ਸੌੜੀ ਸਿਆਸਤ ਵਾਲੇ ਦੌਰ ’ਚ ਭਾਸ਼ਾਵਾਂ ਦਾ ਮਸਲਾ

ਸੌੜੀ ਸਿਆਸਤ ਵਾਲੇ ਦੌਰ ’ਚ ਭਾਸ਼ਾਵਾਂ ਦਾ ਮਸਲਾ

ਅਭੈ ਸਿੰਘ

ਸਾਡੇ ਮੁਲਕ ਵਿਚ ਤੰਗਨਜ਼ਰੀਆਂ ਤੇ ਨਫਰਤਾਂ ਦੀ ਹਨੇਰੀ ਹੀ ਚੱਲ ਪਈ ਹੈ। ਇਸ ਦੀ ਤਾਜ਼ਾ ਮਾੜੀ ਉਦਾਹਰਨ ਉਤਰਾਖੰਡ ਵਿਚ ਪੈਂਦੇ ਰੇਲਵੇ ਸਟੇਸ਼ਨਾਂ ਦੇ ਬੋਰਡਾਂ ਉਪਰ ਉਰਦੂ ਹਟਾ ਕੇ ਸੰਸਕ੍ਰਿਤ ਦੇ ਬੋਰਡ ਲਿਖਣ ਦੀ ਕਵਾਇਦਹੈ। ਅਸੀਂ ਸਭ ਸਮਝ ਸਕਦੇ ਹਾਂ ਕਿ ਇਸ ਕਵਾਇਦ ਪਿੱਛੇ ਕਿਹੜੀ ਤੰਗਨਜ਼ਰੀ ਅਤੇ ਕਿਸ ਕਿਸਮ ਦੀ ਨਫ਼ਰਤ ਹੋਵੇਗੀ। ਉਤਰਾਖੰਡ ਦੀ ਸਰਕਾਰ ਨੇ 2010 ਵਿਚ ਹਿੰਦੀ ਤੋਂ ਬਾਅਦ ਦੀ ਦੂਸਰੀ ਰਾਜ ਭਾਸ਼ਾ ਸੰਸਕ੍ਰਿਤ ਬਣਾ ਦਿੱਤੀ ਸੀ ਜਦੋਂ ਕਿ ਲਗਾਤਾਰ ਹੀ ਇਹ ਦਰਜਾ ਪੰਜਾਬੀ ਨੂੰ ਦਿੱਤੇ ਜਾਣ ਦੀ ਗੱਲ ਚੱਲ ਰਹੀ ਸੀ। ਉਥੋਂ ਦੇ ਲੀਡਰਾਂ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਅਜਿਹਾ ਇਕਰਾਰ ਵੀ ਕੀਤਾ ਸੀ ਅਤੇ ਪੰਜਾਬੀ ਸਾਹਿਤ ਅਕਾਦਮੀ ਬਣਾਉਣ ਦਾ ਵੀ ਭਰੋਸਾ ਦਿਵਾਇਆ ਸੀ ਲੇਕਿਨ ਅਖੀਰ ਸਾਰੇ ਪੱਲੜੇ ਸੰਸਕ੍ਰਿਤ ਦੇ ਹੱਕ ਵਿਚ ਜਾ ਭੁਗਤੇ।

