DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬੀ ਸਾਹਿਤ ਦਾ ਭਰ-ਵਗਦਾ ਦਰਿਆ

ਦੇਸ਼ ਦੀ ਵੰਡ ਮਗਰੋਂ ਹਾਲਤ ਕੁਝ ਅਜਿਹੀ ਬਣੀ ਕਿ ਵੱਡੀ ਗਿਣਤੀ ਵਿਚ ਸ਼ਰਨਾਰਥੀਆਂ ਦੇ ਆ ਜਾਣ ਨਾਲ ਦਿੱਲੀ ਪੰਜਾਬੀਆਂ ਦਾ ਸ਼ਹਿਰ ਹੀ ਬਣ ਗਈ। ਇਹਦੀ ਮੁੱਖ ਬੋਲੀ ਤੇ ਰਹਿਤਲ ਪੰਜਾਬੀ ਹੋ ਗਈ। ਪੱਗਾਂ-ਚੁੰਨੀਆਂ ਦੇ ਨਿਵੇਕਲੇਪਣ ਨਾਲ ਪੰਜਾਬੀ ਹੋਂਦ ਅਸਲ ਨਾਲੋਂ...

  • fb
  • twitter
  • whatsapp
  • whatsapp
Advertisement

ਦੇਸ਼ ਦੀ ਵੰਡ ਮਗਰੋਂ ਹਾਲਤ ਕੁਝ ਅਜਿਹੀ ਬਣੀ ਕਿ ਵੱਡੀ ਗਿਣਤੀ ਵਿਚ ਸ਼ਰਨਾਰਥੀਆਂ ਦੇ ਆ ਜਾਣ ਨਾਲ ਦਿੱਲੀ ਪੰਜਾਬੀਆਂ ਦਾ ਸ਼ਹਿਰ ਹੀ ਬਣ ਗਈ। ਇਹਦੀ ਮੁੱਖ ਬੋਲੀ ਤੇ ਰਹਿਤਲ ਪੰਜਾਬੀ ਹੋ ਗਈ। ਪੱਗਾਂ-ਚੁੰਨੀਆਂ ਦੇ ਨਿਵੇਕਲੇਪਣ ਨਾਲ ਪੰਜਾਬੀ ਹੋਂਦ ਅਸਲ ਨਾਲੋਂ ਵੀ ਬਹੁਤੀ ਨਜ਼ਰ ਆਉਂਦੀ। ਵੰਡ ਤੋਂ ਪਹਿਲਾਂ ਲਾਹੌਰ ਪੂਰੇ ਉੱਤਰੀ ਭਾਰਤ ਦੀ ਸਭਿਆਚਾਰਕ ਰਾਜਧਾਨੀ ਸੀ ਜਿੱਥੇ ਪੰਜਾਬੀ ਤੇ ਹੋਰ ਬੋਲੀਆਂ ਦੇ ਲੇਖਕ, ਕਲਾਕਾਰ ਤੇ ਫ਼ਿਲਮਾਂ ਦੇ ਹਰ ਪੱਖ ਨਾਲ ਜੁੜੇ ਹੋਏ ਲੋਕ ਵੱਡੀ ਗਿਣਤੀ ਵਿਚ ਰਹਿੰਦੇ ਸਨ। ਲਹਿੰਦਾ ਪੰਜਾਬ ਵਿਦਿਅਕ ਪੱਖੋਂ ਚੜ੍ਹਦੇ ਪੰਜਾਬ ਨਾਲੋਂ ਅੱਗੇ ਹੋਣ ਕਰਕੇ ਹੋਰ ਪਿੰਡਾਂ-ਸ਼ਹਿਰਾਂ ਵਿਚ ਵੀ ਅਨੇਕ ਵੱਡੇ ਸਾਹਿਤਕ ਨਾਵਾਂ ਦਾ ਵਾਸਾ ਸੀ। ਉਜਾੜੇ ਦੇ ਮਾਰੇ ਹੋਏ ਉਹਨਾਂ ਵਿਚੋਂ ਬਹੁਤੇ ਸਾਹਿਤਕਾਰ ਤੇ ਕਲਾਕਾਰ ਆਖ਼ਰ ਦਿੱਲੀ ਆ ਟਿਕੇ ਤੇ ਫ਼ਿਲਮਾਂ ਵਾਲਿਆਂ ਨੇ ਬੰਬਈ ਦਾ ਰੁਖ਼ ਕਰ ਲਿਆ। ਪੰਜਾਬੀਆਂ ਦੀ ਇਹ ਅਣਖ ਤੇ ਹਿੰਮਤ ਲੋਕ ਅੱਜ ਵੀ ਚੇਤੇ ਕਰਦੇ ਹਨ ਕਿ ਭੁੱਖ ਤੇ ਥੁੜ ਸਹਿ ਲਈ, ਪਰ ਇਕ ਵੀ ਪੰਜਾਬੀ ਹੱਥ ਫੈਲਾ ਕੇ ਮੰਗਦਾ ਨਜ਼ਰ ਨਹੀਂ ਸੀ ਆਇਆ। ਹੌਲ਼ੀ-ਹੌਲ਼ੀ ਪੰਜਾਬੀ ਕਾਰੋਬਾਰ ਖੁੱਲ੍ਹਣ ਤੇ ਵਧਣ-ਫੁੱਲਣ ਲੱਗੇ। ਪੰਜਾਬੀ ਅਖ਼ਬਾਰ-ਰਸਾਲੇ ਨਿਕਲਣ ਲੱਗੇ ਤੇ ਪੁਸਤਕਾਂ ਪ੍ਰਕਾਸ਼ਿਤ ਹੋਣ ਲੱਗੀਆਂ। ਪਹਿਲਾਂ ਸਕੂਲ ਸ਼ੁਰੂ ਹੋਏ ਤੇ ਫੇਰ 1951 ਵਿਚ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਬਣ ਗਿਆ। ਅਜਿਹੇ ਮਾਹੌਲ ਵਿਚ ਲਹਿੰਦੇ ਪੰਜਾਬ ਤੋਂ ਆਏ ਲੋਕ ਤਾਂ ਟਿਕ ਹੀ ਗਏ, ਹੌਲ਼ੀ-ਹੌਲ਼ੀ ਇਧਰਲੇ ਪੰਜਾਬੀ ਵੀ ਕਾਰੋਬਾਰ ਲਈ, ਮੁਲਾਜ਼ਮਾਂ, ਖਾਸ ਕਰ ਕੇ ਪੰਜਾਬੀ ਅਧਿਆਪਕਾਂ ਦੀ ਲੋੜ ਪੂਰੀ ਕਰਨ ਲਈ ਤੇ ਕਾਮਿਆਂ ਵਜੋਂ ਦਿੱਲੀ ਆਉਣ ਲੱਗੇ।

