ਜੀ ਪਾਰਥਾਸਾਰਥੀ
19ਵੀਂ ਸਦੀ ਵਿਚ ਅਜੋਕੇ ਭਾਰਤੀ ਖੇਤਰਾਂ ਵਿਚ ਉੱਭਰੇ ਇਸਲਾਮ ਦੇ ਦੋ ਮੁੱਖ ਸਕੂਲਾਂ (ਵਿਚਾਰਕ ਪੱਧਤੀਆਂ) ਨੂੰ ਰਵਾਇਤੀ ਤੌਰ ’ਤੇ ਦਿਓਬੰਦੀ ਅਤੇ ਬਰੇਲਵੀ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਦਿੱਲੀ ਵਿਚ ਮੁਗ਼ਲ ਰਾਜ ਦੇ ਪਤਨ ਤੋਂ ਬਾਅਦ ਅੰਗਰੇਜ਼ਾਂ ਦੇ ਚਲਾਏ ਦਮਨ ਚੱਕਰ ਕਾਰਨ ਬਹੁਤ ਸਾਰੇ ਮੁਸਲਿਮ ਮੌਲਾਣੇ ਅਤੇ ਦਾਨਿਸ਼ਵਰ ਉੱਥੋਂ ਦੌੜ ਗਏ ਸਨ ਜਿਨ੍ਹਾਂ ਦੀਆਂ ਘਾਲਣਾਵਾਂ ਸਦਕਾ ਇਹ ਦੋ ਸੰਪਰਦਾਵਾਂ ਉਭਰ ਕੇ ਸਾਹਮਣੇ ਆਈਆਂ ਸਨ। ਅਫ਼ਗਾਨਿਸਤਾਨ ਦੇ ਸਾਰੇ ਪਖ਼ਤੂਨਾਂ ਦੇ ਪ੍ਰਭਾਵ ਸਦਕਾ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਪ੍ਰਾਂਤ ਅੰਦਰ ਵਿਆਪਕ ਪੱਧਰ ਤੇ ਦਿਓਬੰਦੀ ਰਹੁ-ਰੀਤਾਂ ਅਪਣਾਈਆਂ ਜਾਂਦੀਆਂ ਹਨ। ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਪਖ਼ਤੂਨਾਂ ਅੰਦਰ ਦਿਓਬੰਦੀਆਂ ਨੇ ਧਾਂਕ ਜਮਾਈ ਹੋਈ ਹੈ। ਸਭ ਤੋਂ ਅਹਿਮ ਪੱਖ ਇਹ ਹੈ ਕਿ ਬਰੇਲਵੀ ਬਰੇ-ਸਗ਼ੀਰ ਅੰਦਰ ਹੀ ਆਪਣੇ ਦਬਦਬੇ ਤੋਂ ਸੰਤੁਸ਼ਟ ਹਨ ਜਦਕਿ ਦਿਓਬੰਦੀਆਂ ਨੇ 19ਵੀਂ ਸਦੀ ਵਿਚ ਸਾਊਦੀ ਅਰਬ ਤੱਕ ਪਹੁੰਚ ਬਣਾ ਲਈ ਸੀ। ਇਸ ਪਹਿਲਕਦਮੀ ਦਾ ਦਿਓਬੰਦੀਆਂ ਨੂੰ ਚੋਖਾ ਲਾਭ ਹੋਇਆ ਤੇ ਦਿਓਬੰਦੀ ਅਦਾਰਿਆਂ ਨੂੰ ਸਾਊਦੀ ਅਰਬ ਤੋਂ ਭਰਵੀਂ ਮਾਇਕ ਇਮਦਾਦ ਮਿਲਦੀ ਰਹੀ ਹੈ।
