ਸੈਕੰਡਰੀ ਸਿੱਖਿਆ ਦੇ ਪਾਠਕ੍ਰਮ ’ਚ ਕਟੌਤੀ ਦੇ ਮਾਇਨੇ

ਸੈਕੰਡਰੀ ਸਿੱਖਿਆ ਦੇ ਪਾਠਕ੍ਰਮ ’ਚ ਕਟੌਤੀ ਦੇ ਮਾਇਨੇ

ਡਾ. ਕੁਲਦੀਪ ਪੁਰੀ

ਡਾ. ਕੁਲਦੀਪ ਪੁਰੀ

ਆਪਣੇ ਸਹਿਜ ਦਸਤੂਰ ਵਿਚ ਚੱਲ ਰਹੀ ਸਿੱਖਿਆ ਵਿਵਸਥਾ ਵਿਚ ਕਰੋਨਾ ਮਹਾਮਾਰੀ ਨੇ ਗਹਿਰਾ ਵਿਘਨ ਪਾਇਆ ਹੈ। ਇਸ ਨਾਲ ਸਕੂਲ ਕਾਲਜ ਪਿਛਲੇ ਤਕਰੀਬਨ ਤਿੰਨ ਮਹੀਨਿਆਂ ਤੋਂ ਬੰਦ ਪਏ ਹਨ ਅਤੇ ਅਜੇ ਵੀ ਕੋਈ ਸੁਖਾਵੀਂ ਸੂਰਤ ਨੇੜੇ-ਤੇੜੇ ਨਜ਼ਰ ਨਹੀਂ ਆ ਰਹੀ। ਮੁਸ਼ਕਿਲ ਦੀ ਇਸ ਘੜੀ ਵਿਚ ਅਧਿਆਪਕਾਂ ਨੇ ਤਕਨਾਲੋਜੀ ਦੇ ਨਾਜ਼ੁਕ ਆਸਰੇ ਤੇ ਟਿਕੇ ਬਦਲਵੇਂ ਪ੍ਰਬੰਧਾਂ ਰਾਹੀਂ ਦੂਰੋਂ ਹੀ ਘਰ ਬੈਠਣ ਲਈ ਮਜਬੂਰ ਹੋ ਗਏ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਉਪਰਾਲੇ ਤਾਂ ਕੀਤੇ ਹਨ; ਨਿਰਸੰਦੇਹ ਇਹ ਬਦਲਵੇਂ ਪ੍ਰਬੰਧ ਬਾਕਾਇਦਾ ਸਕੂਲ ਵਿਚ ਅਧਿਆਪਕਾਂ ਦੇ ਰੂਬਰੂ ਅਤੇ ਸਾਥੀ ਵਿਦਿਆਰਥੀਆਂ ਦੀ ਸੰਗਤ ਵਿਚ ਬੈਠ ਕੇ ਪ੍ਰਾਪਤ ਕੀਤੀ ਵਿਦਿਆ ਦੇ ਮੇਚ ਦੇ ਤਾਂ ਹੋ ਹੀ ਨਹੀਂ ਸਕਦੇ ਸਨ। ਅਧਿਆਪਕਾਂ ਦੇ ਇਨ੍ਹਾਂ ਜਤਨਾਂ ਦੇ ਬਾਵਜੂਦ ਦੂਰ ਦੁਰਾਡੇ ਬਹੁਤੀਆਂ ਥਾਵਾਂ ਉੱਤੇ ਟੁੱਟਵੀਂ ਇੰਟਰਨੈਟ ਪਹੁੰਚ ਹੋਣ ਕਰ ਕੇ ਬੱਚਿਆਂ ਦੀ ਵੱਡੀ ਗਿਣਤੀ ਇਸ ਸਿੱਖਿਆ ਦਾ ਲਗਾਤਾਰ ਲਾਭ ਲੈਣ ਦੇ ਕਾਬਿਲ ਨਾ ਹੋ ਸਕੀ। ਕਮਜ਼ੋਰ ਆਰਥਿਕ ਹੈਸੀਅਤ ਵਾਲੇ ਮਾਪਿਆਂ ਦੇ ਬੱਚੇ ਤਾਂ ਲੋੜੀਂਦੇ ਉਪਕਰਨਾਂ ਦੀ ਅਣਹੋਂਦ ਕਰ ਕੇ ਇਸ ਦਾਇਰੇ ਵਿਚੋਂ ਬਾਹਰ ਹੋ ਹੀ ਗਏ ਅਤੇ ਅਜੇ ਵੀ ਬਾਹਰ ਹੀ ਹਨ।

