DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦੋ ਵੱਡੇ ਵਿਦਵਾਨਾਂ ਦਾ ਵਿਛੋੜਾ

ਆਂਦਰੇ ਬੇਤੇ ਧਾਰਮਿਕ ਜਾਂ ਅਧਿਆਤਮਕ ਤਾਲੀਮ ਦੀ ਤਲਾਸ਼ ਕਰਨ ਵਾਲਿਆਂ ਨੂੰ ਇੱਕ ਗੁਰੂ ਦੀ ਲੋੜ ਹੋ ਸਕਦੀ ਹੈ, ਜਿਹੜਾ ਉਨ੍ਹਾਂ ਨੂੰ ਉਸ ਰਾਹ ’ਤੇ ਤੋਰਦਾ ਹੈ ਅਤੇ ਇੱਥੋਂ ਤੱਕ ਕਿ ਉਸ ਰਾਹ ’ਤੇ ਚੱਲਣ ਦਾ ਆਦੇਸ਼ ਵੀ ਦਿੰਦਾ ਹੈ, ਜਿਸ...

  • fb
  • twitter
  • whatsapp
  • whatsapp
featured-img featured-img
ਮਾਧਵ ਗਾਡਗਿਲ
Advertisement
ਆਂਦਰੇ ਬੇਤੇ
ਆਂਦਰੇ ਬੇਤੇ

ਧਾਰਮਿਕ ਜਾਂ ਅਧਿਆਤਮਕ ਤਾਲੀਮ ਦੀ ਤਲਾਸ਼ ਕਰਨ ਵਾਲਿਆਂ ਨੂੰ ਇੱਕ ਗੁਰੂ ਦੀ ਲੋੜ ਹੋ ਸਕਦੀ ਹੈ, ਜਿਹੜਾ ਉਨ੍ਹਾਂ ਨੂੰ ਉਸ ਰਾਹ ’ਤੇ ਤੋਰਦਾ ਹੈ ਅਤੇ ਇੱਥੋਂ ਤੱਕ ਕਿ ਉਸ ਰਾਹ ’ਤੇ ਚੱਲਣ ਦਾ ਆਦੇਸ਼ ਵੀ ਦਿੰਦਾ ਹੈ, ਜਿਸ ਨੂੰ ਉਹ ਸਹੀ ਮੰਨਦਾ ਹੈ। ਸ਼ਿਸ਼ ਨੂੰ ਬਿਨਾਂ ਕਿਸੇ ਸੰਦੇਹ ਤੋਂ ਅੱਖਾਂ ਬੰਦ ਕਰ ਕੇ ਗੁਰੂ ਮਗਰ ਚੱਲਣ ਲਈ ਕਿਹਾ ਜਾਂਦਾ ਹੈ। ਹਾਲਾਂਕਿ, ਜੋ ਵਿਦਵਾਨ ਜਾਂ ਗਿਆਨੀ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਗੁਰੂ ਦੀ ਭਾਲ ਦੀ ਸਲਾਹ ਦੇਣਾ ਗ਼ਲਤ ਹੋਵੇਗਾ। ਆਲੋਚਨਾਤਮਕ ਨਿਰੀਖਣ ਤੇ ਮੌਲਿਕ ਖੋਜ ਲਈ ਵਿਅਕਤੀ ਕੋਲ ਕੁਝ ਹੱਦ ਤੱਕ ਖੁੱਲ੍ਹਾ ਮਨ ਹੋਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਬੌਧਿਕ ਦਿਲਚਸਪੀ ਅਨੁਸਾਰ ਕਿਸੇ ਵੀ ਸਿਧਾਂਤ ਅਤੇ ਤੌਰ-ਤਰੀਕੇ ਨੂੰ ਅਪਣਾ ਜਾਂ ਤਿਆਗ ਸਕੇ, ਨਾ ਕਿ ਕਿਸੇ ਹੋਰ ਦੇ ਕਹਿਣ ’ਤੇ ਅਜਿਹਾ ਕਰੇ, ਫੇਰ ਭਾਵੇਂ ਕਹਿਣ ਵਾਲਾ ਕਿੰਨਾ ਵੀ ਸ਼ਕਤੀਸ਼ਾਲੀ ਜਾਂ ਪ੍ਰਸਿੱਧ ਹੀ ਕਿਉਂ ਨਾ ਹੋਵੇ।

