DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਰਸੇ ਦੇ ਨੇੜੇ ਤੇ ਦੂਰ ਲਿਜਾਂਦੇ ਰਾਹ

ਅਜੋਕੇ ਕੱਟੜਤਾ ਭਰੇ ਮਾਹੌਲ ਵਿੱਚ ਧਰਮ ਦੇ ਨਾਂ ’ਤੇ ਸਿਆਸਤਦਾਨਾਂ ਵੱਲੋਂ ਵਾਰ ਵਾਰ ਅਤੀਤ ਅਤੇ ਇਤਿਹਾਸ ਵੱਲ ਮੁੜ ਮੁੜ ਕੇ ਦੇਖਣਾ ਤੁਹਾਨੂੰ ਅਕਸਰ ਬਹੁਤ ਪ੍ਰੇਸ਼ਾਨ ਕਰਦਾ ਹੈ, ਪਰ ਕਦੇ ਕਦੇ ਅਤੀਤ ਦੇ ਨਕਸ਼ ਪਛਾਣਨ ਲਈ ਉਸ ਵੱਲ ਪਰਤਣਾ ਤੁਹਾਡੇ...

  • fb
  • twitter
  • whatsapp
  • whatsapp
Advertisement

ਅਜੋਕੇ ਕੱਟੜਤਾ ਭਰੇ ਮਾਹੌਲ ਵਿੱਚ ਧਰਮ ਦੇ ਨਾਂ ’ਤੇ ਸਿਆਸਤਦਾਨਾਂ ਵੱਲੋਂ ਵਾਰ ਵਾਰ ਅਤੀਤ ਅਤੇ ਇਤਿਹਾਸ ਵੱਲ ਮੁੜ ਮੁੜ ਕੇ ਦੇਖਣਾ ਤੁਹਾਨੂੰ ਅਕਸਰ ਬਹੁਤ ਪ੍ਰੇਸ਼ਾਨ ਕਰਦਾ ਹੈ, ਪਰ ਕਦੇ ਕਦੇ ਅਤੀਤ ਦੇ ਨਕਸ਼ ਪਛਾਣਨ ਲਈ ਉਸ ਵੱਲ ਪਰਤਣਾ ਤੁਹਾਡੇ ਮਨ ਨੂੰ ਠੰਢੀ ਹਵਾ ਦੇ ਬੁੱਲੇ ਵਾਂਗ ਸਕੂਨ ਵੀ ਦੇ ਜਾਂਦਾ ਹੈ। ਇਹ ਖ਼ਬਰ ਪੜ੍ਹ ਕੇ ਬਹੁਤ ਚੰਗਾ ਲੱਗਿਆ ਕਿ ਲਾਹੌਰ ਸ਼ਹਿਰ ਵੀ ਹੁਣ ਰਾਮ ਦਾ ਨਾਮ ਲਵੇਗਾ। ਬਿਲਕੁਲ ਠੀਕ ਪੜ੍ਹ ਰਹੇ ਹੋ ਤੁਸੀਂ, ਲਾਹੌਰ ਦੀ ‘ਰਹਿਮਾਨ ਗਲੀ’ ਨੂੰ ਹੁਣ ‘ਰਾਮ ਗਲੀ’ ਹੀ ਸੱਦਿਆ ਜਾਵੇਗਾ। ਇਸ ਖ਼ਬਰ ਦੀ ਖ਼ੁਸ਼ੀ ਹਾਲੇ ਚੰਗੀ ਤਰ੍ਹਾਂ ਮਾਣੀ ਵੀ ਨਹੀਂ ਸੀ ਕਿ ਸਾਡੇ ਆਪਣੇ ਦੇਸ਼ ਦੀ ਰਾਜਧਾਨੀ ’ਚੋਂ ਨਾਂ ਬਦਲਣ ਸਬੰਧੀ ਹੀ ਇੱਕ ਖ਼ਬਰ ਆ ਗਈ, ਜੋ ਦਿਲ ਨੂੰ ਬਹੁਤ ਠੇਸ ਪਹੁੰਚਾਉਣ ਵਾਲੀ ਹੈ। ਸ਼ਨਿੱਚਰਵਾਰ ਦੇਰ ਸ਼ਾਮ ਨੂੰ ਖ਼ਬਰ ਇਹ ਆਈ ਕਿ ਦਿਆਲ ਸਿੰਘ ਕਾਲਜ ਨਵੀਂ ਦਿੱਲੀ ਦੀ ਗਵਰਨਿੰਗ ਬੌਡੀ ਨੇ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਂ ਬਦਲਣ ਦੇ ਵਿਵਾਦਮਈ ਏਜੰਡੇ ਨੂੰ ਪ੍ਰਵਾਨਗੀ ਦਿੰਦਿਆਂ ਦੋ ਬਦਲ ‘ਬੰਦਾ ਸਿੰਘ ਬਹਾਦਰ ਕਾਲਜ’ ਜਾਂ ‘ਮਜੀਠੀਆ ਕਾਲਜ’ ਸੁਝਾਏ ਹਨ। ਸ਼ਾਇਦ ‘ਮਜੀਠੀਆ ਕਾਲਜ’ ਵੀ ਇਸ ਲਈ ਸੁਝਾਇਆ ਗਿਆ ਹੈ ਕਿ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਸ਼ਾਨਾਂਮੱਤੀ ਵਿਰਾਸਤ ਦੇ ਮੱਦੇਨਜ਼ਰ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਂ ਬਦਲਣ ਦਾ ਪਹਿਲਾਂ ਵੀ ਬਹੁਤ ਤਿੱਖਾ ਵਿਰੋਧ ਹੋਇਆ ਹੈ।

