ਖੇਤ ਸੌਂ ਰਹੇ ਹਨ !

ਖੇਤ ਸੌਂ ਰਹੇ ਹਨ !

ਸਵਰਾਜਬੀਰ

ਰਾਘਵ ਰਾਵ ਬਾਈ ਵਰ੍ਹਿਆਂ ਦਾ ਹੈ। ਅੱਜ ਜੇਲ੍ਹ ਵਿਚ ਉਸ ਦੀ ਜ਼ਿੰਦਗੀ ਦੀ ਆਖ਼ਰੀ ਰਾਤ ਹੈ। ਭਲਕੇ ਸਵੇਰੇ ਉਸ ਨੂੰ ਫਾਂਸੀ ’ਤੇ ਟੰਗ ਦਿੱਤਾ ਜਾਵੇਗਾ।’’ ਇਹ ਸ਼ਬਦ ਮਸ਼ਹੂਰ ਨਾਵਲਕਾਰ ਕ੍ਰਿਸ਼ਨ ਚੰਦਰ ਦੇ ਨਾਵਲ ‘ਜਬ ਖੇਤ ਜਾਗੇ’ ਦੇ ਸ਼ੁਰੂਆਤੀ ਸ਼ਬਦ ਹਨ। ਰਾਘਵ ਦੇ ਪੈਰਾਂ ’ਚ ਬੇੜੀਆਂ ਹਨ। ਉਸ ਨੂੰ 1946-51 ਦੌਰਾਨ ਤਿਲੰਗਾਨਾ ’ਚ ਚੱਲੇ ਕਿਸਾਨ ਵਿਦਰੋਹ ’ਚ ਹਿੱਸਾ ਲੈਣ ਕਾਰਨ ਨਜ਼ਰਬੰਦ ਕੀਤਾ ਗਿਆ ਹੈ।

