ਨਫ਼ਰਤ ਦੀ ਹਨੇਰੀ ’ਚ ਰੌਸ਼ਨ ਧਰਮ ਦਾ ਦੀਪਕ
ਉੱਤਰਾਖੰਡ ਦੇ ਸ਼ਹਿਰ ਕੋਟਦਵਾਰ ਦੇ ਦੀਪਕ, ਜਿਸ ਨੂੰ ਹੁਣ ਸਮੁੱਚਾ ਦੇਸ਼ ‘ਮੁਹੰਮਦ’ ਦੀਪਕ ਵਜੋਂ ਜਾਣਦਾ ਹੈ, ਨਾਲ ਬੀਤੇ ਦਿਨਾਂ ’ਚ ਜੋ ਕੁਝ ਵੀ ਵਾਪਰਿਆ ਅਤੇ ਵਾਪਰ ਰਿਹਾ ਹੈ, ਉਹ ਸਾਡੇ ਦੇਸ਼ ਦੇ ਮੌਜੂਦਾ ਦੌਰ ਦੀ ਅਜਿਹੀ ਹਕੀਕਤ ਹੈ, ਜਿਸ ਨੂੰ...
ਉੱਤਰਾਖੰਡ ਦੇ ਸ਼ਹਿਰ ਕੋਟਦਵਾਰ ਦੇ ਦੀਪਕ, ਜਿਸ ਨੂੰ ਹੁਣ ਸਮੁੱਚਾ ਦੇਸ਼ ‘ਮੁਹੰਮਦ’ ਦੀਪਕ ਵਜੋਂ ਜਾਣਦਾ ਹੈ, ਨਾਲ ਬੀਤੇ ਦਿਨਾਂ ’ਚ ਜੋ ਕੁਝ ਵੀ ਵਾਪਰਿਆ ਅਤੇ ਵਾਪਰ ਰਿਹਾ ਹੈ, ਉਹ ਸਾਡੇ ਦੇਸ਼ ਦੇ ਮੌਜੂਦਾ ਦੌਰ ਦੀ ਅਜਿਹੀ ਹਕੀਕਤ ਹੈ, ਜਿਸ ਨੂੰ ਦੇਖ ਕੇ ਤੁਸੀਂ ਆਪਣਾ ਮੂੰਹ ਨਹੀਂ ਮੋੜ ਸਕਦੇ।
ਦੀਪਕ ਹੈ ਤਾਂ ਦੀਪਕ ਕੁਮਾਰ, ਪਰ ਉਸ ਨੂੰ ਮੁਹੰਮਦ ਦੀਪਕ ਉਦੋਂ ਬਣਨਾ ਪਿਆ ਜਦੋਂ ਬਜਰੰਗ ਦਲ ਦੇ ਕੁਝ ਨੌਜਵਾਨ ਪਾਰਕਿਨਸਨ ਦੀ ਬਿਮਾਰੀ ਤੋਂ ਪੀੜਤ ਇੱਕ ਬਜ਼ੁਰਗ ਮੁਸਲਮਾਨ ਦੀ ਦੁਕਾਨ ’ਤੇ ਹੰਗਾਮਾ ਕਰਦਿਆਂ ਉਸ ਨੂੰ ਧਮਕਾ ਰਹੇ ਸਨ ਕਿ ਉਹ ਆਪਣੀ ਦੁਕਾਨ ਦੇ ਨਾਂ ਵਿੱਚੋਂ ‘ਬਾਬਾ’ ਸ਼ਬਦ ਹਟਾਏ। ਇਸ ਦੁਕਾਨ ਦੇ ਬਿਲਕੁਲ ਨੇੜੇ ਆਪਣੇ ਇੱਕ ਮਿੱਤਰ ਦੀ ਦੁਕਾਨ ’ਤੇ ਬੈਠੇ ਦੀਪਕ ਨੇ ਜਦੋਂ ਇਹ ਰੌਲਾ-ਰੱਪਾ ਸੁਣਿਆ ਤਾਂ ਉਹ ਸਹਿਜ ਹੀ ਉੱਠ ਕੇ ਦੇਖਣ ਚਲਾ ਗਿਆ ਕਿ ਏਨਾ ਸ਼ੋਰ ਕਿਸ ਗੱਲ ਦਾ ਹੈ। ਹੁੱਲੜਬਾਜ਼ ਮੁੰਡੇ ਬਜ਼ੁਰਗ ਮੁਸਲਮਾਨ ਨੂੰ ਘੇਰ ਕੇ ਖੜੋਤੇ ਹੋਏ ਇਹ ਕਹਿ ਰਹੇ ਸਨ ਕਿ ਉਹ ਪਹਿਲਾਂ ਵੀ ਉਸ ਨੂੰ ਦੁਕਾਨ ਦੇ ਨਾਂ ’ਚੋਂ ‘ਬਾਬਾ’ ਸ਼ਬਦ ਹਟਾਉਣ ਦੀ ਚਿਤਾਵਨੀ ਦੇ ਕੇ ਗਏ ਸਨ, ਪਰ ਅਜੇ ਤੱਕ ਵੀ ਉਸ ਨੇ ਨਾਂ ਨਹੀਂ ਬਦਲਿਆ। ਦੀਪਕ ਨੇ ਦੇਖਿਆ ਕਿ ਇਨ੍ਹਾਂ ਹੁੱਲੜਬਾਜ਼ਾਂ ’ਚ ਘਿਰੇ ਉਸ ਬਜ਼ੁਰਗ ਦੇ ਹੱਥ ਕੰਬ ਰਹੇ ਸਨ ਅਤੇ ਉਹ ਘਬਰਾਇਆ ਤੇ ਸਹਿਮਿਆ ਹੋਇਆ ਸੀ। ਦੀਪਕ ਨੇ ਉਨ੍ਹਾਂ ਮੁੰਡਿਆਂ ਨਾਲ ਮੱਥਾ ਲਾਉਂਦਿਆਂ ਪੁੱਛਿਆ ਕਿ ਕੀ ਇਸ ਦੁਕਾਨ ਦਾ ਨਾਂ ਬਦਲਾਉਣ ਲਈ ਉਨ੍ਹਾਂ ਕੋਲ ਕੋਈ ਸਰਕਾਰੀ ਜਾਂ ਅਦਾਲਤੀ ਆਦੇਸ਼ ਹੈ? ਨਾਲੇ ਦੁਕਾਨ ਦਾ ਨਾਂ ਬਦਲਣ ਨਾਲ ਕਿਸੇ ਨੂੰ ਕੀ ਫ਼ਰਕ ਪਵੇਗਾ? ਦਰਅਸਲ, ਇਸ ਦੁਕਾਨ ਦਾ ਨਾਂ ‘ਬਾਬਾ ਸਕੂਲ ਡਰੈੱਸ ਐਂਡ ਮੈਚਿੰਗ ਸੈਂਟਰ’ ਹੈ। ਦੀਪਕ ਨੇ ਜੋ ਸਵਾਲ ਹੰਗਾਮਾ ਕਰਨ ਵਾਲੇ ਮੁੰਡਿਆਂ ਨੂੰ ਪੁੱਛੇ, ਸਹੀ ਸੋਚ ਵਾਲਾ ਕੋਈ ਵੀ ਵਿਅਕਤੀ ਇਹੋ ਸਵਾਲ ਹੀ ਪੁੱਛੇਗਾ। ਕੋਈ ਵੀ ਜਮਹੂਰੀ ਦੇਸ਼ ‘ਕਿਉਂਕਿ ਮੈਨੂੰ ਇਹ ਚੰਗਾ ਨਹੀਂ ਲੱਗਦਾ’ ਜਿਹੀਆਂ ਮਨਮਰਜ਼ੀਆਂ ਅਨੁਸਾਰ ਨਹੀਂ ਚੱਲ ਸਕਦਾ। ਸਾਡਾ ਦੇਸ਼ ਬਾਕਾਇਦਾ ਸੰਵਿਧਾਨ ਅਨੁਸਾਰ ਚੱਲਦਾ ਹੈ ਅਤੇ ਇਸ ਵਿੱਚ ਕਾਨੂੰਨ ਤੇ ਨਿਆਂ ਦਾ ਰਾਜ ਹੈ। ਨਿੱਜੀ ਖ਼ਾਹਿਸ਼ਾਂ ਅਨੁਸਾਰ ਦੁਕਾਨ ਦਾ ਨਾਂ ਬਦਲਾਉਣ ਦੀ ਕੋਸ਼ਿਸ਼ ਕਰਨ ਵਾਲੇ ਮੁੰਡੇ ਇਨ੍ਹਾਂ ਔਖੇ ਸਵਾਲਾਂ, ਜਿਨ੍ਹਾਂ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ, ਤੋਂ ਖਿੱਝ ਗਏ ਤੇ ਉਲਟਾ ਦੀਪਕ ਨੂੰ ਪੁੱਛਣ ਲੱਗੇ, ‘‘ਤੁਮ ਕੌਨ ਹੋ? ਇਸ ਕੀ ਔਲਾਦ ਹੋ? ਤੁਮ ਮੁੱਲਾ-ਕਠਮੁੱਲਾ ਹੋ?’’ ਜਦੋਂ ਉਹ ਵਾਰ ਵਾਰ ਪੁੱਛਣ ਲੱਗੇ ਕਿ ਉਹ ਕੌਣ ਹੈ ਤਾਂ ਦੀਪਕ ਨੇ ਉਸ ਬਜ਼ੁਰਗ ਨੂੰ ਬਚਾਉਂਦਿਆਂ ਆਖਿਆ, ‘‘ਮੈਂ ਹਾਂ ‘ਮੁਹੰਮਦ’ ਦੀਪਕ।’’ ਸਾਰੇ ਹੰਗਾਮੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਇਸੇ ਲਈ ਹੁਣ ਉਹ ਦੇਸ਼ ਭਰ ’ਚ ਮੁਹੰਮਦ ਦੀਪਕ ਵਜੋਂ ਹੀ ਜਾਣਿਆ ਜਾਂਦਾ ਹੈ।
ਆਪਣੇ ਧਰਮ ਦੀ ਆੜ ਲੈ ਕੇ ਦੂਜੇ ਧਰਮ ਨੂੰ ਨੀਵਾਂ ਦਿਖਾਉਣ ਵਾਲੇ ਹੁੜਦੰਗੀਆਂ ’ਚ ਘਿਰਿਆ ਹੋਣ ਦੇ ਬਾਵਜੂਦ ਦੀਪਕ ਦੂਜੇ ਮਜ਼ਹਬ ਦੇ ਉਸ ਬਜ਼ੁਰਗ ਦੇ ਹੱਕ ’ਚ ਡਟਿਆ ਰਿਹਾ। ਉਸ ਦਾ ਕਹਿਣਾ ਹੈ, ‘‘ਮੇਰੇ ਹਿੰਦੂ ਧਰਮ ਨੇ ਮੈਨੂੰ ਇਹੀ ਸਿਖਾਇਆ ਹੈ ਕਿ ਜਦੋਂ ਵੀ ਬੇਵੱਸ ਅਤੇ ਮਜ਼ਲੂਮ ਵਿਅਕਤੀ ਸੰਕਟ ’ਚ ਘਿਰਿਆ ਹੋਵੇ ਤਾਂ ਮੈਂ ਉਸ ਦੀ ਮਦਦ ਕਰਾਂ। ਉਸ ਦੀ ਜਾਤ-ਧਰਮ ਨਾਲ ਮੈਨੂੰ ਕੋਈ ਮਤਲਬ ਨਹੀਂ। ਮੇਰੇ ਲਈ ਉਹ ਬਜ਼ੁਰਗ ਇੱਕ ਬੇਵੱਸ ਇਨਸਾਨ ਸੀ, ਜਿਸ ਨੂੰ ਉਸ ਮੌਕੇ ਮੇਰੀ ਮਦਦ ਦੀ ਲੋੜ ਸੀ ਅਤੇ ਮੈਂ ਆਪਣੇ ਧਰਮ ਦੀ ਇਨਸਾਨੀਅਤ ਦੀ ਸਿੱਖਿਆ ਅਨੁਸਾਰ ਹੀ ਉਸ ਦੀ ਮਦਦ ਕੀਤੀ।’’