Advertisement

ਖ਼ੈਰ, ਜਦੋਂ ਲਾਹੌਰੀਆਂ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਹਕੀਕਤ ਹੈ ਕਿ ਉਨ੍ਹਾਂ ਨੇ ਰਾਮ ਦੇ ਨਾਮ ਨੂੰ ਕਦੇ ਵਿਸਾਰਿਆ ਹੀ ਨਹੀਂ ਸੀ। ਉਨ੍ਹਾਂ ਤਾਂ ਹਮੇਸ਼ਾ ਇਸ ਨੂੰ ਰਾਮ ਗਲੀ ਹੀ ਸੱਦਿਆ, ਪਰ ਸਰਕਾਰੀ ਦਸਤਾਵੇਜ਼ਾਂ ਵਿੱਚ ‘ਰਾਮ’ ਨੂੰ ‘ਰਹਿਮਾਨ’ ਨਾਲ ਬਦਲ ਦਿੱਤਾ ਗਿਆ ਸੀ ਕਿਉਂਕਿ ਰਾਮ ਦਾ ਨਾਮ ਸ਼ਾਇਦ ਸਮੇਂ ਦੇ ਸ਼ਾਸਕਾਂ ਦੀ ਸਿਆਸਤ ਨੂੰ ਵਾਰਾ ਨਹੀਂ ਸੀ ਖਾਂਦਾ। ਸਿਰਫ਼ ਰਾਮ ਗਲੀ ਹੀ ਨਹੀਂ, ਹਿੰਦੂਆਂ, ਸਿੱਖਾਂ ਅਤੇ ਜੈਨੀਆਂ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਥਾਵਾਂ ਦੇ ਨਾਵਾਂ ਨੂੰ ਬਦਲ ਕੇ ਉਨ੍ਹਾਂ ਦੇ ਇਸਲਾਮੀ ਨਾਂ ਰੱਖ ਦਿੱਤੇ ਗਏ ਸਨ।

