DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਗਬਾਜ਼ਾਂ ਦੀ ਸਿਆਸਤ ’ਚ ਧੀਆਂ ਦੀ ਬਲੀ

ਫਰਵਰੀ ਮਹੀਨੇ ਦੇ ਆਖ਼ਰੀ ਦਿਨ ਅਮਰੀਕਾ-ਇਜ਼ਰਾਈਲ ਦੀ ਇਰਾਨ ਨਾਲ ਜੰਗ ਇੱਕ ਬਹੁਤ ਹੀ ਭਿਆਨਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਨਾਲ ਸ਼ੁਰੂ ਹੋਈ। ਇਰਾਨ ਦੇ ਇੱਕ ਛੋਟੇ ਜਿਹੇ ਕਸਬੇ ਮਿਨਾਬ ਵਿੱਚ ਇੱਕ ਪ੍ਰਾਇਮਰੀ ਸਕੂਲ ’ਤੇ ਕੀਤੇ ਗਏ ਹਮਲੇ ਵਿੱਚ ਸੱਤ...

  • fb
  • twitter
  • whatsapp
  • whatsapp
Advertisement

ਫਰਵਰੀ ਮਹੀਨੇ ਦੇ ਆਖ਼ਰੀ ਦਿਨ ਅਮਰੀਕਾ-ਇਜ਼ਰਾਈਲ ਦੀ ਇਰਾਨ ਨਾਲ ਜੰਗ ਇੱਕ ਬਹੁਤ ਹੀ ਭਿਆਨਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਨਾਲ ਸ਼ੁਰੂ ਹੋਈ। ਇਰਾਨ ਦੇ ਇੱਕ ਛੋਟੇ ਜਿਹੇ ਕਸਬੇ ਮਿਨਾਬ ਵਿੱਚ ਇੱਕ ਪ੍ਰਾਇਮਰੀ ਸਕੂਲ ’ਤੇ ਕੀਤੇ ਗਏ ਹਮਲੇ ਵਿੱਚ ਸੱਤ ਤੋਂ ਗਿਆਰਾਂ ਸਾਲ ਦੀ ਉਮਰ ਦੀਆਂ ਕੋਈ 165 ਬੱਚੀਆਂ ਦੀ ਮੌਤ ਹੋ ਗਈ। ਇਨ੍ਹਾਂ ਮਾਸੂਮ ਬੱਚੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਸ ਦਿਨ ਮਾਪਿਆਂ ਨੇ ਉਨ੍ਹਾਂ ਨੂੰ ਸਕੂਲ ਜਾਣ ਲਈ ਆਖ਼ਰੀ ਵਾਰ ਤਿਆਰ ਕੀਤਾ ਹੈ। ਨਾ ਹੀ ਮਾਪਿਆਂ ਨੇ ਸੁਪਨੇ ਵਿੱਚ ਵੀ ਇਹ ਕਿਆਸਿਆ ਹੋਵੇਗਾ ਕਿ ਅਮਰੀਕੀ-ਇਜ਼ਰਾਇਲੀ ਹਮਲੇ ਵਿੱਚ ਉਨ੍ਹਾਂ ਦੀਆਂ ਧੀਆਂ ਦੇ ਸਰੀਰਾਂ ਦੇ ਚੀਥੜੇ ਉੱਡ ਜਾਣਗੇ ਤੇ ਜਾਂ ਫਿਰ ਉਹ ਸਕੂਲ ਦੀ ਢਹਿ-ਢੇਰੀ ਹੋਈ ਇਮਾਰਤ ਦੇ ਮਲਬੇ ਹੇਠ ਆ ਕੇ ਉਨ੍ਹਾਂ ਤੋਂ ਸਦਾ ਸਦਾ ਲਈ ਵਿਛੜ ਜਾਣਗੀਆਂ। ਹੋਰ ਵੀ ਦੁੱਖ ਦੀ ਗੱਲ ਇਹ ਹੈ ਕਿ ਹਮਲਾਵਰਾਂ ਨੇ ਇਨ੍ਹਾਂ ਮੌਤਾਂ ਲਈ ਕੋਈ ਅਫ਼ਸੋਸ ਵੀ ਜ਼ਾਹਰ ਨਹੀਂ ਕੀਤਾ। ਓਦਾਂ ਇਹ ਤਾਂ ਕਿਆਸ ਵੀ ਨਹੀਂ ਕੀਤਾ ਜਾ ਸਕਦਾ ਕਿ ਹਮਲਾਵਰ ਮੁਲਕ ਇਸ ਹਮਲੇ ਦੀ ਨੈਤਿਕ ਜ਼ਿੰਮੇਵਾਰੀ ਕਬੂਲਣਗੇ।

