DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿਆਸਤ ਦੀ ਜੈੱਨ-ਜ਼ੀ ਸੁਰ

ਧਰਮੇਂਦਰ ਪ੍ਰਧਾਨ ਵੱਲੋਂ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਮਗਰੋਂ ‘ਜੈੱਨ-ਜ਼ੀ ਅਤੇ ਜੈੱਨ-ਅਲਫਾ’ ਚਾਣਚੱਕ ਦੇਸ਼ ਦੇ ਸਿਆਸੀ ਬਿਰਤਾਂਤ ਦੇ ਕੇਂਦਰ ਵਿੱਚ ਆ ਗਏ ਹਨ। ਇਸ ਨਵੀਂ ਪੀੜ੍ਹੀ ਵੱਲੋਂ ‘ਨੀਟ’ ਪੇਪਰ ਲੀਕ ਮੁੱਦੇ ’ਤੇ ਜੰਤਰ ਮੰਤਰ ਉੱਤੇ ਕੀਤੇ ਗਏ...

  • fb
  • twitter
  • whatsapp
  • whatsapp
Advertisement

ਧਰਮੇਂਦਰ ਪ੍ਰਧਾਨ ਵੱਲੋਂ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਮਗਰੋਂ ‘ਜੈੱਨ-ਜ਼ੀ ਅਤੇ ਜੈੱਨ-ਅਲਫਾ’ ਚਾਣਚੱਕ ਦੇਸ਼ ਦੇ ਸਿਆਸੀ ਬਿਰਤਾਂਤ ਦੇ ਕੇਂਦਰ ਵਿੱਚ ਆ ਗਏ ਹਨ। ਇਸ ਨਵੀਂ ਪੀੜ੍ਹੀ ਵੱਲੋਂ ‘ਨੀਟ’ ਪੇਪਰ ਲੀਕ ਮੁੱਦੇ ’ਤੇ ਜੰਤਰ ਮੰਤਰ ਉੱਤੇ ਕੀਤੇ ਗਏ ਸੰਘਰਸ਼ ਦੀ ਭਾਸ਼ਾ ਅਤੇ ਅਪਣਾਏ ਗਏ ਰਵੱਈਏ ਨੇ ਇਕਦਮ ਹੀ ਦੇਸ਼ ਦਾ ਸਿਆਸੀ ਮਾਹੌਲ ਬਦਲ ਦਿੱਤਾ ਹੈ।

ਜੰਤਰ ਮੰਤਰ ਦਾ ਰੋਸ ਪ੍ਰਦਰਸ਼ਨ ਖ਼ਤਮ ਹੋਇਆਂ ਲਗਭਗ ਦੋ ਹਫ਼ਤੇ ਬੀਤ ਗਏ ਹਨ, ਪਰ ਬਦਲੇ ਮਾਹੌਲ ਵਿੱਚ ਹੁਣ ਸਿਆਸਤਦਾਨਾਂ ਵੱਲੋਂ ਇਸ ਪੀੜ੍ਹੀ ਨੂੰ ਧਿਆਨ ਵਿੱਚ ਰੱਖ ਕੇ ਸਿਆਸਤ ਦੀਆਂ ਨਵੀਆਂ ਸੁਰਾਂ ਛੇੜੀਆਂ ਜਾ ਰਹੀਆਂ ਹਨ। ਦਰਅਸਲ, ਇਸ ਅੰਦੋਲਨ ਨੇ ਇਸ ਪੀੜ੍ਹੀ ਦਾ ਅਸਲ ਖ਼ਾਸਾ ਸਮੁੱਚੇ ਦੇਸ਼ ਸਾਹਮਣੇ ਲੈ ਆਂਦਾ ਹੈ, ਜੋ ਸਟੇਟ ਦੇ ਬਲ ਦੀ ਵਰਤੋਂ ਦੇ ਸਾਰੇ ਹੱਥਕੰਡਿਆਂ ਦਾ ਟਾਕਰਾ ਕਰਦਿਆਂ ਮੀਮਜ਼ ਤੇ ਮਜ਼ਾਹ ਦੀ ਭਾਸ਼ਾ ਨਾਲ ਸੱਤਾ ਨੂੰ ਇਉਂ ਜਿੱਚ ਕਰਦੀ ਹੈ ਕਿ ਹਾਜ਼ਰਜਵਾਬ ਆਗੂਆਂ ਨੂੰ ਵੀ ਜਵਾਬ ਦੇਣ ਲਈ ਸ਼ਬਦ ਨਹੀਂ ਅਹੁੜਦੇ। ਗੱਲ ਇੱਥੇ ਹੀ ਨਹੀਂ ਰੁਕਦੀ, ਸਿਆਸਤਦਾਨਾਂ ਨੂੰ ਇਹ ਡਰ ਵੀ ਸਤਾਉਣ ਲੱਗਿਆ ਹੈ ਕਿ ਉਨ੍ਹਾਂ ਦੇ ਜਵਾਬ ’ਤੇ ਪਤਾ ਨਹੀਂ ਜੈੱਨ-ਜ਼ੀ ਨੇ ਅੱਗਿਓਂ ਕੀ ਮੀਮ ਬਣਾ ਧਰਨਾ ਹੈ! ਜੈੱਨ-ਜ਼ੀ ਦੇ ਸੰਵਾਦ ਦੀ ਭਾਸ਼ਾ ਰਵਾਇਤੀ ਨਹੀਂ। ਵੱਡੇ ਵੱਡੇ ਸਿਆਸਤਦਾਨਾਂ ਨੂੰ ਉਹ ‘ਕੁਚੂ ਪੁਚੂ’ ਸੰਬੋਧਨ ਕਰਦੇ ਹਨ। ਇਹ ਸ਼ਬਦ ਨਿਰਾਦਰ ਭਰਿਆ ਨਹੀਂ ਸਗੋਂ ਪਿਆਰ, ਲਾਡ ਅਤੇ ਆਪਣੇਪਣ ਨਾਲ ਕੀਤਾ ਗਿਆ ਸੰਬੋਧਨ ਮੰਨਿਆ ਜਾਂਦਾ ਹੈ। ਏਨੇ ਪਿਆਰ ਨਾਲ ਸੰਬੋਧਨ ਕਰਨ ਮਗਰੋਂ ਉਹ ਪੋਲੇ ਜਿਹੇ ਆਪਣੀ ਮੰਗ, ਸ਼ਿਕਾਇਤ ਜਾਂ ਫਿਰ ਕੌੜੇ-ਕੁਸੈਲੇ ਸਵਾਲ ਕਰ ਦਿੰਦੇ ਹਨ। ਸਾਡੇ ਸਿਆਸਤਦਾਨ ਇਸ ਭਾਸ਼ਾ ਦੇ ਆਦੀ ਨਹੀਂ। ਉਨ੍ਹਾਂ ਨੂੰ ਤਾਂ ਆਪਣੇ ਲਈ ‘ਮਾਨਨੀਯ’, ‘ਆਦਰਣੀਯ’ ਅਤੇ ‘ਜੀ’ ਜਿਹੇ ਸੰਬੋਧਨਾਂ ਦੀ ਆਦਤ ਹੈ। ਜੈੱਨ-ਜ਼ੀ ਦਾ ‘ਕੁਚੂ ਪੁਚੂ’ ਜਿਹਾ ਬੇਤਕੱਲੁਫ਼ ਸੰਬੋਧਨ ਉਨ੍ਹਾਂ ਨੂੰ ਮਨ ਹੀ ਮਨ ਹੈਰਾਨ-ਪ੍ਰੇਸ਼ਾਨ ਕਰਦਾ ਹੈ। ਪਰ ਕੀਤਾ ਕੀ ਜਾਏ? ਦੇਸ਼ ਵਿੱਚ ਇਨ੍ਹਾਂ ਜੈੱਨ-ਜ਼ੀ ਦੀ ਗਿਣਤੀ 40 ਕਰੋੜ ਦੇ ਲਗਭਗ ਹੈ ਅਤੇ ਇਨ੍ਹਾਂ ਨੂੰ ਆਪਣੇ ਹੱਕਾਂ ਤੇ ਤਾਕਤ ਦਾ ਵੀ ਪੂਰਾ ਅੰਦਾਜ਼ਾ ਹੈ। ਇਹ ਦੇਸ਼ ਨੂੰ ਦਰਪੇਸ਼ ਗੰਭੀਰ ਮੁੱਦਿਆਂ ਤੋਂ ਭਲੀਭਾਂਤ ਵਾਕਿਫ਼ ਹਨ ਤੇ ਇਨ੍ਹਾਂ ਗੰਭੀਰ ਮੁੱਦਿਆਂ ਨੂੰ ਵੀ ਇਹ ਹਲਕੇ-ਫੁਲਕੇ ਮਜ਼ਾਹੀਆ ਢੰਗ ਨਾਲ ਇਉਂ ਉਭਾਰਦੇ ਹਨ ਕਿ ਉਹ ਸਿਆਸਤਦਾਨਾਂ ਲਈ ਘਾਤਕ ਹੋ ਨਿੱਬੜਦਾ ਹੈ। ਇਸੇ ਲਈ ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿੱਚ ਸਿਆਸੀ ਸੰਵਾਦ ’ਤੇ ਜੈੱਨ-ਜ਼ੀ ਦਾ ਰੰਗ ਚੜ੍ਹਿਆ ਨਜ਼ਰ ਆਉਣ ਲੱਗਿਆ ਹੈ।

Advertisement

ਸਭ ਤੋਂ ਪਹਿਲਾ ਬਦਲਾਅ ਉਦੋਂ ਨਜ਼ਰ ਆਇਆ ਜਦੋਂ ਅੱਧੀ ਰਾਤ ਵੇਲੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਨਾਲ ਸੰਵਾਦ ਰਚਾਉਣ ਲਈ ਇੰਸਟਾ ਰੀਲ ਬਣਾਈ। ਉਨ੍ਹਾਂ ਸੰਬੋਧਨ ਵੀ ਇਨ੍ਹਾਂ ਵਾਂਗ ਹੀ ‘ਹੈਲੋ ਫਰੈਂਡਜ਼’ ਕਹਿ ਕੇ ਕੀਤਾ। ਲੱਗਦੈ ਕਿ ਉਨ੍ਹਾਂ ਨੂੰ ਇਹ ਕੈਜ਼ੂਅਲ ਰੀਲ ਬਣਾਉਣ ਦੀ ਸਲਾਹ ਕਿਸੇ ਅਜਿਹੇ ਵਿਅਕਤੀ ਨੇ ਦਿੱਤੀ ਹੋਵੇਗੀ, ਜਿਸ ਦਾ ਇਨ੍ਹਾਂ (ਜੈੱਨ-ਜ਼ੀ) ਨਾਲ ਨੇੜਲਾ ਵਾਹ ਹੋਵੇਗਾ। ਕਿਸੇ ਦਾ ਲਿਹਾਜ਼ ਨਾ ਕਰਨ ਵਾਲੀ ਇਹ ਪੀੜ੍ਹੀ ਅੱਜਕੱਲ੍ਹ ਸਭ ਤੋਂ ਵੱਧ ਇੰਸਟਾਗ੍ਰਾਮ ’ਤੇ ਸਰਗਰਮ ਹੈ। ਅੱਧੀ ਰਾਤ ਵੇਲੇ ਇਨ੍ਹਾਂ (ਜੈੱਨ-ਜ਼ੀ) ਲਈ ਰੀਲ ਬਣਾਉਣ ਵਾਸਤੇ ਕੀਤੀ ਗਈ ਮਿਹਨਤ ਦਾ ਮੁੱਲ ਤਾਂ ਕੀ ਪਾਉਣਾ ਸੀ ਸਗੋਂ ਇਨ੍ਹਾਂ ਉਸ ਰੀਲ ਦੇ ਕੈਮਰਾ ਐਂਗਲਜ਼ (ਕੋਣਾਂ) ਵਿੱਚ ਕਈ ਨੁਕਸ ਕੱਢ ਧਰੇ ਅਤੇ ਨਾਲ ਹੀ ਕਈਆਂ ਨੇ ਜਵਾਬੀ ਰੀਲਾਂ ਬਣਾ ਕੇ ਇਹ ਸਿਖਾਉਣਾ ਸ਼ੁਰੂ ਕਰ ਦਿੱਤਾ ਕਿ ਲਾਈਟ ਕਿਹੜੇ ਪਾਸਿਓਂ ਪਾਈ ਜਾਵੇ ਅਤੇ ਚਿਹਰਾ ਕੈਮਰੇ ਤੋਂ ਕਿੰਨੀ ਦੂਰੀ ’ਤੇ ਰੱਖਿਆ ਜਾਵੇ ਤਾਂ ਕਿ ਤੁਸੀਂ ਦੇਖਣ ਨੂੰ ਚੰਗੇ ਲੱਗੋ। ਸਿਆਸਤਦਾਨ ਇਹ ਸਭ ਕੁਝ ਚੁੱਪ ਕਰ ਕੇ ਸੁਣ ਤੇ ਝੱਲ ਰਹੇ ਹਨ ਅਤੇ ਨਾਲ ਇਹ ਵੀ ਕਹਿ ਰਹੇ ਹਨ ਕਿ ਇਹ ਪੀੜ੍ਹੀ ਬਹੁਤ ਇਮਾਨਦਾਰ ਹੈ, ਜੋ ਦੋਗਲੀਆਂ ਗੱਲਾਂ ਨਹੀਂ ਕਰਦੀ, ਜੋ ਦਿਲ ’ਚ ਹੈ, ਉਹੀ ਜ਼ੁਬਾਨ ’ਤੇ ਹੈ।

Advertisement

ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਜੈੱਨ-ਜ਼ੀ ਲਈ ਪੰਜ ਰੀਲਾਂ ਬਣਾਈਆਂਂ ਹਨ। ਨਵੀਂ ਇੰਸਟਾ ਰੀਲ ਉਨ੍ਹਾਂ ਖਾਦੀ ਦਿਵਸ ਮੌਕੇ ਪੋਸਟ ਕੀਤੀ ਹੈ, ਜਿੱਥੇ ਉਹ ਬੜੇ ਕਰੀਨੇ ਨਾਲ ਆਪਣੀ ਰਿਹਾਇਸ਼ ਜਾਂ ਦਫ਼ਤਰ ਵਿੱਚ ਇੱਕ ਮੇਜ਼ ’ਤੇ ਰੱਖੇ ਖਾਦੀ ਦੇ ਰੰਗ-ਬਿਰੰਗੇ ਕੱਪੜਿਆਂ ਨੇੜੇ ਖੜ੍ਹੇ ਹੋ ਕੇ ਦੇਸ਼ ਵਾਸੀਆਂ ਨੂੰ ਖਾਦੀ ਦੀ ਵਰਤੋਂ ਕਰਨ ਲਈ ਪ੍ਰੇਰ ਰਹੇ ਹਨ। ਉਨ੍ਹਾਂ ਨੇ ਜੰਤਰ ਮੰਤਰ ਘਟਨਾਕ੍ਰਮ ਮਗਰੋਂ ਕੈਬਨਿਟ ਮੀਟਿੰਗ ਵਿੱਚ ਆਪਣੇ ਸਹਿਯੋਗੀਆਂ ਨੂੰ ਇੰਸਟਾਗ੍ਰਾਮ ’ਤੇ ਸਰਗਰਮ ਹੋਣ ਲਈ ਆਖਿਆ ਸੀ।

ਇਨ੍ਹਾਂ ਨੌਜਵਾਨਾਂ ਨੂੰ ਕੱਲ੍ਹ ਦੇ ਬੱਚੇ ਸਮਝ ਕੇ ਛੁਟਿਆਉਣਾ ਜਾਂ ਇਨ੍ਹਾਂ ਨੂੰ ਮੁੱਦਿਆਂ ਦੀ ਸਮਝ ਨਾ ਹੋਣ ਦੀ ਗੱਲ ਕਹਿਣੀ ਹੁਣ ਹਰ ਸਿਆਸਤਦਾਨ ਲਈ ਔਖੀ ਹੋਵੇਗੀ। ਇਨ੍ਹਾਂ ’ਤੇ ਦੇਸ਼ ਵਿਰੋਧੀ ਹੋਣ, ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਆਦਿ ਦੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾਏ ਗਏ ਪਰ ਸਭ ਨੇ ਇਨ੍ਹਾਂ ਦੇ ਬੜੇ ‘ਕੂਲ’ ਜਵਾਬ ਦਿੱਤੇ, ਹਾਂ, ਦਿੱਤੇ ਨਵੀਂ ਭਾਸ਼ਾ ’ਚ। ਸੋਸ਼ਲ ਮੀਡੀਆ ’ਤੇ ਇਨ੍ਹਾਂ ਜੈੱਨ-ਜ਼ੀ ਨੇ ਆਪਣੇ ’ਤੇ ਲੱਗੇ ਦੋਸ਼ਾਂ ਦੇ ਜਵਾਬ ’ਚ ਜਿਹੜਾ ਰੀਲਾਂ ਦਾ ਗਾਹ ਪਾਇਆ, ਉਨ੍ਹਾਂ ਦੀ ਕਾਟ ਸੌਖੀ ਨਹੀਂ ਸੀ। ਰਵਾਇਤੀ ਦੂਸ਼ਣਬਾਜ਼ੀ ਅਤੇ ਦਲੀਲਬਾਜ਼ੀ ਤੋਂ ਇਕਦਮ ਉਲਟ ਇਨ੍ਹਾਂ ਰੀਲਾਂ ਦੀ ਜ਼ੁਬਾਨ ਨਵੀਂ ਤੇ ਦਿਲਚਸਪ ਸੀ, ਜੋ ਵਿਅੰਗ, ਮਜ਼ਾਹ ਅਤੇ ਬੇਪਰਵਾਹੀ ਵਾਲੀ ਸੀ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਵਿਦਿਆਰਥੀਆਂ ਦੀ ਲਗਾਤਾਰ ਹਮਾਇਤ ਕਰਨ ਅਤੇ ਉਨ੍ਹਾਂ ਦੇ ਮੁੱਦੇ ਉਠਾਉਣ ਮਗਰੋਂ ਜੈੱਨ-ਜ਼ੀ ਦੇ ਰੁਖ਼-ਢੰਗ ਤੋਂ ਕੇਂਦਰ ’ਚ ਸੱਤਾਧਾਰੀ ਪਾਰਟੀ ਭਾਜਪਾ ਦੇ ਪਿੱਤਰੀ ਸੰਗਠਨ ਆਰ ਐੱਸ ਐੱਸ ਨੂੰ ਵੀ ਲੱਗਿਆ ਕਿ ਕਿਤੇ ਉਸ ਦਾ ਇੱਕ ਵੱਡੇ ਵੋਟ ਵਰਗ ਨਾਲ ਸੰਵਾਦ ਹੀ ਨਾ ਟੁੱਟ ਜਾਵੇ। ਇਸੇ ਕਾਰਨ ਆਰ ਐੱਸ ਐੱਸ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ 5 ਅਗਸਤ ਨੂੰ ਮੁੰਬਈ ਵਿੱਚ ਆਈ ਆਈ ਐੱਮ ਯੂ ਐੱਨ ਦੇ 15ਵੇਂ ਵਰ੍ਹੇਗੰਢ ਸਮਾਗਮ ਮੌਕੇ ਜੈੱਨ-ਜ਼ੀ ਨਾਲ ਸੰਵਾਦ ਰਚਾਇਆ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਨਾਲ ਹੀ ਕਿਹਾ ਕਿ ਇਹ ਭਰੋਸੇਮੰਦ ਪੀੜ੍ਹੀ ਹੈ ਜਿਨ੍ਹਾਂ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਪੀੜ੍ਹੀ ਤਰਕ ਨਾਲ ਜਵਾਬ ਚਾਹੁੰਦੀ ਹੈ ਅਤੇ ਸਪੱਸ਼ਟ ਗੱਲ ਕਰਦੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਹੈ ਅਤੇ ਇਸ ਲਈ ਉਨ੍ਹਾਂ ਨੂੰ ਦੇਸ਼ ਵਿਰੋਧੀ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਹਫ਼ਤਾ ਪਹਿਲਾਂ ਹੀ ਸੰਘ ਦੇ ਤੀਜੇ ਨੰਬਰ ਦੇ ਅਹੁਦੇਦਾਰ ਅਤੁਲ ਲਿਮਏ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ‘ਐਂਟੀ ਨੈਸ਼ਨਲ’ ਦੱਸਿਆ ਸੀ। ਖ਼ੈਰ, ਜਦੋਂ ਸਿਆਸਤਦਾਨਾਂ ਨੂੰ ਇਹ ਸਮਝ ਆ ਜਾਵੇ ਕਿ ਵੱਡੇ ਵੋਟ ਵਰਗ ਨੂੰ ਨਾਰਾਜ਼ ਕਰਨਾ ਵਾਰਾ ਨਹੀਂ ਖਾਂਦਾ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਤੇ ਉਨ੍ਹਾਂ ਨਾਲ ਆਪਣਾਪਣ ਦਰਸਾਉਣ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ। ਜਿਸ ਸਿੱਖਿਆ ਪ੍ਰਣਾਲੀ ’ਤੇ ਸਵਾਲਾਂ ਨੂੰ ਲੈ ਕੇ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਸੀ, ਉਸੇ ਸਿੱਖਿਆ ਪ੍ਰਬੰਧ ਬਾਰੇ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ‘ਕੀ ਦੇਸ਼ ਦੇ ਕੁੱਲ ਬਜਟ ਦਾ 6 ਫ਼ੀਸਦੀ ਹਿੱਸਾ ਸਿੱਖਿਆ ’ਤੇ ਨਹੀਂ ਖਰਚਿਆ ਜਾਣਾ ਚਾਹੀਦਾ?’ ਤਾਂ ਭਾਗਵਤ ਹੋਰਾਂ ਦਾ ਜਵਾਬ ਸੀ, ‘‘ਹਾਂ ਜਾਨਾ ਤੋ ਜ਼ਰੂਰ ਚਾਹੀਏ ਮਗਰ ਅੰਤ ਮੇਂ ਹਮ ਖ਼ੁਦ ਭੀ ਜ਼ਿੰਮੇਦਾਰ ਹੈਂ। ਹਮ ਖ਼ੁਦ ਭੀ ਅਪਨੀ ਸਿਕਸ਼ਾ ਵਿਵਸਥਾ ਚਲਾ ਸਕਤੇ ਹੈਂ। ... ਐਸੇ ਤੋ ਕਿਸੀ ਨੇ ਨਹੀਂ ਕਹਾ ਕਿ ਸਕੂਲ ਔਰ ਸਿਕਸ਼ਾ ਪੂਰੀ ਤਰ੍ਹਾਂ ਸਰਕਾਰ ਚਲਾਏ।’’