Advertisement

ਕੁਝ ਸਮੇਂ ਤੋਂ ਏਧਰ ਅਸੀਂ ਵੀ ਨਾਂ ਬਦਲਣ ਦੇ ਉਸੇ ਰਾਹ ਤੁਰੇ ਹੋਏ ਹਾਂ, ਜਿਸ ਤੋਂ ਪਾਕਿਸਤਾਨ ਹੁਣ ਪਿੱਛੇ ਮੁੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਸੰਦਰਭ ’ਚ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਸਰਕਾਰ ਨੇ ਲਾਹੌਰ ਅਤੇ ਇਸ ਦੇ ਨੇੜਲੇ ਇਲਾਕਿਆਂ ਦੀਆਂ ਗਲੀਆਂ, ਸੜਕਾਂ ਅਤੇ ਹੋਰ ਥਾਵਾਂ ਦੇ ਅਸਲ ਇਤਿਹਾਸਕ ਨਾਂ ਬਹਾਲ ਕਰਨ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਅਗਵਾਈ ਹੇਠ 19 ਮਾਰਚ ਨੂੰ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਲਾਹੌਰ ਹੈਰੀਟੇਜ ਏਰੀਆਜ਼ ਰਿਵਾਈਵਲ (ਐੱਲ ਐੱਚ ਏ ਆਰ) ਪ੍ਰੋਜੈਕਟ ’ਤੇ ਚਰਚਾ ਹੋਈ, ਜਿਸ ਵਿੱਚ ਮੌਜੂਦਾ ਨਾਵਾਂ ਨੂੰ ਉਨ੍ਹਾਂ ਦੇ ਮੂਲ ਹਿੰਦੂ ਅਤੇ ਬ੍ਰਿਟਿਸ਼ ਨਾਵਾਂ ’ਚ ਬਦਲਣ ਦਾ ਫ਼ੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਨਵਾਜ਼ ਸ਼ਰੀਫ਼ ਦਾ ਕਹਿਣਾ ਸੀ, ‘‘ਸਾਨੂੰ ਯੂਰੋਪ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਉਹ ਕਦੇ ਵੀ ਪੁਰਾਣੇ ਇਤਿਹਾਸਕ ਨਾਵਾਂ ਨਾਲ ਛੇੜਛਾੜ ਨਹੀਂ ਕਰਦੇ। ਲਾਹੌਰ ਦੇ ਪੁਰਾਣੇ (ਦੇਸ਼ ਵੰਡ ਤੋਂ ਪਹਿਲਾਂ ਦੇ) ਨਾਂ ਸਾਡਾ ਇਤਿਹਾਸ ਹਨ। ਇਸ ਇਤਿਹਾਸ ਨੂੰ ਬਦਲਣ ਦੀ ਨਹੀਂ, ਸੰਭਾਲਣ ਦੀ ਲੋੜ ਹੈ।’’ ਮਰੀਅਮ ਨਵਾਜ਼ ਦਾ ਕਹਿਣਾ ਹੈ ਕਿ ਲਾਹੌਰ ਦਾ ਇਤਿਹਾਸ ਹੀ ਇਸ ਦੀ ਪਛਾਣ ਹੈ, ਜਿਸ ਦੇ ਨਾਮ ਅਤੇ ਇਮਾਰਤਾਂ ਇਸ ਦੀ ਸ਼ਾਹਦੀ ਭਰਦੀਆਂ ਹਨ। ਲਹਿੰਦੇ ਪੰਜਾਬ ਦੀ ਸਰਕਾਰ ਦਾ ਇਹ ਅਰਬਨ ਕੰਜ਼ਰਵੇਸ਼ਨ ਪ੍ਰੋਜੈਕਟ 5,000 ਕਰੋੜ ਰੁਪਏ ਦਾ ਹੈ। ਇਸ ਤਹਿਤ ਮਿੰਟੋ ਪਾਰਕ (ਗ੍ਰੇਟਰ ਇਕਬਾਲ ਪਾਰਕ) ਵਿੱਚ ਤਿੰਨ ਕ੍ਰਿਕਟ ਮੈਦਾਨ ਅਤੇ ਰਵਾਇਤੀ ‘ਅਖਾੜੇ’ ਵੀ ਬਹਾਲ ਕਰਨ ਦੀ ਤਜਵੀਜ਼ ਹੈ।

