ਆਮ ਜਨਮਾਨਸ ਦੀ ਆਵਾਜ਼ ਬਣ ਰਿਹਾ ਕਿਸਾਨ ਅੰਦੋਲਨ : The Tribune India

ਆਮ ਜਨਮਾਨਸ ਦੀ ਆਵਾਜ਼ ਬਣ ਰਿਹਾ ਕਿਸਾਨ ਅੰਦੋਲਨ

ਆਮ ਜਨਮਾਨਸ ਦੀ ਆਵਾਜ਼ ਬਣ ਰਿਹਾ ਕਿਸਾਨ ਅੰਦੋਲਨ

ਡਾ. ਲਕਸ਼ਮੀ ਨਰਾਇਣ ਭੀਖੀ

ਕਿਸਾਨੀ ਦੀਆਂ ਹੱਕੀ ਮੰਗਾਂ ਲਈ ਵੱਖ-ਵੱਖ ਸਮਿਆਂ ਅਤੇ ਮੁਲਕਾਂ ਵਿਚ ਸੰਘਰਸ਼ ਚਲਦੇ ਰਹੇ ਹਨ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਵਾਹੀਕਾਰਾਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦਿਵਾਏ ਗਏ, ਜਿਸ ਨਾਲ ਕਿਸਾਨਾਂ ਲਈ ਭੂਮੀ ਸੁਧਾਰਾਂ ਦੀ ਸ਼ੁਰੂਆਤ ਹੋਈ। ਸ੍ਰ. ਅਜੀਤ ਸਿੰਘ ਦੀ ਅਗਵਾਈ ਵਿਚ 1907 ਵਿਚ ‘ਪੱਗੜੀ ਸੰਭਾਲ ਜੱਟਾ’ ਦੇ ਨਾਂ ਹੇਠ ਕਿਸਾਨੀ ਮੰਗਾਂ ਲਈ ਲੰਮਾ ਸੰਘਰਸ਼ ਕੀਤਾ ਗਿਆ। ਰੂਸ ਵਿਚ ਲੈਨਿਨ ਨੇ ਕਿਸਾਨੀ ਲਈ ਲੰਮਾ ਸੰਘਰਸ਼ ਕੀਤਾ। ਚੀਨ ਵਿਚ ਚੇਅਰਮੈਨ ਮਾਓ ਜ਼ੇ ਤੁੰਗ ਗ਼ਰੀਬ ਕਿਸਾਨੀ ਲਈ ਜ਼ਮੀਨੀ ਇਨਕਲਾਬ ਦੀ ਲਾਈਨ ਲੈ ਕੇ ਆਇਆ। ਕਿਸਾਨੀ ਦੇ ਇਨਕਲਾਬੀ ਸੰਘਰਸ਼ ਨੂੰ ਕਿਸਾਨ ਆਗੂ ਸਰ ਛੋਟੂ ਰਾਮ ਨੇ ਅੱਗੇ ਵਧਾਇਆ। ਸਰ ਛੋਟੂ ਰਾਮ ਦਾ ਕਥਨ ਸੀ: “ਮੈਂ ਕਿਸਾਨ ਨੂੰ ਹੁਕਮਰਾਨ ਵੇਖਣਾ ਚਾਹੁੰਦਾ ਹਾਂ ਅਤੇ ਇਸੇ ਕਰਕੇ ਮੈਂ ਚਾਹੁੰਦਾ ਹਾਂ ਕਿ ਉਹ ਦੂਜਿਆਂ ਉੱਪਰ ਨਿਰਭਰ ਹੋਣ ਦੀ ਭਾਵਨਾ ਤੋਂ ਖਹਿੜਾ ਛੁਡਾਵੇ।’’ ਉਨ੍ਹਾਂ ਕਿਹਾ: ‘‘ਐ ਕਿਸਾਨ; ਕਿਸੇ ਦਾ ਪਿੱਛਲਗ ਨਾ ਬਣ, ਕਿਸੇ ਦਾ ਗ਼ੁਲਾਮ ਨਹੀਂ, ਸਗੋਂ ਮਾਲਕ ਬਣ, ਗ਼ੁਲਾਮੀ ਛੱਡ ਅਤੇ ਹਾਕਮ ਬਣ।” ਹੁਣ ਕਿਸਾਨੀ ਸਿਰਫ਼ ਮੰਗਾਂ ਮੰਗਣ ਤੱਕ ਸੀਮਤ ਨਾ ਰਹੇ ਬਲਕਿ ਆਪਣੇ ਖੇਤ ਦੀ ਅਤੇ ਦੇਸ ਦੀ ਮਾਲਕ ਬਣੇ, ਹਾਕਮ ਬਣੇ।

