DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜੈੱਨ-ਜ਼ੀ ਦੀ ਜਿੱਤ ਦੇ ਮਾਅਨੇ

ਕੌਕਰੋਚ ਜਨਤਾ ਪਾਰਟੀ ਵੱਲੋਂ ਫ਼ਿਲਹਾਲ ਭਾਵੇਂ ਜੰਤਰ-ਮੰਤਰ ਤੋਂ ਪ੍ਰਦਰਸ਼ਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਰ ਇਸ ਨਾਲ ਜੁੜੇ ਮੁੱਦਿਆਂ ਉੱਤੇ ਸੰਘਰਸ਼ ਅਜੇ ਖ਼ਤਮ ਨਹੀਂ ਹੋਇਆ। ਇਸ ਸੰਘਰਸ਼ ਨੂੰ ਸਥੂਲ ਅਤੇ ਸੂਖਮ ਰੂਪਾਂ ਵਿੱਚ ਸਮਝਣ ਦੀ ਲੋੜ ਹੈ। ਸਥੂਲ...

  • fb
  • twitter
  • whatsapp
  • whatsapp
Advertisement

ਕੌਕਰੋਚ ਜਨਤਾ ਪਾਰਟੀ ਵੱਲੋਂ ਫ਼ਿਲਹਾਲ ਭਾਵੇਂ ਜੰਤਰ-ਮੰਤਰ ਤੋਂ ਪ੍ਰਦਰਸ਼ਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਰ ਇਸ ਨਾਲ ਜੁੜੇ ਮੁੱਦਿਆਂ ਉੱਤੇ ਸੰਘਰਸ਼ ਅਜੇ ਖ਼ਤਮ ਨਹੀਂ ਹੋਇਆ। ਇਸ ਸੰਘਰਸ਼ ਨੂੰ ਸਥੂਲ ਅਤੇ ਸੂਖਮ ਰੂਪਾਂ ਵਿੱਚ ਸਮਝਣ ਦੀ ਲੋੜ ਹੈ। ਸਥੂਲ ਰੂਪ ਵਿੱਚ ਇਹ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ, ਨੀਟ ਪ੍ਰੀਖਿਆ ਤੋਂ ਬਾਅਦ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਅੰਦੋਲਨਕਾਰੀਆਂ ਖ਼ਿਲਾਫ਼ ਬਣਾਏ ਕੇਸ ਵਾਪਸ ਲੈਣ ਦੀਆਂ ਮੰਗਾਂ ਤੱਕ ਸੀਮਿਤ ਲੱਗਦਾ ਹੈ। ਸੂਖਮ ਰੂਪ ਵਿੱਚ ਇਹ ਬਹੁ-ਪਰਤੀ ਅੰਦੋਲਨ ਹੈ ਜਿਸ ਨੇ ਇਸ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਉੱਤੇ ਲੱਗੇ ਵੱਡੇ ਸਵਾਲੀਆ ਨਿਸ਼ਾਨ ਨੂੰ ਮੌਜੂਦਾ ਭਾਰਤੀ ਸਮਾਜਿਕ ਅਤੇ ਰਾਜਨੀਤਿਕ ਵਿਵਸਥਾ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਹੈ।

ਇਹ ਅੰਦੋਲਨ ਨੌਜਵਾਨ ਪੀੜ੍ਹੀ ਦੀ ਭਾਰੀ ਨਿਰਾਸ਼ਾ ਵਿੱਚੋਂ ਪੈਦਾ ਹੋਇਆ, ਜੋ ਨੀਟ ਜਿਹੀਆਂ ਪ੍ਰੀਖਿਆਵਾਂ ਲਈ ਸਖ਼ਤ ਮਿਹਨਤ ਕਰ ਕੇ ਇਨ੍ਹਾਂ ਨੂੰ ਪਾਸ ਕਰਕੇ ਇੱਕ ਚੰਗਾ ਅਤੇ ਸੁਰੱਖਿਅਤ ਭਵਿੱਖ ਰਾਖਵਾਂ ਰੱਖਣ ਦੀ ਉਮੀਦ ਰੱਖਦੀ ਹੈ। ਉਸ ਦੀਆਂ ਇਹ ਉਮੀਦਾਂ ਵੀ ਚਕਨਾਚੂਰ ਹੋਣ ਲੱਗੀਆਂ ਜਦੋਂ ਅਜਿਹੇ ਪੇਪਰ ਲੀਕ ਹੋਏ ਜਿਨ੍ਹਾਂ ਨੇ ਮਿਹਨਤ ਅਤੇ ਲਿਆਕਤ ਨੂੰ ਮਾਨਤਾ ਦੇਣੀ ਹੈ। ਸਖ਼ਤ ਮਿਹਨਤ ਕਰਨ ਉਪਰੰਤ ਵੀ ਸੀਟ ਮਿਲਣੀ ਤੈਅ ਨਾ ਰਹੀ। ਭਾਰਤ ਦੇ ਨੌਜਵਾਨਾਂ ਵਿੱਚ ਇਸ ਵੇਲੇ ਪਸਰੀ ਬੇਰੁਜ਼ਗਾਰੀ ਅਤੇ ਮਾਯੂਸੀ ਦੌਰਾਨ ਇਹੀ ਪ੍ਰੀਖਿਆਵਾਂ ਕੁਝ ਅਜਿਹੇ ਰਾਹ ਖੋਲ੍ਹਦੀਆਂ ਸਨ ਜਿੱਥੇ ਆਸ ਦੀ ਕਿਰਨ ਨਜ਼ਰ ਆਉਂਦੀ ਸੀ। ਨਾ ਕੇਵਲ ਇਹ ਰਾਹ ਬੰਦ ਹੋਣ ਲੱਗੇ ਬਲਕਿ ਹੁਕਮਰਾਨਾਂ ਦਾ ਰਵੱਈਆ ਬੇਹੱਦ ਗ਼ੈਰ-ਸੰਵੇਦਨਸ਼ੀਲ ਅਤੇ ਗ਼ੈਰ-ਜ਼ਿੰਮੇਵਾਰਾਨਾ ਰਿਹਾ।