​ਤ੍ਰਾਸਦੀ ਇਹ ਹੈ ਕਿ ਅਧਿਆਤਮਕ ਤੇ ਵਿਦਵਤਾਪੂਰਨ ਖੋਜ ਵਿਚਲੇ ਇਸ ਮਹੱਤਵਪੂਰਨ ਫ਼ਰਕ ਨੂੰ ਭਾਰਤ ਵਿੱਚ ਕਾਫ਼ੀ ਹੱਦ ਤੱਕ ਅੱਖੋਂ-ਪਰੋਖੇ ਕਰ ਦਿੱਤਾ ਗਿਆ ਹੈ। ਸਾਡੇ ਦੇਸ਼ ਦਾ ਅਕਾਦਮਿਕ ਸੱਭਿਆਚਾਰ ਨਿਰਾਸ਼ਾਜਨਕ ਰੂਪ ਵਿੱਚ ਜਗੀਰੂ ਹੈ, ਜਿੱਥੇ ਉਮਰ ’ਚ ਵੱਡੇ ਅਤੇ ਉੱਚੇ ਰੁਤਬੇ ਵਾਲੇ ਲੋਕ ਲਗਭਗ ਗੁਰੂਆਂ ਵਾਂਗ ਵਿਹਾਰ ਕਰਨਾ ਆਪਣਾ ਫ਼ਰਜ਼ ਸਮਝਦੇ ਹਨ ਅਤੇ ਬਦਲੇ ਵਿੱਚ ਆਗਿਆ-ਪਾਲਣ ਤੇ ਸਤਿਕਾਰ ਮੰਗਦੇ ਹਨ। ਇਹ ਬੌਧਿਕ ਸਾਮੰਤਵਾਦ ਸਾਇੰਸ ਅਤੇ ਹਿਊਮੈਨਿਟੀਜ਼ ਦੋਵਾਂ ਵਿੱਚ ਮੌਜੂਦ ਹੈ ਅਤੇ ਅਗਾਂਹ ਹਿਊਮੈਨਿਟੀਜ਼ ਦੇ ਅੰਦਰ ਵੀ ਹਰ ਤਰ੍ਹਾਂ ਦੀ ਵਿਚਾਰਧਾਰਾ ਵਿੱਚ ਮਿਲਦਾ ਹੈ। ਮਾਰਕਸਵਾਦ ਸਿਧਾਂਤਕ ਤੌਰ ’ਤੇ ਸਮਾਜਿਕ ਵਰਗੀਕਰਨ ਦੇ ਵਿਰੁੱਧ ਹੈ, ਪਰ ਵਿਹਾਰਕ ਤੌਰ ’ਤੇ ਕੋਲਕਾਤਾ ਦੇ ਮਾਰਕਸਵਾਦੀ ਪ੍ਰੋਫੈਸਰ ਆਪਣੇ ਜੂਨੀਅਰ ਸਾਥੀਆਂ ਪ੍ਰਤੀ ਓਨੇ ਹੀ ਸ਼੍ਰੇਣੀਬੱਧ ਰਹੇ ਹਨ, ਜਿੰਨੇ ਵਾਰਾਣਸੀ ਦੇ ਰੂੜੀਵਾਦੀ ਹਿੰਦੂ ਵਿਚਾਰਧਾਰਾ ਵਾਲੇ ਪ੍ਰੋਫੈਸਰ।

Advertisement

ਨੌਜਵਾਨ ਖੋਜਾਰਥੀਆਂ ਨੂੰ ਕਿਸੇ ਇੱਕ ਗੁਰੂ ਦੀ ਭਾਲ ਵਿੱਚ ਨਹੀਂ ਰਹਿਣਾ ਚਾਹੀਦਾ, ਹਾਲਾਂਕਿ ਸ਼ੁਰੂਆਤ ’ਚ ਉਹ ਆਪਣੇ ਨਾਲੋਂ ਵੱਡੇ ਗਿਆਨੀਆਂ ਨਾਲ ਗੱਲਬਾਤ ਕਰ ਕੇ ਲਾਭ ਉਠਾ ਸਕਦੇ ਹਨ। ਇਹ ਵਧੇਰੇ ਤਜਰਬੇਕਾਰ ਸ਼ਖ਼ਸ ਸ਼ੁਰੂਆਤ ਕਰ ਰਹੇ ਖੋਜਕਰਤਾ ਨੂੰ ਸੰਕੇਤ, ਦਿਸ਼ਾ ਅਤੇ ਸਭ ਤੋਂ ਅਹਿਮ ਆਲੋਚਨਾਤਮਕ ਸੁਝਾਅ ਦੇ ਸਕਦੇ ਹਨ। ਉਹ ਮਾਰਗਦਰਸ਼ਕ, ਸਲਾਹਕਾਰ, ਇੱਥੋਂ ਤੱਕ ਕਿ (ਅਸਥਾਈ ਤੌਰ ’ਤੇ) ਉਪਦੇਸ਼ਕ ਹੋ ਸਕਦੇ ਹਨ, ਪਰ ਗੁਰੂ ਕਦੇ ਨਹੀਂ। ਆਪਣੇ ਤੋਂ ਵੱਡਿਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਿਆਂ ਅੰਤ ਵਿੱਚ ਫ਼ੈਸਲਾ ਵਿਅਕਤੀਗਤ ਤੌਰ ’ਤੇ ਖੋਜਾਰਥੀ ਨੇ ਹੀ ਕਰਨਾ ਹੈ ਕਿ ਉਸ ਨੇ ਕਿਸ ਖ਼ਾਸ ਖੋਜ ਕਠਿਨਾਈ ਨਾਲ ਨਜਿੱਠਣਾ ਹੈ ਅਤੇ ਕਿਹੜੇ ਖ਼ਾਸ ਤਰੀਕੇ ਵਰਤਣੇ ਹਨ।

