DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਰਾਸ਼ਟਰ-ਵਿਰੋਧੀ’ ਦਾ ਲਕਬ ਦਿੰਦੀ ਸੱਤਾ

ਕਿਸੇ ਦੇਸ਼ ਦੇ ਮਹਾਨ ਨਾਗਰਿਕ ਉਹ ਨਹੀਂ ਹੁੰਦੇ ਜੋ ਸੱਤਾ ਅੱਗੇ ਗੋਡੇ ਟੇਕ ਦੇਣ ਸਗੋਂ ਉਹ ਹੁੰਦੇ ਹਨ ਜੋ ਉਸ ਦੇਸ਼ ਦੀ ਇੱਜ਼ਤ ਅਤੇ ਆਜ਼ਾਦੀ ਲਈ ਆਪਣੀ ਗੱਲ ਉੱਤੇ ਚੱਟਾਨ ਵਾਂਗ ਅੜੇ ਰਹਿੰਦੇ ਹਨ, ਇਸ ਖ਼ਾਤਰ ਭਾਵੇਂ ਸੱਤਾ ਨਾਲ ਹੀ...

  • fb
  • twitter
  • whatsapp
  • whatsapp
Advertisement

ਕਿਸੇ ਦੇਸ਼ ਦੇ ਮਹਾਨ ਨਾਗਰਿਕ ਉਹ ਨਹੀਂ ਹੁੰਦੇ ਜੋ ਸੱਤਾ ਅੱਗੇ ਗੋਡੇ ਟੇਕ ਦੇਣ ਸਗੋਂ ਉਹ ਹੁੰਦੇ ਹਨ ਜੋ ਉਸ ਦੇਸ਼ ਦੀ ਇੱਜ਼ਤ ਅਤੇ ਆਜ਼ਾਦੀ ਲਈ ਆਪਣੀ ਗੱਲ ਉੱਤੇ ਚੱਟਾਨ ਵਾਂਗ ਅੜੇ ਰਹਿੰਦੇ ਹਨ, ਇਸ ਖ਼ਾਤਰ ਭਾਵੇਂ ਸੱਤਾ ਨਾਲ ਹੀ ਕਿਉਂ ਨਾ ਟਕਰਾਉਣਾ ਪਵੇ।” ਅਲਬਰਟ ਕਾਮੂ ਆਪਣੇ ਸਮੇਂ ਦੇ ਪ੍ਰਸਿੱਧ ਬਰਤਾਨਵੀ ਇਤਿਹਾਸਕਾਰ ਏ ਜੇ ਪੀ ਟੇਲਰ ਨੇ ਆਧੁਨਿਕ ਜਰਮਨੀ, ਆਧੁਨਿਕ ਬਰਤਾਨੀਆ ਅਤੇ ਦੋਵਾਂ ਆਲਮੀ ਜੰਗਾਂ ਬਾਰੇ ਵੱਡੀਆਂ ਕਿਤਾਬਾਂ ਲਿਖੀਆਂ ਅਤੇ ਇਸ ਦੇ ਨਾਲ ਹੀ ਮੀਡੀਆ ਦਿੱਗਜ ਲਾਰਡ ਬੀਵਰਬਰੁੱਕ ਦੀ ਜੀਵਨੀ ਵੀ ਲਿਖੀ। ਹਾਲਾਂਕਿ, ਉਹ ਖ਼ੁਦ ਆਪਣੀਆਂ ਸਾਰੀਆਂ ਕਿਤਾਬਾਂ ਵਿੱਚੋਂ ‘ਦਿ ਟਰੱਬਲ ਮੇਕਰਜ਼’ ਨੂੰ ਆਪਣੀ ਬਿਹਤਰੀਨ ਰਚਨਾ ਮੰਨਦੇ ਸਨ। ਇਹ ਕਿਤਾਬ ਬਰਤਾਨੀਆ ਦੇ ਉਨ੍ਹਾਂ ਵਿਰੋਧੀ ਸੁਰ ਵਾਲੇ ਲੋਕਾਂ (ਡਿਸੈਂਟਰਾਂ) ਬਾਰੇ ਸੀ, ਜਿਨ੍ਹਾਂ ਨੇ ਆਪਣੇ ਦੇਸ਼ ਦੀਆਂ ਸਾਮਰਾਜੀ ਅਤੇ ਵਿਸਤਾਰਵਾਦੀ ਵਿਦੇਸ਼ ਨੀਤੀਆਂ ਦਾ ਵਿਰੋਧ ਕੀਤਾ ਸੀ। ਆਪਣੇ ਸਮੇਂ ਦੀ ਔਕਸਫੋਰਡ ਯੂਨੀਵਰਸਿਟੀ ਦੇ ਮਾਹੌਲ ਵਿੱਚ ਟੇਲਰ ਖ਼ੁਦ ਵੀ ਕਿਸੇ ‘ਟਰੱਬਲ ਮੇਕਰ’ ਤੋਂ ਘੱਟ ਨਹੀਂ ਸਨ। ਸ਼ਾਇਦ ਇਸੇ ਕਰਕੇ ਉਨ੍ਹਾਂ ਨੂੰ ਇਹ ਕਿਤਾਬ ਇੰਨੀ ਪਸੰਦ ਰਹੀ ਹੋਵੇ। ਫਿਰ ਵੀ ਇਹ ਕਿਤਾਬ ਪੜ੍ਹਨ ਵਿੱਚ ਬਹੁਤ ਦਿਲਚਸਪੀ ਬਣੀ ਰਹਿੰਦੀ ਹੈ, ਖ਼ਾਸਕਰ ਇਸ ਵਿੱਚ ਸ਼ਾਮਿਲ ਪਾਤਰਾਂ ਕਰਕੇ।