ਦੁਨੀਆਂ ਭਰ ਦੇ ਮੁਲਕ ਆਪਣੇ ਬੱਚਿਆਂ ਨੂੰ ਇਸ ਮਹਾਮਾਰੀ ਦੇ ਅਸਰਾਂ ਤੋਂ ਸੰਭਾਲ ਕੇ ਰੱਖਣ ਦੇ ਨਾਲ ਨਾਲ ਉਨ੍ਹਾਂ ਦੀ ਪੜ੍ਹਾਈ ਦੀ ਵਿਵਸਥਾ ਮੁੜ ਲੀਹ ਤੇ ਲਿਆਉਣ ਦੇ ਉਪਰਾਲਿਆਂ ਵਿਚ ਰੁੱਝੇ ਹੋਏ ਹਨ। ਭਾਰਤ ਵਿਚ ਵੀ ਅਗਲੇ ਵਿਦਿਅਕ ਸਾਲ ਵਿਚ ਅਪਣਾਏ ਜਾਣ ਵਾਲੇ ਤੌਰ ਤਰੀਕਿਆਂ ਬਾਰੇ ਸੋਚ ਵਿਚਾਰ ਚੱਲ ਰਹੀ ਹੈ। ਇਸੇ ਸਿਲਸਿਲੇ ਦੀ ਕੜੀ ਵਜੋਂ ਵਿਦਿਆਰਥੀਆਂ ਉੱਪਰ ਪੜ੍ਹਾਈ ਦੇ ਤਣਾਅ ਨੂੰ ਘਟਾਉਣ ਦੇ ਤਰਕ ਦਾ ਹਵਾਲਾ ਦੇ ਕੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਦੀ ਅਗਵਾਈ ਵਿਚ ਸੈਕੰਡਰੀ ਬੋਰਡ ਆਫ਼ ਸਕੂਲ ਐਜੂਕੇਸ਼ਨ (ਸੀਬੀਐੱਸਸੀ) ਨੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਭਾਸ਼ਾਵਾਂ, ਸਮਾਜਿਕ ਸਿੱਖਿਆ, ਵਿਗਿਆਨ ਸਿੱਖਿਆ, ਰਾਜਨੀਤੀ ਸ਼ਾਸਤਰ, ਇਤਿਹਾਸ, ਵਣਜ ਅਤੇ ਵਪਾਰ ਸਮੇਤ ਤਕਰੀਬਨ ਸਾਰੇ ਵਿਸ਼ਿਆਂ ਦੇ ਪਾਠਕ੍ਰਮ ਵਿਚ ਤੀਹ ਫੀਸਦੀ ਤੱਕ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਇਹ ਕਟੌਤੀ ਸਿਰਫ਼ ਵਿਦਿਅਕ ਸੈਸ਼ਨ 2020-21 ਵਾਸਤੇ ਹੀ ਕੀਤੀ ਗਈ ਹੈ।