ਭਾਰਤ ਦੇ ਦਿਓਬੰਦੀ ਆਗੂਆਂ ਦਾ ਕੀਤਾ ਬਹੁਤ ਦੂਰਅੰਦੇਸ਼ ਫ਼ੈਸਲਾ ਇਹ ਸੀ ਕਿ ਉਨ੍ਹਾਂ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਲੜੀ ਜਾ ਰਹੀ ਆਜ਼ਾਦੀ ਦੀ ਲੜਾਈ ਦੀ ਹਮਾਇਤ ਕਰਦਿਆਂ ਭਾਰਤ ਦੇ ਧਰਮ ਨਿਰਪੱਖ ਅਸੂਲਾਂ ਨਾਲ ਸਾਂਝ ਪੈਦਾ ਕਰ ਲਈ। ਦਿਓਬੰਦੀਆਂ ਦੇ ਅਧਿਐਨ ਅਤੇ ਸਿੱਖਿਆ ਦਾ ਮੁੱਖ ਕੇਂਦਰ ਉੱਤਰ ਪ੍ਰਦੇਸ਼ ਦੇ ਦਿਓਬੰਦ ਵਿਚ ਸਥਿਤ ਦਾਰੁਲ ਉਲੂਮ ਰਿਹਾ ਹੈ। ਹਾਲਾਂਕਿ ਬਰੇਲਵੀਆਂ ਦੀ ਲੀਡਰਸ਼ਿਪ ਦਾ ਇਕ ਹਿੱਸਾ ਸ਼ੁਰੂ ਸ਼ੁਰੂ ਵਿਚ ਪਾਕਿਸਤਾਨ ਚ ਰਹਿੰਦੇ ਆਪਣੇ ਦਿਓਬੰਦੀਆਂ ਹਮਵਤਨੀਆਂ ਨਾਲ ਵਿਚਾਰਾਂ ਦੀ ਸਾਂਝ ਰੱਖਦਾ ਸੀ ਪਰ ਅੰਤ ਨੂੰ ਉਨ੍ਹਾਂ ਵੀ ਦੇਸ਼ ਵੰਡ ਦੇ ਵਿਚਾਰ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ। 3 ਨਵੰਬਰ 2009 ਨੂੰ ਦਿਓਬੰਦੀ ਵਿਦਵਾਨਾਂ ਦੇ ਇਕ ਗਰੁੱਪ ਜਮੀਅਤ-ਏ-ਉਲੇਮਾ-ਏ-ਹਿੰਦ ਜੋ ਭਾਰਤ ਵਿਚ ਮੁਸਲਮਾਨਾਂ ਦੀ ਭਲਾਈ ਦੇ ਕੰਮਾਂ ਲਈ ਪ੍ਰਤੀਬੱਧ ਹੈ, ਨੇ ਦਿਓਬੰਦ ਵਿਚ ਮੀਟਿੰਗ ਕਰ ਕੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਂਦੇ ਆਤਮਘਾਤੀ ਬੰਬ ਧਮਾਕਿਆਂ ਅਤੇ ਹਮਲਿਆਂ ਦੀ ਨਿਖੇਧੀ ਕੀਤੀ ਸੀ। ਇਹ ਰਾਜਕੀ ਨੀਤੀ ਦੇ ਔਜ਼ਾਰ ਦੇ ਤੌਰ ਤੇ ਦਹਿਸ਼ਤਗਰਦੀ ਦੀ ਵਰਤੋਂ ਕਰਨ ਦੀ ਪਾਕਿਸਤਾਨੀ ਟੇਕ ਦੀ ਸਿੱਧੀ ਨੁਕਤਾਚੀਨੀ ਕਰਨ ਦੇ ਤੁੱਲ ਸੀ।
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਵਸਦੀ ਬਰੇਲਵੀ ਆਬਾਦੀ ਨੂੰ ਜਾਪਿਆ ਕਿ ਉਸ ਕੋਲ ਕੰਮ ਕਰਨ ਦੀ ਸਿਆਸੀ ਸਪੇਸ ਘੱਟ ਹੈ। ਜਨਰਲ ਜ਼ਿਆ-ਉਲ-ਹੱਕ ਦੇ ਦਿਨਾਂ ਤੋਂ ਲੈ ਕੇ ਫ਼ੌਜ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਜਿਹੇ ਗਰੁਪਾਂ ਨੂੰ ਹਮਾਇਤ ਦਿੰਦੀ ਰਹੀ ਹੈ ਤੇ ਇਹ ਦੋਵੇਂ ਗਰੁਪ ਮੁੱਖ ਤੌਰ ਤੇ ਪੰਜਾਬ ਵਿਚ ਕੇਂਦਰਤ ਹਨ ਤੇ ਇਹ ਫ਼ੌਜੀ ਨਿਜ਼ਾਮ ਨਾਲ ਮਿਲ ਕੰਮ ਕਰਦੇ ਹਨ। ਜੈਸ਼-ਏ-ਮੁਹੰਮਦ ਨੇ 2009 ਵਿਚ ਭਾਰਤੀ ਪਾਰਲੀਮੈਂਟ ਤੇ ਹਮਲਾ ਕਰਵਾਇਆ ਸੀ ਜਦਕਿ ਮੁੰਬਈ ਹਮਲਿਆਂ ਪਿੱਛੇ ਮੁੱਖ ਤੌਰ ਤੇ ਲਸ਼ਕਰ-ਏ-ਤੋਇਬਾ ਦਾ ਹੱਥ ਸੀ। ਆਈਐੱਸਆਈ ਅਫ਼ਗਾਨਿਸਤਾਨ ਵਿਚ ਇਨ੍ਹਾਂ ਦੋਵੇਂ ਗਰੁਪਾਂ ਲਈ ਦਾਈ ਦਾ ਕੰਮ ਕਰਦੀ ਰਹੀ ਹੈ। ਬਰੇਲਵੀਆਂ ਨੂੰ ਛੇਤੀ ਹੀ ਅਹਿਸਾਸ ਹੋ ਗਿਆ ਕਿ ਪਾਕਿਸਤਾਨੀ ਪੰਜਾਬ ਵਿਚ ਆਪਣੇ ਪ੍ਰਭਾਵ ਤੇ ਸਿਆਸੀ ਹਮਾਇਤ ਦੇ ਬਾਵਜੂਦ ਪਾਕਿਸਤਾਨ ਵਿਚ ਉਨ੍ਹਾਂ ਦੀ ਸਿਆਸੀ ਪ੍ਰਸੰਗਕਤਾ ਘਟ ਰਹੀ ਹੈ। ਅਫ਼ਗਾਨਿਸਤਾਨ ਵਿਚ ਸੋਵੀਅਤ ਰੂਸ ਦੇ ਹਮਲੇ ਤੋਂ ਲੈ ਕੇ ਪਖ਼ਤੂਨਾਂ ਜੋ ਮੁੱਖ ਤੌਰ ਤੇ ਦਿਓਬੰਦੀ ਹਨ, ਨੇ ਆਈਐੱਸਆਈ ਹੀ ਨਹੀਂ ਸਗੋਂ ਬਾਕੀ ਦੁਨੀਆ ਦਾ ਧਿਆਨ ਖਿੱਚ ਲਿਆ ਤੇ ਹਮਾਇਤ ਹਾਸਲ ਕਰ ਲਈ ਸੀ। ਤਾਲਿਬਾਨ ਕੋਲ ਦਿਓਬੰਦੀ ਪੁਖ਼ਤਗੀ ਪਹਿਲਾਂ ਤੋਂ ਮੌਜੂਦ ਸੀ ਅਤੇ ਉਹ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਜਿਹੇ ਵਹਾਬੀ ਗਰੁਪਾਂ ਨਾਲ ਮਿਲ ਕੇ ਕੰਮ ਕਰ ਰਹੇ ਸਨ।
