ਟੈਲੀਵਿਜ਼ਨ ਬਹਿਸਾਂ: ਤਰਕ ਤੋਂ ਕੋਹਾਂ ਦੂਰ

ਟੈਲੀਵਿਜ਼ਨ ਬਹਿਸਾਂ: ਤਰਕ ਤੋਂ ਕੋਹਾਂ ਦੂਰ

ਡਾ. ਸੁਖਦੇਵ ਸਿੰਘ

ਡਾ. ਸੁਖਦੇਵ ਸਿੰਘ

ਬੀਤੀ 12 ਅਗਸਤ ਨੂੰ ਇਕ ਟੈਲੀਵਿਜ਼ਨ ਬਹਿਸ ਤੋਂ ਬਾਅਦ ਇਕ ਰਾਜਨੀਤਕ ਨੇਤਾ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਗਈ। ਭਾਵੇਂ ਮੌਤ ਦੇ ਕਾਰਨਾਂ ਬਾਰੇ ਵੱਖ ਵੱਖ ਮੱਤ ਹਨ ਪਰ ਏਸ ਨੇ ਟੀਵੀ ਬਹਿਸਾਂ ਦੇ ਮਜ਼ਬੂਨਾਂ, ਵਿਚਾਰ ਵਟਾਂਦਰੇ ਦੇ ਢੰਗਾਂ, ਬੋਲੀ ਜਾਂਦੀ ਉਤੇਜਕ ਤੇ ਜ਼ਹਿਰੀਲੀ ਸ਼ਬਦਾਵਲੀ, ਸਰੀਰਕ ਹਾਵ-ਭਾਵ, ਬਹਿਸ ਕਰਾਉਣ ਵਾਲੇ ਐਂਕਰਾਂ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਤੇ ਖਾਸ ਧਿਰਾਂ ਵੱਲ ਉਲਾਰੂ ਰੁਖ਼ ਅਪਨਾਉਣ, ਮੁੱਦਿਆਂ ਤੋਂ ਹਟ ਕੇ ਨਿੱਜੀ ਮਿਹਣੇ ਮਾਰ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਢੰਗ-ਤਰੀਕਿਆਂ ਨੇ ਹਰੇਕ ਸ਼ੰਵੇਦਨਸ਼ੀਲ ਵਿਅਕਤੀ ਨੂੰ ਸੋਚਣ ਲਈ ਮਜਬੂਰ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਮਰਨ ਵਾਲੇ ਨੂੰ ਅਜਿਹੇ ਸ਼ਬਦ ਬੋਲੇ ਗਏ ਜੋ ਸ਼ਾਇਦ ਉਹ ਦਿਲ ਨੂੰ ਲਗਾ ਬੈਠਾ। ਪ੍ਰਸ਼ਨ ਪੈਦਾ ਹੁੰਦਾ ਹੈ ਕਿ ਬਹਿਸਾਂ ਅਜਿਹਾ ਰੂਪ ਕਿਉਂ ਧਾਰ ਗਈਆਂ ਹਨ? ਕੀ ਅਜਿਹਾ ਵਰਤਾਰਾ ਸਮਾਜ ਲਈ ਠੀਕ ਹੈ ਜਾਂ ਹਾਨੀਕਾਰਕ ਹੈ? ਕੀ ਸਹਿਜਕ, ਹਲੀਮੀ ਤੇ ਤਹੱਲਮ ਭਰਭੂਰ ਸਾਰਥਕ ਬਹਿਸਾਂ ਦਾ ਜ਼ਮਾਨਾ ਲੱਦ ਗਿਆ ਹੈ? ਕੀ ਲੋਕਾਂ ਨੂੰ ਅਜਿਹੀਆਂ ਬਹਿਸਾਂ ਦੇਖਣੀਆਂ ਚਾਹੀਦੀਆਂ ਹਨ ਜਾਂ ਨਹੀਂ?