ਉਤਰਾਖੰਡ ਬਣਨ ਦੀ ਤਜਵੀਜ਼ ਵੇਲੇ ਹੀ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਸ਼ਾਮਿਲ ਹੋਣ ਬਾਰੇ ਵਿਵਾਦ ਚੱਲਦਾ ਸੀ। ਉਹ ਸਾਰਾ ਜ਼ਿਲ੍ਹਾ ਜਿਸ ਦਾ ਵੱਡਾ ਇਲਾਕਾ ਮੈਦਾਨੀ ਹੈ ਤੇ ਖੇਤੀ ਦੀ ਆਮਦਨ ਦਾ ਸਭ ਤੋਂ ਵੱਡਾ ਖੇਤਰ ਵੀ, ਉਥੋਂ ਦੀ ਭਾਰੀ ਵਸੋਂ ਪੰਜਾਬੀ ਹੈ, ਉੱਥੇ ਪੰਜਾਬ ਦੇ ਪਿੰਡਾਂ ਵਰਗੀ ਝਲਕ ਹੈ। ਇਥੋਂ ਦੀ ਰਾਜਧਾਨੀ ਦੇਹਰਾਦੂਨ ਸ਼ਹਿਰ ਤੇ ਇਸ ਦੇ ਨਾਲ ਦੇ ਇਲਾਕੇ ਵੀ ਪੰਜਾਬੀ ਪ੍ਰਭਾਵ ਵਾਲੇ ਹਨ। ਪੰਜਾਬੀ ਦੀ ਆਧੁਨਿਕ ਕਵਿਤਾ ਦੇ ਬਾਨੀ ਭਾਈ ਵੀਰ ਸਿੰਘ ਲੰਮੀ ਦੇਰ ਦੇਹਰਾਦੂਨ ਰਹੇ। ਸੱਤਵੇਂ ਗੁਰੂ ਹਰ ਰਾਏ ਦੇ ਪੁੱਤਰ ਰਾਮ ਰਾਏ ਦਾ ਡੇਰਾ ਇਥੇ ਹੋਣ ਨਾਲ ਵੀ ਪੰਜਾਬੀਆਂ ਦਾ ਰਿਸ਼ਤਾ ਬਣਦਾ ਸੀ। ਸ਼ਹਿਰ ਦਾ ਵਾਸਾ ਅਤੇ ਨਾਮਕਰਨ ਵੀ ਇਸੇ ਡੇਰੇ ਤੋਂ ਹੀ ਬਣਿਆ। ਦੂਸਰੀ ਭਾਸ਼ਾ ਦੇ ਦਰਜੇ ਦੀ ਹੱਕਦਾਰ ਪੰਜਾਬੀ ਹੀ ਬਣਦੀ ਸੀ ਜਾਂ ਉਸ ਤੋਂ ਬਾਅਦ ਉਰਦੂ ਦਾ ਸਥਾਨ ਵੀ ਹੋ ਸਕਦਾ ਹੈ।

ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਵਗੈਰਾ ਦੇ ਬੋਰਡ ਯਾਤਰੀਆਂ ਦੀ ਸਹੂਲਤ ਵਾਸਤੇ ਲਿਖੇ ਜਾਂਦੇ ਹਨ, ਵੱਖ ਵੱਖ ਭਾਸ਼ਾਵਾਂ ਵਿਚ ਇਸ ਕਰ ਕੇ ਲਿਖੇ ਜਾਂਦੇ ਹਨ ਕਿ ਜਿਸ ਨੂੰ ਇਕ ਭਾਸ਼ਾ ਨਹੀਂ ਆਉਂਦੀ, ਉਹ ਦੂਸਰੀ ਦੇ ਬੋਰਡ ਪੜ੍ਹ ਕੇ ਜ਼ਰੂਰੀ ਜਾਣਕਾਰੀ ਲੈ ਲਵੇ। ਬਹੁਤੇ ਲੋਕ ਸਿਰਫ਼ ਆਪਣੀ ਮਾਦਰੀ ਜ਼ਬਾਨ ਹੀ ਜਾਣਦੇ ਹੁੰਦੇ ਹਨ। ਹੁਣ ਕਿਹੜੇ ਲੋਕਾਂ ਦੀ ਸਹੂਲਤ ਵਾਸਤੇ ਸੰਸਕ੍ਰਿਤ ਦੇ ਬੋਰਡ ਲਗਾਏ ਜਾ ਰਹੇ ਹਨ, ਕੁਝ ਸਮਝ ਨਹੀਂ ਲੱਗਦੀ। ਸਮਝ ਨਹੀਂ ਲੱਗਦੀ ਕਿ ਆਖਰ ਕਿਨ੍ਹਾਂ ਲੋਕਾਂ ਦੀ ਮਾਂ ਬੋਲੀ ਸੰਸਕ੍ਰਿਤ ਹੈ, ਜਾਂ ਕਿਹੜੇ ਲੋਕ ਹਨ ਜੋ ਹਿੰਦੀ ਤੇ ਅੰਗਰੇਜ਼ੀ ਨਹੀਂ ਸਮਝ ਸਕਦੇ ਤੇ ਸਿਰਫ਼ ਸੰਸਕ੍ਰਿਤ ਹੀ ਜਾਣਦੇ ਹਨ। ਕਿਸੇ ਵੀ ਤਰ੍ਹਾਂ ਇਸ ਦੀ ਵਿਹਾਰਕ ਲੋੜ ਨਹੀਂ ਸਮਝ ਆਈ, ਇਸ ਨਾਲ ਸਿਰਫ਼ ਤੰਗਨਜ਼ਰੀ ਅਤੇ ਨਫ਼ਰਤ ਦੀ ਚੱਲ ਰਹੀ ਹਵਾ ਨੂੰ ਹੀ ਪੱਠੇ ਪਾਏ ਹੋ ਸਕਦੇ ਹਨ।