ਮਈ 1967 ਵਿਚ ਮੈਂ ਸੋਵੀਅਤ ਦੂਤਾਵਾਸ ਵਿਚ ਕੰਮ ਕਰਨ ਲਈ ਪਹੁੰਚਿਆ ਤਾਂ ਦਿੱਲੀ ਪੰਜਾਬੀ ਸਾਹਿਤ ਦੇ ਭਰ-ਵਗਦੇ ਦਰਿਆ ਦਾ ਰੂਪ ਧਾਰ ਚੁੱਕੀ ਸੀ। ਇਹ ਸਾਹਿਤਕ ਰਚਨਾ ਦੇ ਪੱਖੋਂ ਵੀ ਅਤੇ ਸਾਹਿਤਕਾਰਾਂ ਵਿਚ ਵਿਚਰਨ ਤੇ ਉਹਨਾਂ ਨਾਲ ਸਾਂਝਾਂ ਪੈਣ ਦੇ ਪੱਖੋਂ ਵੀ ਮੇਰੇ ਲਈ ਵੱਡਾ ਮੋੜ ਸਿੱਧ ਹੋਇਆ। ਦਿੱਲੀ ਪਹੁੰਚਣ ਤੋਂ ਪਹਿਲਾਂ ਮੇਰੀਆਂ ਰਚਨਾਵਾਂ ਉਸ ਸਮੇਂ ਦੇ ਮੁੱਖ ਮਾਸਕ-ਪੱਤਰਾਂ, ‘ਪ੍ਰੀਤ ਲੜੀ’, ‘ਪੰਜ ਦਰਿਆ’ ਤੇ ‘ਆਰਸੀ’ ਵਿਚ ਛਪ ਚੁੱਕੀਆਂ ਸਨ, ਪਰ ਕੋਈ ਪੁਸਤਕ ਨਾ ਛਪੀ ਹੋਣ ਕਾਰਨ ਮੈਂ ਆਪਣੇ ਆਪ ਨੂੰ ਲੇਖਕ ਵਜੋਂ ਜਾਣ-ਪਛਾਣ ਕਰਵਾਉਣ ਤੋਂ ਸੰਗਦਾ ਸੀ। ਜਾਣ-ਪਛਾਣ ਦਾ ਮੇਰਾ ਕਲਾਵਾ ਇਲਾਕੇ ਦੇ ਕੁਝ ਹਾਣੀ ਲੇਖਕਾਂ ਤੱਕ ਹੀ ਸੀਮਤ ਸੀ। ਨਾਂ-ਥਾਂ ਵਾਲੇ ਲੇਖਕਾਂ ਦਾ ਮੈਂ ਜਾਂ ਤਾਂ ਪਾਠਕ ਸੀ ਜਾਂ ਸਾਹਿਤਕ ਇਕੱਠਾਂ ਵਿਚ ਦੁਰੇਡਾ ਦਰਸ਼ਕ।