ਏ ਜੇ ਪੀ ਟੇਲਰ ਦੇ ਇਨ੍ਹਾਂ ਵਿਰੋਧੀ ਸੁਰ ਵਾਲੇ ਲੋਕਾਂ ਵਿੱਚ ਉਨ੍ਹੀਵੀਂ ਸਦੀ ਦਾ ਲਿਬਰਲ (ਉਦਾਰਵਾਦੀ) ਸਿਆਸਤਦਾਨ ਜੌਨ ਬ੍ਰਾਈਟ ਵੀ ਸ਼ਾਮਿਲ ਸੀ। ਜੌਨ ਬ੍ਰਾਈਟ ਸ਼ਾਨਦਾਰ ਬੁਲਾਰਾ ਸੀ। ਇਤਿਹਾਸਕਾਰ ਆਸਾ ਬ੍ਰਿਗਜ਼ ਨੇ ਉਸ ਨੂੰ ਮੱਧ-ਵਿਕਟੋਰੀਆ ਕਾਲ ਦੀ ਗਰਮ-ਖ਼ਿਆਲੀ ਸਿਆਸਤ ਦਾ ਸਭ ਤੋਂ ਅਹਿਮ ਆਗੂ ਕਰਾਰ ਦਿੱਤਾ ਸੀ। ਹਾਊਸ ਆਫ ਕੌਮਨਜ਼ (ਬਰਤਾਨਵੀ ਸੰਸਦ) ਵਿੱਚ ਦਿੱਤੇ ਗਏ ਉਸ ਦੇ ਕੁਝ ਭਾਸ਼ਣਾਂ ਨੇ ਵਿਦੇਸ਼ਾਂ ਵਿੱਚ ਆਪਣੀ ਸਰਕਾਰ ਦੀਆਂ ਮੁਹਿੰਮਾਂ, ਜਿਵੇਂ ਕਿ 1850ਵਿਆਂ ਦੀ ਕ੍ਰੀਮੀਆ ਦੀ ਜੰਗ, ਦੀਆਂ ਪਰਤਾਂ ਉਧੇੜ ਕੇ ਰੱਖ ਦਿੱਤੀਆਂ ਸਨ। ਉਸ ਵੱਲੋਂ ਸਰਕਾਰੀ ਨੀਤੀਆਂ ਦੀ ਕੀਤੀ ਗਈ ਨੁਕਤਾਚੀਨੀ ਤੋਂ ਕੰਜ਼ਰਵੇਟਿਵ (ਰੂੜੀਵਾਦੀ) ਧਿਰ ਦੇ ਆਗੂ ਕਾਫ਼ੀ ਖ਼ਫ਼ਾ ਹੋਏ ਅਤੇ ਉਨ੍ਹਾਂ ਨੇ ਉਸ ਉੱਤੇ ਦੇਸ਼ ਦੇ ਹਿੱਤਾਂ ਨਾਲ ਗੱਦਾਰੀ ਕਰਨ ਦੇ ਦੋਸ਼ ਲਾਏ। ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਬ੍ਰਾਈਟ ਨੇ ਪੂਰੇ ਜੋਸ਼ ਨਾਲ ਆਖਿਆ ਸੀ:

