱਕੀ ਜਾਂ ਖੜੋਤ ’ਚ ਉਥੋਂ ਦੀ ਲੀਡਰਸ਼ਿਪ ਦਾ ਰੋਲ ਅਹਿਮ ਹੁੰਦਾ ਹੈ। ਕਿਸੇ ਵੀ ਲੀਡਰ ਦੇ ਨਿਜੀ ਗੁਣ, ਵਿਚਾਰ, ਵਿਹਾਰ ਤੇ ਦਿੱਖ ਮਨੁੱਖੀ ਮਨਾਂ ਉਪਰ ਪ੍ਰਭਾਵ ਪਾਉਂਦੇ ਹਨ। ਟਰੰਪ ਵਾਪਰਕ ਬੁੱਧ, ਹੰਕਾਰੀ, ਕੱਟੜ, ਸਿਆਸੀ ਸੂਝ ਵਿਹੂਣੇ ਲੋਕਾਂ ’ਚੋਂ ਹੈ ਜੋ ਪੈਸੇ ਤੇ ਘਟੀਆ ਹੱਥਕੰਡੇ ਅਪਣਾ ਕੇ ਸਿਆਸੀ ਸ਼ਕਤੀ ਹਾਸਲ ਕਰ ਗਿਆ, ਤੇ ਫਿਰ ਮਾਨਵੀ ਮੁੱਲਾਂ ਤੇ ਸੰਸਥਾਵਾਂ ਨੂੰ ਨਿਘਾਰ ਵੱਲ ਲੈ ਗਿਆ ਜਿਸ ਦੀ ਚਰਮਸੀਮਾ 6 ਜਨਵਰੀ 2021 ਸੀ। ਟਰੰਪ ਦਾ ਨਵੇਂ ਰਾਸ਼ਟਰਪਤੀ ਦੇ ਹਲਫ਼ਦਾਰੀ ਸਮਾਗਮ ਵਿਚ ਸ਼ਾਮਲ ਨਾ ਹੋਣਾ ਵੀ ਉਸ ਦੀ ਨਕਾਰਾਤਮਿਕ ਸ਼ਖਸੀਅਤ ਦਾ ਰੂਪ ਹੀ ਹੈ।

ਟਰੰਪ ਦੇ ਕਾਰਜਕਾਲ ਵਿਚ ਜੋ ਵਾਪਰਿਆ, ਕਿਸੇ ਵੀ ਤੋਂ ਲੁਕਿਆ ਨਹੀਂ। ‘ਵਾਸ਼ਿੰਗਟਨ ਪੋਸਟ’ ਮੁਤਾਬਿਕ ਆਪਣੇ ਸ਼ਾਸਨ ਕਾਲ ਵਿਚ ਕੋਵਿਡ-19 ਮਹਾਮਾਰੀ ਸਮੇਤ ਟਰੰਪ ਨੇ 30500 ਤੋਂ ਵੱਧ ਵਾਰ ਅਜਿਹੇ ਤੱਥਾਂ ਦੇ ਦਾਅਵੇ ਕੀਤੇ ਜੋ ਝੂਠੇ ਸਨ। ਆਲਮੀ ਵਾਤਾਵਰਨ ਸਮਝੌਤਿਆਂ ਤੋਂ ਬਾਹਰ ਹੋਣਾ, ਸੰਸਾਰ ਸਿਹਤ ਸੰਸਥਾ ਦੀ ਮੈਂਬਰਸ਼ਿਪ ਛਡਣਾ, ਸਖਤ ਪਰਵਾਸੀ ਬੰਦਿਸ਼ਾਂ, ਮੈਕਸਿਕਨ ਸਰਹੱਦ ਨਾਲ ਕੰਧ ਦੀ ਉਸਾਰੀ, ਕਈ ਮੁਸਲਿਮ ਦੇਸ਼ਾਂ ਦੇ ਵਾਸੀਆਂ ਤੇ ਯਾਤਰਾ ਪਾਬੰਦੀਆਂ ਲਾਉਣਾ, ਪਬਲਿਕ ਸੰਸਥਾਵਾਂ ਨੂੰ ਆਪਣੇ ਹਿਤਾਂ ਵਾਸਤੇ ਵਰਤਣ ਦੀ ਕੋਸ਼ਿਸ਼, ਪ੍ਰੈਸ ਤੇ ਪੱਤਰਕਾਰਾਂ ਨੂੰ ਦਬਾਉਣ ਤੇ ਧਮਕਾਉਣਾ, ਲੋਕਤੰਤਰੀ ਮੁੱਲਾਂ ਨੂੰ ਅੱਖੋਂ ਪਰੋਖੇ ਕਰਨਾ ਅਤੇ ਮਨਮੁਖ ਰਵੱਈਆ, ਦੇਸ਼ ਵਿਚਲੇ ਨਸਲੀ ਵਿਤਕਰਿਆਂ ਨੂੰ ਨਜ਼ਰਅੰਦਾਜ਼ ਕਰਨਾ ਆਦਿ ਕੁਝ ਅਜਿਹੇ ਪ੍ਰਤਖ ਨਕਾਰਾਤਮਿਕ ਕੰਮ ਸਨ ਜਿਨ੍ਹਾਂ ਸਦਕਾ ਟਰੰਪ ਨੇ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਨੂੰ ਢਾਹ ਲਾਈ। ਮੰਨਿਆ ਗਿਆ ਹੈ ਕਿ ਅਮਰੀਕਾ ਦੀਆਂ ਲੋਕਤੰਤਰੀ ਸੰਸਥਾਵਾਂ, ਖਾਸ ਕਰ ਕੇ ਸੁਪਰੀਮ ਕੋਰਟ, ਚੋਣ ਕਮਿਸ਼ਨ ਤੇ ਪ੍ਰੈਸ ਕਰ ਕੇ ਜੋਅ ਬਾਇਡਨ ਰਾਸ਼ਟਰਪਤੀ ਬਣਿਆ, ਨਹੀਂ ਤਾਂ ਟਰੰਪ ਨੇ ਤਾਂ ਵ੍ਹਾਈਟ ਹਾਊਸ ਤੇ ਮਥੱਲਾ ਮਾਰ ਲਿਆ ਸੀ।

ਬਾਇਡਨ ਨੇ ਪਹਿਲੇ ਹੀ ਸੰਬੋਧਨ ਵਿਚ ਅਜਿਹੇ ਵਿਚਾਰ ਪੇਸ਼ ਕੀਤੇ ਜਿਸ ਸਦਕਾ ਸੰਸਾਰ ਵਿਚ ਸਕਾਰਾਤਮਿਕ ਮਨੋਵਿਗਿਆਨਕ ਸੰਦੇਸ਼ ਗਿਆ ਹੈ। ਪੇਸ਼ ਕੀਤੀਆਂ ਖੁੱਲ੍ਹਾਂ ਨਾਲ ਜਿਥੇ ਲੱਖਾਂ ਲੋਕਾਂ ਨੂੰ ਪਰਵਾਸ ਦੇ ਨਾਲ ਨਾਲ ਰੁਜ਼ਗਾਰ ਦੀ ਆਸ ਬੱਝੀ, ਉਥੇ ਸੰਸਾਰ ਦੇ ਲੱਖਾਂ ਨੌਜੁਆਨਾਂ ਦੇ ਸੁਪਨਿਆਂ ਨੂੰ ਬੂਰ ਪੈਣ ਦੀ ਸੰਭਾਵਨਾ ਬਣੀ ਹੈ ਕਿਉਂਕਿ ਅਮਰੀਕਾ ਇੰਜਨੀਅਰਿੰਗ ਤੇ ਮੈਡੀਕਲ ਵਿਸ਼ਿਆਂ ਤੋਂ ਬਿਨਾਂ ਹੋਰ ਪੇਸ਼ੇਵਰਾਨਾ ਪੜ੍ਹਾਈ ਪ੍ਰਾਪਤ ਲੋਕਾਂ ਵਾਸਤੇ ਰੁਜ਼ਗਾਰ ਤੇ ਉਚੇਰੀ ਪੜ੍ਹਾਈ ਦਾ ਵੱਡਾ ਕੇਂਦਰ ਹੈ। ਭਾਰਤੀ ਮੂਲ ਨਾਲ ਸਬੰਧਿਤ ਕਮਲਾ ਹੈਰਿਸ ਦਾ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਦੇ ਅਹੁਦੇ ਤਕ ਪਹੁੰਚਣਾ ਦਰਸਾਉਂਦਾ ਹੈ ਕਿ ਅਮਰੀਕੀ ਲੋਕਤੰਤਰ ਵਿਚ ਲਿਆਕਤ ਨਾਲ ਕੋਈ ਵੀ ਅਮਰੀਕਾ ਵਾਸੀ ਉੱਚ ਪਦਵੀ ਤਕ ਪਹੁੰਚ ਸਕਦਾ ਹੈ। ਸਿਆਹਫਾਮ ਲਾਇਡ ਆਸਟਿਨ ਦੀ ਰੱਖਿਆ ਮੰਤਰੀ ਵਜੋਂ ਨਿਯੁਕਤੀ ਨੂੰ ਨਸਲੀ ਭੇਦਭਾਵ ਦੇ ਖਾਤਮੇ ਵੱਲ ਪਹਿਲਾ ਕਦਮ ਮੰਨਿਆ ਜਾ ਸਕਦਾ ਹੈ। ਇਸ ਤੋਂ ਛੁਟ 21 ਭਾਰਤੀਆਂ ਸਮੇਤ ਕਈ ਦੇਸ਼ਾਂ ਦੇ ਮਾਹਿਰਾਂ ਨੂੰ ਵੱਖ ਵੱਖ ਪ੍ਰਸ਼ਾਸਨਿਕ ਪਦਵੀਆਂ ਦੇਣਾ ਵੱਡਾ ਇਸ਼ਾਰਾ ਹੈ ਕਿ ਆਉਣ ਵਾਲੇ ਸਮੇਂ ਵਿਚ ਅਮਰੀਕਾ ਨੂੰ ਟਰੰਪ ਕਾਲ ਦੌਰਾਨ ਫੈਲੀ ਸੌੜੀ ਅਤੇ ਨਸਲਵਾਦੀ ਵਿਚਾਰਧਾਰਾ ਤੋਂ ਬਾਹਰ ਕੱਢਿਆ ਜਾਵੇਗਾ। ਰਾਸ਼ਟਰਪਤੀ ਬਾਇਡਨ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ- “ਅਮਰੀਕਾ ਵਾਪਸ ਆ ਗਿਆ ਹੈ ... ਅਸੀਂ ਅਸਭਿਅਕ ਜੰਗ ਖਤਮ ਕਰਾਂਗੇ ... ਮੈਕਸਿਕੋ ਨਾਲ ਬਣਨ ਵਾਲੀ ਦੀਵਾਰ ਇੱਕ ਫੁੱਟ ਵੀ ਹੋਰ ਨਹੀਂ ਬਣੇਗੀ।” ਉਨ੍ਹਾਂ ਹੋਰ ਮਾਨਵੀ ਪੱਖਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਜਿਹੜੇ ਦੁਸ਼ਮਣਾਂ ਨਾਲ ਹੁਣ ਸਾਡਾ ਟਾਕਰਾ ਹੈ, ਉਹ ਹਨ- ਗੁੱਸਾ, ਨਾਰਾਜ਼ਗੀ, ਨਫ਼ਰਤ, ਅਤਿਵਾਦ, ਲਾਕਾਨੂੰਨੀ, ਹਿੰਸਾ, ਬਿਮਾਰੀ, ਬੇਰੁਜ਼ਗਾਰੀ ਅਤੇ ਮਾਯੂਸੀ। ਇਨ੍ਹਾਂ ਅਲਾਮਤਾਂ ਨਾਲ ਗ੍ਰਸਿਆ ਕੋਈ ਵੀ ਮੁਲਕ ਤਰੱਕੀ ਨਹੀਂ ਕਰ ਸਕਦਾ। ਟਰੰਪ ਦੁਆਰਾ ਕਈ ਮੁਸਲਿਮ ਦੇਸ਼ਾਂ ਉਤੇ ਲਗਾਈ ਪਾਬੰਦੀਆਂ ਹਟਾਉਣਾ ਬਾਇਡਨ ਦਾ ਸੰਸਾਰ ਵਿਚ ਵਧ ਰਹੀ ਨਫਰਤ ਨੂੰ ਘਟਾਉਣ ਵੱਲ ਸ਼ਲਾਘਾ ਵਾਲਾ ਕਦਮ ਹੈ। ਉਨ੍ਹਾਂ ਤਾਂ ਚੀਨ ਨੂੰ ਵੀ ਆਪਣਾ ਮੁਕਾਬਲਾਕਾਰ ਦੱਸਿਆ ਹੈ, ਦੁਸ਼ਮਣ ਨਹੀਂ।

ਬਾਇਡਨ ਨੇ ਦੇਸ਼ ਦੀ ਕਮਾਂਡ ਉਸ ਵੇਲੇ ਸੰਭਾਲੀ ਹੈ ਜਦੋਂ ਅਮਰੀਕਾ ਸਮੇਤ ਦੁਨੀਆ ਦੇ ਬਹੁਤ ਸਾਰੇ ਮੁਲਕ ਕਰੋਨਾ ਮਹਾਮਾਰੀ ਦੀ ਲਪੇਟ ਵਿਚ ਹਨ ਅਤੇ ਕਾਰਪੋਰੇਟ ਵਿਕਾਸ ਮਾਡਲ ਕਰ ਕੇ ਵਾਤਾਵਰਨ ਪੱਖੋਂ ਦੁਨੀਆ ਫਿ਼ਕਰਮੰਦ ਹੈ। ਟਰੰਪ ਤੋਂ ਉਲਟ ਬਾਇਡਨ ਇਨ੍ਹਾਂ ਬਾਰੇ ਗੰਭੀਰ ਹੈ। ਕਰੋਨਾ ਟੀਕਿਆਂ ਬਾਰੇ ਹੋ ਰਹੇ ਇੰਤਜ਼ਾਮ ਅਤੇ ਮਾਸਕ ਪਾਉਣ ਨੂੰ ਲਾਜ਼ਮੀ ਕਰਾਰ ਦੇਣਾ ਸਾਰਥਕ ਕਦਮ ਹੈ। ਅਮਰੀਕਾ ਦੀ ਪੈਰਿਸ ਜਲਵਾਯੂ ਸਮਝੌਤੇ ਵਿਚ ਵਾਪਸੀ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤਅੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਸਮੇਤ ਦੁਨੀਆ ਦੇ ਵਧੇਰੇ ਲੋਕਾਂ ਨੇ ਵਧੀਆ ਕਦਮ ਦੱਸਿਆ ਹੈ। ਵਧ ਰਹੀ ਆਲਮੀ ਤਪਸ਼ ਅਤੇ ਜ਼ਹਿਰੀਲੀਆਂ ਗੈਸਾਂ ਦੇ ਉਤਪਾਦਨ ਵਿਚ ਕਮੀ ਵਾਤਾਵਰਨ ਨੂੰ ਬਚਾਉਣ ਵਿਚ ਸਹਾਈ ਹੋਵੇਗੀ। ਅਮਰੀਕਾ ਦੀ ਸੰਸਾਰ ਸਿਹਤ ਸੰਸਥਾ ਵਿਚ ਵਾਪਸੀ ਨਾਲ ਦੁਨੀਆ ਦੀਆਂ ਸਿਹਤ ਸਬੰਧੀ ਸਮੂਹਿਕ ਕੋਸ਼ਿਸਾਂ ਨੂੰ ਹੁਲਾਰਾ ਮਿਲੇਗਾ। ਤਰੱਕੀ ਕਰ ਰਹੇ ਅਤੇ ਹੋਰ ਮੁਲਕਾਂ ਨੂੰ ਇਸ ਸੰਸਥਾ ਤੋਂ ਮਿਲਣ ਵਾਲੀ ਇਮਦਾਦ ਨਾਲ ਉਮੀਦ ਬੱਝੇਗੀ।

ਨਵੀਂ ਅਮਰੀਕੀ ਸਰਕਾਰ ਦੇ ਭਾਰਤ ਨਾਲ ਸਿਆਸੀ ਸਬੰਧਾਂ ਤੇ ਹਾਂ-ਪੱਖੀ ਅਸਰ ਪੈਣ ਦੀ ਸੰਭਾਵਨਾ ਹੈ। ਆਰਥਿਕ ਪਖੋਂ ਵੀ ਜਿਥੇ ਭਾਰਤੀਆਂ ਨੂੰ ਵਧੇਰੇ ਰੁਜ਼ਗਾਰ ਦੀ ਆਸ ਬੱਝੀ ਹੈ, ਉਥੇ ਵਪਾਰ ਵਿਚ ਵਾਧੇ ਦੀ ਵੀ ਉਮੀਦ ਹੈ। ਸਮਾਜੀ ਪੱਖ ਤੋਂ ਅਮਰੀਕਾ ਭਾਰਤ ਕੋਲੋਂ ਨੈਤਿਕ, ਮਨੁੱਖੀ ਤੇ ਨਾਗਰਿਕ ਮੁੱਲਾਂ ਦੀ ਪਾਲਣਾ ਦੀ ਤਵੱਕੋ ਕਰੇਗਾ। ਪਿਛਲੇ ਕੁਝ ਸਾਲਾਂ ਵਿਚ ਸਾਡੇ ਦੇਸ਼ ਅੰਦਰ ਮਾਨਵੀ ਮੁੱਲਾਂ ਦੇ ਘਾਣ ਅਤੇ ਧਾਰਮਿਕ ਕੱਟੜਤਾ ਦੀ ਚਰਚਾ ਰਹੀ ਹੈ। ਬਾਇਡਨ ਵੱਲੋਂ ਆਰਐੱਸਐੱਸ ਅਤੇ ਭਾਜਪਾ ਨਾਲ ਸਬੰਧਿਤ ਦੋ ਪ੍ਰਸ਼ਾਸਨਿਕ ਅਧਿਕਾਰੀਆਂ ਸੋਨਲ ਸ਼ਾਹ ਅਤੇ ਅਮਿਤ ਜਾਨੀ ਨੂੰ ਬਾਹਰ ਕਰ ਦੇਣਾ ਇਸ ਤੱਥ ਦਾ ਗਵਾਹ ਲਗਦੀ ਹੈ। ਭਾਰਤ ਵਿਚ ਚਲ ਰਹੇ ਕਿਸਾਨੀ ਅੰਦੋਲਨ ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ ਕਿਉਂਕਿ ਅਮਰੀਕੀ ਤਰਜਮਾਨ ਨੇ ਸ਼ਾਂਤੀ ਪੂਰਵਕ ਅੰਦੋਲਨ ਅਤੇ ਪ੍ਰਦਰਸ਼ਨ ਨੂੰ ਲੋਕਤੰਤਰੀ ਨਿਜ਼ਾਮ ਦੀ ਪ੍ਰਫੁਲਤਾ ਦਾ ਕਾਰਕ ਦੱਸਿਆ ਹੈ।

ਡੋਨਲਡ ਟਰੰਪ ਭਾਵੇਂ ਗੱਦੀ ਤੋਂ ਉਤਰ ਚੁੱਕਾ ਹੈ ਪਰ ਉਸ ਦੇ ਕੀਤੇ ਕਾਰਜਾਂ ਦਾ ਖਮਿਆਜ਼ਾ ਭੁਗਤਦਿਆਂ ਅਮਰੀਕਾ ਹੁਣ ਨਵੇਂ ਯੁੱਗ ਵਿਚ ਦਾਖ਼ਲ ਹੋ ਰਿਹਾ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਨਾਲ ਦੁਨੀਆ ਵਿਚ ਲੋਕ ਅਤੇ ਕੁਦਰਤ ਪੱਖੀ ਫੈਸਲੇ ਹੋਣਗੇ। ਦੁਨੀਆ ਦੇ ਇਤਿਹਾਸ ਵਿਚ ਪਹਿਲਾਂ ਵੀ ਕਾਲੇ ਯੁੱਗ ਆਏ ਤੇ ਚਲੇ ਗਏ ਪਰ ਲੋਕ ਸਦਾ ਉਨ੍ਹਾਂ ਨੂੰ ਯਾਦ ਕਰਦੇ ਹਨ ਜਿਨ੍ਹਾਂ ਨੇ ਮੱਨੁਖਤਾ ਦੇ ਹੱਕ ਵਿਚ ਨਾਅਰਾ ਮਾਰਿਆ ਹੈ।

*ਲੇਖਕ ਸਮਾਜ ਵਿਗਿਆਨੀ ਹੈ।

ਸੰਪਰਕ: 94177-15730

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All