Advertisement

ਦਿੱਲੀ ਦੇ ਪੰਜਾਬੀ ਲੇਖਕਾਂ ਦਾ ਸਮੂਹ ਸਾਰੇ ਪੰਜਾਬ ਦੇ ਲੇਖਕਾਂ ਦੇ ਬਰਾਬਰ ਤਾਂ ਮੜਿੱਕਦਾ ਹੀ ਸੀ, ਜੇ ਉਹਨਾਂ ਨਾਲੋਂ ਵੱਧ ਗੌਰਾ-ਭਾਰਾ ਕਹਿ ਲਈਏ, ਸ਼ਾਇਦ ਗ਼ਲਤ ਨਹੀਂ ਹੋਵੇਗਾ। ਦੇਵਿੰਦਰ ਸਤਿਆਰਥੀ, ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਹਰਿਭਜਨ ਸਿੰਘ, ਬਲਵੰਤ ਗਾਰਗੀ, ਕੁਲਵੰਤ ਸਿੰਘ ਵਿਰਕ, ਮਹਿੰਦਰ ਸਿੰਘ ਸਰਨਾ, ਸੋਹਨ ਸਿੰਘ ਜੋਸ਼, ਕਿਸ਼ਨ ਸਿੰਘ, ਬਾਵਾ ਬਲਵੰਤ, ਵਣਜਾਰਾ ਬੇਦੀ, ਅਜੀਤ ਕੌਰ, ਪ੍ਰੀਤਮ ਸਿੰਘ ਸਫ਼ੀਰ, ਈਸ਼ਵਰ ਚਿੱਤਰਕਾਰ, ਜਸਵੰਤ ਸਿੰਘ ਨੇਕੀ, ਅਮਰ ਸਿੰਘ ਕਬਰਪੁੱਟ, ਪਿਆਰਾ ਸਿੰਘ ਸਹਿਰਾਈ, ਪਿਆਰਾ ਸਿੰਘ ਦਾਤਾ, ਤੇਰਾ ਸਿੰਘ ਚੰਨ, ਤਾਰਾ ਸਿੰਘ, ਹਜ਼ਾਰਾ ਸਿੰਘ ਗੁਰਦਾਸਪੁਰੀ, ਗਿਆਨ ਚੰਦ ਧਵਨ, ਕਰਨਲ ਨਰਿੰਦਰਪਾਲ ਸਿੰਘ, ਪ੍ਰਭਜੋਤ ਕੌਰ, ਬੂਟਾ ਸਿੰਘ, ਪ੍ਰੀਤਮ ਸਿੰਘ ਪੰਛੀ, ਅਮਰ ਭਾਰਤੀ, ਮਹਿੰਦਰ ਸਿੰਘ ਜੋਸ਼ੀ, ਲੋਚਨ ਬਖ਼ਸ਼ੀ, ਗੁਰਮੁਖ ਸਿੰਘ ਜੀਤ, ਸ਼ਿਵੰਦਰ ਸਿੰਘ ਉੱਪਲ, ਐਮ. ਐਸ. ਸੇਠੀ ਤੇ ਕਈ ਹੋਰ ਆਪੋ-ਆਪਣੇ ਕਾਰਨਾਂ ਕਰ ਕੇ ਇਥੇ ਆ ਜੁੜੇ ਸਨ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਉਹ ਸਨ ਜੋ ਪੰਜ-ਸੱਤ ਸਾਲਾਂ ਦੇ ਫ਼ਰਕ ਨਾਲ ਮੇਰੇ ਹਾਣੀ ਕਹੇ ਜਾ ਸਕਦੇ ਸਨ। ਇਨ੍ਹਾਂ ਵਿਚ ਗੁਲਜ਼ਾਰ ਸਿੰਘ ਸੰਧੂ, ਗੁਰਦੇਵ ਸਿੰਘ ਰੁਪਾਣਾ, ਗੁਰਵੇਲ ਸਿੰਘ ਪੰਨੂੰ, ਦੇਵਿੰਦਰ, ਜਸਵੰਤ ਸਿੰਘ ਵਿਰਦੀ, ਮਨਮੋਹਨ ਬਾਵਾ, ਇੰਦੇ, ਮਹਿੰਦਰ ਕੌਰ ਗਿੱਲ, ਰਾਜਿੰਦਰ ਕੌਰ, ਨਵਤੇਜ ਪੁਆਧੀ, ਜਗਦੀਸ਼ ਕੌਸ਼ਲ, ਰਣਜੀਤ ਸਿੰਘ, ਇਲਮ ਦੀਨ ਬਾਗ਼ਬਾਂ, ਹਰਿਨਾਮ, ਕ੍ਰਿਸ਼ਨ ਅਸ਼ਾਂਤ, ਬਚਿੰਤ ਕੌਰ, ਚੰਦਨ ਨੇਗੀ, ਡਾ. ਅਜੀਤ ਸਿੰਘ, ਮਹੀਪ ਸਿੰਘ, ਕੇਵਲ ਸੂਦ, ਅਮਰਜੀਤ ਸਿੰਘ ਅਕਸ, ਗੁਲਵੰਤ ਫ਼ਾਰਿਗ਼ ਆਦਿ ਸ਼ਾਮਲ ਸਨ।