ਨਾਵਲ ਫਾਂਸੀ ਤੋਂ ਪਹਿਲਾਂ ਦੀ ਰਾਤ ਸਮੇਂ ਸ਼ੁਰੂ ਹੁੰਦਾ ਹੈ ਜਦ ਰਾਘਵ ਆਪਣੇ ਬੀਤੇ ਜੀਵਨ ਦੀਆਂ ਪਰਤਾਂ ਖੋਲ੍ਹਦਾ ਖ਼ਾਸ ਖ਼ਾਸ ਘਟਨਾਵਾਂ ਨੂੰ ਯਾਦ ਕਰ ਰਿਹਾ ਹੈ। ਉਹ ਘਟਨਾਵਾਂ ਕੁਝ ਇਸ ਤਰ੍ਹਾਂ ਹਨ: ਉਹ ਤਿੰਨ ਵਰ੍ਹਿਆਂ ਦਾ ਸੀ ਜਦ ਉਸ ਦੀ ਮਾਂ ਮਰ ਗਈ। ਉਸ ਦੇ ਪਿਤਾ ਵੈਰੋਯਾ ਨੇ ਉਸ ਨੂੰ ਪਾਲਿਆ-ਪੋਸਿਆ ਤੇ ਕਠੋਰ ਜੀਵਨ ਜਿਊਣ ਦਾ ਆਦੀ ਬਣਾਇਆ। ਰਾਘਵ ਦੇ ਪਰਿਵਾਰ ਨੂੰ ਪਿੰਡ ’ਚ ਵਗਾਰ ਕਰਨੀ ਪੈਂਦੀ ਹੈ। 11 ਵਰ੍ਹਿਆਂ ਦਾ ਰਾਘਵ ਸ੍ਰੀਪੁਰਮ ਮੇਲੇ ’ਚ ਨਵੇਂ ਕੱਪੜੇ ਪਾ ਕੇ ਜਾਂਦਾ ਤੇ ਉੱਥੇ ਇਕ ਦੁਕਾਨ ’ਤੇ ਜਦ ਉਹ ਰੇਸ਼ਮ ਦੇ ਥਾਨ ਨੂੰ ਹੱਥ ਲਗਾਉਂਦਾ ਹੈ ਤਾਂ ਰਮੱਈਆ ਚੇਟੀ ਉਸ ਨੂੰ ਝਿੜਕਦਾ ਹੈ, ‘‘ਓਏ, ਵੈਟੀ ਹੋ ਕੇ ਰੇਸ਼ਮ ਨੂੰ ਹੱਥ ਲਗਾਉਨੈ, ਦੁਸ਼ਟਾ ਖੜ੍ਹੇ ਖੜ੍ਹੇ ਤੇਰੀ ਖੱਲ ਲੁਆ ਦਿਆਂਗਾ।’’ ਜਦੋਂ ਉਹ ਮੇਲੇ ਤੋਂ ਵਾਪਸ ਪਰਤ ਰਹੇ ਹਨ ਤਾਂ ਪਿੰਡ ’ਚ ਪਟੇਲ ਦਾ ਇਕ ਕਰਿੰਦਾ ਭੀਮੱਈਆ ਉਸ ਨੂੰ ਗਲੇ ਤੋਂ ਫੜ ਕੇ ਚਪੇੜਾਂ ਮਾਰਦਾ ਹੈ। ਸਿਰ ਤੋਂ ਪੱਗ ਲਾਹ ਕੇ ਮਿੱਟੀ ਵਿਚ ਸੁੱਟ ਦਿੰਦਾ ਹੈ। ਨਵੇਂ ਕੁੜਤੇ ਨੂੰ ਲੀਰੋ ਲੀਰ ਕਰਦਿਆਂ ਧੋਤੀ ਖੋਲ੍ਹ ਕੇ ਰਾਘਵ ਨੂੰ ਨੰਗਿਆਂ ਕਰ ਦਿੰਦਾ ਹੈ। ਰਾਘਵ ਵਿਰੋਧ ਕਰਦਾ ਹੈ ਪਰ ਉਹਦਾ ਪਿਓ ਭੀਮੱਈਆ ਤੋਂ ਮੁਆਫ਼ੀ ਮੰਗ ਲੈਂਦਾ ਹੈ। ਭੀਮੱਈਆ ਕਹਿੰਦਾ ਹੈ, ‘‘ਤੂੰ ਜਾਣਦਾ ਨਹੀਂ, ਮਾਲਕਾਂ ਦੇ ਸਾਹਮਣੇ ਕੋਈ ‘ਵੈਟੀ’ ਨਵੇਂ ਕੱਪੜੇ ਨਹੀਂ ਪਹਿਨ ਸਕਦਾ…। ਵੈਟੀ ਨੂੰ ਵੈਟੀ ਵਾਂਗ ਰਹਿਣਾ ਚਾਹੀਦਾ ਹੈ।’’ ਰਾਘਵ ਦੀ ਜ਼ਿੰਦਗੀ ਕਈ ਪੜਾਵਾਂ ਵਿਚੋਂ ਲੰਘਦੀ ਹੈ। ਚੜ੍ਹਦੀ ਜਵਾਨੀ ਵਿਚ ਉਸ ਨੂੰ ਲੰਬਾੜੀ ਕਬੀਲੇ ਦੀ ਕੁੜੀ ਚੁੰਦਰੀ ਨਾਲ ਮੁਹੱਬਤ ਹੋ ਜਾਂਦੀ ਹੈ। ਪਿੰਡ ਦਾ ਸਰਦਾਰ ਚੁੰਦਰੀ ਨਾਲ ਜਬਰ-ਜਨਾਹ ਕਰਦਾ ਹੈ ਪਰ ਕਬੀਲੇ ਦੀ ਰਵਾਇਤ ਕਾਰਨ ਚੁੰਦਰੀ ਕੋਈ ਵਿਰੋਧ ਨਹੀਂ ਕਰਦੀ। ਰਾਘਵ ਇਕ ਬਣੀਏ ਕੋਲ ਨੌਕਰੀ ਕਰਦਾ ਹੈ, ਜਿੱਥੇ ਉਸ ’ਤੇ ਚੋਰੀ ਕਰਨ ਦਾ ਝੂਠਾ ਇਲਜ਼ਾਮ ਲੱਗਦਾ ਹੈ। ਬਾਅਦ ਵਿਚ ਉਹ ਹੈਦਰਾਬਾਦ ਵਿਚ ਰਿਕਸ਼ਾ ਵਾਹੁਣ ਲੱਗਦਾ ਹੈ। ਉੱਥੇ ਹੀ ਉਹ ਮਕਬੂਲ ਨੂੰ ਮਿਲਦਾ ਹੈ ਜੋ ਉਸ ਨੂੰ ਇਕ ਪੇਪਰ ਮਿੱਲ ਵਿਚ ਨੌਕਰ ਕਰਵਾ ਦਿੰਦਾ ਹੈ। ਮਕਬੂਲ ਦੇ ਅਸਰ ਹੇਠ ਉਹ ਮਜ਼ਦੂਰ ਜਥੇਬੰਦੀ ਦਾ ਮੈਂਬਰ ਬਣਦਾ ਹੈ। ਮਿੱਲ ਵਿਚ ਹੜਤਾਲ ਦੌਰਾਨ ਉਸ ਨੂੰ ਜੇਲ੍ਹ ਹੁੰਦੀ ਹੈ ਅਤੇ ਜੇਲ੍ਹ ਵਿਚ ਉਹ ਆਪਣੇ ਪਿੰਡ ਦੇ ਗਵਾਲੇ ਨਾਗੇਸ਼ਵਰ ਨੂੰ ਮਿਲਦਾ ਹੈ। ਨਾਗੇਸ਼ਵਰ ਦੱਸਦਾ ਹੈ ਕਿ ਕਿਵੇਂ ਪਿੰਡਾਂ ’ਚ ਜਗੀਰਦਾਰਾਂ, ਦੇਸ਼ਮੁੱਖਾਂ ਤੇ ਜ਼ਿਮੀਂਦਾਰਾਂ ਵਿਰੁੱਧ ਅੰਦੋਲਨ ਚੱਲ ਰਿਹਾ ਹੈ। ਇਹ ਤਿਲੰਗਾਨਾ ’ਚ ਹੋਏ ਅੰਦੋਲਨ (1946-51) ਦੀ ਕਹਾਣੀ ਹੈ ਜਦ ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੇ ਆਂਧਰਾ ਮਹਾਂਸਭਾ ਦੀ ਜਥੇਬੰਦੀ ਬਣਾ ਕੇ ਜ਼ਿਮੀਂਦਾਰਾਂ, ਜਾਗੀਰਦਾਰਾਂ ਤੇ ਦੇਸ਼ਮੁੱਖਾਂ ਵਿਰੁੱਧ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਸੀ। ਕ੍ਰਿਸ਼ਨ ਚੰਦਰ ਨੇ ਉਸ ਸੰਘਰਸ਼ ਬਾਰੇ ਇਹ ਨਾਵਲ ‘ਜਬ ਖੇਤ ਜਾਗੇ’ ਲਿਖਿਆ ਸੀ।

