ਕਿਸਾਨੀ ਮੋਰਚੇ ਵਿਚ ਅਕਾਲੀ ਦਲ ਦੀ ਛਾਲ

ਕਿਸਾਨੀ ਮੋਰਚੇ ਵਿਚ ਅਕਾਲੀ ਦਲ ਦੀ ਛਾਲ

ਜਤਿੰਦਰ ਪਨੂੰ

ਸਾਲ 1967 ਦੀ ਗੱਲ ਹੈ, ਜਦੋਂ ਸਕੂਲ ਪੜ੍ਹਦੇ ਸਾਂ ਅਤੇ ਅਕਾਲੀ ਕਾਨਫਰੰਸ ਵਿਚ ਸੰਤ ਫਤਹਿ ਸਿੰਘ ਦਾ ਭਾਸ਼ਣ ਸੁਣਨ ਲਈ ਪੜ੍ਹਾਈ ਛੱਡ ਕੇ ਚਲੇ ਗਏ ਸਾਂ। ਸਕਿਓਰਿਟੀ ਉਦੋਂ ਬਹੁਤੀ ਨਹੀਂ ਸੀ ਹੁੰਦੀ ਤੇ ਜਦੋਂ ਸੰਤ ਦੀ ਕਾਰ ਆਈ ਤਾਂ ਸੰਤ ਤੋਂ ਵੱਧ ਉਸ ਦੀ ਕਾਰ ਵੇਖਣ ਦੇ ਚਾਅ ਵਿਚ ਹੋਰ ਨੇੜੇ ਜਾ ਪਹੁੰਚੇ ਸਾਂ। ਉਸ ਪੁਰਾਣੀ ਕਾਰ ਦੇ ਦਰਵਾਜ਼ੇ ਅਜੋਕੀਆਂ ਕਾਰਾਂ ਵਾਂਗ ਅੱਗੇ ਵੱਲ ਨਹੀਂ ਸੀ ਖੁੱਲ੍ਹਦੇ ਸਗੋਂ ਅਗਲਾ ਦਰਵਾਜ਼ਾ ਪਿਛਾਂਹ ਨੂੰ ਅਤੇ ਪਿਛਲਾ ਅਗਾਂਹ ਵੱਲ ਨੂੰ ਖੁੱਲ੍ਹ ਕੇ ਦੋਵੇਂ ਦਰਵਾਜ਼ੇ ਇੱਕ ਦੂਜੇ ਨਾਲ ਪਿੱਠ ਜਾ ਜੋੜਦੇ ਹੁੰਦੇ ਸਨ। ਵਾਹਵਾ ਭਾਰੇ ਸਰੀਰ ਵਾਲਾ ਸੰਤ ਦੋ ਜਣਿਆਂ ਦਾ ਆਸਰਾ ਲੈ ਕੇ ਕਾਰ ਤੋਂ ਬਾਹਰ ਨਿਕਿਲਆ ਤੇ ਉਨ੍ਹਾਂ ਦੋਵਾਂ ਨੇ ਉਸ ਨੂੰ ਸਟੇਜ ਉੱਤੇ ਵਿਛੀ ਦਰੀ ਉੱਤੇ ਜਾ ਬਿਠਾਇਆ। ਅਸੀਂ ਕਾਰ ਕੋਲ ਖੜ੍ਹੇ ਅੱਜ ਦੇ ਮਨਪ੍ਰੀਤ ਸਿੰਘ ਬਾਦਲ ਵਰਗੇ ਇਕਹਿਰੇ ਸਰੀਰ ਦੇ ਕੋਟ-ਪੈਂਟ ਵਾਲੇ ਬੰਦੇ ਕੋਲ ਖੜ੍ਹੇ ਸਾਂ, ਜਿਹੜਾ ਪਿੱਤਲ ਦੇ ਗਲਾਸ ਵਿਚੋਂ ਗਰਮ ਚਾਹ ਨੂੰ ਫੂਕਾਂ ਮਾਰਦਾ ਤੇ ਨਾਲੇ ਹੱਥ ਸੜਨ ਕਰ ਕੇ ਇੱਕ ਦੂਸਰੇ ਹੱਥ ਵਿਚ ਘੁਮਾਉਂਦਾ ਹੋਇਆ ਔਖਾ ਹੋ ਕੇ ਘੁੱਟਾਂ ਭਰ ਰਿਹਾ ਸੀ। ਸਾਨੂੰ ਦੱਸਿਆ ਗਿਆ ਕਿ ਇਹ ‘ਬਾਦਲ’ ਹੈ ਪਰ ਕਿਹੜਾ ਬਾਦਲ ਹੈ, ਇਹ ਨਹੀਂ ਸੀ ਪਤਾ। ਇਹ ਪ੍ਰਕਾਸ਼ ਸਿੰਘ ਬਾਦਲ ਸੀ। ਥੋੜ੍ਹੇ ਪਿੱਛੇ ਖੜ੍ਹੇ ਕੁਝ ਬੰਦੇ ਗੱਲਾਂ ਕਹਿ ਰਹੇ ਸਨ ਕਿ ਇਹਦੀਆਂ ਬੱਸਾਂ ਚੱਲਦੀਆਂ ਹਨ ਤੇ ਜਦੋਂ ਚੋਣ ਲੜਦਾ ਹੈ, ਗਿੱਦੜਬਾਹਾ ਦੇ ਸਨਅਤਕਾਰ ਇਸ ਦੀ ਮਦਦ ਕਰਦੇ ਹਨ। ਇਹ ਉਹ ਦਿਨ ਸਨ ਜਦੋਂ ਗਿੱਦੜਬਾਹਾ ਮੰਡੀ ਨਰਮੇ ਤੋਂ ਵੀ ਜ਼ਿਆਦਾ ਮਸ਼ਹੂਰ ਗਿੱਦੜਬਾਹੇ ਬਣਦੀ ‘ਪੰਜ ਫੋਟੋ ਅਤੇ ਸੱਤ ਫੋਟੋ’ ਮਾਰਕਾ ਨਸਵਾਰ ਕਰ ਕੇ ਸੀ।

ਅਗਲੇ ਤਿਰਵੰਜਾ ਸਾਲਾਂ ਵਿਚ ਉਸੇ ਆਗੂ ਦੇ ਕਈ ਰੰਗ ਅਸੀਂ ਵੇਖੇ, ਕਈ ਵਾਰੀ ਮਿਲਦੇ ਵੀ ਰਹੇ ਪਰ ਰਾਜਸੀ ਪੱਖੋਂ ਇਹ ਗੱਲ ਬੜੇ ਚਿਰ ਬਾਅਦ ਪੱਲੇ ਪਈ ਕਿ ਆਪਣੇ ਆਪ ਨੂੰ ਸਿੱਖਾਂ ਅਤੇ ਕਿਸਾਨਾਂ ਦਾ ਲੀਡਰ ਕਹਾਉਣ ਵਾਲੇ ਇਸ ਆਗੂ ਦੀ ਅਸਲੀ ਰਾਜਨੀਤੀ ਇਨ੍ਹਾਂ ਦੋਵਾਂ ਦੇ ਨਾਂ ਉੱਤੇ ਤੀਸਰੇ ਖਾਤੇ ਤੋਂ ਚੱਲਦੀ ਸੀ। ਉਹ ਸਿੱਖਾਂ ਦਾ ਆਗੂ ਬਣ ਕੇ ਵੀ ਸਿੱਖਾਂ ਉੱਤੇ ਨਿਰਭਰਤਾ ਨਹੀਂ ਸੀ ਰੱਖਦਾ ਅਤੇ ਕਿਸਾਨਾਂ ਨਾਲ ਮੋਹ ਵੀ ਸਿਰਫ ਵਿਖਾਵੇ ਜੋਗਾ ਰੱਖਦਾ ਸੀ। ਆਪਣੇ ਵਾਸਤੇ ਪੱਕੀ ਧਿਰ ਉਹ ਇਸ ਰਾਜ ਦੀ ਉਸ ਕੱਟੜ ਹਿੰਦੂ ਧਿਰ ਨੂੰ ਸਮਝਝਾ ਸੀ ਜਿਹੜੀ ਆਪਣੇ ਆਪ ਰਾਜ ਕਰਨ ਜੋਗੀ ਨਹੀਂ ਸੀ ਤੇ ਕੁਰਸੀ ਦੀ ਝਾਕ ਵਿਚ ਸਿੱਖਾਂ ਵਿਚੋਂ ਇੱਕ ਮਾਡਰੇਟ ਆਗੂ, ਬੇਸ਼ੱਕ ਵਿਖਾਵੇ ਦਾ ਮਾਡਰੇਟ ਹੋਵੇ, ਲੱਭ ਕੇ ਉਸ ਦੇ ਆਸਰੇ ਨਾਲ ਸੱਤਾ ਮਾਨਣ ਨੂੰ ਬੁਰਾ ਨਹੀਂ ਸੀ ਸਮਝਦੀ। ਇਹ ਆਗੂ ਇਸ ਕੈਨਵਸ ਵਿਚ ਸਭ ਤੋਂ ਵੱਧ ਫਿੱਟ ਆਉਣ ਵਾਲੀ ਤਸਵੀਰ ਬਣ ਚੁੱਕਾ ਸੀ, ਏਨੀ ਫਿੱਟ ਤਸਵੀਰ ਕਿ ਜਦੋਂ ਕੱਟੜਪੰਥੀ ਸਿੱਖਾਂ ਦੇ ਦਬਾਅ ਹੇਠ ਉਨ੍ਹਾਂ ਤੋਂ ਫਾਸਲਾ ਵੀ ਪਾਉਂਦਾ ਤਾਂ ਉਨ੍ਹਾਂ ਨਾਲ ਅੰਦਰ-ਖਾਤੇ ਦਾ ਮੇਲ-ਜੋਲ ਕਾਇਮ ਰੱਖਦਾ ਸੀ। ਏਸੇ ਸੋਚ ਕਾਰਨ ਉਹ ਕੱਟੜਵਾਦੀ ਧਿਰਾਂ ਨਾਲ ਉਦੋਂ ਵੀ ਕੌੜੀ ਅੱਖ ਨਾਲ ਗੱਲ ਨਹੀਂ ਸੀ ਕਰ ਸਕਿਆ, ਜਦੋਂ ਸਿੱਖਾਂ ਅਤੇ ਕਿਸਾਨਾਂ ਜਾਂ ਸਾਰੇ ਪੰਜਾਬੀਆਂ ਬਾਰੇ ਉਨ੍ਹਾਂ ਦੀ ਨੀਤੀ ਹਰ ਪਾਸੇ ਚਰਚਾ ਦਾ ਵਿਸ਼ਾ ਸੀ। ਕਿਸੇ ਵਕਤ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਮੌਕੇ ਜਿਹੜੇ ਜਨ-ਸੰਘੀ ਆਗੂਆਂ ਨੇ ਗੁਰੂ ਸਾਹਿਬ ਦੇ ਨਾਂ ਉੱਤੇ ਯੂਨੀਵਰਸਿਟੀ ਬਣਾਉਣ ਤੇ ਇਸ ਦਾ ਘੇਰਾ ਵਧਾਉਣ ਦਾ ਵਿਰੋਧ ਕੀਤਾ ਹੋਇਆ ਸੀ, ਉਹ ਸਿਰਫ ਅੱਠ ਸਾਲ ਬਾਅਦ ਅਕਾਲੀ ਮੁੱਖ ਮੰਤਰੀ ਦੀ ਅਗਵਾਈ ਹੇਠ ਸਰਕਾਰ ਵਿਚ ਸ਼ਾਮਲ ਹੋਣਾ ਮੰਨੇ ਤਾਂ ਏਸੇ ਸਾਂਝ ਕਾਰਨ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਉੱਤੇ ਮੰਨੇ ਸਨ। ਇਸ ਤੋਂ ਬਾਅਦ ਦੇ ਅੱਠ ਸਾਲ ਪੰਜਾਬ ਵਿਚ ਦੋਵਾਂ ਪਾਰਟੀਆਂ ਦਾ ਵੱਖੋ-ਵੱਖ ਪੈਂਤੜਾ ਰਿਹਾ ਸੀ, ਇੱਕ ਬਲਿਊ ਸਟਾਰ ਅਪਰੇਸ਼ਨ ਦਾ ਦੁੱਖ ਉਭਾਰ ਕੇ ਸਿੱਖਾਂ ਕੋਲੋਂ ਹਮਾਇਤ ਮੰਗਦੀ ਸੀ ਤੇ ਦੂਸਰੀ ਇਹ ਦਾਅਵਾ ਕਰਦੀ ਸੀ ਕਿ ਬਲਿਊ ਸਟਾਰ ਅਪਰੇਸ਼ਨ ਇੰਦਰਾ ਗਾਂਧੀ ਕਰਦੀ ਨਹੀਂ ਸੀ, ਅਸੀਂ ਜ਼ੋਰ ਦੇ ਕੇ ਉਸ ਕੋਲੋਂ ਕਰਵਾਇਆ ਸੀ, ਉਦੋਂ ਵੀ ਦੋਵਾਂ ਦੀ ਅੰਦਰੋਂ ਇਹ ਤਾਰ ਜੁੜੀ ਰਹੀ ਸੀ। ਇਹੋ ਕਾਰਨ ਸੀ ਕਿ ਦਸੰਬਰ 1996 ਵਿਚ ਦੋਵਾਂ ਪਾਰਟੀਆਂ ਨੇ ਫਿਰ ਅਕਾਲੀ-ਭਾਜਪਾ ਗੱਠਜੋੜ ਬਣਾ ਲਿਆ ਸੀ।

ਚੌਵੀ ਸਾਲਾਂ ਬਾਅਦ ਗੱਠਜੋੜ ਟੁੱਟਣ ਤੋਂ ਪਹਿਲਾਂ ਦੇ ਸਾਲਾਂ ’ਚ ਬੜੀ ਵਾਰ ਇਹੋ ਜਿਹੇ ਮੌਕੇ ਆਉਂਦੇ ਰਹੇ, ਜਦੋਂ ਕਿਸਾਨਾਂ ਤੇ ਸਿੱਖਾਂ ਦੇ ਨਾਲ ਨਾਲ ਪੰਜਾਬ ਦੇ ਆਮ ਲੋਕ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਕਰੜਾ ਸਟੈਂਡ ਲੈਣ ਦੀ ਮੰਗ ਤੇ ਆਸ ਕਰਦੇ ਰਹੇ ਪਰ ਉਨ੍ਹਾਂ ਨੇ ਕਦੀ ਨਹੀਂ ਲਿਆ। ਉੱਤਰ ਪ੍ਰਦੇਸ਼ ਵਿਚੋਂ ਵੱਖਰਾ ਕਰ ਕੇ ਉੱਤਰਾ ਖੰਡ ਬਣਾਏ ਜਾਣ ਦੇ ਵਕਤ ਊਧਮ ਸਿੰਘ ਨਗਰ ਜ਼ਿਲ੍ਹਾ ਉਸ ਵਿਚ ਪਾਏ ਜਾਣ ਦਾ ਜਦੋਂ ਸਿੱਖਾਂ ਅਤੇ ਪੰਜਾਬੀ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਸਾਰੀ ਅਕਾਲੀ ਪਾਰਟੀ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਅਟਲ ਬਿਹਾਰੀ ਵਾਜਪਾਈ ਸਰਕਾਰ ਤੋਂ ਅਸਤੀਫੇ ਦੇਣ ਦਾ ਐਲਾਨ ਵੀ ਕਰ ਦਿੱਤਾ ਸੀ ਪਰ ਜਦੋਂ ਇਹ ਮੰਗ ਅਣਸੁਣੀ ਹੋ ਗਈ ਤਾਂ ਅਕਾਲੀ ਆਗੂਆਂ ਨੇ ਗੱਠਜੋੜ ਨਹੀਂ ਸੀ ਤੋੜਿਆ। ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਸੀ ਕਿ ਵੱਡੇ ਇਰਾਦੇ ਨਾਲ ਬਣਾਇਆ ਇਹ ਗੱਠਜੋੜ ਕੁਰਬਾਨੀਆਂ ਦੇ ਕੇ ਵੀ ਕਾਇਮ ਰੱਖਣਾ ਪਵੇ ਤਾਂ ਰੱਖਾਂਗੇ। ਗੁਜਰਾਤ ਵਿਚ ਜਿਹੜੇ ਸਿੱਖ ਕਿਸਾਨਾਂ ਨੂੰ ਪਾਕਿਸਤਾਨ ਨਾਲ ਦੂਸਰੀ ਜੰਗ ਮਗਰੋਂ ਲਾਲ ਬਹਾਦਰ ਸ਼ਾਸਤਰੀ ਨੇ ਉਥੇ ਲਿਜਾ ਕੇ ਵਸਾਇਆ ਸੀ, ਜਦੋਂ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਉਨ੍ਹਾਂ ਨੂੰ ਉਜਾੜਨ ਲੱਗੀ ਤਾਂ ਅਕਾਲੀ ਦਲ ਨੇ ਇਸ ਦਾ ਰਸਮੀ ਜਿਹਾ ਵਿਰੋਧ ਕੀਤਾ ਸੀ। ਉਨ੍ਹਾਂ ਦਿਨਾਂ ਵਿਚ ਉਥੇ ਹੋਏ ਇੱਕ ਸਮਾਗਮ ਵਿਚ ਕਈਆਂ ਰਾਜਾਂ ਦੇ ਮੁੱਖ ਮੰਤਰੀ ਗਏ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਗਏ ਸਨ ਪਰ ਉਥੇ ਪੰਜਾਬੀ ਕਿਸਾਨਾਂ ਦੇ ਮੁੱਦੇ ਦੀ ਗੱਲ ਕਰਨ ਦੀ ਥਾਂ ਸਮਾਗਮ ਵਿਚ ਹੈਰਾਨੀ ਵਾਲੀ ਇਹ ਗੱਲ ਕਹਿ ਦਿੱਤੀ ਸੀ ਕਿ ਮੇਰੀ ਚੰਗੀ ਸਿਹਤ ਇਸ ਲਈ ਹੈ ਕਿ ਮੈਂ ਹਮੇਸ਼ਾ ਗੁਜਰਾਤ ਦੀ ਗਾਂ ਦਾ ਦੁੱਧ ਪੀਂਦਾ ਹਾਂ। ਨਾਲ ਇਹ ਕਹਿ ਦਿੱਤਾ ਕਿ ਪਹਿਲੀ ਗਾਂ ਬੁੱਢੀ ਹੋ ਗਈ ਹੈ, ਮੈਂ ਮੋਦੀ ਸਾਹਿਬ ਕੋਲ ਬੇਨਤੀ ਕਰਨੀ ਹੈ ਕਿ ਇੱਕ ਗੁਜਰਾਤੀ ਗਾਂ ਹੋਰ ਲੈ ਦਿਓ। ਬਾਦਲ ਸਾਹਿਬ ਨੂੰ ਗਾਂ ਨਹੀਂ, ਗਾਂ ਵਾਲੇ ਆਗੂ ਦੀ ਸਾਂਝ ਚਾਹੀਦੀ ਸੀ। ਇਹ ਸਾਂਝ ਚੱਲੀ ਜਾਂਦੀ ਸੀ, ਬਾਕੀ ਸਭ ਤਾਂ ਇਧਰ-ਉਧਰ ਦੇ ਉਹੋ ਜਿਹੇ ਜੁਮਲੇ ਸਨ, ਜਿਵੇਂ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਕਈ ਹੋਰ ਪਾਰਟੀਆਂ ਦੇ ਆਗੂ ਵੱਡੇ ਇਕੱਠਾਂ ਸਾਹਮਣੇ ਬੋਲਦੇ ਅਤੇ ਫਿਰ ਹਾਸੇ ਵਿਚ ਉਡਾ ਦਿੰਦੇ ਹਨ।

ਅੱਜ ਜਦੋਂ ਅਕਾਲੀ ਦਲ ਨੇ ਭਾਜਪਾ ਦਾ ਪੱਲਾ ਛੱਡਿਆ ਹੈ ਅਤੇ ਕਈ ਲੋਕ ਸ਼ੱਕ ਕਰਦੇ ਹਨ ਕਿ ਛੱਡਿਆ ਵੀ ਹੈ ਜਾਂ ਅੰਦਰ-ਖਾਤੇ ਦੀ ਸਾਂਝ ਰੱਖੀ ਹੋਵੇਗੀ, ਅਸੀਂ ਇਹ ਗੱਲ ਮੰਨ ਲੈਂਦੇ ਹਾਂ ਕਿ ਛੱਡ ਦਿੱਤਾ ਹੈ ਪਰ ਛੱਡਣ ਵੇਲੇ ਜਿਹੜੀ ਦੁਹਾਈ ਉਹ ਪਾ ਰਹੇ ਹਨ, ਉਹ ਸਾਰੀ ਸੱਚੀ ਨਹੀਂ। ਹਾਲੇ ਤਿੰਨ ਸਤੰਬਰ ਨੂੰ ਵੱਡੇ ਬਾਦਲ ਨੇ ਲਾਈਵ ਭਾਸ਼ਣ ਕੀਤਾ ਸੀ ਕਿ ਖੇਤੀ ਬਿੱਲ ਕਿਸਾਨਾਂ ਦੇ ਵਿਰੁੱਧ ਨਹੀਂ, ਵਿਰੋਧੀ ਧਿਰਾਂ ਦੇ ਆਗੂ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ। ਬਾਰਾਂ ਸਤੰਬਰ ਸਵੇਰ ਤੱਕ ਸੁਖਬੀਰ ਸਿੰਘ ਬਾਦਲ ਵੀ ਇਸ ਨੂੰ ਠੀਕ ਕਹਿੰਦੇ ਸਨ। ਫਿਰ ਪਤਾ ਨਹੀਂ ਕਿਉਂ ਉਨ੍ਹਾਂ ਨੂੰ ਇਹ ਬਿੱਲ ਅਚਾਨਕ ਕਿਸਾਨਾਂ ਖਿਲਾਫ ਕਿਵੇਂ ਜਾਪਣ ਲੱਗ ਪਏ! ਇਹ ਗੱਲ ਸ਼ਾਇਦ ਬਾਦਲ ਪਰਿਵਾਰ ਦੇ ਸਾਰੇ ਲੋਕ ਵੀ ਜਾਣਦੇ ਨਹੀਂ ਹੋਣੇ। ਇਸ ਦੇ ਬਾਅਦ ਅਕਾਲੀ ਦਲ ਦੇ ਬਾਕੀ ਆਗੂ ਤਾਂ ਕਿਸਾਨੀ ਦੇ ਮੌਜੂਦਾ ਮਸਲੇ ਬਾਰੇ ਸੰਜੀਦਾ ਹੋ ਸਕਦੇ ਹਨ, ਅਕਾਲੀ ਦਲ ਦਾ ਆਗੂ ਪਰਿਵਾਰ ਅਜੇ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਥਾਂ ਇਸ ਬਹਾਨੇ ਇੱਕੋ ਵਕਤ ਕਈ ਨਿਸ਼ਾਨੇ ਫੁੰਡਣ ਵਾਸਤੇ ਯਤਨ ਕਰਦਾ ਦਿਖਾਈ ਦਿੰਦਾ ਹੈ। ਇੱਕ ਪਾਸੇ ਪੰਜਾਬ ਭਰ ਵਿਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਤੋਂ ਧਿਆਨ ਹਟਾ ਕੇ ਆਪਣੀ ਢਾਈ ਪਾ ਖਿਚੜੀ ਵੱਖਰੀ ਰਿੰਨ੍ਹਣ ਵਾਸਤੇ ਤੌੜੀ ਧਰੀ ਜਾ ਰਹੀ ਹੈ; ਦੂਸਰੇ ਪਾਸੇ ਨਿਸ਼ਾਨਾ ਇਹ ਵੀ ਲੱਗਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ 328 ਸਰੂਪਾਂ ਕਾਰਨ ਅੰਮ੍ਰਿਤਸਰ ਵਿਚ ਲੱਗੇ ਧਰਨੇ ਤੋਂ ਲੋਕਾਂ ਦਾ ਧਿਆਨ ਮੋੜਿਆ ਜਾਵੇ।

ਰਾਜਨੀਤੀ ਦੇ ਤਾਜ਼ਾ ਰੰਗਾਂ ਤੋਂ ਸਾਫ ਲੱਗਦਾ ਹੈ ਕਿ ਬਾਹਰੀ ਪੈਂਤੜੇ ਭਾਵੇਂ ਨਵੀਂ ਪੀੜ੍ਹੀ ਹੱਥ ਹੋਣ, ਅੰਦਰ ਤੋਂ ਏਨੀ ਚੁਸਤ ਖੇਡ, ਰਾਜਨੀਤੀ ਦੇ ਪੈਂਹਠ ਸਾਲਾ ਤਜਰਬੇ ਵਾਲੇ ਆਗੂ ਤੋਂ ਬਿਨਾ ਹੋਰ ਕੋਈ ਨਹੀਂ ਖੇਡ ਸਕਦਾ।

ਸੰਪਰਕ: 98140-68455

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All