ਇਸ ਪ੍ਰੋਗਰਾਮ ’ਚ ਹਿੱਸਾ ਲੈ ਕੇ ਨਿਕਲੀ ਇੱਕ ਬੱਚੀ ਤੋਂ ਜਦੋਂ ਕਿਸੇ ਪੱਤਰਕਾਰ ਨੇ ਭਾਗਵਤ ਨਾਲ ਹੋਏ ਸੰਵਾਦ ਬਾਰੇ ਪੁੱਛਿਆ ਤਾਂ ਉਸ ਦੀ ਜਵਾਬ ਸੀ, ‘‘ਉਨ ਕੀ ਬਾਤੋਂ ਮੇਂ ਕੋਈ ਕਲੈਰਿਟੀ ਨਹੀਂ ਥੀ।’’ ਉਸ ਬੱਚੀ ਨੂੰ ਲੱਗਿਆ ਕਿ ਸਵਾਲਾਂ ਦੇ ਜਵਾਬ ਸਿੱਧੇ ਅਤੇ ਸਪੱਸ਼ਟ ਨਹੀਂ ਦਿੱਤੇ ਗਏ। ਸਰਸੰਘਚਾਲਕ ਵੱਲੋਂ ਜੈੱਨ-ਜ਼ੀ ਨਾਲ ਆਪਣੇਪਣ ਨਾਲ ਸੰਵਾਦ ਰਚਾਉਣ ਦੀ ਗੱਲ ਕਰਨ ਅਤੇ ਇਨ੍ਹਾਂ ਨੂੰ ‘ਅਪਨੇ ਲੋਗ’ ਦੱਸਣ ਮਗਰੋਂ ਇਸ ਪੀੜ੍ਹੀ ਨੂੰ ‘ਗਟਰ ਜੈਨਰੇਸ਼ਨ’ ਸੱਦਣ ਵਾਲੀ ਕੰਗਨਾ ਰਣੌਤ ਨੂੰ ਵੀ ਹੁਣ ਇਹ ਪੀੜ੍ਹੀ ‘ਦੇਸ਼ ਦਾ ਭਵਿੱਖ’ ਨਜ਼ਰ ਆਉਣ ਲੱਗੀ ਹੈ। ਖ਼ੈਰ, ਇਸ ਬਦਲੇ ਹੋਏ ਸਿਆਸੀ ਮਾਹੌਲ ਵਿੱਚ ਸਾਰੀਆਂ ਪਾਰਟੀਆਂ ਨੇ ਜੈੱਨ-ਜ਼ੀ ਅਤੇ ਜੈੱਨ ਅਲਫ਼ਾ ’ਤੇ ਨਜ਼ਰਾਂ ਟਿਕਾ ਲਈਆਂ ਹਨ ਤੇ ਸਿੱਖਿਆ ਦਾ ਮੁੱਦਾ ਚਰਚਾ ਦੇ ਕੇਂਦਰ ਵਿੱਚ ਆ ਗਿਆ ਹੈ ਜਦੋਂਕਿ ਵੰਡ-ਪਾਊ ਸਿਆਸਤ ਦਾ ਬਿਰਤਾਂਤ ਫਿਲਹਾਲ ਹਾਸ਼ੀਏ ’ਤੇ ਨਜ਼ਰ ਆ ਰਿਹਾ ਹੈ ਕਿਉਂਕਿ ਜੈੱਨ-ਜ਼ੀ ਨੂੰ ਵੰਡੀਆਂ ਪਾਉਣ ਵਾਲੀ ਫ਼ਿਰਕੂ ਸਿਆਸਤ ਪੋਂਹਦੀ ਨਹੀਂ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਰਾਹੀਂ ਇਸ ਪੀੜ੍ਹੀ ਨਾਲ ਸੰਵਾਦ ਰਚਾਉਣ ਦੀ ਸ਼ੁਰੂਆਤ ਕੀਤੀ। ਸ਼ਨਿੱਚਰਵਾਰ ਨੂੰ ਵੀ ਉਨ੍ਹਾਂ ਪ੍ਰਯਾਗਰਾਜ ਵਿੱਚ ਇਹ ਪ੍ਰੋਗਰਾਮ ਕਰਕੇ ਸਿੱਖਿਆ ਪ੍ਰਬੰਧ ਅਤੇ ਬੇਰੁਜ਼ਗਾਰੀ ਦੇ ਮੁੱਦੇ ਉਠਾ ਕੇ ਉਨ੍ਹਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ। ਇੰਨਾ ਹੀ ਨਹੀਂ, ਰਾਹੁਲ ਗਾਂਧੀ ਨੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਇੰਸਟਾਗ੍ਰਾਮ ’ਤੇ ਉਸ ਨੂੰ ਕੋਈ ਵੀ ਸਵਾਲ ਪੁੱਛਣ, ਉਹ ਜਵਾਬ ਦੇਵੇਗਾ। ਇੰਸਟਾਗ੍ਰਾਮ ’ਤੇ ਕਿਸੇ ਨੌਜਵਾਨ ਨੇ ਰਾਹੁਲ ਨੂੰ ਕਿਹਾ ਕਿ ਝਾਰਖੰਡ ਵਿੱਚ ਧਰਨੇ ’ਤੇ ਬੈਠੇ ਵਿਦਿਆਰਥੀਆਂ ਦੀ ਗੱਲ ਕੋਈ ਨਹੀਂ ਸੁਣ ਰਿਹਾ। ‘ਕ੍ਰਿਪਯਾ ਆਪ ਸਟੂਡੈਂਟਸ ਕੋ ਸਪੋਰਟ ਕੀਜੀਏ।’’ ਰਾਹੁਲ ਦਾ ਕਹਿਣਾ ਸੀ ਕਿ ਉਹ ਸਿੱਖਿਆ ਪ੍ਰਬੰਧ ਖ਼ਿਲਾਫ਼ ਵਿਦਿਆਰਥੀਆਂ ਦੇ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਹੈ, ਭਾਵੇਂ ਉਨ੍ਹਾਂ ਦਾ ਇਹ ਸੰਘਰਸ਼ ਕਾਂਗਰਸ ਜਾਂ ਇਸ ਦੇ ਸਹਿਯੋਗੀਆਂ ਦੇ ਸ਼ਾਸਨ ਵਾਲੀਆਂ ਸੂਬਾਈ ਸਰਕਾਰਾਂ ਦੇ ਖ਼ਿਲਾਫ਼ ਹੀ ਕਿਉਂ ਨਾ ਹੋਵੇ।

ਪਾਰਟੀ ਚਾਹੇ ਸੱਤਾਧਾਰੀ ਹੋਵੇ ਜਾਂ ਵਿਰੋਧੀ, ਜੰਤਰ ਮੰਤਰ ’ਤੇ ਪ੍ਰਦਰਸ਼ਨ ਅਤੇ ਸੰਸਦ ਮਾਰਚ ਦੌਰਾਨ ਪੁਲੀਸ ਕਾਰਵਾਈ ਦੇ ਪੀੜਤ ਬੱਚਿਆਂ ਦਾ ਪੱਖ ਸੁਣਨ, ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਅਤੇ ਸੱਤਾ ਤੋਂ ਜਵਾਬਦੇਹੀ ਮੰਗਣ ਵਾਲੇ ਹੀ ਉਨ੍ਹਾਂ ਦੀਆਂ ਵੋਟਾਂ ਦੇ ਹੱਕਦਾਰ ਹੋਣਗੇ। ਇਹ ਪੀੜ੍ਹੀ ਕਿਸੇ ਤੋਂ ਪ੍ਰਵਚਨ ਨਹੀਂ ਸੁਣਦੀ ਸਗੋਂ ਆਪਣੇ ਮਸਲਿਆਂ ਦੇ ਹੱਲ ਬਾਰੇ ਸਿੱਧੇ, ਸਪੱਸ਼ਟ ਅਤੇ ਇਮਾਨਦਾਰਾਨਾ ਜਵਾਬ ਮੰਗਦੀ ਹੈ। ਗੋਲ-ਮੋਲ ਗੱਲਾਂ ਨਾ ਤਾਂ ਇਸ ਨੂੰ ਸਮਝ ਪੈਂਦੀਆਂ ਨੇ ਤੇ ਨਾ ਹੀ ਇਹ ਸਮਝਣਾ ਚਾਹੁੰਦੀ ਹੈ। ਇਹ ਗੱਲ ਸਿਆਸਤਦਾਨਾਂ ਨੂੰ ਸਮਝ ਲੈਣੀ ਚਾਹੀਦੀ ਹੈ।

Advertisement
×