Advertisement

ਦਿੱਲੀ ਉਸ ਸਮੇਂ ਸਟੇਜੀ ਕਵੀਆਂ ਦਾ ਵੀ ਗੜ੍ਹ ਸੀ। ਬਿਸ਼ਨ ਸਿੰਘ ਉਪਾਸ਼ਕ, ਇੰਦਰਜੀਤ ਸਿੰਘ ਤੁਲਸੀ, ਚਾਨਣ ਗੋਬਿੰਦਪੁਰੀ, ਪ੍ਰਕਾਸ਼ ਸਾਥੀ, ਸੁਰਜਨ ਸਿੰਘ ਫ਼ਰਿਆਦੀ, ਚਤਰ ਸਿੰਘ ਬੀਰ, ਸੰਸਾਰ ਸਿੰਘ ਗਰੀਬ, ਭਗਵਾਨ ਸਿੰਘ ਦੀਪਕ, ਜੋਗਾ ਸਿੰਘ ਜਗਿਆਸੂ, ਆਦਿ ਦਾ ਵਾਹਵਾ ਨਾਂ ਸੀ। ਤਾਰਾ ਸਿੰਘ ਤੇ ਹਜ਼ਾਰਾ ਸਿੰਘ ਗੁਰਦਾਸਪੁਰੀ ਸਾਹਿਤਕ ਕਵੀਆਂ ਵਿਚ ਤਾਂ ਮੂਹਰਲੀ ਕਤਾਰ ਵਿਚ ਆਉਂਦੇ ਹੀ ਸਨ, ਸਟੇਜੀ ਕਵੀਆਂ ਦੇ ਵੀ ਜਥੇਦਾਰ ਸਨ। ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਅਨੇਕ ਇਸਤਰੀ ਗਾਇਕਾਂ ਵਿਚੋਂ ਮੋਹਰੀ ਸਨ ਅਤੇ ਕੇ. ਐਲ. ਅਗਨੀਹੋਤਰੀ, ਵਿਦਿਆਨਾਥ ਸੇਠ ਤੇ ਆਸਾ ਸਿੰਘ ਮਸਤਾਨਾ ਅਨੇਕ ਪੁਰਸ਼ ਗਾਇਕਾਂ ਵਿਚੋਂ। ਚਰਨ ਦਾਸ ਸਿੱਧੂ, ਗੁਰਚਰਨ ਸਿੰਘ ਜਸੂਜਾ, ਆਰ. ਜੀ. ਆਨੰਦ ਆਦਿ ਸਾਹਿਤਕ ਨਾਟਕਾਂ ਦੀ ਰਚਨਾ ਤੇ ਪੇਸ਼ਕਾਰੀ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ। ਵੰਨ-ਸੁਵੰਨੇ ਪ੍ਰੋਗਰਾਮਾਂ ਦੇ ਪੱਖੋਂ ਸਰਗਰਮ ਸਾਹਿਤ ਅਕਾਦਮੀ ਮੇਰੇ ਦਫ਼ਤਰ ਤੋਂ ਪੈਦਲ ਵਾਟ ਸੀ।

ਇਸ ਮਾਹੌਲ ਵਿਚ ਬਹੁਤ ਸਾਰੇ ਕਲਮਕਾਰਾਂ ਨਾਲ ਨੇੜਤਾ ਹੋ ਜਾਣੀ ਸੁਭਾਵਿਕ ਸੀ। ਸਮੇਂ ਨਾਲ ਪੰਜਾਬੀ ਮੂਲ ਦੇ ਉਰਦੂ ਲੇਖਕ ਫ਼ਿਕਰ ਤੌਂਸਵੀ ਤੇ ਮਖ਼ਮੂਰ ਜਲੰਧਰੀ ਮੇਰੇ ਚੰਗੇ ਮਿੱਤਰ ਅਤੇ ਹੰਸ ਰਾਜ ਰਹਿਬਰ ਤੇ ਤਾਜਵਰ ਸਾਮਰੀ ਮੇਰੇ ਚੰਗੇ ਜਾਣੂ-ਪਛਾਣੂ ਬਣ ਗਏ। ਹਿੰਦੀ ਵਿਚ ਲਿਖਣ ਵਾਲੇ ਭੀਸ਼ਮ ਸਾਹਨੀ ਨਾਲ ਤਾਂ ਮੇਰੀ ਬਹੁਤ ਨੇੜਤਾ ਹੋ ਗਈ। ਅੱਜ ਤੱਕ ਦੇ ਪੰਜਾਬੀ ਦੇ ਸਭ ਤੋਂ ਵੱਡੇ ਪ੍ਰਕਾਸ਼ਕ, ਨਵਯੁਗ ਪਬਲਿਸ਼ਰਜ਼ ਵਾਲੇ ਭਾਪਾ ਪ੍ਰੀਤਮ ਸਿੰਘ ਮੇਰੇ ਦਿੱਲੀ ਵਿਚ ਪੈਰ ਰਖਦਿਆਂ ਹੀ ਆਪਣੇ ਹੋ ਗਏ। ਉਹ ਪੂਰੀ ਚੜ੍ਹਤ ਵਾਲੇ ਮਾਸਕ-ਪੱਤਰ ‘ਆਰਸੀ’ ਦੇ ਵੀ ਮਾਲਕ-ਸੰਪਾਦਕ ਸਨ। ਗਿਆਨੀ ਹਰੀ ਸਿੰਘ ਤੇ ਗਿਆਨੀ ਕੁਲਦੀਪ ਸਿੰਘ ਦੋ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਆਪ ਸਰਗਰਮ ਸਾਹਿਤਕਾਰ ਨਾ ਹੁੰਦਿਆਂ ਵੀ ਦਿੱਲੀ ਵਿਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਵਾਉਣ ਤੇ ਪੰਜਾਬੀ ਸਾਹਿਤ ਲਈ ਚੰਗਾ ਮਾਹੌਲ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਈ। ਇਹ ਤਿੰਨੇ ਸਾਹਿਤ-ਸੇਵੀ ਹੀ ਸਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਸਭਾ ਦਾ ਪੰਜਾਬੀ ਭਵਨ ਸਾਕਾਰ ਕਰਨ ਦਾ ਕਾਰਨਾਮਾ ਕਰ ਦਿਖਾਇਆ।

