ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਰਾਜੇਸ਼ ਰਾਮਚੰਦਰਨ

ਰਾਜੇਸ਼ ਰਾਮਚੰਦਰਨ

ਜਿਵੇਂ ਬੰਦਗੀ ਤੇ ਵਿਲਾਸਤਾ ਦਾ ਕੋਈ ਮੇਲ ਨਹੀਂ ਹੁੰਦਾ ਤਿਵੇਂ ਹੀ ਸੱਤਾ ਤੇ ਤਰਸ ਦਾ ਕੋਈ ਮੇਲ ਨਹੀਂ ਹੁੰਦਾ; ਫਿਰ ਵੀ ਸੱਤਾ ਦੀ ਸਿਆਸਤ ਆਪਣੇ ਮੁਫ਼ਾਦ ਲਈ ਤਰਸ ਦਾ ਪੱਤਾ ਵਰਤਦੀ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਸੱਤਾ ਉਪਰ ਤਰਸ ਦਾ ਕੋਈ ਅਸਰ ਨਹੀਂ ਪੈਂਦਾ। ਕਿਸੇ ਸ਼ਰਧਾਵਾਨ ਹਿੰਦੂ ਲਈ ਕ੍ਰਿਸ਼ਨ ਬੇਮਿਸਾਲ ਸਾਕਾਰ ਭਗਵਾਨ ਹਨ: ਉਹ ਬਾਲ ਕ੍ਰਿਸ਼ਨ ਦੀ ਪੂਜਾ ਕਰਦੇ ਹਨ (ਜਿਵੇਂ ਕੈਥੋਲਿਕ ਬਾਲ ਯਸੂ ਨੂੰ ਮੰਨਦੇ ਹਨ); ਉਨ੍ਹਾਂ ਨੂੰ ਪ੍ਰੇਮੀ ਰਾਜਕੁਮਾਰ ਰਾਧਾਕ੍ਰਿਸ਼ਨ ਜਾਂ ਰਾਧਾ ਦੇ ਕ੍ਰਿਸ਼ਨ ਦੇ ਤੌਰ ’ਤੇ ਪਿਆਰ ਕਰਦੇ ਹਨ; ਉਹ ਹੈਰਾਨਕੁਨ ਚੱਕਰਧਾਰੀ ਰਥਵਾਨ ਹਨ ਤੇ ਗੀਤਾ ਦੇ ਰਚੇਤਾ ਹਨ। ਸਾਨੂੰ ਨਿਸ਼ਕਾਮ ਸੇਵਾ ਭਾਵ ਨਾਲ ਕੰਮ ਕਰਨ ਦਾ ਉਪਦੇਸ਼ ਦੇਣ ਵਾਲੇ ਦਾਰਸ਼ਨਿਕ ਹਨ। ਇਸ ਲਈ ਉਨ੍ਹਾਂ ਦਾ ਮਿਥਹਾਸਕ ਜਨਮ ਸਥਾਨ ਕਿਸੇ ਹਿੰਦੂ ਲਈ ਬਹੁਤ ਜ਼ਿਆਦਾ ਮਹੱਤਵ ਵਾਲਾ ਹੈ। ਮੈਨੂੰ ਇਕ ਵਾਰ ਆਪਣੀ ਮਾਂ ਨੂੰ ਕ੍ਰਿਸ਼ਨ ਸ਼ਰਧਾਲੂਆਂ ਲਈ ਸਭ ਤੋਂ ਪਵਿੱਤਰ ਧਾਮ ਲਿਜਾਣ ਦਾ ਮੌਕਾ ਮਿਲਿਆ ਸੀ। ਮਥੁਰਾ ਅਤੇ ਵ੍ਰਿੰਦਾਵਨ ਦੀ ਯਾਤਰਾ ਤੋਂ ਬਾਅਦ ਉਨ੍ਹਾਂ ਦਾ ਦਿਲ ਟੁੱਟ ਗਿਆ ਕਿਉਂਕਿ ਉੱਥੇ ਉਨ੍ਹਾਂ ਨੂੰ ਉਹ ਸਵੱਛ, ਸਾਫ਼ ਵਾਤਾਵਰਨ ਨਾ ਦਿਸਿਆ ਜਿਸ ਦੀ ਉਨ੍ਹਾਂ ਨੂੰ ਉਮੀਦ ਸੀ।

ਉਸ ਯਾਤਰਾ ਨੂੰ ਦੋ ਦਹਾਕੇ ਹੋ ਚੁੱਕੇ ਹਨ ਤੇ ਹੋ ਸਕਦਾ ਹੈ ਕਿ ਹੁਣ ਹਾਲਾਤ ਕੁਝ ਬਿਹਤਰ ਹੋ ਗਏ ਹੋਣ। ਬਹਰਹਾਲ, ਸੱਚੇ ਸੁੱਚੇ ਹਿੰਦੂਆਂ ਲਈ ਸ਼ਾਹੀ ਈਦਗਾਹ ਮਸਜਿਦ ਦੀ ਕੋਈ ਹੋਂਦ ਨਹੀਂ ਹੈ ਜਿਵੇਂ ਵਾਰਾਨਸੀ ਵਿਚ ਸ਼ਿਵ ਦੀ ਆਰਾਧਨਾ ਕਰਨ ਵਾਲਿਆਂ ਲਈ ਗਿਆਨਵਾਪੀ ਮਸਜਿਦ ਮੌਜੂਦ ਨਹੀਂ ਹੈ। ਉਹ ਮਿਲਨ ਦੀ ਲੋਚਾ ਲੈ ਕੇ ਸਿਰਫ ਭਗਵਾਨ ਕ੍ਰਿਸ਼ਨ ਤੇ ਸ਼ਿਵ ਨੂੰ ਦੇਖਦੇ ਹਨ ਪਰ ਸਿਆਸਤਦਾਨ ਜਾਂ ਬਦਲੇ ਦੀ ਭਾਵਨਾ ਨਾਲ ਗ੍ਰਸਿਆ ਹਿੰਦੂ ਆਪਣੇ ਸਭ ਤੋਂ ਪਵਿੱਤਰ ਮੰਦਰਾਂ ਦੇ ਰੂਪ ਵਿਚ ਸਿਰਫ ਮਸਜਿਦ ਨੂੰ ਦੇਖਦਾ ਹੈ ਜਿਸ ਨੂੰ ਡੇਗਿਆ ਜਾ ਸਕੇ। ਇਹ ਨਜ਼ਰੀਏ ਦਾ ਸਵਾਲ ਹੈ: ਕੋਈ ਕੀ ਦੇਖਣਾ ਚਾਹੁੰਦਾ ਹੈ ਜਾਂ ਕਿਸੇ ਨੂੰ ਕੀ ਦਿਖਾਇਆ ਜਾਂਦਾ ਹੈ: ਸੱਤਾ ਜਾਂ ਤਰਸ। ਉਹ ਆਪਣੇ ਪੁਰਖਿਆਂ ’ਤੇ ਹਮਲੇ ਕਰਨ ਅਤੇ ਬੇਪੱਤ ਕਰਨ ਵਾਲੇ ਗ਼ੈਰ ਲੋਕਾਂ ਦੀਆਂ ਧਾੜਾਂ ਦੇਖਦੇ ਹਨ ਅਤੇ ਆਪਣੀ ਮਾਤਭੂਮੀ ’ਤੇ ਸਦੀਆਂ ਤੱਕ ਉਨ੍ਹਾਂ ਦਾ ਰਾਜ ਚਲਦਾ ਦੇਖਦੇ ਹਨ; ਜ਼ਾਲਮ ਮੁਸਲਿਮ ਸ਼ਾਸਕਾਂ ਦੇ ਅੱਤਿਆਚਾਰਾਂ ਹੇਠ ਪਿਸ ਰਹੀ ਅਬਲਾ ਹਿੰਦੂ ਜਨਤਾ ਨੂੰ ਦੇਖਦੇ ਹਨ।