ਜਦੋਂ ਜਨਰਲ ਜ਼ਿਆ-ਉਲ-ਹੱਕ ਨੇ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ ਦਾ ਤਖ਼ਤਾ ਉਲਟਾ ਕੇ ਉਨ੍ਹਾਂ ਨੂੰ ਫ਼ਾਂਸੀ ਦਿੱਤੀ, ਉਦੋਂ ਤੋਂ ਹੀ ਪਾਕਿਸਤਾਨ ਦੇ ਉੱਤਰ ਪੱਛਮੀ ਖਿੱਤੇ ਅਤੇ ਦੱਖਣੀ ਅਫ਼ਗਾਨਿਸਤਾਨ ਵਿਚਲੇ ਦਿਓਬੰਦੀ ਪਖ਼ਤੂਨ ਉਸ (ਜ਼ਿਆ) ਦੇ ਸੁਭਾਵਿਕ ਸਹਿਯੋਗੀ ਬਣ ਗਏ। ਜ਼ਿਆ ਨੇ ਸਿਆਸਤ ਦੇ ਇਸਲਾਮੀਕਰਨ ਦਾ ਨਵਾਂ ਗੇੜ ਚਲਾਇਆ। ਉਨ੍ਹਾਂ ਪਾਕਿਸਤਾਨ ਵਿਚ ਕੱਟੜਪੰਥੀ ਇਸਲਾਮੀ ਅਨਸਰਾਂ ਖਾਸਕਰ ਪੰਜਾਬ ਤੇ ਸਿੰਧ ਵਿਚ ਜਮਾਤ-ਏ-ਇਸਲਾਮੀ ਅਤੇ ਉੱਤਰ ਵਿਚ ਪਖ਼ਤੂਨ ਦਿਓਬੰਦੀਆਂ ਨਾਲ ਕਰੀਬੀ ਰਿਸ਼ਤੇ ਕਾਇਮ ਕਰ ਲਏ। ਤਦ ਸੋਵੀਅਤ ਰੂਸ ਨੇ ਅਫ਼ਗਾਨਿਸਤਾਨ ਤੇ ਹਮਲਾ ਕਰਨ ਦੀ ਭੁੱਲ ਕਰ ਦਿੱਤੀ ਜਿਸ ਨਾਲ ਅਮਰੀਕਾ ਨੂੰ ਪਾਕਿਸਤਾਨ ਦੇ ਕਰੀਬ ਜਾਣ ਦਾ ਮੌਕਾ ਮਿਲ ਗਿਆ ਤਾਂ ਕਿ ਸੋਵੀਅਤ ਫ਼ੌਜਾਂ ਖਿਲਾਫ਼ ਦਿਓਬੰਦੀ ਜਹਾਦ ਵਿੱਢਿਆ ਜਾ ਸਕੇ। ਪਾਕਿਸਤਾਨ ਦੀਆਂ ਵਹਾਬੀ ਜਥੇਬੰਦੀਆਂ ਵੀ ਅਫ਼ਗਾਨਿਸਤਾਨ ਦੇ ਇਸ ਜਹਾਦ ਵਿਚ ਸ਼ਾਮਲ ਹੋ ਗਈਆਂ। ਆਈਐੱਸਆਈ ਨੇ ਜੰਮੂ ਕਸ਼ਮੀਰ ਵਿਚ ਜਮਾਤ-ਏ-ਇਸਲਾਮੀ ਨਾਲ ਸੰਪਰਕ ਕਾਇਮ ਕਰ ਲਏ ਅਤੇ ਇਸ ਦਿਓਬੰਦੀ ਪੱਖੀ ਸ਼ਕਤੀ ਨੂੰ ਜੰਮੂ ਕਸ਼ਮੀਰ ਵਿਚ ਜਹਾਦ ਸ਼ੁਰੂ ਕਰਨ ਲਈ ਵਰਤਿਆ। ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ, ਦੋਵੇਂ ਦਿਓਬੰਦੀ ਪੱਖੀ ਅਤੇ ਪੱਛਮ ਵਿਰੋਧੀ ਜਥੇਬੰਦੀਆਂ ਹਨ। ਉਨ੍ਹਾਂ ਦਾ ਤਾਲਿਬਾਨ ਨਾਲ ਵਿਚਾਰਧਾਰਕ ਰਿਸ਼ਤਾ ਵੀ ਹੈ।