ਪਾਠਕ੍ਰਮ ਦਾ ਭਾਰ ਹਲਕਾ ਕਰਨ ਲਈ ਕਈ ਅਤਿ ਮਹੱਤਵਪੂਰਨ ਅੰਸ਼ ਪਾਠ ਪੁਸਤਕਾਂ ਵਿਚੋਂ ਬਾਹਰ ਕਰ ਦਿੱਤੇ ਗਏ ਹਨ। ਮਿਸਾਲ ਦੇ ਤੌਰ ਤੇ ਨੌਵੀਂ ਜਮਾਤ ਦੇ ਵਿਦਿਆਰਥੀ ਜਨਸੰਖਿਆ, ਲੋਕਤੰਤਰੀ ਹੱਕਾਂ, ਸੰਵਿਧਾਨਕ ਬੁਣਤਰ, ਭੋਜਨ ਸੁਰੱਖਿਆ ਬਾਰੇ ਇਸ ਵਾਰ ਨਹੀਂ ਪੜ੍ਹਨਗੇ। ਦਸਵੀਂ ਜਮਾਤ ਦੇ ਸਮਾਜਿਕ ਗਿਆਨ ਵਿਸ਼ੇ ਵਿਚੋਂ ‘ਲੋਕਤੰਤਰ ਅਤੇ ਵੰਨ-ਸਵੰਨਤਾ (diversity), ਲੋਕਤੰਤਰ ਲਈ ਚੁਣੌਤੀਆਂ, ਜੈਂਡਰ, ਧਰਮ ਤੇ ਜਾਤ ਪ੍ਰਥਾ ਅਤੇ ਲੋਕ ਸੰਘਰਸ਼ ਤੇ ਲੋਕ ਲਹਿਰਾਂ, ਭਾਰਤ ਦੇ ਵਣਾਂ ਤੇ ਵਣ ਜੀਵਾਂ ਨਾਲ ਸੰਬੰਧਤ ਪਾਠ ਕੱਟ ਦਿੱਤੇ ਹਨ। ਮਨੁੱਖੀ ਅੱਖ ਦੀ ਸੰਰਚਨਾ ਅਤੇ ਡਾਰਵਿਨ ਦੇ ਵਿਕਾਸ ਸਿਧਾਂਤ ਨੂੰ ਵਿਗਿਆਨ ਦੇ ਸਿਲੇਬਸ ਵਿਚ ਰੱਖਣਾ ਜ਼ਰੂਰੀ ਨਹੀਂ ਸਮਝਿਆ ਗਿਆ। ਗਿਆਰਵੀਂ ਜਮਾਤ ਦੇ ਰਾਜਨੀਤੀ ਸ਼ਾਸਤਰ ਵਿਚੋਂ ਨਾਗਰਿਕਤਾ, ਰਾਸ਼ਟਰਵਾਦ, ਧਰਮ ਨਿਰਪੱਖਤਾ (secularism) ਅਤੇ ਸੰਘੀ ਢਾਂਚੇ ਨਾਲ ਸੰਬੰਧਤ ਪਾਠ ਹਟਾ ਦਿੱਤੇ ਗਏ ਹਨ। ਬਾਰ੍ਹਵੀਂ ਜਮਾਤ ਦੇ ਅਲੱਗ ਅਲੱਗ ਵਿਸ਼ਿਆਂ ਵਿਚੋਂ ਬਸਤੀਵਾਦ ਅਤੇ ਭਾਰਤ ਦੀ ਵੰਡ ਬਾਰੇ ਸਮਝ, ਵਿਸ਼ਵੀਕਰਨ ਤੇ ਸਮਾਜਿਕ ਤਬਦੀਲੀ, ਗੁਆਂਢੀ ਦੇਸ਼ਾਂ ਨਾਲ ਭਾਰਤ ਦੇ ਰਿਸ਼ਤੇ, ਖੇਤਰੀ ਤਾਂਘਾਂ (aspirations), ਕੌਮਾਂਤਰੀ ਵਪਾਰ, ਭੂਮੀ ਅਸਾਸੇ (resources) ਤੇ ਖੇਤੀਬਾੜੀ, ਪਲੈਨਿੰਗ ਕਮਿਸ਼ਨ ਅਤੇ ਪੰਜ ਸਾਲਾ ਯੋਜਨਾਵਾਂ ਇਤਿਆਦ ਹਟਾ ਦਿੱਤੇ ਗਏ ਹਨ। ਇਹ ਲੰਮੀ ਫਹਿਰਿਸਤ ਹੈ।

