ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ੀਰੀਂ

ਸ਼ੀਰੀਂ

ਮਨੁੱਖੀ ਕਿਰਤ ਨੇ ਇਸ ਧਰਤੀ ’ਤੇ ਵਸੇ ਸੰਸਾਰ ਦਾ ਰੂਪ ਘੜਿਆ ਹੈ, ਅਮੁੱਕ ਦੌਲਤ ਸਿਰਜੀ ਹੈ ਅਤੇ ਬ੍ਰਹਿਮੰਡ ਅੰਦਰ ਆਪਣੀ ਹੋਂਦ ਦੀ ਛਾਪ ਲਾਈ ਹੈ। ਜੰਗਲਾਂ ਨੂੰ ਖੇਤਾਂ, ਮਿੱਟੀ ਨੂੰ ਇਮਾਰਤਾਂ, ਧਾਤਾਂ ਨੂੰ ਔਜ਼ਾਰਾਂ ਵਿਚ ਪਲਟ ਦੇਣ ਵਾਲੀ ਇਹ ਕਿਰਤ ਇਤਿਹਾਸ ਦੇ ਕਾਲ ਚੱਕਰ ਦੌਰਾਨ ਸਦੀ ਦਰ ਸਦੀ, ਨਿਜ਼ਾਮ ਦਰ ਨਿਜ਼ਾਮ ਆਪਣੇ ਹਕੀਕੀ ਰੁਤਬੇ ਅਤੇ ਸ਼ਾਨ ਤੋਂ ਵਾਂਝੇ ਰਹਿਣ ਦਾ ਸੰਤਾਪ ਹੰਢਾਉਂਦੀ ਆਈ ਹੈ। ਇਤਿਹਾਸ ਦੇ ਇੱਕ ਮੋੜ ਉੱਤੇ ਇਸ ਦੀ ਜਿਣਸ ਵਜੋਂ ਸਥਾਪਤੀ ਨੇ ਇਸ ਦੀ ਲੁੱਟ ਖਸੁੱਟ ਦਾ ਅਜਿਹਾ ਪ੍ਰਬੰਧ ਸਿਰਜਿਆ ਹੈ ਜੋ ਇਸ ਦੀ ਬੇਪਨਾਹ ਸਮਰੱਥਾ ਦੇ ਖੰਭਾਂ ਨੂੰ ਕੁਤਰ ਸੁੱਟਦਾ ਹੈ।

ਪੂੰਜੀਵਾਦ ਪ੍ਰਬੰਧ ਦੇ ਵਿਕਾਸ ਕਰਕੇ ਸਾਮਰਾਜਵਾਦ ਵਿਚ ਤਬਦੀਲ ਹੋਣ ਅਤੇ ਭਾਰਤ ਵਰਗੇ ਆਰਥਿਕ ਸਮਾਜਿਕ ਢਾਂਚਿਆਂ ਅੰਦਰ ਇਸ ਦੇ ਨਵ-ਬਸਤੀਵਾਦੀ ਰੂਪ ਵਿਚ ਲਾਗੂ ਹੋਣ ਦੌਰਾਨ ਇਹ ਲੁੱਟ ਖਸੁੱਟ ਨਵੇਂ ਤੋਂ ਨਵੇਂ ਪਸਾਰ ਗ੍ਰਹਿਣ ਕਰਦੀ ਗਈ। ਸਾਡਾ ਮੁਲਕ ਵੀ ਕਿਰਤ ਦੀ ਲੁੱਟ ਦੇ ਇਨ੍ਹਾਂ ਨਵੇਂ ਪਸਾਰਾਂ ਲਈ ਜ਼ਮੀਨ ਬਣਿਆ ਹੋਇਆ ਹੈ। ਨਵੀਆਂ ਆਰਥਿਕ ਨੀਤੀਆਂ ਲਾਗੂ ਹੋਣ ਤੋਂ ਬਾਅਦ ਦਾ ਦੌਰ ਇਸ ਪੱਖੋਂ ਬੇਹੱਦ ਕਾਲਾ ਰਿਹਾ ਹੈ। ਇਸ ਦੌਰ ਨੇ ਲੋਕਾਂ ਦੇ ਕਿਰਤ ਅਧਿਕਾਰਾਂ ’ਤੇ ਵੱਡਾ ਝਪਟਾ ਮਾਰਿਆ ਹੈ। ਮੁਲਕ ਦੀ ਪੂੰਜੀ ਅਤੇ ਸੋਮਿਆਂ ਦਾ ਮੁਹਾਣ ਮੁਲਕ ਤੋਂ ਬਾਹਰ ਵੱਲ ਹੋਇਆ ਹੈ ਅਤੇ ਇਸ ਦੇ ਮਾਲ ਖ਼ਜ਼ਾਨਿਆਂ ਦੀਆਂ ਬਰਕਤਾਂ ਆਪਣੇ ਲੋਕਾਂ ਕੋਲੋਂ ਖੁੱਸੀਆਂ ਹਨ ਜਿਸ ਸਦਕਾ ਲੋਕਾਂ ਦੀ ਖਰੀਦ ਸ਼ਕਤੀ ਸੁੰਗੜੀ ਹੈ।