ਅੰਤਰਕਾਰਜ, ਗੋਸ਼ਟੀਆਂ, ਬਹਿਸਾਂ, ਵਿਚਾਰ-ਵਟਾਦਰਿਆਂ ਦਾ ਵਰਤਾਰਾ ਯੁੱਗਾਂ ਪੁਰਾਣਾ ਤੇ ਮੱਨੁਖੀ ਜੀਵਨ ਦਾ ਧੁਰਾ ਹੈ। ਰਵਾਇਤੀ ਸਮਾਜ ਵਿਚ ਰਿਸ਼ੀ ਮੁਨੀ, ਭਾਈਚਾਰਕ ਵੱਡੇ ਵੱਡੇਰੇ ਆਦਿ ਆਪਣੇ ਖਾਸ ਮੁੱਦਿਆਂ ਨੂੰ ਮਿਲ ਬੈਠ ਕੇ ਗੱਲਬਾਤ ਰਾਹੀਂ ਹਲ ਕਰਦੇ। ਗੋਸ਼ਟੀਆਂ ਦੀ ਸਭ ਤੋਂ ਉੱਤਮ ਮਿਸਾਲ ਤਾਂ ਗੁਰੂ ਨਾਨਕ ਦੇਵ ਜੀ ਦੀ ਹੈ, ਜਿਨ੍ਹਾਂ ਸਿੱਧਾਂ, ਅੰਧਵਿਸ਼ਵਾਸੀਆਂ ਅਤੇ ਗਲਤ ਰਾਹਾਂ ’ਤੇ ਚਲਦੇ ਹੋਰ ਲੋਕਾਂ ਨੂੰ ਸਹੀ ਮਾਰਗ ਦਿਖਾਇਆ ਤੇ ਮਾਨਵ ਕਲਿਆਣ ਵਿਚ ਵੱਡਾ ਯੋਗਦਾਨ ਪਾਇਆ। ਗੁਰੂ ਸ਼ਬਦ ਹਨ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕੁਛੁ ਕਹੀਐ।।’ ਭਗਤ ਕਬੀਰ ਜੀ ਦੇ ਪ੍ਰਵਚਨ ਹਨ ‘ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ।। ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ।।’ ਏਸੇ ਤਰ੍ਹਾਂ ਕਈ ਸਇੰਸ ਪੱਖੀ ਰਹਿਬਰਾਂ ਤੇ ਵਿਦਵਾਨਾਂ ਨੇ ਵਿਚਾਰ ਵਟਾਂਦਰਿਆਂ ਰਾਹੀਂ ਲੋਕਾਂ ਦੇ ਨਿੱਜੀ ਅਤੇ ਸਮਾਜਿਕ ਜੀਵਨ ਨੂੰ ਬਦਲਿਆ।

ਜਿਉਂ ਜਿਉਂ ਸਾਇੰਸ ਨੇ ਤੱਰਕੀ ਕੀਤੀ, ਖੋਜਾਂ ਤੇ ਨਵੀਂ ਤਕਨਾਲੋਜੀ ਦੀ ਆਮਦ ਨੇ ਮੱਨੁਖੀ ਸਮੂਹਾਂ ਤੇ ਸੰਗਠਿਤ ਸਮਾਜਾਂ ਦੀ ਜ਼ਿੰਦਗੀ ਤੇ ਜੀਣ ਢੱਬਾਂ ਨੂੰ ਬਦਲ ਦਿੱਤਾ ਤੇ ਬਦਲ ਰਹੀ ਹੈ। ਜ਼ਰੂਰਤਾਂ ਦੀ ਪੂਰਤੀ, ਕੁਦਰਤ ’ਤੇ ਵੱਧ ਕੰਟਰੋਲ ਕਰਨਾ, ਕੁਦਰਤੀ ਰੱਹਸਾਂ ਨੂੰ ਜਾਨਣ ਦੀ ਜਗਿਆਸਾ ਦੀ ਪੂਰਤੀ ਲਈ ਮੱਨੁਖਾਂ ਨੇ ਢੇਰਾਂ ਉਪਰਾਲੇ ਕੀਤੇ। ਸਮੇਂ ਸਮੇਂ ਦੀਆਂ ਤਕਨੀਕੀ ਕਾਢਾਂ ਨੇ ਸਮਾਜਾਂ ਵਿਚ ਪ੍ਰਚਲਿਤ ਸੰਬਧਾਂ, ਅੰਤਰਕਾਰਜ, ਵਿਚਾਰ ਵਟਾਂਦਰੇ ਦੇ ਰੂਪਾਂ ਨੂੰ ਵੀ ਤਬਦੀਲ ਕਰਨ ਵਿਚ ਵਿਸ਼ੇਸ਼ ਰੋਲ ਪਾਇਆ ਹੈ। 20ਵੀਂ ਸਦੀ ਦੀ ਪਿਛਲੀ ਚੌਥਾਈ ਤਕ ਤਕਨਾਲੋਜੀ ਨੇ ਮੱਨੁਖੀ ਜੀਵਨ ਵਿਚ ਸੀਮਤ ਦਖ਼ਲ ਦਿੱਤਾ ਸੀ, ਪਰ ਜਿੰਨੀ ਤਬਦੀਲੀ ਪਿਛਲੇ 30-40 ਸਾਲਾਂ ਵਿਚ ਆਈ ਹੈ, ਉਹ ਸ਼ਾਇਦ ਪਹਿਲਾਂ ਕਈ ਸਦੀਆਂ ਵਿਚ ਵੀ ਨਹੀਂ ਆਈ। 