ਇਹ ਚੇਤੇ ਕਰਨਾ ਵਾਜਿਬ ਹੋਏਗਾ ਕਿ ਪਾਠਕ੍ਰਮ ਵਿਚ ਇਹ ਕਟੌਤੀ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨਸੀਈਆਰਟੀ) ਦੀਆਂ ਉਨ੍ਹਾਂ ਪਾਠ ਪੁਸਤਕਾਂ ਵਿਚ ਕੀਤੀ ਗਈ ਹੈ ਜਿਹੜੀਆਂ ਮੁਲਕ ਭਰ ਤੋਂ ਵੱਖ ਵੱਖ ਵਿਸ਼ਿਆਂ ਦੇ ਵਿਦਵਾਨਾਂ ਦੀ ਸ਼ਮੂਲੀਅਤ ਨਾਲ ਬਣਾਏ ਗਏ ਨੈਸ਼ਨਲ ਕਰਿਕੁਲਮ ਫਰੇਮਵਰਕ-2005 ਦੀ ਭਾਵਨਾ ਅਤੇ ਸਿੱਖਿਆ ਸਿਧਾਂਤਾਂ ਦੇ ਅਨੁਕੂਲ ਤਿਆਰ ਕੀਤੀਆਂ ਗਈਆਂ ਸਨ। ਵਿਵੇਚਨਾਤਮਕ ਸਿੱਖਿਆ ਸ਼ਾਸਤਰ (critical pedagogy) ਦੇ ਸੰਕਲਪ ਤੇ ਆਧਾਰਿਤ ਇਨ੍ਹਾਂ ਪਾਠ ਪੁਸਤਕਾਂ ਵਿਚ ਪਾਠਾਂ ਦੀ ਤਰਤੀਬ, ਪਾਠਾਂ ਵਿਚਲੇ ਤੱਥ ਤੇ ਤੱਥਾਂ ਦੀ ਪੇਸ਼ਕਾਰੀ ਦਾ ਅੰਦਾਜ਼ ਵਿਦਿਆਰਥੀਆਂ ਦੀ ਜਾਣਨ ਦੀ ਉਤਸੁਕਤਾ ਜਗਾਉਣ ਅਤੇ ਉਨ੍ਹਾਂ ਨੂੰ ਖੁਦ ਮਸਲਿਆਂ ਦੀ ਤਹਿ ਤੱਕ ਪਹੁੰਚਣ ਦਾ ਢੰਗ ਸਿਖਾਉਣ ਵਾਲਾ ਹੈ। ਇਨ੍ਹਾਂ ਪਾਠਾਂ ਦੀ ਬਣਤਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਮਾਤ ਦੇ ਕਮਰੇ ਵਿਚ ਅਤੇ ਬਾਹਰ, ਆਪਸੀ ਸੰਵਾਦ ਰਚਾਉਣ ਤੇ ਸਿੱਖਣ-ਸਿਖਾਉਣ ਦੀ ਨਰੋਈ ਪ੍ਰਕਿਰਿਆ ਨਾਲ ਜੋੜਦੀ ਹੈ। ਇਨ੍ਹਾਂ ਦੀ ਪ੍ਰਕਿਰਤੀ ਸਮਾਜਿਕ ਅਤੇ ਪਦਾਰਥਕ ਵਾਤਾਵਰਨ ਦੀਆਂ ਹਕੀਕਤਾਂ ਨਾਲ ਵਿਦਿਆਰਥੀਆਂ ਦੀ ਸਾਂਝ ਪੁਆਉਣ ਵਾਲੀ ਅਤੇ ਰੱਟੇ ਦੀ ਪਰੰਪਰਾ ਤੋਂ ਛੁਟਕਾਰਾ ਕਰਾਉਣ ਵਾਲੀ ਹੈ। ਸ਼ਰਤ ਸਿਰਫ਼ ਇਹ ਹੈ ਕਿ ਇਨ੍ਹਾਂ ਪੁਸਤਕਾਂ ਦੀ ਰੂਹ ਨਾਲ ਮੇਲ ਖਾਂਦੀ ਪੜ੍ਹਨ-ਪੜ੍ਹਾਉਣ ਵਾਲੀ ਪ੍ਰਕਿਰਿਆ ਅਪਣਾਈ ਜਾਵੇ।

