ਮਹਾਂਸ਼ਕਤੀ ਬਣਨ ਦੀ ਮ੍ਰਿਗਤ੍ਰਿਸ਼ਨਾ

ਮਹਾਂਸ਼ਕਤੀ ਬਣਨ ਦੀ ਮ੍ਰਿਗਤ੍ਰਿਸ਼ਨਾ

ਜਤਿੰਦਰ ਪਨੂੰ

ਜਤਿੰਦਰ ਪਨੂੰ

ਭਾਰਤ ਇਸ ਹਫਤੇ ਇੱਕ ਹੋਰ ਵੱਡੀ ਛਾਲ ਮਾਰ ਗਿਆ ਹੈ, ਜਾਂ ਘੱਟੋ-ਘੱਟ ਇਹ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਇਹ ਏਡੀ ਵੱਡੀ ਛਾਲ ਮਾਰ ਗਿਆ ਹੈ ਕਿ ਇੱਕੋ ਛੜੱਪੇ ਵਿਚ ਸੰਸਾਰ ਦੀ ਮਹਾਂਸ਼ਕਤੀ (ਸੁਪਰ ਪਾਵਰ) ਬਣ ਗਿਆ ਹੈ। ਕਾਰਨ ਬੜਾ ਖਾਸ ਦੱਸਿਆ ਗਿਆ ਹੈ ਕਿ ਅਸੀਂ ਜਿਹੜੇ ਪੰਜ ਰਾਫਾਲ ਜਹਾਜ਼ ਰੋਕੜਾਂ ਖਰਚ ਕਰ ਕੇ ਫਰਾਂਸ ਤੋਂ ਖਰੀਦੇ ਸਨ, ਉਹ ਹਵਾਈ ਫੌਜ ਦੇ ਬੇੜੇ ਵਿਚ ਸ਼ਾਮਲ ਹੋ ਗਏ ਹਨ। ਧੰਨ ਭਾਗ! ਇੰਨੀ ਗੱਲ ਨਾਲ ਕੋਈ ਦੇਸ਼ ਸੁਪਰ ਪਾਵਰ ਬਣ ਸਕਦਾ ਹੈ ਤਾਂ ਇਸ ਵਕਤ ਸੰਸਾਰ ਦੇ ਕਈ ਦੇਸ਼ਾਂ ਨੇ ਇਹੋ ਜਹਾਜ਼ ਖਰੀਦੇ ਹੋਏ ਹਨ, ਇਸ ਤਰ੍ਹਾਂ ਸੁਪਰ ਪਾਵਰ ਕਹਾਉਂਦੇ ਦੇਸ਼ਾਂ ਦੀ ਗਿਣਤੀ ਕਰਨੀ ਔਖੀ ਹੋ ਜਾਵੇਗੀ। ਭਾਰਤ ਨੇ ਬੰਗਲਾਦੇਸ਼ ਦੀ ਜੰਗ ਵੇਲੇ ਆਪਣੇ ਬਣਾਏ ਛੋਟੇ ਜਿਹੇ ਜਹਾਜ਼ ਨਾਲ ਵਿਕਸਤ ਦੇਸ਼ਾਂ ਤੋਂ ਮੰਗਵਾਏ ਪਾਕਿਸਤਾਨ ਦੇ ਜਹਾਜ਼ਾਂ ਨੂੰ ਭਾਜੜਾਂ ਪਾ ਦਿੱਤੀਆਂ ਸਨ, ਉਦੋਂ ਸੁਪਰ ਪਾਵਰ ਇਸ ਦੇਸ਼ ਨੂੰ ਨਹੀਂ ਸੀ ਕਿਹਾ ਗਿਆ।

