ਸ਼ਹੀਦ-ਏ-ਆਜ਼ਮ ਦੀ ਨਜ਼ਰ ’ਚ ਨਾਮਧਾਰੀ ਲਹਿਰ
ਸਤਿਗੁਰੂ ਰਾਮ ਸਿੰਘ ਬਰਮਾ ਵਿੱਚ ਹੀ ਨਜ਼ਰਬੰਦ ਰਹੇ। ਡਿਸਟ੍ਰਿਕਟ ਗ਼ਜ਼ਟੀਅਰ ਵਿੱਚ ਲਿਖਿਆ ਹੈ ਕਿ ‘ਆਖ਼ਰਕਾਰ ਸੰਨ 1885 ਵਿੱਚ ਬਰਮਾ ਵਿਖੇ ਉਹ ਸਵਰਗ ਸਿਧਾਰ ਗਏ।’
ਸ਼ਹੀਦ ਭਗਤ ਸਿੰਘ ਕੂਕਾ ਅੰਦੋਲਨ ਤੋਂ ਕਾਫ਼ੀ ਪ੍ਰਭਾਵਿਤ ਸਨ ਕਿਉਂਕਿ 1849 ’ਚ ਪੰਜਾਬ ਉੱਤੇ ਬਰਤਾਨਵੀ ਕਬਜ਼ੇ ਤੋਂ ਬਾਅਦ ਇਸ ਅੰਦੋਲਨ ਨੇ ਹੀ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਵਿਦੇਸ਼ੀ ਹਕੂਮਤ ਵਿਰੁੱਧ ਲਾਮਬੰਦ ਕੀਤਾ ਸੀ। ਭਗਤ ਸਿੰਘ ਦੇਸ਼ਵਾਸੀਆਂ ਨੂੰ ਨੀਂਦਰ ਤੋਂ ਜਗਾਉਣ ਵਾਲੀ ਇਸ ਲਹਿਰ ਬਾਰੇ ਇਹ ਲੇਖ ਲਿਖ ਕੇ ਲੋਕਾਂ ਵਿੱਚ ਆਜ਼ਾਦੀ ਪ੍ਰਾਪਤੀ ਲਈ ਜੋਸ਼ ਭਰਨਾ ਚਾਹੁੰਦੇ ਸਨ। ਇਸ ਦੇ ਨਾਲ ਹੀ ਉਹ ਪੰਜਾਬੀਆਂ ਵੱਲੋਂ ਇਸ ਪਵਿੱਤਰ ਕਾਰਜ ਲਈ ਕੀਤੀਆਂ ਜਾ ਰਹੀਆਂ ਕੁਰਬਾਨੀਆਂ ਨੂੰ ਵੀ ਦੇਸ਼ਵਾਸੀਆਂ ਸਾਹਮਣੇ ਲਿਆਉਣਾ ਚਾਹੁੰਦੇ ਸਨ। ਉਨ੍ਹਾਂ ਇਹ ਲੇਖ ਹਿੰਦੀ ਵਿੱਚ ਲਿਖਿਆ ਸੀ, ਜਿਸ ਦਾ ਸਿਰਲੇਖ ਸੀ ‘ਪੰਜਾਬ ਮੇਂ ਮਹਾਨ ਇਨਕਲਾਬ ਕੇ ਲੀਏ ਲਾਮਬੰਦੀ: ਕੂਕਾ (ਨਾਮਧਾਰੀ) ਲਹਿਰ’। ਇਹ ਲੇਖ ਦਿੱਲੀ ਤੋਂ ਉਸ ਵੇਲੇ ਨਿਕਲਦੇ ਰਸਾਲੇ ‘ਮਹਾਂਰਥੀ’ ਦੇ ਫਰਵਰੀ ਅਤੇ ਮਾਰਚ 1928 ਦੇ ਅੰਕਾਂ ਵਿੱਚ ਦੋ ਕਿਸ਼ਤਾਂ ’ਚ ਛਪਿਆ ਸੀ। ਮਗਰੋਂ ਮਾਸਿਕ ਪੰਜਾਬੀ ਰਸਾਲੇ ‘ਕਿਰਤੀ’ ਵਿੱਚ ਵੀ ਉਨ੍ਹਾਂ ਕੂਕਾ ਅੰਦੋਲਨ ਬਾਰੇ ‘ਜੁਗ-ਗਰਦੀ ਦਾ ਅਗਨੀ-ਕੁੰਡ’ ਲੇਖ ਲੜੀ ਹੇਠਾਂ ਲੰਮਾ ਲੇਖ ਲਿਖਿਆ ਸੀ।
ਭਗਤ ਸਿੰਘ ਲਿਖਦੇ ਹਨ:
ਅਸੀਂ ਸਮਝਦੇ ਹਾਂ ਕਿ ਦੇਸ਼ ਲਈ ਨਿਸ਼ਕਾਮ ਭਾਵਨਾ ਨਾਲ ਮਰਨ ਵਾਲੇ ਲੋਕਾਂ ਨੂੰ ਭੁਲਾ ਦੇਣਾ ਸਾਡੀ ਉਨ੍ਹਾਂ ਪ੍ਰਤੀ ਵੱਡੀ ਅਹਿਸਾਨਫਰਾਮੋਸ਼ੀ ਹੈ। ਅਸੀਂ ਉਨ੍ਹਾਂ ਦੀ ਯਾਦ ਵਿੱਚ ਕੋਈ ਵੱਡਾ ਭਵਨ ਨਹੀਂ ਬਣਾ ਸਕਦੇ ਪਰ ਕੀ ਅਸੀਂ ਆਪਣੇ ਦਿਲਾਂ ਵਿੱਚ ਵੀ ਉਨ੍ਹਾਂ ਨੂੰ ਥਾਂ ਦੇਣ ਤੋਂ ਪ੍ਰਹੇਜ਼ ਕਰੀਏ?
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਗੱਦੀ ਲਈ ਝਗੜੇ ਹੋਏ। ਅੰਗਰੇਜ਼ਾਂ ਨੇ ਪੰਜਾਬ ਜਿੱਤ ਲਿਆ ਤੇ ਇਸ ਨੂੰ ਵੀ ਬਾਕੀ ਭਾਰਤ ਵਾਂਗ ਬੇੜੀਆਂ ਵਿੱਚ ਬੰਨ੍ਹ ਲਿਆ। ਇਹ ਸਾਰਾ ਕੁਝ ਹੋ ਗਿਆ ਤੇ ਨਾਲ ਹੀ 1857 ਦਾ ਵਿਦਰੋਹ (ਗ਼ਦਰ) ਵੀ ਵਾਪਰ ਗਿਆ। ਅੰਗਰੇਜ਼ ਭਾਰਤ ਉੱਤੇ ਰਾਜ ਕਰਨ ਲੱਗੇ ਪਰ (ਨਾਮਧਾਰੀ) ਸਤਿਗੁਰੂ ਰਾਮ ਸਿੰਘ ਸ਼ਾਂਤ-ਚਿਤ ਆਪਣਾ ਜੀਵਨ ਗੁਜ਼ਾਰ ਰਹੇ ਸਨ। ਰੂਹਾਨੀ ਸ਼ਖ਼ਸੀਅਤ ਹੋਣ ਕਰਕੇ ਉਹ ਦੂਰ ਦੂਰ ਤੱਕ ਪ੍ਰਸਿੱਧ ਹੋ ਗਏ ਤੇ ਸਾਰੇ ਪੰਜਾਬ ਵਿੱਚੋਂ ਲੋਕ ਉਨ੍ਹਾਂ ਦੇ ਦਰਸ਼ਨ ਕਰਨ ਆਉਣ ਲੱਗੇ।
ਪਹਿਲਾਂ ਤਾਂ ਉਹ ਕੇਵਲ ਬਾਣੀ ਦਾ ਸੰਦੇਸ਼ ਹੀ ਦਿੰਦੇ ਸਨ ਪਰ ਪਿੱਛੋਂ ਉਨ੍ਹਾਂ ਸਮਾਜ ਸੁਧਾਰ ਦੇ ਉਪਦੇਸ਼ ਵੀ ਦੇਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਸਮਾਜਿਕ ਕੁਰੀਤੀਆਂ- ਲੜਕੀਆਂ ਦੀ ਖ਼ਰੀਦੋ-ਫਰੋਖ਼ਤ, ਮੀਟ ਅਤੇ ਸ਼ਰਾਬ ਦੀ ਵਰਤੋਂ ਆਦਿ ਦਾ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਦੇ ਸ਼ਰਧਾਲੂ ਵੀ ਸਾਦੀ ਜ਼ਿੰਦਗੀ ਜਿਉਂਦੇ ਅਤੇ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਰਹਿੰਦੇ। ਉਨ੍ਹਾਂ ਪਿੰਡ ਵਿੱਚ ਲੰਗਰ ਲਾਇਆ ਹੋਇਆ ਸੀ ਜਿੱਥੇ ਹਰੇਕ ਨੂੰ ਮੁਫ਼ਤ ਭੋਜਨ ਮਿਲਦਾ ਸੀ, ਪਰ ਛੇਤੀ ਹੀ ਇੱਕ ਤਬਦੀਲੀ ਆਈ। ... ਉਨ੍ਹਾਂ ਨੂੰ ਦੇਸ਼ ਦੀ ਗ਼ੁਲਾਮੀ ਦਾ ਡੂੰਘਾ ਅਹਿਸਾਸ ਹੋਇਆ। ਉਹ ਸਮਝ ਗਏ ਕਿ ਗ਼ੁਲਾਮੀ ਵਿੱਚ ਰਹਿਣ ਕਰਕੇ ਦੇਸ਼ ਵਾਸੀਆਂ ਦੀ ਆਤਮਾ ਵੀ ਮਰ ਰਹੀ ਹੈ। ਲੋਕ ਆਜ਼ਾਦੀ ਦਾ ਵਿਚਾਰ ਹੀ ਭੁੱਲਦੇ ਜਾ ਰਹੇ ਹਨ। ਥੋੜ੍ਹਾ ਚਿਰ ਪਹਿਲਾਂ ਹੀ ਉਨ੍ਹਾਂ ਸਿਪਾਹੀ ਵਿਦਰੋਹ (1857) ਦੀ ਨਾਕਾਮੀ ਮਗਰੋਂ ਦੇਸ਼ਵਾਸੀਆਂ ਉੱਤੇ ਹੋਏ ਜ਼ੁਲਮਾਂ ਨੂੰ ਵੇਖਿਆ ਸੁਣਿਆ ਸੀ। ਇਸ ਲਈ ਉਨ੍ਹਾਂ ਵਿਦੇਸ਼ੀ ਸ਼ਾਸਨ ਦਾ ਖੋਖਲਾਪਣ ਜਾਂਚ ਕੇ ਪ੍ਰੋਗਰਾਮ ਤਿਆਰ ਕੀਤਾ ਤੇ ਕੰਮ ਆਰੰਭ ਦਿੱਤਾ। ਹੁਣ ਤੱਕ ਉਪਦੇਸ਼ ਹੀ ਹੁੰਦਾ ਸੀ, ਹੁਣ ਟ੍ਰੇਨਿੰਗ ਅਤੇ ਸੰਗਠਨ ਦੇ ਕਾਰਜ ਵੀ ਸ਼ੁਰੂ ਹੋ ਗਏ।
ਉਨ੍ਹਾਂ ਉਸ ਵੇਲੇ ਠੀਕ ਉਸੇ ਨਾਮਿਲਵਰਤਣ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਜੋ 1920 ਵਿੱਚ ਮਹਾਤਮਾ ਗਾਂਧੀ ਨੇ ਕੀਤਾ। ਉਨ੍ਹਾਂ ਦਾ ਨਾਮਿਲਵਰਤਣ ਅੰਦੋਲਨ ਕਈ ਗੱਲਾਂ ਵਿੱਚ ਮਹਾਤਮਾ ਗਾਂਧੀ ਦੇ ਅੰਦੋਲਨ ਨਾਲੋਂ ਵੀ ਵਧ-ਚੜ੍ਹ ਕੇ ਸੀ। ਅਦਾਲਤਾਂ ਦਾ ਬਾਈਕਾਟ, ਪੰਚਾਇਤਾਂ ਦੀ ਸਥਾਪਨਾ, ਸਰਕਾਰੀ ਸਿੱਖਿਆ ਦਾ ਬਾਈਕਾਟ, ਵਿਦੇਸ਼ੀ ਹਕੂਮਤ ਦੇ ਮੁਕੰਮਲ ਬਾਈਕਾਟ ਦੇ ਨਾਲ ਨਾਲ ਰੇਲਾਂ ਅਤੇ ਡਾਕ-ਤਾਰ ਪ੍ਰਬੰਧ ਦੇ ਬਾਈਕਾਟ ਕਰਨ ਦਾ ਪ੍ਰਚਾਰ ਕੀਤਾ ਗਿਆ। ਉਸ ਵੇਲੇ ਦੇਸ਼ ਅੱਜ ਦੀ ਤਰ੍ਹਾਂ ਨਿਰਜੀਵ ਹੋ ਕੇ ਉਨ੍ਹਾਂ ਵਸਤਾਂ ਉੱਤੇ ਐਨਾ ਨਿਰਭਰ ਨਹੀਂ ਸੀ ਹੋਇਆ ਕਿ ਉਨ੍ਹਾਂ ਦਾ ਬਾਈਕਾਟ ਨਾ ਕਰ ਸਕਦਾ। ਉਨ੍ਹਾਂ ਡਾਕ ਭੇਜਣ ਦਾ ਆਪਣਾ ਪ੍ਰਬੰਧ ਇੰਨਾ ਤਕੜਾ ਕਰ ਲਿਆ ਸੀ ਕਿ ‘ਉਨ੍ਹਾਂ ਦੀ ਡਾਕ ਸਰਕਾਰੀ ਡਾਕ ਤੋਂ ਵੀ ਪਹਿਲਾਂ ਪਹੁੰਚ ਜਾਂਦੀ ਸੀ’। ਇਸ ਸਾਰੇ ਪ੍ਰਬੰਧ ਦੇ ਨਾਲ ਸਾਦਾ ਤੇ ਸਵਦੇਸ਼ੀ ਕੱਪੜੇ ਪਹਿਨਣ ਦਾ ਜ਼ੋਰਦਾਰ ਉਪਦੇਸ਼ ਹੁੰਦਾ ਸੀ। ਅਜੇ ਇਸ ਪ੍ਰਚਾਰ ਨੂੰ ਬਹੁਤਾ ਸਮਾਂ ਨਹੀਂ ਸੀ ਹੋਇਆ ਕਿ ਹਕੂਮਤ ਦੀ ਨਜ਼ਰ ਇਸ ਵੱਲ ਘੁੰਮ ਗਈ, ਜੋ ਹੁਣ ਇਸ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਸੀ।
ਸੰਨ 1871 ਵਿੱਚ ਕੁਝ ਨਾਮਧਾਰੀ ਅੰਮ੍ਰਿਤਸਰ ਵਿੱਚੋਂ ਲੰਘ ਰਹੇ ਸਨ। ਉਨ੍ਹਾਂ ਸੁਣਿਆ ਕਿ ਮੁਸਲਮਾਨ ਬੁੱਚੜ ਅਣਗਿਣਤ ਗਾਵਾਂ ਹਿੰਦੂਆਂ ਨੂੰ ਚਿੜਾਉਣ ਲਈ ਹਰ ਰੋਜ਼ ਉਨ੍ਹਾਂ ਦੇ ਸਾਹਮਣੇ ਮਾਰਦੇ ਹਨ। ਇਸ ਕਰਕੇ ਹਿੰਦੂ ਭਾਈਚਾਰਾ ਬਹੁਤ ਦੁੱਖ ਮਹਿਸੂਸ ਕਰਦਾ ਹੈ। ਕੱਟੜ ਗਾਂ-ਭਗਤ ਕੂਕੇ ਇਹ ਗੱਲ ਬਰਦਾਸ਼ਤ ਨਾ ਕਰ ਸਕੇ। ਉਨ੍ਹਾਂ ਬੁੱਚੜਾਂ ਉਤੇ ਹਮਲਾ ਕਰ ਦਿੱਤਾ ਅਤੇ ਸਾਰੇ ਬੁੱਚੜਾਂ ਨੂੰ ਉੱਥੇ ਹੀ ਮਾਰ ਦਿੱਤਾ ਤੇ ਆਪ ਭੈਣੀ ਵੱਲ ਚੱਲ ਪਏ। ਅੰਮ੍ਰਿਤਸਰ ਦੇ ਸਾਰੇ ਨਾਮੀ ਹਿੰਦੂ ਗ੍ਰਿਫ਼ਤਾਰ ਕਰ ਲਏ ਗਏ। ਉੱਧਰ ਸਤਿਗੁਰੂ ਜੀ ਨੂੰ ਇਹ ਖ਼ਬਰ ਮਿਲ ਗਈ ਸੀ ਤੇ ਕੂਕਿਆਂ ਨੇ ਵੀ ਜਾਂਦੇ ਸਾਰ ਇਹ ਵਾਕਿਆ ਦੱਸ ਦਿੱਤਾ ਤਾਂ ਬਾਬਾ ਰਾਮ ਸਿੰਘ ਜੀ ਨੇ ਉਨ੍ਹਾਂ ਨੂੰ ਕਿਹਾ, ‘‘ਜਾਉ ਜਾ ਕੇ ਗੁਨਾਹ ਸਵੀਕਾਰ ਕਰ ਲਵੋ ਤੇ ਬੇਦੋਸ਼ੇ ਬੰਦਿਆਂ ਨੂੰ ਪਰੇਸ਼ਾਨੀ ਤੋਂ ਬਚਾਉ।’’ ਇਸ ਦਾ ਪਾਲਣ ਹੋਇਆ, ਬੇਦੋਸ਼ਿਆਂ ਦੀ ਰਿਹਾਈ ਹੋ ਗਈ ਅਤੇ (ਦੋਸ਼ ਸਿਰ ਲੈਣ ਵਾਲੇ) ਕੂਕੇ ਆਨੰਦ ਅਤੇ ਖ਼ੁਸ਼ੀ ਨਾਲ ਫਾਂਸੀ ਚੜ੍ਹ ਗਏ। ਅਜਿਹੀ ਇੱਕ ਘਟਨਾ ਰਾਏਕੋਟ ਵਿਖੇ ਹੋਈ। ਉੱਥੇ ਵੀ ਕਈ ਕੂਕਿਆਂ ਨੂੰ ਫਾਂਸੀ ਚਾੜ੍ਹਿਆ ਗਿਆ ਪਰ ਉੱਥੇ ਬਾਕੀ ਸਿੱਖਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਸਾਥੀਆਂ ਨੂੰ ਨਾਜ਼ਾਇਜ਼ ਤੌਰ ’ਤੇ ਫਾਂਸੀ ਦਿੱਤੀ ਗਈ ਹੈ। ਬਦਲਾ ਲੈਣ ਦੀ ਭਾਵਨਾ ਭੜਕਣ ’ਤੇ ਆਈ ਪਰ ਕੋਈ ਖ਼ਾਸ ਘਟਨਾ ਨਾ ਵਾਪਰੀ। 13 ਜਨਵਰੀ 1872 ਨੂੰ ਭੈਣੀ ਵਿਖੇ ਮਾਘੀ ਦਾ ਮੇਲਾ ਹੋਣ ਵਾਲਾ ਸੀ। ਲੋਕ ਹਜ਼ਾਰਾਂ ਦੀ ਤਾਦਾਦ ਵਿੱਚ ਦੂਰੋਂ ਦੂਰੋ ਆਉਣ ਲੱਗੇ। ਇੱਕ ਕੂਕਾ ਨਾਮਧਾਰੀ ਭਰਾ ਮਾਲੇਰਕੋਟਲਾ ਰਿਆਸਤ ਦੀ ਰਾਜਧਾਨੀ ਵੀ ਮਾਲੇਰਕੋਟਲਾ ਵਿੱਚੋਂ ਲੰਘ ਰਿਹਾ ਸੀ ਜਦੋਂ ਉਸ ਨਾਲ ਸੜਕ ਉੱਤੇ ਅਤੇ ਕੋਤਵਾਲੀ ਵਿੱਚ ਵਧੀਕੀ ਹੋਈ। ਉੱਥੋਂ ਛੁੱਟਦਿਆਂ ਹੀ ਉਹ ਵੀ ਭੈਣੀ ਪਹੁੰਚਿਆ। ਉਸ ਨੇ ਭਰੇ ਦੀਵਾਨ ਵਿੱਚ ਇੰਤਹਾਪਸੰਦਾਂ ਦੇ ਅੱਤਿਆਚਾਰ ਅਤੇ ਦਿਲ ਹਲੂਣ ਦੇਣ ਵਾਲੀ ਆਪਣੀ ਕਥਾ ਸੁਣਾਈ। ...