DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨੁੱਖਤਾ ਦੀ ਹੋਣੀ ਅਤੇ ਏ ਆਈ

ਮਨੁੱਖੀ ਇਤਿਹਾਸ ਦੇ ਸਿਖਰਲੇ ਦੌਰ ਵਿੱਚ ਮਸਨੂਈ ਬੁੱਧੀ (ਏ ਆਈ) ਦੀ ਕ੍ਰਾਂਤੀ ਇੱਕ ਅਜਿਹੇ ਪਰਿਵਰਤਨਕਾਰੀ ਮੋੜ ਵਜੋਂ ਉੱਭਰੀ ਹੈ, ਜਿਸ ਨੇ ਮਨੁੱਖਤਾ ਦੀ ਸੇਵਾ ਵਿੱਚ ਵਿਗਿਆਨ ਅਤੇ ਨਵੀਨਤਾ ਦੀਆਂ ਅਸੀਮ ਸੰਭਾਵਨਾਵਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਹੈ। ਮਨੁੱਖੀ ਸਰਗਰਮੀਆਂ ਦੇ...

  • fb
  • twitter
  • whatsapp
  • whatsapp
Advertisement

ਮਨੁੱਖੀ ਇਤਿਹਾਸ ਦੇ ਸਿਖਰਲੇ ਦੌਰ ਵਿੱਚ ਮਸਨੂਈ ਬੁੱਧੀ (ਏ ਆਈ) ਦੀ ਕ੍ਰਾਂਤੀ ਇੱਕ ਅਜਿਹੇ ਪਰਿਵਰਤਨਕਾਰੀ ਮੋੜ ਵਜੋਂ ਉੱਭਰੀ ਹੈ, ਜਿਸ ਨੇ ਮਨੁੱਖਤਾ ਦੀ ਸੇਵਾ ਵਿੱਚ ਵਿਗਿਆਨ ਅਤੇ ਨਵੀਨਤਾ ਦੀਆਂ ਅਸੀਮ ਸੰਭਾਵਨਾਵਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਹੈ। ਮਨੁੱਖੀ ਸਰਗਰਮੀਆਂ ਦੇ ਹਰ ਖੇਤਰ ਵਿੱਚ ਏ ਆਈ ਦੀਆਂ ਬੇਅੰਤ ਸੰਭਾਵਨਾਵਾਂ ਅਤੇ ਸਾਡੇ ਦੌਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਇਸ ਦੀ ਸਮਰੱਥਾ ਮਨੁੱਖ ਜਾਤੀ ਦੀ ਸਮੂਹਿਕ ਸੂਝ-ਬੂਝ ਦੀ ਇੱਕ ਵੱਡੀ ਮਿਸਾਲ ਹੈ। ਇਹ ਵਿਕਾਸ ਮਨੁੱਖੀ ਪ੍ਰਾਪਤੀਆਂ ਦੇ ਉਸ ਦਾਅਵੇ ਨੂੰ ਸੱਚ ਸਾਬਿਤ ਕਰਦਾ ਹੈ, ਜਿਸ ’ਤੇ ‘ਦੇਵਤੇ ਵੀ ਰਸ਼ਕ ਕਰ ਸਕਦੇ ਹਨ’।

ਉਕਤਾ ਦੇਣ ਵਾਲੇ ਰੋਜ਼ਾਨਾ ਦੇ ਕੰਮਾਂ ਨੂੰ ਸਵੈ-ਚਾਲਿਤ ਕਰਕੇ ਮਨੁੱਖ ਲਈ ਵਿਹਲਾ ਸਮਾਂ ਕੱਢਣਾ, ਜ਼ਰੂਰੀ ਸੇਵਾਵਾਂ ਤੱਕ ਆਮ ਲੋਕਾਂ ਦੀ ਪਹੁੰਚ ਵਧਾਉਣਾ ਅਤੇ ਚਿਕਿਤਸਾ ਦੇ ਖੇਤਰ ਵਿੱਚ ਨਵੀਆਂ ਖੋਜਾਂ ਕਰਨਾ ਇਸ ਦੀਆਂ ਪ੍ਰਮੁੱਖ ਪ੍ਰਾਪਤੀਆਂ ਹਨ। ਇਸ ਤੋਂ ਇਲਾਵਾ ਲੰਮੀ ਉਮਰ ਤੇ ਬਿਹਤਰ ਸਿਹਤ ਸੰਭਾਲ ਯਕੀਨੀ ਬਣਾਉਣਾ (ਜਿਸ ਵਿੱਚ ਕੈਂਸਰ ਦੀ ਸਕ੍ਰੀਨਿੰਗ ਅਤੇ ਜਾਨਲੇਵਾ ਬਿਮਾਰੀਆਂ ਦੀ ਪੇਸ਼ੀਨਗੋਈ ਸ਼ਾਮਿਲ ਹੈ), ਬਿਮਾਰਾਂ ਦੀ ਰੋਬੋਟਿਕ ਦੇਖਭਾਲ, ਹਾਸ਼ੀਏ ’ਤੇ ਧੱਕੇ ਲੋਕਾਂ ਤੱਕ ਆਰਥਿਕ ਸਹਾਇਤਾ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ, ਸਿੱਖਿਆ ਤੇ ਗਿਆਨ ਦਾ ਹਰ ਕਿਸੇ ਲਈ ਪਸਾਰ ਕਰਨਾ ਅਤੇ ਕੁਦਰਤੀ ਆਫ਼ਤਾਂ ਦੇ ਪ੍ਰਬੰਧਨ ਤੇ ਮੌਸਮ ਦੀ ਭਵਿੱਖਬਾਣੀ ਸਮੇਤ ਵਾਤਾਵਰਣ ਦੀ ਸਥਿਰਤਾ ਵਿੱਚ ਵੱਡਾ ਯੋਗਦਾਨ ਪਾਉਣਾ- ਇਹ ਸਭ ਏ ਆਈ ਵੱਲੋਂ ਸਰਬ-ਵਿਆਪੀ ਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਵਿਕਾਸ ਦੇ ਏਜੰਡੇ ਵਿੱਚ ਪਾਏ ਗਏ ਬੇਮਿਸਾਲ ਯੋਗਦਾਨ ਦੀਆਂ ਉਦਾਹਰਣਾਂ ਹਨ।

Advertisement

ਇਸ ਦੇ ਬਾਵਜੂਦ ਮਨੁੱਖੀ ਸਮਾਜ ਅਤੇ ਮਸਨੂਈ ਬੁੱਧੀ ਦੇ ਭਵਿੱਖ ਬਾਰੇ ਦਾਰਸ਼ਨਿਕਾਂ, ਚਿੰਤਕਾਂ, ਵਿਗਿਆਨੀਆਂ, ਸਿਆਸਤਦਾਨਾਂ ਅਤੇ ਟੈਕਨਾਲੋਜੀ ਦੇ ਮਾਹਿਰਾਂ ਵਿਚਕਾਰ ਬੇਹੱਦ ਗੰਭੀਰ ਬਹਿਸ ਛਿੜੀ ਹੋਈ ਹੈ। ਇਨ੍ਹਾਂ ਵਿੱਚੋਂ ਕੁਝ ਨੇ ਤਾਂ ਏ ਆਈ ਦੇ ਅਗਲੇ ਵਿਕਾਸ ਅਤੇ ਇਸ ਦੀ ਵਰਤੋਂ ’ਤੇ ਕੁਝ ਸਮੇਂ ਲਈ ਰੋਕ ਲਗਾਉਣ ਦੀ ਵਕਾਲਤ ਵੀ ਕੀਤੀ ਹੈ ਤਾਂ ਜੋ ਇਹ ਮਨੁੱਖਤਾ ਦੇ ਸਾਡੇ ਮੂਲ ਸੰਕਲਪ ਨੂੰ ਹੀ ਆਪਣਾ ਨਾ ਦੱਸ ਦੇਵੇ। ਏ ਆਈ ਦੇ ਸਮਰਥਕਾਂ ਵੱਲੋਂ ਵਸਤਾਂ ਅਤੇ ਸੇਵਾਵਾਂ ਦੀ ਅਥਾਹ ਭਰਮਾਰ ਦੇ ਕੀਤੇ ਜਾ ਰਹੇ ਦਾਅਵਿਆਂ ਅਤੇ ਨਿਯਮਾਂ ਰਾਹੀਂ ਵਿਗਿਆਨਕ ਤਰੱਕੀ ਨੂੰ ਮੱਠਾ ਕਰਨ ਦੇ ਖ਼ਿਲਾਫ਼ ਦਿੱਤੀਆਂ ਜਾ ਰਹੀਆਂ ਦਲੀਲਾਂ ਦੇ ਨਾਲ-ਨਾਲ ਉਨ੍ਹਾਂ ਅਹਿਮ ਸਵਾਲਾਂ ਦਾ ਸਾਹਮਣਾ ਕਰਨਾ ਵੀ ਬੇਹੱਦ ਜ਼ਰੂਰੀ ਹੈ ਜੋ ਮਨੁੱਖੀ ਹਿੱਤਾਂ ਅਤੇ ਸਦੀਆਂ ਦੇ ਸੱਭਿਆਚਾਰਕ ਵਿਕਾਸ ਰਾਹੀਂ ਸਾਡੇ ਅੰਦਰ ਰਚੀਆਂ-ਵਸੀਆਂ ਭਾਵਨਾਵਾਂ ਦੀ ਰੱਖਿਆ ਲਈ ਨੈਤਿਕ ਸੀਮਾਵਾਂ ਤੈਅ ਕਰਨ ਦੀ ਮੰਗ ਕਰਦੇ ਹਨ।