Advertisement

“ਭਲਾ ਮੈਂ ਜਾਂ ਤੁਹਾਡੇ ਵਿੱਚੋਂ ਕੋਈ ਵੀ ‘ਗ਼ੈਰ-ਅੰਗਰੇਜ਼’ ਅਤੇ ‘ਦੇਸ਼-ਧ੍ਰੋਹੀ’ ਕਿਵੇਂ ਹੋ ਸਕਦਾ ਹੈ? ਕੀ ਮੈਂ ਇਸੇ ਧਰਤੀ ਉੱਤੇ ਨਹੀਂ ਜੰਮਿਆ? ਕੀ ਮੈਂ ਇਸੇ ਗੋਰੀ ਨਸਲ ਵਿੱਚੋਂ ਨਹੀਂ ਹਾਂ? ਕੀ ਮੇਰਾ ਪਰਿਵਾਰ ਇਸ ਦੇਸ਼ ਦੀ ਕਿਸਮਤ ਨਾਲ ਪੱਕੇ ਤੌਰ ’ਤੇ ਨਹੀਂ ਜੁੜਿਆ ਹੋਇਆ? ਕੀ ਮੇਰੀ ਜੋ ਵੀ ਜਾਇਦਾਦ ਹੈ, ਉਹ ਤੁਹਾਡੀ ਜਾਇਦਾਦ ਵਾਂਗ ਸਾਡੇ ਸਾਂਝੇ ਪਿਦਰੀ-ਵਤਨ (ਦੇਸ਼) ਦੇ ਚੰਗੇ ਪ੍ਰਬੰਧ ਉੱਤੇ ਨਿਰਭਰ ਨਹੀਂ ਕਰਦੀ? ਫਿਰ ਆਪਣੇ ਹੀ ਕਿਸੇ ਦੇਸ਼ਵਾਸੀ ਨੂੰ ਇਹ ਕਹਿ ਦੇਣਾ ਕਿੱਥੋਂ ਤੱਕ ਜਾਇਜ਼ ਹੈ ਕਿ ਉਹ ਸਿਰਫ਼ ਇਸ ਲਈ ‘ਗ਼ੈਰ-ਅੰਗਰੇਜ਼’ ਜਾਂ ‘ਦੇਸ਼-ਧ੍ਰੋਹੀ’ ਹੈ ਕਿਉਂਕਿ ਉਹ ਜਨਤਕ ਨੀਤੀਆਂ ਦੇ ਕਿਸੇ ਵੱਡੇ ਮਸਲੇ ਉੱਤੇ ਵੱਖਰਾ ਨਜ਼ਰੀਆ ਰੱਖਦਾ ਹੈ?”

Advertisement

ਮੈਂ ਇਹ ਸ਼ਬਦ ਪਹਿਲੀ ਵਾਰ ਤੀਹ ਸਾਲ ਪਹਿਲਾਂ ਪੜ੍ਹੇ ਸਨ। ਇਨ੍ਹਾਂ ਨੇ ਮੇਰੇ ਮਨ ਨੂੰ ਸਿੱਧਾ ਟੁੰਬਿਆ ਸੀ ਕਿਉਂਕਿ ਮੇਰੇ ਬਚਪਨ ਦੇ ਭਾਰਤ ਵਿੱਚ ਇਹ ਦੂਸ਼ਣਬਾਜ਼ੀ ਵਾਲਾ ਸ਼ਬਦ ‘ਦੇਸ਼-ਧ੍ਰੋਹੀ’ (ਐਂਟੀ-ਨੈਸ਼ਨਲ) ਆਮ ਤੌਰ ’ਤੇ ਹਰ ਥਾਂ ਵਰਤਿਆ ਜਾਂਦਾ ਸੀ ਅਤੇ ਉਹ ਵੀ ਸਾਡੀ ਪ੍ਰਧਾਨ ਮੰਤਰੀ ਵੱਲੋਂ, ਕੋਈ ਛੋਟੀ ਮੋਟੀ ਹਸਤੀ ਵੱਲੋਂ ਨਹੀਂ। 1971 ਵਿੱਚ ਲੋਕਾਂ ਦੇ ਭਾਰੀ ਫ਼ਤਵੇ ਨਾਲ ਚੁਣੀ ਗਈ ਇੰਦਰਾ ਗਾਂਧੀ ਨੇ ਵਿਰੋਧੀ ਸੁਰਾਂ ਨੂੰ ਦਬਾਇਆ। ਜਦੋਂ ਮਹਾਨ ਸੁਤੰਤਰਤਾ ਸੰਗਰਾਮੀ ਜੈਪ੍ਰਕਾਸ਼ ਨਾਰਾਇਣ (ਜੇ.ਪੀ.) ਦੀ ਅਗਵਾਈ ਹੇਠ ਇੱਕ ਲੋਕ ਲਹਿਰ ਨੇ ਉਸ ਦੇ ਤੌਰ-ਤਰੀਕਿਆਂ ’ਤੇ ਸਵਾਲ ਖੜ੍ਹੇ ਕੀਤੇ ਤਾਂ ਉਸ ਨੇ ਦਾਅਵਾ ਕੀਤਾ ਕਿ (ਜੇ.ਪੀ. ਸਮੇਤ) ਇਸ ਲਹਿਰ ਦੇ ਸਾਰੇ ਆਗੂ ਵਿਦੇਸ਼ੀ ਤਾਕਤਾਂ ਦੇ ਪਾਲੇ ਹੋਏ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ।

ਸ੍ਰੀਮਤੀ ਗਾਂਧੀ ਨੇ ਭਾਰਤੀ ਸਿਆਸੀ ਚਿੰਤਨ ਵਿੱਚ ‘ਵਿਦੇਸ਼ੀ ਹੱਥ’ (ਫਾਰਨ ਹੈਂਡ) ਦਾ ਨਾਅਰਾ ਲਿਆਂਦਾ। ਹਾਲ ਹੀ ਦੇ ਸਮੇਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਨਾਸ਼ਾਹੀ ਤੌਰ-ਤਰੀਕਿਆਂ ਦੇ ਮਾਮਲੇ ਵਿੱਚ ਸ਼ਾਇਦ ਇੰਦਰਾ ਗਾਂਧੀ ਤੋਂ ਵੀ ਅੱਗੇ ਨਿਕਲ ਚੁੱਕੇ ਹਨ। ਸ੍ਰੀ ਮੋਦੀ ਨੇ ਆਪਣੇ ਆਲੋਚਕਾਂ ਨੂੰ ਖ਼ਤਰਨਾਕ ‘ਦੇਸ਼-ਧ੍ਰੋਹੀ’ ਕਰਾਰ ਦੇ ਕੇ ਉਨ੍ਹਾਂ ’ਤੇ ਹੱਲੇ ਬੋਲੇ ਹਨ। ਮੋਦੀ ਜੀ ਦੇ ਦਰਬਾਰੀ ਆਪਣੇ ਵਿਰੋਧੀਆਂ ’ਤੇ ਇਹ ਦੋਸ਼ ਲਾਉਂਦੇ ਹਨ ਕਿ ਉਹ ਭਾਰਤ ਦੇ ਗੁਆਂਢੀ ਪਾਕਿਸਤਾਨ ਤੋਂ ਪੈਸੇ ਲੈ ਰਹੇ ਹਨ ਜਾਂ ਇੱਥੋਂ ਤੱਕ ਕਿ ਅਮਰੀਕੀ ਕਾਰੋਬਾਰੀ ਜੌਰਜ ਸੌਰੋਸ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ। ਜਿਹੜੇ ਲੋਕ ਮੌਜੂਦਾ ਹਕੂਮਤ ਦੇ ਬਹੁਗਿਣਤੀਵਾਦ ਅਤੇ ਤਾਨਾਸ਼ਾਹੀ ਦਾ ਵਿਰੋਧ ਕਰਦੇ ਹਨ, ਉਨ੍ਹਾਂ ਉੱਤੇ ‘ਟੁਕੜੇ-ਟੁਕੜੇ ਗੈਂਗ’ ਦੇ ਮੈਂਬਰ ਹੋਣ ਦੇ ਦੋਸ਼ ਲਾਏ ਜਾਂਦੇ ਹਨ, ਜੋ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ’ਤੇ ਦੇਸ਼ ਨੂੰ ਤੋੜਨ ਲਈ ਕੰਮ ਕਰ ਰਹੇ ਹਨ। ਆਲੋਚਕਾਂ ਨੂੰ ਬਦਨਾਮ ਕਰਨ ਲਈ ਵਰਤੇ ਜਾਂਦੇ ਹੋਰਨਾਂ ਵਿਸ਼ੇਸ਼ਣਾਂ ਵਿੱਚ ‘ਅਰਬਨ ਨਕਸਲ’ ਅਤੇ ‘ਮੈਕਾਲੇ ਪੁੱਤਰ’ ਸ਼ਾਮਲ ਹਨ।

ਇਸ ਖ਼ਬਤੀ ਮਾਨਸਿਕਤਾ ਦੀ ਤਾਜ਼ਾ ਉਦਾਹਰਣ ਸੰਘ ਪਰਿਵਾਰ ਵੱਲੋਂ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਉੱਤੇ ਕੀਤੇ ਗਏ ਹੱਲੇ ਹਨ। ਪ੍ਰਦਰਸ਼ਨਕਾਰੀ ਅਹਿੰਸਕ ਤਰੀਕੇ ਨਾਲ ਅਤੇ ਨਿੱਜੀ ਪੱਧਰ ’ਤੇ ਮੁਸ਼ਕਿਲਾਂ ਝੱਲਦਿਆਂ, ਵਿਦਿਅਕ ਖੇਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਵੱਲ ਧਿਆਨ ਖਿੱਚ ਰਹੇ ਸਨ। ਫਿਰ ਵੀ ਇਹ ਦਾਅਵਾ ਕੀਤਾ ਗਿਆ (ਆਮ ਤੌਰ ’ਤੇ ਬਿਨਾਂ ਕਿਸੇ ਸਬੂਤ ਦੇ) ਕਿ ਇਨ੍ਹਾਂ ਵਿੱਚ ਹਿੱਸਾ ਲੈਣ ਵਾਲਿਆਂ ਦਾ ਅਪਰਾਧਿਕ ਪਿਛੋਕੜ ਹੈ ਜਾਂ ਉਨ੍ਹਾਂ ਨੂੰ ਅਣਪਛਾਤੀਆਂ ਤਾਕਤਾਂ ਵੱਲੋਂ ਫੰਡ ਦਿੱਤੇ ਜਾ ਰਹੇ ਹਨ ਜਿਹੜੀਆਂ ਤਾਕਤਾਂ ਕਥਿਤ ਤੌਰ ’ਤੇ ਭਾਰਤ ਨੂੰ ਤੋੜਨ ’ਤੇ ਤੁਲੀਆਂ ਹੋਈਆਂ ਹਨ। ਆਰ ਐੱਸ ਐੱਸ ਦੇ ਇੱਕ ਵਿਚਾਰਕ ਨੇ ਸਰਕਾਰ ਨੂੰ ਤਾਕੀਦ ਕੀਤੀ ਕਿ “ਉਹ ਵਿਦਿਆਰਥੀ ਪ੍ਰਦਰਸ਼ਨਾਂ ਲਈ ਸੰਭਾਵੀ ਵਿਦੇਸ਼ੀ ਫੰਡਿੰਗ ਬਾਰੇ ਜਲਦੀ ਤੋਂ ਜਲਦੀ ਸਪੱਸ਼ਟ ਅਤੇ ਭਰੋਸੇਯੋਗ ਸਬੂਤ ਸਾਹਮਣੇ ਲਿਆਵੇ।” ਆਰ ਐੱਸ ਐੱਸ ਦੇ ਆਪਣੇ ਮੈਗਜ਼ੀਨ ‘ਆਰਗੇਨਾਈਜ਼ਰ’ ਵਿੱਚ ਛਪੇ ਇੱਕ ਲੇਖ ਵਿੱਚ ਦਾਅਵਾ ਕੀਤਾ ਗਿਆ ਕਿ “ਚੰਗਾ ਖਾਣ-ਪੀਣ ਵਾਲੇ ਅਤੇ ਸਮਾਰਟਫੋਨ ਵਰਤਣ ਵਾਲੇ ਇਹ ਮੁਜ਼ਾਹਰਾਕਾਰੀ ਆਪਣੇ ਆਪ ਭੜਕੇ ਗੁੱਸੇ ਵਾਂਗ ਨਹੀਂ ਸਗੋਂ ਪੇਸ਼ੇਵਰ ਢੰਗ ਨਾਲ ਚਲਾਈ ਜਾ ਰਹੀ ਕਿਸੇ ਮੁਹਿੰਮ ਵਾਂਗ ਕੰਮ ਕਰ ਰਹੇ ਹਨ।” ਲੇਖ ਵਿੱਚ ਅੱਗੇ ਕਿਹਾ ਗਿਆ ਕਿ ਵਿਦਿਆਰਥੀ ਜੋ ਪਿਜ਼ੇ ਅਤੇ ਬਰਗਰ ਖਾ ਰਹੇ ਸਨ, ਉਹ ਇਹ ਦਰਸਾਉਂਦੇ ਹਨ ਕਿ “ਵਿਦੇਸ਼ੀ ਖਾਤੇ ਪ੍ਰਦਰਸ਼ਨ ਵਾਲੀਆਂ ਥਾਵਾਂ ਉੱਤੇ ਖਾਣੇ ਦੇ ਪ੍ਰਬੰਧਾਂ ਨੂੰ ਸਬਸਿਡੀ ਦੇ ਰਹੇ ਹਨ” ਅਤੇ ਇਸ ਅੰਦੋਲਨ ਨੂੰ “ਦੁਨੀਆ ਭਰ ਦੇ ਮੁਲਕਾਂ ਵੱਲੋਂ ਹਮਾਇਤ ਮਿਲ ਰਹੀ ਹੈ।” ਇਸ ਤੋਂ ਇਲਾਵਾ ਜੌਰਜ ਸੌਰੋਸ ਅਤੇ ‘ਡੀਪ ਸਟੇਟ ਨੈੱਟਵਰਕ’ ਵਰਗੇ ਆਲਮੀ ਖਿਡਾਰੀਆਂ ਨਾਲ ਸ਼ੱਕੀ ਸਬੰਧ ਹੋਣ ਦੀਆਂ ਗੱਲਾਂ ਵੀ ਆਖੀਆਂ ਗਈਆਂ।

ਸੰਘ ਪਰਿਵਾਰ ਦੇ ਅਤਿ-ਰਾਸ਼ਟਰਵਾਦੀ ਭਾਰਤੀਆਂ ਨੂੰ ਦੋ ਵਰਗਾਂ ਵਿੱਚ ਵੰਡਣ ਦੀ ਕੋਸ਼ਿਸ਼ ਕਰਦੇ ਹਨ। ਵਿਅਕਤੀ ਜਾਂ ਤਾਂ ‘ਦੇਸ਼ ਭਗਤ’ ਹੁੰਦਾ ਹੈ, ਯਾਨੀ ਦੇਸ਼ ਦਾ ਸਮਰਪਿਤ ਸੇਵਕ ਜਾਂ ਫਿਰ ‘ਦੇਸ਼-ਧ੍ਰੋਹੀ’ ਯਾਨੀ ਦੇਸ਼ ਨਾਲ ਗੱਦਾਰੀ ਕਰਨ ਵਾਲਾ। ਸੱਤਾ ਵਿੱਚ ਬੈਠੀ ਹਕੂਮਤ ਦੇ ਹਮਾਇਤੀ ਪਹਿਲੀ ਸ਼੍ਰੇੇਣੀ ਵਿੱਚ ਆਉਂਦੇ ਹਨ; ਜਿਹੜੇ ਲੋਕ ਅਸਹਿਮਤੀ ਪ੍ਰਗਟ ਕਰਦੇ ਹਨ ਭਾਵੇਂ ਉਹ ਅਜਿਹਾ ਕਦੇ-ਕਦਾਈਂ ਅਤੇ ਹਲਕੇ ਰੂਪ ਵਿੱਚ ਹੀ ਕਿਉਂ ਨਾ ਕਰਨ, ਉਨ੍ਹਾਂ ਨੂੰ ਦੂਜੀ ਸ਼੍ਰੇੇਣੀ ਵਿੱਚ ਰੱਖ ਦਿੱਤਾ ਜਾਂਦਾ ਹੈ। ਵਿਦਿਆਰਥੀ ਪ੍ਰਦਰਸ਼ਨਾਂ ਦੇ ਸੰਦਰਭ ਵਿੱਚ ‘ਦੇਸ਼-ਧ੍ਰੋਹੀ’ ਸ਼ਬਦ ਦਾ ਘਾਤਕ ਖੋਖਲਾਪਣ ਬਿਲਕੁਲ ਸਾਫ਼ ਨਜ਼ਰ ਆਉਂਦਾ ਹੈ। ‘ਹਿਮਾਲ’ ਮੈਗਜ਼ੀਨ ਵਿੱਚ ਛਪੇ ਇੱਕ

