ਮਹਾਂ-ਦ੍ਰਿਸ਼ ਦਾ ਅੰਤਿਮ ਮਹਾਂ-ਵਾਕ

ਮਹਾਂ-ਦ੍ਰਿਸ਼ ਦਾ ਅੰਤਿਮ ਮਹਾਂ-ਵਾਕ

ਸਵਰਾਜਬੀਰ

ਬੁੱਧਵਾਰ 5 ਅਗਸਤ 2020 ਨੂੰ ਅਯੁੱਧਿਆ ਵਿਚ ਰਾਮ ਮੰਦਰ ਦੇ ਭੂਮੀ ਪੂਜਨ ਦੌਰਾਨ ਮੁੱਖ ਪੁਜਾਰੀ ਦੇ ਆਖ਼ਰੀ ਵਾਕਾਂ ਨੂੰ ਧਿਆਨ ਨਾਲ ਸੁਣਨਾ ਅਤੇ ਯਾਦ ਰੱਖਣਾ ਚਾਹੀਦਾ ਹੈ। ਭਗਵਾਨ ਸ੍ਰੀ ਰਾਮ ਚੰਦਰ ਦੀ ਪੂਜਾ ਕਰ ਰਹੇ ਪੁਜਾਰੀ, ਪੂਜਾ ਦੇ ਜਜਮਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਹਮਣੇ ਬਿਠਾਏ ਗਏ ਮੁੱਖ ਮਹਿਮਾਨ (ਰਾਸ਼ਟਰੀ ਸਵੈਮਸੇਵਕ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ, ਉੱਤਰ ਪ੍ਰਦੇਸ਼ ਦੀ ਰਾਜਪਾਲ ਅਨੰਦੀਬੇਨ ਪਟੇਲ, ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਹੋਰ) ਅਤੇ ਕੋਵਿਡ-19 ਕਾਰਨ ਸੀਮਤ ਤੌਰ ’ਤੇ ਸੱਦੇ ਗਏ ਹੋਰ ਮਹਿਮਾਨ ਉਸ ਵੇਲੇ ਨਿਸ਼ਚੇ ਹੀ ਰਾਮ ਪੂਜਾ ਵਿਚ ਲੀਨ ਸਨ। ਇਹ ਮੰਨਿਆ ਜਾਂਦਾ ਹੈ ਕਿ ਜਦ ਮਨੁੱਖ ਭਗਵਾਨ ਦੀ ਪੂਜਾ ਵਿਚ ਲੀਨ ਹੁੰਦਾ ਹੈ ਤਾਂ ਉਸ ਦਾ ਮਨ ਪਵਿੱਤਰ ਅਤੇ ਭਗਵਾਨਮਈ ਹੋ ਜਾਂਦਾ ਹੈ; ਉਹ ਆਪਣੇ ਆਪ ਨੂੰ ਭੁੱਲ ਜਾਂਦਾ ਹੈ; ਉਸ ਨੂੰ ਕਣ ਕਣ ਵਿਚ ਭਗਵਾਨ ਦਿਸਦਾ ਹੈ। ਦ੍ਰਿਸ਼ ਨੂੰ ਧਿਆਨ ਨਾਲ ਦੇਖੋ। ਭੂਮੀ ਪੂਜਨ ਸਮਾਪਤ ਹੋ ਰਿਹਾ ਹੈ। ਮੁੱਖ ਪੁਜਾਰੀ ਨੇ ਮੁੱਖ ਮਹਿਮਾਨਾਂ ਦਾ ਨਾਂ ਲੈਂਦੇ ਅਤੇ ਸਮੂਹ ਮਹਿਮਾਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਸਭ ਲੋਕ, ਜਿਹੜੇ ਦਿਨ-ਰਾਤ ਭਾਰਤ ਦੀ ਸੇਵਾ ਵਿਚ ਲੱਗੇ ਰਹਿੰਦੇ ਹਨ, ‘‘ਸਭ ਕੇ ਲਿਯੇ ਆਸ਼ੀਰਵਾਦ ਹਮਾਰੇ ਬ੍ਰਾਹਮਣ ਦੇਵਤਾ ਪ੍ਰਦਾਨ ਕਰੇਂ।’’ ਮੁੱਖ ਪੁਜਾਰੀ ਨੇ ਭਗਵਾਨ ਰਾਮ ਤੇ ਹੋਰ ਵੱਖ ਵੱਖ ਦੇਵਤਿਆਂ ਦੀ ਪੂਜਾ ਕੀਤੀ ਪਰ ਉਹ ਬ੍ਰਾਹਮਣ ਦੇਵਤਿਆਂ ਨੂੰ ਭੁੱਲਿਆ ਨਹੀਂ। ਉਸ ਦਾ ਅੰਤਿਮ ਵਾਕ ਬ੍ਰਾਹਮਣ ਦੇਵਤਿਆਂ ਬਾਰੇ ਸੀ, ਬ੍ਰਾਹਮਣਾਂ ਬਾਰੇ ਸੀ।

ਰਿਗਵੇਦ ਦੇ 10ਵੇਂ ਮੰਡਲ ਤੇ 90ਵੇਂ ਸੂਤਰ ’ਚ ਵਿਰਾਟ ਪੁਰਸ਼ ਦਾ ਵਰਣਨ ਹੈ ਜਿਸ ਦੇ ਮੁਖ ’ਚੋਂ ਬ੍ਰਾਹਮਣ, ਬਾਹਾਂ ’ਚੋਂ ਕਸ਼ੱਤਰੀ, ਪੱਟਾਂ ਵਿਚੋਂ ਵੈਸ਼ ਅਤੇ ਪੈਰਾਂ ਵਿਚੋਂ ਸ਼ੂਦਰ ਪੈਦਾ ਹੋਏ। ਅਜਿਹੇ ਸੂਤਰਾਂ ਤੋਂ ਹੀ ਸਮਾਜ ਵਿਚ ਬ੍ਰਾਹਮਣਵਾਦ ਦੀ ਸਰਬਉੱਚਤਾ ਦਾ ਤਰਕ ਉਸਾਰਿਆ ਗਿਆ ਅਤੇ ਉਨ੍ਹਾਂ ਨੂੰ ਪ੍ਰਾਚੀਨ ਗ੍ਰੰਥਾਂ ਵਿਚ ਹਜ਼ਾਰਾਂ ਵਾਰ ਦੁਹਰਾਇਆ ਗਿਆ ਹੈ। ਯਜੁਰਵੇਦ ਅਨੁਸਾਰ ਬ੍ਰਾਹਮਣ ਬ੍ਰਹਮਾ ਦੇ ਮੁਖ ਦੇ ਸਮਾਨ ਹਨ। ਛਾਂਦੋਗਯ ਉਪਨਿਸ਼ਦ ਵਿਚ ਬ੍ਰਾਹਮਣਾਂ ਨੂੰ ਛੱਡ ਕੇ ਬਾਕੀ ਯੋਨੀਆਂ ਵਿਚ ਪੈਦਾ ਹੋਣ ਵਾਲਿਆਂ ਨੂੰ ਨੀਚ ਦੱਸਿਆ ਗਿਆ ਹੈ।

ਮਹਾਂਭਾਰਤ ਦੇ ਅਨੁਸ਼ਾਸਨ ਪਰਵ ਵਿਚ ਜ਼ਖ਼ਮੀ ਹੋਏ ਭੀਸ਼ਮ ਪਿਤਾਮਾ ਤੀਰਾਂ ਦੀ ਸੇਜ ’ਤੇ ਪਏ ਹੋਏ ਹਨ। ਯੁਧਿਸ਼ਟਰ, ਉਹਦੇ ਭਰਾ ਅਤੇ ਹੋਰ ਸਾਥੀ ਉਨ੍ਹਾਂ ਕੋਲ ਗਿਆਨ ਲੈਣ ਪਹੁੰਚਦੇ ਹਨ। ਭੀਸ਼ਮ ਪਿਤਾਮਾ ਦੱਸਦੇ ਹਨ, ‘‘ਬ੍ਰਾਹਮਣ ਸਭ ਪ੍ਰਾਣੀਆਂ ਦੇ ਪਿਤਾ ਹਨ। ਇਨ੍ਹਾਂ ਤੋਂ ਵਧ ਕੇ ਕੋਈ ਪ੍ਰਾਣੀ ਨਹੀਂ ਹੈ।... ਰਾਜਨ, ਜੇ ਬ੍ਰਾਹਮਣ ਸੰਤੁਸ਼ਟ ਹੋ ਜਾਣ ਤਾਂ ਪਿਤਰ ਤੇ ਦੇਵਤਾ ਵੀ ਸਦਾ ਪ੍ਰਸੰਨ ਰਹਿੰਦੇ ਹਨ।... ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਸਿਰਫ਼ ਬ੍ਰਾਹਮਣ ਹੀ ਜਾਣਦਾ ਹੈ।... ਸੰਸਾਰ ਵਿਚ ਜੋ ਕਿਹਾ, ਸੁਣਿਆ ਜਾਂ ਪੜ੍ਹਿਆ ਜਾ ਰਿਹਾ ਹੈ, ਉਹ ਲੱਕੜੀ ਵਿਚ ਛਿਪੀ ਹੋਈ ਅਗਨੀ ਵਾਂਗ ਬ੍ਰਾਹਮਣਾਂ ਵਿਚ ਹੀ ਸਥਿਤ ਹੈ।... ਮਾਧਵ! ਦੇਖੋ ਬ੍ਰਾਹਮਣਾਂ ਦਾ ਕੇਹਾ ਪ੍ਰਭਾਵ ਹੈ, ਉਨ੍ਹਾਂ ਨੇ ਚੰਦਰਮਾ ਨੂੰ ਕਲੰਕ ਲਾ ਦਿੱਤਾ, ਸਮੁੰਦਰ ਦੇ ਪਾਣੀ ਨੂੰ ਖਾਰਾ ਕਰ ਦਿੱਤਾ ਅਤੇ ਦੇਵਰਾਜ ਇੰਦਰ ਦੇ ਸਰੀਰ ’ਤੇ ਇਕ ਹਜ਼ਾਰ ਯੋਨੀ ਦੇ ਚਿੰਨ੍ਹ ਬਣਾ ਦਿੱਤੇ ਅਤੇ ਫਿਰ ਆਪਣੇ ਪ੍ਰਭਾਵ ਨਾਲ ਹੀ ਉਨ੍ਹਾਂ ਚਿੰਨ੍ਹਾਂ ਨੂੰ ਨੇਤਰ (ਅੱਖਾਂ) ਬਣਾ ਦਿੱਤਾ ...।’’ ਅਖ਼ੀਰ ਵਿਚ ਭੀਸ਼ਮ ਪਿਤਾਮਾ ਨਤੀਜਾ ਕੱਢਦੇ ਹਨ, ‘‘ਬ੍ਰਾਹਮਣਾਂ ਦਾ ਵਿਰੋਧ ਕਰ ਕੇ ਧਰਤੀ (ਭੂਮੰਡਲ) ’ਤੇ ਰਾਜ ਨਹੀਂ ਕੀਤਾ ਜਾ ਸਕਦਾ ਕਿਉਂਕਿ ਬ੍ਰਾਹਮਣ ਦੇਵਤਾਵਾਂ ਦੇ ਵੀ ਦੇਵਤਾ ਹਨ।’’

ਭਗਵਤ ਗੀਤਾ ਦੇ ਚੌਥੇ ਅਧਿਆਇ ਵਿਚ ਭਗਵਾਨ ਕ੍ਰਿਸ਼ਨ ਦੱਸਦੇ ਹਨ ਕਿ ਮੈਂ (ਭਾਵ ਭਗਵਾਨ) ਨੇ ਹੀ ਚਾਰ ਵਰਣ ਬਣਾਏ ਹਨ। ਕੁਝ ਵਿਦਵਾਨ ਇਹ ਦਲੀਲ ਦਿੰਦੇ ਹਨ ਕਿ ਭਗਵਤ ਗੀਤਾ ਵਿਚ ਦੱਸੇ ਗਏ ਵਰਣ ਕਰਮਾਂ ’ਤੇ ਆਧਾਰਿਤ ਹਨ (ਕਿਉਂਕਿ ਗੀਤਾ ਵਿਚ ਕਰਮ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ) ਪਰ ਗੀਤਾ ਦੇ ਹੀ 9ਵੇਂ ਅਧਿਆਇ (9.32) ਵਿਚ ਭਗਵਾਨ ਕ੍ਰਿਸ਼ਨ ਕਹਿੰਦੇ ਹਨ, ‘‘ਹਾਂ ਪਾਰਥ, ਇਹ ਜੋ ਪਾਪੀ ਯੋਨੀਆਂ ਤੋਂ ਉਪਜੇ ਹਨ, ਭਾਵ ਜਿਹੜੇ ਕਸ਼ੱਤਰੀ, ਵੈਸ਼ ਅਤੇ ਸ਼ੂਦਰ ਹਨ, ਉਹ ਮੇਰੀ ਸ਼ਰਨ ਲੈ ਕੇ ਪਰਮਗਤੀ ਪ੍ਰਾਪਤ ਕਰ ਸਕਦੇ ਹਨ।’’ ਇਸ ਤਰ੍ਹਾਂ ਵਰਣ ਜਾਂ ਜਾਤੀ ਜਨਮ ਤੋਂ ਹੀ ਨਿਰਧਾਰਤ ਹੋ ਜਾਂਦੀ ਹੈ। ਵਿਦਵਾਨ ਇਹ ਦਲੀਲ ਦਿੰਦੇ ਹਨ ਕਿ ਇਹ ਪੂਰਵ-ਜਨਮਾਂ ਵਿਚ ਕੀਤੇ ਕਰਮਾਂ ਦਾ ਫ਼ਲ ਹੈ; ਇਹ ਦਲੀਲ ਦੇ ਕੇ ਵਿਦਵਾਨ ਆਵਾਗੌਣ (ਪੁਨਰ-ਜਨਮ) ਦੇ ਸਿਧਾਂਤ ਅਤੇ ਉਸ ਦੇ ਨਾਲ ਨਿਰਧਾਰਤ ਹੋਣ ਵਾਲੇ ਵਰਣ ਪ੍ਰਬੰਧ ਜਾਂ ਜਾਤੀਵਾਦ ਦੀ ਹੀ ਪ੍ਰੋੜ੍ਹਤਾ ਕਰਦੇ ਰਹੇ ਹਨ।

ਭਗਵਤ ਗੀਤਾ ਦੇ ਨੌਵੇਂ ਅਧਿਆਇ (9.33) ਵਿਚ ਬ੍ਰਾਹਮਣਾਂ ਦਾ ਗੁਣ-ਗਾਣ ਹੈ, ‘‘ਜਿਹੜੇ ਪੁੰਨ ਕਰਨ ਵਾਲੇ ਬ੍ਰਾਹਮਣ ਤੇ ਰਾਜਰਿਸ਼ੀ ਭਗਤ ਹਨ, ਉਨ੍ਹਾਂ ਬਾਰੇ ਕੀ ਕਿਹਾ ਜਾਵੇ (ਭਾਵ ਉਨ੍ਹਾਂ ਦਾ ਯਸ਼ ਕਿਵੇਂ ਗਾਇਆ ਜਾਵੇ)।’’ ਅਧਿਆਇ 17 (17.14) ’ਚ ਦੇਵਤਿਆਂ, ਗੁਰੂਆਂ ਤੇ ਗਿਆਨੀਆਂ ਦੇ ਨਾਲ ਨਾਲ ਬ੍ਰਾਹਮਣਾਂ ਦੀ ਪੂਜਾ ਦਾ ਉਪਦੇਸ਼ ਦਿੱਤਾ ਗਿਆ ਹੈ। 18ਵੇਂ ਅਧਿਆਇ (18.41) ’ਚ ਭਗਵਾਨ ਕ੍ਰਿਸ਼ਨ ਕਹਿੰਦੇ ਹਨ, ‘‘ਹੇ ਪਰੰਤਪ (ਸ਼ਤਰੂਆਂ ਨੂੰ ਜਿੱਤਣ ਵਾਲੇ), ਬ੍ਰਾਹਮਣ, ਕਸ਼ੱਤਰੀ, ਵੈਸ਼ ਤੇ ਸ਼ੂਦਰਾਂ ਦੁਆਰਾ ਕੀਤੇ ਜਾਣ ਵਾਲੇ ਕੰਮ ਸੁਭਾ (ਸਵਭਾਵ) ਤੋਂ ਪੈਦਾ ਹੋਏ ਗੁਣਾਂ ਕਾਰਨ ਹੀ ਨਿਰਧਾਰਤ ਕੀਤੇ ਗਏ ਹਨ।’’ ਸਵਭਾਵ ਦਾ ਅਰਥ ਬ੍ਰਾਹਮਣ ਵਿਦਵਾਨਾਂ ‘ਈਸ਼ਵਰ ਦੀ ਪ੍ਰਕਿਰਤੀ ਜਾਂ ਮਾਇਆ’ ਅਤੇ ‘‘ਜਨਮ-ਜਨਮਾਂਤਰ ਤੋਂ ਕੀਤੇ ਕਰਮਾਂ ਦੇ ਸੰਸਕਾਰ ਜਿਹੜੇ ਵਰਤਮਾਨ ਜਨਮ ਵਿਚ ਅਭਿਵਿਅਕਤ ਹੋਏ ਹਨ’’ ਕੀਤਾ ਹੈ। ਇਹੀ ਅਧਿਆਇ (18.42) ਦੱਸਦਾ ਹੈ ਕਿ ਗਿਆਨ, ਵਿਗਿਆਨ, ਤਪ ਆਦਿ ਬ੍ਰਾਹਮਣ ਦੇ ਸਵਭਾਵਿਕ ਕਰਮ ਹਨ ਤੇ ਦੂਸਰਿਆਂ ਦੀ ਸੇਵਾ ਕਰਨਾ ਸ਼ੂਦਰਾਂ ਦਾ ਸਵਭਾਵਿਕ ਕਰਮ ਹੈ।’’ (18.44) ਮਨੂੰ-ਸਿਮਰਤੀ, ਪਰਾਸ਼ਰ ਸਿਮਰਤੀ, ਪੁਰਾਣ ਅਤੇ ਹੋਰ ਧਾਰਮਿਕ ਗ੍ਰੰਥ ਵੀ ਬ੍ਰਾਹਮਣਾਂ ਦਾ ਗੁਣ-ਗਾਣ ਕਰਦੇ ਹਨ। ਇਹ ਗੁਣ-ਗਾਣ ਵਾਰ ਵਾਰ ਹੁੰਦਾ ਹੈ; ਇਹ ਹਰ ਪ੍ਰਾਚੀਨ, ਮੱਧਕਾਲੀਨ, ਇੱਥੋਂ ਤਕ ਕਿ ਆਧੁਨਿਕ ਗ੍ਰੰਥਾਂ ’ਚ ਵੀ ਮੌਜੂਦ ਹੈ। ਮਨੂੰ-ਸਿਮਰਤੀ ’ਚ ਸ਼ੂਦਰ ਕਹੇ ਜਾਂਦੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਦਾ ਹੌਲਨਾਕ ਵਰਣਨ ਹੈ। ਇਤਿਹਾਸਕ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਆਰਐੱਸਐੱਸ ਦੇ ਅਖ਼ਬਾਰ ‘ਦਿ ਆਰਗੇਨਾਈਜ਼ਰ’ (The Organiser) ਨੇ 30 ਨਵੰਬਰ 1949 ਦੇ ਅੰਕ ’ਚ ਮੰਗ ਕੀਤੀ ਸੀ ਕਿ ਮਨੂੰ-ਸਿਮਰਤੀ ’ਚ ਦੱਸੇ ਕਾਨੂੰਨਾਂ ਨੂੰ ਸੰਵਿਧਾਨ ਦਾ ਆਧਾਰ ਬਣਾਇਆ ਜਾਣਾ ਚਾਹੀਦਾ ਹੈ। ਮਨੂੰ-ਸਿਮਰਤੀ ਵਰਣ-ਆਸ਼ਰਮ ਤੇ ਜਾਤੀਵਾਦ ਨੂੰ ਕਾਇਮ ਰੱਖਣ ਅਤੇ ਇਸ ਨੂੰ ਸਮਾਜਿਕ ਸਥਿਰਤਾ ਦੇਣ ਵਾਲਾ ਪ੍ਰਮਾਣਿਕ ਦਸਤਾਵੇਜ਼ ਹੈ।

ਇਸ ਤਰ੍ਹਾਂ ਰਾਮ ਮੰਦਰ ਦੇ ਭੂਮੀ ਪੂਜਨ ਸਮੇਂ ਮੁੱਖ ਪੁਜਾਰੀ ਨੇ ਕੋਈ ਵਿਕੋਲਿਤਰੀ ਗੱਲ ਨਹੀਂ ਕੀਤੀ। ਉਸ ਨੇ ਉਹੀ ਕਿਹਾ ਜੋ ਧਾਰਮਿਕ ਗ੍ਰੰਥਾਂ ਵਿਚ ਲਿਖਿਆ ਗਿਆ ਹੈ। ਅਸੀਂ ਮੰਨੀਏ ਜਾਂ ਨਾ ਮੰਨੀਏ, ਬ੍ਰਾਹਮਣਵਾਦ/ਜਾਤੀਵਾਦ ਸਾਡੇ ਜੀਵਨ ਦੇ ਬਹੁਤ ਸਾਰੇ ਪੱਖਾਂ ਦੀ ਸੰਚਾਲਕ ਸ਼ਕਤੀ ਹੈ। ਬੁੱਧ ਧਰਮ, ਜੈਨ ਧਰਮ, ਸਿੱਖ ਧਰਮ, ਨਾਥ-ਜੋਗੀਆਂ ਦੀਆਂ ਪਰੰਪਰਾਵਾਂ, ਬ੍ਰਹਮੋ ਸਮਾਜ, ਆਰੀਆ ਸਮਾਜ, ਇਸਲਾਮ ਅਤੇ ਹੋਰ ਪੰਥ ਅਤੇ ਪਰੰਪਰਾਵਾਂ ਦੇ ਵਰਣ-ਆਸ਼ਰਮ ਤੇ ਜਾਤੀਵਾਦ ਦਾ ਵਿਰੋਧ ਕਰਨ ਦੇ ਬਾਵਜੂਦ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਵਿਚ ਰਹਿਣ ਵਾਲੇ ਸਮਾਜ ਜਾਤੀਵਾਦ ਦੀ ਪਕੜ ਵਿਚ ਹਨ। ਇਹ ਜਾਤੀਵਾਦ ਸਮਾਜ ਦੀਆਂ ਵੱਖ ਵੱਖ ਸ਼੍ਰੇਣੀਆਂ ਨੂੰ ਏਨੀ ਅਣਮੁੱਕਵੀਂ ਹੱਦ ਤਕ ਵੰਡਦਾ ਹੈ ਕਿ ਵੱਖ ਵੱਖ ਜਾਤ-ਸਮੂਹਾਂ ਵਿਚ ਵੀ ਆਪਣੀ ਭਰਾਤਰੀ ਜਾਤਾਂ ਤੋਂ ਉੱਚੇ, ਬਰਾਬਰ ਜਾਂ ਨੀਵੇਂ ਹੋਣ ਦੀ ਭਾਵਨਾ ਪਾਈ ਜਾਂਦੀ ਹੈ।