Advertisement

ਮੌਜੂਦਾ ਪੀੜ੍ਹੀ ਦੀ ਪ੍ਰਤਿਭਾ, ਬੁੱਧੀਮਾਨੀ ਅਤੇ ਹੁਨਰ ਦਾ ਉਸ ਤੋਂ ਵੱਡੀਆਂ ਪੀੜ੍ਹੀਆਂ ਭਲੀ-ਭਾਂਤ ਢੰਗ ਨਾਲ ਅੰਦਾਜ਼ਾ ਨਹੀਂ ਲਗਾ ਪਾਈਆਂ ਤੇ ਮੌਕੇ ਦੀ ਸਰਕਾਰ ਨੇ ਇਨ੍ਹਾਂ ਦੀ ਨਬਜ਼ ਨਹੀਂ ਪਛਾਣੀ। ਸੂਚਨਾ ਦੇ ਆਦਾਨ-ਪ੍ਰਦਾਨ ਦੀ ਬਹੁਤਾਤ ਨੇ ਇਸ ਪੀੜ੍ਹੀ ਨੂੰ ਭੰਬਲਭੂਸੇ ਵਿੱਚ ਵੀ ਚੇਤਨਤਾ ਦੀ ਸਿਖਲਾਈ ਦੇ ਦਿੱਤੀ ਹੈ। ਇਹ ਪੀੜ੍ਹੀ ਭਾਵੇਂ ਬਹੁਤੀ ਗਹਿਰੀ ਨਾ ਹੋਵੇ ਪਰ ਜਾਗਰੂਕ ਬਹੁਤ ਹੈ ਤੇ ਸਰਕਾਰੀ ਤੰਤਰ ਦੇ ਢਿੱਲੇ ਪੇਚਾਂ ਤੋਂ ਵੀ ਵਾਕਫ਼ ਹੈ। ਇਸ ਨੇ ਭਲੀ-ਭਾਂਤ ਸਾਬਤ ਕਰ ਦਿੱਤਾ ਹੈ ਕਿ ਦਹਿਸ਼ਤ ਦੇ ਸਾਏ ਵਿੱਚ ਜਿਊਣਾ ਇਸ ਨੂੰ ਮਨਜ਼ੂਰ ਨਹੀਂ। ਇਨ੍ਹਾਂ ਵਿਦਿਆਰਥੀਆਂ ਨੇ ਬਿਲਕੁਲ ਸੱਚੇ ਅਤੇ ਨਿਡਰ ਮਨ ਨਾਲ ਇਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਅਤੇ ਪੂਰੇ ਦੇਸ਼ ਦਾ ਦਿਲ ਜਿੱਤ ਲਿਆ। ਇਹ ਕੋਈ ਅਲੋਕਾਰੀ ਵਰਤਾਰਾ ਹੀ ਸੀ ਕਿ ਪਿਛਲੇ ਬਾਰਾਂ ਸਾਲ ਤੋਂ ਜੰਮੀ ਹੋਈ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਹ ਸੰਘਰਸ਼ ਵੱਡਿਆਂ ਨੂੰ ਇੱਕ ਵੱਡੀ ਗੱਲ ਸਿਖਾ ਗਿਆ ਕਿ ਡਰ ਅਸਲ ਵਿੱਚ ਸਾਡੇ ਮਨਾਂ ਵਿੱਚ ਹੁੰਦਾ ਹੈ ਤੇ ਅਸੀਂ ਡਰ ਤੋਂ ਬਾਹਰ ਨਿਕਲਣ ਨੂੰ ਟਾਲਦੇ ਰਹਿੰਦੇ ਹਾਂ, ਇਸ ਨਾਲ ਨਜ਼ਰ ਨਹੀਂ ਮਿਲਾਉਣਾ ਚਾਹੁੰਦੇ। ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੀ ਮੌਜੂਦਾ ਸਰਕਾਰ ਨੇ ਜੋ ਖ਼ੌਫ਼ ਜਨਤਾ ਵਿੱਚ ਪੈਦਾ ਕੀਤਾ ਹੋਇਆ ਸੀ ਉਹ ਦੂਰ ਹੋ ਗਿਆ ਅਤੇ ਆਵਾਮ ਨੂੰ ਇਸ ਗੱਲ ਉੱਤੇ ਯਕੀਨ ਹੋ ਗਿਆ ਕਿ ਉਸ ਦੀ ਤਾਕਤ ਅਜੇ ਜ਼ਿੰਦਾ ਹੈ ਤੇ ਏਕਤਾ ਅਜੇ ਟੁੱਟੀ ਨਹੀਂ।