ਤਾਜ਼ਾ ਲੇਖ ਵਿੱਚ ਨੇਹਾ ਦੀਕਸ਼ਤ ਨੇ ਉੱਤਰ ਪ੍ਰਦੇਸ਼ ਦੀ ਇੱਕ ਜਵਾਨ ਵਿਦਿਆਰਥਣ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਦੋਂ ਉਹ ਵੱਡੀ ਹੋ ਰਹੀ ਸੀ ਤਾਂ ਉਸ ਨੇ

ਇਹੀ ਸੁਣਿਆ ਸੀ ਕਿ “ਜਿਹੜੇ ਲੋਕ ਭਾਰਤ ਸਰਕਾਰ ਵਿਰੁੱਧ ਬੋਲਦੇ ਹਨ, ਉਹ ‘ਦੇਸ਼-ਧ੍ਰੋਹੀ’ ਹੁੰਦੇ ਹਨ,” ਪਰ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਅਤੇ ਸੱਤਾਧਾਰੀ ਪਾਰਟੀ ਵੱਲੋਂ ਉਨ੍ਹਾਂ ਉੱਤੇ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਨੇ ਉਸ ਨੂੰ ਇਹ ਸਮਝਾ ਦਿੱਤਾ ਹੈ ਕਿ ਅਸਲ ਵਿੱਚ ਦੇਸ਼-ਧ੍ਰੋਹੀ ਕੌਣ ਹਨ।

ਮੌਜੂਦਾ ਸਮੇਂ ਵਿੱਚ ਦੇਸ਼ ਜਿਨ੍ਹਾਂ ਵਿਦਿਆਰਥੀ ਪ੍ਰਦਰਸ਼ਨਾਂ ਦਾ ਗਵਾਹ ਬਣਿਆ ਹੈ, ਉਨ੍ਹਾਂ ਦੀ ਇੱਕ ਖ਼ਾਸ ਵਿਸ਼ੇਸ਼ਤਾ ਸਰਕਾਰ ਦਾ ਵਿਰੋਧ ਕਰਨ ਲਈ ਵਿਅੰਗ ਦੀ ਵਰਤੋਂ ਕਰਨਾ ਸੀ। ਭਾਵੇਂ ਪ੍ਰਦਰਸ਼ਨਕਾਰੀਆਂ ਨੂੰ ਇਸ ਬਾਰੇ ਪਤਾ ਹੋਵੇ ਜਾਂ ਨਾ ਹੋਵੇ, ਪਰ ਉਨ੍ਹਾਂ ਦੇ ਇਸ ਵਿਅੰਗਮਈ ਮਜ਼ਾਹ ਪਿੱਛੇ ਇਤਿਹਾਸ ਦੀਆਂ ਬਿਹਤਰੀਨ ਮਿਸਾਲਾਂ ਮੌਜੂਦ ਹਨ। ਜਦੋਂ ਇੰਦਰਾ ਗਾਂਧੀ ਨੇ ਪਹਿਲੀ ਵਾਰ ਵਿਰੋਧੀ ਧਿਰ ਦੇ ਆਗੂਆਂ ਉੱਤੇ ਵਿਦੇਸ਼ੀ ਤਾਕਤਾਂ ਤੋਂ ਪੈਸੇ ਲੈਣ ਦਾ ਦੋਸ਼ ਲਾਇਆ ਸੀ ਤਾਂ ‘ਸੁਤੰਤਰ ਪਾਰਟੀ’ ਦੇ ਇੱਕ ਸੰਸਦ ਮੈਂਬਰ ਪੀਲੂ ਮੋਦੀ ਇੱਕ ਦਿਨ ਲੋਕ ਸਭਾ ਵਿੱਚ ਗਲ ਵਿੱਚ ਤਖ਼ਤੀ ਲਟਕਾ ਕੇ ਆਏ ਸਨ, ਜਿਸ ਉੱਤੇ ਲਿਖਿਆ ਸੀ ‘ਮੈਂ ਸੀ ਆਈ ਏ ਦਾ ਏਜੰਟ ਹਾਂ’। ਕਈ ਦਹਾਕਿਆਂ ਬਾਅਦ ਮਹਾਨ ਨਾਟਕਕਾਰ ਗਿਰੀਸ਼ ਕਰਨਾਡ ਬੰਗਲੂਰੂ ਵਿੱਚ ਮੋਦੀ ਸਰਕਾਰ ਦੇ ਵਧ ਰਹੇ ਬਹੁਗਿਣਤੀਵਾਦ ਵਿਰੁੱਧ ਰੱਖੀ ਗਈ ਇੱਕ ਜਨਤਕ ਮੀਟਿੰਗ ਵਿੱਚ ਗਲ਼ ਵਿੱਚ ਤਖ਼ਤੀ ਪਾ ਕੇ ਸ਼ਾਮਿਲ ਹੋਏ ਸਨ, ਜਿਸ ਉੱਤੇ ਲਿਖਿਆ ਸੀ ‘ਮੈਂ ਅਰਬਨ ਨਕਸਲ ਹਾਂ’। ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨੇ ਇਸ ਰਵਾਇਤ ਨੂੰ ਹੋਰ ਅੱਗੇ ਵਧਾਇਆ ਅਤੇ ਡੂੰਘਾ ਕੀਤਾ ਹੈ, ਨਾ ਸਿਰਫ਼ ਸਰਕਾਰ ਦਾ ਮਜ਼ਾਕ ਉਡਾਉਂਦੀਆਂ ਆਪਣੀਆਂ ਗੱਲਾਂ ਅਤੇ ਚਿੱਤਰਾਂ ਰਾਹੀਂ ਸਗੋਂ ਆਪਣੇ ਆਪ ਨੂੰ ‘ਕੌਕਰੋਚ’ ਕਹਾ ਕੇ ਉਨ੍ਹਾਂ ਨੇ ਮਾਣ ਨਾਲ ਉਸ ਸ਼ਬਦ ਨੂੰ ਅਪਣਾ ਲਿਆ ਹੈ, ਜੋ ਭਾਰਤ ਦੇ ਚੀਫ ਜਸਟਿਸ ਵੱਲੋਂ ਮਿਹਣੇ ਵਜੋਂ ਵਰਤਿਆ ਗਿਆ ਸੀ।