ਟੈਲੀਵਿਜ਼ਨ, ਸਿਨੇਮਾ, ਰੇਡੀਓ, ਇੰਟਰਨੈੱਟ, ਮੋਬਾਈਲ, ਅਖਬਾਰਾਂ ਤੇ ਰਸਾਲੇ ਪ੍ਰਮੁੱਖ ਸੰਚਾਰ ਸਾਧਨ ਹਨ, ਜਿਨ੍ਹਾਂ ਅਜੋਕੇ ਸਮੇਂ ਵਿਚ ਨਾ ਕੇਵਲ ਸ਼ਹਿਰੀ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਬਲਕਿ ਪੇਂਡੂ ਤੇ ਦੂਰ-ਦਰਾਡੇ ਵੱਸੀ ਜਨਸੰਖਿਆ ਨੂੰ ਵੀ ਹਲੂਣਾ ਦਿੱਤਾ ਹੈ। 1922 ਵਿਚ ਰੇਡੀਉ ਤੇ 1959 ਵਿਚ ਟੀਵੀ ਦੀ ਆਮਦ ਨੇ ਭਾਰਤੀ ਲੋਕਾਂ ਦੀ ਸੋਚ ਤੇ ਜੀਵਨ ਨੂੰ ਬਦਲਣ ਵਿਚ ਬਹੁਤ ਵੱਡਾ ਰੋਲ ਅਦਾ ਕੀਤਾ। ਸੰਚਾਰ ਸਾਧਨਾਂ ਦੇ ਹਾਂਪੱਖੀ ਅਸਰਾਂ ਨੂੰ ਦੇਖੀਏ ਤਾਂ ਪਤਾ ਚੱਲਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਬਦਲਵੇਂ ਮਨੋਰੰਜਕ ਸਾਧਨ, ਸੂਚਨਾਵਾਂ ਦੀ ਤੁਰੰਤ ਉਪਲੱਬਧੀ, ਗੂਗਲ ਰਾਹੀਂ ਹਰੇਕ ਵਸਤ ਬਾਰੇ ਜਾਨਣ ਦੀ ਪੂਰਤੀ, ਆਨਲਾਈਨ ਵਿੱਦਿਆ, ਹਵਾਈ, ਰੇਲਵੇ ਅਤੇ ਸਿਨੇਮਾ ਆਦਿ ਦੀਆਂ ਟਿਕਟਾਂ ਦੀ ਬੁਕਿੰਗ ਉਪਲਬਧ ਕਰਵਾ ਲੋਕਾਂ ਨੂੰ ਕਾਫੀ ਸੌਖ ਪਹੁੰਚਾਈ ਹੈ। ਜਦਕਿ ਸੰਚਾਰ ਸਾਧਨਾਂ ਦੇ ਨਾਂਹਪੱਖੀ ਅਸਰਾਂ ਵਿਚ ‘ਖ਼ਪਤਕਾਰੀ’ ਸੱਭਿਆਚਾਰ ਨੂੰ ਉਪਜਾਉਣਾ, ਵਿਭਚਾਰੀ ਵਰਤਾਰੇ ਵਿਚ ਵਾਧਾ, ਵਿਹਲੜਪਣ, ਅਕਾਊ ਤੇ ਅਸਾਰਥਕ ਬਹਿਸਾਂ ਆਦਿ ਨੂੰ ਵਧਾਇਆ ਹੈ। ਪੂੰਜੀਵਾਦ ਦੇ ਪਸਾਰ ਅਤੇ ਨਵੀਆਂ ਆਰਥਿਕ ਨੀਤੀਆਂ ਕਰਕੇ ਅੱਜ ਸੰਸਾਰ ਇਕ ਪਿੰਡ ਵੱਜੋਂ ਤਬਦੀਲ ਹੋ ਰਿਹਾ ਹੈ। ਵੱਖ-ਵੱਖ ਮੁਲਕਾਂ ਦੀਆਂ ਸੱਭਿਆਤਾਵਾਂ ਇਕ-ਦੂਜੇ ਉੱਪਰ ਵਧੇਰੇ ਅਸਰ ਪਾ ਰਹੀਆਂ ਹਨ। ਸੰਚਾਰ ਤਕਨਾਲੋਜੀ ਵਧੇਰੇ ਕਰਕੇ ਨਿੱਜਵਾਦੀ ਵਰਤਾਰੇ ਤੇ ਪਦਾਰਥਵਾਦੀ “ਸੁੱਖਵਾਦ” ਵੱਲ ਉਕਸਾਉਂਦੀ ਹੈ। ਟੀਵੀ ਜਾਂ ਸਮਾਰਟਫੋਨ ਹੁਣ ਅਜੋਕੀ ਪੀੜ੍ਹੀ ਦੇ ਜੀਵਨ ਦਾ ਜ਼ਰੂਰੀ ਹਿੱਸਾ ਬਣ ਗਏ ਹਨ।