ਆਪਣੀ ਤਾਕਤ ਦੇ ਸਹਾਰੇ ਉਨ੍ਹਾਂ ਬਦਲਾ ਲੈਣ ਦਾ ਫ਼ੈਸਲਾ ਕਰ ਲਿਆ। ਜੋਸ਼ ਵਧਦਾ ਵੇਖ ਕੇ ਸਤਿਗੁਰੂ ਥੋੜ੍ਹਾ ਘਬਰਾਏ। ਗਲ਼ ਵਿੱਚ ਪੱਲਾ ਪਾ ਕੇ ਅਰਜ਼ ਗੁਜ਼ਾਰੀ, ‘‘ਖਾਲਸਾ ਜੀ ਤੁਸੀਂ ਕੀ ਅਨਰਥ ਕਰਨ ਜਾ ਰਹੇ ਹੋ, ਜ਼ਰਾ ਧੀਰਜ ਅਤੇ ਸਬਰ ਤੋਂ ਕੰਮ ਲਵੋ, ਜ਼ਰਾ ਸੋਚੋ ਤਾਂ ਸਹੀ ਇਸ ਦਾ ਕੀ ਨਤੀਜਾ ਨਿਕਲੇਗਾ? ਸਾਰਾ ਬਣਿਆ ਬਣਾਇਆ ਕੰਮ ਵਿਗੜ ਜਾਵੇਗਾ।’’ ਇਸ ਤਰ੍ਹਾਂ ਸਮਝਾਉਣ ਨਾਲ ਬਹੁਤ ਸਾਰੇ ਲੋਕਾਂ ਦਾ ਜੋਸ਼ ਤਾਂ ਠੰਢਾ ਹੋ ਗਿਆ ਪਰ ਡੇਢ ਸੌ ਬੰਦੇ ਬਦਲੇ ਦੀਆਂ ਭਾਵੀ ਸ਼ਕਲਾਂ ਵਿੱਚ ਵਟ ਗਏ। ਉਨ੍ਹਾਂ ਦਾ ਜੋਸ਼ ਨਾ ਥੰਮਿਆ। ਸਰਕਾਰ ਜਾਂ ਪੁਲੀਸ ਹਾਲਾਤ ਜਾਣਦਿਆਂ ਵੀ ਸ਼ਾਂਤ ਰਹੀ। ਉਨ੍ਹਾਂ ਨੂੰ ਅੰਗਰੇਜ਼ੀ ਰਾਜ ਵਿੱਚੋਂ ਰਿਆਸਤ ਵਿੱਚ ਦਾਖ਼ਲ ਹੋਣ ਦਿੱਤਾ ਗਿਆ।
14 ਜਨਵਰੀ 1872 ਦੀ ਸ਼ਾਮ ਨੂੰ ਉਨ੍ਹਾਂ ਮਲੌਦ ਵਿਖੇ ਸਿੱਖ ਸਰਦਾਰਾਂ ਦੇ ਕਿਲੇ ਉੱਤੇ ਧਾਵਾ ਬੋਲ ਦਿੱਤਾ। ... ਉਹ ਕੁਝ ਹਥਿਆਰ, ਕੁਝ ਘੋੜੇ ਅਤੇ ਇੱਕ ਤੋਪ ਲੈ ਕੇ ਚਲਦੇ ਬਣੇ। ਉੱਥੇ ਦੋਵਾਂ ਪਾਸਿਉਂ ਦੋ ਦੋ ਬੰਦੇ ਮਰੇ ਅਤੇ ਕੁਝ ਜ਼ਖ਼ਮੀ ਹੋਏ। ਅਗਲੇ ਦਿਨ ਸਵੇਰ ਸਾਰ ਉਹ ਮਾਲੇਰਕੋਟਲਾ ਪੁੱਜ ਗਏ। ਮਾਲੇਰਕੋਟਲੇ ਦੀ ਰੱਖਿਆ ਲਈ ਖ਼ਾਸ ਤਿਆਰੀ ਕੀਤੀ ਗਈ ਸੀ, ਪਰ ਹੌਸਲੇ ਵਾਲੇ ਇਨ੍ਹਾਂ ਵੀਰਾਂ ਨੇ ਇੰਨੀ ਤੇਜ਼ੀ ਨਾਲ ਹੱਲਾ ਬੋਲਿਆ ਕਿ ਉਹ ਸ਼ਹਿਰ ਤਾਂ ਕੀ ਮਹਿਲ ਵਿੱਚ ਜਾ ਦਾਖ਼ਲ ਹੋਏ। ਖ਼ਜ਼ਾਨਾ ਲੁੱਟਣ ਦੀ ਕੋਸ਼ਿਸ਼ ਹੋਣ ਲੱਗੀ। ਮਾੜੇ ਭਾਗਾਂ ਨੂੰ ਭੁਲੇਖੇ ਵਿੱਚ ਇੱਕ ਕਮਰੇ ਦਾ ਦਰਵਾਜ਼ਾ ਤੋੜਦਿਆਂ ਕਾਫ਼ੀ ਸਮਾਂ ਜ਼ਾਇਆ ਹੋ ਗਿਆ, ਜਿੱਥੇ ਗ਼ੈਰ-ਲੋੜੀਂਦੇ ਕਾਗ਼ਜ਼ਾਂ ਤੋਂ ਸਿਵਾ ਉਨ੍ਹਾਂ ਦੇ ਹੱਥ ਕੁਝ ਨਾ ਲੱਗਾ ਤੇ ਉੱਥੋਂ ਛੇਤੀ ਭੱਜਣਾ ਪਿਆ। ਉਹ ਉੱਥੇ 8 ਨੂੰ ਮਾਰਕੇ, 15 ਨੂੰ ਜ਼ਖ਼ਮੀ ਕਰਕੇ, ਕੁਝ ਹਥਿਆਰ ਗੋਲੀ ਸਿੱਕਾ ਅਤੇ ਘੋੜੇ ਲੈ ਕੇ ਭੱਜ ਨਿਕਲੇ। ਉਨ੍ਹਾਂ ਦੇ ਸੱਤ ਸਾਥੀ ਮਰੇ, ਪੰਜ ਜ਼ਖ਼ਮੀ ਹੋਏ ਜਾਂ ਪਕੜੇ ਗਏ। ਉਨ੍ਹਾਂ ਦਾ ਮਾਲੇਰਕੋਟਲਾ ਦੇ ਹਥਿਆਰਬੰਦ ਫ਼ੌਜੀਆਂ ਨੇ ਪਿੱਛਾ ਕੀਤਾ। ਭੱਜਦਿਆਂ ਭਜਾਉਂਦਿਆਂ ਲੜਾਈ ਹੋ ਰਹੀ ਸੀ, ਗੋਲੀਆਂ ਚੱਲਦੀਆਂ ਰਹੀਆਂ। ਦੋਵੇਂ ਧਿਰਾਂ ਵੱਲੋਂ ਪਟਿਆਲੇ ਰਿਆਸਤ ਦੇ ਪਿੰਡ ਰੋਹੀੜ ਪਹੁੰਚਣ ਤੱਕ ਬਹੁਤ ਸਾਰੇ ਹੋਰ ਕੂਕੇ ਜ਼ਖ਼ਮੀ ਹੋ ਗਏ ਸਨ। ...ਸ਼ਿਵਪੁਰ ਦੇ ਨਾਇਬ ਨਾਜ਼ਿਮ ਨੇ ਉਨ੍ਹਾਂ ਉੱਤੇ ਫਿਰ ਹਮਲਾ ਕੀਤਾ। ਫਿਰ ਲੜਾਈ ਛਿੜ ਗਈ, ਪਰ ਕੂਕੇ ਹੁਣ ਥੱਕੇ-ਟੁੱਟੇ ਤੇ ਭੁੱਖੇ ਪਿਆਸੇ ਸਨ ਤੇ ਜ਼ਖ਼ਮੀਆਂ ਨੂੰ ਮਲ੍ਹਮ ਪੱਟੀ ਨਹੀਂ ਸੀ ਮਿਲੀ। ਉਹ ਫੜੇ ਗਏ। ਕੁੱਲ 68 ਕੂਕੇ ਹਿਰਾਸਤ ਵਿੱਚ ਲੈ ਲਏ ਗਏ ਜਿਨ੍ਹਾਂ ਵਿੱਚੋਂ 28 ਜ਼ਖ਼ਮੀ ਹੋ ਚੁੱਕੇ ਸਨ। ਇਹ ਹੀ ਘਟਨਾ ਵਿਦਰੋਹ ਅਖਵਾਉਂਦੀ ਹੈ। ਲੁਧਿਆਣੇ ਦਾ ਤਤਕਾਲੀ
ਡਿਪਟੀ ਕਮਿਸ਼ਨਰ ਜੌਹਨ ਲੈਮਬਰਟ ਕੋਵਾਨ) ਆਪਣੇ ਇੱਕ ਖ਼ਤ ਵਿੱਚ ਲਿਖਦਾ ਹੈ: “ਇਉਂ ਜਾਪਦਾ ਸੀ ਜਿਵੇਂ ਇਹ ਬਗ਼ਾਵਤ ਦੀ ਸ਼ੁਰੂਆਤ ਸੀ ... ਜਿਹੜੇ ਬੰਦੇ ਮਲੌਦ ਅਤੇ ਮਾਲੇਰਕੋਟਲੇ ਉੱਤੇ ਹਮਲੇ ਕਰਨ ਵਿੱਚ ਸ਼ਾਮਲ ਹੋਏ ਹਨ, ਮੈਂ ਬਿਨਾਂ ਕਿਸੇ ਦੇਰੀ ਤੋਂ ਉਨ੍ਹਾਂ ਨੂੰ ਫਾਂਸੀ ਲਾਏ ਜਾਣ ਦੀ ਤਜ਼ਵੀਜ਼ ਪੇਸ਼ ਕਰਦਾ ਹਾਂ। ਇਹ ਬਗ਼ਾਵਤੀ ਹਨ।
ਇਹ 68 ਪੁਰਸ਼ ਸਤਾਰਾਂ ਜਨਵਰੀ ਨੂੰ ਮਾਲੇਰਕੋਟਲਾ ਲਿਆਂਦੇ ਗਏ। ਉਨ੍ਹਾਂ ਵਿੱਚ ਦੋ ਬੀਬੀਆਂ ਵੀ ਸਨ। ਉਹ ਪਟਿਆਲਾ ਰਿਆਸਤ ਦੀਆਂ ਰਹਿਣ ਵਾਲੀਆਂ ਸਨ। ਉਨ੍ਹਾਂ ਨੂੰ ਰਿਆਸਤ ਦੇ ਸਪੁਰਦ ਕਰ ਦਿੱਤਾ ਗਿਆ ਅਤੇ ਬਾਕੀ 66 ਵਿੱਚੋਂ ਪੰਜਾਹਾਂ ਨੂੰ ਉੱਥੇ ਹੀ ਤੋਪ ਨਾਲ ਉਡਾ ਦੇਣ ਦਾ ਫ਼ੈਸਲਾ ਹੋ ਚੁੱਕਾ ਸੀ। ਉਹ ਆਨੰਦ ਅਤੇ ਜੋਸ਼ ਨਾਲ ਆਪੋ ਆਪਣੀ ਵਾਰੀ ਨਾਲ ਤੋਪ ਦੇ ਮੂੰਹ ਅੱਗੇ ਬੰਨ੍ਹੇ ਜਾ ਰਹੇ ਸਨ। ਇੱਕ ਵਾਰ ਧਮਾਕੇ ਦੀ ਆਵਾਜ਼ ਆਉਂਦੀ, ਫਿਰ ਉਹ ਕੂਕਾ ਵੀਰ ਸੰਸਾਰ ਤੋਂ ਨਾ ਜਾਣੇ ਕਿੱਧਰ ਚਲਾ ਜਾਂਦਾ। ਇਨ੍ਹਾਂ ਵੀਰਾਂ ਅੰਦਰ ਮੌਤ ਦਾ ਭੈਅ ਨਹੀਂ ਸੀ। ... ਉਨ੍ਹਾਂ ਆਪਣੇ ਸਨਮਾਨ, ਦੇਸ਼ ਪਿਆਰ ਅਤੇ ਆਜ਼ਾਦੀ ਦੀ ਚਾਹਨਾ ਆਦਿ ਬੁਲੰਦ ਜਜ਼ਬਿਆਂ ਦੀ ਪ੍ਰੇਰਨਾ ਨਾਲ ਮੌਤ ਉੱਤੇ ਜਿੱਤ ਪ੍ਰਾਪਤ ਕੀਤੀ। ਇਸੇ ਕਰਕੇ ਅਸੀਂ ਉਨ੍ਹਾਂ ਦੀ ਭੜਕਾਹਟ ਤੇ ਬੇਸਬਰੀ ਨੂੰ ਭੁਲਾ ਕੇ ਉਨ੍ਹਾਂ ਨੂੰ ਨਤਮਸਤਕ ਹੁੰਦੇ ਹਾਂ। ਖ਼ੈਰ! ਇੱਕ ਇੱਕ ਕਰਕੇ 49 ਵੀਰ ਤੋਪ ਨਾਲ ਉਡਾ ਦਿੱਤੇ ਗਏ, ਪਰ ਪੰਜਾਹਵਾਂ ਜੋ ਕਿ ਤੇਰਾਂ ਵਰ੍ਹਿਆਂ ਦਾ ਬਾਲ ਸੀ, ਮੂੰਹੋਂ ਮੂੰਹੀ ਗੱਲ ਇਹ ਹੈ ਕਿ ਉਸ ਨੂੰ ਵੇਖ ਕੇ ਮਿਸਿਜ਼ ਕੋਵਾਨ ਅੰਦਰ ਦਯਾ ਭਾਵਨਾ ਜਾਗ ਉੱਠੀ। ਉਸ ਨੇ ਆਪਣੇ ਪਤੀ ਨੂੰ ਕਿਹਾ ਕਿ ਉਸ ਨੂੰ ਛੱਡ ਦੇਵੇ। ਪਤਨੀ ਦੀ ਪ੍ਰੇਰਨਾ ਨਾਲ ਕੋਵਾਨ ਨੇ ਝੁਕ ਕੇ ਉਸ ਬਾਲਕ ਨੂੰ ਕਿਹਾ, ‘ਐ ਬੱਚੇ, ਪਾਜੀ (ਭੇਖੀ) ਰਾਮ ਸਿੰਘ ਦਾ ਸਾਥ ਛੱਡ ਦੇ ਅਤੇ ਕਹਿ ਦੇ ਕਿ ਮੈਂ ਉਸਦਾ ਚੇਲਾ ਨਹੀਂ ਹਾਂ, ਤੈਨੂੰ ਛੱਡ ਦਿਆਂਗੇ।’’ ਵੀਰ ਬਾਲਕ ਆਪਣੇ ਸਤਿਗੁਰੂ ਬਾਰੇ ਅਪਮਾਨਜਨਕ ਬੋਲ ਸਹਿ ਨਾ ਸਕਿਆ ਅਤੇ ਉਸ ਨੇ ਗੁੱਸੇਖ਼ੋਰ ਸ਼ੇਰ ਦੀ ਤਰ੍ਹਾਂ ਝਪਟ ਕੇ ਕੋਵਾਨ ਦੀ ਦਾੜ੍ਹੀ ਨੂੰ ਫੜ ਲਿਆ ਅਤੇ ਉਦੋਂ ਤੱਕ ਨਾ ਛੱਡਿਆ ਜਦੋਂ ਤੱਕ ਉਸ ਦੇ ਦੋਵੇਂ ਹੱਥ ਨਾ ਕੱਟ ਦਿੱਤੇ ਗਏ ਤੇ ਤਲਵਾਰਾਂ ਨਾਲ ਕਤਲ ਨਾ ਕਰ ਦਿੱਤਾ ਗਿਆ।
17 ਜਨਵਰੀ ਨੂੰ ਹੀ ਕਮਿਸ਼ਨਰ ਦੇ ਹੁਕਮ ਨਾਲ ਘੋੜਸਵਾਰ ਤੇ ਦੂਜੀ ਪੁਲੀਸ ਨੇ ਕਰਨਲ ਬੈਲੀ ਦੀ ਅਗੁਵਾਈ ਵਿੱਚ ਭੈਣੀ ਪਿੰਡ ਨੂੰ ਘੇਰ ਲਿਆ। ਇਹ ਦ੍ਰਿਸ਼ ਵੇਖ ਕੇ ਸਾਰੇ ਲੋਕਾਂ ਨੂੰ ਬੜੀ ਹੈਰਾਨੀ ਹੋਈ ਪਰ ਜਦੋਂ ਉਨ੍ਹਾਂ (ਸਤਿਗੁਰੂ ਰਾਮ ਸਿੰਘ ਜੀ) ਨੂੰ ਇਹ ਪਤਾ ਲੱਗਾ ਕਿ ਪੁਲੀਸ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਆਪਣੇ ਆਪ ਨੂੰ ਸ਼ਾਂਤੀਪੂਰਨ ਢੰਗ ਨਾਲ ਪੁਲੀਸ ਦੇ ਹਵਾਲੇ ਕਰ ਦਿੱਤਾ। ... ਇਨ੍ਹਾਂ ਨੂੰ ਅਲਾਹਾਬਾਦ ਭੇਜਿਆ ਗਿਆ ਤੇ ਫਿਰ ਰੰਗੂਨ ਭੇਜ ਦਿੱਤਾ ਗਿਆ। ਬਾਕੀ 16 ਬੰਦਿਆਂ ਨੂੰ ਵੀ ਅਗਲੇ ਦਿਨ ਫਾਂਸੀ ਉੱਤੇ ਲਟਕਾ ਦਿੱਤਾ ਗਿਆ’’।..