Advertisement

ਇਹ ਸਵਾਲ ਕਿ ਅਸੀਂ ਕੌਣ ਹਾਂ ਅਤੇ ਕੀ ਅਸੀਂ ਮਨੁੱਖਤਾ ਦੇ ਇੱਕ ਅਜਿਹੇ ਨਵੇਂ ਬਿਰਤਾਂਤ ਲਈ ਤਿਆਰ ਹਾਂ, ਜਿੱਥੇ ਕਾਰਜਸ਼ੀਲ ਕੁਸ਼ਲਤਾਵਾਂ ਅਤੇ ਦਰਸਾਈ ਗਈ ਪਦਾਰਥਕ ਭਰਮਾਰ ਮਨੁੱਖੀ ਰੂਹ ਦੀ ਤੜਫ਼ ਅਤੇ ਜਜ਼ਬਾਤ ਦੇ ਗੌਰਵ ਉੱਤੇ ਹਾਵੀ ਹੋ ਜਾਵੇਗੀ? ਇਹ ਇੱਕ ਅਜਿਹਾ ਅਟੱਲ ਅਤੇ ਵੱਡਾ ਸਵਾਲ ਹੈ, ਜਿਸ ਨੇ ਤਕਨੀਕੀ ਚਮਤਕਾਰਾਂ ਦੇ ਭਰਮਾਉਣ ਵਾਲੇ ਪ੍ਰਭਾਵ ਅੱਗੇ ਗੋਡੇ ਨਹੀਂ ਟੇਕੇ। ਇਹ ਸਵਾਲ ਇਸ ਲਈ ਵੀ ਬੇਹੱਦ ਅਹਿਮ ਹੋ ਜਾਂਦਾ ਹੈ ਕਿਉਂਕਿ ਏ ਆਈ ਮਨੁੱਖੀ ਜਜ਼ਬਾਤ ਅਤੇ ਅੰਤਰ-ਗਿਆਨ ਨੂੰ ਸਮਝਣ ਸਮੇਤ ਸਾਡੀਆਂ ਬੌਧਿਕ ਸਮਰੱਥਾਵਾਂ ਦੀ ਨਕਲ ਕਰਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਪਛਾੜਨ ਦੇ ਵੀ ਸਮਰੱਥ ਹੈ।

ਕੀ ਅਸੀਂ ਇੱਕ ਅਜਿਹੀ ਬੇਅੰਤ ਤਕਨੀਕੀ ਉਥਲ-ਪੁਥਲ ਅਤੇ ਮਾਨਸਿਕ ਤਣਾਅ ਦੀ ਵਿਸ਼ਵ-ਵਿਆਪੀ ਮਹਾਮਾਰੀ ਲਈ ਤਿਆਰ ਹਾਂ, ਜੋ ਰੁਜ਼ਗਾਰ ਦੇ ਬਾਜ਼ਾਰ ਵਿੱਚ ਲੰਮੇ ਸਮੇਂ ਦੀ ਅਸਥਿਰਤਾ ਅਤੇ ਤਕਨੀਕੀ ਤਬਦੀਲੀਆਂ ਦੇ ਪ੍ਰਭਾਵਾਂ ਨਾਲ ਨਜਿੱਠਣ ਦੀ ਅਸਮਰੱਥਾ ਕਾਰਨ ਪੈਦਾ ਹੋਣ ਵਾਲੀ ਲੱਖਾਂ ਲੋਕਾਂ ਦੀ ਸੰਭਾਵੀ ‘ਬੇਕਾਰ ਜਮਾਤ’ ਕਰਕੇ ਪੈਦਾ ਹੋਵੇਗੀ? ਕੀ ਸਾਡੇ ਕੋਲ ਵਿਅਕਤੀ ਦੇ ਸਵੈ-ਮਾਣ ਦੀ ਰੱਖਿਆ ਕਰਨ ਅਤੇ ਹਰੇਕ ਲਈ ਅਪਣੱਤ ਤੇ ਮਾਨਸਿਕ ਤੰਦਰੁਸਤੀ ਵਾਲਾ ਜੀਵਨ ਯਕੀਨੀ ਬਣਾਉਣ ਲਈ ਕੋਈ ਨਵੇਂ ਸਮਾਜਿਕ ਅਤੇ ਆਰਥਿਕ ਮਾਡਲ ਹਨ? ਇਹ ਵੱਡੇ ਦਾਰਸ਼ਨਿਕ ਸਵਾਲ ਮਨੁੱਖਤਾਵਾਦੀ ਦ੍ਰਿਸ਼ਟੀਕੋਣ ਤੋਂ ਉਪਜਦੇ ਹਨ, ਜਿਸ ਦੀ ਬੁਨਿਆਦ ਮਨੁੱਖ ਹੋਣ ਦੇ ਮਾਣ ਵਜੋਂ ਧਾਰਨ ਕੀਤੀਆਂ ਕਦਰਾਂ-ਕੀਮਤਾਂ ’ਤੇ ਟਿਕੀ ਹੋਈ ਹੈ। ਸਪੱਸ਼ਟ ਹੈ ਕਿ ਜਦੋਂ ਏ ਆਈ ਦੇ ਕੱਟੜ ਸਮਰਥਕ ਵੀ ‘ਅਜਿਹਾ ਜਿੰਨ ਬੋਤਲ ’ਚੋਂ ਕੱਢਣ, ਜਿਹੜਾ ਮੁੜ ਕਾਬੂ ਨਾ ਆਵੇ’ ਦੇ ਖ਼ਤਰੇ ਪ੍ਰਤੀ ਸੁਚੇਤ ਕਰ ਰਹੇ ਹਨ ਤਾਂ ਸਾਨੂੰ ਇਸ ਗੱਲ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਫੌਰੀ ਲੋੜ ਹੈ ਕਿ ਮਨੁੱਖੀ ਮਨ ਦੇ ਉਸ ਅਦਿੱਖ ਸੰਸਾਰ ਨੂੰ ਕਿਵੇਂ ਬਚਾਇਆ ਜਾਵੇ ਜਿੱਥੋਂ ਜਜ਼ਬਾਤ ਪੈਦਾ ਹੁੰਦੇ ਹਨ, ਪ੍ਰੇਰਨਾ ਦਾ ਪ੍ਰਵਾਹ ਚੱਲਦਾ ਹੈ ਅਤੇ ਸਾਡੀਆਂ ਇੱਛਾਵਾਂ ਧੜਕਦੀਆਂ ਹਨ, ਭਾਵ ਮਨੁੱਖੀ ਰੂਹ ਦਾ ਉਹ ਆਤਮ-ਨਿਰਭਰ ਹਿੱਸਾ ਜੋ ਲਾਜ਼ਮੀ ਤੌਰ ’ਤੇ ਸਾਨੂੰ ਉਹ ਬਣਾਉਂਦਾ ਹੈ ਜੋ ਅਸੀਂ ਹਾਂ।

ਡੇਟਾ ਦੀ ਨਿੱਜਤਾ ਵਿੱਚ ਸੰਨ੍ਹ, ਝੂਠੀਆਂ ਖ਼ਬਰਾਂ ਤੇ ਗੁੰਮਰਾਹਕੁਨ ਪ੍ਰਚਾਰ ਦਾ ਹੜ੍ਹ, ਚੋਣਾਂ ਵਿੱਚ ਹੇਰਾਫੇਰੀ, ਅਤਿ-ਆਧੁਨਿਕ ਹਥਿਆਰ ਪ੍ਰਣਾਲੀਆਂ ਦੇ ਬੇਕਾਬੂ ਹੋਣ ਦਾ ਖ਼ਦਸ਼ਾ, ਏ ਆਈ ਰਾਹੀਂ ਚਲਾਏ ਜਾਣ ਵਾਲੇ ਸਾਈਬਰ ਠੱਗੀ ਦੇ ਹਮਲੇ ਅਤੇ ਵਧ ਰਹੀ ਨਿਗਰਾਨੀ ਤੇ ਸੈਂਸਰਸ਼ਿਪ ਕੁਝ ਅਜਿਹੇ ਡਰਾਉਣੇ ਸੰਕੇਤ ਹਨ, ਜੋ ਕਿਸੇ ਪ੍ਰਭਾਵਸ਼ਾਲੀ ਆਲਮੀ ਨਿਯਮ ਤੋਂ ਬਿਨਾਂ ਵੱਡੀ ਸਮਾਜਿਕ ਉਥਲ-ਪੁਥਲ ਦਾ ਕਾਰਨ ਬਣ ਸਕਦੇ ਹਨ। ਵੱਖ-ਵੱਖ ਮੁਲਕਾਂ ਦੀ ਡਿਜੀਟਲ ਖ਼ੁਦਮੁਖਤਿਆਰੀ ਨੂੰ ਬਚਾਉਣਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਕਿਉਂਕਿ ਡੇਟਾ ਦਾ ਨਿਯੰਤਰਣ ਸਿੱਧੇ ਤੌਰ ’ਤੇ ਰਾਸ਼ਟਰੀ ਸੁਰੱਖਿਆ ਅਤੇ ਮੁਲਕਾਂ ਦੀ ਰਣਨੀਤਕ ਖ਼ੁਦਮੁਖਤਿਆਰੀ ਨਾਲ ਜੁੜਿਆ ਹੋਇਆ ਹੈ। ਇੱਕ ਅਜਿਹਾ ਆਲਮੀ ਰੈਗੂਲੇਟਰੀ ਢਾਂਚਾ, ਜੋ ਰਾਸ਼ਟਰੀ ਪ੍ਰਭੂਸੱਤਾ ਦਾ ਸਤਿਕਾਰ ਕਰਦਾ ਹੋਵੇ ਅਤੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਗਾਰੰਟੀ ਦਿੰਦਾ ਹੋਵੇ, ਨੂੰ ਹੁਣ ਬਹੁਤਾ ਸਮਾਂ ਟਾਲਿਆ ਨਹੀਂ ਜਾ ਸਕਦਾ।

ਏ ਆਈ ਦੀ ਇਸ ਦੁਨੀਆ (ਜੋ ਮਨੁੱਖਤਾ ਦੇ ਮੂਲ ਸਿਧਾਂਤਾਂ ਨੂੰ ਮੁੜ ਲਿਖਣ ਦੀ ਸਮਰੱਥਾ ਰੱਖਦੀ ਹੈ) ਨੂੰ ਇੱਕ ਅਜਿਹੀ ਨੈਤਿਕ ਦ੍ਰਿਸ਼ਟੀ ਦੀ ਲੋੜ ਹੈ, ਜੋ ਤਕਨੀਕੀ ਤਰੱਕੀ ਦਾ ਇੱਕ ਨੇਕੀ ਭਰਪੂਰ ਅਤੇ ਖ਼ੁਸ਼ਹਾਲ ਸਮਾਜ ਦੀਆਂ ਬੁਨਿਆਦੀ ਸ਼ਰਤਾਂ ਨਾਲ ਸੁਮੇਲ ਬਣਾ ਸਕੇ। ਟੈਰੀ ਈਗਲਟਨ ਵੱਲੋਂ ਅੰਨ੍ਹੇ ਆਤਮ-ਵਿਸ਼ਵਾਸ ਦੇ ਭਰਮਾਉਣ ਵਾਲੇ ਪ੍ਰਭਾਵ ਪ੍ਰਤੀ ਦਿੱਤੀ ਗਈ ਚਿਤਾਵਨੀ ਬੇਹੱਦ ਪ੍ਰਭਾਵਸ਼ਾਲੀ ਹੈ: ‘ਹੱਦੋਂ ਵੱਧ ਆਤਮ-ਵਿਸ਼ਵਾਸ ਆਪਣੇ ਨਾਲ ਭਿਆਨਕ ਤਬਾਹੀ ਲੈ ਕੇ ਆਉਂਦਾ ਹੈ, ਜਿਸ ਨੂੰ ਦੇਖ ਕੇ ਪ੍ਰਾਚੀਨ ਯੂਨਾਨੀ ਵੀ ਕੰਬ ਉੱਠਦੇ ਸਨ ਅਤੇ ਡਰ ਦੇ ਮਾਰੇ ਆਸਮਾਨ ਵੱਲ ਦੇਖਣ ਲੱਗ ਜਾਂਦੇ ਸਨ।’ ਸਪੇਨ ਦੇ ਦਾਰਸ਼ਨਿਕ ਹੋਸੇ ਓਰਟੇਗਾ ਵਾਈ ਗੈਸੇਟ ਨੇ ਸਾਨੂੰ ਯਾਦ ਦਿਵਾਇਆ ਸੀ ਕਿ ‘ਅਸੀਂ ਇੱਕ ਅਜਿਹੇ ਦੌਰ ਵਿੱਚ ਜਿਊਂ ਰਹੇ ਹਾਂ ਜਿੱਥੇ ਮਨੁੱਖ ਆਪਣੇ ਆਪ ਨੂੰ ਸਿਰਜਣਾ ਦੇ ਬੇਅੰਤ ਯੋਗ ਸਮਝਦਾ ਹੈ, ਪਰ ਉਹ ਇਹ ਨਹੀਂ ਜਾਣਦਾ ਕਿ ਸਿਰਜਣਾ ਕਿਸ ਚੀਜ਼ ਦੀ ਕਰਨੀ ਹੈ। ਉਹ ਹਰ ਚੀਜ਼ ਦਾ ਮਾਲਕ ਤਾਂ ਹੈ, ਪਰ ਆਪਣੇ ਆਪ ਦਾ ਮਾਲਕ ਨਹੀਂ। ਉਹ ਆਪਣੀ ਹੀ ਪੈਦਾ ਕੀਤੀ ਅਥਾਹ ਭਰਮਾਰ ਦੇ ਵਿਚਕਾਰ ਗੁਆਚਿਆ ਹੋਇਆ ਮਹਿਸੂਸ ਕਰਦਾ ਹੈ। ਪਹਿਲਾਂ ਨਾਲੋਂ ਕਿਤੇ ਵੱਧ ਸਾਧਨਾਂ, ਵਧੇਰੇ ਗਿਆਨ ਅਤੇ ਵਧੇਰੇ ਤਕਨੀਕ ਦੇ ਹੁੰਦੇ ਹੋਏ ਵੀ ਅੱਜ ਦੀ ਦੁਨੀਆ ਉਸੇ ਰਾਹ ਪੈ ਗਈ ਹੈ, ਜੋ ਇਤਿਹਾਸ ਦੇ ਸਭ ਤੋਂ ਮਾੜੇ ਦੌਰ ਸਨ; ਇਹ ਦੁਨੀਆ ਸਿਰਫ਼ ਵਹਿ ਰਹੀ ਹੈ।’

ਪੋਪ ਲਿਓ (XIV) ਦਾ ‘ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ਵਿੱਚ ਮਨੁੱਖੀ ਹੋਂਦ ਦੀ ਰੱਖਿਆ’ ਬਾਰੇ ਜਾਰੀ ਕੀਤਾ ਗਿਆ ਵਿਸ਼ੇਸ਼ ਪੱਤਰ ਏ ਆਈ ਨਾਲ ਜੁੜੀਆਂ ਮਨੁੱਖਤਾਵਾਦੀ ਦੁਬਿਧਾਵਾਂ ’ਤੇ ਚੱਲ ਰਹੀ ਨੈਤਿਕ ਬਹਿਸ ਨੂੰ ਇੱਕ ਫੈਸਲਾਕੁਨ ਮੋੜ ਦਿੰਦਾ ਹੈ। ਇਹ ਪ੍ਰਵਾਨ ਕਰਦੇ ਹੋਏ ਕਿ ਤਕਨਾਲੋਜੀ ਮਨੁੱਖਤਾ ਦੀ ਵਿਰੋਧੀ ਨਹੀਂ ਹੈ, ਪੋਪ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਮਸਨੂਈ ਬੁੱਧੀ ਦੇ ਇਸ ਯੁੱਗ ਵਿੱਚ ਜਦੋਂ ਨਵੇਂ ਰੂਪਾਂ ਰਾਹੀਂ ਮਨੁੱਖੀ ਗੌਰਵ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ, ਉਦੋਂ ਸਾਡਾ ਸਭ ਤੋਂ ਵੱਡਾ ਫ਼ਰਜ਼ ਪੂਰੀ ਤਰ੍ਹਾਂ ਮਨੁੱਖ ਬਣੇ ਰਹਿਣਾ ਹੈ।