Advertisement

ਮੇਰੇ ਮਨ ’ਚ ​ਬੌਧਿਕ ਸਾਧਨਾ ਬਾਰੇ ਇਹ ਵਿਚਾਰ ਉਨ੍ਹਾਂ ਦੋ ਵੱਡੇ ਵਿਦਵਾਨਾਂ ਦੀ ਉਪਰੋ-ਥੱਲੀ ਹੋਈ ਮੌਤ ਕਾਰਨ ਪੈਦਾ ਹੋਏ ਹਨ, ਜਿਨ੍ਹਾਂ ਨੇ ਮੈਨੂੰ ਮੇਰੇ ਜਵਾਨੀ ਦੇ ਦਿਨਾਂ ’ਚ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਸੀ। ਇਹ ਸਨ ਵਾਤਾਵਰਨ ਵਿਗਿਆਨੀ ਮਾਧਵ ਗਾਡਗਿਲ, ਜਿਨ੍ਹਾਂ ਦਾ 7 ਜਨਵਰੀ ਨੂੰ ਪੁਣੇ ਵਿੱਚ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਅਤੇ ਸਮਾਜ ਵਿਗਿਆਨੀ ਆਂਦਰੇ ਬੇਤੇ, ਜਿਨ੍ਹਾਂ ਦੀ 3 ਫਰਵਰੀ ਨੂੰ ਦਿੱਲੀ ਵਿੱਚ 91 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਮੈਂ ਗਾਡਗਿਲ ਨੂੰ ਪਹਿਲੀ ਵਾਰ 1982 ਵਿੱਚ ਮਿਲਿਆ ਸੀ, ਜਦੋਂ ਮੈਂ 24 ਸਾਲਾਂ ਦਾ ਸੀ ਅਤੇ ਉਹ ਚਾਲੀ ਸਾਲ ਦੇ ਸਨ। ਬੇਤੇ ਨੂੰ ਮੈਂ ਪਹਿਲੀ ਵਾਰ 1988 ਵਿੱਚ ਮਿਲਿਆ ਸੀ, ਜਦੋਂ ਮੈਂ ਹਾਲੇ ਤੀਹ ਸਾਲਾਂ ਦਾ ਹੋਇਆ ਹੀ ਸੀ ਅਤੇ ਉਨ੍ਹਾਂ ਦੀ ਉਮਰ ਪਚਵੰਜਾ ਸਾਲ ਦੇ ਆਸ-ਪਾਸ ਸੀ। ਸਾਡੀ ਉਮਰ ਦੇ ਫ਼ਰਕ ਦੇ ਬਾਵਜੂਦ (ਇੱਕ ਮਾਮਲੇ ਵਿੱਚ ਵੱਡਾ ਅਤੇ ਦੂਜੇ ਵਿੱਚ ਬਹੁਤ ਜ਼ਿਆਦਾ) ਦੋਵਾਂ ਨਾਲ ਮੇਰੀ ਤੁਰੰਤ ਦੋਸਤੀ ਹੋ ਗਈ, ਜੋ ਉਨ੍ਹਾਂ ਦੇ ਦੇਹਾਂਤ ਤੱਕ ਕਾਇਮ ਰਹੀ। ਹਾਲਾਂਕਿ ਅਸੀਂ ਕਦੇ-ਕਦਾਈਂ ਆਪਣੇ ਪਰਿਵਾਰਾਂ ਬਾਰੇ ਗੱਲ ਕਰਦੇ ਸੀ, ਪਰ ਜ਼ਿਆਦਾਤਰ ਪ੍ਰੋਫੈਸਰ ਗਾਡਗਿਲ ਤੇ ਬੇਤੇ ਨਾਲ ਮੇਰੀਆਂ ਗੱਲਾਂ ਸਮਾਜ, ਸਿਆਸਤ, ਸੱਭਿਆਚਾਰ, ਇਤਿਹਾਸ, ਵਾਤਾਵਰਨ, ਭਾਰਤ ਅਤੇ ਦੁਨੀਆ ਬਾਰੇ ਹੁੰਦੀਆਂ ਸਨ।

​ਪਹਿਲੀ ਨਜ਼ਰੇ ਦੇਖਿਆਂ ਬਹੁਤ ਸਾਰੇ ਪੱਖਾਂ ਤੋਂ ਮਾਧਵ ਗਾਡਗਿਲ ਅਤੇ ਆਂਦਰੇ ਬੇਤੇ ਨੂੰ ਵੱਖੋ-ਵੱਖਰੇ ਜਾਪਦੇ ਹਨ। ਗਾਡਗਿਲ ਇੱਕ ਵਿਗਿਆਨੀ ਸਨ ਜਦੋਂਕਿ ਬੇਤੇ ਨਹੀਂ ਸਨ। ਗਾਡਗਿਲ ਦਾ ਪਾਲਣ-ਪੋਸ਼ਣ ਪੁਣੇ ਵਿੱਚ ਹੋਇਆ ਅਤੇ ਉਹ ਅੰਗਰੇਜ਼ੀ ਸਿੱਖਣ ਤੋਂ ਬਹੁਤ ਪਹਿਲਾਂ ਮਰਾਠੀ ਬੋਲਦੇ ਸਨ। ਜਦੋਂਕਿ ਬੇਤੇ ਦੇ ਪਿਤਾ ਫਰਾਂਸੀਸੀ ਸਨ, ਪਰ ਉਨ੍ਹਾਂ ਦੀ ਪਛਾਣ ਆਪਣੀ ਮਾਂ ਦੇ ਪਰਿਵਾਰ ਨਾਲ ਵਧੇਰੇ ਸੀ, ਜੋ ਬੰਗਾਲੀ ਸੀ। ਉਹ ਚੰਦਨਨਗਰ ਵਿੱਚ ਪਲ਼ੇ ਅਤੇ ਮੁੱਖ ਤੌਰ ’ਤੇ ਕਲਕੱਤਾ (ਹੁਣ ਕੋਲਕਾਤਾ) ਵਿੱਚ ਪੜ੍ਹਦਿਆਂ ਸਕੂਲ ਤੇ ਕਾਲਜ ਵਿੱਚ ਅੰਗਰੇਜ਼ੀ ਅਤੇ ਗਲੀਆਂ ਵਿੱਚ ਆਪਣੇ ਦੋਸਤਾਂ ਨਾਲ ਬੰਗਾਲੀ ਬੋਲਦੇ ਸਨ। ਬੇਤੇ ਨੇ ਆਪਣੀ ਡਾਕਟਰੇਟ ਦੀ ਡਿਗਰੀ ਭਾਰਤ ਵਿੱਚ ਪ੍ਰਾਪਤ ਕੀਤੀ ਜਦੋਂਕਿ ਗਾਡਗਿਲ ਨੇ ਅਮਰੀਕਾ ਵਿੱਚ। ਗਾਡਗਿਲ ਨੇ ਆਪਣੇ ਪੇਸ਼ੇਵਰ ਜੀਵਨ ਦਾ ਵੱਡਾ ਹਿੱਸਾ ਬੰਗਲੂਰੂ ਵਿੱਚ ਬਿਤਾਇਆ ਜਦੋਂਕਿ ਬੇਤੇ ਨੇ ਦਿੱਲੀ ਵਿੱਚ। ਗਾਡਗਿਲ ਅਤੇ ਬੇਤੇ ਕਦੇ ਇੱਕ-ਦੂਜੇ ਨੂੰ ਨਹੀਂ ਮਿਲੇ। ਉਹ ਇੱਕ-ਦੂਜੇ ਨੂੰ ਮੁੱਖ ਤੌਰ ’ਤੇ ਆਪਣੇ ਸਾਂਝੇ ਦੋਸਤ (ਲੇਖਕ ਰਾਮਚੰਦਰ ਗੁਹਾ) ਰਾਹੀਂ ਹੀ ਜਾਣਦੇ ਸਨ।