Advertisement

ਕਿਸੇ ਸਿਆਸੀ ਪਾਰਟੀ ਦੀ ਟੇਕ ਤੋਂ ਬਿਨਾਂ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਨੂੰ ਰਾਸ਼ਟਰੀ ਪੱਧਰ ਉੱਤੇ ਉਭਾਰਿਆ ਅਤੇ ਸਰਕਾਰ ਅੱਗੇ ਰੱਖਿਆ। ਇਹ ਗੱਲ ਵੱਖਰੀ ਹੈ ਕਿ ਸਿਆਸੀ ਪਾਰਟੀਆਂ ਨੇ ਇਸ ਅੰਦੋਲਨ ਤੋਂ ਲਾਹਾ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਸਰਕਾਰ ਨੂੰ ਜ਼ੋਰਦਾਰ ਢੰਗ ਨਾਲ ਘੇਰਿਆ। ਧਰਮ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਡਰ ਅਤੇ ਨਫ਼ਰਤ ਦੀ ਸਿਆਸਤ ਨੂੰ ਖੁੱਲ੍ਹ ਕੇ ਚੁਣੌਤੀ ਦਿੰਦੇ ਹੋਏ ਇਨ੍ਹਾਂ ਵਿਦਿਆਰਥੀਆਂ ਦੇ ਸਿਦਕ ਅਤੇ ਸਚਾਈ ਨੇ ਦੇਸ਼ ਵਾਸੀਆਂ ਦਾ ਦਿਲ ਜਿੱਤ ਲਿਆ। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫ਼ਾਰਮਾਂ ਤੋਂ ਇਨ੍ਹਾਂ ਵਿਦਿਆਰਥੀਆਂ ਦੀ ਸਿਦਕਦਿਲੀ ਦੇ ਦ੍ਰਿਸ਼ ਖ਼ੂਬ ਵਿਖਾਏ ਗਏ। ਇਸ ਦੇ ਉਲਟ ਗੋਦੀ ਮੀਡੀਆ ਸਟੂਡੀਓ ਦੇ ਅੰਦਰ ਹੀ ਚੀਕਦਾ ਰਿਹਾ ਤੇ ਟੁਕੜੇ-ਟੁਕੜੇ ਗੈਂਗ, ਦੇਸ਼ ਦੇ ਗੱਦਾਰ ਜਿਹੇ ਘਸੇ-ਪਿਟੇ ਵਿਸ਼ੇਸ਼ਣ ਇਨ੍ਹਾਂ ਲਈ ਵਰਤਦਾ ਰਿਹਾ। ਉਸ ਦੇ ਨੁਮਾਇੰਦੇ ਅੰਦੋਲਨ ਵਾਲੀ ਥਾਂ ’ਤੇ ਆ ਕੇ ਗਰਾਊਂਡ ਰਿਪੋਰਟਿੰਗ ਕਰਨ ਦੀ ਹਿੰਮਤ ਨਹੀਂ ਜੁਟਾ ਪਾਏ। ਮੌਜੂਦਾ ਕੇਂਦਰ ਸਰਕਾਰ ਅਤੇ ਇਸ ਦੇ ਗ਼ੁਲਾਮ ਮੀਡੀਆ ਤੰਤਰ ਨੇ ਦੇਸ਼ ਦੇ ਹਿੱਤ ਵਿੱਚ ਗੱਲ ਕਰਨ ਜਾਂ ਮੁੱਦੇ ਉਠਾਉਣ ਵਾਲਿਆਂ ਨੂੰ ਦੇਸ਼-ਧ੍ਰੋਹੀ ਗਰਦਾਨਣ ਦੀ ਰਚੀ ਹੋਈ ਪੂਰੀ ਸਾਜ਼ਿਸ਼ ਇਸ ਅੰਦੋਲਨ ਨੇ ਬੇਨਕਾਬ ਕਰ ਦਿੱਤੀ।