ਬ੍ਰਾਹਮਣ ਸਾਡੀਆਂ ਜਨਮ ਪੱਤਰੀਆਂ ਬਣਾਉਂਦੇ ਹਨ ਤੇ ਇਸ ਤਰ੍ਹਾਂ ਨਾਲ ਸਾਡਾ ਭਵਿੱਖ ਦੱਸਦੇ ਹਨ। ਵਰਣ-ਆਸ਼ਰਮ ਅਤੇ ਜਾਤੀਵਾਦ ਵਿਆਹ ਸਬੰਧਾਂ ਵਿਚ ਪ੍ਰਮੁੱਖ ਸਮਾਜਿਕ ਭੂਮਿਕਾ ਨਿਭਾਉਂਦੇ ਹਨ। ਬ੍ਰਾਹਮਣ ਸਾਨੂੰ ਦੱਸਦੇ ਹਨ ਕਿ ਵਿਆਹ, ਘਰ-ਪਰਵੇਸ਼ ਤੇ ਹੋਰ ਸਮਾਜਿਕ ਸਮਾਗਮਾਂ ਲਈ ਕਿਹੜਾ ਦਿਨ ਸ਼ੁਭ ਤੇ ਕਿਹੜਾ ਅਸ਼ੁਭ ਹੈ। ਇਸ ਤਰ੍ਹਾਂ ਭਾਵੇਂ ਬਾਹਰੀ ਤੇ ਸਤਹੀ ਰੂਪ ਵਿਚ ਅਸੀਂ ਬ੍ਰਾਹਮਣਵਾਦੀ ਹੋਣ ਤੋਂ ਇਨਕਾਰ ਕਰੀਏ ਪਰ ਸਾਡੇ ਜੀਵਨ ’ਤੇ ਬ੍ਰਾਹਮਣਵਾਦ ਦੀ ਪਕੜ ਦੀਆਂ ਜੜ੍ਹਾਂ ਨਾ ਸਿਰਫ਼ ਇਤਿਹਾਸ ਅਤੇ ਮਿਥਿਹਾਸ ਵਿਚ ਪਈਆਂ ਹਨ ਸਗੋਂ ਅੱਜ ਦੇ ਜੀਵਨ ਵਿਚ ਵੀ ਬ੍ਰਾਹਮਣਵਾਦ ਦੀ ਭੂਮਿਕਾ ਕਈ ਪੱਖਾਂ ਤੋਂ ਬੁਨਿਆਦੀ ਹੈ। ਇਹ ਵਰਤਾਰਾ ਚੇਤਨ ਅਤੇ ਅਵਚੇਤਨ ਦੋਹਾਂ ਪੱਧਰਾਂ ’ਤੇ ਵਾਪਰਦਾ ਹੈ। ਬਹੁਤੇ ਲੋਕ ਅਜੇ ਵੀ ਇਸ ਨੂੰ ਇਕ ਤਰ੍ਹਾਂ ਦਾ ਕੁਦਰਤੀ ਵਰਤਾਰਾ, ਜਿਊਣ ਦਾ ਸੁਭਾਵਿਕ ਤਰੀਕਾ ਜਾਂ ਆਪਣੀ ਜੀਵਨ-ਜਾਚ ਦਾ ਸੱਚ ਸਮਝਦੇ ਹਨ। ਦੂਸਰੇ ਇਸ ਨੂੰ ਨਿਰਆਧਾਰ ਸਮਝਦੇ ਹੋਏ ਵੀ ਸਮਾਜਿਕ ਸ਼ਕਤੀਆਂ ਵਿਚ ਇਉਂ ਜਕੜੇ ਹੋਏ ਹਨ ਕਿ ਇਸ ਦਾ ਪਾਲਣ ਕਰੀ ਜਾਂਦੇ ਹਨ। ਅਮਲੀ ਪੱਧਰ ’ਤੇ ਅਸੀਂ ਕਿਸੇ ਵੀ ਤਰ੍ਹਾਂ ਬ੍ਰਾਹਮਣਵਾਦ ਦੇ ਜੰਜਾਲ ਤੋਂ ਮੁਕਤ ਨਹੀਂ ਹਾਂ।

