ਇਹ ਗੱਲ ਚੇਤੇ ਰੱਖਣੀ ਬਣਦੀ ਹੈ ਕਿ ਫ਼ਿਰਕੂ ਹਿੰਸਾ ਦੀ ਹਰੇਕ ਘਟਨਾ ਵਿਚ ਫੌਰੀ ਤੌਰ ’ਤੇ ਜਾਨ ਮਾਲ ਦੇ ਨੁਕਸਾਨ ਤੋਂ ਇਲਾਵਾ ਲੰਮੇ ਸਮੇਂ ਤੱਕ ਅਸਰ ਪਾਉਣ ਵਾਲੇ ਸਿੱਟੇ ਨਿਕਲਦੇ ਹਨ। ਇਸ ਨਾਲ ਵੱਖ ਵੱਖ ਜਾਤਾਂ ਤੇ ਫ਼ਿਰਕਿਆਂ ਦੇ ਲੋਕਾਂ ਦਰਮਿਆਨ ਸ਼ੱਕ, ਡਰ ਅਤੇ ਨਫ਼ਰਤ ਦੀ ਭਾਵਨਾ ਪਣਪਦੀ ਹੈ ਅਤੇ ਫੁੱਟ ਦੇ ਅਜਿਹੇ ਬੀਜ ਬੀਜਦੀ ਹੈ ਜਿਨ੍ਹਾਂ ਨੂੰ ਚੁਗਣ ਲਈ ਕਈ ਪੀੜ੍ਹੀਆਂ ਖਪ ਜਾਂਦੀਆਂ ਹਨ। ਦਿੱਲੀ ਵਿਚ ਵਾਪਰੀਆਂ ਹਾਲੀਆ ਘਟਨਾਵਾਂ ਵਿਚ ਵੀ ਇਵੇਂ ਹੀ ਹੋਇਆ। ਅਜਿਹੀਆਂ ਘਟਨਾਵਾਂ ਨਾਲ ਕਲੋਨੀਆਂ ਤੇ ਮੁਹੱਲਿਆਂ ਵਿਚ ਮਿਲ ਜੁਲ ਕੇ ਰਹਿੰਦੇ ਵੱਖ ਵੱਖ ਫ਼ਿਰਕਿਆਂ ਦੇ ਲੋਕਾਂ ਦਰਮਿਆਨ ਨਾ ਪੂਰਿਆ ਜਾਣ ਵਾਲਾ ਪਾੜਾ ਪੈ ਗਿਆ ਹੈ। ਮੰਦੇ ਭਾਗੀਂ ਜਦੋਂ ਇਹ ਫ਼ਿਰਕੂ ਵਾਇਰਸ ਇਕ ਵਾਰ ਸਮਾਜ ਦੀਆਂ ਰਗਾਂ ਵਿਚ ਦਾਖ਼ਲ ਹੋ ਜਾਂਦਾ ਹੈ ਤਾਂ ਇਸ ਨੂੰ ਖਤਮ ਕਰਨਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ।
ਆਜ਼ਾਦੀ ਤੋਂ ਬਾਅਦ ਦੇ ਕਾਲ ਦਾ ਤਜਰਬਾ ਦਰਸਾਉਂਦਾ ਹੈ ਕਿ ਇਕ ਸਮਾਨ ਤੇ ਸਾਰਥਕ ਵਿਕਾਸ ਸਮੇਤ ਬਹੁਤ ਸਾਰੇ ਟੀਚੇ ਉਦੋਂ ਹੀ ਹਾਸਲ ਕੀਤੇ ਜਾ ਸਕੇ ਜਦੋਂ ਦੇਸ਼ ਅੰਦਰ ਸਿਆਸੀ ਸਥਿਰਤਾ ਅਤੇ ਅਮਨ-ਅਮਾਨ ਕਾਇਮ ਸੀ। ਘਰੇਲੂ ਉੱਦਮੀ ਅਤੇ ਵਿਦੇਸ਼ੀ ਕੰਪਨੀਅਂਾ ਉਦੋਂ ਹੀ ਨਿਵੇਸ਼ ਕਰਦੇ ਅਤੇ ਲਾਹੇਵੰਦ ਢੰਗ ਨਾਲ ਚੱਲ ਸਕਦੇ ਹਨ ਜੇ ਅਮਨ ਤੇ ਸਥਿਰਤਾ ਬਰਕਰਾਰ ਰਹੇ। ਇਹੋ ਜਿਹਾ ਮਾਹੌਲ ਕਾਇਮ ਕਰਨ ਲਈ ਇਹ ਜ਼ਰੂਰੀ ਹੈ ਕਿ ਸ਼ਾਸਕੀ ਤੰਤਰ (polity) ਰਫ਼ਤਾਰ ਤੇ ਕੁਸ਼ਲਤਾ ਨਾਲ ਕੰਮ ਕਰੇ, ਅਮਨ ਕਾਨੂੰਨ ਕਾਇਮ ਰੱਖਿਆ ਜਾਵੇ, ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਅਤੇ ਸਮੂਹ ਲੋਕਾਂ ਦੀ ਭਲਾਈ ਅਤੇ ਸਲਾਮਤੀ ਯਕੀਨੀ ਬਣਾਈ ਜਾਵੇ। ਇਸ ਲਈ ਜੇ ਇਨ੍ਹਾਂ ਸਾਰੇ ਮੋਰਚਿਆਂ ’ਤੇ ਪ੍ਰਗਤੀ ਕਰਨੀ ਅਤੇ ਚਹੇਤੇ ਟੀਚਿਆਂ ਦੀ ਪ੍ਰਾਪਤੀ ਵੱਲ ਤੇਜ਼ੀ ਨਾਲ ਅੱਗੇ ਵਧਣਾ ਹੈ ਤਾਂ ਸਭ ਤੋਂ ਅਹਿਮ ਗੱਲ ਇਹ ਹੋਵੇਗੀ ਕਿ ਸਵੱਛ ਅਤੇ ਕੁਸ਼ਲ ਸ਼ਾਸਨ ਮੁਹੱਈਆ ਕਰਵਾਇਆ ਜਾਵੇ ਅਤੇ ਸਮੁੱਚੇ ਦੇਸ਼ ਵਿਚ ਭਰੋਸੇ, ਸਲਾਮਤੀ ਅਤੇ ਸੁਰੱਖਿਆ ਦਾ ਮਾਹੌਲ ਕਾਇਮ ਕੀਤਾ ਜਾਵੇ।
ਸਭ ਤੋਂ ਪਹਿਲਾਂ, ਜੇ ਸਥਿਰਤਾ ਅਤੇ ਜਨਤਕ ਅਮਨ ਚੈਨ ਕਾਇਮ ਕਰਨਾ ਹੈ ਅਤੇ ਸਾਰੇ ਮੋਰਚਿਆਂ ’ਤੇ ਤੇਜ਼ੀ ਨਾਲ ਅੱਗੇ ਵਧਣਾ ਹੈ ਤਾਂ ਅਸੀਂ ਵਾਰ ਵਾਰ ਫਿਰਕੂ ਗੜਬੜ ਦੀਆਂ ਘਟਨਾਵਾਂ ਵਾਪਰਨ ਨਹੀਂ ਦੇ ਸਕਦੇ ਜਿਵੇਂ ਕਿ ਹਾਲ ਹੀ ਵਿਚ ਕੌਮੀ ਰਾਜਧਾਨੀ ਵਿਚ ਵਾਪਰੀਆਂ ਸਨ ਜਿਨ੍ਹਾਂ ਵਿਚ ਹਿੰਸਾ ਅਤੇ ਕਤਲੋ-ਗਾਰਤ ਹੋਈ ਅਤੇ ਵੱਡੇ ਪੈਮਾਨੇ ’ਤੇ ਸੰਪਤੀਆਂ ਦਾ ਨੁਕਸਾਨ ਹੋਇਆ ਸੀ। ਜਿਵੇਂ ਕਿ ਵੱਡੇ ਪੱਧਰ ‘ਤੇ ਮੀਡੀਆ ਵਿਚ ਆਇਆ ਸੀ, ਇਹ ਇਹ ਗੜਬੜ ਇਸ ਲਈ ਫੈਲੀ ਕਿਉਂਕਿ ਇਕ ਵਿਸ਼ੇਸ਼ ਭਾਈਚਾਰੇ ਦੇ ਵਿਸ਼ਵਾਸ ਅਤੇ ਸਮਾਜੀ-ਸਭਿਆਚਾਰਕ ਰਵਾਇਤਾਂ ’ਤੇ ਦੂਜੇ ਭਾਈਚਾਰੇ ਦੇ ਸਿਆਸੀ ਅਨਸਰਾਂ ਵਲੋਂ ਕਿੰਤੂ ਕਰਦਿਆਂ ਉਨ੍ਹਾਂ ਦਾ ਤਿਰਸਕਾਰ ਕੀਤਾ ਗਿਆ ਤਾਂ ਕਿ ਧਾਰਮਿਕ ਪਾੜਾ ਪਾਇਆ ਜਾ ਸਕੇ।