ਵੱਡੀ ਗੱਲ ਇਹ ਹੈ ਕਿ ਸੰਸਕ੍ਰਿਤ ਅਤੇ ਹਿੰਦੀ, ਦੋਹਾਂ ਦੀ ਇਕੋ ਲਿਪੀ ਦੇਵਨਾਗਰੀ ਹੈ, ਭਾਵ ਲਿਖਣ ਅਤੇ ਪੜ੍ਹਨ ਵਾਸਤੇ ਇਕੋ ਹੈ। ਸਿਰਫ਼ ਬਨਾਵਟੀ ਤੌਰ ਤੇ ਵੱਖਰਾ ਕਰਨ ਵਾਸਤੇ ਹਿੰਦੀ ਦੇ ਸ਼ਬਦ ਦੇ ਅਖੀਰ ਵਿਚ ਇਕ ਅੱਖਰ ‘ਮਾ’ ਦੇ ਹੇਠਾਂ ਹਲੰਤ ਲਗਾ ਕੇ ਲਿਖਿਆ ਗਿਆ ਹੈ ਜਿਸ ਨੂੰ ਹੁਣ ਬਹੁਤ ਸਾਰੇ ਸੰਸਕ੍ਰਿਤ ਦੇ ਵਿਦਵਾਨ ਵੀ ਸਹੀ ਨਹੀਂ ਮੰਨਦੇ। ਇਹ ਪ੍ਰਵਾਨਤ ਨਿਯਮ ਹੈ ਕਿ ਕਿਸੇ ਵੀ ਪਰਾਪਰ ਨਾਮ ਦਾ ਤਰਜਮਾ ਨਹੀਂ ਹੋ ਸਕਦਾ, ਭਾਵੇਂ ਉਹ ਕਿਸੇ ਸ਼ਖ਼ਸ ਦਾ ਹੋਵੇ ਜਾਂ ਵਸਤੂ ਦਾ ਤੇ ਜਾਂ ਫਿਰ ਸ਼ਹਿਰ ਦਾ ਹੋਵੇ। ਦੇਹਰਾਦੂਨ ਨੂੰ ਦੇਹਰਾਦੂਨਮ ਬਣਾਉਣਾ ਅਤੇ ਰਿਸ਼ੀਕੇਸ਼ ਨੂੰ ਰਿਸ਼ੀਕੇਸ਼ਮ ਤਾਂ ਚੱਲ ਗਿਆ ਪਰ ਜਦੋਂ ਰੁੜਕੀ ਨੂੰ ਰੁੜਕੀਅੱਮ ਬਣਾਇਆ ਤਾਂ ਉਹ ਬਹੁਤ ਅਟਪਟਾ ਲੱਗਾ ਅਤੇ ਲੋਕਾਂ ਨੇ ਉਸ ਉਪਰ ਕਾਗਜ਼ ਦੀਆਂ ਪਰਚੀਆਂ ਲਗਾ ਦਿੱਤੀਆਂ ਸਨ। ਤੁਸੀਂ ਸੂਰਜ ਪ੍ਰਕਾਸ਼ ਨਾਮ ਦੇ ਬੰਦੇ ਨੂੰ ਅੰਗਰੇਜ਼ੀ ਵਿਚ ਲਿਖਣ ਵੇਲੇ ਉਸ ਦਾ ਸੱਨ ਲਾਈਟ ਨਹੀਂ ਬਣਾ ਸਕਦੇ।