ਕੇਂਦਰੀ ਮੰਤਰੀ ਦੇ ਕਥਨ ਅਨੁਸਾਰ ਉਨ੍ਹਾਂ ਨੇ ਜੂਨ ਮਹੀਨੇ ਲੋਕਾਂ ਤੋਂ ਸਕੂਲ ਪਾਠਕ੍ਰਮ ਦਾ ਭਾਰ ਹੌਲਾ ਕਰਨ ਬਾਰੇ ਸੁਝਾਅ ਮੰਗੇ ਸਨ ਅਤੇ ਇਸ ਦੇ ਹੁੰਗਾਰੇ ਵਿਚ ਪ੍ਰਾਪਤ ਹੋਏ ਤਕਰੀਬਨ ਪੰਦਰਾਂ ਸੌ ਸੁਝਾਵਾਂ ਦੇ ਆਧਾਰ ਤੇ ਵੱਖ ਵੱਖ ਗਿਆਨ ਸ਼ਾਖਾਵਾਂ ਨਾਲ ਜੁੜੇ ਵਿਸ਼ਿਆਂ ਵਿਚਲੀਆਂ ਮੂਲ ਧਾਰਨਾਵਾਂ ਨੂੰ ਬਰਕਰਾਰ ਰੱਖਦਿਆਂ ਹੋਇਆਂ ਪਾਠਕ੍ਰਮ ਨੂੰ ਤਰਕਸੰਗਤ ਬਣਾਇਆ ਹੈ। ਪਾਠਕ੍ਰਮ ਵਿਚ ਕੀਤੀਆਂ ਤਬਦੀਲੀਆਂ ਦਾ ਸਰੂਪ ਇਸ ਦੀ ਗਵਾਹੀ ਨਹੀਂ ਦਿੰਦਾ। ਇਹ ਸਵੀਕਾਰ ਕਰਨਾ ਮੁਸ਼ਕਿਲ ਹੋਵੇਗਾ ਕਿ ਕਟੌਤੀ ਕਰਨ ਲੱਗਿਆਂ ਵਿਸ਼ਿਆਂ ਦੀਆਂ ਮੂਲ ਧਾਰਨਾਵਾਂ ਨੂੰ ਬਰਕਰਾਰ ਰੱਖਿਆ ਗਿਆ ਹੈ। ਹਟਾ ਦਿੱਤੇ ਗਏ ਪਾਠਾਂ ਵਿਚ ਪੜ੍ਹਾਏ ਜਾਂਦੇ ਸੰਕਲਪ ਅਲੱਗ ਅਲੱਗ ਗਿਆਨ ਧਾਰਾਵਾਂ ਦੀ ਰੂਹ ਹਨ। ਵਿਦਿਆਰਥੀਆਂ ਉੱਤੇ ਬੋਝ ਹਲਕਾ ਕਰਨ ਹਿਤ ਇਨ੍ਹਾਂ ਪਾਠਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦੇਣ ਦੀ ਥਾਂ ਇਨ੍ਹਾਂ ਵਿਚਲੇ ਤੱਥਾਂ ਦੇ ਵਿਸਤਾਰ ਛੋਟੇ ਕਰ ਦੇਣਾ ਵਧੇਰੇ ਤਰਕ ਸੰਗਤ ਅਮਲ ਹੋ ਸਕਦਾ ਸੀ। ਇਨ੍ਹਾਂ ਵਿਸ਼ਿਆਂ ਦੀ ਗਹਿਰੀ ਸਮਝ ਹੀ ਨੌਜਵਾਨ ਪੀੜ੍ਹੀ ਨੂੰ ਭਵਿੱਖ ਦੇ ਨਿਰਮਾਣ ਲਈ ਤਿਆਰ ਕਰ ਸਕਦੀ ਹੈ। ਇੰਜ ਲੱਗਦਾ ਹੈ ਕਿ ਪਾਠਾਂ ਨੂੰ ਸਿਲੇਬਸ ਤੋਂ ਬਾਹਰ ਕਰਨ ਦਾ ਕੋਈ ਢੁਕਵਾਂ ਅਕਾਦਮਿਕ ਪੈਮਾਨਾ ਨਹੀਂ ਤੈਅ ਕੀਤਾ ਗਿਆ। ਪਹਿਲਾਂ ਹੀ ਇਕ ਢਾਂਚੇ ਵਿਚ ਗੁੰਦੇ ਹੋਏ ਪਾਠਕ੍ਰਮ ਦੀ ਤਰਤੀਬ ਨੂੰ ਅਸਥਿਰ ਕਰਨਾ ਉਸਰੀ ਹੋਈ ਇਮਾਰਤ ਵਿਚ ਤ੍ਰੇੜਾਂ ਪੈਦਾ ਕਰਨ ਦੇ ਤੁੱਲ ਹੈ।