ਇਹ ਦੁਖਾਂਤ ਉਦੋਂ ਵਾਪਰਿਆ ਜਦੋਂ ਕੌਮਾਂਤਰੀ ਮਹਿਲਾ ਦਿਵਸ ਵਿੱਚ ਮਹਿਜ਼ ਕੁਝ ਦਿਨ ਹੀ ਬਾਕੀ ਸਨ। ਅੱਜ ਦੁਨੀਆ ਭਰ ਦੇ ਲੋਕ ਵੱਖ-ਵੱਖ ਸਮਾਗਮ ਕਰ ਕੇ ਔਰਤਾਂ ਤੇ ਬੱਚੀਆਂ ਦੇ ਹੱਕਾਂ ਦੀਆਂ ਗੱਲਾਂ ਕਰਦਿਆਂ ਉਨ੍ਹਾਂ ਦੇ ਹਕੂਕ ਦੀ ਰੱਖਿਆ ਕਰਨ ਦੇ ਵਾਅਦੇ ਤੇ ਦਾਅਵੇ ਕਰ ਰਹੇ ਹੋਣਗੇ, ਪਰ ਚੇਤੇ ਰਹੇ ਅਜੇ ਕੁਝ ਦਿਨ ਪਹਿਲਾਂ ਹੀ 165 ਇਰਾਨੀ ਬੱਚੀਆਂ ਦਾ ਸਭ ਤੋਂ ਵੱਡਾ ਜ਼ਿੰਦਗੀ ਜਿਊਣ ਦਾ ਹੱਕ ਹੀ ਖੋਹ ਲਿਆ ਗਿਆ। ਉਹ ਮਹਿਜ਼ ਇਰਾਨ ਦੀਆਂ ਬੱਚੀਆਂ ਨਹੀਂ ਸਗੋਂ ਦੁਨੀਆ ਭਰ ਦੀਆਂ ਬੱਚੀਆਂ ਸਨ, ਜਿਨ੍ਹਾਂ ਦੀ ਇਸ ਤਰ੍ਹਾਂ ਹਮਲੇ ’ਚ ਮੌਤ ਕੁੱਲ ਜਹਾਨ ਦੇ ਲੋਕਾਂ ਅੱਗੇ ਵੱਡਾ ਨਮੋਸ਼ੀ ਭਰਿਆ ਸਵਾਲ ਬਣ ਕੇ ਖਲੋਤੀ ਹੈ। ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਦੇ ਮਨ ’ਚ ਇਹ ਗੱਲ ਜ਼ਰੂਰ ਆਉਂਦੀ ਹੋਵੇਗੀ ਕਿ ਅਜਿਹੀ ਬੇਰਹਿਮੀ ਭਰੀ ਘਟਨਾ ਮਗਰੋਂ ਇਹ ਜੰਗ ਰੁਕ ਜਾਣੀ ਚਾਹੀਦੀ ਸੀ, ਪਰ ਵਿਹਾਰਕ ਤਰਕਸੰਗਤ ਸੋਚ ਰੱਖਣ ਵਾਲਾ ਕੋਈ ਵੀ ਵਿਅਕਤੀ ਇਹੀ ਕਹੇਗਾ ਕਿ ਅਮਰੀਕਾ-ਇਜ਼ਰਾਈਲ ਦੀ ਲੀਡਰਸ਼ਿਪ ਤੋਂ ਅਜਿਹੀ ਸੰਵੇਦਨਸ਼ੀਲਤਾ ਦੀ ਉਮੀਦ ਕੀਤੀ ਹੀ ਨਹੀਂ ਜਾ ਸਕਦੀ।

