DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੰਗਰੀ ਵਿੱਚ ਔਰਬਨ ਸਾਮਰਾਜ ਦਾ ਪਤਨ

ਜਦੋਂ ਵਿਕਟਰ ਔਰਬਨ ਦੀ ਫਿਡੈਸ (Fidesz) ਪਾਰਟੀ 2022 ਵਿੱਚ ਲਗਾਤਾਰ ਚੌਥੀ ਵਾਰ ਸੱਤਾ ਵਿੱਚ ਆਈ ਸੀ ਤਾਂ ਉਸ ਸਮੇਂ ਔਰਬਨ ਨੇ ਗੁਮਾਨ ਭਰੀ ਟਿੱਪਣੀ ਕੀਤੀ ਸੀ: ‘‘ਅਸੀਂ ਇੰਨੀ ਵੱਡੀ ਜਿੱਤ ਹਾਸਲ ਕੀਤੀ ਹੈ ਕਿ ਤੁਸੀਂ ਇਸ ਨੂੰ ਚੰਦਰਮਾ ਤੋਂ ਦੇਖ...

  • fb
  • twitter
  • whatsapp
  • whatsapp
Advertisement

ਜਦੋਂ ਵਿਕਟਰ ਔਰਬਨ ਦੀ ਫਿਡੈਸ (Fidesz) ਪਾਰਟੀ 2022 ਵਿੱਚ ਲਗਾਤਾਰ ਚੌਥੀ ਵਾਰ ਸੱਤਾ ਵਿੱਚ ਆਈ ਸੀ ਤਾਂ ਉਸ ਸਮੇਂ ਔਰਬਨ ਨੇ ਗੁਮਾਨ ਭਰੀ ਟਿੱਪਣੀ ਕੀਤੀ ਸੀ: ‘‘ਅਸੀਂ ਇੰਨੀ ਵੱਡੀ ਜਿੱਤ ਹਾਸਲ ਕੀਤੀ ਹੈ ਕਿ ਤੁਸੀਂ ਇਸ ਨੂੰ ਚੰਦਰਮਾ ਤੋਂ ਦੇਖ ਸਕਦੇ ਹੋ।’’ ਹੰਗਰੀ ਦੀ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਸਾਲ 1989 ਤੋਂ ਬਾਅਦ ਪ੍ਰਾਪਤ ਕੀਤੀ ਗਈ ਇਹ ਸਭ ਤੋਂ ਵੱਡੀ ਜਿੱਤ ਸੀ, ਪਰ ਸਿਆਸਤ ਦਾ ਪਹੀਆ ਇੰਨੀ ਤੇਜ਼ੀ ਨਾਲ ਘੁੰਮਿਆ ਕਿ ਉਸ ਟਿੱਪਣੀ ਤੋਂ ਮਹਿਜ਼ ਚਾਰ ਸਾਲਾਂ ਬਾਅਦ 16 ਸਾਲਾਂ ਤੋਂ ਲਗਾਤਾਰ ਚਲੀ ਆ ਰਹੀ ਔਰਬਨ ਦੀ ਹਕੂਮਤ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿ-ਢੇਰੀ ਹੋ ਗਈ। ਫਿਡੈਸ ਪਾਰਟੀ ਸੱਤਾ ਤੋਂ ਬਾਹਰ ਹੋ ਗਈ ਹੈ ਅਤੇ ਪਿਛਲੀਆਂ ਚੋਣਾਂ ਦੇ ਮੁਕਾਬਲੇ 80 ਸੀਟਾਂ ਦੇ ਭਾਰੀ ਨੁਕਸਾਨ ਕਾਰਨ ਔਰਬਨ ਦੇ ਸਿਆਸੀ ਜੀਵਨ ਉੱਤੇ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਔਰਬਨ ਨੂੰ ਪੇਟਰ ਮਾਜਾਰ ਨੇ ਹਰਾਇਆ ਹੈ, ਜੋ ਟਿਸਜ਼ਾ ਪਾਰਟੀ ਦਾ ਆਗੂ ਹੈ। ਇਹ ਪਾਰਟੀ ਸਿਰਫ਼ ਛੇ ਸਾਲ ਪਹਿਲਾਂ ਬਣੀ, ਪਰ 2024 ਵਿੱਚ ਮਾਜਾਰ ਨੇ ਇਸ ਦੀ ਵਾਗਡੋਰ ਸੰਭਾਲੀ ਤਾਂ ਇਸ ਵਿੱਚ ਨਵੀਂ ਰੂਹ ਫੂਕੀ ਗਈ। ਸਿਰਫ਼ ਦੋ ਸਾਲਾਂ ਦੇ ਅੰਦਰ ਇੱਕ ਵੱਡੀ ਤਾਕਤ ਵਜੋਂ ਉੱਭਰਦਿਆਂ ਟਿਸਜ਼ਾ ਨੇ ਹੁਣ ਪਾਰਲੀਮੈਂਟ ਵਿੱਚ ਦੋ-ਤਿਹਾਈ ਬਹੁਮਤ ਹਾਸਲ ਕਰ ਲਿਆ ਹੈ। ਬੁਡਾਪੈਸਟ ਦੀਆਂ ਗਲੀਆਂ ਵਿੱਚ ਜਸ਼ਨ ਦਾ ਮਾਹੌਲ ਹੈ, ਲੋਕ ਰਾਤ ਭਰ ਕਾਰਾਂ ਦੇ ਹਾਰਨ ਵਜਾ ਕੇ ਅਤੇ ਮੌਜ ਮੇਲਾ ਕਰਦਿਆਂ ਇਸ ਨੂੰ ਇੱਕ ‘ਇਨਕਲਾਬ’ ਵਜੋਂ ਦੇਖ ਰਹੇ ਹਨ। ਅੱਸੀ ਫ਼ੀਸਦੀ ਰਿਕਾਰਡ ਵੋਟਿੰਗ ਇਹ ਦੱਸਦੀ ਹੈ ਕਿ ਹੰਗਰੀ ਦੀ ਜਨਤਾ ਸਿਰਫ਼ ਬਦਲਾਅ ਨਹੀਂ ਸਗੋਂ ਪੁਰਾਣੇ ਨਿਜ਼ਾਮ ਤੋਂ ਪੂਰੀ ਤਰ੍ਹਾਂ ਨਿਜਾਤ ਚਾਹੁੰਦੀ ਸੀ।

ਚਾਰ ਸਾਲ ਪਹਿਲਾਂ ਅਜਿੱਤ ਲੱਗਦਾ ਆਗੂ ਹੁਣ ਇੰਨੀ ਬੁਰੀ ਤਰ੍ਹਾਂ ਕਿਵੇਂ ਹਾਰਿਆ? ਇਸ ਦਾ ਸਭ ਤੋਂ ਵੱਡਾ ਕਾਰਨ ਹੰਗਰੀ ਦੀ ਬਦਹਾਲ ਆਰਥਿਕਤਾ ਹੈ। ਔਰਬਨ ਨੇ ਲੰਮਾ ਸਮਾਂ ਯੂਰੋਪੀਅਨ ਯੂਨੀਅਨ ਦੀਆਂ ਸਬਸਿਡੀਆਂ ਅਤੇ ਰੂਸ ਦੇ ਸਸਤੇ ਤੇਲ ਤੇ ਗੈਸ ਵਿਚਕਾਰ ਸੰਤੁਲਨ ਬਣਾਉਣ ਦੀ ਖੇਡ ਖੇਡੀ। ਰੂਸ ਨੇ ਪਾਕਸ II ਪ੍ਰਮਾਣੂ ਪ੍ਰੋਜੈਕਟ ਵਿੱਚ 10 ਅਰਬ ਯੂਰੋ ਦਾ ਨਿਵੇਸ਼ ਵੀ ਕੀਤਾ, ਪਰ ਇਹ ਸਭ ਕੁਝ ਹੰਗਰੀ ਦੇ ਅੰਦਰੂਨੀ ਆਰਥਿਕ ਸੰਕਟ ਨੂੰ ਢਕਣ ਲਈ ਕਾਫ਼ੀ ਨਹੀਂ ਸੀ। ਜਿਉਂ-ਜਿਉਂ ਵਿਸ਼ਵ ਆਰਥਿਕਤਾ ਸੰਕਟ ਵਿੱਚ ਘਿਰਦੀ ਗਈ ਅਤੇ ਯੂਕਰੇਨ ਜੰਗ ਨੇ ਤੇਲ ਤੇ ਗੈਸ ਦੀਆਂ ਕੀਮਤਾਂ ਨੂੰ ਬਹੁਤ ਵਧਾ ਦਿੱਤਾ ਤਾਂ ਹੰਗਰੀ ਦੀ ਆਰਥਿਕਤਾ ’ਚ ਬਹੁਤ ਨਿਘਾਰ ਆਇਆ। ਸਾਲ 2020 ਤੋਂ ਬਾਅਦ ਹੰਗਰੀ ਵਿੱਚ ਮਹਿੰਗਾਈ ਦਰ 57 ਫ਼ੀਸਦੀ ਤੱਕ ਪਹੁੰਚ ਗਈ, ਜੋ ਯੂਰੋਪੀਅਨ ਯੂਨੀਅਨ ਦੀ ਔਸਤ 28 ਫ਼ੀਸਦੀ ਤੋਂ ਲਗਭਗ ਦੁੱਗਣੀ ਹੈ। ਔਰਬਨ ਆਪਣੇ ‘ਰਾਸ਼ਟਰਵਾਦੀ ਆਰਥਿਕ ਮਾਡਲ’ ਤਹਿਤ ਸਥਾਨਕ ਪੂੰਜੀਪਤੀਆਂ ਨੂੰ ਮਜ਼ਬੂਤ ਕਰਨ ਅਤੇ ਸਰਕਾਰੀ ਉਦਯੋਗਾਂ ਨੂੰ ਆਪਣੇ ਸਹਿਯੋਗੀਆਂ ਨੂੰ ਸੌਂਪਣ ਦਾ ਤਰੀਕਾ ਵਰਤਦਾ ਸੀ, ਜੋ ਬੁਰੀ ਤਰ੍ਹਾਂ ਫੇਲ੍ਹ ਹੋਇਆ। ਇਸ ਤੋਂ ਇਲਾਵਾ ਮੁਲਕ ਵਿੱਚ ਪ੍ਰਜਣਨ ਦਰ ਵਧਾਉਣ ਲਈ ਜੀ ਡੀ ਪੀ ਦਾ 5 ਫ਼ੀਸਦੀ ਖਰਚਣ ਦੇ ਬਾਵਜੂਦ ਹੰਗਰੀ ਦੀ ਆਬਾਦੀ ਵਿੱਚ 5 ਲੱਖ ਦੀ ਗਿਰਾਵਟ ਆਈ ਹੈ। ਸਿਹਤ ਸੰਭਾਲ ਪ੍ਰਣਾਲੀ ਦਾ ਇਹ ਹਾਲ ਹੈ ਕਿ 8,500 ਤੋਂ ਵੱਧ ਡਾਕਟਰ ਬਿਹਤਰ ਤਨਖ਼ਾਹਾਂ ਲਈ ਦੇਸ਼ ਛੱਡ ਚੁੱਕੇ ਹਨ। ਸਿੱਖਿਆ ਦੇ ਖੇਤਰ ਵਿੱਚ ਅਧਿਆਪਕਾਂ ਦੀ ਕਮੀ ਅਤੇ ਵਧਦੇ ਭ੍ਰਿਸ਼ਟਾਚਾਰ ਨੇ ਲੋਕਾਂ ਦੇ ਸਬਰ ਦਾ ਬੰਨ੍ਹ ਤੋੜ ਦਿੱਤਾ। ਜਦ ਜਿਊਣਾ ਦੁੱਭਰ ਹੋਣ ਲੱਗਾ ਅਤੇ ਤਨਖ਼ਾਹਾਂ ’ਚ ਕੋਈ ਸਿਫ਼ਤੀ ਤਬਦੀਲੀ ਨਾ ਹੋਈ ਤਾਂ ਲੋਕਾਂ ਨੇ ਔਰਬਨ ਦੇ ‘ਰਾਸ਼ਟਰਵਾਦ’ ਨੂੰ ਨਕਾਰ ਕੇ ਆਪਣੀ ਰੋਜ਼ੀ-ਰੋਟੀ ਦੇ ਸਵਾਲ ਨੂੰ ਤਰਜੀਹ ਦਿੱਤੀ।

Advertisement

ਇਸ ਚੋਣ ਨਤੀਜੇ ਵਿੱਚ ਨੌਜਵਾਨਾਂ ਦਾ ਯੋਗਦਾਨ ਸਭ ਤੋਂ ਮਹੱਤਵਪੂਰਨ ਰਿਹਾ। 18-29 ਸਾਲ ਦੀ ਉਮਰ ਦੇ ਵੋਟਰਾਂ ਵਿੱਚੋਂ ਸਿਰਫ਼ 8 ਫ਼ੀਸਦੀ ਨੇ ਔਰਬਨ ਦਾ ਸਮਰਥਨ ਕੀਤਾ। ਨੌਜਵਾਨਾਂ ਵਿੱਚ ਇੰਨਾ ਰੋਹ ਸੀ ਕਿ ਕਈਆਂ ਨੇ ਆਪਣੇ ਮਾਪਿਆਂ ਦੇ ਵੋਟਿੰਗ ਕਾਰਡ ਲੁਕਾ ਦਿੱਤੇ ਤਾਂ ਜੋ ਉਹ ਫਿਡੈਸ ਨੂੰ ਵੋਟ ਨਾ ਪਾ ਸਕਣ। ਇਹ ਉਹੀ ਨੌਜਵਾਨ ਹਨ, ਜੋ ਲੋੜੀਂਦੀ ਗਿਣਤੀ ਤੋਂ ਘੱਟ ਅਧਿਆਪਕਾਂ ਵਾਲੇ ਸਕੂਲਾਂ ਵਿੱਚ ਪੜ੍ਹੇ ਹਨ ਅਤੇ ਜਿਨ੍ਹਾਂ ਨੇ ਆਪਣੇ ਮਾਪਿਆਂ ਨੂੰ ਗੁਜ਼ਾਰਾ ਕਰਨ ਲਈ ਸੰਘਰਸ਼ ਕਰਦਿਆਂ ਦੇਖਿਆ, ਜਦੋਂਕਿ ਸਰਕਾਰੀ ਅਧਿਕਾਰੀ ਭ੍ਰਿਸ਼ਟਾਚਾਰ ਰਾਹੀਂ ਅਮੀਰ ਹੋ ਰਹੇ ਸਨ। ਪੇਟਰ ਮਾਜਾਰ ਨੇ ਇਸੇ ਗੁੱਸੇ ਨੂੰ ਆਪਣੀ ਤਾਕਤ ਬਣਾਇਆ। ਮਾਜਾਰ ਖ਼ੁਦ ਕਈ ਸਾਲ ਫਿਡੈਸ ਦਾ ਹਿੱਸਾ ਰਿਹਾ ਸੀ, ਪਰ 2024 ਵਿੱਚ ਇੱਕ ਬਾਲ ਸ਼ੋਸ਼ਣ ਦੇ ਮਾਮਲੇ ਵਿੱਚ ਦਿੱਤੀ ਗਈ ਸਰਕਾਰੀ ਮੁਆਫ਼ੀ ਦੇ ਘੁਟਾਲੇ ਤੋਂ ਬਾਅਦ ਉਸ ਨੇ ਪਾਰਟੀ ਛੱਡ ਦਿੱਤੀ। ਹੰਗਰੀ ਦੇ ਵੋਟਰਾਂ ਲਈ ਇਹ ਮਾਜਾਰ ਨੂੰ ਵੋਟ ਪਾਉਣ ਦਾ ਸਵਾਲ ਨਹੀਂ ਸੀ, ਸਗੋਂ ਔਰਬਨ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸਵਾਲ ਸੀ ਕਿਉਂਕਿ ਉਹ ਇਸ ਸ਼ਾਸਨ ਤੋਂ ਛੁਟਕਾਰਾ ਚਾਹੁੰਦੇ ਸਨ।

Advertisement