ਉਨ੍ਹਾਂ ਦੇ ਪੇਸ਼ੇਵਰ ਜੀਵਨ ਨੂੰ ਪੂਰਨ ਤੌਰ ’ਤੇ ਦੇਖਿਆ ਜਾਵੇ ਤਾਂ ਮੈਨੂੰ ਉਨ੍ਹਾਂ ਵਿੱਚ ਹੈਰਾਨੀਜਨਕ ਸਮਾਨਤਾਵਾਂ ਨਜ਼ਰ ਆਉਂਦੀਆਂ ਹਨ। ਮੈਨੂੰ ਦੋਵਾਂ ਵਿੱਚ ਅਜਿਹੀਆਂ ਦਸ ਵਿਸ਼ੇਸ਼ਤਾਵਾਂ ਦਿਸਦੀਆਂ ਹਨ, ਜੋ ਬੌਧਿਕ ਰੁਝਾਨ ਅਤੇ ਵਿਦਵਤਾ ਭਰਪੂਰ ਅਭਿਆਸ ਪੱਖੋਂ ਮਾਧਵ ਗਾਡਗਿਲ ਅਤੇ ਆਂਦਰੇ ਬੇਤੇ ਨੂੰ ਇੱਕ-ਦੂਜੇ ਦੇ ਨੇੜੇ ਲਿਆਉਂਦੀਆਂ ਸਨ। ਪਹਿਲਾ, ਦੋਵੇਂ ਵਿਦਵਾਨ ਸਹੀ ਮਾਅਨਿਆਂ ’ਚ ਆਪਣੀ ਅਕਾਦਮਿਕ ਪਹੁੰਚ ’ਚ ਕਈ ਵੱਖ-ਵੱਖ ਵਿਸ਼ਿਆਂ ਨੂੰ ਥਾਂ ਦਿੰਦੇ ਸਨ। ਬੇਤੇ ਸਮਾਜ ਸ਼ਾਸਤਰੀ ਸਨ, ਜਿਨ੍ਹਾਂ ਨੇ ਇਤਿਹਾਸਕਾਰਾਂ, ਅਰਥ ਸ਼ਾਸਤਰੀਆਂ ਤੇ ਕਾਨੂੰਨੀ ਵਿਦਵਾਨਾਂ ਨਾਲ ਤਾਲਮੇਲ ਬਣਾਇਆ; ਗਾਡਗਿਲ ਵਾਤਾਵਰਨ ਵਿਗਿਆਨੀ ਸਨ, ਜਿਨ੍ਹਾਂ ਮਾਨਵ-ਵਿਗਿਆਨੀਆਂ ਅਤੇ ਇਤਿਹਾਸਕਾਰਾਂ ਨਾਲ ਮਿਲ ਕੇ ਖੋਜ ਕਰਨ ਲਈ ਵਿਗਿਆਨ ਤੇ ਹਿਊਮੈਨਿਟੀਜ਼ ਦੇ ਪਾੜੇ ਤੋਂ ਪਾਰ ਜਾ ਕੇ ਵੱਖ-ਵੱਖ ਮਾਹਿਰਾਂ ਨਾਲ ਤਾਲਮੇਲ ਕੀਤਾ।