ਇਸੇ ਤਰ੍ਹਾਂ ਪੈਪਸੂ ਮੁਜ਼ਾਰਾ ਘੋਲ ਕਿਸਾਨੀ ਦਾ ਸਫ਼ਲ ਘੋਲ ਸੀ, ਜਿਸਨੇ ਉਨ੍ਹਾਂ ਦੀਆਂ ਹੱਕੀ ਜ਼ਮੀਨਾਂ ਦਿਵਾਉਣ ਵਿਚ ਕਾਮਯਾਬੀ ਹਾਸਲ ਕੀਤੀ। ਪਰ ਇਹ ਲਹਿਰ ਲੋਕ ਪੱਖੀ ਰਾਜਨੀਤੀ ਵਿਚ ਨਿਪੁੰਨ ਨਾ ਹੋਣ ਕਰਕੇ ਸਮਾਜਿਕ ਤਬਦੀਲੀ ਨਹੀਂ ਲਿਆ ਸਕੀ। ਨਕਸਲਬਾੜੀ ਲਹਿਰ ਵੀ ਚੀਨ ਦੀ ਤਰਜ਼ ’ਤੇ ਕਿਸਾਨੀ ਦੇ ਹੱਕਾਂ ਤੇ ਲੋਕ ਮੁਕਤੀ ਦੀ ਲਹਿਰ ਸੀ। ਇਹ ਲਹਿਰ ਵੀ ਕਿਸਾਨ, ਮਜ਼ਦੂਰ ਤੇ ਆਮ ਲੋਕਾਂ ਨੂੰ ਮੁਕਤ ਕਰਨ ‘ਚ ਸਫ਼ਲ ਨਹੀਂ ਹੋਈ। ਵਰਤਮਾਨ ਕਿਸਾਨ ਅੰਦੋਲਨ ਨੂੰ ਬੀਤੇ ਘੋਲਾਂ ਤੋਂ ਸਬਕ ਸਿਖਦਿਆਂ ਭਵਿੱਖਮਈ ਦਿਸ਼ਾ ਅਖਤਿਆਰ ਕਰਨੀ ਚਾਹੀਦੀ ਹੈ।

ਇਸ ਵੇਲੇ ਦੇਸ ਦੇ ਹਾਕਮ ਜਲ, ਜੰਗਲ ਅਤੇ ਜ਼ਮੀਨ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਲੁਟਾ ਰਹੇ ਨੇ, ਕਾਰਪੋਰੇਟ ਘਰਾਣੇ ਖੇਤਾਂ ਵਿਚ ਉਹੀ ਫ਼ਸਲ ਉਗਾਉਣਗੇ, ਜਿਸ ਦੀ ਵਿਸ਼ਵ ਵਪਾਰ ਸੰਸਥਾ ਨੂੰ ਲੋੜ ਹੋਵੇਗੀ। ਉਹ ਫੁੱਲਾਂ ਅਤੇ ਫਲਾਂ ਦੀ ਖੇਤੀ ਕਰਨਗੇ, ਦੁਨੀਆਂ ‘ਚ ਅਨਾਜ ਦੀ ਘਾਟ ਪੈਦਾ ਕਰ ਕੇ ਅਜਿਹੇ ਹਾਲਾਤ ਪੈਦਾ ਕਰਨਗੇ ਜੋ ਹਰੀ ਕ੍ਰਾਂਤੀ ਤੋਂ ਪਹਿਲਾਂ ਕੀਤੇ ਸਨ। ਪਿਛਲੇ ਸਮਿਆਂ ਵਿਚ ਸੰਘਰਸ਼ ਕਰਦੇ ਆਗੂਆਂ ਨੇ ਕਿਸਾਨਾਂ ਨੂੰ ਜ਼ਮੀਨਾਂ ਖੋਹ-ਖੋਹ ਕੇ ਵੰਡੀਆਂ। ਬੇਜ਼ਮੀਨਿਆਂ ਨੂੰ ਭੋਇੰ ਦਾ ਮਾਲਕ ਬਣਾਇਆ। ਹੁਣ ਕਾਰਪੋਰੇਟਾਂ ਵੱਲੋਂ ਛੋਟੇ ਕਿਸਾਨਾਂ ਤੋਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ। ਹੁਣ ਸਮਾਂ ਮੰਗ ਕਰਦਾ ਹੈ ਕਿ ਕਾਰਪੋਰੇਟਾਂ ਤੋਂ ਮੁਲਕ ਛਡਾਈਏ ਤੇ ਨੇਤਾਵਾਂ ਤੋਂ ਕੁਰਸੀ। ਭਾਰਤ ਛੱਡੋ ਅੰਦੋਲਨ ਅਤੇ ਕੁਰਸੀ ਛੱਡੋ ਅੰਦੋਲਨ ਨਾਲੋ-ਨਾਲ ਚਲਾਏ ਜਾਣ। ਅੰਬਾਨੀਆਂ, ਅਡਾਨੀਆਂ ਦੀ ਅੰਨ੍ਹੀ ਲੁੱਟ ਤੋਂ ਲੋਕਾਂ ਨੂੰ ਮੁਕਤ ਕਰਵਾਇਆ ਜਾਵੇ। ਇਸ ਨਿਸ਼ਾਨੇ ਦੀ ਪੂਰਤੀ ਲਈ ਕਿਸਾਨ ਆਗੂਆਂ ਨੂੰ ਕੁਝ ਨਾਂਹਦਰੂ ਰੁਝਾਂਨਾਂ ਤੋਂ ਬਚਣਾ ਹੋਵੇਗਾ। ਜਿਵੇਂ ਸੰਘਰਸ਼ ਕਰ ਰਹੇ ਕਿਸੇ ਵੀ ਗਰੁੱਪ ਵਿਚ ਬਹੁਗਿਣਤੀ ਵਿਚ ਹੋਣ ਕਾਰਨ ਦੂਜਿਆਂ ਤੋਂ ਵੱਡੇ ਹੋਣ ਦਾ ਵਿਚਾਰ ਉਛਾਲੇ ਮਾਰ ਸਕਦਾ ਹੈ। ਬੌਧਿਕ ਤੌਰ ‘ਤੇ ਸਭ ਤੋਂ ਸ੍ਰੇਸ਼ਟ ਹੋਣ, ਦੂਜਿਆਂ ਤੋਂ ਵੱਧ ਲੜਾਕੂ ਅਤੇ ਯੁੱਧਨੀਤਕ ਹੋਣ ਦਾ ਵਾਧੂ ਸਵੈ-ਮਾਣ ਪੈਦਾ ਹੋ ਸਕਦਾ ਹੈ। ਸੰਘਰਸ਼ ਦੌਰਾਨ ਮੰਜ਼ਲ ਦੀ ਰੂਪ ਰੇਖਾ ਤੈਅ ਕਰਦਿਆਂ ਮਤਭੇਦ ਆ ਸਕਦੇ ਹਨ। ਵਰਤਮਾਨ ਅੰਦੋਲਨ ਰਾਜਸੀ ਲੋਭੀਆਂ ਤੋਂ ਬਚਾ ਕੇ ਰੱਖਣਾ ਹੋਵੇਗਾ। ਅਕਸਰ ਲਹਿਰ ਵਿਚ ਮਾਰੂ ਤੱਤ ਵੀ ਕਾਰਜਸ਼ੀਲ ਹੋ ਕੇ ਅੰਦੋਲਨ ਨੂੰ ਭਟਕਾਉਣ ਦੀ ਤਾਕ ਵਿਚ ਹੁੰਦੇ ਹਨ। ਅੰਦੋਲਨ ਦੀਆਂ ਜਥੇਬੰਦਕ ਕਮਜ਼ੋਰੀਆਂ ਸਬੰਧੀ ਕਿਸਾਨ ਆਗੂਆਂ ਨੂੰ ਮੁਲਾਂਕਣ ਅਤੇ ਚਿੰਤਨ ਮੰਥਨ ਨਾਲੋ-ਨਾਲ ਕਰਦੇ ਰਹਿਣਾ ਚਾਹੀਦਾ ਹੈ।

ਇਸ ਵੇਲੇ ਰਾਜਸੀ ਪਾਰਟੀਆਂ ਕਿਸਾਨ ਮਸਲਿਆਂ ਪ੍ਰਤੀ ਦਵੰਦ (ਅੰਤਰ-ਵਿਰੋਧਾਤਾਈਆਂ) ਦਾ ਸ਼ਿਕਾਰ ਜਾਪਦੀਆਂ ਹਨ। ਉਪਰੋਂ ਕਹਿ ਕੁਝ ਹੋਰ ਰਹੀਆਂ ਹਨ, ਅੰਦਰੋਂ ਕਰ ਕੁਝ ਹੋਰ ਰਹੀਆਂ ਹਨ। ਅਮਲ ਅਤੇ ਸਿਧਾਂਤ ਵਿਚ ਫ਼ਰਕ ਹੈ। ਲੇਕਿਨ ਕਿਸਾਨ ਆਗੂਆਂ ਵੱਲੋਂ ਇਸ ਤਰ੍ਹਾਂ ਦੇ ਇਤਿਹਾਸਕ ਮੌਕਾ ਮੇਲ ਨੂੰ ਜਥੇਬੰਦਕ ਜਿੱਤ ਵਲ ਪਹੁੰਚਾਇਆ ਜਾ ਸਕਦਾ ਹੈ। ਜਾਨ ਰੀਡ ਦੀ ਪੁਸਤਕ ‘ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿੱਤੀ’ ਵਾਂਗ ਇਹ ਵੀ ਸੰਘਰਸ਼ ਦੇ ਇਤਿਹਾਸਕ ਦਿਨ ਹਨ ਜਦੋਂ ਕਿਸਾਨੀ ਵੱਲੋਂ ਕੇਂਦਰ ਸਰਕਾਰ ਝੰਜੋੜੀ ਜਾ ਸਕਦੀ ਹੈ। ਪਰ ਇਸ ਵੇਲੇ ਕਿਸਾਨ ਅੰਦੋਲਨ ਨੂੰ ਸੰਘਰਸ਼ ਕਰਨ ਵਾਲੇ ਸੈਨਾਪਤੀਆਂ ਅਤੇ ਯੁੱਧਨੀਤਕ ਕਮਾਂਡਰਾਂ ਦੀ ਲੋੜ ਹੋਵੇਗੀ, ਜੋ ਇਸ ਅੰਦੋਲਨ ਨੂੰ ਮੁਕਤੀ ਤੱਕ ਪਹੁੰਚਾ ਸਕਦੇ ਹੋਣ। ਇਹ ਅੰਦੋਲਨ ਦੇਸ਼ ਅੰਦਰ ਰਵਾਇਤੀ ਸਿਆਸਤ ਦੀ ਥਾਂ ਜਮੂਹਰੀ ਸਿਆਸਤ ਲਈ ਨਵਾਂ ਆਧਾਰ ਸਿਰਜ ਸਕਦਾ ਹੈ।

ਇਸ ਆਰ-ਪਾਰ ਦੀ ਲੜਾਈ ਵਿਚ ਕਿਸਾਨ ਆਗੂ ਸਿਰਫ਼ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਨ ਤੱਕ ਸੀਮਤ ਨਾ ਰਹਿਣ ਬਲਕਿ ਕੇਂਦਰ ਸਰਕਾਰ ਅਤੇ ਵਰਤਮਾਨ ਨਿਜ਼ਾਮ ਨੂੰ ਬਿਲਕੁਲ ਰੱਦ ਕਰਨ ਲਈ ਯੁੱਧੀਨੀਤੀ ਵੀ ਘੜ ਸਕਦੇ ਹਨ। ਇਸ ਵੇਲੇ ਕਿਸਾਨ, ਮਜ਼ਦੂਰ, ਦਲਿਤ ਅਤੇ ਛੋਟੇ ਦੁਕਾਨਦਾਰਾਂ ਦਾ ਇਕ ਸਾਂਝਾ ਪਲੇਟਫਾਰਮ ਉਸਰਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਵੱਲੋਂ ਉਸਾਰਿਆ ਸਾਂਝਾ ਪਲੇਟਫ਼ਾਰਮ ਰਾਜਸੀ ਪਾਰਟੀਆਂ ਦੇ ਸਾਲ 2022 ਦੇ ਸੱਤਾਵਾਦੀ ਮਿਸ਼ਨ ਨੂੰ ਬਾਏ-ਬਾਏ ਵੀ ਆਖ ਸਕਦਾ ਹੈ। ਹੁਣ ਵਕਤ ਹੈ ਜਦੋਂ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦੇ ਵਿਸ਼ਾਲ ਏਕੇ ਰਾਹੀਂ ਜਥੇਬੰਦਕ ਹੋਂਦ ਦਰਸਾਈ ਜਾ ਸਕਦੀ ਹੈ। ਕਿਸਾਨੀ ਸੰਘਰਸ਼ ਨੂੰ ਸਮਾਜਿਕ ਤਬਦੀਲੀ ਕਰਨ ਲਈ ਕੁਝ ਅਹਿਦ ਕਰਨੇ ਹੋਣਗੇ ਅਤੇ ਜੀਵਨ ਸ਼ੈਲੀ ਵਿਚ ਵੱਡੀਆਂ ਤਬਦੀਲੀਆਂ ਕਰਨੀਆਂ ਜ਼ਰੂਰੀ ਜਾਪਦੀਆਂ ਹਨ। ਜਿਵੇਂ ਕਿਸਾਨੀ ਨੂੰ, ਕੁਦਰਤੀ ਪੱਖੀ, ਮਨੁੱਖਤਾ ਪੱਖੀ ਅਤੇ ਸਾਂਝੀ ਖੇਤੀ ਬਣਾਉਣ ਲਈ ਪਹਿਲਕਦਮੀ ਕਰਨੀ ਹੋਵੇਗੀ। ਕਿਸਾਨਾਂ ਨੂੰ ਕਾਰਪੋਰੇਟਾਂ ਦੀ ਖ਼ਪਤ ਮੰਡੀ ਤੋਂ ਬਚਾਉਂਦਿਆਂ, ਆਰਥਕ ਲੋੜਾਂ ਦੀ ਪੂਰਤੀ ਉਪਰੰਤ ਸਾਦਗੀ ਭਰਪੂਰ ਜੀਵਨ ਜਾਚ ਨੂੰ ਪਹਿਲ ਦੇਣੀ ਹੋਵੇਗੀ। ਪੱਛਮੀ ਜੀਵਨ ਸ਼ੈਲੀ ਵਿਚੋਂ ਆਏ ਵਿਗਾੜਾਂ ਨੂੰ ਛੱਡਦਿਆਂ, ਪੂਰਬੀ ਰਹਿਤਲ ਦੀ ਅਮੀਰ ਵਿਰਾਸਤ ਨੂੰ ਅੰਗੀਕਾਰ ਕਰਨਾ ਹੋਵੇਗਾ। ਖੇਤਾਂ ਵਿਚ ਵਰਤੀ ਜਾਣ ਵਾਲੀ ਮਸ਼ੀਨਰੀ ਅਤੇ ਕੋਠੀਆਂ, ਕਾਰਾਂ, ਵਿਆਹ, ਮਰਨਿਆਂ ਸਮੇਂ ਸੰਜਮ ਦਾ ਨਵਾਂ ਨਰੋਆ ਢੰਗ ਤਰੀਕਾ ਅਪਣਾਉਣਾ ਪਵੇਗਾ। ਇਸ ਵੇਲੇ ਤਕਨੀਕ ਅਤੇ ਮਸ਼ੀਨ ਦੀ ਭਰਮਾਰ ਰਾਹੀਂ ਕਿਰਤੀ ਵਰਗ ਨੂੰ ਕਿਰਤ ਸਭਿਆਚਾਰ ਤੋਂ ਤੋੜਿਆ ਜਾ ਰਿਹਾ ਹੈ। ਕਿਸਾਨਾਂ ਨੂੰ ਕੰਮ ਸੱਭਿਆਚਾਰ ਨਾਲ ਪੂਰੀ ਤਰ੍ਹਾਂ ਜੁੜਨਾ ਹੋਵੇਗਾ। ਖੇਤੀ ਨਾਲ ਸਬੰਧਤ ਉਦਯੋਗਾਂ ਦੀ ਸ਼ੁਰੂਆਤ ਕਰਨੀ ਹੋਵੇਗੀ। ਮੁੱਖ ਦੁਸ਼ਮਣ ਦੀ ਪਛਾਣ ਕਰਦਿਆਂ ਸੰਘਰਸ਼ਮਈ ਵਰਗਾਂ ਨਾਲ ਭਾਈਚਾਰਾ ਉਸਾਰਨਾ ਹੋਵੇਗਾ। ਇਸ ਵਿਚ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਾਦਾਰਾਂ ਅਤੇ ਆੜ੍ਹਤੀਆਂ ਦੀ ਸ਼ਮੂਲੀਅਤ ਹੋ ਸਕਦੀ ਹੈ। ਰੇਹਾਂ, ਸਪਰੇਆਂ ਦੀ ਘੱਟ ਤੋਂ ਘੱਟ ਵਰਤੋਂ ਤੇ ਧੂੰਏਂ ਦਾ ਕੋਈ ਲੋਕ ਪੱਖੀ ਬਦਲ ਸੋਚਣਾ ਹੋਵੇਗਾ, ਪਾਣੀ ਬਚਾਉਣਾ ਹੋਵੇਗਾ। ਕਿਸਾਨ ਜੱਥੇਬੰਦੀਆਂ ਦੀ ਜ਼ਿੰਮੇਵਾਰੀ ਹੈ ਕਿ ਕਿਸਾਨ ਮੁਕਤੀ ਦਾ ਸਾਂਝਾ ਵਿਧਾਨ ਤੇ ਐਲਾਨਨਾਮਾ ਘੜਿਆ ਜਾਵੇ। ਖੇਤੀ ਵਿਗਿਆਨੀਆਂ ਦੀਆਂ ਸਲਾਹਾਂ ਅਨੁਕੂਲ ਫ਼ਸਲੀ ਚੱਕਰ ‘ਚ ਵਿਭਿੰਨਤਾ ਲਿਆਂਦੀ ਜਾਵੇ। ਕਿਸਾਨੀ ਨੂੰ ਖ਼ੁਦਕੁਸ਼ੀਆਂ ਦੇ ਚੱਕਰ ਵਿਚੋਂ ਕੱਢ ਕੇ, ਆਤਮ ਨਿਰਭਰ ਬਣਾਇਆ ਜਾਵੇ।