ਇਸ ਯੋਜਨਾ ਤਹਿਤ ਲਾਹੌਰ ਸ਼ਹਿਰ ਦੇ ਪੁਰਾਣੇ ਨਕਸ਼ਾਂ ਨੂੰ ਪਛਾਣ ਕੇ, ਉਭਾਰ ਕੇ ਸਜਾਇਆ ਸੰਵਾਰਿਆ ਜਾਵੇਗਾ। ਇਸ ਸਮੁੱਚੀ ਕਵਾਇਦ ਦਾ ਮਕਸਦ ਲਾਹੌਰ ਸ਼ਹਿਰ, ਜੋ ਅਣਵੰਡੇ ਹਿੰਦੋਸਤਾਨ ਵਿੱਚ ਸਿੱਖਿਆ, ਕਲਾ ਅਤੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਸੀ, ਨੂੰ ਉਸ ਦੀ ਮੂਲ ਪਛਾਣ ਅਤੇ ਜੜ੍ਹਾਂ ਨਾਲ ਜੋੜਨਾ ਹੈ। ਇਹ ਸ਼ਹਿਰ, ਜੀਹਦੇ ਬਾਰੇ ਕਿਹਾ ਜਾਂਦਾ ਹੈ ‘ਜੀਹਨੇ ਲਾਹੌਰ ਨਹੀਂ ਤੱਕਿਆ ਉਹ ਜੰਮਿਆ ਹੀ ਨਹੀਂ’, ਅੰਮ੍ਰਿਤਸਰ ਤੋਂ ਮਹਿਜ਼ 50 ਕਿਲੋਮੀਟਰ ਦੂਰ ਹੈ।