ਮਰਾਠੀ ਭਾਸ਼ਾ ਦੀ ਲਿਪੀ ਵੀ ਦੇਵਨਾਗਰੀ ਹੈ, ਇਸ ਵਾਸਤੇ ਮਹਾਰਾਸ਼ਟਰ ਵਿਚ ਹਿੰਦੀ ਤੇ ਮਰਾਠੀ ਦੇ ਵੱਖਰੇ ਵੱਖਰੇ ਬੋਰਡ ਨਹੀਂ ਲੱਗੇ। ਇਕੋ ਬੋਰਡ ਹੋਵੇਗਾ, ਉਸ ਨੂੰ ਕੋਈ ਮਰਾਠੀ ਸਮਝ ਲਵੇ ਜਾਂ ਹਿੰਦੀ। ਨੇਪਾਲੀ ਦੀ ਲਿਪੀ ਵੀ ਦੇਵਨਾਗਰੀ ਹੈ। ਉਥੇ ਵੀ ਵੱਖਰੇ ਵੱਖਰੇ ਬੋਰਡਾਂ ਦੀ ਜ਼ਰੂਰਤ ਨਹੀਂ। ਕੀਤਾ ਕੀ ਜਾਵੇ ਜਦੋਂ ਵਖਰੇਂਵਿਆਂ ਦੀ ਲਲਕ ਬਹੁਤ ਪ੍ਰਚੰਡ ਹੋ ਜਾਵੇ ਤਾਂ ਬਨਾਉਟੀ ਤੇ ਬੇਸਿਰ-ਪੈਰ ਦੀਆਂ ਕਾਢਾਂ ਨਿਕਲ ਆਉਂਦੀਆਂ ਹਨ। ਇਹ ਕਦਮ ਸੰਸਕ੍ਰਿਤ ਨੂੰ ਮਾਨ ਸਨਮਾਨ ਦੇਣ ਵਾਲਾ ਨਹੀਂ ਸਗੋ ਮਜ਼ਾਕ ਉਡਾਉਣ ਵਾਲੀ ਗੱਲ ਜਾਪਦਾ ਹੈ। ਇਸ ਦਾ ਅਸਲੀ ਮਕਸਦ ਵੀ ਸੰਸਕ੍ਰਿਤ ਨੂੰ ਸਨਮਾਨ ਦੇਣਾ ਨਹੀਂ, ਉਰਦੂ ਦਾ ਤ੍ਰਿਸਕਾਰ ਕਰਨਾ ਹੈ। ਨਿਸ਼ਾਨਾ ਸੰਸਕ੍ਰਿਤ ਨਹੀਂ, ਉਰਦੂ ਹੈ।