ਸੀਬੀਐੱਸਸੀ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਜਿਹੜੇ ਵਿਸ਼ੇ ਹਟਾਏ ਗਏ ਹਨ, ਉਹ ਵਿਦਿਆਰਥੀ ਉਨ੍ਹਾਂ ਨੂੰ ਐੱਨਸੀਈਆਰਟੀ ਵੱਲੋਂ ਜਾਰੀ ਕੀਤੇ ਅੱਠ ਹਫਤਿਆਂ ਦੇ ਆਲਟਰਨੇਟ ਅਕੈਡਮਿਕ ਕੈਲੰਡਰ ਵਿਚ ਮੌਜੂਦ ਹਨ। ਉਨ੍ਹਾਂ ਪਾਠਾਂ ਨੂੰ ਪੜ੍ਹਨ ਦੇ ਇੱਛੁਕ ਵਿਦਿਆਰਥੀ ਉਸ ਕੈਲੰਡਰ ਦੀ ਮਦਦ ਲੈ ਸਕਦੇ ਹਨ। ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇਹ ਹਾਲਤ ਉਲਝਣ ਭਰੀ ਹੈ ਕਿ ਉਹ ਐੱਨਸੀਈਆਰਟੀ ਦੇ ਕੈਲੰਡਰ ਵੱਲ ਦੇਖਣ ਕਿ ਸੀਬੀਐੱਸਸੀ ਵੱਲੋਂ ਪਾਠਕ੍ਰਮ ਦੀ ਕਟੌਤੀ ਦਾ ਧਿਆਨ ਕਰਨ! ਦੋਹਾਂ ਸੰਸਥਾਵਾਂ ਨੂੰ ਇਸ ਗੱਲ ਦਾ ਨਿਬੇੜਾ ਕਰ ਕੇ ਸਥਿਤੀ ਸਾਫ਼ ਕਰ ਦੇਣੀ ਚਾਹੀਦੀ ਹੈ।

ਸੀਬੀਐੱਸਸੀ ਨੇ ਇਹ ਵੀ ਕਿਹਾ ਹੈ ਕਿ ਹਟਾ ਗਏ ਪਾਠਾਂ ਵਿਚੋਂ ਬੋਰਡ ਦੀ ਪ੍ਰੀਖਿਆ ਵਿਚ ਸਵਾਲ ਨਹੀਂ ਪੁੱਛੇ ਜਾਣਗੇ, ਭਾਵੇਂ ਅਧਿਆਪਕ ਇਨ੍ਹਾਂ ਪਾਠਾਂ ਬਾਰੇ ਵੀ ਵਿਦਿਆਰਥੀਆਂ ਨਾਲ ਚਰਚਾ ਕਰ ਸਕਦੇ ਹਨ। ਇਹ ਤਾਂ ਪਾਠਕ੍ਰਮ ਨੂੰ ਦੋ ਹਿੱਸਿਆਂ ਵਿਚ ਵੰਡ ਦੇਣ ਦੇ ਬਰਾਬਰ ਹੋਇਆ ਜਿੱਥੇ ਇੱਕ ਹਿੱਸੇ ਵਿਚੋਂ ਸਾਲਾਨਾ ਪ੍ਰੀਖਿਆ ਵਿਚ ਸਵਾਲ ਪੁੱਛੇ ਜਾਣਗੇ ਅਤੇ ਦੂਜੇ ਹਿੱਸੇ ਵਿਚੋਂ ਨਹੀਂ। ਜਦੋਂ ਪਾਠਾਂ ਵਿਚ ਕਟੌਤੀ ਹੀ ਵਿਦਿਆਰਥੀਆਂ ਦੇ ਪੜ੍ਹਾਈ ਦੇ ਬੋਝ ਅਤੇ ਤਣਾਅ ਨੂੰ ਹਲਕਾ ਕਰਨ ਲਈ ਕੀਤੀ ਦੱਸੀ ਗਈ ਹੈ ਤਾਂ ਇਹ ਸੰਭਾਵਨਾ ਹੀ ਕਿੱਥੇ ਬਚਦੀ ਹੈ ਕਿ ਇਮਤਿਹਾਨ ਦੇ ਦਾਇਰੇ ਵਿਚੋਂ ਬਾਹਰ ਕਰ ਦਿੱਤੇ ਗਏ ਪਾਠਾਂ ਵੱਲ ਕੋਈ ਗੌਰ ਕਰੇਗਾ? ਇਹ ਪਹੁੰਚ ਪ੍ਰੀਖਿਆ ਵਿਚ ਅੰਕ ਪ੍ਰਾਪਤ ਕਰਨ ਨੂੰ ਹੀ ਸਿੱਖਿਆ ਦਾ ਮੂਲ ਉਦੇਸ਼ ਮੰਨਣ ਵਾਲੀ ਪਰੰਪਰਾਗਤ ਸੋਚ ਦਾ ਪ੍ਰਗਟਾਵਾ ਕਰਦੀ ਹੈ।

ਜ਼ਾਹਿਰਾ ਤੌਰ ਤੇ ਕਟੌਤੀ ਪ੍ਰਕਿਰਿਆ ਕਰੋਨਾ ਦੀ ਮਾਰ ਕਰ ਕੇ ਅਪਣਾਈ ਗਈ ਹੈ ਲੇਕਿਨ ਇਸ ਦੇ ਸੰਕੇਤ ਕੌਮੀ ਸਿੱਖਿਆ ਨੀਤੀ-2019 ਦੇ ਜਾਰੀ ਕੀਤੇ ਖਰੜੇ ਵਿਚੋਂ ਮਿਲਦੇ ਹਨ ਜਿਸ ਤੋਂ ਸਹਿਜੇ ਹੀ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਕੇਂਦਰੀ ਮਨੁੱਖੀ ਸਰੋਤਾਂ ਦੇ ਵਿਕਾਸ ਵਾਲੇ ਮੰਤਰਾਲੇ ਨੇ ਸਕੂਲ ਸਿੱਖਿਆ ਦੇ ਸਮੁੱਚੇ ਪਾਠਕ੍ਰਮ ਨੂੰ ਛੋਟਾ ਕਰਨ ਬਾਰੇ ਪਹਿਲਾਂ ਤੋਂ ਹੀ ਨਿਸ਼ਚਿਤ ਸਮਝ ਬਣਾਈ ਹੋਈ ਸੀ। ਪਾਠਕ੍ਰਮ ਵਿਚ ਕੀਤੀ ਮੌਜੂਦਾ ਕਟੌਤੀ ਦੇ ਕੇਵਲ ਕਰੋਨਾ ਸੰਕਟ ਕਾਲ ਦੀ ਪ੍ਰਕਿਰਿਆ ਨਾ ਹੋ ਕੇ ਆਉਣ ਵਾਲੇ ਸਾਲਾਂ ਲਈ ਪੱਕੀ ਲੀਹ ਬਣ ਜਾਣ ਦੀ ਸੰਭਾਵਨਾ ਫ਼ਿਕਰ ਪੈਦਾ ਕਰਦੀ ਹੈ।

