ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ : The Tribune India

ਆਰਥਿਕ ਝਰੋਖਾ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਟੀਐੱਨ ਨੈਨਾਨ

ਟੀਐੱਨ ਨੈਨਾਨ

ਇਕ ਸਮਾਂ ਹੁੰਦਾ ਸੀ ਜਦੋਂ ਅੱਛੇ ਖਾਸੇ ਸਮੀਖਿਅਕ ਲੜਖੜਾਉਂਦੇ ਭਾਰਤੀ ਅਰਥਚਾਰੇ ਬਾਬਤ ਕਿਹਾ ਕਰਦੇ ਸਨ ਕਿ ਵਕਤੀ ਤੌਰ ‘ਤੇ ਭਾਵੇਂ ਉਹ ਇਸ ਬਾਰੇ ਨਾਉਮੀਦ ਹਨ ਪਰ ਦੀਰਘਕਾਲ ਰੂਪ ਵਿਚ ਆਸਵੰਦ ਹਨ। ਹੁਣ ਇਸ ਨਜ਼ਰੀਏ ਨੂੰ ਉਲਟਾ ਗੇੜ ਆ ਗਿਆ ਜਾਪਦਾ ਹੈ। ਬਹੁਤੇ ਲੋਕ ਵਕਤੀ ਤੌਰ ‘ਤੇ ਆਸਵੰਦ ਬਣ ਗਏ ਹਨ ਪਰ ਦੀਰਘਕਾਲ ਲਿਹਾਜ਼ ਤੋਂ ਨਾਉਮੀਦ ਹੋ ਗਏ ਹਨ। ਤੁਸੀਂ ਇਹ ਦਲੀਲ ਦੇ ਸਕਦੇ ਹੋ ਕਿ ਜੇ ਅਸੀਂ ਅਲਪਕਾਲ ਦੀਆਂ ਕੜੀਆਂ ਨੂੰ ਸੰਭਾਲ ਲਈਏ ਤਾਂ ਦੀਰਘਕਾਲ ਵੀ ਆਪਣੇ ਆਪ ਸੁਧਰ ਜਾਵੇਗਾ। ਪਰ ਇਸ ਦਲੀਲ ‘ਤੇ ਗ਼ੌਰ ਫਰਮਾਓ।

ਭਾਰਤੀ ਅਰਥਚਾਰਾ ਇਸ ਵਕਤ ਜ਼ਾਹਰਾ ਤੌਰ ‘ਤੇ ਬਹੁਤ ਚੰਗੀ ਕਾਰਗੁਜ਼ਾਰੀ ਦਿਖਾ ਰਿਹਾ ਹੈ। ਵੱਡੇ ਅਰਥਚਾਰਿਆਂ ’ਚੋਂ ਇਹ ਉਦੋਂ ਸਭ ਤੋਂ ਤੇਜ਼ ਰਫ਼ਤਾਰ ਨਾਲ ਵਿਕਾਸ ਕਰਨ ਵਾਲਾ ਅਰਥਚਾਰਾ ਹੈ (ਜਿਵੇਂ ਕਿ ਇਹ ਇਕ ਵਾਰ ਪਹਿਲਾਂ ਵੀ ਥੋੜ੍ਹੀ ਦੇਰ ਲਈ ਬਣਿਆ ਰਿਹਾ ਹੈ) ਜਦੋਂ ਜਪਾਨੀ ਤੇ ਬਰਤਾਨਵੀ ਅਰਥਚਾਰੇ ਸੁੰਗੜ ਰਹੇ ਹਨ। ਇਵੇਂ ਹੀ ਸੱਜਰੀ ਤਿਮਾਹੀ ਤੱਕ ਅਮਰੀਕੀ ਅਰਥਚਾਰੇ ਵਿਚ ਇਹ ਰੁਝਾਨ ਦੇਖਣ ਨੂੰ ਮਿਲਿਆ ਹੈ ਅਤੇ ਯੂਰੋ ਖਿੱਤੇ ਦਾ ਅਰਥਚਾਰਾ ਚਪਾਤੀ ਵਾਂਗ ਸਪਾਟ ਹੈ। ਪੱਛਮ ਦੇ ਮੋਹਰੀ ਅਰਥਚਾਰਿਆਂ ਦੇ ਮੁਕਾਬਲੇ ਭਾਰਤ ਅੰਦਰ ਮਹਿੰਗਾਈ ਦਰ ਵੀ ਨਿਸਬਤਨ ਨੀਵੀਂ ਹੈ। ਵਪਾਰਕ ਮੁਹਾਜ਼ ‘ਤੇ ਭਾਰਤ ਦਾ ਚਲੰਤ ਖਾਤਾ ਘਾਟਾ ਅਮਰੀਕਾ ਜਾਂ ਬਰਤਾਨੀਆ ਨਾਲੋਂ ਘੱਟ ਚਲਦਾ ਆ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿਚ ਗਿਰਾਵਟ ਹੋਰਨਾਂ ਕਰੰਸੀਆਂ ਨਾਲੋਂ ਘੱਟ ਆਈ ਹੈ। ਇਸ ਲਈ ਇਹ ਵਰਤਾਰਾ ਮਹਿਜ਼ ਵਿਕਾਸ ਦੀ ਕਹਾਣੀ ਤੱਕ ਸੀਮਤ ਨਹੀਂ ਹੈ ਸਗੋਂ ਆਰਥਿਕ ਸਥਿਰਤਾ ਦੇ ਲਿਹਾਜ਼ ਤੋਂ ਵੀ ਹੋਰਨਾਂ ਵੱਡੇ ਅਰਥਚਾਰਿਆਂ ਦੇ ਮੁਕਾਬਲੇ ਭਾਰਤ ਦੀ ਕਾਰਗੁਜ਼ਾਰੀ ਬਿਹਤਰ ਰਹੀ ਹੈ ਜੋ ਕਿ ਲਾਜ਼ਮੀ ਤੌਰ ‘ਤੇ ਪਹਿਲੀ ਵਾਰ ਹੋਇਆ ਹੈ।

ਚੀਨ ਕਾਫ਼ੀ ਲੰਮੇ ਅਰਸੇ ਤੋਂ ਭਾਰਤ ‘ਤੇ ਹਾਵੀ ਰਿਹਾ ਹੈ ਪਰ ਹੁਣ ਇਸ ਦੇ ਵਿਕਾਸ ਦੀ ਗਤੀ ਮੱਠੀ ਪੈਂਦੀ ਜਾ ਰਹੀ ਹੈ। ਇਸ ਦੇ ਅਰਥਚਾਰੇ ਦੇ ਵਿਕਾਸ ਦੀ ਦਰ ਭਾਰਤ ਨਾਲੋਂ ਅੱਧੀ ਰਹਿਣ ਦਾ ਅਨੁਮਾਨ ਹੈ ਅਤੇ ਇਹ ਢਾਂਚਾਗਤ ਖ਼ਾਸਕਰ ਵਿੱਤੀ ਖੇਤਰ ਦੀਆਂ ਸਮੱਸਿਆਵਾਂ ਵਿਚ ਘਿਰਿਆ ਹੋਇਆ ਹੈ। ਭਾਰਤ ਨੇ ਤਜਰਬੇ ਤੋਂ ਸਬਕ ਸਿੱਖ ਲਿਆ ਸੀ ਕਿ ਨੁਕਸਾਨੀਆਂ ਬੈਲੈਂਸ ਸ਼ੀਟਾਂ ਨੂੰ ਠੀਕ ਕਰਨ ਲਈ ਕਿੰਨਾ ਸਮਾਂ ਲੱਗ ਸਕਦਾ ਹੈ। ਇਸ ਦੌਰਾਨ, ਜਪਾਨ ਇਕ ਵੱਖਰੀ ਤਰ੍ਹਾਂ ਦੀ ਕਾਰਗੁਜ਼ਾਰੀ ਦਰਸਾ ਰਿਹਾ ਹੈ ਜਿੱਥੇ ਮਹਿੰਗਾਈ ਦਰ ਨੀਵੀਂ ਹੈ ਤੇ ਦੀਰਘਕਾਲੀ ਚਲੰਤ ਖਾਤਾ ਸਰਪਲੱਸ ਹੈ ਪਰ ਇਸ ਵਿਚ ਗਤੀਸ਼ੀਲਤਾ ਦੀ ਘਾਟ ਰੜਕ ਰਹੀ ਹੈ। ਇੰਝ ਇਹ ਕਹਿਣ ਦੀ ਲੋੜ ਨਹੀਂ ਕਿ ਭਾਵੇਂ ਭਾਰਤ ਦੀ ਪ੍ਰਤੀ ਜੀਅ ਆਮਦਨ ਬਹੁਤ ਹੀ ਘੱਟ ਹੈ ਪਰ ਇਨ੍ਹਾਂ ਸਾਰੇ ਮੁਲਕਾਂ ਦੇ ਮੁਕਾਬਲੇ ਇਹ ਵਿਕਾਸ ਦੇ ਇਕ ਵੱਖਰੇ ਪੱਧਰ ‘ਤੇ ਚੱਲ ਰਿਹਾ ਹੈ। ਪਰ ਜੇ ਨੇੜ ਭਵਿੱਖ ਦੇ ਲਿਹਾਜ਼ ਤੋਂ ਵੇਖਿਆ ਜਾਵੇ ਤਾਂ ਇਸ ਦੀ ਆਰਥਿਕ ਵਿਕਾਸ ਦਰ ਆਲਮੀ ਔਸਤ ਨਾਲੋਂ ਦੁੱਗਣੀ ਹੋ ਸਕਦੀ ਹੈ ਹਾਲਾਂਕਿ ਰਿਜ਼ਰਵ ਬੈਂਕ ਦਾ ਬਹੁਤਾ ਜ਼ੋਰ ਮਹਿੰਗਾਈ ਦਰ ‘ਤੇ ਕਾਬੂ ਪਾਉਣ ‘ਤੇ ਲੱਗਿਆ ਹੋਇਆ ਹੈ ਤੇ ਚਲੰਤ ਖਾਤਾ ਘਾਟੇ ਨਾਲ ਸਿੱਝਣ ਲਈ ਪੂੰਜੀ ਦੀ ਆਮਦ ਤੇ ਵਿਦੇਸ਼ੀ ਮੁਦਰਾ ਭੰਡਾਰ ਦੀ ਮਾਤਰਾ ਚੋਖੀ ਬਣੀ ਹੋਈ ਹੈ। ਦੂਜੇ ਬੰਨੇ, ਅਜਿਹੇ ਸਮੇਂ ਜਦੋਂ ਪਿਛਲੇ ਕਰੀਬ ਇਕ ਦਹਾਕੇ ਤੋਂ ਬਰਤਾਨੀਆ ਦੇ ਗ਼ਲਤ ਕਦਮਾਂ ਕਰ ਕੇ ਇਸ ਦੇ ਜੀਵਨ ਦੇ ਮਿਆਰ ਡਿੱਗ ਰਹੇ ਹਨ ਤੇ ਕਈ ਤਕਲੀਫ਼ਦੇਹ ਵਿਕਲਪਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ, ਚੀਨ ਦਾ ਆਰਥਿਕ ਵਿਕਾਸ ਵੀ ਆਲਮੀ ਔਸਤ ਤੋਂ ਹੇਠਾਂ ਜਾ ਸਕਦਾ ਹੈ ਅਤੇ ਅਮਰੀਕਾ ਆਪਣੀ ਸਿਆਸੀ ਉਲਝਣ ਤਾਣੀ ਵਿਚ ਫਸਿਆ ਹੋਇਆ ਹੈ, ਤਾਂ ਪੱਛਮ ਦੇ ਪ੍ਰਮੁੱਖ ਅਰਥਚਾਰਿਆਂ ‘ਤੇ ਮੰਦੀ ਦੇ ਬੱਦਲ ਸੰਘਣੇ ਹੁੰਦੇ ਜਾ ਰਹੇ ਹਨ।

ਘਰੋਗੀ ਤੌਰ ‘ਤੇ ਸਰਕਾਰ ਲਗਾਤਾਰ ਨਵੀਆਂ ਪਹਿਲਕਦਮੀਆਂ ਲੈਣ ਵਿਚ ਰੁੱਝੀ ਹੋਈ ਹੈ, ਦੇਸ਼ ਨੂੰ ਨਿਰਮਾਣ ਦੀ ਧੁਰੀ ਬਣਾਉਣ ਲਈ ਪ੍ਰੇਰਕ ਦਿੱਤੇ ਜਾ ਰਹੇ ਹਨ ਅਤੇ ਟ੍ਰਾਂਸਪੋਰਟ ਤੇ ਦੂਰਸੰਚਾਰ ਬੁਨਿਆਦੀ ਢਾਂਚੇ ਵਿਚ ਬੇਮਿਸਾਲ ਨਿਵੇਸ਼ ਹੋ ਰਿਹਾ ਹੈ। ਕੌਮਾਂਤਰੀ ਮੰਚ ‘ਤੇ ਇਸ ਦੀ ਕਾਰਗੁਜ਼ਾਰੀ ਨਾਲ ਇਹੋ ਜਿਹੇ ਬੱਝਵੇਂ ਉਪਰਾਲਿਆਂ ਨੂੰ ਬਲ ਮਿਲਿਆ ਹੈ। ਯੂਕਰੇਨ ਸੰਕਟ ਮੁਤੱਲਕ ਢੁਕਵਾਂ ਰੁਖ਼ ਅਪਣਾਇਆ ਗਿਆ, ਜਲਵਾਯੂ ਤਬਦੀਲੀ ਨਾਲ ਸਿੱਝਣ ਲਈ ਆਪਣੀ ਖੇਡ ਵਿਚ ਲਗਾਤਾਰ ਸੁਧਾਰ ਲਿਆਂਦਾ ਗਿਆ ਅਤੇ ਪਿਛਲੇ ਹਫ਼ਤੇ ਹੋਏ ਜੀ-20 ਸਿਖਰ ਸੰਮੇਲਨ ਮੌਕੇ ਇਸ ਵਲੋਂ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਗਈ ਹੈ। ਇਸ ਤੋਂ ਮਹਿਸੂਸ ਹੁੰਦਾ ਹੈ ਕਿ ਦੇਸ਼ ਨੂੰ ਪਤਾ ਹੈ ਕਿ ਉਹ ਕੀ ਕਰ ਰਿਹਾ ਹੈ ਜਦਕਿ ਕੁਝ ਅਮੀਰ ਦੇਸ਼ਾਂ ਨੂੰ ਇਸ ਦੀ ਘਾਟ ਰੜਕ ਰਹੀ ਹੈ।

ਤਾਂ ਫਿਰ ਕੀ ਕਾਰਨ ਹੈ ਕਿ ਬਹੁਤ ਸਾਰੇ ਸਮੀਖਿਅਕਾਂ ਲਈ ਵਰਤਮਾਨ ਹਾਲਾਤ ਬਾਰੇ ਆਸ਼ਾਵਾਦ ਦੀ ਨਿਗਾਹ ਬਹੁਤੀ ਦੂਰ ਤੱਕ ਨਹੀਂ ਜਾਂਦੀ? ਆਮ ਤੌਰ ‘ਤੇ ਇਹ ਭਖਵੇਂ ਮੁੱਦਿਆਂ ਦੀ ਮਾਰ ਹੇਠ ਹੈ ਜਿਨ੍ਹਾਂ ’ਚੋਂ ਸਭ ਤੋਂ ਅਹਿਮ ਹੈ ਢਾਂਚਾਗਤ ਬੇਰੁਜ਼ਗਾਰੀ ਦੀ ਸਮੱਸਿਆ, ਜਿਸ ‘ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੈ ਅਤੇ ਜੋ ਸਮਾਜਕ ਬਦਅਮਨੀ ਦਾ ਮੂਲ ਕਾਰਨ ਵੀ ਬਣੀ ਹੋਈ ਹੈ। ਇਸ ਦੇ ਨਾਲ ਹੀ ਸਿੱਖਿਆ ਤੇ ਸਿਹਤ ਸੰਭਾਲ ਦੀ ਮਾੜੀ ਦਸ਼ਾ ਅਤੇ ਕੁਪੋਸ਼ਣ ਦੀ ਘਾਟ ਜਿਹੀਆਂ ਸਮੱਸਿਆਵਾਂ ਵੀ ਮੌਜੂਦ ਹਨ, ਜਿਨ੍ਹਾਂ ਕਰ ਕੇ ਬੱਚਿਆਂ ਦਾ ਸਹੀ ਵਾਧਾ ਨਹੀਂ ਹੋ ਪਾਉਂਦਾ, ਜਿਨ੍ਹਾਂ ਨੇ ਭਵਿੱਖ ਦੀ ਕਿਰਤ ਸ਼ਕਤੀ ਦਾ ਰੂਪ ਧਾਰਨ ਕਰਨਾ ਹੁੰਦਾ ਹੈ। ਇਹ ਜਾਣਨ ਲਈ ਕਿਸੇ ਗਹਿਰੇ ਅਧਿਐਨ ਦੀ ਲੋੜ ਨਹੀਂ ਹੈ ਕਿ ਇਸ ਕਿਸਮ ਦੇ ਪਿਛਾਂਹਖਿੱਚੂ ਕਾਰਕਾਂ ਦੇ ਹੁੰਦਿਆਂ ਦੇਸ਼ ਤਰੱਕੀ ਦੀ ਆਪਣੀ ਰਫ਼ਤਾਰ ਨੂੰ ਬਰਕਰਾਰ ਰੱਖਣ ਜਾਂ ਇਸ ਵਿਚ ਹੋਰ ਸੁਧਾਰ ਲਿਆਉਣ ਦੀ ਉਮੀਦ ਨਹੀਂ ਕਰ ਸਕਦਾ। ਇਨ੍ਹਾਂ ਤੋਂ ਇਲਾਵਾ ਕੁਝ ਅਜਿਹੇ ਮੁੱਦਿਆਂ ਦਾ ਇਕ ਤੀਜਾ ਸਮੂਹ ਵੀ ਹੈ ਜੋ ਪਾਇਲਟ ਦੀ ਗ਼ਲਤੀ ਨੂੰ ਰੋਕਣ ਲਈ ਬਣੇ ਸਿਸਟਮ ਵਿਚਲੇ ਸੁਰੱਖਿਆ ਉਪਬੰਧਾਂ ਦੀ ਸੀਮਤ ਜਿਹੀ ਕੜੀ ਨਾਲ ਜੁੜੇ ਹੋਏ ਹਨ।

ਇਸ ਕਿਸਮ ਦੇ ਮੁੱਦਿਆਂ ਬਾਬਤ ਦੀਰਘਕਾਲੀ ਨਿਰਾਸ਼ਾਵਾਦ ਦੇ ਸਮੀਖਿਅਕਾਂ ਦੇ ਤੌਖਲਿਆਂ ਨੂੰ ਉਨ੍ਹਾਂ ਲੋਕਾਂ ਵਲੋਂ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਜੋ ਸਰਕਾਰ ਦੇ ਸਿਆਸੀ ਤੇ ਸਮਾਜਕ ਟੀਚਿਆਂ ਨਾਲ ਜੁੜੇ ਹੋਏ ਹਨ। ਇਹ ਲੋਕ ਇਸ ਗੱਲੋਂ ਬਹੁਤ ਉਤਸ਼ਾਹਿਤ ਹਨ ਕਿ ਇਹ ਭਾਰਤ ਦਾ ਦਹਾਕਾ ਹੈ ਕਿਉਂਕਿ ਚਲੰਤ ਚੜ੍ਹਤ ‘ਤੇ ਅਸਰਅੰਦਾਜ਼ ਹੋਣ ਵਾਲੇ ਕਾਰਕ ਆਰਜ਼ੀ ਨਹੀਂ ਤੇ ਇਸ ਕਰ ਕੇ ਪ੍ਰਤੀ ਜੀਅ ਆਮਦਨ ਪੱਖੋਂ ਦਰਮਿਆਨੀ ਆਮਦਨ ਵਾਲਾ ਦਰਜਾ (ਮੌਜੂਦਾ 2400 ਡਾਲਰ ਦੇ ਮੁਕਾਬਲੇ 4000 ਤੋਂ ਜ਼ਿਆਦਾ ਪ੍ਰਤੀ ਜੀਅ ਆਮਦਨ) ਪਹੁੰਚ ਵਿਚ ਜਾਪਦਾ ਹੈ। ਉਂਝ, ਇਹ ਗੱਲ ਵੀ ਉਂਨੀ ਹੀ ਸੱਚ ਹੈ ਕਿ ਬਿਹਤਰ ਸੰਤੁਲਨ ਤੇ ਰਫ਼ਤਾਰ ਹਾਸਲ ਕਰਨ ਲਈ ਸਿਸਟਮ ਦੇ ਕੰਟਰੋਲਾਂ ’ਚ ਭਰਵਾਂ ਸੁਧਾਰ ਕਰਨਾ ਪੈਣਾ ਹੈ। ਜੇ ਇੰਝ ਨਾ ਕੀਤਾ ਗਿਆ ਤਾਂ ਸਿਸਟਮ ਦਾ ਬੋਝ ਵਧ ਜਾਵੇਗਾ ਅਤੇ ਅਜਿਹੀ ਉਥਲ-ਪੁਥਲ ਪੈਦਾ ਹੋਵੇਗੀ ਜਿਸ ਦਾ ਕਿਆਸ ਨਹੀਂ ਲਾਇਆ ਜਾ ਸਕਦਾ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All