ਦੇਸ਼ ਵੰਡ ਤੋਂ ਪਹਿਲਾਂ ਇੱਥੇ ਹਿੰਦੂ ਅਤੇ ਸਿੱਖਾਂ ਦੀ ਬਹੁਗਿਣਤੀ ਸੀ, ਜਿਨ੍ਹਾਂ ਨੂੰ ਹਿੰਦੋਸਤਾਨ ਦੇ ਦੋ ਟੋਟਿਆਂ ਵਿੱਚ ਵੰਡੇ ਜਾਣ ਮਗਰੋਂ ਲਾਹੌਰ ਤੋਂ ਹਿਜਰਤ ਕਰਨੀ ਪਈ। ਪਾਕਿਸਤਾਨ ਵਿੱਚ ਜ਼ਿਆ-ਉਲ-ਹੱਕ ਦੀ ਹਕੂਮਤ ਵੇਲੇ ਇਹ ਦੇਸ਼ ਇਸਲਾਮੀਕਰਨ ਅਤੇ ਕੱਟੜਵਾਦ ਵੱਲ ਬਹੁਤ ਤੇਜ਼ੀ ਨਾਲ ਵਧਿਆ ਅਤੇ ਹਿੰਦੂਆਂ ਤੇ ਸਿੱਖਾਂ ਦੀ ਪਛਾਣ ਨਾਲ ਜੁੜੀਆਂ ਥਾਵਾਂ ਨੂੰ ਇਸਲਾਮੀ ਨਾਂ ਦੇ ਦਿੱਤੇ ਗਏ। ਇਸ ਤੋਂ ਇਲਾਵਾ ਅੰਗਰੇਜ਼ਾਂ ਦੀ ਹਕੂਮਤ ਵੇਲੇ ਦੇ ਰੱਖੇ ਗਏ ਬਰਤਾਨਵੀ ਨਾਵਾਂ ਨੂੰ ਵੀ ਬਦਲ ਦਿੱਤਾ ਗਿਆ ਸੀ, ਪਰ ਹੁਣ ਇਸਲਾਮਪੁਰਾ ਨੂੰ ਫਿਰ ਉਸੇ ਪੁਰਾਣੇ ਕ੍ਰਿਸ਼ਨਾ ਨਗਰ ਵਜੋਂ ਅਤੇ ਬਾਬਰੀ ਮਸਜਿਦ ਚੌਕ ਨੂੰ ਜੈਨ ਮੰਦਿਰ ਚੌਕ ਵਜੋਂ ਜਾਣਿਆ ਜਾਵੇਗਾ। ਇਸੇ ਤਰ੍ਹਾਂ ਗਾਜ਼ੀਆਬਾਦ ਨੂੰ ਘੁਮਾਰਪੁਰਾ, ਅੱਲਾਮਾ ਇਕਬਾਲ ਚੌਕ ਨੂੰ ਜੇਲ੍ਹ ਰੋਡ, ਫਾਤਿਮਾ ਜਿਨਾਹ ਰੋਡ ਨੂੰ ਕੁਈਨਜ਼ ਰੋਡ, ਬਾਗ਼-ਏ-ਜਿਨਾਹ ਨੂੰ ਲਾਰੈਂਸ ਰੋਡ ਸੱਦਿਆ ਜਾਵੇਗਾ। ਅਧਿਕਾਰਕ ਤੌਰ ’ਤੇ ਇਨ੍ਹਾਂ ਥਾਵਾਂ ਦੇ ਨਾਂ ਬਦਲ ਕੇ ਪੁਰਾਣੇ ਨਾਵਾਂ ਵਾਲੇ ਬੋਰਡ ਲਾ ਦਿੱਤੇ ਗਏ ਹਨ। ਇਸ ਤਬਦੀਲੀ ਨੂੰ ਤੁਹਾਡਾ ਦਿਲ ਖੁਸ਼ਆਮਦੀਦ ਕਹਿੰਦਾ ਹੈ ਕਿਉਂਕਿ ਇਹ ਸ਼ਹਿਰ ਸਾਡੀ ਸਾਂਝੀ ਵਿਰਾਸਤ ਦਾ ਪ੍ਰਤੀਕ ਹੈ।

ਲਾਹੌਰ ਸ਼ਹਿਰ ਦੇ ਅੱਠ ਦਰਵਾਜ਼ਿਆਂ, ਜਿਨ੍ਹਾਂ ਵਿੱਚ ਦਿੱਲੀ ਦਰਵਾਜ਼ਾ ਵੀ ਸ਼ਾਮਿਲ ਹੈ, ਦੀ ਵੀ ਇਸ ਪ੍ਰੋਜੈਕਟ ਤਹਿਤ ਸਾਂਭ-ਸੰਭਾਲ ਕੀਤੀ ਜਾਵੇਗੀ। ਲਾਹੌਰੀਏ ਤਾਂ ਦਿੱਲੀ ਦਰਵਾਜ਼ੇ ਦੀ ਸਾਂਭ-ਸੰਭਾਲ ਕਰ ਲੈਣਗੇ, ਪਰ ਪਤਾ ਨਹੀਂ ਕਿਉਂ ਦਿੱਲੀ ਵਾਲਿਆਂ ਨੇ ਸਾਂਝੇ ਪੰਜਾਬ ਦੇ ਪੁੱਤਰ ਦਿਆਲ ਸਿੰਘ ਮਜੀਠੀਆ ਦੇ ਨਾਂ ’ਤੇ ਚਲਦੇ ਕਾਲਜ ਦਾ ਨਾਮ ਬਦਲਣ ਦੀ ਜ਼ਿੱਦ ਫੜੀ ਹੋਈ ਹੈ। ਕੀ ਹੁਣ ‘ਦਿਆਲ ਸਿੰਘ ਕਾਲਜ’ ਲਿਖਣ ਦੀ ਬਜਾਏ ਸਿਰਫ਼ ‘ਮਜੀਠੀਆ ਕਾਲਜ’ ਲਿਖ ਕੇ ਕੋਈ ਵੱਡਾ ਮੰਤਵ ਪੂਰਾ ਹੁੰਦਾ ਹੈ? ਜਾਂ ਫਿਰ ਇਹ ਤੈਅ ਕਰ ਲਿਆ ਗਿਆ ਹੈ ਕਿ ਕਾਲਜ ਦਾ ਨਾਂ ਹਰ ਹਾਲ ਬਦਲਣਾ ਹੀ ਹੈ।

ਕਾਲਜ ਦੀ ਗਵਰਨਿੰਗ ਬੌਡੀ ਦੇ ਚੇਅਰਮੈਨ ਡੀ ਐੱਸ ਚੌਹਾਨ ਨੇ ਕਾਲਜ ਦਾ ਨਾਂ ਬਦਲਣ ਵਾਲੇ ਏਜੰਡੇ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਾਲਜ ਅਧਿਆਪਕਾਂ ਦੀ ਨਾਂ ਬਦਲਣ ਬਾਰੇ ਲਿਖਤੀ ਅਸਹਿਮਤੀ ਨੂੰ ਵੀ ਰਿਕਾਰਡ ’ਤੇ ਨਹੀਂ ਲਿਆਂਦਾ ਗਿਆ। ਹੁਣ ਇਹ ਫ਼ੈਸਲਾ ਦਿੱਲੀ ਯੂਨੀਵਰਸਿਟੀ ਦੇ ਉਪ-ਕੁਲਪਤੀ ਯੋਗੇਸ਼ ਸਿੰਘ ਦੇ ਹੱਥ ਹੈ ਕਿ ਉਹ ਦੋਵਾਂ ਬਦਲਾਂ ਵਿੱਚੋਂ ਕੋਈ ਇੱਕ ਚੁਣ ਲਵੇ ਜਾਂ ਫਿਰ ਪੁਰਾਣਾ ਨਾਂ ਹੀ ਰਹਿਣ ਦਿੱਤਾ ਜਾਵੇ।

ਇਹ ਵੀ ਹਕੀਕਤ ਹੈ ਕਿ ਪਾਕਿਸਤਾਨ ਨੂੰ ਇਹ ਗੱਲ ਸਮਝ ਆ ਗਈ ਜਾਪਦੀ ਹੈ ਕਿ ਉਸ ਨੂੰ ਆਪਣੇ ਕੱਟੜਪੰਥੀ ਮੁਲਕ ਵਾਲੇ ਅਕਸ ਨੂੰ ਸੁਧਾਰਨ ਦੀ ਲੋੜ ਹੈ। ਉਹ ਹੁਣ ਆਪਣਾ ਅਕਸ ਇੱਕ ਸਹਿਣਸ਼ੀਲ, ਸਭ ਧਰਮਾਂ ਦਾ ਸਤਿਕਾਰ ਕਰਨ ਵਾਲੇ ਬਹੁ-ਸੱਭਿਆਚਾਰਕ ਮੁਲਕ ਵਜੋਂ ਕਾਇਮ ਕਰਨਾ ਚਾਹੁੰਦਾ ਹੈ। ਉਸ ਨੂੰ ਇਹ ਭਲੀਭਾਂਤ ਪਤਾ ਹੈ ਕਿ ਆਈ ਐੱਮ ਐੱਫ ਕਿਸੇ ਵੀ ਦੇਸ਼ ਦੀ ਵਿੱਤੀ ਮਦਦ ਕਰਨ ਲਈ ਉਸ ਦੇ ਸਮਾਜਿਕ ਤੇ ਸਿਆਸੀ ਮਾਹੌਲ ਨੂੰ ਧਿਆਨ ’ਚ ਰੱਖਦਾ ਹੈ। ਪਾਕਿਸਤਾਨ ਨੂੰ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ ਏ ਟੀ ਐੱਫ) ਦੀ ਵੱਧ ਨਿਗਰਾਨੀ ਵਾਲੀ ਗ੍ਰੇਅ ਸੂਚੀ ’ਚੋਂ ਅਕਤੂਬਰ 2022 ਵਿੱਚ ਹੀ ਬਾਹਰ ਕੱਢਿਆ ਗਿਆ ਹੈ। ਇਸ ਨਿਗਰਾਨੀ ਤੋਂ ਬਚਣ ਲਈ ਇਸ ਨੂੰ ਆਪਣਾ ਅਕਸ ਸੁਧਾਰਨ ਦੀ ਲੋੜ ਹੈ।