ਦੀਪਕ ਨੇ ਆਪਣੇ ਧਰਮ ਦੀ ਸਿੱਖਿਆ ਅਨੁਸਾਰ ਉਸ ਬਜ਼ੁਰਗ ਮੁਸਲਮਾਨ ਦੀ ਮਦਦ ਕੀਤੀ। ਉਸ ਦਾ ਇਹ ਅਮਲ ਹਿੰਦੂ ਧਰਮ ’ਚ ਆਸਥਾ ਰੱਖਣ ਵਾਲੇ ਹਰ ਵਿਅਕਤੀ ਲਈ ਮਾਣ ਵਾਲੀ ਗੱਲ ਹੈ, ਪਰ ਅਜੇ ਤਾਂ ਉਸ ਨੂੰ ਆਪਣੇ ਧਰਮ ਦੀ ਸਿੱਖਿਆ ਨੂੰ ਜੀਵਨ ਵਿੱਚ ਅਮਲੀ ਰੂਪ ’ਚ ਅਪਣਾਉਣ ਲਈ ਸਬਕ ਸਿਖਾਇਆ ਜਾਣਾ ਸੀ। ਹੁੜਦੰਗੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਉਸ ਖ਼ਿਲਾਫ਼ ਝੁਲਾਈ ਗਈ ਨਫ਼ਰਤ ਦੀ ਹਨੇਰੀ ’ਚ ਉਸ ਨੂੰ ਮੁੱਲਾ, ਕਠਮੁੱਲਾ ਅਤੇ ਹੋਰ ਪਤਾ ਨਹੀਂ ਕੀ ਕੀ ਕਿਹਾ ਗਿਆ। ਉਸ ਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਉਸ ਨੂੰ ਉਸ ਬਜ਼ੁਰਗ ਨਾਲ ਏਨੀ ਹੀ ਹਮਦਰਦੀ ਹੈ ਤਾਂ ਉਹ ਆਪਣਾ ਧਰਮ ਪਰਿਵਰਤਨ ਕਰ ਲਏ। ਐਲਾਨੀਆ ਤੌਰ ’ਤੇ ਉਸ ਦਾ ਵਿਰੋਧ ਕਰਨ ਲਈ ਬਜਰੰਗ ਦਲ ਦੇ ਹੁੜਦੰਗੀਆਂ ਨੇ ਉਸ ਦੇ ਜਿਮ ਮੂਹਰੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਅਤੇ ਮਿੱਥੇ ਦਿਨ ਉੱਥੇ ਪਹੁੰਚ ਕੇ ਬਹੁਤ ਹੰਗਾਮਾ ਕੀਤਾ। ਦੀਪਕ ਵੱਲੋਂ ਬਾਕਾਇਦਾ ਪਹਿਲਾਂ ਹੀ ਪੁਲੀਸ ਨੂੰ ਸੂਚਿਤ ਕੀਤੇ ਜਾਣ ਦੇ ਬਾਵਜੂਦ ਇਹ ਹੁੱਲੜਬਾਜ਼ ਗੱਡੀਆਂ ’ਤੇ ਆਏ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲੀਸ ਦੀ ਗੱਡੀ ਵੀ ਹੁੱਲੜਬਾਜ਼ਾਂ ਦੀਆਂ ਗੱਡੀਆਂ ਦੇ ਅੱਗੇ ਅੱਗੇ ਜਾ ਰਹੀ ਸੀ, ਪਰ ਕਿਸੇ ਨੇ ਇਨ੍ਹਾਂ ਨੂੰ ਰੋਕਿਆ ਨਹੀਂ। ਹੁੜਦੰਗੀਆਂ ਨੇ ਆਪਣਾ ਸਾਰਾ ਧਿਆਨ ਦੀਪਕ ’ਤੇ ਇਸ ਲਈ ਕੇਂਦਰਿਤ ਕੀਤਾ ਤਾਂ ਜੋ ਉਨ੍ਹਾਂ ਦੇ ਭਵਿੱਖ ਦੇ ਮਨਸੂਬਿਆਂ ਨੂੰ ਨੇਪਰੇ ਚਾੜ੍ਹਨ ਦੇ ਅਮਲ ਨੂੰ ਹੋੜਨ ਲਈ ਦੀਪਕ ਵਰਗਾ ਕੋਈ ਹੋਰ ਇਨਸਾਨ ਅੱਗੇ ਨਾ ਆਵੇ। ਉਨ੍ਹਾਂ ਲਈ ਸਭ ਤੋਂ ਪਹਿਲਾਂ ਅਜਿਹੇ ਲੋਕਾਂ ਦਾ ‘ਇਲਾਜ’ ਕਰਨਾ ਜ਼ਰੂਰੀ ਹੈ, ਜਿਹੜੇ ਹਰ ਵੇਲੇ ਸਨਾਤਨ ਦੀ ਇਨਸਾਨੀਅਤ ਦੀ ਸਿੱਖਿਆ ਨੂੰ ਜੀਵਨ ’ਚ ਅਪਣਾਉਂਦੇ ਤੇ ਇਸ ’ਤੇ ਅਮਲ ਕਰਦੇ ਹਨ।
ਪੁਲੀਸ ਨੇ ਵੀ ਇਨ੍ਹਾਂ ਹੁੜਦੰਗੀਆਂ ਖ਼ਿਲਾਫ਼ ਜਿਹੜੀ ਐੱਫ ਆਈ ਆਰ ਦਰਜ ਕੀਤੀ, ਉਹ ‘ਅਗਿਆਤ’ ਵਿਅਕਤੀਆਂ ਖ਼ਿਲਾਫ਼ ਸੀ ਹਾਲਾਂਕਿ ਉਹ ਬਾਕਾਇਦਾ ਵੀਡੀਓ ਜਾਰੀ ਕਰ ਕੇ ਦੀਪਕ ਦੇ ਜਿਮ ਮੂਹਰੇ ਪ੍ਰਦਰਸ਼ਨ ਕਰਨ ਆਏ ਸਨ, ਪਰ ਕਾਫ਼ਲੇ ਮੂਹਰੇ ਚੱਲਦਿਆਂ ਕਮਜ਼ੋਰ ਵਾਲੀ ਨਜ਼ਰ ਪੁਲੀਸ ਨਾ ਤਾਂ ਉਨ੍ਹਾਂ ਦੇ ਚਿਹਰੇ ਚੰਗੀ ਤਰ੍ਹਾਂ ਦੇਖ ਸਕੀ, ਨਾ ਪਛਾਣ ਸਕੀ ਅਤੇ ਨਾ ਹੀ ਯਾਦ ਰੱਖ ਸਕੀ। ਹਾਂ, ਦੀਪਕ ਦੇ ਚਿਹਰੇ ਦਾ ਹਰ ਨਕਸ਼ ਉਨ੍ਹਾਂ ਨੂੰ ਯਾਦ ਸੀ ਅਤੇ ਫਿਰ ਐੱਫ ਆਈ ਆਰ ਵੀ ਬਾਕਾਇਦਾ ਦੀਪਕ ਖ਼ਿਲਾਫ਼ ਹੀ ਕੱਟੀ ਗਈ ਅਤੇ ਕੱਟੀ ਵੀ ਮਾਰਕੁੱਟ ਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ। ਹਾਲਾਂਕਿ ਦੀਪਕ ਉਸ ਵੇਲੇ ਆਪਣੇ ਜਿਮ ਵਿੱਚ ਇਕੱਲਾ ਸੀ ਜਦੋਂ ਬਾਹਰ ਖੜ੍ਹੇ ਹੋ ਕੇ ਡੇਢ-ਦੋ ਸੌ ਵਿਅਕਤੀ ਉਸ ਨੂੰ ਗਾਲ੍ਹਾਂ ਦਿੰਦਿਆਂ ਹੋਰ ਅਪਸ਼ਬਦ ਬੋਲ ਰਹੇ ਸਨ।