ਮਨੁੱਖੀ ਸਨਮਾਨ ’ਤੇ ਆਧਾਰਿਤ ਨੈਤਿਕ ਮਾਪਦੰਡਾਂ ਦੀ ਵਕਾਲਤ ਕਰਦਿਆਂ ਪੋਪ ਨੇ ਸਵੈ-ਮਾਣ ਦੇ ਭਰਮ ਅਤੇ ਅਜਿਹੀ ਤਰੱਕੀ ਵਿਰੁੱਧ ਖ਼ਬਰਦਾਰ ਕੀਤਾ ਹੈ ਜੋ ਸਮਾਜਿਕ ਪਾੜਾ ਵਧਾਉਂਦੀ ਹੈ ਅਤੇ ਲੋਕਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਗਾਉਣ ਤੋਂ ਅਸਮਰੱਥ ਹੈ। ਉਨ੍ਹਾਂ ਨੇ ਮੁਨਾਫ਼ਾਖੋਰੀ ਦੀ ਉਸ ਅੰਨ੍ਹੀ ਦੌੜ ਨੂੰ ਨਕਾਰਨ ਦਾ ਹੋਕਾ ਦਿੱਤਾ ਹੈ, ਜੋ ਕਮਜ਼ੋਰਾਂ ਦੀ ਬਲੀ ਲੈਂਦੀ ਹੈ ਅਤੇ ਇਸ ਦਾਅਵੇ ਨੂੰ ਵੀ ਰੱਦ ਕੀਤਾ ਹੈ ਕਿ ਕੋਈ ਇੱਕ ਭਾਸ਼ਾ (ਭਾਵੇਂ ਉਹ ਡਿਜੀਟਲ ਹੀ ਕਿਉਂ ਨਾ ਹੋਵੇ) ਹਰ ਚੀਜ਼ ਦਾ ਅਨੁਵਾਦ ਕਰ ਸਕਦੀ ਹੈ, ਇੱਥੋਂ ਤੱਕ ਕਿ ਮਨੁੱਖੀ ਹੋਂਦ ਦੇ ਰਹੱਸ ਨੂੰ ਵੀ ਮਹਿਜ਼ ਡੇਟਾ ਅਤੇ ਕਾਰਗੁਜ਼ਾਰੀ ਵਿੱਚ ਬਦਲ ਸਕਦੀ ਹੈ। ਪੋਪ ਦੇ ਇਹ ਬਿਆਨ ਉਸ ਦੁਨੀਆ ਲਈ ਇੱਕ ਨੈਤਿਕ ਚਿਤਾਵਨੀ ਹਨ, ਜਿਸ ਨੂੰ ਏ ਆਈ ਦੀਆਂ ਭਾਵਨਾਤਮਕ ਤੇ ਅਧਿਆਤਮਿਕ ਸੀਮਾਵਾਂ ਤੋਂ ਪਾਰ ਮਨੁੱਖਤਾ ਦੀ ਸ਼ਾਨ ਨੂੰ ਚੇਤੇ ਕਰਨ ਦੀ ਲੋੜ ਸੀ। ਹੰਢਾਏ ਹੋਏ ਤਜਰਬਿਆਂ ਅਤੇ ਅਧਿਆਤਮਿਕ ਚੇਤਨਾ ’ਚੋਂ ਉਪਜਿਆ ਇਹ ਨੈਤਿਕ ਨਿਯਮ ਦੱਸਦਾ ਹੈ ਕਿ ਮਨੁੱਖਤਾ ਅਸਲ ਵਿੱਚ ਮਨੁੱਖ ਦੀ ਨਾਸ਼ਵਾਨਤਾ ਅਤੇ ਇਸ ਦੀਆਂ ਸੀਮਾਵਾਂ ਦੇ ਅੰਦਰ ਹੀ ਪ੍ਰਫੁੱਲਿਤ ਹੁੰਦੀ ਹੈ।