ਪਾਕਿਸਤਾਨ ਵੱਲੋਂ ਐੱਲ ਐੱਚ ਏ ਆਰ ਪ੍ਰੋਜੈਕਟ ਤਹਿਤ ਹੋਰ 170 ਇਤਿਹਾਸਕ ਥਾਵਾਂ ਦੀ ਸਾਂਭ-ਸੰਭਾਲ ਕੀਤੀ ਜਾਵੇਗੀ, ਜਿਨ੍ਹਾਂ ਵਿੱਚ 101 ਗੁਰਦੁਆਰੇ ਵੀ ਸ਼ਾਮਿਲ ਹਨ। ਇਸ ਦਾ ਮਕਸਦ ਪਾਕਿਸਤਾਨ ਵਿਚਲੇ ਗੁਰਧਾਮਾਂ ਅਤੇ ਮੰਦਿਰਾਂ ਵੱਲ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਕੇ ਆਪਣੇ ਅਰਥਚਾਰੇ ਨੂੰ ਹੁਲਾਰਾ ਦੇਣਾ ਵੀ ਹੋ ਸਕਦਾ ਹੈ। ਮਕਸਦ ਭਾਵੇਂ ਕੁਝ ਵੀ ਹੋਵੇ, ਪਾਕਿਸਤਾਨ ਧਰਮ ਦੀ ਵਲਗਣ ’ਚੋਂ ਨਿਕਲ ਕੇ ਸਾਂਝੇ ਵਿਰਸੇ ਦਾ ਸਤਿਕਾਰ ਕਰਨ ਦੇ ਰਾਹ ਪੈਣ ਦਾ ਜੇਰਾ ਦਿਖਾ ਰਿਹਾ ਹੈ। ਜਾਪਦੈ ਕਿ ਇਹ ਹਕੀਕਤ ਉੱਥੋਂ ਦੇ ਹਾਕਮਾਂ ਨੂੰ ਸਮਝ ਲੱਗ ਚੁੱਕੀ ਹੈ ਕਿ ਜਿਹੜਾ ਮੁਲਕ ਸਾਰੇ ਧਰਮਾਂ ਤੇ ਘੱਟਗਿਣਤੀਆਂ ਦਾ ਸਤਿਕਾਰ ਕਰਦਾ ਹੈ, ਉਹ ਹੀ ਦੁਨੀਆ ਵਿੱਚ ਸਤਿਕਾਰ ਦਾ ਪਾਤਰ ਬਣਦਾ ਹੈ। ਇਸੇ ਲਈ ਉਹ ਆਪਣੇ ਸਾਂਝੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨ ਦੇ ਰਾਹ ਪੈ ਤੁਰਿਆ ਹੈ ਤੇ ਏਧਰ ਅਸੀਂ ਆਪਣੇ ਸ਼ਾਨਾਂਮੱਤੇ ਵਿਰਸੇ ਦੇ ਨਾਇਕ ਦੇ ਨਾਂ ਨੂੰ ਵਿਵਾਦਾਂ ’ਚ ਘਸੀਟ ਕੇ ਆਪਣੀਆਂ ਜੜ੍ਹਾਂ ਨਾਲੋਂ ਟੁੱਟਣ ਦੇ ਰਾਹ ਪੈ ਤੁਰੇ ਹਾਂ।

Advertisement
×