ਇੰਡੋਨੇਸ਼ਿਆਈ ਰਾਸ਼ਟਰਵਾਦ ਬਾਰੇ ਲਿਖਣ ਵਾਲੇ ਆਇਰਲੈਂਡ ਦੇ ਮਹਾਨ ਵਿਦਵਾਨ ਬੈਨੇਡਿਕਟ ਐਂਡਰਸਨ ਨੇ ਇੱਕ ਵਾਰ ਆਖਿਆ ਸੀ ਕਿ “ਅਸਲ ਰਾਸ਼ਟਰਵਾਦੀ ਉਹ ਵਿਅਕਤੀ ਹੋ ਸਕਦਾ ਹੈ ਜਿਹੜਾ ਆਪਣੀ ਸਰਕਾਰ ਜਾਂ ਸੂਬੇ ਵੱਲੋਂ ਕੀਤੇ ਗਏ ਅਪਰਾਧਾਂ (ਭਾਵੇਂ ਉਹ ਆਪਣੇ ਹੀ ਦੇਸ਼ ਵਾਸੀਆਂ ਖ਼ਿਲਾਫ਼ ਕਿਉਂ ਨਾ ਹੋਣ) ’ਤੇ ਸ਼ਰਮਿੰਦਾ ਹੋਣਾ ਜਾਣਦਾ ਹੋਵੇ।” ਗਾਂਧੀ ਅਤੇ ਅੰਬੇਡਕਰ ਦੋਵੇਂ ਇਸ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦੇ। ਉਨ੍ਹਾਂ ਦੋਵਾਂ ਨੇ (ਭਾਵੇਂ ਆਪੋ-ਆਪਣੇ ਤਰੀਕਿਆਂ ਨਾਲ) ਇਹ ਮੰਨਿਆ ਸੀ ਕਿ ਭਾਰਤ ਵਿੱਚ ਡੂੰਘੀਆਂ ਅਤੇ ਪੁਰਾਣੀਆਂ ਸਮਾਜਿਕ ਨਾਬਰਾਬਰੀਆਂ ਜੜ੍ਹ ਫੜੀ ਬੈਠੀਆਂ ਹਨ, ਜਿਨ੍ਹਾਂ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਮੁਕਤ ਹੋਣ ਤੋਂ ਪਹਿਲਾਂ ਹੀ ਖ਼ਤਮ ਕੀਤੇ ਜਾਣ ਦੀ ਲੋੜ ਸੀ। ਖ਼ਾਸ ਕਰਕੇ, ਉਹ ਔਰਤਾਂ ਅਤੇ ਦਲਿਤਾਂ ਨਾਲ ਹੁੰਦੇ ਵਿਤਕਰੇ ਨੂੰ ਦੇਖ ਕੇ ਬਹੁਤ ਦੁਖੀ ਹੁੰਦੇ ਸਨ ਅਤੇ ਉਨ੍ਹਾਂ ਨੇ ਇਸ ਬੁਰਾਈ ਨੂੰ ਮਿਟਾਉਣ ਲਈ ਤਨਦੇਹੀ ਨਾਲ ਕੰਮ ਕੀਤਾ।