ਉਰਦੂ ਨੂੰ ਮੁਸਲਮਾਨਾਂ ਦੀ ਜ਼ਬਾਨ ਸਮਝਿਆ ਗਿਆ। ਭਾਸ਼ਾਵਾਂ ਧਰਮਾਂ ਦੇ ਬੰਧਨਾਂ ਵਿਚ ਨਹੀਂ ਰਹਿੰਦੀਆਂ। ਉਰਦੂ ਜ਼ਬਾਨ ਦੀ ਅਮੀਰੀ ਦੀ ਆਪਣੀ ਕਸ਼ਿਸ਼ ਹੈ। ਕ੍ਰਿਸ਼ਨ ਚੰਦਰ, ਰਜਿੰਦਰ ਸਿੰਘ ਬੇਦੀ ਅਤੇ ਜਗਨ ਨਾਥ ਆਜ਼ਾਦ ਉਰਦੂ ਦੇ ਮਹਾਨ ਲੇਖਕਾਂ ਵਿਚੋਂ ਹਨ। ਫਿਰ ਵੀ ਮੰਨਦੇ ਹਾਂ ਕਿ ਸਾਡੇ ਮੁਸਲਿਮ ਭੈਣ ਭਰਾ ਉਰਦੂ ਨਾਲ ਵਿਸ਼ੇਸ਼ ਲਗਾਓ ਅਤੇ ਮੁਹੱਬਤ ਰੱਖਦੇ ਹਨ, ਇਸ ਦੀ ਲਿਪੀ ਅਰਬੀ ਸਰੋਤ ਦੀ ਹੈ। ਬਹੁਤੀਆਂ ਇਸਲਾਮਿਕ ਧਾਰਮਿਕ ਕਿਤਾਬਾਂ ਉਰਦੂ ਵਿਚ ਹਨ, ਸ਼ਾਇਦ ਇਸੇ ਕਰ ਕੇ ਕੱਟੜਪੰਥੀਆਂ ਨੂੰ ਉਰਦੂ ਵਿਚੋਂ ਮੁਸਲਮਾਨ ਦਾ ਚਿਹਰਾ ਨਜ਼ਰ ਆਉਂਦਾ ਹੈ ਅਤੇ ਇਹ ਇਸੇ ਨੂੰ ਦੇਖਣਾ ਨਹੀਂ ਚਾਹੁੰਦੇ। ਫਿਰਕਾਪ੍ਰਸਤ ਲਾਣਾ ਸਮਝਦਾ ਹੈ ਕਿ ਹਿੰਦੂ ਰਾਸ਼ਟਰ ਦੇ ਰਸਤੇ ਵਿਚ ਉਰਦੂ ਵੀ ਇਕ ਰੁਕਾਵਟ ਹੋਵੇਗੀ, ਇਸ ਨਾਲ ਹਿੰਦੂ ਰਾਸ਼ਟਰ ਦਾ ਅਕਸ ਨਹੀਂ ਬਣ ਸਕਦਾ।

ਦਰਅਸਲ, ਤੇ ਸ਼ਾਇਦ ਅਜਿਹੇ ਕਾਰਨਾਂ ਕਰ ਕੇ ਹੀ ਉਰਦੂ ਨਾਲ ਆਜ਼ਾਦੀ ਤੋਂ ਫੌਰੀ ਬਾਅਦ ਹੀ ਮਤਰੇਈ ਮਾਂ ਵਾਲਾ ਸਲੂਕ ਸ਼ੁਰੂ ਹੋ ਗਿਆ ਤੇ ਇਸ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ। ਹੋਣਾ ਤਾਂ ਇਹ ਚਾਹੀਦਾ ਸੀ ਕਿ ਦੇਸ਼ ਅੰਦਰ ਉਰਦੂ ਨਾਲ ਲਗਾਓ ਰੱਖਣ ਵਾਲੇ ਲੋਕਾਂ ਦੀ ਸੰਖਿਆ ਦੇਖ ਕੇ, ਇਸ ਦੀ ਇਤਿਹਾਸਕ ਥਾਂ ਸਮਝ ਕੇ ਇਸ ਨੂੰ ਹਿੰਦੀ ਦੇ ਬਰਾਬਰ ਜਾਂ ਘੱਟੋ-ਘੱਟ ਹਿੰਦੀ ਤੋਂ ਬਾਅਦ ਅਹਿਮ ਦਰਜਾ ਦਿੱਤਾ ਜਾਣਾ ਚਾਹੀਦਾ ਸੀ। ਸਾਡੇ ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਉਪਰ ਜੇ ਹਿੰਦੀ ਦੇ ਬਰਾਬਰ ਹੀ ਉਰਦੂ ਦੇ ਵੱਡੇ ਬੋਰਡ ਹੁੰਦੇ ਤਾਂ ਸਾਡੀ ਸ਼ਾਨ ਬਣਨੀ ਸੀ। ਬਹੁਤ ਸਾਰੇ ਲੋਕ ਜੋ ਅਰਬ ਦੇ ਮੁਲਕਾਂ ਜਾਂ ਮੱਧ ਏਸ਼ੀਆ ਤੋਂ ਆਉਂਦੇ ਹਨ, ਉਰਦੂ ਤਾਂ ਭਾਵੇਂ ਨਹੀ ਜਾਣਦੇ ਪਰ ਇਸ ਲਿਪੀ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ। ਇਸ ਨਾਲ ਸਾਡੀ ਧਰਮ ਨਿਰਪੱਖਤਾ ਦਾ ਅਕਸ ਵੀ ਉਜਾਗਰ ਹੁੰਦਾ ਹੈ ਪਰ ਇਹੀ ਤਾਂ ਸਾਡੇ ਹਾਕਮ ਨਹੀਂ ਚਾਹੁੰਦੇ।