ਦੇਸ਼ ਵਿੱਚ ਉਚੇਰੀ ਸਿੱਖਿਆ ਇਸ ਸਮੇਂ ਬੇਹੱਦ ਨਿਘਾਰ ਦੀ ਸਥਿਤੀ ਵਿੱਚ ਹੈ। ਸਟੇਟ ਯੂਨੀਵਰਸਿਟੀਆਂ ਵਿੱਤੀ ਸੰਕਟ ਅਤੇ ਸਰਕਾਰੀ ਬੇਰੁਖ਼ੀ ਨਾਲ ਜੂਝਦੀਆਂ ਹੋਈਆਂ ਹੌਲੀ-ਹੌਲੀ ਆਪਣੀ ਮੌਤ ਆਪ ਮਰਨ ਦੇ ਰਾਹ ’ਤੇ ਹਨ। ਪ੍ਰਾਈਵੇਟ ਯੂਨੀਵਰਸਿਟੀਆਂ ਨੇ ਉੱਚ ਵਰਗੀ ਸਿੱਖਿਆ ਦਾ ਰਾਹ ਅਖ਼ਤਿਆਰ ਕੀਤਾ ਹੋਇਆ ਹੈ, ਜੋ ਸਥਾਨਕ ਅਤੇ ਸਮਾਜਿਕ ਸਰੋਕਾਰਾਂ ਤੋਂ ਵਿਹੂਣੀ ਹੈ। ਨਵੀਂ ਸਿੱਖਿਆ ਨੀਤੀ ਨੇ ਮੇਜਰ, ਮਾਈਨਰ, ਅੰਤਰ-ਅਨੁਸ਼ਾਸਨੀ ਅਤੇ ਬਹੁ-ਅਨੁਸ਼ਾਸਨੀ ਚੋਣਵੇਂ ਵਿਸ਼ੇ, ਹੁਨਰ ਵਿਕਾਸ ਦਾ ਅਜਿਹਾ ਸ਼ਾਬਦਿਕ ਜਾਲ ਵਿਦਿਆਰਥੀ ਅਤੇ ਅਧਿਆਪਕ ਦੋਵਾਂ ਲਈ ਵਿਛਾਇਆ ਹੈ ਕਿ ਉਹ ਇਸ ਦੀਆਂ ਤੰਦਾਂ ਵਿੱਚ ਫਸਦੇ ਜਾ ਰਹੇ ਹਨ। ਉਚੇਰੀ ਸਿੱਖਿਆ ਲਈ ਜਿਸ ਤਰ੍ਹਾਂ ਦਾ ਅਧਿਐਨ ਅਤੇ ਇਕਾਗਰਤਾ ਲੋੜੀਂਦੀ ਹੈ, ਉਹ ਮੌਜੂਦਾ ਢਾਂਚੇ ਵਿੱਚ ਮਿਲਣੀ ਨਾਮੁਮਕਿਨ ਹੈ। ਇੰਨਾ ਬਹੁ-ਭਾਂਤੀ ਪਾਠਕ੍ਰਮ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇ ਉਦੇਸ਼ ਤੋਂ ਭਟਕਾ ਰਿਹਾ ਹੈ।