ਇਸ ਭਵਨ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ ਦੀ ਬੈਠਕ ਗਿਆਨੀ ਹਰੀ ਸਿੰਘ ਦੇ ਸਰਕਾਰੀ ਘਰ ਵਿਚ, ਜੋ ਕਨਾਟ ਪਲੇਸ ਦੇ ਬਿਲਕੁਲ ਨਾਲ ਸੀ, ਦਹਾਕਿਆਂ ਤੋਂ ਹਰ ਐਤਵਾਰ ਹੁੰਦੀ ਆ ਰਹੀ ਸੀ। ਕਨਾਟ ਪਲੇਸ ਦੇ ਤੰਬੂ ਵਾਲੇ ਕਾਫ਼ੀ ਹਾਊਸ ਵਿਚ ਕਿਸੇ ਵੀ ਦਿਨ, ਕਿਸੇ ਵੀ ਵੇਲ਼ੇ ਜਾਇਆਂ ਕੁਝ ਲੇਖਕ ਤਾਂ ਮਿਲ ਹੀ ਜਾਂਦੇ ਸਨ। ਲੇਖਕਾਂ ਨਾਲ ਮੇਲ ਦਾ ਤੀਜਾ ਸਾਧਨ ਅੰਮ੍ਰਿਤਾ ਪ੍ਰੀਤਮ ਦੀ ਮਾਸਕ ‘ਨਾਗਮਣੀ ਸ਼ਾਮ’ ਸੀ। ਮੇਰੇ ਲਈ ਇਹ ਸਮੁੱਚਾ ਮਾਹੌਲ਼ ਇਉਂ ਬਣ ਗਿਆ ਜਿਵੇਂ ਇਕ-ਦੋ ਫੁੱਲਾਂ ਨੂੰ ਲੋਚਦਾ ਬੰਦਾ ਅਚਾਨਕ ਭਰੇ-ਪੂਰੇ ਟਹਿਕੇ ਤੇ ਮਹਿਕੇ ਹੋਏ ਬਾਗ਼ ਵਿਚ ਪੁੱਜ ਗਿਆ ਹੋਵੇ! ਕਿਸੇ ਵੀ ਮਨੁੱਖੀ ਸਮੂਹ ਵਾਂਗ ਲੇਖਕਾਂ ਦੇ ਸੁਭਾਅ ਵੀ ਵੰਨਸੁਵੰਨੇ ਹੋਣੇ ਕੁਦਰਤੀ ਸਨ- ਬਹੁਤ ਖ਼ੂਬਸੂਰਤ ਇਨਸਾਨਾਂ ਤੋਂ ਲੈ ਕੇ ਪੌੜੀ-ਦਰ-ਪੌੜੀ ਹੇਠ ਨੂੰ ਉੱਤਰਦਿਆਂ ਹੋਛੇ ਬੰਦਿਆਂ ਤੱਕ! ਸਮਾਂ ਬੜਾ ਕਾਰਸਾਜ਼ ਹੈ, ਜੋ ਦੋਸਤਾਂ ਦੀ ਚੋਣ ਵਿਚ ਮਨੁੱਖ ਦਾ ਸਹਾਇਕ ਬਣ ਜਾਂਦਾ ਹੈ। ਕਿਸੇ ਦੇ ਸੁਭਾਅ ਲਈ ਠੀਕ ਰਹਿਣ ਵਾਲੇ ਬੰਦੇ ਆਪੇ ਹੀ ਮਿਲ ਜਾਂਦੇ ਹਨ ਤੇ ਵੱਖਰੀ ਮਿੱਟੀ ਦੇ ਬਣੇ ਹੋਏ ਆਪੇ ਹੀ ਨਿੱਖੜਦੇ ਜਾਂਦੇ ਹਨ।