ਖ਼ੁਸ਼ਕੀ ਦੇ ਰਸਤੇ ਸਾਡੇ ਮੁਲਕ ਵਿਚ ਆਉਣ ਦਾ ਸਭ ਤੋਂ ਮੁੱਖ ਦਰਵਾਜ਼ਾ ਵਾਘਾ ਬਾਰਡਰ ਹੈ। ਦੂਸਰੇ ਪਾਸਿਓਂ ਆਉਣ ਵਾਲੇ ਜ਼ਿਆਦਾਤਰ ਲੋਕ ਪਾਕਿਸਤਾਨ ਤੋਂ ਹੀ ਹੋਣਗੇ। ਕਿੰਨਾ ਚੰਗਾ ਹੋਵੇ ਜੇ ਸਾਡੇ ਪਾਸੇ ਦੋ ਚਾਰ ਵੱਡੇ ਵੱਡੇ ਬੋਰਡ ਉਰਦੂ ਵਿਚ ਵੀ ਲੱਗੇ ਹੋਣ, ਆਖਰ ਉਰਦੂ ਸਾਡੀ ਕੌਮੀ ਜ਼ਬਾਨ ਵੀ ਹੈ। ਬਹੁਤ ਲੋਕਾਂ ਦੀ ਤਜਵੀਜ਼ ਹੈ ਕਿ ਅਗਰ ਉਥੇ ਮੁਹੰਮਦ ਇਕਬਾਲ ਦਾ ਸ਼ੇਅਰ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’ ਅਤੇ ਹੇਠਾਂ ਮੁਹੰਮਦ ਇਕਬਾਲ ਦਾ ਨਾਮ ਲਿਖਿਆ ਹੁੰਦਾ ਤਾਂ ਸਾਡੇ ਵਾਸਤੇ ਠੁੱਕ ਵਾਲੀ ਚੀਜ਼ ਬਣਦਾ। ਸਾਡੇ ਵਾਲੇ ਪਾਸੇ ਦੇ ਮੁੱਖ ਦਰਵਾਜ਼ੇ ਉਪਰ ‘ਸਵਰਨ ਜੈਅੰਤ ਦਵਾਰ’ ਲਿਖਿਆ ਹੈ ਜਿਸ ਦੀ ਸਾਡੇ ਲੋਕਾਂ ਨੂੰ ਵੀ ਸਮਝ ਨਹੀਂ ਆਉਂਦੀ। ਲਾਹੌਰ ਦੇ ਰੇਲਵੇ ਸਟੇਸ਼ਨ ਉਪਰ ਭਾਰਤ ਤੋਂ ਆਉਣ ਵਾਲੇ ਯਾਤਰੂਆਂ ਦੇ ਸਵਾਗਤ ਵਾਸਤੇ ਹਿੰਦੀ ਵਿਚ ਬੋਰਡ ਲੱਗਾ ਹੋਇਆ ਹੈ ਪਰ ਅਸੀਂ ਅੰਮ੍ਰਿਤਸਰ ਅਜਿਹਾ ਬੋਰਡ ਵੀ ਨਹੀਂ ਲਗਾ ਸਕੇ।