​ਦੂਜਾ, ਦੋਵਾਂ ਨੇ ਆਪਣੇ ਕੰਮ ਵਿੱਚ ਸਿਧਾਂਤ ਤੇ ਤਜਰਬਾ ਆਧਾਰਿਤ ਖੋਜ ਦਾ ਸੁਮੇਲ ਕੀਤਾ। ਦਿਲਚਸਪ ਗੱਲ ਇਹ ਹੈ ਕਿ ਬੇਤੇ ਨੇ ਮਾਨਵ ਵਿਗਿਆਨ ਦੇ ਖੇਤਰ ’ਚ ਸਿਖਲਾਈ ਲਈ ਸੀ ਪਰ ਬਾਅਦ ਵਿੱਚ ਉਹ ਤੁਲਨਾਤਮਕ ਸਮਾਜ ਸ਼ਾਸਤਰ ਵੱਲ ਮੁੜ ਗਏ ਜਦੋਂਕਿ ਗਾਡਗਿਲ ਨੇ ਕੁਦਰਤ ਨਾਲ ਮਨੁੱਖ ਦੇ ਸਿੱਧੇ ਸੰਵਾਦ ਦੀਆਂ ਕਿਸਮਾਂ ਬਾਰੇ ਅਨੁਭਵ ਕਰਨ ਤੋਂ ਪਹਿਲਾਂ ਵਾਤਾਵਰਨ ਬਾਰੇ ਵਧੇਰੇ ਸਿਧਾਂਤਕ ਪੱਖਾਂ ਤੋਂ ਸ਼ੁਰੂਆਤ ਕੀਤੀ ਸੀ।

​ਤੀਜਾ, ਦੋਵਾਂ ਦੀ ਅਧਿਆਪਨ ਅਤੇ ਸੰਸਥਾਵਾਂ ਦੀ ਮਜ਼ਬੂਤੀ ਪ੍ਰਤੀ ਡੂੰਘੀ ਵਚਨਬੱਧਤਾ ਸੀ। ਦੋਵਾਂ ਨੇ ਆਪੋ ਆਪਣੀ ਸੰਸਥਾ ਵਿੱਚ ਤੀਹ ਸਾਲਾਂ ਤੋਂ ਵੱਧ ਸਮਾਂ ਬਿਤਾਇਆ; ਬੇਤੇ ਦਿੱਲੀ ਯੂਨੀਵਰਸਿਟੀ (ਖ਼ਾਸਕਰ ਇਸ ਦੇ ਸਮਾਜ ਸ਼ਾਸਤਰ ਵਿਭਾਗ) ਨਾਲ ਨੇੜਿਉਂ ਜੁੜੇ ਰਹੇ ਜਦੋਂਕਿ ਗਾਡਗਿਲ ਇੰਡੀਅਨ ਇੰਸਟੀਚਿਊਟ ਔਫ ਸਾਇੰਸ (ਖ਼ਾਸਕਰ ਇਸ ਦੇ ਸੈਂਟਰ ਫਾਰ ਇਕੋਲੋਜੀਕਲ ਸਾਇੰਸਿਜ਼) ਨਾਲ ਡੂੰਘਾ ਲਗਾਅ ਰੱਖਦੇ ਸਨ।

​ਚੌਥਾ, ਦੋਵੇਂ ਹੀ ਅਕਾਦਮਿਕ ਜਗਤ ਤੋਂ ਬਾਹਰ ਆਮ ਲੋਕਾਂ ਨਾਲ ਸਰਗਰਮੀ ਨਾਲ ਜੁੜੇ ਰਹੇ। ਦੋਵਾਂ ਨੇ ਅਜਿਹੀਆਂ ਅਕਾਦਮਿਕ ਕਿਤਾਬਾਂ ਅਤੇ ਖੋਜ ਪੱਤਰ ਪ੍ਰਕਾਸ਼ਤ ਕੀਤੇ, ਜਿਨ੍ਹਾਂ ਨੇ ਬੌਧਿਕ ਮਿਸਾਲਾਂ ਕਾਇਮ ਕੀਤੀਆਂ। ਦੋਵੇਂ ਅਕਸਰ ਅਖ਼ਬਾਰਾਂ ਲਈ ਲਿਖਦੇ ਰਹੇ ਤਾਂ ਜੋ ਆਪਣੀਆਂ ਵਿਦਵਤਾ ਭਰਪੂਰ ਲਿਖਤਾਂ ਆਪਣੇ ਹਮਵਤਨਾਂ ਤੱਕ ਪਹੁੰਚਾ ਸਕਣ। ਖ਼ਾਸ ਗੱਲ ਇਹ ਹੈ ਕਿ ਦੋਵਾਂ ਵਿੱਚੋਂ ਕਿਸੇ ਨੇ ਵੀ ਆਪਣੇ ਆਪ ਨੂੰ ਇੱਕ ਕਾਰਕੁਨ ਜਾਂ ‘ਬੌਧਿਕ ਕਾਰਕੁਨ’ ਨਹੀਂ ਸਮਝਿਆ। ਉਨ੍ਹਾਂ ਨੇ ਆਪਣੇ ਜਨਤਕ ਦਖ਼ਲ ਨੂੰ ਸਿਰਫ਼ ਉਨ੍ਹਾਂ ਖੇਤਰਾਂ ਤੱਕ ਸੀਮਤ ਰੱਖਿਆ, ਜਿਨ੍ਹਾਂ ਵਿੱਚ ਉਨ੍ਹਾਂ ਨੇ ਆਪ ਖੋਜ ਕੀਤੀ ਸੀ।