ਪਿਛਲੇ ਸਮੇਂ ਤੋਂ ਮੁਲਕ ਸੰਸਾਰ ਦੇ ਸਭ ਤੋਂ ਸਸਤੇ ਮੁਲਕਾਂ ਵਿਚ ਸ਼ੁਮਾਰ ਹੈ। ਇਸ ਦਾ ਕਾਰਨ ਸਸਤੀ ਕਿਰਤ ਸ਼ਕਤੀ ਹੈ ਜੋ ਪੈਦਾ ਹੋ ਰਹੀਆਂ ਚੀਜ਼ਾਂ ਦੀ ਕੀਮਤ ਨੀਵੀਂ ਰੱਖਦੀ ਹੈ। ਸਸਤੀ ਕਿਰਤ ਸ਼ਕਤੀ ਮਨੁੱਖੀ ਕੀਮਤ ਅਦਾ ਕਰਕੇ ਹਾਸਲ ਕੀਤੀ ਜਾਂਦੀ ਹੈ। ਮਨੁੱਖੀ ਉਮਰ, ਸਿਹਤ, ਵਿਕਾਸ, ਸਮਰੱਥਾ ਤੇ ਸੰਭਾਵਨਾਵਾਂ ਦੀ ਬਲੀ ਦੇ ਕੇ ਹਾਸਲ ਕੀਤੀ ਜਾਂਦੀ ਹੈ। ਬਹੁਗਿਣਤੀ ਲੋਕਾਂ ਦੀ ਸੰਸਾਰ ਅੰਦਰ ਆਪਣਾ ਮੌਲਿਕ ਯੋਗਦਾਨ ਪਾਉਣ ਦੀ ਸਮਰੱਥਾ ਨੂੰ ਮਰੁੰਡ ਕੇ ਹਾਸਲ ਕੀਤੀ ਜਾਂਦੀ ਹੈ। ਮਨੁੱਖ ਨੂੰ ਉਸ ਦੀ ਖ਼ਾਸੀਅਤ ਤੋਂ ਵਾਂਝਿਆਂ ਕਰਕੇ ਕੀਤੀ ਜਾਂਦੀ ਹੈ। ਮਨੁੱਖ ਨੂੰ ਹੋਰਨਾਂ ਜਾਨਵਰਾਂ ਤੋਂ ਵਖਰਿਆਉਣ ਵਾਲੀ ਉਸ ਦੀ ਖਾਸੀਅਤ ਉਸ ਦੀ ਸੋਚਣ, ਸਮਝਣ, ਕਲਪਨਾ ਕਰਨ, ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਅਤੇ ਸੰਸਾਰ ਨੂੰ ਆਪਣੇ ਅਨੁਸਾਰ ਢਾਲਣ ਦੀ ਸਮਰੱਥਾ ਹੈ। ਹਰ ਮਨੁੱਖ ਆਪਣੀ