ਦੀਪਕ ਨੂੰ ਉਸ ਬਜ਼ੁਰਗ ਦੀ ਮਦਦ ਕਰਨ ਲਈ ਕੋਟਦਵਾਰ ਅਤੇ ਦੇਸ਼ ਭਰ ਦੇ ਲੋਕਾਂ ਵੱਲੋਂ ਬਹੁਤ ਹੀ ਵਡਿਆਇਆ ਜਾ ਰਿਹਾ ਹੈ। ਕਿਸੇ ਟੀ ਵੀ ਚੈਨਲ ਦਾ ਪੱਤਰਕਾਰ ਜਦੋਂ ਉੱਥੋਂ ਦੇ ਆਮ ਲੋਕਾਂ ਤੋਂ ਇਸ ਘਟਨਾ ਬਾਰੇ ਪ੍ਰਤੀਕਰਮ ਪੁੱਛ ਰਿਹਾ ਸੀ ਤਾਂ ਇੱਕ ਸਥਾਨਕ ਵਿਅਕਤੀ ਨੇ ਪੱਤਰਕਾਰ ਨੂੰ ਹੀ ਸਵਾਲ ਪੁੱਛਿਆ ਕਿ ਬਜਰੰਗ ਦਲ ਵਾਲੇ ਦੀਪਕ ਦੇ ਜਿਮ ਮੂਹਰੇ ਤਾਂ ਪ੍ਰਦਰਸ਼ਨ ਕਰਨ ਆ ਗਏ ਅਤੇ ਉਸ ਨੂੰ ਤਾਂ ਬਜ਼ੁਰਗ ਦੀ ਮਦਦ ਕਰਨ ਲਈ ਗਾਲ੍ਹਾਂ ਕੱਢ ਰਹੇ ਹਨ ਪਰ ਅੰਕਿਤਾ ਭੰਡਾਰੀ, ਜੋ ਸਾਡੀ ਸਭ ਦੀ ਭੈਣ ਹੈ, ਦੀ ਪੱਤ ਰੋਲਣ, ਬਲਾਤਕਾਰ ਕਰ ਕੇ ਉਸ ਦੀ ਹੱਤਿਆ ਕਰਨ ਵਾਲਿਆਂ ਖ਼ਿਲਾਫ਼ ਉਨ੍ਹਾਂ ਦਾ ਖ਼ੂਨ ਕਿਉਂ ਨਹੀਂ ਖੌਲਦਾ? ਉਹ ਜਿਸ ਹਿੰਦੂ ਧਰਮ ਦੀ ਵਾਰ ਵਾਰ ਦੁਹਾਈ ਦੇ ਰਹੇ ਹਨ, ਕੀ ਉੱਤਰਾਖੰਡ ਦੀ ਅੰਕਿਤਾ ਇਨ੍ਹਾਂ ਦੀ ਹਿੰਦੂ ਭੈਣ ਨਹੀਂ ਸੀ? ਉਸ ਭੈਣ ਲਈ ਇਨਸਾਫ਼ ਵਾਸਤੇ ਤਾਂ ਰੋਸ ਪ੍ਰਦਰਸ਼ਨ ਲਈ ਇਨ੍ਹਾਂ ਕੋਈ ਕਾਫ਼ਲਾ ਨਹੀਂ ਬੰਨ੍ਹਿਆ ਅਤੇ ਨਾ ਹੀ ਉਨ੍ਹਾਂ ਕਥਿਤ ਬਲਾਤਕਾਰੀਆਂ ਦੇ ਘਰਾਂ ਅੱਗੇ ਰੋਸ ਮੁਜ਼ਾਹਰੇ ਕੀਤੇ ਹਨ।
ਕੋਟਦਵਾਰ ਦੇ ਲੋਕ ਅਤੇ ਵਪਾਰ ਮੰਡਲ ਦੇ ਅਹੁਦੇਦਾਰ ਸਾਰੇ ਹੀ ਮੁਸਲਿਮ ਬਜ਼ੁਰਗ ਅਤੇ ਦੀਪਕ ਦੇ ਹੱਕ ’ਚ ਆ ਖੜ੍ਹੇ ਹੋਏ ਹਨ। ਆਮ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਵੀ ਇਨ੍ਹਾਂ ਹੁੜਦੰਗੀਆਂ ਖ਼ਿਲਾਫ਼ ਖ਼ੂਬ ਭੜਾਸ ਕੱਢੀ ਹੈ। ਕੋਟਦਵਾਰ ਦੇ ਲੋਕਾਂ ਨੂੰ ਲੱਗਦਾ ਹੈ ਕਿ ਅਜਿਹੇ ਅਨਸਰ ਇੱਥੋਂ ਦੇ ਸ਼ਾਂਤ ਮਾਹੌਲ ਨੂੰ ਭੰਗ ਕਰਨਾ ਚਾਹੁੰਦੇ ਹਨ ਅਤੇ ਦੋਹਾਂ ਭਾਈਚਾਰਿਆਂ ’ਚ ਫ਼ਿਰਕੂ ਤਣਾਅ ਪੈਦਾ ਕਰਨਾ ਚਾਹੁੰਦੇ ਹਨ।
ਖ਼ੈਰ, ਇਸ ਸੂਬੇ ’ਚ ਅਗਲੇ ਸਾਲ ਚੋਣਾਂ ਹੋਣ ਵਾਲੀਆਂ ਹਨ। ਬੇਰੁਜ਼ਗਾਰੀ, ਸਿੱਖਿਆ ਤੇ ਸਿਹਤ ਸਹੂਲਤਾਂ ਨਾਲ ਜੁੜੇ ਵੱਡੇ ਸਵਾਲਾਂ ਦੇ ਜਵਾਬ ’ਚ ਅਸੀਂ ਵੋਟਾਂ ਦੀ ਭਰਵੀਂ ਫ਼ਸਲ ਕੱਟਣ ਲਈ ਸਫ਼ਲਤਾ ਨਾਲ ਅਜ਼ਮਾਏ ਜਾ ਚੁੱਕੇ ਫ਼ਿਰਕੂ ਨੁਸਖੇ ਹੁਣ ਲਗਾਤਾਰ ਵਰਤਣੇੇ ਸ਼ੁਰੂ ਕਰ ਦਿੱਤੇ ਹਨ। ਆਮ ਲੋਕਾਂ ਦੀ ਭਲਾਈ ਦੇ ਲੰਮੇ ਰਾਹ ਤੁਰਨ ਦੀ ਥਾਂ ਸੌਖਾ ਫ਼ਿਰਕੂ ਰਾਹ ਅੱਜ ਦੀ ਸਿਆਸਤ ਨੂੰ ਵਾਰਾ ਖਾਣ ਲੱਗਾ ਹੈ।
ਇਹ ਹਜੂਮ ਜਿਸ ਵੇਲੇ ਦੀਪਕ ਦੇ ਜਿਮ ਮੂਹਰੇ ਖੜ੍ਹਾ ਹੋ ਕੇ ਉਸ ਨੂੰ ਮਾਂ-ਭੈਣ ਦੀਆਂ ਗਾਲ੍ਹਾਂ ਕੱਢ ਰਿਹਾ ਸੀ, ਉਸ ਵੇਲੇ ਉਸ ਦੀ ਮਾਂ ਵੀ ਹਾਜ਼ਰ ਸੀ, ਜੋ ਉੱਥੇ ਆਪਣੇ ਪੁੱਤਰ ਦੀ ਫ਼ਿਕਰ ’ਚ ਆਈ ਸੀ। ਦੀਪਕ ਦੀਆਂ ਅੱਖਾਂ ’ਚ ਅੱਥਰੂ ਸਨ ਕਿ ਧਰਮ ਦੇ ਰਾਹ ’ਤੇ ਚਲਦਿਆਂ ਉਸ ਵੱਲੋਂ ਇੱਕ ਵਿਅਕਤੀ ਦੀ ਮਦਦ ਕਰਨ ਕਰਕੇ ਉਸ ਦੀ ਮਾਂ ਨੂੰ ਇਹੋ ਜਿਹੇ ਗਲੀਜ਼ ਸ਼ਬਦ ਸੁਣਨੇ ਪੈ ਰਹੇ ਹਨ। ਜਿਨ੍ਹਾਂ ਲੋਕਾਂ ਨੂੰ ਧੀਆਂ-ਭੈਣਾਂ ਦੀ ਇੱਜ਼ਤ ਦਾ ਖ਼ਿਆਲ ਨਹੀਂ, ਕੀ ਅਜਿਹੇ ਲੋਕ ਸਨਾਤਨ ਦਾ ਮਾਣ ਵਧਾਉਣਗੇ?