ਬਰੇਲਵੀ ਸੰਪਰਦਾ ਵਲੋਂ ਇਸਲਾਮ ਦੇ ਪੈਗੰਬਰ ਦੀ ਬੰਦਗੀ ਕਰਨ ਦੀਆਂ ਰਹੁ-ਰੀਤਾਂ ਕਰ ਕੇ ਸਾਊਦੀ ਅਰਬ ਇਸ ਨੂੰ ਤਿਰਸਕਰਦਾ ਹੈ। ਜਦੋਂ ਉਹ ਮਦੀਨੇ ਅਤੇ ਹੋਰ ਥਾਈਂ ਆਪਣੇ ਪਾਕ-ਪਵਿੱਤਰ ਸਥਾਨਾਂ ਤੇ ਪੈਗੰਬਰ ਦੀ ਪੂਜਾ ਦੀਆਂ ਇਨ੍ਹਾਂ ਮਰਿਆਦਾਵਾਂ ਦੀ ਪਾਲਣਾ ਕਰਦੇ ਹਨ ਤਾਂ ਸਾਊਦੀ ਉਨ੍ਹਾਂ ਨਾਲ ਸਖ਼ਤੀ ਵਰਤਦੇ ਹਨ। ਪਾਕਿਸਤਾਨ ਦੇ ‘ਫ੍ਰਾਈਡੇ ਟਾਈਮਜ਼’ ਅਖ਼ਬਾਰ ਦੇ ਸੰਪਾਦਕ ਨਜਮ ਸੇਠੀ ਮੁਤਾਬਕ, “ਪਾਕਿਸਤਾਨ ਖਾਸਕਰ ਪੰਜਾਬ ਸੂਬੇ ਦੇ ਬਰੇਲਵੀਆਂ ਨੇ ਦੇਸ਼ ਤੇ ਵਿਦੇਸ਼ ਵਿਚ ਮੁਸਲਮਾਨਾਂ ਤੇ ਗ਼ੈਰ ਮੁਸਲਮਾਨਾਂ ਵੱਲੋਂ ਇਸਲਾਮ ਦੇ ਪੈਗੰਬਰ ਦੀ ਕੁਫ਼ਰ ਤੋਂ ਰਾਖੀ ਕਰਨ ਲਈ ਮਜ਼ਹਬੀ ਕੱਟੜਤਾ ਦੀਆਂ ਕਾਰਵਾਈਆ ਰਾਹੀਂ ਆਪਣੀ ਨੁਕਤਾਚੀਨੀ ਦਾ ਜਵਾਬ ਦਿੱਤਾ ਹੈ।” ਉਂਜ ਇਸ ਦੇ ਸਿੱਟੇ ਵਜੋਂ ਸਿਆਸਤ ਮੁਖੀ ਮਿਲੀਟੈਂਟ ਜਥੇਬੰਦੀ ‘ਤਹਿਰੀਕ-ਏ-ਲਬੈਕ’ ਪਾਕਿਸਤਾਨ ਉਭਰ ਕੇ ਸਾਹਮਣੇ ਆਈ ਹੈ ਜਿਸ ਦਾ ਪੰਜਾਬ ਸੂਬੇ ਦੇ ਕਸਬਿਆਂ ਤੇ ਪਿੰਡਾਂ ਅੰਦਰ ਤੇਜ਼ੀ ਨਾਲ ਪਾਸਾਰ ਹੋਇਆ ਹੈ ਤੇ ਇਹ ਧਾਰਮਿਕ ਅਸਹਿਣਸ਼ੀਲਤਾ ਦਾ ਪ੍ਰਚਾਰ ਕਰਦੀ ਹੈ।
ਤਹਿਰੀਕ-ਏ-ਲਬੈਕ (ਟੀਐੱਲਪੀ) ਪਾਕਿਸਤਾਨ ਹੱਥੋਂ ਪਹਿਲੀ ਪੀੜਤ ਪੰਜਾਬੀ ਹਿੰਦੂ ਔਰਤ ਆਸੀਆ ਨੌਰੀਨ ਜੋ ਆਸੀਆ ਬੀਬੀ ਵਜੋਂ ਜਾਣੀ ਜਾਂਦੀ ਹੈ, ਬਣੀ ਸੀ ਜਿਸ ਨੂੰ ਪੈਗੰਬਰ ਮੁਹੰਮਦ ਖਿ਼ਲਾਫ਼ ਕਥਿਤ ਤੌਰ ਤੇ ਅਪਮਾਨਜਨਕ ਟਿੱਪਣੀਆਂ ਕਰਨ ਬਦਲੇ ਕੁਫ਼ਰ ਦੀ ਦੋਸ਼ੀ ਕਰਾਰ ਦੇ ਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ। 