ਔਰਬਨ ਦੀ ਹਾਰ ਨੇ ਅਮਰੀਕੀ ਸੱਜੇ-ਪੱਖੀ ਮੈਗਾ ਲਹਿਰ ਨੂੰ ਯੂਰੋਪ ਵਿੱਚ ਆਪਣੇ ਸਭ ਤੋਂ ਵੱਡੇ ‘ਵਿਚਾਰਧਾਰਕ ਰਾਜਦੂਤ’ ਤੋਂ ਵਾਂਝਾ ਕਰ ਦਿੱਤਾ ਹੈ। ਕੈਨੇਡਾ ਅਤੇ ਆਸਟਰੇਲੀਆ ਦੀਆਂ ਚੋਣਾਂ ਨੇ ਪਹਿਲਾਂ ਹੀ ਸਾਬਿਤ ਕਰ ਦਿੱਤਾ ਸੀ ਕਿ ਚੋਣ ਮੁਹਿੰਮ ਨੂੰ ਮੈਗਾ ਲਹਿਰ ਨਾਲ ਜੋੜਨਾ ਸਿਆਸੀ ਤੌਰ ’ਤੇ ਆਤਮਘਾਤੀ ਸਾਬਿਤ ਹੋ ਸਕਦਾ ਹੈ ਅਤੇ ਹੰਗਰੀ ਵਿੱਚ ਵੀ ਇਹੀ ਵਾਪਰਿਆ। ਔਰਬਨ ਦੀ ਅਮਰੀਕੀ ਪ੍ਰਸਿੱਧੀ ਪ੍ਰਤੀ ਅੰਨ੍ਹੀ ਸ਼ਰਧਾ ਉਸ ਦੇ ਕਿਸੇ ਕੰਮ ਨਾ ਆਈ। ਇਸ ਦੇ ਉਲਟ ਮਾਜਾਰ ਨੇ ਬੜੀ ਚਲਾਕੀ ਨਾਲ ਔਰਬਨ ਨੂੰ ਇੱਕ ਅਜਿਹੇ ਆਗੂ ਵਜੋਂ ਪੇਸ਼ ਕੀਤਾ ਜੋ ਹੰਗਰੀ ਦੇ ਆਮ ਵੋਟਰਾਂ ਨਾਲੋਂ ਵਾਸ਼ਿੰਗਟਨ ਦੇ ਆਗੂਆਂ ਦੇ ਵਧੇਰੇ ਨੇੜੇ ਹੋ ਚੁੱਕਾ ਹੈ। ਮਾਜਾਰ ਨੇ ਸਪੱਸ਼ਟ ਕੀਤਾ ਕਿ ਔਰਬਨ ਹਰ ਉਸ ਮੁੱਦੇ ’ਤੇ ਬੋਲਿਆ ਜੋ ਹੰਗਰੀ ਦੇ ਲੋਕਾਂ ਨਾਲ ਸਬੰਧਤ ਨਹੀਂ ਸੀ ਅਤੇ ਨਤੀਜੇ ਵਜੋਂ ਲੋਕਾਂ ਨੇ ਉਸ ਨੂੰ ਨਕਾਰ ਦਿੱਤਾ। ਮਾਜਾਰ ਦੇ ਸ਼ਬਦਾਂ ਵਿੱਚ, ‘‘ਸਾਡਾ ਇਤਿਹਾਸ ਬਰੱਸਲਜ਼ ਜਾਂ ਵਾਸ਼ਿੰਗਟਨ ਵਿੱਚ ਨਹੀਂ ਸਗੋਂ ਹੰਗਰੀ ਦੀਆਂ ਗਲੀਆਂ ਤੇ ਚੌਕਾਂ ਚੌਰਾਹਿਆਂ ਵਿੱਚ ਲਿਖਿਆ ਜਾਂਦਾ ਹੈ।’’ ਭਾਵੇਂ ਮਾਜਾਰ ਅਮਰੀਕਾ ਨਾਲ ਮਜ਼ਬੂਤ ਸਬੰਧਾਂ ਦਾ ਹਾਮੀ ਹੈ, ਪਰ ਉਸ ਨੇ ਇਹ ਸ਼ਰਤ ਵੀ ਰੱਖੀ ਹੈ ਕਿ ਇਹ ਸਿਰਫ਼ ਹੰਗਰੀ ਦੇ ਹਿੱਤਾਂ ਲਈ ਹੋਣਗੇ। ਉਸ ਵੱਲੋਂ ਪ੍ਰਗਟਾਈ ਇਸ ਲੋਕ ਕੇਂਦਰਿਤ ਪਹੁੰਚ ਨੇ ਹੀ ਔਰਬਨ ਦੇ ਉਸ ਸਾਮਰਾਜੀ ਭਰਮ ਨੂੰ ਤੋੜਿਆ ਹੈ, ਜੋ ਉਹ ਟਰੰਪ ਨਾਲ ਦੋਸਤੀ ਰਾਹੀਂ ਪਾਲ ਰਿਹਾ ਸੀ। ਇਹ ਚੋਣ ਨਤੀਜਾ ਟਰੰਪ ਲਈ ਵੀ ਇੱਕ ਵੱਡੀ ਬੇਇੱਜ਼ਤੀ ਹੈ, ਜੋ ਔਰਬਨ ਨੂੰ ਆਪਣਾ ਰਾਹ-ਦਸੇਰਾ ਮੰਨਦਾ ਸੀ। ਭਾਵੇਂ ਮਾਜਾਰ ਦੀ ਜਿੱਤ ਨੂੰ ਉਦਾਰਵਾਦ ਦੀ ਜਿੱਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਪਰ ਸਚਾਈ ਇਹ ਹੈ ਕਿ ਮਾਜਾਰ ਅਤੇ ਔਰਬਨ ਦੇ ਬੁਨਿਆਦੀ ਪ੍ਰੋਗਰਾਮਾਂ ਵਿੱਚ ਬਹੁਤਾ ਅੰਤਰ ਨਹੀਂ ਹੈ। ਮਾਜਾਰ ਨੇ ਕਈ ਮੌਕਿਆਂ (ਖ਼ਾਸਕਰ ਇਮੀਗ੍ਰੇਸ਼ਨ ਦੇ ਮੁੱਦੇ) ’ਤੇ ਫਿਡੈਸ ਨੂੰ ਸੱਜੇ ਪਾਸਿਓਂ ਪਛਾੜਨ ਦੀ ਕੋਸ਼ਿਸ਼ ਕੀਤੀ ਹੈ। ਯੂਕਰੇਨ ਦੇ ਸਵਾਲ ’ਤੇ ਵੀ ਮਾਜਾਰ ਦਾ ਰੁਖ਼ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਉਸ ਨੇ ਸਹਾਇਤਾ ’ਤੇ ਵੀਟੋ ਹਟਾਉਣ ਦਾ ਵਾਅਦਾ ਤਾਂ ਕੀਤਾ ਹੈ, ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਇਸ ਲਈ ਕੋਈ ਹੰਗੇਰੀਅਨ ਪੈਸਾ ਨਹੀਂ ਦਿੱਤਾ ਜਾਵੇਗਾ। ਰੂਸ ਨਾਲ ਆਰਥਿਕ ਸਬੰਧਾਂ ਬਾਰੇ ਵੀ ਉਸ ਦਾ ਕਹਿਣਾ ਹੈ ਕਿ ‘‘ਤੁਸੀਂ ਭੂਗੋਲ ਨਹੀਂ ਬਦਲ ਸਕਦੇ।’’

ਮਾਜਾਰ ਅਜਿਹੇ ਸਮੇਂ ਸੱਤਾ ਵਿੱਚ ਆਇਆ ਹੈ ਜਦੋਂ ਵਿਸ਼ਵ ਆਰਥਿਕਤਾ ਡੂੰਘੇ ਸੰਕਟ ਵਿੱਚ ਹੈ। ਅਮਰੀਕਾ ਅਤੇ ਇਜ਼ਰਾਈਲ ਦੀ ਇਰਾਨ ਵਿਰੁੱਧ ਜੰਗ ਕਾਰਨ ਤੇਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਹੰਗਰੀ ਆਪਣੀਆਂ 80 ਫ਼ੀਸਦੀ ਊਰਜਾ ਲੋੜਾਂ ਲਈ ਰੂਸ ’ਤੇ ਨਿਰਭਰ ਹੈ ਅਤੇ ਜੇਕਰ ਉਹ ਯੂਰੋਪੀਅਨ ਯੂਨੀਅਨ ਦੇ ਦਬਾਅ ਹੇਠ ਰੂਸ ਨਾਲੋਂ ਸਬੰਧ ਤੋੜਦਾ ਹੈ ਤਾਂ ਉਸ ਦੀ ਹਾਲਤ ਹੋਰ ਵੀ ਪਤਲੀ ਹੋ ਜਾਵੇਗੀ। ਇਸ ਤੋਂ ਇਲਾਵਾ ਬਰੱਸਲਜ਼ ਵੱਲੋਂ ਬਜਟ ਘਾਟਾ ਘਟਾਉਣ ਲਈ ਖਰਚਿਆਂ ਵਿੱਚ ਕਟੌਤੀ ਦਾ ਦਬਾਅ ਮਾਜਾਰ ਲਈ ਸਿਹਤ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਸੁਧਾਰ ਕਰਨਾ ਲਗਭਗ ਅਸੰਭਵ ਬਣਾ ਦੇਵੇਗਾ। ਹੰਗਰੀ ਵਿੱਚ ਔਰਬਨ ਦਾ ਪਤਨ ਇੱਕ ਯੁੱਗ ਦਾ ਅੰਤ ਹੈ, ਪਰ ਮਾਜਾਰ ਦਾ ਉਭਾਰ ਕਿਸੇ ਅਸਲੀ ਇਨਕਲਾਬ ਦੀ ਗਾਰੰਟੀ ਨਹੀਂ ਹੈ। ਜਦੋਂ ਤੱਕ ਹੰਗਰੀ ਦੀ ਸਿਆਸਤ ਵਿੱਚ ਅਸਲੀ ਕਿਰਤੀਆਂ ਦੀ ਇੱਕ ਅਜਿਹੀ ਪਾਰਟੀ ਦਾ ਉਭਾਰ ਨਹੀਂ ਹੁੰਦਾ, ਜੋ ਦੇਸ਼ ਦੇ ਆਰਥਿਕ ਸਰੋਤਾਂ ਨੂੰ ਕਾਮਿਆਂ ਦੇ ਨਿਯੰਤਰਨ ਹੇਠ ਲਿਆਉਣ ਦਾ ਪ੍ਰੋਗਰਾਮ ਰੱਖਦੀ ਹੋਵੇ, ਉਦੋਂ ਤੱਕ ਇੱਕ ਸੱਜੇ-ਪੱਖੀ ਪਾਰਟੀ ਨੂੰ ਦੂਜੀ ਸੱਜੇ-ਪੱਖੀ ਪਾਰਟੀ ਨਾਲ ਬਦਲਣ ਨਾਲ ਆਮ ਜਨਤਾ ਦੀ ਤਕਦੀਰ ਨਹੀਂ ਬਦਲੇਗੀ। ਔਰਬਨ ਨੂੰ ਬਦਨਾਮ ਹੋਣ ਵਿੱਚ 16 ਸਾਲ ਲੱਗੇ, ਪਰ ਮੌਜੂਦਾ ਵਿਸ਼ਵ ਸੰਕਟ ਦੇ ਦੌਰ ਵਿੱਚ ਮਾਜਾਰ ਕੋਲ ਇੰਨਾ ਸਮਾਂ ਨਹੀਂ ਹੋਵੇਗਾ। ਹੰਗਰੀ ਵਿੱਚ ਹੋਈ ਰਿਕਾਰਡ ਵੋਟਿੰਗ ਲੋਕਾਂ ਦੇ ਅੰਦਰ ਦੱਬੇ ਹੋਏ ਜਵਾਲਾਮੁਖੀ ਦਾ ਪ੍ਰਤੀਕ ਹੈ, ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੱਡੀ ਸਿਆਸੀ ਤਬਦੀਲੀ ਦਾ ਆਧਾਰ ਬਣ ਸਕਦੀ ਹੈ।

ਸੰਪਰਕ: +61414101993

Advertisement
×