ਬੰਗਾਲੀ ਵਿਚ ਛਪੇ ਨਾਵਲ ‘ਜਬ ਖੇਤ ਜਾਗੇ’ ਦਾ ਟਾਈਟਲ।

ਇਸ ਤੋਂ ਬਾਅਦ ਜੇਲ੍ਹ ਤੋਂ ਬਾਹਰ ਆ ਕੇ ਰਾਘਵ ਮਕਬੂਲ ਤੋਂ ਇਜਾਜ਼ਤ ਲੈ ਕੇ ਇਸ ਅੰਦੋਲਨ ਵਿਚ ਸ਼ਾਮਲ ਹੋ ਜਾਂਦਾ ਹੈ। ਉਹ ਰਲ ਕੇ ਹੈਦਰਾਬਾਦ ਦੇ ਨਿਜ਼ਾਮ ਦੇ ਰਜ਼ਾਕਾਰ ਅੰਦੋਲਨਕਾਰੀਆਂ ’ਤੇ ਹਮਲਾ ਕਰਦੇ, ਉਨ੍ਹਾਂ ਨੂੰ ਮਾਰਦੇ ਅਤੇ ਕੈਦੀ ਬਣਾਉਂਦੇ ਹਨ। ਇਹ ਅੰਦੋਲਨ ਹਜ਼ਾਰਾਂ ਪਿੰਡਾਂ ਵਿਚ ਫੈਲ ਗਿਆ ਅਤੇ ਕਈ ਲੱਖ ਏਕੜ ਜ਼ਮੀਨ ਜ਼ਿਮੀਂਦਾਰਾਂ ਤੇ ਦੇਸ਼ਮੁੱਖਾਂ ਤੋਂ ਖੋਹ ਕੇ ਬੇਜ਼ਮੀਨੇ ਕਿਸਾਨਾਂ ਵਿਚ ਵੰਡੀ ਗਈ। ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਹੈਦਰਾਬਾਦ ਨੂੰ ਭਾਰਤ ਨਾਲ ਮਿਲਾ ਲਿਆ ਗਿਆ ਅਤੇ ਕਮਿਊਨਿਸਟ ਵਿਦਰੋਹੀਆਂ ਨੂੰ ਦਬਾਉਣ ਦਾ ਕੰਮ ਫ਼ੌਜ ਨੂੰ ਸੌਂਪਿਆ ਗਿਆ ਜਿਸ ਦੀ ਅਗਵਾਈ ਜਨਰਲ ਜੇਐੱਨ ਚੌਧਰੀ ਨੇ ਕੀਤੀ। ਇਸ ਅੰਦੋਲਨ ਵਿਚ 4000 ਤੋਂ ਜ਼ਿਆਦਾ ਕਿਸਾਨ ਮਾਰੇ ਗਏ। ਸੈਂਕੜਿਆਂ ਨੂੰ ਫਾਂਸੀ ਹੋਈ ਜਿਵੇਂ ਨਾਵਲ ਵਿਚ ਰਾਘਵ ਨੂੰ ਹੋ ਰਹੀ ਹੈ। ਫਾਂਸੀ ਤੋਂ ਇਕ ਦਿਨ ਪਹਿਲਾਂ ਰਾਘਵ ਦਾ ਪਿਓ ਉਸ ਨੂੰ ਮਿਲਣ ਜੇਲ੍ਹ ਵਿਚ ਆਉਂਦਾ ਹੈ। ਇਸ ਤੋਂ ਪਹਿਲਾਂ ਰਾਘਵ ਪਿੰਡ ਵਿਚ ਅੰਦੋਲਨ ਦਾ ਆਗੂ ਬਣ ਕੇ ਬੇਜ਼ਮੀਨਿਆਂ ਵਿਚ ਜ਼ਮੀਨ ਵੰਡਵਾ ਚੁੱਕਾ ਹੈ। ਗੱਲਾਂ ਗੱਲਾਂ ਵਿਚ ਪਿਓ ਨੂੰ ਚੇਤਾ ਆਉਂਦਾ ਹੈ ਕਿ ਕਿਵੇਂ ਬਚਪਨ ਵਿਚ ਮੇਲੇ ਦੌਰਾਨ ਉਸ ਦੇ ਪੁੱਤਰ ਨੇ ਬੜੀ ਹਸਰਤ ਨਾਲ ਰੇਸ਼ਮ ਦੇ ਥਾਨ ਨੂੰ ਛੋਹਿਆ ਸੀ। ਉਹ ਵਾਪਸ ਪਿੰਡ ਆ ਜਾਂਦਾ ਹੈ। ਉਹਦੇ ਮਨ ਵਿਚ ਸੱਧਰ ਜਾਗਦੀ ਹੈ ਕਿ ਫ਼ਾਂਸੀ ਲੱਗਣ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਰੇਸ਼ਮ ਦਾ ਝੱਗਾ ਪਾਉਣ ਲਈ ਦੇਵੇ। ਸਾਰੇ ਕਿਸਾਨ ਰੇਸ਼ਮ ਲੱਭਣ ਤੁਰਦੇ ਹਨ।

ਕਮੀਜ਼ ਲਈ ਕੱਪੜਾ ਤਾਂ ਨਹੀਂ ਮਿਲਦਾ ਪਰ ਫ਼ਤੂਹੀ ਬਣਾਉਣ ਜੋਗਾ ਮਿਲ ਜਾਂਦਾ ਹੈ। ਸੋਮੱਪਾ ਫਤੂਹੀ ਸਿਉਂਦਾ ਹੈ। ਕ੍ਰਿਸ਼ਨ ਚੰਦਰ ਲਿਖਦਾ ਹੈ, ‘‘ਉਹ ਫਤੂਹੀ ਵੈਰੋਯਾ ਦੇ ਪੁੱਤਰ ਦੀ ਨਹੀਂ ਸੀ ਰਹੀ, ਸਾਰੇ ਪਿੰਡ ਦੇ ਪੁੱਤਰ ਦੀ ਹੋ ਗਈ ਸੀ। ਪੰਜ ਔਰਤਾਂ ਨੇ ਗੀਤ ਗਾਉਂਦੇ ਉਸ ’ਤੇ ਫੁੱਲ ਪੱਤੀਆਂ ਕੱਢੀਆਂ; ਛਾਤੀ ਵਾਲੇ ਪਾਸੇ ਦਾਤਰੀ, ਹਥੌੜੇ ਤੇ ਕਣਕ ਦੀਆਂ ਬੱਲੀਆਂ ਬੁਣੀਆਂ। ਔਰਤਾਂ ਨੇ ਫਤੂਹੀ ਨੂੰ ਤਿਲਕ ਲਗਾਇਆ। ਏਨੇ ਵਿਚ ਕੁਝ ਔਰਤਾਂ ਨੇ ਫੁੱਲਾਂ ਦੇ ਹਾਰ ਬਣਾ ਲਏ ਸਨ। ਫਤੂਹੀ ਨੂੰ ਫੁੱਲਾਂ ਦੇ ਹਾਰਾਂ ਵਿਚ ਰੱਖ ਦਿੱਤਾ ਗਿਆ।’’

ਆਂਗੜੂ ਵਿਟੀ ਕਹਿੰਦਾ ਹੈ, ‘‘ਜੰਗਲ ਵਿਚ ਖ਼ਬਰ ਪਹੁੰਚਾਓ, ਪਿੰਡ ਪਿੰਡ ਖ਼ਬਰ ਕਰ ਦਿਓ, ਅਸੀਂ ਲੋਕ ਰੇਸ਼ਮ ਦੀ ਕਮੀਜ਼ ਲੈ ਕੇ ਜੇਲ੍ਹ ਜਾਵਾਂਗੇ।’’ ਲੋਕ ਇਕੱਠੇ ਹੋਣ ਲੱਗੇ। ਨਾਅਰੇ ਲੱਗੇ; ਜ਼ਿਮੀਂਦਾਰ ਬੰਦੂਕਾਂ ਲੈ ਕੇ ਆਏ ਪਰ ਲੋਕ ਇਕੱਠੇ ਹੁੰਦੇ ਰਹੇ ਤੇ ਜਲੂਸ ਬਣਾ ਕੇ ਉਨ੍ਹਾਂ ਸ਼ਹਿਰ ਵਿਚ ਆ ਕੇ ਰੇਸ਼ਮ ਦੀ ਉਹ ਫਤੂਹੀ ਰਾਘਵ ਤਕ ਪਹੁੰਚਾਈ। ਰਾਘਵ ਨੇ ਉਹ ਫਤੂਹੀ ਪਹਿਨ ਲਈ। ਉਹ ਫਾਂਸੀ ਵੱਲ ਵਧ ਰਿਹਾ ਹੈ। ਬਾਹਰ ਗੀਤ ਗੂੰਜ ਰਿਹਾ ਹੈ:

ਵੇਖੋ ! ਸਾਰਾ ਤਿਲੰਗਾਨਾ ਜਾਗ ਪਿਆ ਹੈ

ਤਬਲੇ ਵਜਾਓ

ਜਿੱਤ ਦੇ ਜਲੂਸ ਦੇ ਮੋਹਰੀ ਬਣੋ

ਆਂਧਰਾ ਦੇ ਪੁੱਤਰੋ, ਆਓ, ਮੋਰਚਾ ਜਿੱਤ ਲਵੋ, ਆਓ!

ਓਦੋਂ ਤਿਲੰਗਾਨਾ ਅਤੇ ਆਂਧਰਾ ਦੇ ਖੇਤ ਜਾਗੇ ਹੋਏ ਸਨ।

...

ਆਜ਼ਾਦੀ ਤੋਂ ਬਾਅਦ ਤਿਲੰਗਾਨਾ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਪੱਛਮੀ ਬੰਗਾਲ, ਕੇਰਲ, ਪੰਜਾਬ ਤੇ ਕਈ ਹੋਰ ਸੂਬਿਆਂ ਵਿਚ ਜਾਗੀਰਦਾਰੀ ਤੇ ਸਰਮਾਏਦਾਰੀ ਵਿਰੁੱਧ ਸੰਘਰਸ਼ ਚੱਲਦੇ ਰਹੇ ਹਨ। ਉਨ੍ਹਾਂ ਸੰਘਰਸ਼ਾਂ ਵਿਚ ਕਈ ਕਲਾਕਾਰ, ਲੇਖਕ, ਕਵੀ ਤੇ ਰੰਗਕਰਮੀ ਸ਼ਾਮਲ ਹੋਏ। ਉਨ੍ਹਾਂ ਵਿਚ ਇਕ ਨਾਂ ਆਂਧਰਾ ਪ੍ਰਦੇਸ਼/ਤਿਲੰਗਾਨਾ ਦੇ ਕਵੀ ਵਰਵਰਾ ਰਾਓ ਦਾ ਹੈ। ਉਸ ਦੀਆਂ ਕਵਿਤਾਵਾਂ ਦੀਆਂ 50 ਤੋਂ ਉੱਤੇ ਕਿਤਾਬਾਂ ਛਪੀਆਂ ਹਨ। ਉਸ ਨੂੰ 1973 ਵਿਚ ਸਿਕੰਦਰਾਬਾਦ ਸਾਜ਼ਿਸ਼ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਿਚ ਐਮਰਜੈਂਸੀ ਦੇ ਦੌਰਾਨ ਵੀ ਉਸ ਨੂੰ ਨਕਸਲਬਾੜੀ ਹੋਣ ਦੇ ਦੋਸ਼ ਹੇਠ ਨਜ਼ਰਬੰਦ ਕੀਤਾ ਗਿਆ। 1985 ਵਿਚ ਉਸ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। 1986 ਵਿਚ ਉਸ ਦੀਆਂ ਕਿਤਾਬਾਂ ’ਤੇ ਪਾਬੰਦੀ ਲਗਾਈ ਗਈ। 2001 ਵਿਚ ਤੇਲਗੂ ਦੇਸਮ ਪਾਰਟੀ ਦੀ ਸਰਕਾਰ ਨੇ ਵਰਵਰਾ ਰਾਓ, ਗ਼ਦਰ ਤੇ ਕਲਿਆਣ ਰਾਓ ਨੂੰ ਨਕਸਲਬਾੜੀਆਂ ਨਾਲ ਗੱਲਬਾਤ ਕਰਨ ਲਈ ਚੁਣਿਆ। ਗੱਲਬਾਤ ਅਸਫ਼ਲ ਰਹੀ ਅਤੇ ਉਹਨੂੰ 2005 ਵਿਚ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ 2006 ਵਿਚ ਜੇਲ੍ਹ ਤੋਂ ਬਾਹਰ ਆਇਆ। 2018 ਵਿਚ ਉਸ ਨੂੰ ਭੀਮਾ ਕੋਰੇਗਾਉਂ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ।

ਦੇਸ਼ ਦੀਆਂ ਜਮਹੂਰੀ ਜਥੇਬੰਦੀਆਂ ਨੇ ਭੀਮਾ ਕੋਰੇਗਾਉਂ ਕੇਸ ਵਿਚ ਕੈਦ ਕੀਤੇ ਗਏ ਲੇਖਕਾਂ, ਚਿੰਤਕਾਂ ਅਤੇ ਸਮਾਜਿਕ ਤੇ ਜਮਹੂਰੀ ਹੱਕਾਂ ਲਈ ਕੰਮ ਕਰਨ ਵਾਲੇ ਕਾਰਕੁਨਾਂ ਨੂੰ ਰਿਹਾਅ ਕਰਾਉਣ ਲਈ ਸੰਘਰਸ਼ ਕੀਤੇ ਹਨ ਪਰ ਇਨ੍ਹਾਂ ਸੰਘਰਸ਼ਾਂ ਦੇ ਪਸਾਰ ਵੱਡੇ ਨਹੀਂ ਹੋ ਸਕੇ। ਦੁਨੀਆਂ ਭਰ ਦੇ ਚਿੰਤਕਾਂ ਨੇ ਭਾਰਤ ਸਰਕਾਰ ਨੂੰ ਵਰਵਰਾ ਰਾਓ, ਗੌਤਮ ਨਵਲੱਖਾ, ਸੁਧਾ ਭਾਰਦਵਾਜ, ਅਨੰਦ ਤੈਲਤੁੰਬੜੇ ਅਤੇ ਹੋਰਨਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਇਸ ਬਾਰੇ ਵੱਡੀ ਗਿਣਤੀ ਵਿਚ ਲੇਖ ਲਿਖੇ ਗਏ ਹਨ। ‘ਪੰਜਾਬੀ ਟ੍ਰਿਬਿਊਨ’ ਵਿਚ ਮੇਰਾ ਪਹਿਲਾ ਸੰਪਾਦਕੀ ਵਰਵਰਾ ਰਾਓ ਅਤੇ ਉਸ ਦੇ ਸਾਥੀਆਂ ਬਾਰੇ ਸੀ।