ਛੱਤੀ ਸਾਲ ਪਹਿਲਾਂ ਜਦੋਂ ਭਾਰਤ ਨੇ ਪਹਿਲਾ ਐਟਮੀ ਤਜਰਬਾ ਕੀਤਾ ਤੇ ਸਾਰੇ ਸੰਸਾਰ ਵਿਚ ਧੁੰਮਾਂ ਪੈ ਗਈਆਂ ਸਨ, ਉਦੋਂ ਵੀ ਇਹ ਸੁਪਰ ਪਾਵਰ ਨਹੀਂ ਸੀ ਬਣਿਆ ਪਰ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਪਹਿਲੇ ਮਹੀਨੇ ਹੀ ਪੰਜ ਐਟਮੀ ਧਮਾਕੇ ਕਰ ਦਿੱਤੇ ਤਾਂ ਉਦੋਂ ਸੁਪਰ ਪਾਵਰ ਬਣ ਗਿਆ ਸੀ। ਗਵਾਂਢ ਦੇ ਦੇਸ਼ ਨੇ ਜਦੋਂ ਉਨ੍ਹਾਂ ਪੰਜਾਂ ਨਾਲ ਸਾਡਾ ਛੱਤੀ ਸਾਲ ਪਹਿਲਾਂ ਵਾਲਾ ਧਮਾਕਾ ਵੀ ਜੋੜ ਕੇ ਛੇ ਧਮਾਕੇ ਕਰ ਦਿਖਾਏ ਤਾਂ ਸੁਪਰ ਪਾਵਰ ਹੋਣ ਦਾ ਸਾਡਾ ਚਾਅ ਲਹਿ ਗਿਆ ਸੀ। ਅੱਜ ਫਰਾਂਸ ਤੋਂ ਖਰੀਦੇ ਪੰਜ ਲੜਾਕੂ ਜਹਾਜ਼ ਸਾਡੇ ਕੋਲ ਆ ਗਏ ਤਾਂ ਫਿਰ ਅਸੀਂ ਸੁਪਰ ਪਾਵਰ ਹੋਣ ਦਾ ਦਾਅਵਾ ਕਰਨ ਲੱਗ ਪਏ ਹਾਂ, ਭਲਕ ਨੂੰ ਪਾਕਿਸਤਾਨ ਨੂੰ ਕਿਸੇ ਦੇਸ਼ ਨੇ ਫੌਜੀ ਗਰਾਂਟ ਵਜੋਂ ਇਸ ਤੋਂ ਵਧੀਆ ਜਹਾਜ਼ ਦੇ ਦਿੱਤੇ ਤਾਂ ਸੁਪਰ ਪਾਵਰ ਦਾ ਚਾਅ ਫਿਰ ਕੁਝ ਮੱਠਾ ਪੈ ਜਾਵੇਗਾ। ਇੱਦਾਂ ਕਈ ਵਾਰ ਹੁੰਦਾ ਹੈ। ਇਹ ਗੱਲ ਬਹੁਤੇ ਲੋਕ ਸ਼ਾਇਦ ਨਹੀਂ ਜਾਣਦੇ ਕਿ ਰਾਫਾਲ ਬਹੁਤ ਵਧੀਆ ਜਹਾਜ਼ ਤਾਂ ਹੈ ਪਰ ਸਭ ਤੋਂ ਵਧੀਆ ਕਿਹਾ ਜਾਣ ਵਾਲਾ ਨਹੀਂ, ਕੁਝ ਹੋਰ ਇਸ ਤੋਂ ਵਧੀਆ ਗਿਣੇ ਜਾ ਸਕਣ ਵਾਲੇ ਜਾਂ ਇਸ ਦੀ ਟੱਕਰ ਦੇ ਜਹਾਜ਼ ਵੀ ਮੌਜੂਦ ਨੇ। ਚੀਨ ਦਾ ਚੇਂਗਦੂ, ਭਾਰਤ ਨੂੰ ਪਹਿਲਾਂ ਰੂਸ ਤੋਂ ਮਿਲਿਆ ਸੁਖੋਈ ਅਤੇ ਅਮਰੀਕੀਆਂ ਦੇ ਬੇੜੇ ਵਾਲੇ ਜਹਾਜ਼ ਇੱਕ ਤੋਂ ਇੱਕ ਚੰਗੇ ਦੱਸੇ ਜਾਂਦੇ ਨੇ, ਪਰ ਕਿਉਂਕਿ ਅਸੀਂ ਮਹਿੰਗਾ ਸੌਦਾ ਲੈ ਲਿਆ ਹੈ, ਇਸ ਲਈ ਇਸ ਸੌਦੇ ਨੂੰ ਸਹੀ ਠਹਿਰਾਉਣ ਲਈ ਇਸ ਦੇ ਵਧੀਆ ਹੋਣ ਦਾ ਪ੍ਰਚਾਰ ਵੀ ਕਰਨਾ ਪੈਣਾ ਹੈ।

ਖੋਜ ਦੇ ਖੇਤਰ ਵਿਚ ਭਾਰਤ ਨੇ ਤਰੱਕੀ ਕੀਤੀ ਅਤੇ ਮੰਗਲ ਯਾਨ ਤੋਂ ਬਾਅਦ ਅਗਲੇ ਸਾਲ ਚੰਦਰ ਯਾਨ ਚਾੜ੍ਹਨ ਲਈ ਤਿਆਰ ਹੈ। ਇਸ ਪੱਖੋਂ ਕਮਾਲ ਕੀਤੀ ਪਈ ਹੈ, ਇਸ ਦਾ ਸਿਹਰਾ ਮੌਕੇ ਦੀ ਸਰਕਾਰ ਨੂੰ ਨਹੀਂ ਜਾਂਦਾ। ਭਾਰਤ ਦੀ ਪੁਲਾੜ ਨੂੰ ਉਡਾਰੀਆਂ ਲਾਉਣ ਦੇ ਪ੍ਰੋਗਰਾਮਾਂ ਦੀ ਨੀਂਹ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਵਕਤ ਰੱਖੀ ਗਈ ਸੀ ਪਰ ਜਿਵੇਂ ਵਾਜਪਾਈ ਸਰਕਾਰ ਨੇ ਆਉਂਦੇ ਸਾਰ ਐਟਮੀ ਧਮਾਕੇ ਕਰ ਕੇ ਐਟਮੀ ਸ਼ਕਤੀ ਦਾ ਸਿਹਰਾ ਲੈਣ ਦਾ ਯਤਨ ਕੀਤਾ ਸੀ, ਅੱਜਕੱਲ੍ਹ ਪੁਲਾੜ ਖੋਜ ਦਾ ਸਿਹਰਾ ਲੈਣ ਲਈ ਵੀ ਉਸੇ ਤਰ੍ਹਾਂ ਯਤਨ ਹੋ ਰਹੇ ਹਨ। ਨਾ ਵਾਜਪਾਈ ਏਡੇ ਸਾਇੰਸ ਦੇ ਮਾਹਰ ਸਨ ਕਿ ਇੱਕੋ ਮਹੀਨੇ ਵਿਚ ਐਟਮੀ ਖੋਜ ਵੀ ਕਰ ਲੈਂਦੇ ਤੇ ਏਡੀ ਛੇਤੀ ਧਮਾਕਾ ਕਰਨ ਵਾਲਾ ਜੁਗਾੜ ਬੀੜਨ ਤੱਕ ਵੀ ਪਹੁੰਚ ਜਾਂਦੇ ਅਤੇ ਨਾ ਅੱਜ ਵਾਲੇ ਇੰਨੇ ਵੱਡੇ ਕਲਾਕਾਰ ਹਨ ਕਿ ਰਾਤੋ-ਰਾਤ ਚੰਦ, ਜਿਸ ਨੂੰ ਪਹਿਲਾਂ ਦੇਵਤਾ ਕਹਿੰਦੇ ਰਹਿੰਦੇ ਸਨ, ਉਹਦੇ ਵੱਲ ਜਾਣ ਵਾਲਾ ਕੋਈ ਗੈਬੀ ਕਾਰਨਾਮਾ ਕਰ ਸਕਦੇ ਪਰ ਉਹ ਪ੍ਰਚਾਰ ਦੀ ਕਲਾ ਦੇ ਮਾਹਰ ਹਨ। ਵਿਗਿਆਨ ਦੇ ਵਿਕਾਸ ਲਈ ਵਰ੍ਹਿਆਂ ਬੱਧੀ ਮਿਹਨਤ ਕਰਨੀ ਪੈਂਦੀ ਹੈ। ਅੱਜ ਦੇ ਯੁੱਗ ਵਿਚ ਪ੍ਰਚਾਰ ਦੀ ਕਲਾ ਸੌ ਕਲਾਵਾਂ ਦੀ ਮਾਂ ਬਣ ਗਈ ਹੈ ਜਿਸ ਦਾ ਵੱਲ ਆਉਂਦਾ ਹੋਵੇ ਤਾਂ ਬੰਦਾ ਬਿਨਾ ਕੁਝ ਕੀਤੇ ਵੀ ਸੋਲਾਂ ਕਲਾਂ ਸੰਪੂਰਨ ਹੋਣ ਦਾ ਦਾਅਵਾ ਕਰ ਸਕਦਾ ਅਤੇ ਕਰਵਾ ਸਕਦਾ ਹੈ। ਇਹ ਵੀ ਬਹੁਤ ਵੱਡੀ ਕਾਮਯਾਬੀ ਹੈ।

ਅਸੀਂ ਆਪਣੇ ਦੇਸ਼ ਨੂੰ ਕਿਸੇ ਹੋਰ ਤੋਂ ਘੱਟ ਪਿਆਰ ਨਹੀਂ ਕਰਦੇ ਕਿ ਦੇਸ਼ ਦੀ ਚੜ੍ਹਤ ਦੀ ਗੱਲ ਸੁਣੀਏ ਤਾਂ ਚੰਗਾ ਨਾ ਲੱਗਦਾ ਹੋਵੇ ਪਰ ਹਵਾ ਵਿਚ ਤੀਰ ਦਾਗਣ ਦੀ ਗੱਲ ਚੰਗੀ ਨਹੀਂ ਹੁੰਦੀ। ਸਾਡੇ ਕੋਲ ਤਰਕਸ਼ੀਲ ਲਹਿਰ ਦਾ ਕਵੀ ਜਗਸੀਰ ਜੀਦਾ ਗਾਉਂਦਾ ਫਿਰਦਾ ਹੈ ਕਿ ‘ਬੰਦੇ ਮਾਰਨ ਲਈ ਬਣਾ ਲਈਆਂ ਮਿਜ਼ਾਈਲਾਂ, ਨਰਮੇ ਦੀ ਸੁੰਡੀ ਨਹੀਂ ਮਰੀ’। ਉਸ ਦੀ ਗੱਲ ਅੱਜ ਦੇ ਯੁੱਗ ਵਿਚ ਭਾਰਤ ਦੇ ਲੋਕਾਂ ਨੂੰ ਕਰੋਨਾ ਦੇ ਦੌਰ ਅਤੇ ਇਸ ਬਾਰੇ ਸਰਕਾਰ ਦੀ ਪਹੁੰਚ ਨਾਲ ਜੋੜ ਕੇ ਦੇਖਣੀ ਚਾਹੀਦੀ ਹੈ। ਅਸੀਂ ਸੁਪਰ ਪਾਵਰ, ਇਸ ਵਕਤ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਪੱਖੋਂ ਸਭ ਤੋਂ ਮੋਹਰੀ ਚੱਲਦੇ ਅਮਰੀਕਾ ਤੋਂ ਮਸਾਂ ਇੰਨਾ ਕੁ ਪਿੱਛੇ ਹਾਂ ਕਿ ਰੋਜ਼ ਦੇ ਇਸੇ ਤਰ੍ਹਾਂ ਲੱਖ ਲੱਖ ਕੇਸ ਮਿਲਦੇ ਰਹੇ ਤਾਂ ਅਗਲੇ ਦੋ ਹਫਤਿਆਂ ਤੱਕ ਮਹਾਮਾਰੀ ਦੀ ਸਭ ਤੋਂ ਮਾਰ ਖਾਣ ਵਾਲਾ ਦੇਸ਼ ਬਣ ਸਕਦੇ ਹਾਂ। ਮੌਤਾਂ ਦੀ ਗਿਣਤੀ ਇਥੇ ਲਗਾਤਾਰ ਵਧੀ ਜਾਂਦੀ ਹੈ ਪਰ ਸਾਡਾ ਮੀਡੀਆ ਸਰਕਾਰ ਦੀ ਅੱਖ ਪਛਾਣ ਕੇ ਲੋਕਾਂ ਦਾ ਧਿਆਨ ਇਸ ਪਾਸਿਓਂ ਹਟਾ ਕੇ ਸਾਨੂੰ ਫਰਾਂਸ ਦਾ ਜਹਾਜ਼ ਉੱਡਦਾ ਦੇਖਣ ਲਈ ਉਕਸਾਉਂਦਾ ਹੈ।

ਜਿਹੜੇ ਮਹਾਰਾਸ਼ਟਰ ਵਿਚ ਕਰੋਨਾ ਦੇ ਕੇਸਾਂ ਦੀ ਗਿਣਤੀ ਦਸ ਲੱਖ ਅਤੇ ਮੌਤਾਂ ਦੀ ਗਿਣਤੀ ਤੀਹ ਹਜ਼ਾਰ ਨੂੰ ਪਹੁੰਚੀ ਹੋਈ ਹੈ, ਉਥੇ ਕਰੋਨਾ ਨਾਲ ਮਰ ਗਏ ਲੋਕਾਂ ਦੀ ਚਰਚਾ ਛੱਡ ਕੇ ਇੱਕ ਕਲਾਕਾਰ ਦੀ ਮੌਤ ਅਤੇ ਉਸ ਦੀ ਸਹੇਲੀ ਦੇ ਕੇਸਾਂ ਵਿਚ ਫਸਣ ਦੀ ਕਹਾਣੀ ਸਾਰਾ ਦਿਨ ਟੀਵੀ ਸਕਰੀਨਾਂ ਉੱਤੇ ਛਾਈ ਰਹਿੰਦੀ ਹੈ। ਜਦੋਂ ਲੋਕ ਅੱਕਣ ਲੱਗੇ ਤਾਂ ਇੱਕ ਹੋਰ ਕਲਾਕਾਰ ਕੁੜੀ ਜਿਸ ਨੂੰ ਅਗਲੀ ਵਾਰੀ ਇੱਕ ਵੱਡੀ ਅਤੇ ਖਾਸ ਪਾਰਟੀ ਵੱਲੋਂ ਚੋਣ ਲੜਨ ਦੀ ਟਿਕਟ ਮਿਲਣ ਵਾਲੀ ਹੈ, ਉਸ ਦਾ ਕਿੱਸਾ ਛੇੜ ਲਿਆ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਹਿੰਦਾ ਹੈ ਕਿ ਆਮ ਲੋਕਾਂ ਦਾ ਧਿਆਨ ਮਰਦੇ ਲੋਕਾਂ ਤੋਂ ਹਟਾਉਣ ਲਈ ਕਰੋਨਾ ਵਾਇਰਸ ਨੂੰ ਮਾਮੂਲੀ ਜਿਹਾ ਵਾਇਰਸ ਹੋਣ ਦਾ ਝੂਠ ਬੋਲਦਾ ਰਿਹਾ ਸਾਂ, ਉਸ ਨੂੰ ਭਾਰਤ ਵਿਚ ਲਿਆ ਕੇ ਸਨਮਾਨਤ ਕਰਨ ਵਾਲਿਆਂ ਦਾ ਵੀ ਇਹੋ ਜਿਹਾ ਖਿਆਲ ਹੋ ਸਕਦਾ ਹੈ ਕਿ ਲੋਕਾਂ ਦਾ ਮਹਾਮਾਰੀ ਵੱਲੋਂ ਧਿਆਨ ਹਟਾਇਆ ਅਤੇ ਫਿਲਮਾਂ ਵਾਲੀ ਬਨਾਉਟੀ ਚਮਕ-ਦਮਕ ਦੀ ਜ਼ਿੰਦਗੀ ਵਿਚ ਇੱਦਾਂ ਉਲਝਾਇਆ ਜਾਵੇ ਕਿ ਉਨ੍ਹਾਂ ਨੂੰ ਸਾਰੇ ਦੁੱਖ ਭੁੱਲ ਜਾਣ।

ਭਾਰਤ ਦੇ ਲੋਕਾਂ ਦੀ ਬਦਕਿਸਮਤੀ ਹੈ ਕਿ ਇਥੇ ਉਨ੍ਹਾਂ ਦੀ ਸੋਚ ਅੱਜਕੱਲ੍ਹ ਆਪਣੇ ਆਪ ਨਹੀਂ ਬਣਦੀ, ਚੱਕਰੀਆਂ ਗੇੜ ਕੇ ਬਣਾਈ ਜਾਂਦੀ ਹੈ। ਇਹ ਚੱਕਰੀਆਂ ਸੁੱਬੀ ਦਾ ਸੱਪ ਬਣਾ ਸਕਦੀਆਂ ਹਨ ਅਤੇ ਫਨ ਚੁੱਕੀ ਖੜ੍ਹੇ ਸੱਪ ਨੂੰ ਮੁਕਤੀ ਦਾ ਦਾਤਾ ਬਣਾ ਕੇ ਪੇਸ਼ ਕਰ ਸਕਦੀਆਂ ਹਨ। ਲੋਕਾਂ ਦੀ ਸੋਚ ਕਿਸੇ ਥਾਂ ਟਿਕ ਨਾ ਜਾਵੇ, ਉਨ੍ਹਾਂ ਨੂੰ ਪੁਰਾਣੀ ਗੱਲ ਯਾਦ ਨਾ ਆਵੇ, ਭਾਰਤ ਦਾ ਮੀਡੀਆ ਇਸ ਦਾ ਵੀ ਲਗਾਤਾਰ ਯਤਨ ਕਰਦਾ ਹੈ। ਇਹੋ ਕਾਰਨ ਹੈ ਕਿ ਅਗਲੀ ਚੋਣ ਤੱਕ ਇਹ ਗੱਲ ਯਾਦ ਨਹੀਂ ਰਹਿ ਜਾਂਦੀ ਕਿ ਜਿਹੜਾ ਬੰਦਾ ਅੱਜ ਨਵੇਂ ਤਾਜ਼ੇ ਸੁਫਨੇ ਦਿਖਾ ਰਿਹਾ ਹੈ, ਪੰਜ ਸਾਲ ਪਹਿਲਾਂ ਪੰਦਰਾਂ ਪੰਦਰਾਂ ਲੱਖ ਰੁਪਏ ਵੰਡਣ ਦਾ ਵਾਅਦਾ ਵੀ ਉਸੇ ਨੇ ਕੀਤਾ ਸੀ। ਪੰਜ ਸਾਲ ਤਾਂ ਬਹੁਤ ਹਨ, ਮੀਡੀਆ ਛੇ ਮਹੀਨੇ ਪਹਿਲਾਂ ਦੀ ਗੱਲ ਵੀ ਯਾਦ ਨਹੀਂ ਆਉਣ ਦਿੰਦਾ ਤੇ ਨਿੱਤ ਨਵੇਂ ਦਿਨ ਨਵਾਂ ਸ਼ੋਸ਼ਾ ਛੱਡ ਕੇ ਆਹਰੇ ਲਾਈ ਰੱਖਦਾ ਹੈ। ਜੇ ਕਿਧਰੇ ਲੋਕਾਂ ਨੂੰ ਮਸਾਂ ਛੇ ਮਹੀਨੇ ਤੱਕ ਦੀ ਗੱਲ ਵੀ ਯਾਦ ਕਰਨ ਦੀ ਆਦਤ ਪੈ ਜਾਂਦੀ ਤਾਂ ਉਨ੍ਹਾਂ ਨੂੰ ਚੇਤਾ ਆਉਣਾ ਸੀ ਕਿ ਜਿਸ ਲੀਡਰ ਨੇ ਇਹ ਕਿਹਾ ਸੀ ਕਿ ‘ਮਹਾਭਾਰਤ ਦੀ ਜੰਗ ਅਠਾਰਾਂ ਦਿਨਾਂ ਵਿਚ ਜਿੱਤੀ ਗਈ ਸੀ, ਮੈਂ ਕਰੋਨਾ ਦੀ ਜੰਗ ਜਿੱਤਣ ਲਈ ਤੁਹਾਡੇ ਸਿਰਫ ਤਿੰਨ ਹਫਤੇ ਮੰਗਦਾ ਹਾਂ’, ਉਹ ਅੱਜਕੱਲ੍ਹ ਇਸ ਮੁੱਦੇ ਦੀ ਗੱਲ ਹੀ ਨਹੀਂ ਕਰਦਾ। ਉਦੋਂ ਲੋਕਾਂ ਕੋਲੋਂ ਇੱਕ ਰਾਤ ਨੂੰ ਤਾੜੀਆਂ ਮਰਵਾਈਆਂ ਗਈਆਂ ਸਨ, ਥਾਲੀਆਂ ਖੜਕਾਉਣ ਨੂੰ ਕਿਹਾ ਗਿਆ ਸੀ, ਫਿਰ ਮੋਮਬੱਤੀਆਂ ਜਗਾਈਆਂ ਸਨ ਪਰ ਛੇ ਮਹੀਨੇ ਬਾਅਦ ਜਦੋਂ ਮਨੁੱਖੀ ਜੋਤਾਂ ਬੁਝੀ ਜਾਂਦੀਆਂ ਹਨ ਤਾਂ ਤਿੰਨ ਹਫਤੇ ਮੰਗਣ ਵਾਲਾ ਆਗੂ ਮਹੀਨੇ ਪਿੱਛੋਂ ‘ਮਨ ਕੀ ਬਾਤ’ ਵਿਚ ਵੀ ਇਸ ਦਾ ਜ਼ਿਕਰ ਕਰਨ ਤੋਂ ਕੰਨੀ ਕਤਰਾਉਂਦਾ ਜਾਪਦਾ ਹੈ।