ਖਾਸੀਅਤ ਮੁਤਾਬਕ, ਆਪਣੀ ਵਿਸ਼ੇਸ਼ ਬੌਧਿਕ ਸਮਰੱਥਾ, ਯੋਗਤਾ ਅਤੇ ਰੁਚੀਆਂ ਮੁਤਾਬਿਕ ਇਸ ਸੰਸਾਰ ਦੀ ਨੁਹਾਰ ਨੂੰ ਬਿਹਤਰ ਬਣਾਉਣ ਵਿਚ ਆਪਣਾ ਯੋਗਦਾਨ ਪਾ ਸਕਦਾ ਹੈ ਪਰ ਇਹ ਪ੍ਰਬੰਧ ਬਹੁਗਿਣਤੀ ਲੋਕਾਂ ਨੂੰ ਮਹਿਜ਼ ਦੋ ਵਕਤ ਦੀ ਰੋਟੀ ਦੇ ਆਹਰ ਵਿਚ ਉਲਝਾ ਕੇ ਰੱਖਦਾ ਹੈ। ਉਸ ਦੀਆਂ ਜੀਵਨ ਸਰਗਰਮੀਆਂ ਨੂੰ ਜੂਨ ਗੁਜ਼ਾਰੇ ਦੇ ਓਹੜ ਪੋਹੜ ਤਕ ਸੀਮਤ ਕਰਦਾ ਹੈ। ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ

ਗੇੜ ਵਿਚ ਹੀ ਉਸ ਦੀਆਂ ਸਮਰੱਥਾਵਾਂ ਬੰਨ੍ਹ ਕੇ ਰੱਖਦਾ ਹੈ। ਇਹ ਪ੍ਰਬੰਧ ਮਨੁੱਖ ਵਜੋਂ ਸੰਸਾਰ ਨੂੰ ਘੋਖਣ, ਸਮਝਣ ਅਤੇ ਬਿਹਤਰੀ ਲਈ ਬਦਲਣ ਦਾ ਸਮਾਂ ਉਸ ਕੋਲੋਂ