ਕਿਸੇ ਰਾਸ਼ਟਰ ਦੀ ਕਲਪਨਾ ਤੇ ਯਾਦਾਸ਼ਤ ਦਾ ਉਦੋਂ ਪੂਰੀ ਤਰ੍ਹਾਂ ਫਿਰਕੂਕਰਨ ਹੋ ਜਾਂਦਾ ਹੈ ਜਦੋਂ ਭਾਰੂ ਸਿਆਸੀ ਬਿਰਤਾਂਤ ਇਹ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਕਿ ਹਿੰਦੁਸਤਾਨ ’ਤੇ ਸ਼ਾਸਨ ਕਰਨ ਵਾਲੇ ਮੁਗ਼ਲ ਹੋਣ ਜਾਂ ਅੰਗਰੇਜ਼, ਕੋਈ ਵੀ ਹਮਲਾਵਰ ਮੁਕਾਮੀ ਚੌਧਰੀਆਂ ਦੀ ਮਦਦ ਲਏ ਬਗ਼ੈਰ ਹਿੰਦੁਸਤਾਨ ’ਤੇ ਹਕੂਮਤ ਕਾਇਮ ਨਹੀਂ ਕਰ ਸਕਦਾ ਸੀ। ਕੱਟੜ ਮੁਸਲਮਾਨ ਔਰੰਗਜ਼ੇਬ ਦੀ ਉਪਮਾ ਕਰਦੇ ਹਨ ਤੇ ਹਿੰਦੂਤਵੀ ਵੀ ਓਨੇ ਹੀ ਜ਼ੋਰ ਨਾਲ ਉਸ ਦੀ ਨਿੰਦਿਆ ਕਰਦੇ ਹਨ ਪਰ ਇਹ ਦੋਵੇਂ ਹੀ ਰਾਜਪੂਤਾਨੇ ਦੇ ਉਨ੍ਹਾਂ ਰਾਜਿਆਂ ਦਾ ਜ਼ਿਕਰ ਕਰਨ ਤੋਂ ਪਾਸਾ ਵੱਟ ਲੈਂਦੇ ਹਨ ਜਿਨ੍ਹਾਂ ਨੇ ਮੁਗ਼ਲ ਬਾਦਸ਼ਾਹਾਂ ਲਈ ਲੜਾਈਆਂ ਲੜੀਆਂ ਤੇ ਜਿੱਤੀਆਂ ਸਨ। ਹਰ ਲੜਾਈ ਵਿਚ ਤਬਾਹੀ ਤੇ ਲੁੱਟ ਮਾਰ ਹੁੰਦੀ ਹੀ ਹੈ ਅਤੇ ਅਕਸਰ ਧਰਮ ਸਥਾਨ ਨਿਸ਼ਾਨੇ ’ਤੇ ਆ ਜਾਂਦੇ ਸਨ ਪਰ ਰਾਜਪੂਤਾਨੇ ਦੇ ਰਾਜਿਆਂ ਨੇ ਮਥੁਰਾ ਵਿਚ ਤਬਾਹੀ ਕਿਉਂ ਨਾ ਰੁਕਵਾਈ? ਆਖਿ਼ਰ, ਰਾਜਪੂਤਾਂ ਲਈ ਮਥੁਰਾ ਪਹੁੰਚਣ ਲਈ ਉਦੋਂ ਮਸਾਂ ਦਸ ਕੁ ਦਿਨ ਲਗਦੇ ਸਨ। ਸ਼ਾਹੀ ਮੁਗ਼ਲ ਫ਼ੌਜ ਵਿਚ ਹਿੰਦੂ ਰਾਜਿਆਂ ਦੀ ਭੂਮਿਕਾ ਨੂੰ ਮਿਟਾਉਣ ਦੇ ਪ੍ਰਾਜੈਕਟ ਦਾ ਮਕਸਦ ਸਿਰਫ ਮੱਧਕਾਲੀ ਭਾਰਤ ਦੀ ਯਾਦਾਸ਼ਤ ਦਾ ਫਿਰਕੂਕਰਨ ਕਰਨਾ ਨਹੀਂ ਸਗੋਂ ਕਲਪਨਿਕ ਸੱਟ ਦਾ ਸ਼ਸਤਰੀਕਰਨ ਵੀ ਹੈ।