ਅੱਠ ਹਫਤਿਆਂ ਵਿਚ ਪੜ੍ਹਾਈ ਪੂਰੀ ਕਰਨ ਲਈ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਬਣਾਏ ਆਲਟਰਨੇਟ ਅਕੈਡਮਿਕ ਕੈਲੰਡਰ ਵਿਚ ਵਿਦਿਆਰਥੀਆਂ ਲਈ ਡਿਜੀਟਲ ਸਰੋਤਾਂ ਦਾ ਪ੍ਰਯੋਗ ਕਰਨ ਲਈ ਦਿੱਤੇ ਹਵਾਲੇ ਸਕੂਲ ਪੱਧਰ ਤੇ ਵੀ ਆਨਲਾਈਨ ਸਿੱਖਿਆ ਨੂੰ ਹੁਲਾਰਾ ਦੇਣ ਵੱਲ ਇਸ਼ਾਰਾ ਕਰਦੇ ਹਨ। ਬੁਨਿਆਦੀ ਪੱਧਰ ਤੇ ਅਕਾਦਮਿਕ ਸਰੋਕਾਰਾਂ ਨੂੰ ਅੱਖੋਂ ਪਰੋਖੇ ਕਰ ਕੇ ਚਾਰੇ ਪਾਸੇ ਅਜਿਹੇ ਆਨਲਾਈਨ ਸਾਧਨਾਂ ਦੁਆਰਾ ਸਿੱਖਿਆ ਦੇਣ ਦੇ ਕਰਮ ਨੂੰ ਸਮੁੱਚੀ ਸਿੱਖਿਆ ਦੇ ਭਵਿੱਖ ਵਜੋਂ ਪ੍ਰਚਾਰੇ ਅਤੇ ਪ੍ਰਸਾਰੇ ਜਾਣ ਦੇ ਜਤਨ ਜਾਰੀ ਹਨ। ਸਰਕਾਰ ਦਾ ਨੀਤੀਗਤ ਸਮਰਥਨ ਅਤੇ ਮੁਨਾਫ਼ਾ ਭਾਲਦੇ ਬਾਜ਼ਾਰ ਦਾ ਅਤਿ ਉਤਸ਼ਾਹ ਇਨ੍ਹਾਂ ਕੋਸ਼ਿਸ਼ਾਂ ਨੂੰ ਬਲ ਬਖਸ਼ਦਾ ਹੈ ਲੇਕਿਨ ਬੱਚਿਆਂ ਦੇ ਸਰਬ ਪੱਖੀ ਵਾਧੇ ਅਤੇ ਵਿਕਾਸ ਦੀ ਖਾਤਿਰ ਸਕੂਲ ਸਿੱਖਿਆ ਦੇ ਪਾਠਕ੍ਰਮ ਵਿਚ ਕਥਿਤ ਸੁਧਾਰ ਅਤੇ ਪਹਿਲੀ ਜਮਾਤ ਤੋਂ ਹੀ ਆਨਲਾਈਨ ਸਿੱਖਿਆ ਵੱਲ ਮੁੜਨ ਦੇ ਟੀਚੇ ਮੁਲਕ ਭਰ ਵਿਚ ਵਧੇਰੇ ਵਿਆਪਕ ਅਤੇ ਗੰਭੀਰ ਚਰਚਾ ਦੀ ਮੰਗ ਕਰਦੇ ਹਨ।

*ਲੇਖਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਪ੍ਰੋਫ਼ੈਸਰ ਹੈ।

ਸੰਪਰਕ: 98729-44552

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਸੁਸ਼ਾਂਤ ਨੂੰ ਬਾਈਪੋਲਰ ਡਿਸਆਡਰ ਸੀ: ਮੁੰਬਈ ਪੁਲੀਸ

ਬਿਹਾਰ ਦੇ ਨੇਤਾਵਾਂ ਨੇ ਸੀਬੀਆਈ ਜਾਂਚ ਮੰਗੀ

ਸ਼ਹਿਰ

View All