Advertisement

ਅਮਰੀਕਾ-ਇਜ਼ਰਾਈਲ ਦੀ ਦੋਸਤੀ ਕਿਸੇ ਤੋਂ ਲੁਕੀ-ਛੁਪੀ ਨਹੀਂ। ਇਨ੍ਹਾਂ ਦੋਵੇਂ ਮੁਲਕਾਂ ਨੇ ਭਰਮ ਪਾਲਿਆ ਹੋਇਆ ਹੈ ਕਿ ਇਨ੍ਹਾਂ ਕੋਲ ਨਾ ਤਾਂ ਸਰੋਤਾਂ ਦੀ ਕੋਈ ਕਮੀ ਹੈ ਅਤੇ ਨਾ ਹੀ ਮਾਰੂ ਤਕਨਾਲੋਜੀ ਦੀ ਅਤੇ ਜਦੋਂ ਇਹ ਚਾਹੁਣ ਕਿਸੇ ਵੀ ਮੁਲਕ ’ਤੇ ਆਪਣੀ ਧੌਂਸ ਜਮਾ ਸਕਦੇ ਹਨ। ਅਮਰੀਕਾ ਦੀ ਸ਼ਹਿ ’ਤੇ ਇਜ਼ਰਾਈਲ ਨੇ ਪਿਛਲੇ ਦਹਾਕਿਆਂ ਦੌਰਾਨ ਫਲਸਤੀਨੀ ਲੋਕਾਂ ’ਤੇ ਜੋ ਜ਼ੁਲਮ ਕੀਤੇ ਹਨ, ਉਨ੍ਹਾਂ ਬਾਰੇ ਦੁਨੀਆ ਭਰ ’ਚ ਚਰਚਾ ਤਾਂ ਬਹੁਤ ਹੋਈ ਹੈ ਪਰ ਕੋਈ ਕਰ ਕੁਝ ਨਹੀਂ ਸਕਿਆ। ਇਸ ਦੇ ਮੱਦੇਨਜ਼ਰ ਇਹ ਉਮੀਦ ਕਰਨਾ ਸ਼ਾਇਦ ਅਹਿਮਕਾਨਾ ਹੀ ਹੋਵੇਗਾ ਕਿ 165 ਲੜਕੀਆਂ ਦੀ ਸ਼ਹਾਦਤ ਇਹ ਭਿਆਨਕ ਜੰਗ ਰੋਕ ਦਿੰਦੀ।

Advertisement

ਇਸ ਹਮਲੇ ਮਗਰੋਂ ਘਟਨਾ ਸਥਾਨ ਤੋਂ ਆਈਆਂ ਮੁੱਢਲੀਆਂ ਤਸਵੀਰਾਂ ਤੇ ਵੀਡੀਓਜ਼ ਵਿੱਚ ਮਿਨਾਬ ਦੇ ਪ੍ਰਾਇਮਰੀ ਸਕੂਲ ਦੀ ਢਹੀ ਇਮਾਰਤ ਅਤੇ ਜ਼ਮੀਨ ’ਤੇ ਹਰ ਪਾਸੇ ਮਣਾਂ-ਮੂੰਹੀ ਮਲਬੇ ਦੇ ਢੇਰ ਨਜ਼ਰ ਆਉਂਦੇ ਹਨ। ਉਸ ਮਲਬੇ ਦੇ ਢੇਰਾਂ ’ਚ ਦੱਬੀਆਂ ਮਾਸੂਮ ਬੱਚੀਆਂ ਦੀਆਂ ਲਾਸ਼ਾਂ ’ਚੋਂ ਕਿਸੇ ਦਾ ਹੱਥ ਨਜ਼ਰ ਪੈਂਦਾ ਹੈ ਅਤੇ ਕਿਸੇ ਦਾ ਸਿਰ। ਘਬਰਾਈਆਂ ਤੇ ਰੋਂਦੀਆਂ ਹੋਈਆਂ ਮਾਵਾਂ ਆਪਣੀਆਂ ਬੱਚੀਆਂ ਦੀ ਤਲਾਸ਼ ’ਚ ਕਦੇ ਮਲਬੇ ਦੇ ਇੱਕ ਢੇਰ ਵੱਲ ਜਾਂਦੀਆਂ ਹਨ ਤੇ ਕਦੇ ਦੂਜੇ ਢੇਰ ਵੱਲ। ਇੱਕ ਪਿਉ ਮਲਬਾ ਹਟਾ ਕੇ ਆਪਣੀ ਧੀ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਧੀ ਤਾਂ ਉਸ ਨੂੰ ਨਹੀਂ ਲੱਭਦੀ ਪਰ ਅਚਾਨਕ ਮਲਬੇ ਥੱਲਿਓਂ ਉਸ ਨੂੰ ਆਪਣੀ ਧੀ ਦਾ ਬਸਤਾ ਲੱਭ ਜਾਂਦਾ ਹੈ। ਧਾਹਾਂ ਮਾਰਦਾ ਬਦਹਵਾਸ ਹੋਇਆ ਉਹ ਕਦੇ ਉਸ ਦੇ ਬਸਤੇ ਵਿੱਚੋਂ ਇੱਕ ਕਿਤਾਬ ਕੱਢ ਕੇ ਦਿਖਾਉਂਦਿਆਂ ਕਹਿੰਦਾ ਹੈ, ‘‘ਦੇਖੋ ਇਹ ਉਸ ਦੀ ਹਿਸਾਬ ਦੀ ਕਿਤਾਬ ਹੈ।’’ ਉਹ ਰੋਂਦਾ-ਰੋਂਦਾ ਪੰਨੇ ਪਲਟਦਿਆਂ ਫਿਰ ਇੱਕ ਹੋਰ ਕਾਪੀ ਕੱਢ ਕੇ ਦਿਖਾਉਂਦਾ ਹੋਇਆ ਦੱਸਦਾ ਹੈ ਕਿ ਕੱਲ੍ਹ ਰਾਤ ਤਾਂ ਉਸ ਦੀ ਧੀ ਨੇ ਉਸ ਕੋਲ ਬੈਠ ਕੇ ਹੋਮਵਰਕ ਕੀਤਾ ਸੀ। ਨੇੜੇ ਖੜੋਤੇ ਸਾਰੇ ਵਿਅਕਤੀ ਸੁੰਨ ਹਨ, ਕਿਸੇ ਕੋਲ ਉਸ ਨੂੰ ਹੌਸਲਾ ਦੇਣ ਲਈ ਕੋਈ ਸ਼ਬਦ ਨਹੀਂ। ਉੱਥੇ ਖੜੋਤੇ ਵਿਅਕਤੀਆਂ ਦੀ ਤਾਂ ਗੱਲ ਹੀ ਛੱਡੋ, ਸ਼ਾਇਦ ਕਿਸੇ ਕੋਲ ਵੀ ਉਸ ਅਤੇ ਉਸ ਜਿਹੇ ਹੋਰ ਮਾਪਿਆਂਂ ਦੇ ਦੁੱਖ ਨੂੰ ਵੰਡਾਉਣ ਦਾ ਜੇਰਾ ਨਹੀਂ ਹੈ। ਅੰਤ ਉਹ ਪਿਤਾ ਰੋਂਦਾ ਹੋਇਆ ਆਪਣਾ ਸਿਰ ਫੜ ਕੇ ਜ਼ਮੀਨ ’ਤੇ ਬੈਠ ਜਾਂਦਾ ਹੈ। ਇਸ ਹਮਲੇ ’ਚ ਮਾਰੀਆਂ ਗਈਆਂ ਸਾਰੀਆਂ ਬੱਚੀਆਂ ਦੇ ਮਾਪਿਆਂ ਦਾ ਇਹੋ ਹਾਲ ਹੈ। ਦੁਨੀਆ ਭਰ ਵਿੱਚ ਇਸ ਘਟਨਾ ਦੀ ਆਲੋਚਨਾ ਹੋ ਰਹੀ ਹੈ। ਯੂਨੈਸਕੋ ਨੇ ਇਸ ਘਟਨਾ ’ਤੇ ਚਿੰਤਾ ਜ਼ਾਹਰ ਕਰਦਿਆਂ ਮੱਧ ਪੂਰਬ ਵਿੱਚ ਵਿੱਦਿਅਕ ਅਦਾਰਿਆਂ, ਵਿਦਿਆਰਥੀਆਂ ਅਤੇ ਵਿੱਦਿਅਕ ਅਮਲੇ ’ਤੇ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ਮਨੁੱਖਤਾਵਾਦੀ ਕਾਨੂੰਨ ਦੀ ਉਲੰਘਣਾ ਅਤੇ ਸਿੱਖਿਆ ਦੇ ਅਧਿਕਾਰ ਲਈ ਖ਼ਤਰਾ ਦੱਸਿਆ। ਯੂਨਾਈਟਿਡ ਨੇਸ਼ਨਜ਼ ਸਕਿਉਰਿਟੀ ਕੌਂਸਲ ਦਾ ਮਤਾ 2601 (2021) ਸਾਰੀਆਂ ਧਿਰਾਂ ਲਈ ਇਹ ਲਾਜ਼ਮੀ ਬਣਾਉਂਦਾ ਹੈ ਕਿ ਉਹ ਕਿਸੇ ਵੀ ਸੂਰਤ ਵਿੱਚ ਸਕੂਲਾਂ, ਵਿਦਿਆਰਥੀਆਂ ਅਤੇ ਵਿੱਦਿਅਕ ਅਮਲੇ ਨੂੰ ਨਿਸ਼ਾਨਾ ਨਾ ਬਣਾਉਣ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਸ ਸਮੁੱਚੇ ਘਟਨਾਕ੍ਰਮ ਤੋਂ ਪੱਲਾ ਝਾੜਦਿਆਂ ਬਹੁਤ ਹੀ ਇਹਤਿਆਤ ਨਾਲ ਇਸ ਬਾਰੇ ਬਿਆਨ ਦਿੱਤੇ ਜਾ ਰਹੇ ਹਨ। ਅਮਰੀਕੀ ਪੱਤਰਕਾਰਾਂ ਵੱਲੋਂ ਜਦੋਂ ਇਸ ਘਟਨਾ ਬਾਰੇ ਸਵਾਲ ਪੁੱਛੇ ਗਏ ਤਾਂ ਸਰਕਾਰ ਦੇ ਤਰਜਮਾਨ ਦਾ ਚੌਕਸੀ ਭਰਿਆ ਜਵਾਬ ਸੀ, ‘‘ਅਮਰੀਕਾ ਕਦੇ ਵੀ ਰਿਹਾਇਸ਼ੀ ਇਲਾਕਿਆਂ, ਸਕੂਲਾਂ ਅਤੇ ਹਸਪਤਾਲਾਂ ਆਦਿ ਨੂੰ ਨਿਸ਼ਾਨਾ ਨਹੀਂ ਬਣਾਉਂਦਾ। ਇਹ ਸਾਡੀ ਨੀਤੀ ਦਾ ਹਿੱਸਾ ਨਹੀਂ, ਪਰ ਫਿਰ ਵੀ ਜੰਗ ਵਿਭਾਗ (ਵਾਰ ਡਿਪਾਰਟਮੈਂਟ) ਸਮੁੱਚੇ ਘਟਨਾਕ੍ਰਮ ਦੀ ਪੜਤਾਲ ਕਰ ਰਿਹਾ ਹੈ। ਫਿਲਹਾਲ ਇਸ ਤੋਂ ਵੱਧ ਹੋਰ ਕੁਝ ਨਹੀਂ ਆਖਿਆ ਜਾ ਸਕਦਾ।’’ ਅਮਰੀਕਾ ਨੇ ਤਾਂ ਇਹ ਕਹਿ ਕੇ ਪੱਲਾ ਝਾੜ ਲਿਆ, ਪਰ ਮਾਰੀਆਂ ਗਈਆਂ ਇਨ੍ਹਾਂ ਧੀਆਂ ਨੂੰ ਇਨਸਾਫ਼ ਕੌਣ ਦੇਵੇਗਾ? ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਨੇ ਇਸ ਬਾਰੇ ਕਿਹਾ ਕਿ ਜ਼ਿੰਮੇਵਾਰ ਵਿਅਕਤੀਆਂ ਦੀ ਜਵਾਬਦੇਹੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਚਾਹੀਦਾ ਤਾਂ ਬਹੁਤ ਕੁਝ ਹੈ,

ਪਰ ... ... ...।

ਮਿਨਾਬ ਸ਼ਹਿਰ ਵਿੱਚ ਇਨ੍ਹਾਂ ਧੀਆਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਲੱਖਾਂ ਲੋਕ ਇਕੱਠੇ ਹੋਏ। ਇਉਂ ਜਾਪਦਾ ਸੀ ਜਿਵੇਂ ਸ਼ਹਿਰ ਦੀ ਹਰ ਸੜਕ ਅਤੇ ਹਰ ਗਲੀ ’ਚ ਮਨੁੱਖੀ ਸਿਰਾਂ ਦਾ ਹੜ੍ਹ ਆਇਆ ਹੋਵੇ। ਇਨ੍ਹਾਂ ਵਿੱਚੋਂ ਕਿਸੇ ਦੇ ਹੱਥਾਂ ’ਚ ਮਾਰੀਆਂ ਗਈਆਂ ਬੱਚੀਆਂ ਦੀਆਂ ਤਸਵੀਰਾਂ ਸਨ ਅਤੇ ਕਿਸੇ ਦੇ ਹੱਥਾਂ ’ਚ ਵੱਖ ਵੱਖ ਇਬਾਰਤਾਂ ਵਾਲੀਆਂ ਤਖ਼ਤੀਆਂ ਤੇ ਬੈਨਰ ਆਦਿ, ਪਰ ਸਭ ਦੇ ਦਿਲਾਂ ਵਿੱਚ ਇਨ੍ਹਾਂ ਧੀਆਂ ਲਈ ਸੋਗ ਅਤੇ ਜਾਬਰ ਹੁਕਮਰਾਨਾਂ ਖ਼ਿਲਾਫ਼ ਰੋਹ ਸਾਂਝਾ ਸੀ। ਉਸ ਵੇਲੇ ਮਾਵਾਂ ਦਾ ਵਿਰਲਾਪ ਝੱਲਿਆ ਨਹੀਂ ਸੀ ਜਾਂਦਾ। ਲੱਗਦਾ ਸੀ ਜਿਵੇਂ ਉਨ੍ਹਾਂ ਦੇ ਵੈਣਾਂ ਨਾਲ ਆਸਮਾਨ ਪਾਟ ਜਾਵੇਗਾ। ਉਨ੍ਹਾਂ ਸਭ ਵੱਲੋਂ ਪਹਿਨਿਆ ਕਾਲਾ ਸੋਗ ਦਾ ਲਿਬਾਸ ਬਹੁਤ ਸਾਰੇ ਪਰਿਵਾਰਾਂ ਦੀ ਸਿਆਹ ਹੋ ਗਈ ਜ਼ਿੰਦਗੀ ਦੀ ਬਾਤ ਪਾਉਂਦਾ ਜਾਪਦਾ ਸੀ। ਇਸ ਜੰਗ ਦੀ ਭੇਟ ਚੜ੍ਹੀਆਂ ਇਨ੍ਹਾਂ ਮਾਸੂਮ ਧੀਆਂ ਦਾ ਸਮੂਹਿਕ ਜਨਾਜ਼ਾ ਕੱਢਿਆ ਗਿਆ ਅਤੇ ਇਕੱਠੀਆਂ ਪੌਣੇ ਦੋ ਸੌ ਦੇ ਕਰੀਬ ਕਬਰਾਂ ਪੁੱਟ ਕੇ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ। ਜੰਗਬਾਜ਼ਾਂ ਦੀ ਜ਼ਿੱਦ ਨੇ ਇਨ੍ਹਾਂ ਨਿੱਕੀਆਂ ਜਿੰਦੜੀਆਂ ਨੂੰ ਖਾਕ ’ਚ ਬਦਲ ਦਿੱਤਾ।