ਭਾਰਤ ਵਿਚ ਟੀਵੀ ਦੇ ਇਤਹਾਸ ਨੂੰ ਦੇਖੀਏ ਤਾਂ ਪਤਾ ਚਲਦਾ ਹੈ ਕਿ 1991-92 ਤਕ ਦੂਰਦਰਸ਼ਨ ਹੀ ਮੁੱਖ ਚੈਨਲ ਸੀ। ਏਸ ਤੋਂ ਬਾਅਦ ਨਵੀਆਂ ਆਰਥਿਕ ਨੀਤੀਆਂ ਦੀ ਆਮਦ ਸਦਕਾ ਕਾਰਪੋਰੇਟ ਘਰਾਣਿਆਂ ਨੇ ਜਿਥੇ ਆਰਥਿਕਤਾ ਦੇ ਹੋਰ ਸਾਧਨਾਂ ’ਤੇ ਕਬਜ਼ਾ ਕਰਨਾ ਸ਼ੁਰੂ ਕੀਤਾ, ਉਥੇ ਸੰਚਾਰ ਸਾਧਨਾਂ ਖਾਸਕਰ ਟੈਲੀਵਿਜ਼ਨ ਤੇ ਮੋਬਾਈਲ ਨੂੰ ਵੀ ਕਾਬੂ ਕਰ ਲਿਆ। ਅੱਜ ਭਾਰਤ ਵਿਚ ਲਗਭਗ 850 ਨੈਸ਼ਨਲ ਚੈਨਲ, ਖੇਤਰੀ ਭਾਸ਼ਾਈ, ਕੇਬਲ ਤੇ ਹੋਰ ਨਿਜੀ ਚੈਨਲ ਕਾਰਜਸ਼ੀਲ ਹਨ। ਕੁਝ ਖੇਤਰਾਂ ਜਾਂ ਥੋੜ੍ਹੀ ਜੰਨਸਖਿਆ ਨੂੰ ਛੱਡ ਕੇ ਹੁਣ ਟੀਵੀ ਲਗਭਗ ਹਰ ਘਰ ਵਿਚ ਪਹੁੰਚ ਗਿਆ ਹੈ। ਪ੍ਰਾਈਵੇਟ ਚੈਨਲਾਂ ਦਾ ਮੂਲ ਉਦੇਸ਼ ਮੁਨਾਫੇ ਹਿੱਤ ਕਿਸੇ ਖਾਸ ਧਿਰ, ਵਧੇਰੇ ਕਰਕੇ ਸੱਤਾਧਾਰੀ ਦੀ ਵਿਚਾਰਧਾਰਾ ਦੀ ਪੂਰਤੀ ਕਰਦੇ ਹਨ, ਭਾਵੇਂ ਕਿ ਉਪਰੋਂ ਨਿਰਪੱਖਤਾ ਦਾ ਦਿਖਾਵਾ ਕਰਦੇ ਹਨ। ਅਜਿਹੇ ਚੈਨਲਾਂ ਵਲੋਂ ਕਾਰਵਾਈਆਂ ਜਾਂਦੀਆਂ ਬਹਿਸਾਂ ਨੇ ਸਾਡੇ ਸਮਾਜ ਵਿਚ ਸਾਰਥਕ ਵਿਚਾਰ-ਵਟਾਂਦਰੇ ਦਾ ਦੌਰ ਲਗਭਗ ਖਤਮ ਕਰ ਦਿਤਾ ਹੈ ਅਤੇ ਚਾਪਲੂਸੀ ਘਰ ਕਰ ਰਹੀ ਹੈ। 