ਯੂਨੀਵਰਸਿਟੀਆਂ ਦਾ ਮੂਲ ਮੰਤਵ ਵਿਦਿਆਰਥੀ ਨੂੰ ਗਿਆਨਵਾਨ ਬਣਾਉਣਾ ਹੈ, ਕੇਵਲ ਹੁਨਰਵਾਨ ਬਣਾਉਣਾ ਨਹੀਂ। ਹੁਨਰ ਪ੍ਰਦਾਨ ਕਰਨ ਲਈ ਆਈ ਟੀ ਆਈ ਅਤੇ ਪੌਲੀਟੈਕਨਿਕ ਕਾਲਜ ਜਿਹੀਆਂ ਸੰਸਥਾਵਾਂ ਪਹਿਲਾਂ ਹੀ ਕੰਮ ਕਰ ਰਹੀਆਂ ਹਨ। ਧਿਆਨ ਨਾਲ ਵੇਖਿਆ ਜਾਵੇ ਤਾਂ ਯੂਨੀਵਰਸਿਟੀਆਂ ਨੇ ਗਿਆਨ ਦੇ ਨਵੇਂ ਦਿਸਹੱਦੇ ਬਣਾਉਣੇ ਹਨ ਅਤੇ ਪਹਿਲਾਂ ਤੋਂ ਮੌਜੂਦ ਗਿਆਨ ਦੇ ਭੰਡਾਰ ਵਿੱਚ ਨਿੱਗਰ ਵਾਧਾ ਕਰਨਾ ਹੈ। ਇਸੇ ਲਈ ਖੋਜ ਕਾਰਜ ਯੂਨੀਵਰਸਿਟੀਆਂ ਦਾ ਬਹੁਤ ਅਹਿਮ ਅੰਗ ਹੁੰਦਾ ਹੈ ਅਤੇ ਮਿਆਰੀ ਖੋਜ ਗਿਆਨ ਵਿਚਲੇ ਵਾਧੇ ਅਤੇ ਵਿਕਾਸ ਲਈ ਮਹੱਤਵਪੂਰਨ ਹੈ। ਯੂਨੀਵਰਸਿਟੀਆਂ ਵਿੱਚ ਲੰਮੇ ਸਮੇਂ ਤੋਂ ਅਧਿਆਪਕਾਂ ਦੀ ਨਵੀਂ ਭਰਤੀ ਨਹੀਂ ਹੋ ਰਹੀ ਜਾਂ ਬਹੁਤ ਸੀਮਿਤ ਰੂਪ ਵਿੱਚ ਹੋਈ ਹੈ। ਨਤੀਜੇ ਵਜੋਂ ਖੋਜ ਦਾ ਕਾਰਜ ਵੱਡੇ ਰੂਪ ਵਿੱਚ ਪ੍ਰਭਾਵਿਤ ਹੋ ਰਿਹਾ ਹੈ। ਨਵੀਂ ਸਿੱਖਿਆ ਨੀਤੀ ਤਹਿਤ ਚਾਰ ਸਾਲਾ ਬੀ ਏ ਤੋਂ ਬਾਅਦ ਹੀ ਵਿਦਿਆਰਥੀ ਪੀ-ਐੱਚ ਡੀ ਕਰਨ ਦੇ ਯੋਗ ਮੰਨਿਆ ਜਾਵੇਗਾ, ਜੋ ਇਸ ਵੱਕਾਰੀ ਖੋਜ-ਡਿਗਰੀ ਨਾਲ ਸਰਾਸਰ ਖਿਲਵਾੜ ਹੈ। ਇਸ ਤਰ੍ਹਾਂ ਨਵੀਂ ਸਿੱਖਿਆ ਨੀਤੀ ਅਧੀਨ ਸਿੱਖਿਆ ਦਾ ਢਾਂਚਾ ਖੋਖਲਾ ਹੋ ਰਿਹਾ ਹੈ ਤੇ ਨੌਜਵਾਨ ਪੀੜ੍ਹੀ ਦੀ ਚੇਤਨਾ ਨੂੰ ਖੁੰਢਾ ਕਰਨ ਵੱਲ ਵਧ ਰਿਹਾ ਹੈ।

ਇੱਕ ਗੱਲ ਤਾਂ ਸਪੱਸ਼ਟ ਹੈ ਕਿ ਜੈੱਨ-ਜ਼ੀ ਆਪਣੇ ਭਵਿੱਖ ਨੂੰ ਲੈ ਕੇ ਦਬਾਅ ਹੇਠ ਹੈ। ਇਹ ਬੋਝ ਉਸ ਨੂੰ ਭਟਕਾ ਵੀ ਸਕਦਾ ਹੈ ਤੇ ਭੜਕਾ ਵੀ ਸਕਦਾ ਹੈ। ਭਵਿੱਖੀ ਅਨਿਸਚਿਤਤਾ ਨਾਲ ਜੂਝ ਰਹੀ ਇਸ ਨਵੀਂ ਪੀੜ੍ਹੀ ਨਾਲ ਉਦੋਂ ਰਾਜਨੀਤਿਕ ਤੰਤਰ ਹੋਰ ਨਾ-ਇਨਸਾਫ਼ੀ ਕਰਦਾ ਹੈ ਜਦੋਂ ਇਸ ਨੂੰ ਸਮਾਜ-ਵਿਰੋਧੀ ਐਲਾਨ ਕੇ ਬੇਤੁਕੇ ਇਲਜ਼ਾਮ ਲਗਾਉਂਦਾ ਹੈ। ਇੰਨਾ ਹੀ ਨਹੀਂ, ਬੇਰਹਿਮੀ ਨਾਲ ਕੁਟਾਪਾ ਚਾੜ੍ਹਨਾ ਤੇ ਪੈਲੇਟ ਗੰਨਾਂ ਦਾ ਇਸਤੇਮਾਲ ਸਖ਼ਤੀ ਦੀ ਇੰਤਹਾ ਸੀ। ਕੇਂਦਰ ਸਰਕਾਰ ਨੂੰ ਇਹ ਸਭ ਕਰਨਾ ਮਹਿੰਗਾ ਪਿਆ ਤੇ ਉਸ ਦੀ ਸਾਖ ਕਾਫ਼ੀ ਹੇਠਾਂ ਡਿੱਗੀ।