ਚੋਰੀ ਕਰ ਲੈਂਦਾ ਹੈ।

ਨਵੀਆਂ ਆਰਥਿਕ ਨੀਤੀਆਂ ਨੇ ਇਸ ਚੋਰੀ ਅਤੇ ਲੁੱਟ ਨੂੰ ਨਵਾਂ ਪਸਾਰ ਦਿੱਤਾ ਹੈ। ਇਨ੍ਹਾਂ ਨੀਤੀਆਂ ਨੇ ਸਮਾਜਿਕ ਸੁਰੱਖਿਆ ਦੀ ਜ਼ਾਮਨੀ ਵਾਲਾ ਪੱਕਾ ਰੁਜ਼ਗਾਰ ਖ਼ਤਮ ਕੀਤਾ ਹੈ। ਅੱਜ ਮੁਲਕ ਅੰਦਰ ਬਹੁਗਿਣਤੀ ਲੋਕ ਗ਼ੈਰ-ਜਥੇਬੰਦ ਖੇਤਰ ਵਿਚ ਕੰਮ ਕਰਦੇ ਹਨ। ਕੌਮਾਂਤਰੀ ਕਿਰਤ ਜਥੇਬੰਦੀ ਦੀ ਰਿਪੋਰਟ (2018) ਮੁਤਾਬਿਕ ਇਹ ਗਿਣਤੀ 81% ਬਣਦੀ ਹੈ। ਜੇ ਇਸ ਅੰਦਰ ਜਥੇਬੰਦ ਖੇਤਰ ਵਿਚ ਕੰਮ ਕਰਨ ਵਾਲੇ ਠੇਕਾ ਕਾਮਿਆਂ ਨੂੰ ਜੋੜ ਲਿਆ ਜਾਵੇ ਤਾਂ ਇਹ ਗਿਣਤੀ 91% ਤੱਕ ਪਹੁੰਚ ਜਾਂਦੀ ਹੈ। ਇਸ ਖੇਤਰ ਵਿਚ ਰੁਜ਼ਗਾਰ ਦੀ ਅਨਿਸ਼ਚਿਤਤਾ ਹਰ ਵਕਤ ਅਸੁਰੱਖਿਆ ਦਾ ਮਾਹੌਲ ਬਣਾ ਕੇ ਅਤੇ ਕਿਰਤ ਕਾਨੂੰਨਾਂ ਦੀ ਅਣਹੋਂਦ ਕਿਰਤ ਦੀ ਲੁੱਟ ਦਾ ਰਾਹ ਖੋਲ੍ਹ ਕੇ ਰੱਖਦੀ ਹੈ। ਇਹ ਮਾਹੌਲ ਸਮਾਜ ਅੰਦਰ ਯੋਗਦਾਨ ਪਾਉਣ ਦੀ ਸਮਰੱਥਾ ਨੂੰ ਬੁਰੀ ਤਰ੍ਹਾਂ ਮਧੋਲਦਾ ਹੈ। ਹਾਕਮਾਂ ਦਾ ਲਾਗੂ ਕੀਤਾ ਅਖੌਤੀ ਵਿਕਾਸ ਮਾਡਲ ਇਸ ਅਸੁਰੱਖਿਆ ਅਤੇ ਲੁੱਟ ਨੂੰ ਜਰਬਾਂ ਦਿੰਦਾ ਹੈ। ਇਸ ਮਾਡਲ ਅੰਦਰ ਠੇਕੇ ’ਤੇ ਕੰਮ ਕਰ ਰਹੇ ਉੱਚ ਯੋਗਤਾ ਪ੍ਰਾਪਤ ਅਧਿਆਪਕ 5000-6000 ਰੁਪਏ ਮਹੀਨਾ ਤਨਖਾਹ ਲੈਂਦੇ ਹਨ। ਸਿਹਤ, ਬਿਜਲੀ, ਆਸ਼ਾ, ਆਂਗਣਵਾੜੀ ਕਾਮਿਆਂ ਦੀ ਮਹੀਨੇ ਭਰ ਦੀ ਕਮਾਈ ਵੀ ਇੰਨੀ ਜਾਂ ਇਸ ਤੋਂ ਵੀ ਘੱਟ ਹੈ। ਫੈਕਟਰੀਆਂ, ਭੱਠਿਆਂ, ਖੇਤਾਂ, ਘਰਾਂ, ਦੁਕਾਨਾਂ ਅੰਦਰ ਕੰਮ ਕਰਨ ਵਾਲਿਆਂ ਦੀ ਕਿਰਤ ਸ਼ਕਤੀ ਦੀ ਲੁੱਟ ਪੱਖੋਂ ਹਾਲਤ ਹੋਰ ਵੀ ਖ਼ਰਾਬ ਹੈ।

ਬੀਤੇ ਦਹਾਕਿਆਂ ਦੌਰਾਨ ਲੋਕਾਂ ਤੋਂ ਪੱਕਾ ਰੁਜ਼ਗਾਰ ਖੁੱਸਿਆ ਹੈ ਤੇ ਰੁਜ਼ਗਾਰ ਦੇ ਜੋ ਨਵੇਂ ਮੌਕੇ ਸਿਰਜੇ ਹਨ, ਉਸ ’ਚ ਜ਼ੋਮੈਟੋ, ਸਵਿਗੀ, ਬਿੱਗ ਬਾਸਕਟ, ਫਲਿੱਪਕਾਰਟ, ਐਮਾਜ਼ੋਨ ਵਰਗੇ ਪਲੈਟਫਾਰਮਾਂ ਦੀ ਸਪਲਾਈ, ਕਾਲ ਸੈਂਟਰਾਂ ਅੰਦਰ ਕੰਮ, ਆਨਲਾਈਨ ਕੰਪਨੀਆਂ ਦੇ ਅਪਰੇਸ਼ਨ ਚਲਾਉਣ ਵਰਗੇ ਖੇਤਰ ਸ਼ਾਮਲ ਹਨ। ਇਹ ਖੇਤਰ ਵੀ ਰੁਜ਼ਗਾਰ ਦੀ ਅਨਿਸ਼ਚਿਤਤਾ, ਨੀਵੀਆਂ ਉਜਰਤਾਂ ਅਤੇ ਕਿਰਤ ਦੀ ਲੁੱਟ ਪੱਖੋਂ ਨਮੂਨਾ ਹਨ। ਇਸ ਮਾਹੌਲ ਨੇ ਜਥੇਬੰਦ ਖੇਤਰ ਅੰਦਰ ਵੀ ਅਸਰ ਛੱਡਿਆ ਹੈ। ਬੈਂਕਾਂ, ਬਹੁਕੌਮੀ ਕੰਪਨੀਆਂ, ਬੀਮਾ ਵਰਗੇ ਅਨੇਕਾਂ ਖੇਤਰਾਂ ਵਿਚ ਕੰਮ ਕਰਨ ਵਾਲਿਆਂ ਲਈ ਵੀ ਤੈਅ ਘੰਟਿਆਂ ਤੋਂ ਵਧ ਕੇ ਕੰਮ ਕਰਨ ਦੀ ਮਜਬੂਰੀ ਬਣਾਈ ਹੈ।

ਇਸ ਮਾਹੌਲ ਦੌਰਾਨ ਘਰੇਲੂ ਔਰਤਾਂ ਜਿਨ੍ਹਾਂ ਦੀ ਕਿਰਤ ਪਹਿਲਾਂ ਹੀ ਕਿਰਤ ਤਸਲੀਮ ਕੀਤੇ ਜਾਣ ਤੋਂ ਵਾਂਝੀ ਰਹੀ ਹੈ, ਦੀ ਕਿਰਤ ਵਗਾਰ ਦੀ ਕਵਾਇਦ ਹੋਰ ਪੀਡੀ ਹੋਈ ਹੈ। ਘਰ ਦੇ ਮਰਦ ਮੈਂਬਰਾਂ ਦੇ ਲੰਮੇ ਕੰਮ ਘੰਟਿਆਂ ਸਦਕਾ, ਮਰਦ ਮੈਂਬਰਾਂ ਦੇ ਘਰਾਂ ਤੋਂ ਦੂਰ ਕੰਮ ਕਰਨ ਦੀ ਮਜਬੂਰੀ ਸਦਕਾ ਘਰੇਲੂ ਕੰਮਾਂ ਦਾ ਬੋਝ ਉਨ੍ਹਾਂ ਉਤੇ ਪਿਆ ਹੈ। ਉਜਰਤਾਂ ਸੁੰਗੜਨ ਦੇ ਨਤੀਜੇ ਵਜੋਂ ਘਰ ਦੀ ਅਰਥਵਿਵਸਥਾ ਦੇ ਹੋਰ ਸੰਕਟ ਮੂੰਹ ਆ ਜਾਣ ਨੇ ਉਨ੍ਹਾਂ ਦੀਆਂ ਲੋੜਾਂ ’ਤੇ ਵਧੇਰੇ ਕਾਟੀ ਫੇਰੀ ਹੈ। ਇਸ ਆਰਥਿਕ ਸੰਕਟ ਵਿਚੋਂ ਉਪਜਦੇ ਤਣਾਵਾਂ ਨੇ ਉਨ੍ਹਾਂ ਦੀਆਂ ਸਿਹਤ ਤੇ ਜਿ਼ੰਦਗੀਆਂ ’ਚੋਂ ਹੋਰ ਵਧੇਰੇ ਚੁੰਗ ਵਸੂਲੀ ਹੈ।