ਅਜੋਕੇ ਟੀਵੀ ਦੌਰ ਦਾ ਸਭ ਤੋਂ ਮਾੜਾ ਪੱਖ ਇਹ ਹੈ ਕਿ ਹੁਣ ਬਹਿਸਾਂ ਐਂਕਰ ਅਧਾਰਿਤ ਹਨ, ਨਾ ਕਿ ਗੰਭੀਰ ਪੱਤਰਕਾਰੀ ਤੇ ਫੀਲਡ ਰਿਪੋਰਟਿੰਗ ’ਤੇ ਅਧਾਰਿਤ। ਸਟੂਡੀਓਵਾਦੀ ਗਿਆਨ ਵਿਹੂਣੇ ਐਂਕਰ ਬਹਿਸਾਂ ਦੌਰਾਨ ਟੇਬਲਾਂ ’ਤੇ ਏਸ ਤਰ੍ਹਾਂ ਹੱਥ ਮਾਰ ਮਾਰ ਕੇ ਸਵਾਲਾਂ ਦੇ ਜਵਾਬ ਮੰਗਦੇ ਹਨ ਕਿ ਜਿਵੇਂ ਦੁਨੀਆਂ ਦਾ ਗਿਆਨ ਇਨ੍ਹਾਂ ਕੋਲ ਹੀ ਹੈ ਅਤੇ ਬਾਕੀ ਸਭ ਮੂਰਖ ਹਨ। ਕਰੋਧਿਤ ਭੜਕਾਊ, ਸਰੀਰਕ ਇਸ਼ਾਰੇ, ਉਤੇਜਨਾ ਭਰਪੂਰ ਗੈਰਮਿਆਰੀ ਤੇ ਉਜੱਡ ਭਾਸ਼ਾ ਤੇ ਬਹਿਸ ਅਧੀਨ ਗੈਰ-ਲੋਕਪੱਖੀ ਮਜ਼ਬੂਨਾਂ ਕਰਕੇ ਅੱਜ ਸਮਾਜ ਵਿਚ ਜ਼ਹਿਰ ਫੈਲ ਰਿਹਾ ਹੈ, ਜਿਸ ਦੇ ਨਤੀਜੇ ਅਜੋਕੇ ਸਮੇਂ ਤੋਂ ਛੁਟ ਆਉਣ ਵਾਲੀਆਂ ਨਸਲ ਵੀ ਭੁਗਤਣਗੀਆਂ। ਕਈ ਵਾਰ ਤਾਂ ਬਹਿਸਕਰਤਾ ਗਾਲ੍ਹੀ-ਗਲੋਚ ਕਰਦੇ ਤੇ ਘਸੁੰਨ-ਮੁੱਕੀ ਵੀ ਹੋ ਜਾਂਦੇ ਹਨ। ਅਖੌਤੀ ਰਾਸ਼ਟਰਵਾਦ, ਧਰਮ ਤੇ ਵਰਗ ਅਧਾਰਿਤ ਬਹਿਸਾਂ ਅੱਜ ਸਮਾਜ ਨੂੰ ਖੇਰੂੰ ਖੇਰੂੰ ਕਰ ਰਹੀਆਂ ਹਨ। ਸਮਾਜਿਕ ਰਿਸ਼ਤੇ ਟੁੱਟ ਰਹੇ ਹਨ। ਏਸੇ ਕਰਕੇ ਹੀ ਸ਼ਾਇਦ ਬਹੁਤ ਸਾਰੇ ਲੋਕਾਂ ਤਾਂ ਅਜਿਹੀਆਂ ਬਹਿਸਾਂ ਦੇਖਣੀਆਂ ਹੀ ਛੱਡ ਗਏ ਹਨ।