ਪੰਜਵਾਂ, ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਹੀ ਆਪਣੇ ਜੱਦੀ ਸੂਬਿਆਂ ਤੋਂ ਬਾਹਰ ਜਾਣ ਕਰ ਕੇ ਦੋਵਾਂ ਦਾ ਬੌਧਿਕ ਦਾਇਰਾ ਕਾਫ਼ੀ ਮੋਕਲਾ ਹੋ ਗਿਆ। ਬੇਤੇ ਨੇ ਕਲਕੱਤਾ ਦੀ ਬਜਾਏ ਦਿੱਲੀ ਵਿੱਚ ਅਤੇ ਗਾਡਗਿਲ ਨੇ ਪੂਣੇ ਦੀ ਬਜਾਏ ਬੰਗਲੂਰੂ ਵਿੱਚ ਕੰਮ ਕੀਤਾ, ਜਿਸ ਕਾਰਨ ਉਨ੍ਹਾਂ ਦੀ ਸੋਚ ਦਾ ਦਾਇਰਾ ਉਨ੍ਹਾਂ ਭਾਰਤੀ ਬੁੱਧੀਜੀਵੀਆਂ ਨਾਲੋਂ ਕਿਤੇ ਜ਼ਿਆਦਾ ਵੱਡਾ ਸੀ, ਜੋ ਆਪਣੀ ਸਾਰੀ ਉਮਰ ਆਪਣੇ ਪਿੱਤਰੀ ਸੂਬੇ ਵਿੱਚ ਹੀ ਬਿਤਾ ਦਿੰਦੇ ਹਨ। ਬੇਤੇ ਦਾ ਸਭ ਤੋਂ ਗੰਭੀਰ ਖੋਜ ਕਾਰਜ ਤਾਮਿਲਨਾਡੂ ਵਿੱਚ ਸੀ ਅਤੇ ਗਾਡਗਿਲ ਦਾ ਕਰਨਾਟਕ ਤੇ ਕੇਰਲ ਵਿੱਚ- ਭਾਵ ਆਪਣੇ ਸੂਬਿਆਂ ਤੋਂ ਬਾਹਰ। ਇਸ ਦੇ ਬਾਵਜੂਦ ਦੋਵਾਂ ’ਚੋਂ ਕਿਸੇ ਨੇ ਵੀ ਆਪਣੀ ਜਨਮ ਭੂਮੀ ਨਾਲੋਂ ਨਾਤਾ ਨਹੀਂ ਤੋੜਿਆ। ਗਾਡਗਿਲ ਮਰਾਠੀ ਪ੍ਰੈੱਸ ਲਈ ਲਿਖਦੇ ਰਹੇ ਅਤੇ ਆਖ਼ਰੀ ਵਰ੍ਹੇ ਆਪਣੇ ਜੱਦੀ ਸ਼ਹਿਰ ਵਿੱਚ ਬਿਤਾਏ ਜਦੋਂਕਿ ਬੇਤੇ ਨੇ ਆਪਣੇ ਅਧਿਆਪਕ ਨਿਰਮਲ ਕੁਮਾਰ ਬੋਸ ਦੀ ਇੱਕ ਵਿਸ਼ੇਸ਼ ਬੰਗਾਲੀ ਲਿਖਤ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਅਤੇ ਅਖ਼ਬਾਰ ਲਈ ਕਈ ਲੇਖ ਵੀ ਲਿਖੇ।

​ਛੇਵਾਂ, ਦੋਵੇਂ ਹੀ ਭਾਰਤ ਤੋਂ ਬਾਹਰ ਦੀ ਦੁਨੀਆ ਬਾਰੇ ਜਾਣਨ ਲਈ ਉਤਸੁਕ ਸਨ ਅਤੇ ਸਾਰੇ ਮੁਲਕਾਂ ਦੇ ਵਿਦਵਾਨਾਂ ਨਾਲ ਜੁੜਨ ਤੇ ਉਨ੍ਹਾਂ ਦੇ ਕੰਮ ਨੂੰ ਬਾਰੀਕੀ ਨਾਲ ਪੜ੍ਹਨ ਦੇ ਚਾਹਵਾਨ ਸਨ। ਇਸ ਤਰ੍ਹਾਂ ਉਹ ਆਪਣੀਆਂ ਬੌਧਿਕ ਰੁਚੀਆਂ ਵਿੱਚ ਸਪੱਸ਼ਟ ਤੌਰ ’ਤੇ ਮੁਕੰਮਲ ਭਾਰਤੀ ਹੋਣ ਦੇ ਨਾਲ-ਨਾਲ ਵਿਆਪਕ ਤੌਰ ’ਤੇ ਕੌਮਾਂਤਰੀ ਪਹੁੰਚ ਵਾਲੇ ਵੀ ਸਨ।

