DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਿਵਾਰ ਸਮੇਤ ਖ਼ੁਦਕੁਸ਼ੀਆਂ: ਸੋਚਣ ਦਾ ਵੇਲਾ

ਅਜੋਕੇ ਸਮੇਂ ਇਨਸਾਨਾਂ ਵੱਲੋਂ ਪਰਿਵਾਰ ਸਮੇਤ ਖ਼ੁਦਕੁਸ਼ੀਆਂ ਦਾ ਪ੍ਰਮੁੱਖ ਕਾਰਨ ਹੈ ਆਰਥਿਕ ਤੰਗੀਆਂ-ਤੁਰਸ਼ੀਆਂ, ਮਹਿੰਗਾਈ ਦੀ ਮਾਰ, ਬੇਰੁਜ਼ਗਾਰੀ ਅਤੇ ਪਰਿਵਾਰ ਦੀਆਂ ਲੋੜਾਂ ਤੇ ਆਸ਼ਾਵਾਂ ਦੀ ਪੂਰਤੀ ਨਾ ਹੋਣਾ। ਲੋਕ ਉਮੀਦ ਕਰਦੇ ਸਨ ਕਿ ਹਰ ਇੱਕ ਨੂੰ ਯੋਗਤਾ ਮੁਤਾਬਿਕ ਰੁਜ਼ਗਾਰ ਮਿਲੇਗਾ ਪਰ ਨਤੀਜਾ ਉਲਟ ਆ ਰਿਹਾ ਹੈ।

  • fb
  • twitter
  • whatsapp
  • whatsapp
Advertisement

ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਭੂਦਨ ਵਿੱਚ ਜਵਾਨ ਵਿਧਵਾ ਵੱਲੋਂ ਆਪਣੇ ਮਾਸੂਮ ਬੱਚੇ ਤੇ ਮਾਂ ਸਮੇਤ ਖ਼ੁਦ ਵੀ ਜ਼ਹਿਰ ਖਾ ਕੇ ਪਰਿਵਾਰ ਨੂੰ ਖ਼ਤਮ ਕਰ ਦੇਣਾ, ਅੰਮ੍ਰਿਤਸਰ ਦੇ ਸ਼ਹੂਰਾ ਪਿੰਡ ਵਿੱਚ ਬੇਰੁਜ਼ਗਾਰ ਨੌਜਵਾਨ ਵੱਲੋਂ ਆਪਣੀਆਂ ਦੋ ਧੀਆਂ ਸਮੇਤ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਪਰਿਵਾਰ ਦਾ ਅੰਤ ਕਰ ਦੇਣਾ; ਫਿਰੋਜ਼ਪੁਰ ਸ਼ਹਿਰ ਵਿੱਚ ਇੱਕ ਮਸ਼ਹੂਰ ਸੈਲੂਨ ਮਾਲਕ ਵੱਲੋਂ ਆਪ, ਆਪਣੀ ਪਤਨੀ ਤੇ ਦੋ ਨੰਨ੍ਹੀਆਂ ਬੱਚੀਆਂ ਸਮੇਤ ਪੂਰੇ ਪਰਿਵਾਰ ਦਾ ਗੋਲੀਆਂ ਮਾਰ ਕੇ ਖ਼ਾਤਮਾ ਕਰਨਾ ਅਤੇ ਅਬੋਹਰ ਕੋਲ ਇੱਕ ਵਿਅਕਤੀ ਵੱਲੋਂ ਖ਼ੁਦਕੁਸ਼ੀ ਲਈ ਨਹਿਰ ਵਿੱਚ ਛਾਲ ਮਾਰ ਦੇਣਾ ਹਾਲ ਹੀ ਵਿੱਚ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਿਆ ਹੈ। ਪਿਛਲੇ ਇੱਕ ਦਹਾਕੇ ਤੋਂ ਵੱਖ-ਵੱਖ ਢੰਗਾਂ ਨਾਲ ਤੇ ਵੱਖ-ਵੱਖ ਕਾਰਨਾਂ ਕਰਕੇ ਪਿੰਡਾਂ, ਕਸਬਿਆਂ ਤੇ ਵੱਡੇ ਸ਼ਹਿਰਾਂ ਵਿੱਚ ਸੈਂਕੜੇ ਲੋਕਾਂ ਵੱਲੋਂ ਆਪਣੇ ਪੂਰੇ ਪਰਿਵਾਰਾਂ ਦੀ ਜੀਵਨ ਲੀਲਾ ਸਮਾਪਤ ਕਰਨਾ ਅਤੇੇ ਅਜੋਕੇ ਸਮੇਂ ਵਧ ਰਿਹਾ ਇਹ ਰੁਝਾਨ ਹਰ ਚੇਤੰਨ ਵਿਅਕਤੀ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਆਖ਼ਰ ਇਹ ਵਰਤਾਰਾ ਕਿਉਂ ਵਧ ਰਿਹਾ ਹੈ? ਆਖ਼ਰ ਇਨਸਾਨ ਕਿਉਂ ਇੰਨਾ ਹਤਾਸ਼ ਜਾਂ ਨਿਰਾਸ਼ ਹੋ ਜਾਂਦਾ ਹੈ ਕਿ ਉਸ ਨੂੰ ਜਿਊਣ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ? ਕੀ ਜੀਵਨ ਦੇ ਅਜੋਕੇ ਢੱਬ ਏਨੇ ਅਕਾਊ ਹੋ ਗਏ ਹਨ ਕਿ ਲੋਕ ਏਹੋ ਜਿਹੇ ਘਾਤਕ ਰਾਹ ਅਪਣਾਉਂਦੇ ਹਨ। ਪੁਰਾਣੇ ਵੇਲਿਆਂ ’ਚ ਕਦੇ ਕੋਈ ਸਾਲਾਂ ਬਾਅਦ ਖ਼ਬਰ ਮਿਲਦੀ ਸੀ ਕਿ ਕੋਈ ਪਰਿਵਾਰ ਸਿਆਲ ਵਿੱਚ ਘਰ ਵਿੱਚ ਕੋਲੇ ਦੀ ਭੱਠੀ ਮਘਾ ਕੇ ਸੁੱਤਾ ਤੇ ਦਿਨ ਚੜ੍ਹਦੇ ਨੂੰ ਸਾਰਾ ਪਰਿਵਾਰ ਹੀ ਗੈਸ ਦੇ ਜ਼ਹਿਰੀਲੇ ਅਸਰ ਕਰਕੇ ਸੁੱਤਾ ਰਹਿ ਗਿਆ ਜਾਂ ਕਦੇ ਕੋਈ ਵਿਰਲੀ ਟਾਵੀਂ ਘਟਨਾ ਕੰਨੀਂ ਪੈਂਦੀ, ਪਰ ਹੁਣ ਤਾਂ ਅਕਸਰ ਮੀਡੀਆ ਰਾਹੀਂ ਅਜਿਹੀਆਂ ਘਟਨਾਵਾਂ ਸੁਣਨ ਪੜ੍ਹਨ ਨੂੰ ਮਿਲ ਰਹੀਆਂ ਹਨ। ਸਵਾਲ ਇਹ ਹੈ ਕਿ ਅਜੋਕੇ ਤਕਨੀਕੀ ਅਤੇ ਸੂਚਨਾਵਾਂ ਭਰੇ ਦੌਰ ਵਿੱਚ ਅਜਿਹਾ ਕਿਉਂ ਵਾਪਰਦਾ ਹੈ? ਇਸ ਸਵਾਲ ਬਾਰੇ ਗੰਭੀਰਤਾ ਤੇ ਸੁਹਿਰਦਤਾ ਨਾਲ ਵਿਚਾਰਨ ਦੀ ਲੋੜ ਹੈ।