ਇਸ ਨਜ਼ਰੀਏ ਤੋਂ ਦੇਖਦਿਆਂ ਵਿਸ਼ਵ ਆਗੂਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਏ ਆਈ ਦੇ ਨਿਯੰਤਰਣ ਲਈ ਮਨੁੱਖ-ਕੇਂਦਰਿਤ ਪਹੁੰਚ ਅਪਣਾਉਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਲ ਹੀ ਵਿੱਚ ਪੈਰਿਸ ਦੀ ਵੀਵਾਟੈੱਕ ਕਾਨਫਰੰਸ (ਜੂਨ 17-20, 2026) ਅਤੇ ਇਸ ਤੋਂ ਪਹਿਲਾਂ ਗਲੋਬਲ ਇੰਡੀਆ ਏ ਆਈ ਸੰਮੇਲਨ (ਫਰਵਰੀ 2026, ਨਵੀਂ ਦਿੱਲੀ) ਵਿੱਚ ਇਸੇ ਲੋੜ ’ਤੇ ਜ਼ੋਰ ਦਿੱਤਾ ਸੀ। ਇਸ ਮਕਸਦ ਲਈ ਸਵੈ-ਇੱਛਤ ਸਮਝੌਤਿਆਂ ਦੀ ਬਜਾਏ ਇੱਕ ਮਜ਼ਬੂਤ ਅਤੇ ਕਾਨੂੰਨੀ ਤੌਰ ’ਤੇ ਸਖ਼ਤ ਰੈਗੂਲੇਟਰੀ ਢਾਂਚੇ ਦੀ ਲੋੜ ਹੈ, ਜੋ ਏ ਆਈ ਤੱਕ ਸਾਰਿਆਂ ਦੀ ਪਹੁੰਚ ਨੂੰ ਜਮਹੂਰੀ ਬਣਾ ਸਕੇ ਅਤੇ ਇਸ ਤਕਨਾਲੋਜੀ ਨੂੰ ਇੱਕ ਅਜਿਹੇ ਦੌਰ ਵਿੱਚ, ਜਿੱਥੇ ਹਰ ਚੀਜ਼ ਨੂੰ ਇੱਕ ਬਰਾਬਰ ਕਰ ਦਿੱਤਾ ਜਾਂਦਾ ਹੈ ਪਰ ਕਿਸੇ ਦਾ ਸਤਿਕਾਰ ਨਹੀਂ ਕੀਤਾ ਜਾਂਦਾ, ਭਰੋਸੇਯੋਗ ਰੂਪ ਦਿੰਦਿਆਂ ਇੱਕ ਸਾਂਝੇ ਤੇ ਭਰੋਸੇਯੋਗ ਏ ਆਈ ਤੰਤਰ ਨੂੰ ਯਕੀਨੀ ਬਣਾ ਸਕੇ। ਇਹੋ ਗੱਲ ਭਵਿੱਖ ਵਿੱਚ ਸਿਆਸੀ ਲੀਡਰਸ਼ਿਪ ਦੇ ਮਿਆਰ ਨੂੰ ਤੈਅ ਕਰੇਗੀ ਕਿ ਵੱਖ-ਵੱਖ ਮੁਲਕ ਇਸ ਇਤਿਹਾਸਕ ਚੁਣੌਤੀ ਨਾਲ ਕਿਵੇਂ ਨਜਿੱਠਦੇ ਹਨ। ਇਹੋ ਸਾਡੀ ਉਸ ਸਰਬ-ਸਾਂਝੇ ਲੋਕਤੰਤਰ ਪ੍ਰਤੀ ਵਚਨਬੱਧਤਾ ਨੂੰ ਵੀ ਪਰਖੇਗੀ, ਜੋ ਬਰਾਬਰੀ ਅਤੇ ਮਨੁੱਖੀ ਗੌਰਵ ’ਤੇ ਟਿਕਿਆ ਹੋਇਆ ਹੈ ਅਤੇ ਜੋ ਸਾਡੀ ਸੱਭਿਅਤਾ ਦੀ ਅੰਤਿਮ ਤੇ ਪਰਮ ਇੱਛਾ ਹੈ।

* ਸੀਨੀਅਰ ਐਡਵੋਕੇਟ, ਸੁਪਰੀਮ ਕੋਰਟ ਲੇਖਕ ਅਤੇ ਸਾਬਕਾ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ।

Advertisement
×