ਜਦੋਂ ਭਾਰਤ ਆਖ਼ਰਕਾਰ ਆਜ਼ਾਦ ਹੋਇਆ ਅਤੇ ਇਸ ਨੂੰ ਆਪਣਾ ਖ਼ੁਦ ਦਾ ਰਾਜ ਮਿਲਿਆ ਤਾਂ ਇਸ ਨੇ ਇੱਕ ਅਜਿਹਾ ਸੰਵਿਧਾਨ ਅਪਣਾਇਆ ਜਿਸ ਨੇ ਜਾਤ ਅਤੇ ਲਿੰਗ ਦੇ ਭੇਦਭਾਵ ਨੂੰ ਕਾਨੂੰਨੀ ਤੌਰ ’ਤੇ ਖ਼ਤਮ ਕਰ ਦਿੱਤਾ, ਪਰ ਅਮਲੀ ਰੂਪ ਵਿੱਚ ਦਲਿਤਾਂ (ਨੀਵੀਆਂ ਜਾਤਾਂ) ਅਤੇ ਔਰਤਾਂ ਨਾਲ ਵਿਤਕਰਾ ਅਜੇ ਵੀ ਜਾਰੀ ਹੈ। ਹਰ ਅਸਲ ਰਾਸ਼ਟਰਵਾਦੀ ਨੂੰ ਇਸ ਗੱਲੋਂ ਸ਼ਰਮ ਆਉਣੀ ਚਾਹੀਦੀ ਹੈ, ਸਰਕਾਰੀ ਸੁਰੱਖਿਆ ਬਲਾਂ ਵੱਲੋਂ ਕੀਤੇ ਜਾਂਦੇ ਮਨੁੱਖੀ ਅਧਿਕਾਰਾਂ ਦੇ ਘਾਣ ’ਤੇ ਵੀ ਸ਼ਰਮ ਆਉਣੀ ਚਾਹੀਦੀ ਹੈ ਅਤੇ ਨੌਕਰਸ਼ਾਹਾਂ ਤੇ ਸਿਆਸਤਦਾਨਾਂ ਦੇ ਭ੍ਰਿਸ਼ਟਾਚਾਰ ਤੇ ਬੇਈਮਾਨੀ ’ਤੇ ਵੀ ਸ਼ਰਮ ਆਉਣੀ ਚਾਹੀਦੀ ਹੈ, ਜੋ ਅਕਸਰ ਦੇਖਣ ਨੂੰ ਮਿਲਦੀ ਹੈ ਪਰ ਜਿਸ ਨੂੰ ਬਿਨਾਂ ਕਿਸੇ ਕਾਰਵਾਈ ਦੇ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਹੈ। ਜੇਕਰ ਕੋਈ ਨਾਗਰਿਕ ਜਨਤਕ ਤੌਰ ’ਤੇ ਬੋਲ ਕੇ ਜਾਂ ਪ੍ਰਦਰਸ਼ਨ ਕਰਕੇ ਆਪਣੀ ਇਸ ਸ਼ਰਮ ਦਾ ਇਜ਼ਹਾਰ ਕਰਦਾ ਹੈ ਤਾਂ ਉਹ ਆਪਣੇ ਦੇਸ਼ ਨੂੰ ਇਸ ਦੇ ਵਧੇਰੇ ਨੇਕ ਅਤੇ ਸੁਧਰੇ ਹੋਏ ਰੂਪ ਵੱਲ ਮੋੜਨ ਦਾ ਸੁਨੇਹਾ ਦੇ ਰਿਹਾ ਹੁੰਦਾ ਹੈ। ਉੱਤਰ ਪ੍ਰਦੇਸ਼ ਦੀ ਉਹ ਵਿਦਿਆਰਥਣ ਬਿਲਕੁਲ ਸਹੀ ਸੀ। ਅਸਲ ਰਾਸ਼ਟਰਵਾਦੀ ਉਹ ਤੇ ਉਸ ਦੇ ਸਾਥੀ ਸਨ ਅਤੇ ਅੱਜ ਵੀ ਉਹੀ ਹਨ। ਗਾਂਧੀ, ਅੰਬੇਡਕਰ, ਜੈਪ੍ਰਕਾਸ਼ ਨਾਰਾਇਣ ਅਤੇ ਜੌਨ ਬ੍ਰਾਈਟ ਵਰਗੇ ਦਿੱਗਜਾਂ ਨੂੰ ਵੀ ਉਨ੍ਹਾਂ ’ਤੇ ਮਾਣ ਹੁੰਦਾ।

ਈ-ਮੇਲ: ramachandraguha@yahoo.in

Advertisement
×