ਫਿਰਕੂ ਯਾਦਾਸ਼ਤ ਨੂੰ ਸਿਆਸੀ ਹਥਿਆਰ ਬਣਾਏ ਜਾਣ ਨੂੰ ਕਾਨੂੰਨ ਜ਼ਰੀਏ ਨਹੀਂ ਰੋਕਿਆ ਜਾ ਸਕਦਾ ਸਗੋਂ ਬਦਲਾਖੋਰ ਏਜੰਡੇ ਮੁਤਾਬਕ ਕਾਨੂੰਨ ਤੋਂ ਤਾਬੇਦਾਰੀ ਕਰਵਾਈ ਜਾ ਰਹੀ ਹੈ। ਇਹ ਗੱਲ ਸਪੱਸ਼ਟ ਨਹੀਂ ਹੈ ਕਿ ਕੀ ਐਤਕੀਂ ਕਾਸ਼ੀ ਤੇ ਮਥੁਰਾ ਵਿਚ ਹਿੰਦੂ ਮੰਦਰਾਂ ਨੂੰ ਤੋੜਨ ਦੀ ਕਹਾਣੀ ਸਿਆਸੀ ਲਾਮਬੰਦੀ ਵਾਸਤੇ ਵ੍ਹੱਟਸਐਪ ਗਰੁਪਾਂ ਵਿਚ ਫੈਲਾਈਆਂ ਜਾ ਰਹੀਆਂ ਵੀਡੀਓਜ਼ ਵਿਚ ਦੁਹਰਾਈ ਜਾਵੇਗੀ ਜਾਂ ਫਿਰ ਆਉਣ ਵਾਲੇ ਸਮਿਆਂ ਵਿਚ ਹਿੰਦੂਵਾਦ ਦਾ ਮੂੰਹ ਮੁਹਾਂਦਰਾ ਹੀ ਬਦਲ ਜਾਵੇਗਾ। ਹਿੰਦੂਵਾਦ ਬਾਹਰੀ ਹਮਲਿਆਂ ਅਤੇ ਧਰਮ ਪਰਿਵਰਤਨ ਦੇ ਬਾਵਜੂਦ ਕਾਇਮ ਦਾਇਮ ਰਿਹਾ ਸੀ ਤੇ ਇਹ ਅਜਿਹਾ ਧਰਮ ਹੈ ਜੋ ਆਪਣੇ ਆਪ ਨੂੰ ਅੰਦਰੋਂ ਸੁਧਾਰਦਾ ਰਿਹਾ ਹੈ ਤਾਂ ਕਿ ਅਸਹਿਮਤੀ, ਸ਼ੰਕਿਆਂ ਤੇ ਸੁਧਾਰ ਲਈ ਮੋਕਲੀ ਜਗ੍ਹਾ ਬਣ ਸਕੇ। ਗਾਂਧੀ ਨੇ ਹਿੰਦੂ ਦਾਇਰੇ ਅੰਦਰ ਛੂਤ-ਛਾਤ ਦੀ ਪ੍ਰਥਾ ਖਿਲਾਫ਼ ਮੁਹਿੰਮ ਚਲਾਉਣ ਲਈ ਇਸੇ ਜਗ੍ਹਾ ਦੀ ਵਰਤੋਂ ਕੀਤੀ ਸੀ; ਤੇ ਇਸੇ ਜਗ੍ਹਾ ਨੇ ਹੋਰਨਾਂ ਧਰਮਾਂ ਦੇ ਕੱਟੜ ਸ਼ਰਧਾਲੂਆਂ ਤੇ ਪ੍ਰਚਾਰਕਾਂ ਨੂੰ ਧਰਮ ਪਰਿਵਰਤਨ ਕਰਨ ਲਈ ਹਿੰਦੂ ਰਹੁ-ਰੀਤਾਂ ’ਤੇ ਕਿੰਤੂ ਕਰਨ ਦੀ ਖੁੱਲ੍ਹ ਦਿੱਤੀ ਸੀ। ਮੱਧਕਾਲੀ ਸਹਿਹੋਂਦ ਦੇ ਸਾਰੇ ਚਿੰਨ੍ਹਾਂ ਨੂੰ ਗੁਲਾਮੀ ਦੀ ਤਸ਼ਬੀਹ ਦੇ ਕੇ ਇਨ੍ਹਾਂ ਨੂੰ ਮਿਟਾਉਣ ਦੇ ਇਸ ਨਵੇਂ ਪ੍ਰਾਜੈਕਟ ਕਰ ਕੇ ਦੂਜਿਆਂ ਪ੍ਰਤੀ ਬਿਲਕੁੱਲ ਵੀ ਸਹਿਣਸ਼ੀਲਤਾ ਨਹੀਂ ਬਚੇਗੀ।

ਸਮਾਜਿਕ ਤੌਰ ’ਤੇ ਇਸ ਨਾਲ ਤਣਾਅ ਹੀ ਵਧੇਗਾ ਜਦਕਿ ਸਿਆਸੀ ਤੌਰ ’ਤੇ ਸੱਤਾਧਾਰੀ ਨਿਜ਼ਾਮ ਲਈ ਪਹਿਲਾਂ ਹੀ ਹਾਸਲ ਕੀਤੀ ਸੱਤਾ ਵਿਚ ਹੋਰ ਵਾਧਾ ਨਹੀਂ ਹੋ ਸਕੇਗਾ। ਤਾਂ ਫਿਰ ਸਾਡੀ ਮਿਲੀ ਜੁਲੀ ਤਹਿਜ਼ੀਬ ਨੂੰ ਮਿਟਾਉਣ ਦੀ ਇਹ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ? ਕੀ ਇਹ ਹਿੰਦੂਤਵ ਦੀ ਸਿਆਸੀ ਫ਼ਤਹਿ ਦੇ ਐਲਾਨ ਦਾ ਯਤਨ ਹੈ? ਜੇ ਅਜਿਹੀ ਗੱਲ ਹੈ ਤਾਂ ਹਿੰਦੂਆਂ ਨੂੰ ਸਹਿਣਸ਼ੀਲ ਹੋਣ, ਸਭਨਾਂ ਨੂੰ ਨਾਲ ਲੈ ਕੇ ਚੱਲਣ ਦਾ ਮਾਣ ਕਰਨਾ ਛੱਡ ਦੇਣਾ ਚਾਹੀਦਾ ਹੈ; ਵਸੂਦੇਵ ਕਟੁੰਬਕਮ ਦਾ ਸੰਕਲਪ ਹੁਣ ਖੋਖਲਾ ਸਾਬਿਤ ਹੋ ਰਿਹਾ ਹੈ ਤੇ ਅਦਾਲਤਾਂ ਜ਼ਰੀਏ ਇਤਿਹਾਸ ਨੂੰ ਅਪਰਾਧਿਕ ਕਰਾਰ ਦੇਣ ਦੀ ਕੋਸ਼ਿਸ਼, ਕਾਨੂੰਨ ਵਿਵਸਥਾ ਦਾ ਮਜ਼ਾਕ ਉਡਾਉਂਦੀ ਹੈ। ਬਦਲਾਖੋਰ ਹਿੰਦੂ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ‘ਧਰਮ ਅਸਥਾਨ ਕਾਨੂੰਨ-1991’ ਦੀਆਂ ਧਾਰਨਾਵਾਂ ਜਾਂ ਸੁਪਰੀਮ ਕੋਰਟ ਦੇ ਅਯੁੱਧਿਆ ਬਾਰੇ ਫ਼ੈਸਲੇ ਦਾ ਸਤਿਕਾਰ ਕਰੇਗਾ ਜਿਸ ਵਿਚ ਕਿਹਾ ਗਿਆ ਸੀ- ‘ਜਨਤਕ ਪੂਜਾ-ਉਪਾਸਨਾ ਦੇ ਸਥਾਨਾਂ ਨੂੰ ਬਰਕਰਾਰ ਰੱਖਣ ਲਈ ਪਾਰਲੀਮੈਂਟ ਨੇ ਸਪੱਸ਼ਟ ਫ਼ੈਸਲਾ ਦਿੱਤਾ ਹੈ ਕਿ ਵਰਤਮਾਨ ਅਤੇ ਭਵਿੱਖ ਦਾ ਵਿਰੋਧ ਕਰਨ ਲਈ ਇਤਿਹਾਸ ਤੇ ਇਸ ਦੀਆਂ ਗ਼ਲਤੀਆਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।’

ਸੰਘ ਪਰਿਵਾਰ ਜਦੋਂ ਮੱਧਯੁਗੀ ਲੜਾਈਆਂ ਦਾ ਫਿਰਕੂਕਰਨ ਕਰ ਰਿਹਾ ਹੈ ਤਦ ਵਿਰੋਧੀ ਧਿਰ ਨੇ ਲੋਕਾਂ ਵੰਨੀਓਂ ਮੂੰਹ ਫੇਰ ਲਿਆ ਹੈ ਤੇ ਉਨ੍ਹਾਂ ਨੂੰ ਆਪਣੇ ਇਤਿਹਾਸ ਬਾਰੇ ਵਧੇਰੇ ਸੁਲ੍ਹਾ-ਪਸੰਦੀ ਤੇ ਫਰਾਖ਼ਦਿਲੀ ਅਪਣਾਉਣ ਤੇ ਆਪਣੇ ਗੁਆਂਢੀਆਂ ਨਾਲ ਨਿਭਣ ਲਈ ਸਾਰਥਕ ਢੰਗ ਨਾਲ ਗੱਲ ਵੀ ਨਹੀਂ ਕੀਤੀ ਜਾ ਰਹੀ। ਵੁਜ਼ੂਖਾਨੇ ਅੰਦਰ ਫੁਹਾਰੇ ਨੂੰ ਸ਼ਿਵਲਿੰਗ ਵਜੋਂ ਦੇਖਣਾ ਹਿੰਦੂਮੱਤ ਅਤੇ ਦੇਸ਼ ਭਰ ਵਿਚ ਫੈਲੇ ਇਸ ਦੇ ਸ਼ਾਨਦਾਰ ਮੰਦਰਾਂ ਦੀ ਹੇਠੀ ਕਰਨ ਦੇ ਤੁੱਲ ਹੈ। ਵੁਜ਼ੂ (ਹੱਥ ਮੂੰਹ ਧੋਣ ਦੀ ਜਗ੍ਹਾ) ਤਲਾਬ ਦਾ ਸਰਵੇਖਣ ਕਰਨ ਵਾਲਿਆਂ ਨੇ ਜੇ ਕਿਤੇ ਤੰਜਾਵੁਰ ਦਾ ਬ੍ਰਹਿਦੀਸ਼ਵਰ ਮੰਦਰ ਹੀ ਦੇਖ ਲਿਆ ਹੁੰਦਾ ਤਾਂ ਉਨ੍ਹਾਂ ਸ਼ੈਵਮੱਤ ਦੇ ਸੰਕਲਪ ਨੂੰ ਇੰਝ ਬੌਣਾ ਨਹੀਂ ਕਰ ਸਕਣਾ ਸੀ।