ਮਿਸਟਰ ਕੋਵਾਨ ਅਤੇ ਮਿਸਟਰ ਫਾਰਸਿੱਥ ਉੱਤੇ ਫੌਰੀ ਕਤਲੇਆਮ (Summary Execution) ਕਰਨ ਦਾ ਮੁਕੱਦਮਾ ਚੱਲਿਆ। ... ਮਿਸਟਰ ਕੋਵਾਨ ਨੂੰ ਅਹੁਦੇ ਤੋਂ ਹਟਾ ਕੇ ਵਾਪਸ ਇੰਗਲੈਂਡ ਭੇਜ ਦਿੱਤਾ ਗਿਆ ਅਤੇ ਫਾਰਸਿੱਥ ਦੀ ਬਦਲੀ ਪੰਜਾਬ ਤੋਂ ਅਵਧ ਰਾਜ ਵਿੱਚ ਉਸੇ ਅਹੁਦੇ ਉੱਤੇ ਕਰ ਦਿੱਤੀ ਗਈ। ਬਿਨਾਂ ਮੁਕੱਦਮਾ ਚਲਾਏ ਅਤੇ ਬਿਨਾਂ ਸੁਣਵਾਈ ਦਾ ਮੌਕਾ ਦਿੱਤੇ 50 ਲੋਕਾਂ ਨੂੰ ਤੋਪ ਨਾਲ ਉਡਾਉਣ ਅਤੇ 16 ਨੂੰ ਫਾਂਸੀ ਉੱਤੇ ਚੜ੍ਹਾਉਣ ਦੇ ਜੁਰਮ ਵਿੱਚ ਉਨ੍ਹਾਂ ਨੂੰ ਸਿਰਫ਼ ਇਹੋ ਸਜ਼ਾ ਦਿੱਤੀ ਗਈ।
ਇਧਰ ਬਾਕੀ ਨਾਮਧਾਰੀ ਭਾਈਚਾਰੇ ਉੱਤੇ ਬੜੇ ਜ਼ੁਲਮ ਹੋਣ ਲੱਗੇ। ਹਰ ਕੂਕਾ ਆਪੋ ਆਪਣੇ ਘਰ ਵਿੱਚ ਨਜ਼ਰਬੰਦ ਸੀ। ਬਾਹਰ ਨਿਕਲਣ ਲਈ ਆਗਿਆ ਲੈਣ ਜਾਣ ਦਾ ਮਤਲਬ ਸੀ ਪੁਲੀਸ ਦੇ ਅੱਤਿਆਚਾਰਾਂ ਨੂੰ ਸੱਦਾ ਦੇਣਾ ਤੇ ਬੇਇੱਜ਼ਤ ਹੋਣਾ ਜਾਂ ਆਗਿਆ ਦੀ ਥਾਂ, ਕਈ ਕਈ ਦਿਨ ਘਰਾਂ ਅੰਦਰ ਚੁੱਪਚਾਪ ਭੁੱਖੇ ਪਿਆਸੇ ਪਏ ਰਹਿਣਾ। ਇਹ ਹਾਲਾਤ ਬਹੁਤ ਦਿਨਾਂ ਤੱਕ ਰਹੇ। ਸਤਿਗੁਰੂ ਰਾਮ ਸਿੰਘ ਬਰਮਾ ਵਿੱਚ ਹੀ ਨਜ਼ਰਬੰਦ ਰਹੇ। ਡਿਸਟ੍ਰਿਕਟ ਗ਼ਜ਼ਟੀਅਰ ਵਿੱਚ ਲਿਖਿਆ ਹੈ ਕਿ ‘ਆਖ਼ਰਕਾਰ ਸੰਨ 1885 ਵਿੱਚ ਬਰਮਾ ਵਿਖੇ ਉਹ ਸਵਰਗ ਸਿਧਾਰ ਗਏ।’ ਸਤਿਗੁਰੂ ਰਾਮ ਸਿੰਘ ਦੀਆਂ ਸਾਰੀਆਂ ਹਸਰਤਾਂ ਦਿਲ ਵਿਚ ਹੀ ਰਹਿ ਗਈਆਂ ਸਨ। ਉਨ੍ਹਾਂ ਦੇ ਬਾਕੀ ਸਾਰੇ ਚੇਲਿਆਂ ਦੀ ਕੁਰਬਾਨੀ ਵੀ ਵੱਡੀ ਹੋ ਗਈ। ਉਨ੍ਹਾਂ ਅਗਿਆਤ ਲੋਕਾਂ ਦੀਆਂ ਕੁਰਬਾਨੀਆਂ ਦਾ ਜੋ ਵੀ ਸਿੱਟਾ ਨਿਕਲਿਆ ਪਰ ਅਸੀਂ ਤਾਂ ਉਨ੍ਹਾਂ ਦੀ ਜਿੱਤ-ਹਾਰ ਦਾ ਵਿਚਾਰ ਕੀਤੇ ਬਿਨਾਂ, ਉਨ੍ਹਾਂ ਦੀਆਂ ਨਿਸ਼ਕਾਮ ਕੁਰਬਾਨੀਆਂ ਨੂੰ ਪ੍ਰਣਾਮ ਕਰਦੇ ਹਾਂ।
ਸੰਪਰਕ: 94170-72314