ਸਾਲ 1990 ਤੋਂ ਬਾਅਦ ਦੇਸ਼ ਵਿੱਚ ਬੇਰੁਜ਼ਗਾਰੀ ਵਿੱਚ ਲਗਾਤਾਰ ਵਾਧਾ ਹੋਇਆ ਅਤੇ ਮੌਜੂਦਾ ਸਮੇਂ ਮਸਨੂਈ ਬੁੱਧੀ ਦੇ ਵਧ ਰਹੇ ਪ੍ਰਭਾਵ ਨੇ ਖ਼ਤਰਨਾਕ ਸਥਿਤੀ ਪੈਦਾ ਕਰ ਦਿੱਤੀ ਹੈ। ਬਾਜ਼ਾਰਵਾਦ ਦੇ ਬੇਇੰਤਹਾ ਫੈਲਾਅ ਨੇ ਮੱਧ ਵਰਗ ਦੀਆਂ ਇੱਛਾਵਾਂ ਨੂੰ ਵਧਾ ਦਿੱਤਾ ਹੈ। ਬਾਹਰਲੇ ਮੁਲਕਾਂ ਵਿੱਚ ਜਾ ਕੇ ਡਿਗਰੀਆਂ ਲੈਣ ਦਾ ਰੁਝਾਨ ਇੱਕਦਮ ਵਧਿਆ ਪਰ ਉੱਥੇ ਵੀ ਹਾਲਾਤ ਹੁਣ ਪਹਿਲਾਂ ਜਿਹੇ ਨਹੀਂ ਰਹੇ। ਨੌਕਰੀਆਂ ਦੀ ਬਹੁਤ ਘਾਟ ਹੈ ਤੇ ਪਹਿਲਾਂ ਤੋਂ ਨੌਕਰੀ ਕਰਦੇ ਲੋਕਾਂ ’ਤੇ ਵੀ ਛਾਂਟੀ ਦੀ ਤਲਵਾਰ ਲਟਕਦੀ ਰਹਿੰਦੀ ਹੈ। ਨਤੀਜੇ ਵਜੋਂ ਨੌਜਵਾਨ ਪੀੜ੍ਹੀ ਵਿੱਚ ਬੇਚੈਨੀ ਵਧ ਰਹੀ ਹੈ। ਇਸ ਤੋਂ ਪਹਿਲਾਂ ਸ੍ਰੀਲੰਕਾ ਤੇ ਨੇਪਾਲ ਵਿੱਚ ਜੈੱਨ-ਜ਼ੀ ਦਾ ਜਲਵਾ ਅਸੀਂ ਦੇਖ ਚੁੱਕੇ ਹਾਂ। ਚੀਨ ਵਿੱਚ ਵੀ ਯੁਵਾ ਪੀੜ੍ਹੀ ਦੀ ਬੇਚੈਨੀ ਅਤੇ ਗੁੱਸਾ ਅੰਦਰੋਂ-ਅੰਦਰ ਧੁਖ ਰਿਹਾ ਹੈ। ਨੌਜਵਾਨਾਂ ਦੀਆਂ ਸਮੱਸਿਆਵਾਂ ਅਤੇ ਇੱਛਾਵਾਂ ਨੂੰ ਜੇ ਅਣਦੇਖਿਆ ਕੀਤਾ ਗਿਆ ਅਤੇ ਇਨ੍ਹਾਂ ਦੇ ਵਰਤਮਾਨ ਅਤੇ ਭਵਿੱਖ ਦੀ ਸੁਰੱਖਿਆ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਕਈ ਵਿਸਫ਼ੋਟ ਹੋ ਸਕਦੇ ਹਨ।

*ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਪਰਕ: 98885-15059

Advertisement
×