ਜੇ ਬਦਲਾਖੋਰ ਹਿੰਦੂ ਗਿਆਨਵਾਪੀ ਨੂੰ ਢਾਹ ਦਿੰਦਾ ਹੈ ਜਾਂ ਸ਼ਾਹੀ ਈਦਗਾਹ ’ਤੇ ਕਬਜ਼ਾ ਕਰ ਲੈਂਦਾ ਹੈ ਤਾਂ ਉਹ ਮਾਰਧਾੜ ਕਰਨ ਵਾਲੇ ਹਮਲਾਵਰਾਂ ਦੀ ਆਪਣੀ ਯਾਦਾਸ਼ਤ ਤੋਂ ਵੱਖਰਾ ਕਿੰਝ ਹੋਵੇਗਾ? ਜਾਂ ਫਿਰ ਉਹ ਹਿੰਦੂਮੱਤ ਨੂੰ ਬਦਲ ਕੇ ਬੁੱਤ ਭੰਜਕ ਫਰਜ਼ੀ ਦੁਸ਼ਮਣਾਂ ਦੇ ਹੀ ਸਾਂਚੇ ਵਿਚ ਢਾਲਣ ਦਾ ਇਰਾਦਾ ਰੱਖਦਾ ਹੈ? ਇਸ ਪਿੱਛੇ ਮਨਸੂਬਾ ਭਾਵੇਂ ਕੋਈ ਵੀ ਹੋਵੇ ਪਰ ਰਾਸ਼ਟਰ ਦੇ ਤੌਰ ’ਤੇ ਭਾਰਤ ਲਈ ਇਹ ਗੱਲ ਸੋਭਾ ਨਹੀਂ ਦਿੰਦੀ ਕਿ ਇਹ ਕਿਤੇ ਸ਼ਿਵ ਮੰਦਰ ਦੇ ਟੁਕੜੇ ਅਤੇ ਕਿਤੇ ਕ੍ਰਿਸ਼ਨ ਭੂਮੀ ਦੇ ਨਿਸ਼ਾਨ ਲੱਭਣ ਲਈ ਆਪਣੀਆਂ ਅਦਾਲਤਾਂ ਤੋਂ ਮੱਧਕਾਲੀ ਮਸਜਿਦਾਂ ਦੇ ਸਰਵੇਖਣ ਦੇ ਹੁਕਮ ਜਾਰੀ ਕਰਵਾਏ। ਸਾਨੂੰ ਮਹਿੰਗਾਈ ’ਤੇ ਕਾਬੂ ਪਾਉਣ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਆਪਣੀਆਂ ਸਰਹੱਦਾਂ ਨੂੰ ਮਹਿਫ਼ੂਜ਼ ਕਰਨ ਜਿਹੇ ਅਹਿਮ ਮੁੱਦਿਆਂ ਨਾਲ ਸਿੱਝਣ ਦੀ ਲੋੜ ਹੈ। ਪਿਛਲੇ ਹਫ਼ਤੇ ‘ਦਿ ਇਕੋਨੌਮਿਸਟ’ ਮੈਗਜ਼ੀਨ ਦੀ ਕਵਰ ਸਟੋਰੀ ਸਾਫ਼ ਕਹਿ ਰਹੀ ਹੈ: ਕੀ ਭਾਰਤ ਲਈ ਇਸ ਮੌਕੇ ਨੂੰ ਮੋਦੀ ਬਰਬਾਦ ਕਰ ਦੇਵੇਗਾ?
*ਲੇਖਕ ‘ਦਿ ਟ੍ਰਿਬਿਊਨ’ ਦਾ ਐਡੀਟਰ-ਇਨ-ਚੀਫ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All