ਵਰਵਰਾ ਰਾਓ ਤੇਲਗੂ ਭਾਸ਼ਾ ਦਾ ਪ੍ਰਮੁੱਖ ਕਵੀ ਹੈ। ਜੇਲ੍ਹ ਵਿਚੋਂ ਲਿਖੀ ਇਕ ਕਵਿਤਾ ਵਿਚ ਉਸ ਨੇ ਆਪਣੇ ਜੇਲ੍ਹੋਂ ਬਾਹਰ ਇਕ ਸਾਥੀ ਨੂੰ ਏਦਾਂ ਸੰਬੋਧਿਤ ਕੀਤਾ:

ਛੱਤ ਤੇ ਹਨੇਰਾ ਏ

ਕੀ ਤੈਨੂੰ ਯਾਦ ਹੈ ਜੇਲ੍ਹ ਦੇ ਟਾਵਰ ਤੋਂ ਆਉਂਦੀ ਰੋਸ਼ਨੀ

ਕਿਵੇਂ ਅਕਾਸ਼ ’ਚ ਚਮਕਦੀ

ਤੇ ਖ਼ਤਮ ਹੋ ਜਾਂਦੀ ਸੀ?

ਮੈਂ ਜੋ ਵੀ ਕਰਾਂ ਤੂੰ ਮੇਰੇ ਮਨ ’ਚ ਓਦਾਂ ਈ ਚਮਕ ਰਿਹਾ ਏਂ।

ਤੇਰੇ ਵਿਛੋੜੇ ਤੋਂ ਬਚਣ ਲਈ

ਮੈਂ ਇਕ ਅਨੋਖਾ ਸੰਸਾਰ ਬਣਾ ਲਿਐ

ਪਰ ਤੂੰ ਉਸ ਸੰਸਾਰ ਵਿਚ ਵੀ ਮੇਰਾ ਪਿੱਛਾ ਨਹੀਂ ਛੱਡਦਾ

ਮੈਂ ਤੇਰਾ ਸੰਸਾਰ ਹਾਂ

ਤੂੰ ਮੇਰੇ ਸੁਪਨੇ ਚੁਰਾ ਲਏ ਨੇ

ਮੇਰੇ ਭੇਤਾਂ ਨੂੰ ਲੁਕਾ ਲਿਆ ਏ

...

ਏਸੇ ਕਰਕੇ

ਕੀ ਮੈਂ ਇਹ ਕਹਵਾਂ

ਕਿ ਮੇਰੀ ਉਡੀਕ ਕਰ।

ਮੈਂ ਮੌਤ ਨੂੰ ਹਰਾ ਕੇ

ਵਾਪਸ ਆਵਾਂਗਾ।

ਇਹ ਕਵੀ 2018 ਤੋਂ ਨਜ਼ਰਬੰਦ ਹੈ। ਐਤਵਾਰ ਉਸ ਦੇ ਪਰਿਵਾਰ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਹੈ ਕਿ ‘ਵਰਵਰਾ ਰਾਓ ਨੂੰ ਜੇਲ੍ਹ ਵਿਚ ਨਾ ਮਾਰੋ’; ਉਹ 82 ਵਰ੍ਹਿਆਂ ਦਾ ਹੈ ਅਤੇ ਕੁਝ ਦੇਰ ਪਹਿਲਾਂ ਬੰਬਈ ਦੇ ਜੇਜੇ ਹਸਪਤਾਲ ਵਿਚ ਦਾਖ਼ਲ ਰਿਹਾ ਹੈ। ਪਰਿਵਾਰ ਨੇ ਦੱਸਿਆ ਕਿ 11 ਜੁਲਾਈ ਨੂੰ ਆਏ ਫ਼ੋਨ ਤੋਂ ਏਦਾਂ ਲੱਗਦਾ ਸੀ ਜਿਵੇਂ ਉਸ ਨੂੰ ਦਿਮਾਗੀ ਬੁਖ਼ਾਰ (Delirium) ਹੋ ਗਿਆ ਹੋਵੇ; ਉਹਦੀ ਗੱਲਬਾਤ ਵਿਚੋਂ ਪਹਿਲਾਂ ਵਾਲੀ ਸਪੱਸ਼ਟਤਾ ਨਹੀਂ ਸੀ।

ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਵਰਵਰਾ ਰਾਓ ਵਰਗਾ ਸ਼ਾਇਰ ਨਜ਼ਰਬੰਦ ਕਿਉਂ ਹੈ। ਜੇ ਉਹ ਨਜ਼ਰਬੰਦ ਹੈ ਤਾਂ ਅਸੀਂ ਇਸ ਸਬੰਧੀ ਲੇਖ ਲਿਖਣ ਤੇ ਬਿਆਨ ਦੇਣ ਤੋਂ ਸਿਵਾਏ ਕੀ ਕੀਤਾ ਹੈ? ਅਸੀਂ ਰਿਆਸਤ/ਸਟੇਟ ਦੇ ਇਨ੍ਹਾਂ ਬੁੱਧੀਜੀਵੀਆਂ ਵਿਰੁੱਧ ਬੁਣੇ ਗਏ ਬਿਰਤਾਂਤ ਦਾ ਮੱਕੜਜਾਲ ਤੋੜਨ ਵਿਚ ਕਾਮਯਾਬ ਕਿਉਂ ਨਹੀਂ ਹੋ ਸਕੇ? ਕੁਝ ਵਰ੍ਹੇ ਪਹਿਲਾਂ ਤਿਲੰਗਾਨਾ ਇਕ ਵੱਖਰਾ ਸੂਬਾ ਬਣ ਗਿਆ। ਵਰਵਰਾ ਰਾਓ ਨੇ ਸਾਰੀ ਉਮਰ ਤਿਲੰਗਾਨਾ ਨੂੰ ਵੱਖਰਾ ਸੂਬਾ ਬਣਾਉਣ ਦੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਇਸ ਸੰਘਰਸ਼ ਵਿਚ ਹਿੱਸਾ ਲਿਆ। ਕੀ ਤਿਲੰਗਾਨਾ ਦੇ ਲੋਕ ਵਰਵਰਾ ਰਾਓ ਨੂੰ ਭੁੱਲ ਗਏ ਹਨ? ਕੀ ਅਸੀਂ ਸੁੱਤੇ-ਜਾਗਦੇ ਵਰਵਰਾ ਰਾਓ ਨੂੰ ਨਜ਼ਰਬੰਦ ਰੱਖਣ ਦੀ ਸਾਜ਼ਿਸ਼ ਵਿਚ ਸ਼ਾਮਲ ਹਾਂ? ਕੀ ਤਿਲੰਗਾਨਾ ਦੇ ਖੇਤ ਅੱਜ ਸੌਂ ਰਹੇ ਹਨ? ਕ੍ਰਿਸ਼ਨ ਚੰਦਰ ਨੇ ਤਾਂ ਖੇਤਾਂ ਦੇ ਜਾਗਣ ਨੂੰ ਬਿੰਬ (Metaphor) ਵਜੋਂ ਵਰਤਿਆ ਸੀ; ਖੇਤਾਂ ਨੇ ਕੀ ਸੌਣਾ ਹੈ; ਸੁੱਤੇ ਤਾਂ ਅਸੀਂ ਪਏ ਹਾਂ। ਵਰਵਰਾ ਰਾਓ ਤਾਂ ਉਪਰਲੀ ਕਵਿਤਾ ਵਿਚਲੀਆਂ ਸਤਰਾਂ ਵਾਲੀ ਮੌਤ ਨੂੰ ਹਰਾ ਚੁੱਕੀ ਜ਼ਿੰਦਗੀ ਜੀ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All