ਕਿਸਾਨ ਵਿਰੋਧੀ ਖੇਤੀ ਬਿਲਾਂ, ਕਿਰਤ ਸਬੰਧੀ ਨਵੇਂ ਕੋਡ ਅਤੇ ਬਿਜਲੀ ਬਿਲ 2020 ਬਣਨ ਨਾਲ ਕਿਰਤੀਆਂ, ਬਿਜਲੀ ਮੁਲਾਜ਼ਮਾਂ ਅਤੇ ਕਿਸਾਨਾਂ ਦਾ ਦੇਸ਼ ਵਿਆਪੀ ਸਾਂਝਾ ਮੋਰਚਾ ਉਸਰ ਸਕਦਾ ਹੈ। ਇਸ ਮੋਰਚੇ ਵਿਚ ਔਰਤ ਵਰਗ, ਘੱਟ ਗਿਣਤੀਆਂ, ਨੌਜਵਾਨ, ਲਿਖਾਰੀ ਅਤੇ ਬਿਜਲੀ ਖੇਤਰ ਦੀਆਂ ਟਰੇਡ ਯੂਨੀਅਨਾਂ ਵੀ ਸ਼ਾਮਿਲ ਹੋ ਸਕਦੀਆਂ ਹਨ। ਕਿਉਂ ਜੋ ਬਿਜਲੀ ਐਕਟ 2020 ਲਾਗੂ ਹੋਣ ਨਾਲ ਕਿਸਾਨ, ਦਲਿਤ ਅਤੇ ਹੋਰਨਾਂ ਵਰਗਾਂ ਨੂੰ ਮਿਲਦੀਆਂ ਸਬਸਿਡੀਆਂ ਖ਼ਤਮ ਹੋਣਗੀਆਂ ਅਤੇ ਹਰ ਖੇਤਰ ਲਈ ਬਿਜਲੀ ਹੋਰ ਮਹਿੰਗੀ ਹੋਵੇਗੀ।

ਵਰਤਮਾਨ ਦੌਰ ਵਿਚ ਹੈਰਾਨੀ ਦੀ ਗੱਲ ਇਹ ਹੈ ਕਿ ਕਾਰਪੋਰੇਟ ਵਰਗ ਅਤੇ ਸਿਆਸੀ ਵਰਗ ਇਕਮਿਕ ਹਨ। ਪਰ ਸੱਚੇ-ਸੁੱਚੇ ਸੰਘਰਸ਼ਸ਼ੀਲ ਲੋਕ ਅਜੇ ਵੀ ਪੂਰੀ ਤਰ੍ਹਾਂ ਇਕਜੁੱਟ ਨਹੀਂ ਹਨ। ਉਨ੍ਹਾਂ ਕੋਲ ਕੋਈ ਵੀ ਸਰਬ ਸਾਂਝਾ ਪ੍ਰੋਗਰਾਮ ਕਿਉਂ ਨਹੀਂ ਹੈ? ਇਸ ਲਈ ਕਿਰਤੀ, ਕਿਸਾਨ ਆਗੂਆਂ ਨੂੰ ਹਾਲਾਤ ਅਨੁਸਾਰ ਪੜ੍ਹਾਕੂ ਪੱਖ ਅਤੇ ਲੜਾਕੂ ਪੱਖ ਦੋਵਾਂ ਨੂੰ ਵਿਕਸਤ ਕਰਨਾ ਹੋਵੇਗਾ। ਵਿਵਾਦ ਦੀ ਥਾਂ ਸੰਵਾਦ ਦੀ ਆਪਸੀ, ਕੌਮੀ ਅਤੇ ਕੌਮਾਂਤਰੀ ਪੱਧਰ ਦੀ ਸ਼ੁਰੂਆਤ ਕਰਨੀ ਹੋਵੇਗੀ।

ਹੁਣ ਤੱਕ ਕਿਸਾਨ ਅੰਦੋਲਨ ਪ੍ਰਤੀ ਕੇਂਦਰ ਸਰਕਾਰ ਅਤੇ ਬਹੁਤੀਆਂ ਸਿਆਸੀ ਪਾਰਟੀਆਂ ਦਾ ਵਤੀਰਾ ਸਹੀ ਨਹੀਂ ਰਿਹਾ। ਪ੍ਰਧਾਨ ਮੰਤਰੀ ਦੀ ਜਨੂੰਨੀ ਪਹੁੰਚ ਕਾਰਨ ਉਸ ਦੀ ਮਸਲਿਆ ਪ੍ਰਤੀ ਪਹੁੰਚ ਕੱਟੜ, ਤਾਨਾਸ਼ਾਹ ਅਤੇ ਸਬਕ ਸਿਖਾਉਣ ਵਾਲੀ ਹੈ। ਇਸ ਅੰਦੋਲਨ ਪ੍ਰਤੀ ਰਾਸ਼ਟਰਪਤੀ ਨੇ ਆਪਣੀ ਦਿੱਬ ਦ੍ਰਿਸ਼ਟੀ ਅਤੇ ਨਿਰਪੱਖ ਪਹੁੰਚ ਨਾ ਦਿਖਾ ਕੇ ਰਾਸ਼ਟਰੀ ਧਰਮ ਨਹੀਂ ਨਿਭਾਇਆ। ਪੰਜਾਬ ਦੇ ਗਵਰਨਰ ਨੇ ਕਿਸਾਨੀ ਦੀਆਂ ਮੰਗਾਂ ਅਤੇ ਉਨ੍ਹਾਂ ਅੰਦਰਲੇ ਵਿਦਰੋਹ ਦੀਆਂ ਸੰਭਾਵਨਾਵਾਂ ਨੂੰ ਕੇਂਦਰ ਅੱਗੇ ਸਹੀ ਸਮੇਂ ਤੇ ਠੀਕ ਤਰੀਕੇ ਨਾਲ ਪੇਸ਼ ਨਹੀਂ ਕੀਤਾ। ਪੰਜਾਬ ਦੀ ਕਾਂਗਰਸ ਪਾਰਟੀ ਨੇ ਤਿੰਨ ਸਮਾਨਾਂਤਰ ਬਿਲ ਲਿਆ ਕੇ ਇਕ ਵਾਰ ਪੰਜਾਬ ਦੇ ਲੋਕਾਂ ‘ਚ ਆਪਣੀ ਭੱਲ ਬਣਾ ਲਈ ਹੈ। ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਇਕ-ਦੂਜੇ ਦਾ ਵਿਰੋਧ ਵਧੇਰੇ ਕਰ ਕੇ 2020 ਦੀਆਂ ਚੋਣਾਂ ਲਈ ਆਧਾਰ ਬਣਾ ਰਹੀਆਂ ਹਨ। ਉਨ੍ਹਾਂ ਕੋਲ ਕਿਸਾਨ ਮੁਕਤੀ ਲਈ ਕੋਈ ਦਰਸ਼ਨ (ਪ੍ਰੋਗਰਾਮ) ਨਹੀਂ ਹੈ, ਪਰ ਪ੍ਰਦਰਸ਼ਨ ਜ਼ਰੂਰ ਕਰ ਰਹੀਆਂ ਨੇ। ਆਉਣ ਵਾਲੇ ਸਮੇਂ ਵਿਚ ਸਥਿਤੀ ਅਜਿਹਾ ਮੌੜਾ ਕੱਟ ਸਕਦੀ ਹੈ ਕਿ ਕਿਸਾਨ ਆਗੂਆਂ ਨੂੰ ਸਿਆਸਤ ਵਿਚ ਸਿੱਧਾ ਕੁਦਣਾ ਪੈ ਸਕਦਾ ਹੈ। ਕਿਉਂਜੋ ਭਾਰਤ ਦੇ ਹਾਕਮ ਪ੍ਰਾਪਰਟੀ ਡੀਲਰਾਂ ਵਾਂਗ ਦੋਵੇਂ ਪਾਸਿਓਂ (ਲੋਕਾਂ ਤੋਂ ਵੋਟਾਂ ਰਾਹੀਂ, ਕਾਰਪੋਰੇਟਾਂ ਤੋਂ ਨੋਟਾਂ ਰਾਹੀਂ) ਦਲਾਲੀ ਲੈ ਰਹੇ ਹਨ।