ਅਜੋਕੀ ਬਹਿਸਬਾਜ਼ੀ ਦਾ ਇਕ ਹੋਰ ਮਾਰੂ ਪੱਖ ਹੈ ਅਸਲੀਅਤ ਤੋਂ ਦੂਰੀ ਤੇ ਬੇਲੋੜੇ ਜ਼ਹਰੀਲੇ ਮਸਾਲੇ ਨਾਲ ਲੋਕਾਂ ਦੇ ਦਿਮਾਗ ਨੂੰ ਭੈ-ਭੀਤ ਕਰਨਾ। ਸਾਡੇ ਦੇਸ਼ ਵਿਚ ਫੈਲੀ ਭਿਅੰਕਰ ਬੇਰੁਜ਼ਗਾਰੀ, ਪਰਵਾਸ ਕਰ ਰਹੀ ਜਵਾਨੀ, ਸਿਖਿਆ ਸਹੂਲਤਾਂ ਵਿਚ ਗਿਰਾਵਟ, ਉਦਯੋਗਿਕ ਮੰਦਹਾਲੀ, ਮਹਿੰਗਾਈ, ਰਿਸ਼ਵਤਖੋਰੀ, ਛੋਟੇ ਕਿਸਾਨਾਂ, ਮਜ਼ਦੂਰਾਂ, ਔਰਤਾਂ, ਹੋਰ ਆਮ ਇਨਸਾਨਾਂ ਦੀਆਂ ਅਸਹਿ ਤੇ ਅਕਹਿ ਪੀੜਾ ਵਾਲੀਆਂ ਸਮੱਸਿਆਵਾਂ ਤੋਂ ਪਰੇ ਕਿਸੇ ਇਕ ਕਲਾਕਾਰ ਦੀ ਖੁਦਕੁਸ਼ੀ ਉਪਰ ਹੀ ਲੰਬਾ ਸਮਾਂ ਕੇਂਦਰਿਤ ਰਹਿਣਾ, ਏਸ ਤੱਥ ਦਾ ਸਬੂਤ ਹੈ। ਅਮਰੀਕਾ ਦੇ ਵਰਲਡ ਟਰੇਡ ਸੈਂਟਰ ਦੇ ਹਮਲੇ ਵਿਚ ਲੱਖਾਂ ਹੀ ਲੋਕ ਮਾਰੇ ਗਏ ਸਨ, ਪਰ ਇਕ-ਦੋ ਤਸਵੀਰਾਂ ਤੋਂ ਵੱਧ ਹਾਦਸੇ ਦਾ ਵਿਖਾਵਾ ਨਹੀਂ ਹੋਇਆ। ਜਦਕਿ ਸਾਡੇ ਮੁਲਕ ਵਿਚ ਏਸ ਤੋਂ ਉਲਟ ਹੈ। ਟੀਵੀ ਵਾਲੇ ਕਈ ਵਾਰ ਸਕਿਉਰਟੀ ਪੱਖੋਂ ਵਰਜਿਤ ਤੇ ਸੰਵੇਦਨਸ਼ੀਲ ਪੱਖਾਂ, ਇਮਾਰਤਾਂ ਤੇ ਹੋਰ ਸਾਜ਼ੋ-ਸਾਮਾਨ ਦਿਖਾ ਕੇ ਉਨ੍ਹਾਂ ਉਤੇ ਬਹਿਸਾਂ ਕਰਦੇ ਹਨ ਤੇ ਦੂਜਾ ਗੁੱਸੇ ਵਿਚ ਦੇਸ਼ ਵਿਰੋਧੀਆਂ ਤਕ ਸੂਚਨਾਵਾਂ ਪੰਹੁਚ ਜਾਂਦੀਆਂ ਹਨ। ਵਧੇਰੇ ਚੈਨਲ ਆਪਣੇ ਟੈਲੀਵਿਜ਼ਨ ਰੇਟਿੰਗ ਪੁਆਇੰਟ ਵਧਾਉਣ ਲਈ ਅਜਿਹੇ ਢਕਵੰਜ ਕਰਦੇ ਹਨ। 

