ਬਣਾਉਟੀ ਬੁੱਧੀ ਦਾ ‘ਆਪਣਾ’ ਕ੍ਰਿਸ਼ਮਾ
ਨਵੀਂ ਦਿੱਲੀ ਵਿੱਚ ਇਸੇ ਹਫ਼ਤੇ ਹੋਏ ਕੌਮਾਂਤਰੀ ਪੱਧਰ ਦੇ ‘ਇੰਡੀਆ ਏ ਆਈ ਇੰਪੈਕਟ ਸਮਿੱਟ’ ਵਿੱਚ ਦੁਨੀਆ ਭਰ ਤੋਂ ਆਗੂਆਂ ਅਤੇ ਏ ਆਈ ਖੇਤਰ ਦੀਆਂ ਵੱਡੀਆਂਂ ਹਸਤੀਆਂ ਨੇ ਸ਼ਿਰਕਤ ਕੀਤੀ। ਕੌਮਾਂਤਰੀ ਪੱਧਰ ’ਤੇ ਜਿੰਨੀ ਚਰਚਾ ਇਸ ਸੰਮੇਲਨ ਦੀ ਹੋਈ, ਓਨੀ ਹੀ...
ਨਵੀਂ ਦਿੱਲੀ ਵਿੱਚ ਇਸੇ ਹਫ਼ਤੇ ਹੋਏ ਕੌਮਾਂਤਰੀ ਪੱਧਰ ਦੇ ‘ਇੰਡੀਆ ਏ ਆਈ ਇੰਪੈਕਟ ਸਮਿੱਟ’ ਵਿੱਚ ਦੁਨੀਆ ਭਰ ਤੋਂ ਆਗੂਆਂ ਅਤੇ ਏ ਆਈ ਖੇਤਰ ਦੀਆਂ ਵੱਡੀਆਂਂ ਹਸਤੀਆਂ ਨੇ ਸ਼ਿਰਕਤ ਕੀਤੀ। ਕੌਮਾਂਤਰੀ ਪੱਧਰ ’ਤੇ ਜਿੰਨੀ ਚਰਚਾ ਇਸ ਸੰਮੇਲਨ ਦੀ ਹੋਈ, ਓਨੀ ਹੀ ਗਲਗੋਟੀਆ ਯੂੁਨੀਵਰਸਿਟੀ ਵੱਲੋਂ ਆਪਣਾ ਦੱਸ ਕੇ ਪੇਸ਼ ਕੀਤੇ ਗਏ ਰੋਬੋਟਿਕ ਡੌਗ ‘ਓਰਾਇਨ’ ਦੀ ਵੀ ਹੋਈ। ਗਲਗੋਟੀਆ ਯੂਨੀਵਰਸਿਟੀ ਵੱਲੋਂ ਇਸ ਰੋਬੋਟਿਕ ਡੌਗ ਬਾਰੇ ਦਾਅਵਾ ਸੀ ਕਿ ਇਹ ਡੌਗ ਉਨ੍ਹਾਂ ਨੇ ਡਿਵੈਲਪ ਕੀਤਾ ਹੈ। ਦੂਰਦਰਸ਼ਨ ਦੇ ਰਿਪੋਰਟਰ ਵੱਲੋਂ ਪੈਵੇਲੀਅਨ ’ਚ ਜਾ ਕੇ ਗਲਗੋਟੀਆ ਦੀ ਪ੍ਰੋਫੈਸਰ ਨੇਹਾ ਸਿੰਘ ਨਾਲ ਬਾਕਾਇਦਾ ਇੰਟਰਵਿਊ ਕੀਤੀ ਗਈ, ਜਿਸ ਵਿੱਚ ਉਸ ਨੇ ਬਹੁਤ ਉਤਸ਼ਾਹ ਨਾਲ ਪੱਤਰਕਾਰ ਨੂੰ ਕਿਹਾ, ‘‘ਤੁਹਾਨੂੰ ਓਰਾਇਨ ਨੂੰ ਮਿਲਣਾ ਚਾਹੀਦਾ ਹੈ, ਜਿਸ ਨੂੰ ਸਾਡੇ ਸੈਂਟਰ ਔਫ ਐਕਸੀਲੈਂਸ ਵੱਲੋਂ ਡਿਵੈਲਪ ਕੀਤਾ ਗਿਆ ਹੈ। ਸਾਡੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਹੈ, ਜਿਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਬਣਾਉਟੀ ਬੁੱਧੀ) ’ਚ 350 ਕਰੋੜ ਰੁਪਏ ਨਿਵੇਸ਼ ਕੀਤੇ ਹਨ।’’ ਪ੍ਰੋ. ਨੇਹਾ ਸਿੰਘ ਜਿਸ ਵੇਲੇ ਪੱਤਰਕਾਰ ਨੂੰ ਓਰਾਇਨ ਦੇ ਗੁਣਾਂ ਦਾ ਵਿਖਿਆਨ ਕਰਦਿਆਂ ਦੱਸ ਰਹੀ ਸੀ ਕਿ ਇਹ ਕਈ ਤਰ੍ਹਾਂ ਦੇ ਆਕਾਰ ਤੇ ਰੂਪ ਲੈ ਲੈਂਦਾ ਹੈ ਤਾਂ ਉਨ੍ਹਾਂ ਦੋਹਾਂ ਤੋਂ ਮਹਿਜ਼ ਕੁਝ ਫੁੱਟ ਦੂਰ ਖੜ੍ਹਾ ਓਰਾਇਨ ਕਦੇ ਆਪਣੀ ਇੱਕ ਬਾਂਹ ਉੱਚੀ ਚੁੱਕ ਲੈਂਦਾ, ਕਦੇ ਅੱਗੇ ਹੁੰਦਾ ਤੇ ਕਦੇ ਪਿੱਛੇ, ਕਦੇ ਇੱਕ ਪਾਸੇ ਨੂੰ ਝੁਕ ਜਾਂਦਾ। ਪੱਤਰਕਾਰ ਓਰਾਇਨ ਦੀਆਂ ਇਨ੍ਹਾਂ ਪੇਸ਼ਕਾਰੀਆਂ ਨੂੰ ਮੰਤਰ-ਮੁਗਧ ਹੋ ਕੇ ਦੇਖਦਿਆਂ ਕਹਿੰਦਾ ਹੈ, ‘‘ਇਹ ਸ਼ਰਾਰਤੀ (Naughty) ਹੈ।’’ ਗਲਗੋਟੀਆ ਦੀ ਮਾਣਮੱਤੀ ਪ੍ਰੋਫੈਸਰ ਓਰਾਇਨ ਦੇ ਹੋਰ ਗੁਣ ਗਿਣਾਉਂਦਿਆਂ ਕਹਿੰਦੀ ਹੈ ਕਿ ਇਹ ਸਰਵੇਲੈਂਸ ਅਤੇ ਮੋਨੀਟਰਿੰਗ ਕਰਨ ਦੇ ਨਾਲ ਨਾਲ ਮੂਨ ਵਾਕ (ਉੱਘੇ ਅਮਰੀਕੀ ਗਾਇਕ ਮਾਈਕਲ ਜੈਕਸਨ ਦੇ ਨੱਚਣ ਦੇ ਵਿਸ਼ੇਸ਼ ਅੰਦਾਜ਼ ਨੂੰ ‘ਮੂਨ ਵਾਕ’ ਕਿਹਾ ਜਾਂਦਾ ਹੈ) ਵੀ ਕਰ ਲੈਂਦਾ ਹੈ।
ਜਿਉਂ ਹੀ ਸ਼ਰਾਰਤੀ ਓਰਾਇਨ ਦੀ ਨੱਚਦੇ ਦੀ ਵੀਡੀਓ ਵਾਇਰਲ ਹੋਈ ਤਾਂ ਥੋੜ੍ਹੇ ਹੀ ਸਮੇਂ ਬਾਅਦ ਸੋਸ਼ਲ ਮੀਡੀਆ ਦੇ ਵਰਤੋਂਕਾਰਾਂ ਨੇ ਉਸ ਦੀ ‘ਜਨਮ ਪੱਤਰੀ ਦੇ ਸਾਰੇ ਗ੍ਰਹਿ ਨਛੱਤਰਾਂ ਦਾ ਅਧਿਐਨ’ ਕਰ ਕੇ ਜੱਗ ਸਾਹਮਣੇ ਇਸ ਗੱਲ ਦਾ ਖ਼ੁਲਾਸਾ ਕੀਤਾ ਕਿ ਇਸ ਦੀ ਮਲਕੀਅਤ ਗਲਗੋਟੀਆ ਯੂਨੀਵਰਸਿਟੀ ਦੀ ਨਹੀਂ, ਸਗੋਂ ਇਹ ਬਾਜ਼ਾਰ ’ਚ ਮਿਲਦਾ ਯੂਨੀਟਰੀ ਗੋ 2 ਰੋਬੋਟ ਹੈ, ਜੋ ਅਸਲ ਵਿੱਚ ਚੀਨ ਦੀ ਕੰਪਨੀ ਯੂਨੀਟਰੀ ਰੋਬੋਟਿਕਸ ਵੱਲੋਂ ਤਿਆਰ ਕੀਤਾ ਗਿਆ ਹੈ। ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਬਾਜ਼ਾਰ ਵਿੱਚ ਮਿਲਦੇ ਗੋ 2 ਰੋਬੋਟ ਦੀ ਤਸਵੀਰ ਓਰਾਇਨ ਦੇ ਬਰਾਬਰ ਹੀ ਲਾ ਕੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਦੋਵੇਂ ਤਸਵੀਰਾਂ ਦੇਖ ਕੇ ਲਗਦਾ ਸੀ ਜਿਵੇਂ ਦੋਵੇਂ ਜੌੜੇ ਭਰਾ ਹੋਣ ਤੇ ਇੱਕ ਵਿਛੜ ਕੇ ਚੀਨ ਦੀ ਯੂਨੀਟਰੀ ਰੋਬੋਟਿਕਸ ਕੋਲ ਪੁੱਜ ਗਿਆ ਹੋਵੇ ਅਤੇ ਦੂਜਾ ਗਲਗੋਟੀਆ ਯੂਨੀਵਰਸਿਟੀ ਵਾਲਿਆਂ ਕੋਲ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਯੁੱਗ ’ਚ ਚਾਹੁੰਦਿਆਂ ਵੀ ਗੱਲਾਂ ਗੁੱਝੀਆਂ ਨਹੀਂ ਰੱਖੀਆਂ ਜਾ ਸਕਦੀਆਂ। ਗੱਲ ਝੱਟ ਚੀਨ ਤੱਕ ਜਾ ਪੁੱਜੀ ਅਤੇ ਚੀਨ ਦੇ ਅਧਿਕਾਰਕ ਸੋਸ਼ਲ ਮੀਡੀਆ ਪਲੈਟਫਾਰਮਾਂ ਨੇ ‘ਆਪਣੇ ਓਰਾਇਨ’ (ਸ਼ਾਇਦ ਉਨ੍ਹਾਂ ਲਾਡ ਨਾਲ ਕੋਈ ਹੋਰ ਨਾਂ ਰੱਖਿਆ ਹੋਵੇ) ਦੇ ਸਾਰੇ ਵੇਰਵੇ ਕੁੱਲ ਦੁਨੀਆ ਨਾਲ ਸਾਂਝੇ ਕੀਤੇ ਅਤੇ ਇਹ ਵੀ ਦੱਸਿਆ ਕਿ ਜੇਕਰ ਕੋਈ ਉਨ੍ਹਾਂ ਦੇ ਓਰਾਇਨ ਨੂੰ ਖਰੀਦਣਾ ਚਾਹੇ ਤਾਂ ਕਿੰਨੀ ਕੀਮਤ ਤਾਰ ਕੇ ਇਸ ਨੂੰ ਬਾਜ਼ਾਰ ’ਚੋਂ ਖਰੀਦ ਕੇ ਆਪਣੇ ਘਰ ਲਿਜਾ ਸਕਦਾ ਹੈ। ਇਸ ਮਗਰੋਂ ਦੁਨੀਆ ਭਰ ਦੇ ਮੀਡੀਆ ’ਚ ਓਰਾਇਨ ਦੇ ਚਰਚੇ ਹਨ। ਇਸ ਸਮੁੱਚੇ ਘਟਨਾਕ੍ਰਮ ਅਤੇ ਸਬੂਤਾਂ ਮਗਰੋਂ ਗਲਗੋਟੀਆ ਵਾਲਿਆਂ ਨੇ ਇਸ ਮਾਮਲੇ ਤੋਂ ਭਾਵੇਂ ਇਹ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਤਾਂ ਕਦੇ ਓਰਾਇਨ ’ਤੇ ਆਪਣੀ ਮਾਲਕੀ ਜਤਾਈ ਹੀ ਨਹੀਂ, ਪਰ ਜੋ ਕੁਝ ਪਹਿਲਾਂ ਕਿਹਾ ਜਾ ਚੁੱਕਿਆ ਸੀ ਉਸ ਦੀਆਂ ਪੈੜਾਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਤੋਂ ਹਟਾਉਣਾ ਸੰਭਵ ਨਹੀਂ। ਦੁਨੀਆ ਭਰ ’ਚ ਗਲਗੋਟੀਆ ਦੇ ਨਾਲ ਨਾਲ ਭਾਰਤ ਦੀ ਉੱਡ ਰਹੀ ਖਿੱਲੀ ਕਾਰਨ ਸਰਕਾਰ ਨੇ ਆਖ਼ਰ ਗਲਗੋਟੀਆ ਯੂਨੀਵਰਿਸਟੀ ਤੋਂ ਪੈਵੇਲੀਅਨ ਖਾਲੀ ਕਰਵਾ ਲਿਆ ਅਤੇ ਉੱਥੋਂ ਦੀ ਬਿਜਲੀ ਕੱਟ ਦਿੱਤੀ।
ਇੱਥੇ ਹੈਰਾਨੀ ਦੀ ਗੱਲ ਇਹ ਸੀ ਕਿ ਭਾਰਤ ਮੰਡਪਮ ਦੇ ਪੈਵੇਲੀਅਨ ’ਚ ਜਿੰਨੀ ਜਗ੍ਹਾ ਇਸ ਇੱਕ ਪ੍ਰਾਈਵੇਟ ਯੂਨੀਵਰਸਿਟੀ ਨੂੰ ਅਲਾਟ ਕੀਤੀ ਗਈ ਸੀ, ਉਹ ਚਾਰ ਆਈ ਆਈ ਟੀਜ਼ ਨੂੰ ਅਲਾਟ ਕੀਤੀ ਜਗ੍ਹਾ ਤੋਂ ਵੀ ਵੱਧ ਸੀ। ਨਵੀਂ ਦਿੱਲੀ ’ਚ ਹੋਏ ਇਸ ‘ਇੰਡੀਆ ਏ ਆਈ ਇੰਪੈਕਟ ਐਕਸਪੋ’ ਵਿੱਚ ਪ੍ਰਦਰਸ਼ਨੀ ਲਈ ਜਗ੍ਹਾ ਦੀ ਅਲਾਟਮੈਂਟ ਇਲੈਕਟ੍ਰੌਨਿਕਸ ਅਤੇ ਆਈ ਟੀ ਮੰਤਰਾਲੇ ਅਧੀਨ ਆਉਂਦੀ ਖ਼ੁਦਮੁਖ਼ਤਿਆਰ ਸੰਸਥਾ ‘ਸੌਫਟਵੇਅਰ ਟੈਕਨੋਲੋਜੀ ਪਾਰਕਸ ਔਫ ਇੰਡੀਆ’ ਵੱਲੋਂ ‘ਪਹਿਲਾਂ ਆਓ ਪਹਿਲਾਂ ਪਾਓ’ ਦੇ ਨਿਯਮ ਤਹਿਤ ਕੀਤੀ ਗਈ ਸੀ।
ਖ਼ੈਰ, ਕਿਸੇ ਹੋਰ ਵੱਲੋਂ ਤਿਆਰ ਕੀਤੇ ਉਤਪਾਦ ਉੱਤੇ ਖੋਜ ਅਤੇ ਕਾਢ ਦੇ ਨਾਂ ’ਤੇ ਆਪਣਾ ਠੱਪਾ ਲਾ ਕੇ ਪੇਸ਼ ਕਰਨ ਬਾਰੇ ਇਹ ਸਵਾਲ ਉੱਠਿਆ ਕਿ ਅਜਿਹੀਆਂ ਪ੍ਰਦਰਸ਼ਨੀਆਂ ’ਚ ਜਿਨ੍ਹਾਂ ਕਾਢਾਂ ਜਾਂ ਉਤਪਾਦਾਂ ਦੀ ਨੁਮਾਇਸ਼ ਲਗਾਈ ਗਈ ਸੀ, ਉਨ੍ਹਾਂ ਦੀ ਮੌਲਿਕਤਾ ਦੀ ਜਾਂਚ ਪੜਤਾਲ ਲਈ ਕੀ ਪੈਮਾਨਾ ਤੈਅ ਕੀਤਾ ਗਿਆ ਸੀ? ਪ੍ਰਦਰਸ਼ਨੀ ਲਾਉਣ ਵਾਲਿਆਂ ਦੀ ਚੋਣ ਦੇ ਅਮਲ ’ਚ ਸ਼ਾਮਲ ਇੱਕ ਅਧਿਕਾਰੀ ਦਾ ਜਵਾਬ ਸੀ, ‘‘ਸਾਡਾ ਖ਼ਿਆਲ ਸੀ ਕਿ ਇਸ ਪ੍ਰਦਰਸ਼ਨੀ ’ਚ ਹਿੱਸਾ ਲੈਣ ਵਾਲੇ ਸਵੈ-ਜ਼ਾਬਤਾ ਲਾਗੂ ਕਰਦਿਆਂ ਕੋਈ ਅਜਿਹੀ ਚੀਜ਼ ਜਾਂ ਉਤਪਾਦ ਪ੍ਰਦਰਸ਼ਿਤ ਨਹੀਂ ਕਰਨਗੇ, ਜਿਨ੍ਹਾਂ ’ਤੇ ਉਨ੍ਹਾਂ ਦੀ ਮਾਲਕੀ ਦਾ ਕੋਈ ਦਾਅਵਾ ਨਹੀਂ। ਅਸੀਂ ਨਹੀਂ ਸੀ ਚਾਹੁੰਦੇ ਕਿ ਅਸੀਂ ਇਹ ਹਦਾਇਤਾਂ ਦੇਈਏ ਕਿ ਉਹ ਕੀ ਪ੍ਰਦਰਸ਼ਿਤ ਕਰ ਸਕਦੇ ਹਨ ਅਤੇ ਕੀ ਨਹੀਂ।’’
ਹੁਣ ਜਦੋਂ ਸਾਰਾ ਮਾਮਲਾ ਕੌਮਾਂਤਰੀ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਤਾਂ ਗਲਗੋਟੀਆ ਯੂਨੀਵਰਸਿਟੀ ਵਾਲਿਆਂ ਨੂੰ ਵੀ ਤਰ੍ਹਾਂ-ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਰਾਇਨ ਦੇ ਮਾਮਲੇ ’ਚ ਸ਼ਬਦਾਂ ਨੂੰ ਸਹੀ ਤਰ੍ਹਾਂ ਨਾ ਸਮਝਣ ਦੀ ‘ਠੋਸ’ ਦਲੀਲ ਘੜੀ ਗਈ ਹੈ। ਗਲਗੋਟੀਆ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰੋਫੈਸਰ ਨੇ ‘ਡਿਵੈਲਪ’ ਨਹੀਂ ਸਗੋਂ ‘ਡਿਵੈਲਪਮੈਂਟ’ ਸ਼ਬਦ ਵਰਤਿਆ ਸੀ। ਡਿਵੈਲਪਮੈਂਟ ਦਾ ਮਤਲਬ ਬਣਾਉਣਾ ਨਹੀਂ ਹੁੰਦਾ ਸਗੋਂ ਇਹ ਸਮਝਣਾ ਹੁੰਦਾ ਹੈ ਕਿ ਵੱਖ-ਵੱਖ ਉਤਪਾਦਾਂ ’ਚ ਕਿਹੜੀ ਤਕਨਾਲੋਜੀ ਵਰਤੀ ਗਈ ਹੈ ਅਤੇ ਯੂਨੀਵਰਸਿਟੀ ਦੀ ਉਸ ਪ੍ਰਤੀਨਿਧੀ ਨੂੰ ਪ੍ਰੋਡਕਟ ਦੀ ਤਕਨੀਕੀ ਜਾਣਕਾਰੀ ਨਹੀਂ ਸੀ। ਜੇਕਰ ਯੂਨੀਵਰਸਿਟੀ ਦੀ ਇਹ ਦਲੀਲ ਮੰਨ ਲਈ ਜਾਵੇ ਤਾਂ ਇਹ ਹੋਰ ਵੀ ਹੈਰਾਨੀ ਦੀ ਗੱਲ ਹੈ ਕਿ ਇਸ ਵੱਕਾਰੀ ਕੌਮਾਂਤਰੀ ਪੱਧਰ ਦੇ ਸੰਮੇਲਨ ’ਚ ਉਸ ਨੇ ਵਿਸ਼ੇ ਤੋਂ ਅਣਜਾਣ ਪ੍ਰੋਫੈਸਰ ਨੂੰ ਆਪਣੀ ਨੁਮਾਇੰਦਗੀ ਕਰਨ ਲਈ ਭੇਜਿਆ। ਓਦਾਂ ਵੀ ਨੇਹਾ ਸਿੰਘ ਯੂਨੀਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਵਿਭਾਗ ’ਚ ਪੜ੍ਹਾਉਂਦੀ ਹੈ ਨਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਭਾਗ ਵਿੱਚ।
ਪ੍ਰੋ. ਨੇਹਾ ਸਿੰਘ ਨੇ ਵੀ ਪੱਤਰਕਾਰਾਂ ਸਿਰ ਠੀਕਰਾ ਭੰਨਦਿਆਂ ਕਿਹਾ ਹੈ ਕਿ ਉਹ ਬਹੁਤ ਜਲਦੀ ’ਚ ਸਵਾਲ ਪੁੱਛਦੇ ਹਨ ਅਤੇ ਕਈ ਵਾਰੀ ਜਲਦੀ ’ਚ ਜਵਾਬ ਦੇਣ ਵੇਲੇ ਕੁਝ ਇੱਧਰ ਉੱਧਰ ਹੋ ਜਾਂਦਾ ਹੈ। ਓਦਾਂ ਉਸ ਦੀ ਜਿਹੜੀ ਇੰਟਰਵਿਊ ਵਾਇਰਲ ਹੋਈ ਹੈ ਉਸ ਵਿੱਚ ਨਾ ਤਾਂ ਪੱਤਰਕਾਰ ਨੇ ਕਾਹਲੀ ’ਚ ਕੋਈ ਸਵਾਲ ਪੁੱਛਿਆ ਤੇ ਨਾ ਹੀ ਪ੍ਰੋ. ਨੇਹਾ ਸਿੰਘ ਨੇ ਕਾਹਲੀ ’ਚ ਕੋਈ ਜਵਾਬ ਦਿੱਤਾ ਹੈ। ਹੁਣ ਪ੍ਰੋ. ਨੇਹਾ ਸਿੰਘ ਦੀ ਪੱਤਰਕਾਰਾਂ ਨੂੰ ਸਲਾਹ ਹੈ ਕਿ ਉਹ ਇਸ ਸੰਦਰਭ ਵਿੱਚ ਸਾਰੇ ਸ਼ਬਦ ਬਹੁਤ ਜ਼ਿੰਮੇਵਾਰੀ ਨਾਲ ਵਰਤਣ। ਆਪਣੇ ਹੱਕ ’ਚ ਦਲੀਲ ਦਿੰਦਿਆਂ ਉਸ ਨੇ ਕਿਹਾ ਕਿ ਉਸ ਵੱਲੋਂ ਸਮੇਂ ਦੀ ਘਾਟ ਕਾਰਨ ਜਾਂ ਆਸ-ਪਾਸ ਦੇ ਸ਼ੋਰ ਕਾਰਨ ਵਿਆਖਿਆ ਕਰਨ ’ਚ ਕੋਈ ਉਕਾਈ ਹੋਈ ਹੈ ਅਤੇ ਅਗਲੇ ਹੀ ਸਾਹ ਉਸ ਨੇ ਨਵੀਂ ਦਲੀਲ ਦਿੱਤੀ, ‘‘ਯੂਅਰ ਸਿਕਸ ਕੈਨ ਬੀ ਮਾਇ ਨਾਈਨ’’ (ਸਭ ਦਾ ਆਪੋ ਆਪਣਾ ਨਜ਼ਰੀਆ ਹੈ)।
ਵਾਕਈ ਗੱਲ ਤਾਂ ਨਜ਼ਰ ਤੇ ਨਜ਼ਰੀਏ ਦੀ ਹੀ ਹੈ। ਕਿਸੇ ਲਈ ‘ਓਰਾਇਨ’ ਨੂੰ ਇਉਂ ‘ਆਪਣਾ’ ਦੱਸਣਾ ਨੈਤਿਕਤਾ ਦਾ ਮਸਲਾ ਹੋ ਸਕਦਾ ਹੈ, ਪਰ ਹੁਣ ਜਦੋਂ ਅਸੀਂ ਇਸ ਨੂੰ ਆਪਣਾ ਸਮਝ ਕੇ ਅਪਣਾ ਹੀ ਲਿਆ ਤਾਂ ਫਿਰ ਮਸਨੂੁਈ ਬੁੱਧੀ ਦੇ ਇਸ ਕ੍ਰਿਸ਼ਮੇ ਦੀ ਮਾਲਕੀ ਬਾਰੇ ਰੌਲਾ ਪਾਉਣ ਵਾਲੇ ਭਲੇ ਲੋਕੋ, ਇਹ ਤਾਂ ਹੁਣ ‘ਆਪਣਾ’ ਹੀ ਹੋਇਆ!