ਦੁਨੀਆ ਵਿੱਚ ਸੱਭਿਅਤਾਵਾਂ ਦੇ ਵਿਕਾਸ ’ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਕਬਾਇਲੀ ਯੁੱਗ ਤੋਂ ਲੈ ਕੇ ਖੇਤੀਬਾੜੀ ਸਮਾਜਾਂ ਦੀ ਬਣਤਰ ਤੇ ਇਸ ਤੋਂ ਅੱਗੇ ਪੂੰਜੀਵਾਦੀ ਸਮਾਜਾਂ ਵਿੱਚ ਮਨੁੱਖੀ ਵਰਤਾਰਾ ਬਦਲਦਾ ਰਹਿੰਦਾ ਹੈ, ਜਿਸ ਦੇ ਵੱਖ ਵੱਖ ਤਰ੍ਹਾਂ ਦੇ ਸਿੱਟੇ ਨਿਕਲਦੇ ਹਨ। ਪਹਿਲੀਆਂ ਸਮਾਜਿਕ ਆਰਥਿਕ ਬਣਤਰਾਂ ’ਚ ਕੋਈ ਟਾਵਾਂ ਹੀ ਪੂਰੇ ਪਰਿਵਾਰ ਨੂੰ ਖ਼ਤਮ ਕਰਨ ਜਿਹਾ ਕਦਮ ਚੁੱਕਦਾ ਸੀ, ਹਾਂ ਲੜਾਈ ਝਗੜਿਆਂ ਕਾਰਨ ਜਾਨੀ ਮਾਲੀ ਨੁਕਸਾਨ ਹੁੰਦਾ ਰਹਿੰਦਾ ਸੀ। ਸ਼ਇਦ ਉਦੋਂ ਸਾਕਦਾਰੀ, ਸਮਾਜਿਕ ਸੰਗਠਨ ਤੇ ਜੀਵਨ ਦੀ ਸਰਲਤਾ ਕਾਰਨ ਜੀਵਨ ਬਸਰ ਕਰਨਾ ਸੁਖਾਲਾ, ਸਹਿਜ ਭਰਿਆ ਤੇ ਕੁਦਰਤ ਪੱਖੀ ਸੀ। ਸਰ ਐੱਮ ਐੱਲ ਡਾਰਲਿੰਗ ਅਣਵੰਡੇ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਬਾਰੇ 1925 ਵਿੱਚ ਨਿੱਗਰ ਖੋਜ ਆਧਾਰਿਤ ਲਿਖੀ ਪੁਸਤਕ ‘ਪੰਜਾਬ ਪੀਜ਼ੈਂਟਸ ਇਨ ਪ੍ਰਾਸਪੈਰਿਟੀ ਐਂਡ ਡੈੱਟ’ ਵਿੱਚ ਇਸ ਪੱਖ ਬਾਰੇ ਲਿਖਦਾ ਹੈ ਕਿ ਉਨ੍ਹਾਂ ਸਮਿਆਂ ਵਿੱਚ ਵੀ ਕਿਸਾਨਾਂ ਦੇ ਸਿਰ ਕਰਜ਼ੇ ਦੀ ਪੰਡ ਬਹੁਤ ਭਾਰੀ ਹੁੰਦੀ ਸੀ, ਪਰ ਲੋਕ ਖ਼ੁਦਕੁਸ਼ੀਆਂ ਨਹੀਂ ਸਨ ਕਰਦੇ, ਗ਼ਰੀਬੀ ਵੀ ਵੰਡ ਕੇ ਹੰਢਾ ਲਈ ਜਾਂਦੀ ਸੀ ਅਤੇ ਦੁੱਖ ਸੁੱਖ ਵਧੇਰੇ ਕਰਕੇ ਹਰ ਕਿਸੇ ਨਾਲ ਸਾਂਝਾ ਕਰ ਲਿਆ ਜਾਂਦਾ। ਪੰਜਾਬ ਵਿੱਚ ਤੇਰ੍ਹਵੇਂ ਮਹੀਨੇ ਦੌਰਾਨ ਡੰਗ ਟਪਾਉਣਾ ਏਸ ਵਰਤਾਰੇ ਵੱਲ ਹੀ ਇਸ਼ਾਰਾ ਹੁੰਦਾ ਸੀ ਕਿ ਸਿਆਲ ਦੇ ਅਖੀਰ ਵਿੱਚ ਅਨਾਜ ਦੀ ਘਾਟ ਕਾਰਨ ਰਿਸ਼ਤੇਦਾਰ ਜਾਂ ਆਂਢੀ-ਗੁਆਂਢੀ ਕਣਕ, ਚੌਲ, ਬਾਜਰਾ, ਮੱਕੀ ਆਦਿ ਵੰਡ ਕੇ ਸਮਾਂ ਲੰਘਾ ਲੈਂਦੇ। ਜਿਉਂ ਜਿਉਂ ਮਨੁੱਖੀ ਜੀਵਨ ਵਿੱਚ ਥੋੜ੍ਹੀ ਤਰੱਕੀ ਆਈ ਤਿਉਂ ਤਿਉਂ ਜੀਵਨ ਸ਼ਿੱਦਤ ਨਾਲ ਬਦਲਣ ਲੱਗਿਆ। ਪੰਜਾਬ ਵਿੱਚ 1965-70 ਤੱਕ ਜੀਵਨ ਲਗਭਗ ਸਹਿਜ ਸੀ ਪਰ ਹਰੇ ਇਨਕਲਾਬ ਦੀ ਆਮਦ ਤੋਂ ਜੀਵਨ ਢੰਗ ਤੇ ਢੱਬ ਦੋਵੇਂ ਤੇਜ਼ੀ ਨਾਲ ਬਦਲਣ ਲੱਗੇ। 1991-92 ਦੀਆਂ ਨਵੀਆਂ ਆਰਥਿਕ ਨੀਤੀਆਂ ਸਦਕਾ ਮੰਡੀਵਾਦ ਤੇ ਪੂੰਜੀਵਾਦ ਨੇ ਸਮਾਜ ਦੇ ਆਰਥਿਕ, ਸਮਾਜਿਕ, ਸੱਭਿਆਚਾਰਕ ਤੇ ਸਿਆਸੀ ਜੀਵਨ ਨੂੰ ਬਦਲ ਦਿੱਤਾ।

Advertisement

ਅਜੋਕੇ ਸਮੇਂ ਇਨਸਾਨਾਂ ਵੱਲੋਂ ਪਰਿਵਾਰ ਸਮੇਤ ਖ਼ੁਦਕੁਸ਼ੀਆਂ ਦਾ ਪ੍ਰਮੁੱਖ ਕਾਰਨ ਹੈ ਆਰਥਿਕ ਤੰਗੀਆਂ-ਤੁਰਸ਼ੀਆਂ, ਮਹਿੰਗਾਈ ਦੀ ਮਾਰ, ਬੇਰੁਜ਼ਗਾਰੀ ਅਤੇ ਪਰਿਵਾਰ ਦੀਆਂ ਲੋੜਾਂ ਤੇ ਆਸ਼ਾਵਾਂ ਦੀ ਪੂਰਤੀ ਨਾ ਹੋਣਾ। ਪੂੰਜੀਵਾਦ ਦੀ ਸ਼ੁਰੂਆਤ 18ਵੀਂ ਸਦੀ ਦੇ ਸਨਅਤੀ ਇਨਕਲਾਬ ਨਾਲ ਹੋਈ, ਪਰ ਇਸ ਦੀ ਤੀਬਰਤਾ ਵੀਹਵੀਂ ਸਦੀ ਦੇ ਅਖੀਰਲੇ ਤਿੰਨ ਦਹਾਕਿਆਂ ਵਿੱਚ ਵਧੀ। ਲੋਕ ਉਮੀਦ ਕਰਦੇ ਸਨ ਕਿ ਅਜਿਹੇ ਸਮੇਂ ਹਰ ਇੱਕ ਨੂੰ ਯੋਗਤਾ ਮੁਤਾਬਿਕ ਰੁਜ਼ਗਾਰ ਮਿਲੇਗਾ ਪਰ ਨਤੀਜਾ ਉਲਟ ਆ ਰਿਹਾ ਹੈ। ਤਕਨੀਕੀ ਈਜਾਦਾਂ ਤੇ ਹੋਰ ਕਾਰਨਾਂ ਕਰਕੇ ਆਰਥਿਕ ਵਸੀਲਿਆਂ ਤੇ ਧਨ ਦੌਲਤ ’ਤੇ ਕੁਝ ਕੁ ਉਦਯੋਗਿਕ ਘਰਾਣੇ, ਵਪਾਰੀ ਤੇ ਰਾਜਨੀਤਕ ਲੋਕ ਕਾਬਜ਼ ਹੋ ਗਏ ਹਨ। ਨਤੀਜੇ ਵਜੋਂ ਮੁੱਠੀ ਭਰ ਲੋਕ ਸਾਧਨ-ਕਾਬਜ਼ ਤੇੇ ਵਧੇਰੇ ਲੋਕ ਸਾਧਨਹੀਣ ਹੋ ਰਹੇ ਹਨ। ਔਕਸਫਾਮ ਤੇ ਹੋਰ ਸੰਸਾਰ ਪੱਧਰੀ ਵਿਦਿਅਕ ਅਦਾਰਿਆਂ ਦੀਆਂ ਰਿਪੋਰਟਾਂ ਇਸ ਤੱਥ ਦਾ ਪ੍ਰਮਾਣ ਹਨ। ਸਾਡੇ ਦੇਸ਼ ਵਿੱਚ 1980 ਤੋਂ ਪਹਿਲਾਂ ਦੋ ਚਾਰ ਘਰਾਣੇ ਹੀ ਖਰਬਪਤੀ ਸਨ, ਪਰ ਅੱਜ ਇਨ੍ਹਾਂ ਦੀ ਗਿਣਤੀ ਢਾਈ ਸੌ ਤੋਂ ਵਧੇਰੇ ਹੈ। ਦੇਸ਼ ਵਿੱਚ ਜਨਤਕ ਸੰਸਥਾਵਾਂ ਦੇ ਨਿੱਜੀਕਰਨ ਕਰਕੇ ਲੋਕ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਨ ਲਈ ਮਜਬੂਰ ਹਨ। ਘਰੇਲੂ ਵਸਤਾਂ ਦੀ ਮਹਿੰਗਾਈ, ਪੜ੍ਹਾਈ ਤੇ ਦਵਾਈਆਂ ਦੇ ਖਰਚਿਆਂ ਨੇ ਲੋਕਾਂ ਦਾ ਕਚੂਮਰ ਕੱਢਿਆ ਹੋਇਆ ਹੈ ਅਤੇ ਨਤੀਜੇ ਵਜੋਂ ਨਿਰਾਸ਼ਾ ਕਰਕੇ ਕਈ ਵਾਰ ਲੋਕ ਅਤਿ ਦਾ ਕਦਮ ਚੁੱਕ ਲੈਂਦੇ ਹਨ। ਭਾਰਤ ਵਿੱਚ ਖੇਤੀ ਖੇਤਰ ਵਿੱਚ ਵੀ ਇਹੋ ਹਾਲ ਹੈ। ਛੋਟੀਆਂ ਜ਼ਮੀਨੀ ਜੋਤਾਂ, ਮਹਿੰਗੇ ਬੀਜ, ਸਾਜ਼ੋ-ਸਾਮਾਨ, ਰਸਾਇਣ, ਕੀਟਨਾਸ਼ਕ ਤੇ ਇਨ੍ਹਾਂ ਵਿੱਚ ਮਿਲਾਵਟ ਨੇ ਛੋਟੇ ਕਿਸਾਨਾਂ ਦਾ ਮੁਨਾਫ਼ਾ ਬਹੁਤ ਘਟਾ ਦਿੱਤਾ ਹੈ ਅਤੇ ਕਰਜ਼ੇ ਦੀ ਭਾਰੀ ਪੰਡ ਤੇ ਹੋਰ ਕਾਰਨਾਂ ਕਰਕੇ ਬਹੁਤ ਸਾਰੇ ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀਆਂ ਦੇ ਰਾਹ ਪੈ ਗਏ ਹਨ। ਪਰਿਵਾਰ ਸਮੇਤ ਖ਼ੁਦਕੁਸ਼ੀਆਂ ਦਾ ਦੂਜਾ ਵੱਡਾ ਕਾਰਨ ਸਮਾਜਿਕ ਸਭਿਆਚਾਰਕ ਤਬਦੀਲੀਆਂ ਹਨ: ਸਮਾਜਿਕ ਟੁੱਟ-ਭੱਜ, ਰਿਸ਼ਤਿਆਂ ਦੀਆਂ ਉਲਝਣਾਂ, ਦੂਰੀਆਂ ਤੇ ਘਟ ਰਹੀ ਸਮਾਜਿਕ ਸਹਾਇਤਾ, ਹਿੰਸਕ ਤੇ ਅਮਾਨਵੀ ਸੱਭਿਆਚਾਰ ਦਾ ਉਪਜਣਾ, ਵਧ ਰਿਹਾ ਇਕੱਲਾਪਣ ਤੇ ਉਦਾਸੀ। ਸਮਾਜ-ਵਿਗਿਆਨੀ ਰੌਬਰਟ ਨਿਸਬਤ ਨੇ 1953 ਵਿੱਚ ਲਿਖੀ ਕਿਤਾਬ ‘ਦਿ ਕੁਐਸਟ ਫਾਰ ਕਮਿਊਨਿਟੀ’ ਵਿੱਚ ਸਿੱਟਾ ਕੱਢਿਆ ਸੀ ਕਿ ਜਿਉਂ ਜਿਉਂ ਉਦਯੋਗਿਕ ਵਿਕਾਸ ਹੋਵੇਗਾ ਤਿਉਂ ਤਿਉਂ ਪੂੰਜੀ ਤੇ ਸ਼ਾਸਕਾਂ ਦੀਆਂ ਚਲਾਕੀਆਂ ਕਾਰਨ ਸਮਾਜਿਕ ਰਿਸ਼ਤੇ ਟੁੱਟਦੇ ਰਹਿਣਗੇ। ਇਹ ਅੱਜ ਸੱਚ ਸਾਬਿਤ ਹੋ ਰਿਹਾ ਹੈ। ਵਿਡੰਬਨਾ ਹੈ ਕਿ ਯੂ ਕੇ ਵਿੱਚ ਸਭ ਤੋਂ ਪਹਿਲਾਂ ਉਦਯੋਗਿਕ ਵਿਕਾਸ ਹੋਇਆ, ਉੱਥੇ 2018 ਵਿੱਚ ‘ਇਕੱਲਤਾ ਕੰਟਰੋਲ ਅਤੇ ਸਮਾਜਿਕ ਦੂਰੀਆਂ ਨੂੰ ਘੱਟ ਕਰਨ’ ਸਬੰਧੀ ਮੰਤਰਾਲੇ ਦੀ ਸਥਾਪਨਾ ਕਰ ਦਿੱਤੀ ਗਈ। ਉੱਥੇ 90 ਲੱਖ ਲੋਕ ਹਮੇਸ਼ਾ ਹੀ ਇਕੱਲਤਾ ਮਹਿਸੂਸ ਕਰਦੇ ਹਨ ਅਤੇ 2 ਲੱਖ ਤੋਂ ਵਧੇਰੇ ਬਿਰਧ ਮਹੀਨਿਆਂਬੱਧੀ ਆਪਣੇ ਰਿਸ਼ਤੇਦਾਰਾਂ ਜਾਂ ਮਿੱਤਰਾਂ ਨਾਲ ਕੋਈ ਗੁਫ਼ਤਗੂ ਨਾ ਹੋਣ ਕਰਕੇ ਪਰੇਸ਼ਾਨ ਰਹਿੰਦੇ ਹਨ। ਸਾਡੇ ਦੇਸ਼ ਵਿੱਚ ਵੀ ਸਮੱਸਿਆ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਮੋਬਾਈਲ ਫੋਨਾਂ, ਜ਼ਿੰਦਗੀ ਵਿੱਚ ਤੇਜ਼ੀ, ਪਦਾਰਥਵਾਦ ਦੇ ਸੰਘਣੇ ਅਸਰ ਕਰਕੇ ਸਮਾਜਿਕ ਆਰਥਿਕ ਮੁਸ਼ਕਿਲਾਂ ਵਿੱਚ ਆਪਣਿਆਂ ਨਾਲ ਦੁੱਖ-ਸੁਖ ’ਚ ਸਾਂਝ ਦੀ ਘਾਟ, ਰਾਹਦਸੇਰੀਆਂ ਸਮਾਜਿਕ ਸੰਸਥਾਵਾਂ ਵਿੱਚੋਂ ਅਸਲੀਅਤ ਦਾ ਮਨਫ਼ੀ ਹੋਣਾ, ਧੋਖੇਬਾਜ਼ੀਆਂ, ਸਮਾਜ ਵਿੱਚ ਫੈਲਿਆ ਡਰ ਆਦਿ ਕਰਕੇ ਬਹੁਤ ਸਾਰੇ ਲੋਕ ਜੀਵਨ ਦਾ ਅੰਤ ਕਰਨ ਦਾ ਰਾਹ ਚੁਣਨ ਲਈ ਮਜਬੂਰ ਹੋ ਜਾਂਦੇ ਹਨ।

Advertisement

ਸਮਾਜ ਵਿੱਚ ਵਧ ਰਿਹਾ ਹਿੰਸਕ ਵਰਤਾਰਾ, ਜੁਰਮ, ਚੋਰੀਆਂ, ਕਤਲ, ਗੈਂਗਸਟਰਵਾਦ, ਨਸ਼ਿਆਂ ਕਰਕੇ ਹੋ ਰਹੀਆਂ ਮੌਤਾਂ ਆਮ ਲੋਕਾਂ ਨੂੰ ਮਾਨਸਿਕ ਤੌਰ ’ਤੇ ਉਦਾਸੀ ਜਾਂ ਡਿਪਰੈਸ਼ਨ ਵੱਲ ਧੱਕਦੀਆਂ ਹਨ। ਸੰਸਾਰ ਵਿੱਚ ਇਸ ਵੇਲੇ 372 ਮਿਲੀਅਨ ਲੋਕ ਡਿਪਰੈਸ਼ਨ ਦਾ ਸ਼ਿਕਾਰ ਹਨ। ਸੰਸਾਰ ਹੈਲਥ ਰਿਪੋਰਟ 2019 ਮੁਤਾਬਿਕ ਭਾਰਤ ਵਿੱਚ 56 ਮਿਲੀਅਨ ਲੋਕ ਡਿਪਰੈਸ਼ਨ ਦਾ ਸ਼ਿਕਾਰ ਹਨ। ਖੋਜ ਮੁਤਾਬਿਕ ਪੰਜਾਬ ਵਿੱਚ ਹਰੇਕ ਅੱਠਵਾਂ ਇਨਸਾਨ ਡਿਪਰੈਸ਼ਨ ਵਿੱਚ ਹੈ। ਇਕੱਲਤਾ ਅਤੇ ਡਿਪਰੈਸ਼ਨ ਜਿਥੇ ਮਨੱਖ ਨੂੰ ਦਿਮਾਗੀ ਤੇ ਸਰੀਰਕ ਤੌਰ ’ਤੇ ਤੋੜਦੇ ਹਨ, ਉਥੇ ਸਮਾਜ ਦਾ ਵੱਡਾ ਨੁਕਸਾਨ ਹੁੰਦਾ ਹੈ ਜੋ ਆਤਮ-ਹੱਤਿਆਵਾਂ ਦੇ ਰੂਪ ਵਿੱਚ ਨਿਕਲਦਾ ਹੈ। ਫਰਾਂਸੀਸੀ ਵਿਦਵਾਨ, ਸਮਾਜ ਵਿਗਿਆਨੀ ਇਮਾਇਲ ਦੁਰਖੀਮ ਦੁਆਰਾ ਲਗਭਗ 150 ਸਾਲ ਪਹਿਲਾਂ ਲਿਖੀ ਸੰਸਾਰ ਪ੍ਰਸਿੱਧ ਕਿਤਾਬ ‘ਸਿਊਸਾਈਡ” ਵਿੱਚ ਸਿੱਟਾ ਕੱਢਿਆ ਗਿਆ ਸੀ ਕਿ ਵਧੇਰੇ ਖੁਦਕੁਸ਼ੀਆਂ ‘ਆਨੌਮੀ’ ਭਾਵ ਸਮਝ ਤੋਂ ਬਾਹਰ ਦੀ ਪ੍ਰਸਥਿਤੀ ਵਿੱਚੋਂ ਉਪਜੀਆਂ ਹਨ। ਅੱਜਕੱਲ੍ਹ ਸਾਰੇ ਪਾਸੇ ਅਫਰਾ-ਤਫਰੀ ਦਾ ਮਾਹੌਲ ਹੋਣ ਕਰਕੇ ਕੁਝ ਅਜਿਹਾ ਹੀ ਸਾਹਮਣੇ ਆ ਰਿਹਾ ਹੈ।