ਜਦੋਂ ਭਾਰਤ ਵਿਚ ਅਜੇ ਸਵਾ ਤਿੰਨ ਸੌ ਕੇਸ ਸਨ ਤੇ ਸਿਰਫ ਪੰਜ ਕੁ ਮੌਤਾਂ ਹੋਈਆਂ ਸਨ, ਉਦੋਂ ਕਰੋਨਾ ਦੀ ਮਹਾਮਾਰੀ ਬਾਰੇ ਜਿੰਨੀ ਗੰਭੀਰਤਾ ਦਿਖਾਈ ਦਿੰਦੀ ਸੀ, ਉਹ ਕੇਸਾਂ ਦੀ ਗਿਣਤੀ ਅੱਧਾ ਕਰੋੜ ਨੇੜੇ ਤੇ ਮੌਤਾਂ ਦੀ ਗਿਣਤੀ ਪੌਣਾ ਲੱਖ ਟੱਪਣ ਤੋਂ ਬਾਅਦ ਕਿਉਂ ਨਹੀਂ ਦਿੱਸਦੀ? ਇਹੋ ਜਿਹਾ ਸਵਾਲ ਪੁੱਛਣ ਦੀ ਲੋੜ ਹੈ ਪਰ ਪਹਿਲੀ ਗੱਲ ਇਹ ਹੈ ਕਿ ਪੁੱਛਿਆ ਕਿਸ ਨੂੰ ਜਾਵੇ ਤੇ ਦੂਸਰੀ ਇਹ ਕਿ ਜਵਾਬ ਕੌਣ ਦੇਵਗਾ? ਇਸ ਪੁੱਛਣਾ ਦੀ ਉਲਝਣ ਪਾ ਕੇ ਆਪਣਾ ਜਲੂਸ ਕਢਵਾਉਣ ਨਾਲੋਂ ਚੰਗਾ ਹੈ ਕਿ ਇਸ ਪਾਸਿਓਂ ਅੱਖਾਂ ਮੀਟ ਲਈਆਂ ਜਾਣ ਅਤੇ ਮਹਿੰਗੇ ਭਾਅ ਫਰਾਂਸ ਤੋਂ ਖਰੀਦੇ ਪੰਜ, ਸਿਰਫ ਪੰਜ ਜਹਾਜ਼ ਉੱਡਦੇ ਦੇਖ ਕੇ ਸੁਪਰ ਪਾਵਰ ਹੋਣ ਦਾ ਮਜ਼ਾ ਲਈ ਜਾਈਏ। ਜਿਹੜੇ ਲੋਕਾਂ ਨੂੰ ਅਜੇ ਵੀ ਅੱਚਵੀਂ ਲੜਦੀ ਹੈ, ਉਹ ਆਪਣੀ ਮੰਜੀ ਹੇਠ ਚਾਰ ਨਿੰਬੂ ਰੱਖ ਕੇ ਸੌਂ ਲਿਆ ਕਰਨ, ਕਿਉਂਕਿ ਜਿਹੜੇ ਨਿੰਬੂ ਨਾਲ ਮਹਿੰਗੇ ਭਾਅ ਖਰੀਦੇ ਗਏ ਜੰਗੀ ਜਹਾਜ਼ ਵੀ ਸੌ ਬਦ-ਬਲਾਈਂ ਤੋਂ ਬਚੇ ਰਹਿ ਸਕਦੇ ਹਨ, ਉਹ ਸੁਪਰ ਪਵਾਰ ਨੂੰ ਵੀ ਬਚਾ ਲਵੇਗਾ।

ਸੰਪਰਕ: 98140-68455

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All