ਕਿਰਤ ਕਾਨੂੰਨ ਖ਼ਤਮ ਕਰ ਕੇ ਲਾਗੂ ਕੀਤੇ ਕਿਰਤ ਕੋਡਾਂ ਨੇ ਇਸ ਹਾਲਤ ਨੂੰ ਹੋਰ ਮੰਦਾ ਕਰ ਦੇਣਾ ਹੈ। ਇਹ ਕੋਡ ਇਸ ਲਈ ਲਿਆਂਦੇ ਗਏ ਤਾਂ ਕਿ ਦੇਸੀ ਵਿਦੇਸ਼ੀ ਕਾਰਪੋਰੇਟ ਹੋਰ ਨੀਵੀਆਂ ਉਜਰਤਾਂ ’ਤੇ, ਹੋਰ ਲੰਮੇ ਕੰਮ ਘੰਟਿਆਂ ਨਾਲ, ਕਾਮਿਆਂ ਪ੍ਰਤੀ ਕਿਸੇ ਵੀ ਜ਼ਿੰਮੇਵਾਰੀ ਤੋਂ ਮੁਕਤ ਹੋ ਕੇ ਕਿਰਤ ਸ਼ਕਤੀ ਦੀ ਲੁੱਟ ਕਰ ਸਕਣ। ਇਹ ਪਹਿਲਾਂ ਹੀ ਜਾਰੀ ਲੁੱਟ ਦਾ ਨਤੀਜਾ ਹੈ ਕਿ ਭਾਰਤ ਦਾ ਕੋਈ ਖਰਬਪਤੀ ਵਿਕਾਸ ਕਰਕੇ ਦੁਨੀਆ ਦੇ ਖਰਬਪਤੀਆਂ ਦੀ ਸੂਚੀ ਅੰਦਰ ਆ ਜਾਂਦਾ ਹੈ; ਦੂਜੇ ਪਾਸੇ ਕਿਰਤੀਆਂ ਦਾ ਭਾਰਤ ਇਕੱਠੇ ਦਸ ਪੁਆਇੰਟ ਹੇਠਾਂ ਡਿੱਗ ਕੇ ਕਿਰਤ ਹਾਲਾਤ ਪੱਖੋਂ ਦੁਨੀਆ ਦੀ ਸਭ ਤੋਂ ਮਾੜੇ 8 ਮੁਲਕਾਂ ਵਿਚ ਸ਼ੁਮਾਰ ਹੋ ਜਾਂਦਾ ਹੈ। ਜਿਉਂ ਜਿਉਂ ਅਜਿਹੇ ਅਣਗਿਣਤ ਨਵੇਂ ਕਾਨੂੰਨਾਂ ਨੇ ਲਾਗੂ ਹੁੰਦੇ ਜਾਣਾ ਹੈ, ਦੋਹੀਂ ਪਾਸੀਂ ‘ਵਿਕਾਸ’ ਦੀਆਂ ਅਜਿਹੀਆਂ ਰੈਂਕਿੰਗਾਂ ਹੋਰ ਸੁਧਰਦੀਆਂ ਜਾਣੀਆਂ ਹਨ।