ਹੋਰ ਤਾਂ ਹੋਰ ਕੱਟੜਪੰਥੀ ਅਤੇ ਨਫ਼ਰਤਾਂ ਦੀ ਅੱਗ ਵਿਚ ਅਸੀਂ ਆਪਣੀਆਂ ਜ਼ਬਾਨਾਂ ਪਹਿਲਾਂ ਹਿੰਦੀ ਅਤੇ ਹੁਣ ਪੰਜਾਬੀ ਦੀਆਂ ਵੀ ਸ਼ਕਲਾਂ ਵਿਗਾੜਨ ਤੱਕ ਤੁਲ ਪਏ ਹਾਂ। ਇਕ ਇਤਿਹਾਸਕ ਪ੍ਰਕਿਰਿਆ ਦੌਰਾਨ ਪਹਿਲਾਂ ਫਾਰਸੀ ਤੇ ਫਿਰ ਅੰਗਰੇਜ਼ੀ ਨੇ ਸਾਡੀਆਂ ਦੇਸੀ ਜ਼ਬਾਨਾਂ ਨੂੰ ਸ਼ਬਦਾਵਲੀ ਦੇ ਵੱਡੇ ਭੰਡਾਰਾਂ ਨਾਲ ਅਮੀਰ ਬਣਾਇਆ ਸੀ। ਹੁਣ ਚੁਣ ਚੁਣ ਕੇ ਇਨ੍ਹਾਂ ਸ਼ਬਦਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਦੀਆਂ ਬਹੁਤ ਉਦਾਹਰਨਾਂ ਹਨ। ਰੇਲਵੇ ਸਟੇਸ਼ਨ ਉਪਰ ਸੂਚਨਾ ਨਸ਼ਰ ਹੁੰਦੀ ਹੈ ਕਿ ਫਲਾਨੀ ਗੱਡੀ ਵਿਲੰਬ ਸੇ ਆਏਗੀ, ਤਾਂ ਕੋਈ ਸਾਧਾਰਨ ਸ਼ਖ਼ਸ ਪੁੱਛ ਲੈਂਦਾ ਹੈ, ਵਿਲੰਬ ਕੀ ਹੁੰਦਾ ਹੈ ਤਾਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਫਲਾਂ ਗੱਡੀ ਦੇਰੀ ਨਾਲ ਆਵੇਗੀ। ਫਿਰ ਸ਼ਬਦ ‘ਦੇਰੀ’ ਕਿਉਂ ਨਹੀਂ ਵਰਤਿਆ ਜਾਂਦਾ? ਸਿਰਫ਼ ਇਸ ਕਰ ਕੇ, ਕਿ ਇਸ ਦਾ ਸਰੋਤ ਫ਼ਾਰਸੀ ਹੈ। ਦੇਸੀ ਜ਼ਬਾਨਾਂ ਨੂੰ ਦੇਸੀ ਰਹਿਣ ਹੀ ਨਹੀਂ ਦਿੱਤਾ ਜਾ ਰਿਹਾ। ਅਗਲੀ ਪੀੜ੍ਹੀ ਦੇ ਅੰਗਰੇਜ਼ੀ ਵੱਲ ਝੁਕਾਅ ਦਾ ਇਕ ਕਾਰਨ ਇਹ ਵੀ ਹੋਵੇਗਾ।

ਪਤਾ ਲੱਗਿਆ ਹੈ ਕਿ ਉਤਰਾਖੰਡ ਦੇ ਇਸ ਕਦਮ ਦਾ ਕਾਫੀ ਵਿਰੋਧ ਹੋਇਆ ਹੈ, ਇਹ ਵਿਰੋਧ ਮੁਸਲਮਾਨਾਂ ਵੱਲੋਂ ਨਹੀਂ, ਸਗੋਂ ਸਭ ਲੋਕਾਂ ਵੱਲੋਂ ਹੋਇਆ ਹੈ। ਸੰਸਕ੍ਰਿਤ ਦੇ ਕੁਝ ਵਿਦਵਾਨਾਂ ਨੇ ਵੀ ਇਸ ਨੂੰ ਗ਼ਲਤ ਆਖਿਆ ਹੈ। ਚੰਗੀ ਗੱਲ ਹੈ ਕਿ ਸਰਕਾਰ ਇਸ ਫੈਸਲੇ ਨੂੰ ਬਦਲ ਰਹੀ ਹੈ ਲੇਕਿਨ ਇਸ ਕਾਰਵਾਈ ਨੇ ਬਹੁਤ ਬੇਹੂਦਾ ਇਸ਼ਾਰਾ ਦਿੱਤਾ ਹੈ ਅਤੇ ਇਸ ਨਾਲ ਬੜੀ ਖ਼ਤਰਨਾਕ ਅਲਾਮਤ ਸਾਹਮਣੇ ਆਈ ਹੈ।
ਸੰਪਰਕ: 98783-75903

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All