ਇੱਕ ਪਾਸੇ ਦੁਨੀਆ ਜਦੋਂ ਇਨ੍ਹਾਂ ਧੀਆਂ ਦੀ ਮੌਤ ਦਾ ਸੋਗ ਮਨਾ ਰਹੀ ਸੀ, ਉਦੋਂ ਸੰਸਾਰ ਦੇ ਸਭ ਤੋਂ ਤਾਕਤਵਰ ਕਹਾਉਂਦੇ ਮੁਲਕ ਅਮਰੀਕਾ ਦੇ ਸਭ ਤੋਂ ਮਜ਼ਬੂਤ ਆਗੂ ਲਈ ਵ੍ਹਾਈਟ ਹਾਊਸ ਦੇ ਓਵਲ ਔਫਿਸ ’ਚ ਪ੍ਰਾਰਥਨਾ ਸਭਾ ਕੀਤੀ ਗਈ ਕਿ ਇਸ ਜੰਗ ਦੌਰਾਨ ਦੇਸ਼ ਦੀ ਅਗਵਾਈ ਲਈ ਪਰਮਾਤਮਾ ਉਸ ਨੂੰ ਸੁਰੱਖਿਆ ਤੇ ਸੇਧ ਪ੍ਰਦਾਨ ਕਰੇ। ਅਤਿ ਸੁਰੱਖਿਅਤ ਥਾਂ ’ਤੇ ਬੈਠ ਕੇ ਵੀ ਜੇਕਰ ਕਿਸੇ ਨੂੰ ਪਰਮਾਤਮਾ ਅੱਗੇ ਸੁਰੱਖਿਆ ਲਈ ਅਰਦਾਸ ਕਰਨੀ ਪਵੇ ਤਾਂ ਜੰਗ ਦੀ ਜ਼ੱਦ ’ਚ ਆਏ ਦੇਸ਼ ਦੇ ਲੋਕ ਆਪਣੀ ਰੱਖਿਆ ਲਈ ਕਿਹੜੇ ਰੱਬ ਅੱਗੇ ਫਰਿਆਦ ਕਰਨ? ਇਨ੍ਹਾਂ ਬੱਚੀਆਂ ਨੂੰ ਨਾ ਤਾਂ ਜੰਗ ਦੇ ਮਾਅਨੇ ਪਤਾ ਸਨ ਤੇ ਨਾ ਹੀ ਦੇਸ਼ਾਂ ਵਿਚਲੀਆਂ ਦੁਸ਼ਮਣੀਆਂ ਦਾ, ਪਰ ਜੰਗ ਦਾ ਸਭ ਤੋਂ ਖ਼ੌਫ਼ਨਾਕ ਤੇ ਬੇਰਹਿਮ ਚਿਹਰਾ ਦੇਖਣਾ ਇਨ੍ਹਾਂ ਮਾਸੂਮ ਬੱਚੀਆਂ ਦਾ ਹੀ ਮੁਕੱਦਰ ਬਣਿਆ।

ਜੰਗ ਹਮੇਸ਼ਾ ਹੀ ਤਬਾਹੀ ਲਿਆਉਂਦੀ ਹੈ, ਮਨੁੱਖਤਾ ਦਾ ਘਾਣ ਕਰਦੀ ਹੈ। ਏਨੀਆਂ ਧੀਆਂ ਦੀ ਬਲੀ ਲੈ ਕੇ ਵੀ ਜੰਗਬਾਜ਼ਾਂ ਨੇ ਕੋਈ ਸਬਕ ਨਹੀਂ ਸਿੱਖਿਆ। ਹੁਣ ਤੱਕ ਸੈਂਕੜੇ ਜਾਨਾਂ ਇਸ ਜੰਗ ਦੀ ਭੇਟ ਚੜ੍ਹ ਚੁੱਕੀਆਂ ਹਨ ਅਤੇ ਪਤਾ ਨਹੀਂ ਜੰਗਬਾਜ਼ ਹੋਰ ਕਿੰਨੇ ਬੇਦੋਸ਼ਿਆਂ ਦੀ ਬਲੀ ਲੈਣਗੇ?

Advertisement
×