ਇਨ੍ਹਾਂ ਟੀਵੀ ਬਹਿਸਾਂ ਦਾ ਹੋਰ ਨਾਂਹਪੱਖੀ ਪੱਖ ਹੈ ਦਰਸ਼ਕਾਂ ਨੂੰ ਇਤਹਾਸਕ, ਮਿਥਿਹਾਸਕ, ਗੈਰ-ਵਿਗਿਆਨਕ ਤੇ ਤਰਕ ਵਿਹੂਣੇ ਵਿਸ਼ਿਆਂ ਉਤੇ ਉਲਝਾਈ ਰੱਖਣਾ। ਅੱਜ ਜਦੋਂ ਵਧੇਰੇ ਦੇਸ਼ ਸਾਇੰਸਪੱਖੀ ਰਾਹ ਅਪਣਾ ਕੇ ਆਪਣੇ ਸਮਾਜਾਂ ਦੀ ਤਰੱਕੀ ਕਰ ਰਹੇ ਹਨ, ਉਥੇ ਅਸੀਂ ਧਰਮ ਆਧਾਰਿਤ ਤੇ ਹੋਰ ਹੀ ਖਿਆਲੀ ਪਲਾਉ ਤੇ ਅਗਲੇ ਜਨਮ ਦੇ ਸੁੱਖਾਂ ਵਾਲੇ ਮਸਲਿਆਂ ਵਿਚ ਉਲਝੇ ਪਏ ਹਾਂ। ਆਲੋਚਨਾਤਮਕ ਸੋਚ ਤੇ ਤਰਕਵਿਹੂਣੇ ਸਮਾਜਾਂ ਦੀ ਤੱਰਕੀ ਦੀਆਂ ਮਿਸਾਲਾਂ ਕਿਤੇ ਨਹੀਂ ਮਿਲਦੀਆਂ। ਹੋਰ ਮਾੜੀ ਗੱਲ ਇਹ ਕਿ ਕਈ ਵਾਰ ਅਜਿਹੇ ਗੰਭੀਰ ਮੁੱਦੇ, ਜਿਨ੍ਹਾਂ ਦਾ ਸਮਾਜ ਵਿਚ ਗੂੜ੍ਹਾ ਅਸਰ ਪੈਂਦਾ ਹੈ, ਬਾਰੇ ਅਜਿਹੇ ਬੁਲਾਰੇ ਬਿਠਾ ਦਿਤੇ ਜਾਂਦੇ ਹਨ, ਜਿਨ੍ਹਾਂ ਨੂੰ ਉਸ ਮੁੱਦੇ ਬਾਰੇ ਉਕਾ ਹੀ ਗਿਆਨ ਨਹੀਂ ਹੁੰਦਾ। ਬਹਿਸ ਸਿਰਫ ਦੂਜੇ ਇਨਸਾਨ ਜਾਂ ਪਾਰਟੀ ਨੂੰ ਨੀਵਾਂ ਦਿਖਾਉਣ ਤਕ ਹੀ ਸੀਮਤ ਰਹਿੰਦੀ ਹੈ।