ਹੌਲ਼ੀ-ਹੌਲ਼ੀ ਚੰਗੀ ਜਾਣ-ਪਛਾਣ ਤੋਂ ਲੈ ਕੇ ਗੂੜ੍ਹੀ ਦੋਸਤੀ ਤੱਕ ਦੇ ਰਿਸ਼ਤੇ ਬਣਨ ਲੱਗੇ। ਦਿੱਲੀ ਦੇ ਤੇ ਲੇਖਕ ਵਜੋਂ ਕੁਝ ਨਾਂ ਬਣਦਿਆਂ ਨਾਲ ਹੀ ਪੰਜਾਬ ਦੇ ਅਨੇਕ ਲੇਖਕਾਂ ਨਾਲ ਦੋਸਤੀ ਤੋਂ ਵੀ ਵਧ ਕੇ ਯਾਰੀ ਪੈਣੀ ਸੁਭਾਵਿਕ ਸੀ। ਮੇਰੇ ਸਾਹਿਤਕ ਘੇਰੇ ਨੂੰ ਮੋਕਲਾ ਕਰਦੇ ਰਹਿਣ ਵਿਚ ਤੇ ਮੇਰੇ ਸਾਹਿਤਕ ਵਿਕਾਸ ਵਿਚ ਜਿਹੜੀ ਗੱਲ ਸਭ ਤੋਂ ਸਹਾਈ ਰਹੀ, ਉਹ ਸੀ ਮੇਰੇ ਸੁਭਾਅ ਦਾ ਆਪਣੇ ਨਾਲੋਂ ਉਮਰੋਂ ਤੇ ਸਾਹਿਤਕ ਕੱਦ ਦੇ ਪੱਖੋਂ ਵੱਡੇ ਲੇਖਕਾਂ ਦਾ ਸਤਿਕਾਰ ਤੇ ਹਾਣੀਆਂ ਨੂੰ ਸੁਹਿਰਦ ਮੋਹ ਕਰਨ ਵਾਲਾ ਪੱਖ। ਦੇਵਿੰਦਰ ਸਤਿਆਰਥੀ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ, ਭਾਪਾ ਪ੍ਰੀਤਮ ਸਿੰਘ, ਪਿਆਰਾ ਸਿੰਘ ਸਹਿਰਾਈ, ਸੋਹਨ ਸਿੰਘ ਜੋਸ਼, ਕਿਸ਼ਨ ਸਿੰਘ, ਤਾਰਾ ਸਿੰਘ ਤੇ ਮਹਿੰਦਰ ਸਿੰਘ ਜੋਸ਼ੀ ਵਰਗੇ ਦਿੱਲੀ ਦੇ ਅਤੇ ਸੰਤ ਸਿੰਘ ਸੇਖੋਂ, ਸੁਜਾਨ ਸਿੰਘ, ਸੰਤੋਖ ਸਿੰਘ ਧੀਰ, ਜਸਵੰਤ ਸਿੰਘ ਕੰਵਲ, ਗੁਰਚਰਨ ਰਾਮਪੁਰੀ ਵਰਗੇ ਪੰਜਾਬ ਦੇ ਜਿਨ੍ਹਾਂ ਵੱਡਿਆਂ ਨਾਲ ਨੇੜਤਾ ਦਾ ਰੰਗ ਗੂੜ੍ਹਾ ਹੁੰਦਾ-ਹੁੰਦਾ ਦੋਸਤੀ ਦੀ ਭਾਹ ਮਾਰਨ ਲੱਗਿਆ ਸੀ, ਉਨ੍ਹਾਂ ਨਾਲ ਵਰਤ-ਵਰਤਾਵੇ ਵਿਚ ਵੀ ਮੈਂ ਉਮਰ ਤੇ ਸਾਹਿਤ ਦੀ ਲੌਢ-ਵਡਿਆਈ ਕਦੀ ਨਹੀਂ ਸੀ ਭੁਲਦਾ। ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਬਲਵੰਤ ਗਾਰਗੀ ਤੇ ਅਜੀਤ ਕੌਰ ਵਰਗੇ ਕਿੰਨੇ ਹੀ ਹੋਰ ਸਨ ਜਿਨ੍ਹਾਂ ਨਾਲ ਰਿਸ਼ਤੇ ਨੂੰ ਦੋਸਤੀ ਦਾ ਨਾਂ ਤਾਂ ਨਹੀਂ ਦਿੱਤਾ ਜਾ ਸਕਦਾ, ਪਰ ਕੁਝ ਸਾਧਨ, ਕੁਝ ਸਬੱਬ, ਕੁਝ ਵਸੀਲੇ ਅਜਿਹੇ ਬਣਦੇ ਰਹੇ ਜਿਨ੍ਹਾਂ ਸਦਕਾ ਉਨ੍ਹਾਂ ਦੇ ਜੀਵਨ ਵੀ ਮੇਰੇ ਲਈ ਖੁੱਲ੍ਹੀ ਕਿਤਾਬ ਬਣ ਗਏ।

ਸਮੇਂ ਨਾਲ ਵੱਡੇ, ਹਾਣੀ ਤੇ ਛੋਟੇ ਜਿਨ੍ਹਾਂ ਲੇਖਕਾਂ ਨੂੰ ਨੇੜਿਉਂ ਦੇਖਣ ਦਾ ਮੌਕਾ ਮਿਲਿਆ, ਉਨ੍ਹਾਂ ਦੀਆਂ ਗੱਲਾਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰਨ ਦਾ ਵਧੀਆ ਤਰੀਕਾ ਮੈਨੂੰ ਉਨ੍ਹਾਂ ਦੇ ਸ਼ਬਦ-ਚਿੱਤਰ ਵਾਹੁਣਾ ਹੀ ਸੁੱਝਿਆ, ਅਜਿਹੇ ਸ਼ਬਦ-ਚਿੱਤਰ ਜੋ ਉਨ੍ਹਾਂ ਦੇ ਅੰਦਰ-ਬਾਹਰ ਦੇ ਦਰਸ਼ਨ ਕਰਵਾ ਦੇਣ। ਮੇਰੀਆਂ ਸ਼ਬਦ-ਚਿੱਤਰਾਂ ਦੀਆਂ ਪੁਸਤਕਾਂ ਤੋਂ ਇਲਾਵਾ ਕੁਝ ਸ਼ਬਦ-ਚਿੱਤਰ ਸਭਿਆਚਾਰ, ਸੁਤੰਤਰਤਾ ਸੰਗਰਾਮ, ਰਾਜਨੀਤੀ ਆਦਿ ਨਾਲ ਸੰਬੰਧਿਤ ਮੇਰੀਆਂ ਪੁਸਤਕਾਂ ਲਈ ਪ੍ਰਸੰਗਕ ਬਣ ਕੇ ਉਨ੍ਹਾਂ ਵਿਚ ਸ਼ਾਮਲ ਹੋ ਗਏ।