ਇਸ ਤਰ੍ਹਾਂ ਜੇ ਰਾਮ ਮੰਦਰ ਦੇ ਭੂਮੀ ਪੂਜਨ ਸਮੇਂ ਪ੍ਰਮੁੱਖ ਪੁਜਾਰੀ ਜਦ ਬ੍ਰਾਹਮਣ ਦੇਵਤਿਆਂ ਦੇ ਆਸ਼ੀਰਵਾਦ ਦੀ ਗੱਲ ਕਰ ਰਿਹਾ ਸੀ ਤਾਂ ਉਹ ਧਰਮ ਗ੍ਰੰਥਾਂ ਤੋਂ ਮਿਲੇ ਅਧਿਕਾਰ ਦੇ ਨਾਲ ਨਾਲ ਅੱਜ ਦਾ ਸਮਾਜਿਕ ਸੱਚ ਵੀ ਬਿਆਨ ਕਰ ਰਿਹਾ ਸੀ। ਕਿਸੇ ਨੂੰ ਪਸੰਦ ਹੋਵੇ ਜਾਂ ਨਾ ਹੋਵੇ, ਇਹ ਵਾਕ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਦੇ ਵੱਖ ਵੱਖ ਸਮਾਜਾਂ ਅਤੇ ਭਾਈਚਾਰਿਆਂ ਦੀ ਸਮਾਜਿਕ ਹਕੀਕਤ ਨੂੰ ਬਿਆਨ ਕਰਦਾ ਵਾਕ ਹੈ। ਇਹ ਵਾਕ ਸਾਡੀ ਸਮਾਜਿਕ ਅਤੇ ਸੱਭਿਆਚਾਰਕ ਹੋਣੀ ਦਾ ਲਖਾਇਕ ਹੋਣ ਦੇ ਨਾਲ ਨਾਲ ਸਾਡੇ ਜੀਵਨ ਵਿਚ ਜਾਤੀਵਾਦ ਦੁਆਰਾ ਪੈਦਾ ਕੀਤੀਆਂ ਸਮਾਜਿਕ ਅਤੇ ਆਰਥਿਕ ਅਸਮਾਨਤਾਵਾਂ, ਜਾਤੀ ਹੰਕਾਰ ਦੇ ਮਸਲਿਆਂ, ਜਾਤੀਵਾਦੀ ਵਿਤਕਰੇ ਅਤੇ ਹਿੰਸਾ, ਸਮਾਜਿਕ ਪਛੜੇਵੇਂ ਤੇ ਇਸ ਤਰ੍ਹਾਂ ਦੇ ਹੋਰ ਪਛੜੇਵਿਆਂ ਦੀ ਨਿਸ਼ਾਨਦੇਹੀ ਕਰਦਾ ਹੈ।

ਇਸ ਦਲਦਲ ਵਿਚੋਂ ਬਾਹਰ ਕਿਵੇਂ ਨਿਕਲਿਆ ਜਾਵੇ? ਇਸ ਬਾਰੇ ਤਰਕ-ਵਿਤਰਕ ਕਰਨਾ ਇਸ ਲੇਖ ਦੀ ਸਮਰੱਥਾ ਤੋਂ ਬਾਹਰ ਹੈ। ਇਹ ਬਹਿਸ ਵੀ ਜ਼ਰੂਰੀ ਹੈ ਕਿ ਭਾਰਤੀ ਮੂਲ ਦੇ ਬਹੁਤ ਸਾਰੇ ਧਰਮ ਅਤੇ ਪੰਥ ਵਰਣ-ਪ੍ਰਥਾ ਅਤੇ ਜਾਤੀਵਾਦ ਦਾ ਵਿਰੋਧ ਕਰਨ ਦੇ ਬਾਵਜੂਦ ਸਮਾਜ ਨੂੰ ਜਾਤੀਵਾਦ ਤੋਂ ਮੁਕਤੀ ਕਿਉਂ ਨਹੀਂ ਦਿਵਾ ਸਕੇ। ਉਸ ਦਾ ਪਹਿਲਾ ਕਾਰਨ ਇਹ ਹੈ ਕਿ ਇਹ ਧਰਮ ਅਧਿਆਤਮਕ ਪੱਧਰ ’ਤੇ ਬਰਾਬਰੀ ਦੀ ਗੱਲ ਕਰਦੇ ਹਨ (ਭਾਵ ਸਾਰੀਆਂ ਜਾਤਾਂ ਦੇ ਲੋਕ ਪਰਮਾਤਮਾ ਦੇ ਸਾਹਮਣੇ ਜਾਂ ਪਰਮਾਤਮਾ ਦੀ ਸ਼ਰਨ ਵਿਚ ਜਾਣ ਵੇਲੇ ਬਰਾਬਰ ਹਨ) ਅਤੇ ਦੂਸਰਾ ਕਾਰਨ ਇਨ੍ਹਾਂ ਧਰਮਾਂ ਦੁਆਰਾ ਆਵਾਗੌਣ/ਪੁਨਰ-ਜਨਮ ਅਤੇ ਕਰਮ-ਫ਼ਲ ਦੇ ਸਿਧਾਂਤਾਂ (ਭਾਵ ਮਨੁੱਖ ਦਾ ਮੁੜ ਮੁੜ ਜਨਮ ਹੁੰਦਾ ਹੈ ਅਤੇ ਇਹ ਜਨਮ ਪਹਿਲੇ ਜਨਮਾਂ ਵਿਚ ਕੀਤੇ ਕਰਮਾਂ ’ਤੇ ਆਧਾਰਿਤ ਹੁੰਦਾ ਹੈ) ਨੂੰ ਸਵੀਕਾਰ ਕਰਨਾ ਹੈ। ਪੁਨਰ-ਜਨਮ ਅਤੇ ਕਰਮ-ਫ਼ਲ ਦੇ ਇਹ ਸਿਧਾਂਤ ਵਰਣ-ਪ੍ਰਥਾ ਅਤੇ ਜਾਤੀਵਾਦ ਦਾ ਅਜਿਹਾ ਠੋਸ ਵਿਚਾਰਧਾਰਕ ਆਧਾਰ ਹਨ ਕਿ ਇਨ੍ਹਾਂ ਨੂੰ ਨਕਾਰਨ ਤੋਂ ਬਿਨਾ ਸਮਾਜਿਕ ਨਾਬਰਾਬਰੀ ਵਿਰੁੱਧ ਸੰਘਰਸ਼ ਆਰੰਭਣਾ/ਕਰਨਾ ਮੁਸ਼ਕਿਲ ਅਤੇ ਆਪਾ-ਵਿਰੋਧਾਂ ਨਾਲ ਭਰਿਆ ਹੋਇਆ ਹੈ। ਇਸੇ ਲਈ ਰਾਮ ਜਨਮ ਭੂਮੀ ਦੇ ਭੂਮੀ ਪੂਜਨ ਸਮੇਂ ਬ੍ਰਾਹਮਣਾਂ ਨੂੰ ਦੇਵਤੇ ਕਿਹਾ ਗਿਆ ਅਤੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ ਹੈ। ਇਹ ਆਸ਼ੀਰਵਾਦ ਸਾਨੂੰ ਸਾਰਿਆਂ ਨੂੰ ਹੈ ਜਿਹੜੇ ਸਪੱਸ਼ਟ ਰੂਪ ਵਿਚ ਜਾਂ ਅੰਦਰੋ-ਅੰਦਰੀ, ਸਮੁੱਚੇ ਜਾਂ ਅੱਧ-ਪਚੱਧੇ ਜਾਤੀਵਾਦੀ (ਭਾਵ ਬ੍ਰਾਹਮਣਵਾਦੀ) ਹਾਂ; ਜਦ ਸਾਡੇ ਅੰਦਰ ਜਾਤੀਵਾਦ/ ਬ੍ਰਾਹਮਣਵਾਦ ਜ਼ਿੰਦਾ ਹੈ ਤਾਂ ਸਾਨੂੰ ਮੁੱਖ ਪੁਜਾਰੀ ’ਤੇ ਕਿੰਤੂ ਕਰਨ ਦਾ ਕੋਈ ਹੱਕ ਨਹੀਂ ਕਿ ਉਸ ਨੇ ਬ੍ਰਾਹਮਣਾਂ ਨੂੰ ਦੇਵਤੇ ਕਿਉਂ ਕਿਹਾ ਅਤੇ ਕਿਉਂ ਉਨ੍ਹਾਂ ਦਾ ਆਸ਼ੀਰਵਾਦ ਸਾਨੂੰ ਦਿੱਤਾ। ਇਸ ਲੇਖ ਵਿਚਲਾ ਸੀਮਤ ਯਤਨ ਇਹ ਦੱਸਣਾ ਹੀ ਹੈ ਕਿ ਜਾਤੀਵਾਦ ਨੇ ਸਾਡੇ ਸਮਾਜ ਨੂੰ ਅਤੇ ਸਾਡੇ ਸਮੂਹਿਕ ਚੇਤਨ ਤੇ ਅਵਚੇਤਨ ਨੂੰ ਵੱਡੀ ਪੱਧਰ ’ਤੇ ਗ੍ਰਸਿਆ ਹੋਇਆ ਹੈ ਅਤੇ ਇਸ ਸੱਚਾਈ ਨੂੰ ਸਵੀਕਾਰ ਕੀਤੇ ਬਗ਼ੈਰ ਇਸ ਤੋਂ ਅਗਾਂਹ ਦੀ ਲੜਾਈ ਲੜਨੀ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਵੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All