ਅਜੋਕੇ ਬਿਜਲਈ ਸੰਚਾਰ ਸਾਧਨਾਂ ਦੀ ਆਮਦ ਕਰਕੇ ਸਮਾਜਿਕ ਬਣਤਰਾਂ ਤੇ ਮਨੁੱਖੀ ਵਰਤਾਰਾ ਤੀਬਰ ਤਬਦੀਲੀ ਅਧੀਨ ਹੈ। ਤਕਨਾਲੋਜੀ ਮਨੁੱਖੀ ਸਮਾਜ ਦਾ ਅਟੁੱਟ ਹਿੱਸਾ ਬਣ ਗਈ ਹੈ। ਇਸ ਦਾ ਸੁਯੋਗ ਵਰਤੋਂ ਜਿਥੇ ਜੀਵਨ ਨੂੰ ਸੁਖਾਲਾ ਕਰ ਸਕਦੀ ਹੈ, ਉਥੇ ਇਸ ਦੀ ਦੁਰਵਰਤੋਂ ਮਨੁੱਖੀ ਜ਼ਿੰਦਗੀ ਨੂੰ ਨਰਕ ਵੀ ਬਣਾ ਸਕਦੀ ਹੈ। ਤੇਜ਼ਧਾਰ ਚਾਕੂ ਨਾਲ ਇਕ ਡਾਕਟਰ ਅਪਰੇਸ਼ਨ ਕਰ ਕੇ ਜਿਥੇ ਮਰੀਜ਼ ਦਾ ਜੀਵਨ ਬਚਾ ਸਕਦਾ ਹੈ, ਉਥੇ ਜੇ ਉਹੀ ਚਾਕੂ ਬਦਮਾਸ਼ ਦੇ ਹੱਥ ਹੋਵੇ ਤਾਂ ਉਹ ਕਿਸੇ ਹੋਰ ਇਨਸਾਨ ਨੂੰ ਮਾਰ ਸਕਦਾ ਹੈ। ਇਹੀ ਤਰਕ ਤਕਨਾਲੋਜੀ/ ਟੀਵੀ ਦੀ ਵਰਤੋਂ ’ਤੇ ਲਾਗੂ ਹੁੰਦਾ ਹੈ। ਲੋੜ ਹੈ ਕਿ ਤਰਕਹੀਣ ਬਹਿਸਾਂ ਦੀ ਬਜਾਏ ਸਮਾਜ ਦੀਆਂ ਅਮਲੀ ਸਮੱਸਿਆਵਾਂ ਬਾਰੇ, ਸਰਕਾਰਾਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਸਮਾਜ ਸੁਯੋਗ ਢੰਗ ਨਾਲ ਅੱਗੇ ਵਧੇ ਅਤੇ ਸਾਰਥਿਕ ਬਹਿਸਾਂ ਵਿਚ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ। ਨੈਸ਼ਨਲ ਬਰਾਡਕਾਸਟਿੰਗ ਸਟੈਂਡਰਡ ਅਥਾਰਟੀ ਨੂੰ ਬਹਿਸਾਂ ਵਿਚ ਮਰਿਆਦਾ ਤੇ ਸ਼ਰਾਫ਼ਤ ਵਾਲੇ ਢੰਗ-ਤਰੀਕੇ ਬਣਾਈ ਰੱਖਣ ਲਈ ਆਪਣੀ ਯੋਗ ਭੂਮਿਕਾ ਨਿਭਾਉਣੀ ਚਾਹੀਦੀ ਹੈ।

*ਸਾਬਕਾ ਪ੍ਰੋਫੈਸਰ ਸਮਾਜ ਵਿਗਿਆਨ, ਪੀ.ਏ.ਯੂ., ਲੁਧਿਆਣਾ।

ਸੰਪਰਕ: 94177-15730

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All