ਇਹ ਗੱਲ ਚੇਤੇ ਰੱਖਣੀ ਬਣਦੀ ਹੈ ਕਿ ਫ਼ਿਰਕੂ ਹਿੰਸਾ ਦੀ ਹਰੇਕ ਘਟਨਾ ਵਿਚ ਫੌਰੀ ਤੌਰ ’ਤੇ ਜਾਨ ਮਾਲ ਦੇ ਨੁਕਸਾਨ ਤੋਂ ਇਲਾਵਾ ਲੰਮੇ ਸਮੇਂ ਤੱਕ ਅਸਰ ਪਾਉਣ ਵਾਲੇ ਸਿੱਟੇ ਨਿਕਲਦੇ ਹਨ। ਇਸ ਨਾਲ ਵੱਖ ਵੱਖ ਜਾਤਾਂ ਤੇ ਫ਼ਿਰਕਿਆਂ ਦੇ ਲੋਕਾਂ ਦਰਮਿਆਨ ਸ਼ੱਕ, ਡਰ ਅਤੇ ਨਫ਼ਰਤ ਦੀ ਭਾਵਨਾ ਪਣਪਦੀ ਹੈ ਅਤੇ ਫੁੱਟ ਦੇ ਅਜਿਹੇ ਬੀਜ ਬੀਜਦੀ ਹੈ ਜਿਨ੍ਹਾਂ ਨੂੰ ਚੁਗਣ ਲਈ ਕਈ ਪੀੜ੍ਹੀਆਂ ਖਪ ਜਾਂਦੀਆਂ ਹਨ। ਦਿੱਲੀ ਵਿਚ ਵਾਪਰੀਆਂ ਹਾਲੀਆ ਘਟਨਾਵਾਂ ਵਿਚ ਵੀ ਇਵੇਂ ਹੀ ਹੋਇਆ। ਅਜਿਹੀਆਂ ਘਟਨਾਵਾਂ ਨਾਲ ਕਲੋਨੀਆਂ ਤੇ ਮੁਹੱਲਿਆਂ ਵਿਚ ਮਿਲ ਜੁਲ ਕੇ ਰਹਿੰਦੇ ਵੱਖ ਵੱਖ ਫ਼ਿਰਕਿਆਂ ਦੇ ਲੋਕਾਂ ਦਰਮਿਆਨ ਨਾ ਪੂਰਿਆ ਜਾਣ ਵਾਲਾ ਪਾੜਾ ਪੈ ਗਿਆ ਹੈ। ਮੰਦੇ ਭਾਗੀਂ ਜਦੋਂ ਇਹ ਫ਼ਿਰਕੂ ਵਾਇਰਸ ਇਕ ਵਾਰ ਸਮਾਜ ਦੀਆਂ ਰਗਾਂ ਵਿਚ ਦਾਖ਼ਲ ਹੋ ਜਾਂਦਾ ਹੈ ਤਾਂ ਇਸ ਨੂੰ ਖਤਮ ਕਰਨਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ।
ਖਾਸ ਤੌਰ ’ਤੇ ਹੋਰ ਵੀ ਅਫ਼ਸੋਸਨਾਕ ਗੱਲ ਇਹ ਹੈ ਕਿ ਸਿੱਖਿਆ ਸੰਸਥਾਵਾਂ ਵਿਚ ਵੀ ਪਾੜੇ ਤੇ ਬਦਜ਼ਨੀ ਦਾ ਕੈਂਸਰ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲ ਹੀ ਵਿਚ ਰਾਜਧਾਨੀ ਵਿਚਲੀਆਂ ਦੋ ਯੂਨੀਵਰਸਿਟੀਆਂ ’ਚ ਭਾਰੀ ਹਿੰਸਾ ਹੋਈ ਅਤੇ ਨਾਲ ਹੀ ਵਿਦਿਅਕ ਸਰਗਰਮੀਆਂ ਦਾ ਨੁਕਸਾਨ ਦੇਖਣ ਨੂੰ ਮਿਲਿਆ। ਵਿਦਿਆਰਥੀ ਵਰਗ ਨੂੰ ਬਿਹਤਰੀਨ ਮੌਕੇ ਮੁਹੱਈਆ ਕਰਵਾਉਣ ਅਤੇ ਤੇਜ਼ ਆਰਥਿਕ ਵਿਕਾਸ ਲਈ ਦੇਸ਼ ਦੀ ਯੁਵਾ ਸ਼ਕਤੀ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਦੀ ਬਜਾਏ ਸੌੜੇ ਚੁਣਾਵੀ ਫਾਇਦਿਆਂ ਲਈ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ।
ਸਾਡੇ ਦੇਸ਼ ਦੀ ਆਬਾਦੀ ਵਿਚ ਭਾਂਤ ਭਾਂਤ ਦੇ ਅਨੇਕ ਭਾਈਚਾਰੇ ਸ਼ਾਮਲ ਹਨ ਜਿਨ੍ਹਾਂ ਦਰਮਿਆਨ ਧਾਰਮਿਕ, ਜਾਤੀ, ਭਾਸ਼ਾਈ ਅਤੇ ਸਭਿਆਚਾਰਕ ਵਖਰੇਵੇਂ ਹਨ। ਸਾਡੇ ਸੰਵਿਧਾਨ ਘਾੜਿਆਂ ਨੇ ਨਾਗਰਿਕਾਂ ਦੇ ਅਧਿਕਾਰਾਂ ਅਤੇ ਵਿਸ਼ੇਸ਼ ਅਧਿਕਾਰਾਂ ਅਤੇ ਰਾਜਕੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਤੈਅ ਕਰਦਿਆਂ ਇਨ੍ਹਾਂ ਵਖਰੇਵਿਆਂ ਨੂੰ ਸੰਵੇਦਨਸ਼ੀਲਤਾ ਨਾਲ ਮਾਨਤਾ ਦਿੱਤੀ ਸੀ। ਜਨਤਕ ਭਾਸ਼ਨ ਅਤੇ ਬਿਆਨ ਦਿੰਦਿਆਂ ਸਿਆਸੀ ਆਗੂ ਅਕਸਰ ਸਾਡੇ ਦੇਸ਼ ਦੇ ਹਜ਼ਾਰਾਂ ਸਾਲ ਪੁਰਾਣੇ ਤਹਿਜ਼ੀਬੀ ਅਤੀਤ ਦਾ ਜ਼ਿਕਰ ਕਰਦੇ ਹਨ ਅਤੇ ਸਾਡੀ ‘ਅਨੇਕਤਾ ਵਿਚ ਏਕਤਾ’ ਦੀ ਰਵਾਇਤ ਤੋਂ ਮਿਲਦੀ ਤਾਕਤ ‘ਤੇ ਹੱਕ-ਬਜਾਨਬ ਮਾਣ ਮਹਿਸੂਸ ਕਰਦੇ ਹਨ। ਉਂਜ, ਇਹ ਨਜ਼ਰ ਆ ਰਿਹਾ ਹੈ ਕਿ ਆਵਾਮ ਦੇ ਤੌਰ ’ਤੇ ਸਾਡੇ ਸਮਾਜ ਵਿਚਲੇ ਵਖਰੇਵਿਆਂ ਪ੍ਰਤੀ ਸਾਡੀਆਂ ਸੰਵੇਦਨਾਵਾਂ ਨੂੰ ਖੋਰਾ ਲੱਗ ਰਿਹਾ ਹੈ। ਇਹ ਖੋਰਾ ਉਨ੍ਹਾਂ ਕੁਝ ਸਿਆਸੀ ਪਾਰਟੀਆਂ ਕਰਕੇ ਹੈ ਜੋ ਆਪਣੇ ਚੁਣਾਵੀ ਮੁਫ਼ਾਦ ਖਾਤਰ ਸਾਡੇ ਲੋਕਾਂ ਅੰਦਰ ਜਾਤੀ ਤੇ ਮਜ਼ਹਬੀ ਪਾੜੇ ਪਾਉਂਦੀਆਂ ਹਨ।
ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ, ਗ਼ਰੀਬੀ ਤੇ ਗ਼ੈਰ-ਬਰਾਬਰੀ ਦੇ ਖਾਤਮੇ ਅਤੇ ਆਰਥਿਕ ਤੇ ਫ਼ੌਜੀ ਤੌਰ ’ਤੇ ਮਜ਼ਬੂਤ ਦੇਸ਼ ਬਣਨ ਵੱਲ ਵਧਣ ਲਈ ਸਾਨੂੰ ਸਥਿਰਤਾ ਦੀ ਲੋੜ ਹੈ। ਫ਼ਿਰਕੂ ਸਦਭਾਵਨਾ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜ ਸਾਨੂੰ ਵਾਰਾ ਨਹੀਂ ਖਾਂਦੀ ਤੇ ਰਹਿ ਰਹਿ ਕੇ ਉੱਠਦੀ ਇਸ ਗੜਬੜ ਦੇ ਤਬਾਹਕੁਨ ਸਿੱਟੇ ਨਿੱਕਲਦੇ ਹਨ। ਸਗੋਂ ਸਾਨੂੰ ਨਿਰੰਤਰ ਸਮਾਜਕ ਸਦਭਾਵਨਾ ਬਣਾ ਕੇ ਰੱਖਣ ਅਤੇ ਨਸਲ, ਧਰਮ, ਭਾਸ਼ਾ ਅਤੇ ਸਭਿਆਚਾਰੇ ਵਿਚਲੇ ਮਤਭੇਦਾਂ ਪ੍ਰਤੀ ਸਾਡੀ ਰਵਾਇਤੀ ਸਹਿਣਸ਼ੀਲਤਾ ਨੂੰ ਜਗਾ ਕੇ ਤਾਕਤ ਵਧਾਉਣ ਦੀ ਲੋੜ ਹੈ।
ਹਾਲੀਆ ਸਾਲਾਂ ਦੌਰਾਨ ਸਾਡੇ ਦੇਸ਼ ਅੰਦਰ ਨੌਜਵਾਨਾਂ ਤੇ ਮੁਟਿਆਰਾਂ ਨੂੰ ਰੋਜ਼ਗਾਰ ਦੀ ਭਾਲ ਵਿਚ ਆਪਣੇ ਘਰਾਂ ਤੋਂ ਬਹੁਤ ਦੂਰ ਜਾਣਾ ਪਿਆ। ਅੱਜ ਜੰਮੂ ਕਸ਼ਮੀਰ ਦੀਆਂ ਪਹਾੜੀਆਂ ਅਤੇ ਰਾਜਸਥਾਨ ਦੇ ਰੇਗਿਸਤਾਨੀ ਖੇਤਰਾਂ ਵਿਚ ਮੀਜ਼ੋ, ਨਾਗਾ ਅਤੇ ਮਣੀਪੁਰੀ ਨੌਜਵਾਨ, ਪੰਜਾਬੀ ਤੇ ਹਰਿਆਣਵੀ ਕੇਰਲਾ ਤੇ ਅੰਡੇਮਨ ਵਿਚ ਕੰਮ ਕਰ ਰਹੇ ਹਨ। ਇਹ ਬਹੁਤ ਹੀ ਸ਼ੁਭਸ਼ਗਨ ਵਰਤਾਰਾ ਹੈ ਕਿਉਂਕਿ ਇਸ ਨਾਲ ਸਭਿਆਚਾਰਕ ਇਕਜੁੱਟਤਾ ਨੂੰ ਬੜਾਵਾ ਮਿਲਦਾ ਹੈ। ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅਣਜਾਣੇ ਪਿਛੋਕੜ ਅਤੇ ਸਭਿਆਚਾਰਾਂ ਦੇ ਲੋਕਾਂ ਬਾਰੇ ਸਿੱਖਿਅਤ ਕਰੀਏ। ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੇ ਨਾ ਕੇਵਲ ਧਰਮਾਂ, ਸਭਿਆਚਾਰਾਂ ਅਤੇ ਭਾਸ਼ਾ ਦਾ ਸਤਿਕਾਰ ਕਰਨਾ ਸਿੱਖਣਾ ਪੈਣਾ ਹੈ ਸਗੋਂ ਜਦੋਂ ਉਹ ਉਨ੍ਹਾਂ ਨੂੰ ਕਦੇ ਮਿਲਣ ਤਾਂ ਉਨ੍ਹਾਂ ਦੇ ਖਾਣ ਪੀਣ ਦੀਆਂ ਆਦਤਾਂ, ਕੱਪੜਿਆਂ ਅਤੇ ਵਾਲਾਂ ਦੇ ਅੰਦਾਜ਼ਾਂ ਤੇ ਢੰਗਾਂ ਦਾ ਵੀ ਸਤਿਕਾਰ ਕਰਨ।
ਹਾਲੀਆ ਕੁਝ ਸਾਲਾਂ ਦੌਰਾਨ, ਜਾਤੀ ਤੇ ਧਾਰਮਿਕ ਝੜਪਾਂ, ਫ਼ਰਜ਼ੀ ਤੇ ਖੜ੍ਹੇ ਖੜੇ ਫ਼ੈਸਲੇ ਦੇਣ ਵਾਲੀਆਂ ਕਚਹਿਰੀਆਂ (kangaroo trials) ਅਤੇ ਹਜੂਮੀ ਹਿੰਸਾ ਨਾਲ ਸਬੰਧਤ ਬਹੁਤ ਹੀ ਭੱਦੀਆਂ ਘਟਨਾਵਾਂ ਦੇਖਣ ਵਿਚ ਆਈਆਂ ਹਨ। ਕੋਈ ਵੀ ਸਰਕਾਰ ਅਜਿਹੀਆਂ ਘਟਨਾਵਾਂ ਵਾਪਰਨ ਦੇਣ ਦੀ ਆਗਿਆ ਨਹੀਂ ਦੇ ਸਕਦੀ।
ਸਾਡੇ ਸ਼ਾਸਨ ਤੰਤਰ ਨੂੰ ਇਹ ਦੇਖਣਾ ਪਵੇਗਾ ਕਿ ਜੇ ਸ਼ਾਸਕੀ ਤੰਤਰ ਦੇ ਕੰਮ ਕਾਜ ਦੇ ਨੁਕਸ ਜਲਦੀ ਦਰੁਸਤ ਨਾ ਕੀਤੇ ਗਏ ਤਾਂ ਭਵਿੱਖ ਵਿਚ ਕਿਹੋ ਜਿਹੇ ਖ਼ਤਰੇ ਪੈਦਾ ਹੋ ਸਕਦੇ ਹਨ। ਮੌਜੂਦਾ ਨਾਕਾਮੀਆਂ ਅਤੇ ਉਭਰ ਰਹੀਆਂ ਚੁਣੌਤੀਆਂ ਦਾ ਜਾਇਜ਼ਾ ਲੈਂਦਿਆਂ, ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਫ਼ੌਰੀ ਤੌਰ ’ਤੇ ਆਪੋ ਆਪਣੀਆਂ ਅਸਲ ਸੰਵਿਧਾਨਕ ਭੂਮਿਕਾਵਾਂ ਨਿਭਾਉਣੀਆਂ ਸ਼ੁਰੂ ਕਰਨ। ਨਿਆਂਪਾਲਿਕਾ ਨੂੰ ਵੀ ਸੰਵਿਧਾਨ ਦੀ ਰਾਖੀ ਕਰਨ ਅਤੇ ਇਸ ਦੇ ਬੇਖੌਫ਼ ਅਮਲ ’ਤੇ ਪਹਿਰਾ ਦੇਣ ਦੇ ਆਪਣੇ ਸਿਰਮੌਰ ਜ਼ਿੰਮੇ ਨੂੰ ਮੁੜ ਹੱਥ ਪਾਉਣ ਤੋਂ ਹੁਣ ਹੋਰ ਦੇਰ ਨਹੀਂ ਕਰਨੀ ਚਾਹੀਦੀ। ਬੜੇ ਲੰਮੇ ਸਮੇਂ ਤੋਂ ਲਟਕ ਰਹੇ ਚੋਣ ਸੁਧਾਰਾਂ ਨੂੰ ਉੱਚਤਮ ਤਰਜੀਹ ਦੇ ਆਧਾਰ ’ਤੇ ਲਾਗੂ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਜਮਹੂਰੀ ਨਿਜ਼ਾਮ ਦੀਆਂ ਬਹੁਤ ਸਾਰੀਆਂ ਅਲਾਮਤਾਂ ਦੂਰ ਕਰਨ ਲਈ ਇਸ ਦੀ ਲੋੜ ਹੈ। ਇਸ ਦੇ ਨਾਲ ਹੀ, ਸਮੁੱਚੀ ਪ੍ਰਸ਼ਾਸਕੀ ਮਸ਼ੀਨਰੀ ਦੀ ਸਫ਼ਾਈ ਕਰ ਕੇ ਅਤੇ ਰਾਜ ਦੀਆਂ ਬਹੁ-ਪਰਤੀ ਇਕਾਈਆਂ/ਹਿੱਸਿਆਂ ਦੇ ਕੰਮ ਕਾਜ ਵਿਚ ਸੁਧਾਰ ਲਿਆ ਕੇ ਸ਼ਾਸਕੀ ਤੰਤਰ ਨੂੰ ਖ਼ੁਦ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਵੀ ਮੰਨਣੀ ਪੈਣੀ ਹੈ।
ਇਹ ਲੋੜੀਂਦੇ ਸੁਧਾਰ ਅੰਜਾਮ ਤੱਕ ਲਿਜਾਣ ਲਈ ਵੱਡੀ ਸਿਆਸੀ ਇੱਛਾ ਅਤੇ ਦ੍ਰਿੜ ਇਰਾਦੇ ਦੀ ਲੋੜ ਪਵੇਗੀ ਕਿਉਂਕਿ ਇਨ੍ਹਾਂ ਸੁਧਾਰਾਂ ਤੋਂ ਬਿਨਾਂ ਅਸੀਂ ਭਾਰਤ ਦੇ ਲੋਕਾਂ ਲਈ ਤਸੱਲੀਬਖ਼ਸ਼ ਢੰਗ ਨਾਲ ਸ਼ਾਸਨ ਨਹੀਂ ਦੇ ਸਕਾਂਗੇ। ਆਸ ਕਰਨੀ ਚਾਹੀਦੀ ਹੈ ਕਿ ਸਾਡਾ ਸ਼ਾਸਕੀ ਤੰਤਰ ਇਸ ਜੱਦੋਜਹਿਦ ਲਈ ਹੌਸਲਾ ਦਿਖਾਵੇਗਾ।
(ਇਸ ਲੇਖ ਦੇ ਅੰਸ਼ 9 ਸਤੰਬਰ ਨੂੰ ਆਨਲਾਈਨ ਦਿੱਤੇ ਗਏ ਸਰ ਸੱਯਦ ਯਾਦਗਾਰੀ ਭਾਸ਼ਨ ਵਿੱਚੋਂ ਲਏ ਗਏ ਹਨ)
* ਸਾਬਕਾ ਗਵਰਨਰ, ਜੰਮੂ ਕਸ਼ਮੀਰ।