ਕਈ ਲੇਖਕ ਮਿੱਤਰ ਤੇ ਬਹੁਤ ਸਾਰੇ ਸਿਆਣੇ ਪਾਠਕ ਆਖਦੇ, “ਬਹੁਤ ਥਾਈਂ ਖਿੱਲਰ ਗਏ ਹਨ ਤੁਹਾਡੇ ਲਿਖੇ ਸ਼ਬਦ-ਚਿੱਤਰ!” ਇੱਥੋਂ ਉਨ੍ਹਾਂ ਨੂੰ ਇਕ ਥਾਂ ਕਰਨ ਦੇ ਖ਼ਿਆਲ ਦਾ ਜਨਮ ਹੋਇਆ। ਜਦੋਂ ਸੂਚੀ ਬਣਾਈ ਤਾਂ ਇਹ ਗੱਲ ਵੀ ਨਾਲ ਹੀ ਦਿਸ ਪਈ ਕਿ ਪੰਨੇ ਹਜ਼ਾਰ ਤੋਂ ਵੀ ਬਹੁਤ ਵਧ ਜਾਣਗੇ। ਮੇਰੇ ਮਨ ਵਿਚ ਆਇਆ, ਇਸ ਪੁਸਤਕ, ‘ਕਲਮ ਦੇ ਕਰਾਮਾਤੀ’ ਵਿਚ ਸਿਰਫ਼ ਉਹ ਲੇਖਕ ਹੀ ਰੱਖੇ ਜਾਣ ਜੋ ਸਾਹਿਤ ਦੀਆਂ ਆਧੁਨਿਕ ਵਿਧਾਵਾਂ ਵਿਚ ਲਿਖਦੇ ਹਨ। ਸ਼ਬਦ ਨਾਲ ਸੰਬੰਧਿਤ ਹੋਰ ਲੋਕਾਂ ਦਾ ਜੋੜ-ਮੇਲ ਵੱਖਰੀ ਪੁਸਤਕ ਵਿਚ ਹੋ ਰਿਹਾ ਹੈ, ਜਿਸ ਵਿਚ ਆਲੋਚਕ ਤੇ ਖੋਜਕਾਰ, ਗਾਇਕ, ਕਵੀਸ਼ਰ, ਢਾਡੀ, ਪੱਤਰਕਾਰ, ਨਾਟਕਕਾਰ, ਪ੍ਰਕਾਸ਼ਕ, ਅਨੁਵਾਦਕ ਤੇ ਹੋਰ ਭਾਸ਼ਾਵਾਂ ਦੇ ਲੇਖਕ ਆਦਿ ਸਮਾ ਜਾਣਗੇ। ਜਿਨ੍ਹਾਂ ਬਹਾਦਰਾਂ ਨੇ ਅੰਗਰੇਜ਼ ਵਿਰੁੱਧ ਕਲਮ ਵੀ ਵਾਹੀ ਤੇ ਤਲਵਾਰ ਵੀ ਵਾਹੀ, ਉਨ੍ਹਾਂ ਨੂੰ ਵੱਖਰੀ ਪੁਸਤਕ ਦੀ ਸ਼ੋਭਾ ਬਣਾਉਣਾ ਠੀਕ ਲੱਗਿਆ। ਸੈਂਤੀ ਲੇਖਕਾਂ ਨੂੰ 504 ਪੰਨਿਆਂ ਵਿਚ ਸਮੋਂਦੀ ਇਹ ਪੁਸਤਕ ‘ਆਰਸੀ ਪਬਲਿਸ਼ਰਜ਼’ ਨੇ ਛਾਪੀ ਹੈ।

ਸੰਪਰਕ: 80763-63058

Advertisement
×