ਮੁਲਕ ਦੇ ‘ਵਿਕਾਸ’ ਦੇ ਮੌਜੂਦਾ ਮਾਰਗ ’ਤੇ ਚੱਲਦਿਆਂ ਤਾਂ ਕੁੱਲ ਵਸੀਲੇ ਇੱਥੋਂ ਦੀ ਕਿਰਤੀ ਲੋਕਾਂ ਤੋਂ ਖੋਹ ਕੇ ਵੱਡੇ ਕਾਰਪੋਰੇਟਾਂ ਸਾਮਰਾਜੀਆਂ ਨੂੰ ਸੌਂਪੇ ਜਾਣ, ਮੁਲਕ ਦੇ ਖ਼ਜ਼ਾਨੇ ਦਾ ਮੁਹਾਣ ਕਿਰਤੀਆਂ ਦੀਆਂ ਰੋਜ਼ਮੱਰਾ ਲੋੜਾਂ ਤੋਂ ਪਾਸੇ ਕਰ ਕੇ ਧਨਾਢਾਂ ਨੂੰ ਟੈਕਸ ਛੋਟਾਂ ਰਿਆਇਤਾਂ ਦੇਣ ਵੱਲ ਮੋੜੇ ਜਾਣ ਨੇ ਲੋਕਾਂ ਦੀ ਖ਼ਰੀਦ ਸ਼ਕਤੀ ਹੋਰ ਸੁੰਗੇੜ ਦੇਣੀ ਹੈ,ਜਿਊਂਦੇ ਰਹਿਣ ਲਈ ਹੋਰ ਵੀ ਮਾੜੀਆਂ ਕੰਮ ਹਾਲਤਾਂ ਝੱਲਣ ਲਈ ਮਜਬੂਰ ਕਰਨਾ ਹੈ ਅਤੇ ਮਾੜੀਆਂ ਤੋਂ ਮਾੜੀਆਂ ਉਜਰਤਾਂ ਤੇ ਆਪਣੀ ਕੁੱਲ ਸਮਰੱਥਾ ਵੇਚਣ ਦੀ ਮਜਬੂਰੀ ਖੜ੍ਹੀ ਕਰਨੀ ਹੈ। ਇਉਂ ਕਿਰਤੀ ਲੋਕਾਂ ਦੇ ਭਾਰਤ ਨੇ ਆਪਣੇ ਜਾਇਆਂ ਲਈ ਹੋਰ ਵਧੇਰੇ ਨਰਕ ਬਣਦੇ ਜਾਣਾ ਹੈ ਅਤੇ ਸਾਮਰਾਜੀਆਂ ਦੀ ਕਮਾਈ ਲਈ ਹੋਰ ਵੱਡਾ ਸਵਰਗ ਬਣਦੇ ਜਾਣਾ ਹੈ।

ਇਹ ਦਸਤੂਰ ਬਦਲਣ, ਅਖੌਤੀ ਵਿਕਾਸ ਮਾਡਲ ਰੱਦ ਕਰਨ, ਕਿਰਤੀਆਂ ਨੂੰ ਵਿਕਾਸ ਦੇ ਕੇਂਦਰ ਵਿਚ ਲਿਆਉਣ ਅਤੇ ਸਾਮਰਾਜੀ ਕਾਰਪੋਰੇਟ ਕੰਪਨੀਆਂ ਨੂੰ ਇਸ ਕੇਂਦਰ ਵਿਚੋਂ ਬਾਹਰ ਕਰਨ ਦੀ ਲੋੜ ਹੈ। ਅੱਜ ਮੁਲਕ ਅੰਦਰ ਸਾਮਰਾਜ ਪੱਖੀ ਨੀਤੀਆਂ ਖ਼ਿਲਾਫ਼ ਸੰਘਰਸ਼ ਮਘੇ ਹੋਏ ਹਨ ਅਤੇ ਮਘ ਰਹੇ ਹਨ। ਇਸ ਮੌਕੇ ਭਾਰਤ ਦੇ ਸਮੂਹ ਕਿਰਤੀਆਂ ਦੀ ਮੁਲਕ ਦੇ ਸੋਮਿਆਂ ਅਤੇ ਕਿਰਤ ਦੀ ਲੁੱਟ ਖ਼ਿਲਾਫ਼ ਸਾਂਝੀ ਤੇ ਵਿਸ਼ਾਲ ਜੋਟੀ ਹੀ ਕਿਰਤ ਦੇ ਪੈਰਾਂ ਵਿਚ ਪਏ ਸੰਗਲ ਤੋੜ ਕੇ ਉਸ ਦੀ ਮੁਕਤੀ ਦੇ ਸ਼ਾਨਦਾਰ ਭਵਿੱਖ ਦੀ ਨੀਂਹ ਧਰ ਸਕਦੀ ਹੈ।

ਸੰਪਰਕ: 94179-54575

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All