ਅਜੋਕੇ ਸਮੇਂ ਸਰਕਾਰਾਂ ਜਾਂ ਰਾਜਨੀਤਕ ਲੋਕ ਸਿਰਫ ਆਪਣੇ ਮੁਫਾਦਾਂ ਤੱਕ ਹੀ ਸਿਮਟ ਕੇ ਰਹਿ ਗਏ ਹਨ। ਰਾਜਨੀਤਕ ਪਾਰਟੀਆਂ ਆਪਸ ਵਿੱਚ ਏਨੀਆਂ ਉਲਝੀਆਂ ਹਨ ਕਿ ਆਮ ਲੋਕਾਂ ਨਾਲੋਂ ਇਨ੍ਹਾਂ ਦਾ ਰਿਸ਼ਤਾ ਹੀ ਟੁੱਟ ਗਿਆ ਹੈ। ਦੇਸ਼ ਵਿੱਚ ਲਗਾਤਾਰਤਾ ਵਾਲਾ ਸਮੂਹਿਕ ਵਿਕਾਸ ਏਜੰਡਾ ਹੀ ਖ਼ਤਮ ਹੈ। ਲੋਕਾਂ ਲਈ ਰੁਜ਼ਗਾਰ ਦੀ ਥਾਂ ਸਿਰਫ ਮੁਫਤ ਰਿਊੜੀਆਂ ਦੇ ਕੇ ਸੱਤਾ ਵਿੱਚ ਰਹਿਣਾ ਹੀ ਮੁੱਖ ਮਕਸਦ ਲਗਦਾ ਹੈ। ਬਹੁਤੇ ਲੋਕਾਂ ਨੇ ਬਾਹਰ ਵੱਲ ਵਹੀਰਾਂ ਘੱਤੀਆਂ ਪਰ ਹੁਣ ਉਲਟ ਪਰਵਾਸ ਹੋਣ ਲੱਗਿਆ ਹੈ, ਭਾਵ ਨਾ ਘਰ ਵਿੱਚ ਪੁੱਛ ਨਾ ਬਾਹਰ ਕੋਈ ਢੋਈ। ਪੰਜਾਬ ਸਰਕਾਰ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਇਨ੍ਹਾਂ ਤੱਥਾਂ ਵਲ ਧਿਆਨ ਦੇਣ ਦੀ ਲੋੜ ਹੈ। ਵਧੇਰੇ ਉਦਯੋਗਾਂ ਦੀ ਸਥਾਪਨਾ, ਨਵੀਂ ਟੈਕਨਾਲੋਜੀ ਨਾਲ ਖੇਤੀ ਸੈਕਟਰ ਨੂੰ ਉਤਸ਼ਾਹਿਤ ਕਰਨਾ, ਸਹਿਕਾਰਤਾ ਤਹਿਤ ਧੰਦਿਆਂ ਨੂੰ ਪੈਦਾ ਕਰਨਾ, ਜਨਤਕ ਸੰਸਥਾਵਾਂ ਵਿੱਚ ਭਰਤੀਆਂ ਕਰ ਕੇ ਲੋਕਾਂ ਹੱਥ ਰੁਜ਼ਗਾਰ ਦੇਣ ਦੇ ਨਾਲ ਨਾਲ ਸਮਾਜਕ ਤੇ ਮਨੋਵਿਗਿਆਨਕ ਕਾਉਂਸਲਿੰਗ ਦੀ ਵੀ ਜ਼ਰੂਰਤ ਹੈ ਤਾਂ ਜੋ ਸਮਾਜ ਨੂੰ ਮਾਰੂ ਰੁਝਾਨਾਂ ਤੋਂ ਬਚਾਇਆ ਜਾ ਸਕੇ।

* ਸਾਬਕਾ ਪ੍ਰੋਫੈਸਰ, ਸਮਾਜ ਵਿਗਿਆਨ, ਪੀ.ਏ.ਯੂ, ਲੁਧਿਆਣਾ

ਸੰਪਰਕ: 94177-15730

Advertisement
×