ਸੰਘਰਸ਼ ਦੇ ਮੈਦਾਨਾਂ ਵਿਚ ਇਕ ਆਗੂ ਦਾ ਦਰਜਾ ਮਾਪੇ, ਅਧਿਆਪਕ ਅਤੇ ਗੁਰੂ ਤੋਂ ਵੀ ਵੱਡਾ ਹੁੰਦਾ ਹੈ। ਦੂਰ ਦ੍ਰਿਸ਼ਟੀ ਵਾਲਾ ਆਗੂ ਉਹ ਹੁੰਦਾ ਹੈ ਜੋ ਸਭ ਤੋਂ ਪਿਛਲੇ, ਸਭ ਤੋਂ ਕਮਜ਼ੋਰ ਨੂੰ ਵੀ ਆਪਣੇ ਨਾਲ ਤੌਰ ਸਕਦਾ ਹੋਵੇ। ਘੱਟ ਗਿਣਤੀਆਂ ਨੂੰ ਵੀ ਨਾਲ ਲੈ ਸਕਦਾ ਹੋਵੇ, ਦਲਿਤਾਂ, ਦਮਿਤਾਂ ਅਤੇ ਸਮਾਜ ਦੇ ਹੋਰਨਾਂ ਗ਼ਰੀਬ ਤਬਕਿਆਂ ਨੂੰ ਪ੍ਰੇਰਿਤ ਕਰਕੇ, ਆਪਣੇ ਨਾਲ ਤੋਰ ਸਕਦਾ ਹੋਵੇ। ਕਿਸਾਨ ਆਗੂਆਂ ਨੂੰ ਹੁਣ ਨਿੱਜੀ ਤੌਰ ’ਤੇ ਆਪਣਾ ਖੇਤ ਅਤੇ ਸਮੂਹਿਕ ਤੌਰ ’ਤੇ ਆਪਣਾ ਦੇਸ ਦੋਵੇਂ ਬਚਾਉਣ ਦੀ ਅਤੇ ਚੌਕਸ ਰਹਿਣ ਦੀ ਲੋੜ ਹੈ।