​ਸੱਤਵਾਂ, ਉਨ੍ਹਾਂ ਦੀ ਮਾਨਸਿਕਤਾ ਵਿੱਚ ਸੌੜੇ ਵਿਚਾਰਾਂ (ਇਲਾਕਾਵਾਦ) ਦੀ ਅਣਹੋਂਦ ਦੇ ਬਾਵਜੂਦ ਦੋਵਾਂ ਨੇ ਭਾਰਤ ਵਿੱਚ ਰਹਿ ਕੇ ਕੰਮ ਕਰਨਾ ਅਤੇ ਇਸ ਦੇ ਬੌਧਿਕ ਜੀਵਨ ਵਿੱਚ ਯੋਗਦਾਨ ਪਾਉਣਾ ਚੁਣਿਆ। ਗਾਡਗਿਲ ਆਪਣੀ ਮਾਤਭੂਮੀ ਵਾਪਸ ਆਉਣ ਲਈ ਹਾਰਵਰਡ ਯੂਨੀਵਰਸਿਟੀ ਦੀ ਨੌਕਰੀ ਛੱਡ ਆਏ ਜਦੋਂਕਿ ਬੇਤੇ ਨੇ ਦਿੱਲੀ ਵਿੱਚ ਹੀ ਰਹਿਣ ਨੂੰ ਤਰਜੀਹ ਦਿੰਦਿਆਂ ਕੈਂਬਰਿਜ ਯੂਨੀਵਰਸਿਟੀ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਪ੍ਰੋਫੈਸਰੀ ਦੀਆਂ ਪੇਸ਼ਕਸ਼ ਠੁਕਰਾ ਦਿੱਤੀਆਂ।

​ਅੱਠਵਾਂ, ਦੋਵੇਂ ਦੇਸ਼ਭਗਤ ਸਨ, ਪਰ ਦੋਵਾਂ ਨੇ ਕਦੇ ਵੀ ਭਾਰਤ ਪ੍ਰਤੀ ਆਪਣੇ ਪਿਆਰ ਦਾ ਦਿਖਾਵਾ ਨਹੀਂ ਕੀਤਾ। ਉਨ੍ਹਾਂ ਦੀ ਦੇਸ਼ਭਗਤੀ ਉਨ੍ਹਾਂ ਦੇ ਰਹਿਣ-ਸਹਿਣ ਅਤੇ ਕੰਮ ਕਰਨ ਦੇ ਤਰੀਕੇ ਵਿੱਚੋਂ ਝਲਕਦੀ ਸੀ। ਉਹ ਜਾਤ, ਵਰਗ, ਲਿੰਗ ਜਾਂ ਧਰਮ ਦੀ ਪਰਵਾਹ ਕੀਤੇ ਬਿਨਾਂ ਸਾਰੇ ਵਿਦਿਆਰਥੀਆਂ ਤੇ ਸਹਿਯੋਗੀਆਂ ਨਾਲ ਇੱਕੋ-ਜਿਹਾ ਵਿਹਾਰ ਕਰਦੇ ਅਤੇ ਲਗਾਤਾਰ ਭਾਰਤੀ ਬੌਧਿਕ ਜੀਵਨ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ।

ਨੌਵਾਂ, ਉਨ੍ਹਾਂ ਦੀ ਦੇਸ਼ਭਗਤੀ ਦਾ ਮਤਲਬ ਆਪਣੇ ਦੇਸ਼ ਦੇ ਹਰ ਕੰਮ ਜਾਂ ਵਿਚਾਰ ਪ੍ਰਤੀ ਅੰਨ੍ਹੀ ਸ਼ਰਧਾ ਨਹੀਂ ਸੀ। ਦੋਵੇਂ ਆਇਰਿਸ਼ ਵਿਦਵਾਨ ਬੈਨੇਡਿਕਟ ਐਂਡਰਸਨ ਦੇ ਇਸ ਕਥਨ ਨਾਲ ਸਹਿਮਤ ਹੁੰਦੇ ਕਿ ‘ਅਜਿਹਾ ਕੋਈ ਵੀ ਵਿਅਕਤੀ ਸੱਚਾ ਰਾਸ਼ਟਰਵਾਦੀ ਨਹੀਂ ਹੋ ਸਕਦਾ ਜੋ ਉਦੋਂ ਸ਼ਰਮ ਮਹਿਸੂਸ ਨਾ ਕਰ ਸਕੇ ਜਦੋਂ ਉਸ ਦਾ ਮੁਲਕ ਜਾਂ ਸਰਕਾਰ ਅਪਰਾਧ ਕਰਦੀ ਹੈ, ਜਿਸ ਵਿੱਚ ਆਪਣੇ ਹੀ ਨਾਗਰਿਕਾਂ ਵਿਰੁੱਧ ਕੀਤੇ ਅਪਰਾਧ ਵੀ ਸ਼ਾਮਿਲ ਹਨ’। ਬੇਤੇ ਅਤੇ ਗਾਡਗਿਲ ਦੋਵਾਂ ਨੇ ਭਾਰਤੀ ਸਮਾਜ ਵਿੱਚ ਵਿਆਪਕ ਨਾ-ਬਰਾਬਰੀ ’ਤੇ ਸ਼ਰਮ ਮਹਿਸੂਸ ਕੀਤੀ ਅਤੇ ਆਪਣੀਆਂ ਅਕਾਦਮਿਕ ਤੇ ਮਸ਼ਹੂਰ ਲਿਖਤਾਂ ਰਾਹੀਂ ਉਨ੍ਹਾਂ ਵੱਲ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ।