ਨਫ਼ਰਤ ਦੀ ਇਸ ਹਨੇਰੀ ਵਿੱਚ ਦੀਪਕ ਵੱਲੋਂ ਦਿੱਤਾ ਗਿਆ ਸਨਾਤਨ ਦਾ ਅਸਲ ਸੁਨੇਹਾ ਦੇਸ਼ ਵਿੱਚ ਦੂਰ ਦੂਰ ਤੱਕ ਫੈਲ ਗਿਆ ਹੈ। ਉਸ ਨੂੰ ਵੱਖ ਵੱਖ ਥਾਵਾਂ ਤੋਂ ਲੋਕ ਫੋਨ, ਮੈਸੇਜ ਕਰ ਕੇ ਅਤੇ ਸੋਸ਼ਲ ਮੀਡੀਆ ’ਤੇ ਉਸ ਦੀ ਪ੍ਰਸ਼ੰਸਾ ਕਰ ਰਹੇ ਹਨ। ਦੀਪਕ ਨੂੰ ਲੱਗਦਾ ਹੈ ਕਿ ਉਸ ਨੇ ਇਹ ਕੋਈ ਵੱਡਾ ਕੰਮ ਨਹੀਂ ਕੀਤਾ। ਕਿਸੇ ਬਜ਼ੁਰਗ ਨੂੰ ਅਜਿਹੀ ਸਥਿਤੀ ਵਿੱਚ ਦੇਖ ਕੇ ਕੋਈ ਵੀ ਅਜਿਹਾ ਹੀ ਕਰੇਗਾ। ਉਸ ਦਾ ਕਹਿਣਾ ਹੈ ਕਿ ਉਹ ਸਭ ਤੋਂ ਵੱਧ ਭਾਵੁਕ ਉਦੋਂ ਹੋਇਆ ਜਦੋਂ ਨੋਇਡਾ ਦੀ ਇੱਕ ਯੂਨੀਵਰਸਿਟੀ ਦੇ ਕੋਈ ਤੇਈ-ਚੌਵੀਂ ਸਾਲਾਂ ਦੇ ਛੇ ਨੌਜਵਾਨ ਉਸ ਨੂੰ ਮਿਲਣ ਆਏ। ਉਹ ਨਾ ਕੇਵਲ ਆਪਣੇ ਵੱਲੋਂ ਉਸ ਲਈ ਲਿਖਤੀ ਤੌਰ ’ਤੇ ਸ਼ਲਾਘਾ ਪੱਤਰ ਲੈ ਕੇ ਆਏ ਸਨ, ਨਾਲ ਹੀ ਉਸ ਲਈ ਮਹਾਤਮਾ ਬੁੱਧ ਅਤੇ ਬਜਰੰਗ ਬਲੀ ਦੀਆਂ ਮੂਰਤੀਆਂ ਵੀ ਲੈ ਕੇ ਆਏ ਸਨ। ਉਸ ਨੂੰ ਤਸੱਲੀ ਹੈ ਕਿ ਉਹ ਸਾਡੀ ਭਵਿੱਖ ਦੀ ਪੀੜ੍ਹੀ, ਸਾਡੇ ਨੌਜਵਾਨਾਂ ਤੱਕ ਆਪਣੇ ਧਰਮ ਦਾ ਸੁਨੇਹਾ ਪਹੁੰਚਾਉਣ ’ਚ ਸਫ਼ਲ ਰਿਹਾ ਹੈ।
ਇਸ ਸਾਰੇ ਘਟਨਾਕ੍ਰਮ ਦਾ ਸਭ ਤੋਂ ਖ਼ੂਬਸੂਰਤ ਤੇ
ਉੱਚੀ ਸੁਰ ਵਾਲਾ ਸੁਨੇਹਾ ਸੋਸ਼ਲ ਮੀਡੀਆ ’ਤੇ ਇੱਕ ਮੁਸਲਮਾਨ ਨੌਜਵਾਨ ਦਾ ਸੀ। ਉਸ ਨੇ ਸ਼ੁਕਰਾਨੇ ਅਤੇ ਮੋਹ ਨਾਲ ਆਖਿਆ:
‘ਦੀਪਕ ਭਾਈਜਾਨ, ਸਿਰਫ਼ ਆਪਕੇ ਲੀਏ...
ਜੈ ਸ੍ਰੀ ਰਾਮ... ਜੈ ਸ੍ਰੀ ਰਾਮ।’