ਕੇਂਦਰ ਸਰਕਾਰ ਕਿਸਾਨਾਂ ਦੀ ਜਾਗਰੂਕਤਾ ਤੋਂ ਅਤੇ ਉਨ੍ਹਾਂ ਦੇ ਜਥੇਬੰਦਕ ਸੰਘਰਸ਼ਾਂ ਤੋਂ ਘਬਰਾਹਟ ਵਿਚ ਹੈ। ਉਹ ਧਰਨੇ ਹਟਾਉਣ ਲਈ ਕਈ ਕਿਸਮ ਦੇ ਹਰਬੇ ਵਰਤ ਰਹੀ ਹੈ। ਕਿਸਾਨ ਅੰਦੋਲਨ ਦਾ ਅਕਸ ਵਿਗਾੜ ਰਹੀ ਹੈ। ਕਿਸਾਨੀ ਨੂੰ ਵਿਆਜ ਵਿਚ ਮੁਆਫ਼ੀ ਦੇਣ ਪੱਖੋਂ ਬਾਹਰ ਰੱਖਿਆ ਗਿਆ ਹੈ। ਪਰਾਲੀ ਸਾੜਨ ਬਦਲੇ ਵੱਡਾ ਜੁਰਮਾਨਾ ਐਲਾਨਿਆ ਹੈ। ਇਸ ਦਾ ਇਕੋ-ਇਕ ਕਾਰਨ ਕਿਸਾਨਾਂ ਨੂੰ ਚੁੱਪ ਕਰਾਉਣਾ ਹੈ, ਅੰਦੋਲਨ ਨੂੰ ਦਬਾਉਣਾ ਹੈ। ਪਰ ਕਿਸਾਨ ਜਥੇਬੰਦੀਆਂ ਨੇ 5 ਨਵੰਬਰ ਨੂੰ 20 ਰਾਜਾਂ ਵਿਚ ਚੱਕਾ ਜਾਮ ਕਰਕੇ ਆਪਣੇ ਵਿਦਰੋਹ ਦਾ ਅਹਿਸਾਸ ਕਰਵਾ ਦਿੱਤਾ ਹੈ ਕਿ ਇਹ ਸੰਘਰਸ਼ ਹੁਣ ਦਬਾਇਆਂ ਦੱਬਣ ਵਾਲਾ ਨਹੀਂ, ਲਮਕਾਇਆਂ ਫੇਲ੍ਹ ਹੋਣ ਵਾਲਾ ਨਹੀਂ। ਹੁਣ ਕਿਸਾਨ ਆਗੂ ਕੌਮੀ ਅਤੇ ਕੌਮਾਂਤਰੀ ਹਾਲਾਤ ਨੂੰ ਸਮਝਣ ਦੇ ਸਮਰੱਥ ਹੋ ਗਏ ਹਨ। ਕੇਂਦਰ ਦੀ ਕੋਸ਼ਿਸ਼ ਹੋਵੇਗੀ ਕਿ ਘੱਟ ਤੋਂ ਘੱਟ ਲੈਣ ਦੇਣ ਕਰਕੇ ਇਸ ਨੂੰ ਕੌਮੀ ਸੰਘਰਸ਼ ਨਾ ਬਣਨ ਦਿੱਤਾ ਜਾਵੇ। ਕਿਸੇ ਤਰ੍ਹਾਂ ਦਾ ਪਾੜ ਪਾ ਕੇ ਅੰਦੋਲਨ ਨੂੰ ਸਾਬੋਤਾਜ ਕੀਤਾ ਜਾਵੇ। ਕਿਸਾਨ ਜਥੇਬੰਦੀਆਂ ਦਾ ਇਹ ਅੰਦੋਲਨ ਭਾਰਤੀ ਲੋਕਾਂ ਦੀ ਮੁਕਤੀ ਦੇ ਸੰਘਰਸ਼ ਵਿਚ ਬਦਲਣ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਹੈ।
*ਅਰਬਨ ਅਸਟੇਟ, ਪਟਿਆਲਾ। ਸੰਪਰਕ: 96461-11669

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

... ਕਾਗਦ ਪਰ ਮਿਟੈ ਨ ਮੰਸੁ।।

... ਕਾਗਦ ਪਰ ਮਿਟੈ ਨ ਮੰਸੁ।।

ਮੁੱਖ ਖ਼ਬਰਾਂ

ਰੇਲ ਹਾਦਸਾ: ਸੀਬੀਆਈ ਜਾਂਚ ਦੀ ਸਿਫ਼ਾਰਿਸ਼

ਰੇਲ ਹਾਦਸਾ: ਸੀਬੀਆਈ ਜਾਂਚ ਦੀ ਸਿਫ਼ਾਰਿਸ਼

ਇਲੈਕਟ੍ਰਾਨਿਕ ਇੰਟਰਲਾਕਿੰਗ ਸਿਸਟਮ ਨਾਲ ਛੇੜਛਾੜ ਦਾ ਖ਼ਦਸ਼ਾ ਪ੍ਰਗਟਾਇਆ

ਪਹਿਲਵਾਨ ਛੇਤੀ ਸੱਦਣਗੇ ਮਹਾਪੰਚਾਇਤ: ਪੂਨੀਆ

ਪਹਿਲਵਾਨ ਛੇਤੀ ਸੱਦਣਗੇ ਮਹਾਪੰਚਾਇਤ: ਪੂਨੀਆ

ਏਕਾ ਬਣਾਈ ਰੱਖਣ ਦੀ ਅਪੀਲ; ਮੁੰਡਲਾਨਾ ਮਹਾਪੰਚਾਇਤ ’ਚ ਸੱਤਿਆਪਾਲ ਮਲਿਕ ਵ...

ਗੋਇੰਦਵਾਲ ਥਰਮਲ ਖ਼ਰੀਦੇਗੀ ਪੰਜਾਬ ਸਰਕਾਰ !

ਗੋਇੰਦਵਾਲ ਥਰਮਲ ਖ਼ਰੀਦੇਗੀ ਪੰਜਾਬ ਸਰਕਾਰ !

ਕੈਬਨਿਟ ਸਬ-ਕਮੇਟੀ ਵੱਲੋਂ ਖ਼ਰੀਦ ਪ੍ਰਕਿਰਿਆ ਬਾਰੇ ਚਰਚਾ ਸ਼ੁਰੂ

ਸ਼ਹਿਰ

View All