​ਅੰਤ ਵਿੱਚ ਆਪਣੇ ਬਹੁਤ ਸਾਰੇ ਸਾਥੀ ਪ੍ਰੋਫੈਸਰਾਂ ਦੇ ਉਲਟ ਨਾ ਤਾਂ ਬੇਤੇ ਅਤੇ ਨਾ ਹੀ ਗਾਡਗਿਲ ‘ਗੁਰੂ’ ਬਣਨਾ ਚਾਹੁੰਦੇ ਸਨ, ਜਿਨ੍ਹਾਂ ਦੇ ਆਲੇ-ਦੁਆਲੇ ਸ਼ਰਧਾਲੂ ਚੇਲਿਆਂ ਦਾ ਘੇਰਾ ਹੋਵੇ। ਦੋਵੇਂ ਸਮਝਦੇ ਸਨ ਕਿ ਜਿੱਥੇ ਪੁਰਾਣੇ ਵਿਦਵਾਨ ਆਪਣੇ ਇਕੱਠੇ ਕੀਤੇ ਗਿਆਨ ਅਤੇ ਤਜਰਬੇ ਦਾ ਲਾਭ ਦੇ ਸਕਦੇ ਹਨ, ਉੱਥੇ ਬਦਲੇ ਵਿੱਚ ਉਹ ਨੌਜਵਾਨ ਵਿਦਵਾਨਾਂ ਦੇ ਉਤਸ਼ਾਹ ਅਤੇ ਬੌਧਿਕ ਜੋਖ਼ਮ ਲੈਣ ਦੀ ਬਿਰਤੀ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹਨ। ਇਹ ਉਨ੍ਹਾਂ ਦੇ ਉਦਾਰਵਾਦ ਦਾ ਹਿੱਸਾ ਸੀ ਅਤੇ ਇਸ ਤੱਥ ਨਾਲ ਜੁੜਿਆ ਸੀ ਕਿ ਉਹ ਰਾਜਨੀਤਕ ਅਤੇ ਬੌਧਿਕ ਦੋਵਾਂ ਪੱਖਾਂ ਤੋਂ ਕੱਟੜ ਜਾਂ ਸਿਧਾਂਤਕ ਨਹੀਂ ਸਨ ਸਗੋਂ ਭਾਰਤ ਤੇ ਵਿਸ਼ਵ ਨੂੰ ਸਮਝਣ ਲਈ ਕਿਸੇ ਖ਼ਾਸ ਵਿਚਾਰਧਾਰਾ ਨਾਲ ਬੱਝਣ ਦੀ ਬਜਾਏ ਖੁੱਲ੍ਹੇ ਦਿਮਾਗ਼ ਵਾਲੀ ਪਹੁੰਚ ਅਪਣਾਉਂਦੇ ਸਨ।

ਕਿਸੇ ਗੁਰੂਕੁਲ, ਸ਼ਾਖਾ ਜਾਂ ਪਾਰਟੀ ਸਕੂਲ ਵਿੱਚ ਨਵੇਂ ਭਰਤੀ ਹੋਏ ਵਿਅਕਤੀ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ, ਹੁਕਮ ਦਿੱਤੇ ਜਾਂਦੇ ਹਨ ਅਤੇ ਉਸ ਨੂੰ ਨੀਵਾਂ ਦਿਖਾ ਕੇ ਗੱਲ ਕੀਤੀ ਜਾਂਦੀ ਹੈ- ਇੱਕ ਸ਼ਬਦ ਵਿੱਚ ਕਹੀਏ ਤਾਂ ਉਸ ਦਾ ‘ਬ੍ਰੇਨਵਾਸ਼’ ਕੀਤਾ ਜਾਂਦਾ ਹੈ। ਦੂਜੇ ਪਾਸੇ, ਅਕਾਦਮਿਕ ਖੋਜ ਆਪਸੀ ਸੰਵਾਦ ਤੇ ਵੱਖ-ਵੱਖ ਵਿਸ਼ਿਆਂ, ਸਿਧਾਂਤਕ ਰੁਝਾਨਾਂ, ਖੋਜ ਸ਼ੈਲੀਆਂ, ਸਮਾਜਿਕ ਪਿਛੋਕੜਾਂ, ਰਾਸ਼ਟਰੀ ਮਾਨਤਾਵਾਂ ਅਤੇ ਖ਼ਾਸਕਰ ਵੱਖ-ਵੱਖ ਪੀੜ੍ਹੀਆਂ ਦੇ ਲੋਕਾਂ ਵਿਚਕਾਰ ਵਿਚਾਰਾਂ ਦੇ ਆਦਾਨ-ਪ੍ਰਦਾਨ ਰਾਹੀਂ ਅੱਗੇ ਵਧਦੀ ਹੈ। ਮੈਂ ਇਹ ਸਬਕ ਸਭ ਤੋਂ ਪਹਿਲਾਂ ਮਾਧਵ ਗਾਡਗਿਲ ਅਤੇ ਆਂਦਰੇ ਬੇਤੇ ਤੋਂ ਸਿੱਖੇ ਅਤੇ ਹਾਲ ਹੀ ਦੇ ਸਾਲਾਂ ਵਿੱਚ ਇਹ ਕਈ ਵਾਰ ਮੇਰੇ ਕੰਮ ਆਏ ਹਨ, ਜਦੋਂ ਮੈਨੂੰ ਖ਼ੁਦ ਉਨ੍ਹਾਂ ਨੌਜਵਾਨ ਵਿਦਵਾਨਾਂ ਅਤੇ ਲੇਖਕਾਂ ਤੋਂ ਬਹੁਤ ਲਾਭ ਹੋਇਆ ਜੋ ਮੇਰੇ ਕੋਲ ਮਾਰਗਦਰਸ਼ਨ ਲਈ ਆਉਂਦੇ ਹਨ ਅਤੇ ਅੰਤ ਵਿੱਚ ਮੈਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਸਿਖਾ ਜਾਂਦੇ ਹਨ।

Advertisement
×