2011 ਵਿਚ ਸੁਪਰੀਮ ਕੋਰਟ ਵਲੋਂ ਉਸ ਦੀ ਸਜ਼ਾ ਦਾ ਫ਼ੈਸਲਾ ਰੱਦ ਕਰ ਦਿੱਤਾ ਗਿਆ ਸੀ। ਉਸ ਤੋਂ ਤੁਰੰਤ ਬਾਅਦ ਉਸ ਨੂੰ ਕੈਨੇਡਾ ਭੇਜ ਦਿੱਤਾ ਗਿਆ ਸੀ। ਤਹਿਰੀਕ-ਏ-ਲਬੈਕ ਦਾ ਨਾਂ ਉਦੋਂ ਖਾਸਾ ਸਾਹਮਣਾ ਆਇਆ ਸੀ ਜਦੋਂ ਇਸ ਦੇ ਇਕ ਮੈਂਬਰ ਤੇ ਸੁਰੱਖਿਆ ਗਾਰਡ ਨੇ ਪੰਜਾਬ ਸੂਬੇ ਦੇ ਗਵਰਨਰ ਸਲਮਾਨ ਤਾਸੀਰ ਦੀ ਹੱਤਿਆ ਕਰ ਦਿੱਤੀ ਸੀ ਕਿਉਂਕਿ ਤਾਸੀਰ ਨੇ ਆਸੀਆ ਬੀਬੀ ਦੇ ਹੱਕ ਵਿਚ ਆਵਾਜ਼ ਉਠਾਈ ਸੀ ਤੇ ਉਸ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਸੀ। ਉਸ ਸੁਰੱਖਿਆ ਗਾਰਡ ਨੂੰ ਨਾਇਕ ਵਾਂਗ ਵਡਿਆਇਆ ਗਿਆ ਤੇ ਗਵਰਨਰ ਸਲਮਾਨ ਤਾਸੀਰ ਦੀ ਹੱਤਿਆ ਤੋਂ ਬਾਅਦ ਉਸ ਦੀ ਲੋਕਪ੍ਰਿਯਤਾ ਬਹੁਤ ਵਧ ਗਈ ਸੀ। ਟੀਐੱਲਪੀ ਦਾ ਪੰਜਾਬ ਸੂਬੇ ਅੰਦਰ ਕਾਫ਼ੀ ਜਨ ਆਧਾਰ ਬਣ ਚੁੱਕਿਆ ਹੈ। ਫਰਾਂਸ ਵਿਚ ਪੈਗੰਬਰ ਮੁਹੰਮਦ ਦੀ ਕਥਿਤ ਤੌਹੀਨ ਕਰ ਕੇ ਫਰਾਂਸੀਸੀ ਸਫ਼ੀਰਾਂ ਨੂੰ ਕੱਢਣ ਦੀ ਮੰਗ ਨੂੰ ਲੈ ਕੇ ਹਾਲ ਹੀ ਵਿਚ ਪੰਜਾਬ ਭਰ ਵਿਚ ਕੀਤੇ ਗਏ ਰੋਸ ਮੁਜ਼ਾਹਰਿਆਂ ਦੌਰਾਨ ਜਨ-ਜੀਵਨ ਠੱਪ ਹੋ ਗਿਆ ਸੀ।
ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਦੀਆਂ ਪਾਬੰਦੀਆਂ ਅਤੇ ਅਮਰੀਕਾ ਤੇ ਇਸ ਦੇ ਯੂਰੋਪੀਅਨ ਸਹਿਯੋਗੀ ਮੁਲ਼ਕਾਂ ਵਲੋਂ ਕੀਤੀਆਂ ਸਖ਼ਤ ਕਾਰਵਾਈਆਂ ਕਰ ਕੇ ਪਾਕਿਸਤਾਨ ਨੂੰ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਜਿਹੇ ਗਰੁੱਪਾਂ ਦੀ ਮਦਦ ਘਟਾਉਣ ਲਈ ਮਜਬੂਰ ਹੋਣਾ ਪਿਆ ਹੈ। ਪਾਕਿਸਤਾਨ ਨੂੰ ਹੁਣ ਅਹਿਸਾਸ ਹੋ ਰਿਹਾ ਹੈ ਕਿ ਖਾਸਕਰ ਵੱਖ ਵੱਖ ਫ਼ਿਰਕਿਆਂ ਦਰਮਿਆਨ ਮਤਭੇਦਾਂ ਦੇ ਮੱਦੇਨਜ਼ਰ ਇਕੱਲੇ ਧਰਮ ਦੇ ਆਧਾਰ ਤੇ ਕਿਸੇ ਕੌਮ ਨੂੰ ਇਕਜੁੱਟ ਨਹੀਂ ਰੱਖਿਆ ਜਾ ਸਕਦਾ। ਉਂਜ, ਨਾ ਤਾਂ ਪਾਕਿਸਤਾਨ ਅੰਦਰ ਹਲਕੀ ਸ਼ਿੱਦਤ ਦਾ ਟਕਰਾਓ ਚਲਾ ਰਹੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਤੇ ਨਾ ਹੀ ਅਫ਼ਗਾਨਿਸਤਾਨ ਵਿਚਲੀ ਤਾਲਿਬਾਨ ਲੀਡਰਸ਼ਿਪ ਨੇ ਕਦੇ ਵੀ ਡੂਰੰਡ ਲਾਈਨ ਨੂੰ ਕੌਮਾਂਤਰੀ ਸਰਹੱਦ ਤਸਲੀਮ ਕੀਤਾ ਹੈ।
ਭਾਰਤ ਨੇ ਪਾਕਿਸਤਾਨ ਦੀ ਫ਼ੌਜੀ ਲੀਡਰਸ਼ਿਪ ਨਾਲ ਗੁਪਤ ਢੰਗ ਨਾਲ ਗੱਲਬਾਤ ਦੇ ਰਾਹ ਖੋਲ੍ਹ ਕੇ ਚੰਗਾ ਕੰਮ ਕੀਤਾ ਹੈ। ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਜੰਮੂ ਕਸ਼ਮੀਰ ਵਿਚ ਅਸਲ ਕੰਟਰੋਲ ਰੇਖਾ ਦੇ ਆਰ-ਪਾਰ ਗੋਲੀਬੰਦੀ ਲਈ ਸਮਝੌਤਾ ਸਹੀਬੰਦ ਹੋ ਗਿਆ ਹੈ। ਇਸੇ ਦੌਰਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤੀ ਖੇਤੀਬਾੜੀ ਵਸਤਾਂ ਦੀ ਦਰਾਮਦ ਖੋਲ੍ਹਣ ਦਾ ਉਹ ਪ੍ਰਸਤਾਵ ਰੱਦ ਕਰ ਦਿੱਤਾ ਹੈ ਜਿਸ ਦੀ ਪਹਿਲਾਂ ਉਹ ਤਾਈਦ ਕਰ ਚੁੱਕੇ ਸਨ। ਯਕੀਨਨ ਇਮਰਾਨ ਖ਼ਾਨ ਦੀ ਆਲਮੀ ਲੋਕਪ੍ਰਿਯਤਾ ਬਹੁਤ ਅੱਛੀ ਨਹੀਂ ਹੈ। ਦੁਨੀਆ ਨੇ ਇਹ ਗੱਲ ਨੋਟ ਕੀਤੀ ਹੈ ਕਿ ਇਹ ਜਨਰਲ ਬਾਜਵਾ ਹੀ ਸਨ ਜੋ ਪਿਛਲੇ ਹਫ਼ਤੇ ਸਾਊਦੀ ਸਲਤਨਤ ਦੇ ਵਾਰਸ ਪ੍ਰਿੰਸ ਨੂੰ ਪਹਿਲਾਂ ਮਿਲੇ ਸਨ ਤੇ ਫਿਰ ਉਨ੍ਹਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਹਾਲੇ ਤੱਕ ਇਮਰਾਨ ਖ਼ਾਨ ਨੂੰ ਨਿੱਜੀ ਤੌਰ ਤੇ ਨਹੀਂ ਮਿਲੇ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।