DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਰਕ ਟੱਲੀ ਨੂੰ ਯਾਦ ਕਰਦਿਆਂ...

ਸੰਨ 1984 ਦੇ ਆਪਰੇਸ਼ਨ ਬਲੂ ਸਟਾਰ ਦੇ ਦਿਨਾਂ ਵਿੱਚ ਪੱਤਰਕਾਰੀ ਕਰਨਾ ਕੋਈ ਸੁਖਾਲਾ ਨਹੀਂ ਸੀ। ਿੲਹ ਉਹ ਵੇਲਾ ਸੀ ਜਦੋਂ ਆਪਰੇਸ਼ਨ ਬਲੂ ਸਟਾਰ ਮਗਰੋਂ ਹਰ ਕੋਈ ਅਸਲ ਹਾਲਾਤ ਬਾਰੇ ਜਾਣਨਾ ਚਾਹੁੰਦਾ ਸੀ। ਉਨ੍ਹੀਂ ਦਿਨੀਂ ਬੀ ਬੀ ਸੀ ਰੇਡੀਓ ਤੋਂ ਨਸ਼ਰ ਹੁੰਦੀਆਂ ਅੰਮ੍ਰਿਤਸਰ...

  • fb
  • twitter
  • whatsapp
  • whatsapp
Advertisement

ਸੰਨ 1984 ਦੇ ਆਪਰੇਸ਼ਨ ਬਲੂ ਸਟਾਰ ਦੇ ਦਿਨਾਂ ਵਿੱਚ ਪੱਤਰਕਾਰੀ ਕਰਨਾ ਕੋਈ ਸੁਖਾਲਾ ਨਹੀਂ ਸੀ। ਿੲਹ ਉਹ ਵੇਲਾ ਸੀ ਜਦੋਂ ਆਪਰੇਸ਼ਨ ਬਲੂ ਸਟਾਰ ਮਗਰੋਂ ਹਰ ਕੋਈ ਅਸਲ ਹਾਲਾਤ ਬਾਰੇ ਜਾਣਨਾ ਚਾਹੁੰਦਾ ਸੀ। ਉਨ੍ਹੀਂ ਦਿਨੀਂ ਬੀ ਬੀ ਸੀ ਰੇਡੀਓ ਤੋਂ ਨਸ਼ਰ ਹੁੰਦੀਆਂ ਅੰਮ੍ਰਿਤਸਰ ਤੋਂ ਮਾਰਕ ਟੱਲੀ ਦੀਆਂ ਖ਼ਬਰਾਂ ਅਹਿਮ ਹੁੰਦੀਆਂ ਸਨ। ਦਰਅਸਲ, ਮਾਰਕ ਟੱਲੀ ਸਹਿਜ ਪ੍ਰਵਿਰਤੀ ਤੇ ਸਮੇਂ ਦੇ ਸੱਚ ਨੂੰ ਦਿਖਾਉਣ ਵਾਲਾ ਸ਼ਖ਼ਸ ਸੀ। ਮਾਰਕ ਟੱਲੀ ਵੱਲੋਂ ਭੇਜੀਆਂ ਉਨ੍ਹਾਂ ਖ਼ਬਰਾਂ ਵਿੱਚ ਅੰਮ੍ਰਿਤਸਰ ਦੀ ਸਚਾਈ, ਆਪਰੇਸ਼ਨ ਬਲੂ ਸਟਾਰ ਦਾ ਅਗਲਾ ਪਿਛਲਾ ਇਤਿਹਾਸ ਤੇ ਉਸ ਦਾ ਸਿੱਖ ਪੰਜਾਬੀਆਂ ਦੀ ਮਾਨਸਿਕਤਾ ’ਤੇ ਪੈਣ ਵਾਲਾ ਗਹਿਰਾ ਪ੍ਰਭਾਵ ਦਿਖਾਈ ਦਿੰਦਾ ਸੀ।

ਇਹ ਮੇਰੀਆਂ ਅੱਖਾਂ ਸਾਹਮਣੇ ਉਦੋਂ ਵਾਪਰਿਆ, ਜਦੋਂ ਮੈਂ ਵੀ ਸੰਨ 1984 ਵਿੱਚ ਖ਼ਾਸ ਕਵਰੇਜ ਵਾਸਤੇ ਤਾਇਨਾਤ ਸਾਂ। ਅਸਲ ’ਚ ਮਾਰਕ ਟੱਲੀ ਰੇਡੀਓ ਦੀ ਦੁਨੀਆ ਵਿੱਚ ਆਪਣੀ ਅਜਿਹੀ ਪਛਾਣ ਬਣਾ ਚੁੱਕਾ ਸੀ, ਜਿਸ ਦੀ ਆਵਾਜ਼ ਬੀ ਬੀ ਸੀ ਰੇਡੀਓ ਦੀ ਵਿਸ਼ਵਾਸ ਕਰਨ ਯੋਗ ਆਵਾਜ਼ ਸੀ।

Advertisement

ਮਾਰਕ ਟੱਲੀ ਨੇ ਸਚਾਈ ਤੇ ਨਿਡਰਤਾ ਦੇ ਪ੍ਰਤੀਕ ਉੱਘੇ ਪੱਤਰਕਾਰ ਵਜੋਂ ਨਿਰਪੱਖ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ। ਉਸ ਨੇ ਹਿੰਦੋਸਤਾਨ ਨੂੰ ਜੀਵਿਆ ਤੇ ਉਸ ਸੱਚ ਦੇ ਰੂ-ਬ-ਰੂ ਹੋਇਆ, ਜਿਸ ਦੀਆਂ ਕਈ ਪੀੜ੍ਹੀਆਂ ਬਦਲੀਆਂ ਤੇ ਕਈ ਸਿਆਸੀ, ਸਮਾਜਿਕ ਤੇ ਆਰਥਿਕ ਪਹਿਲੂਆਂ ਦੀ ਬੇਬਾਕ ਕਵਰੇਜ ਨੇ ਉਸ ਨੂੰ ਸਰ ਮਾਰਕ ਟੱਲੀ ਬਣਾ ਦਿੱਤਾ। ਉਸ ਨੇ ਅਯੁੱਧਿਆ ਦੀਆਂ ਘਟਨਾਵਾਂ, ਭਾਰਤ ਵਿੱਚ ਬੇਰੁਜ਼ਗਾਰੀ ਤੋਂ ਲੈ ਕੇ ਸਿਆਸੀ ਚਾਲਾਂ ਦੀਆਂ ਘਟਨਾਵਾਂ ਨੂੰ ਇੰਨ-ਬਿੰਨ ਲੋਕਾਂ ਸਾਹਮਣੇ ਲਿਆਂਦਾ, ਜਿਨ੍ਹਾਂ ਸਦਕਾ ਪੱਤਰਕਾਰੀ ਦੇ ਖੇਤਰ ’ਚ ਇੱਕ ਨਵਾਂ ਇਤਿਹਾਸ ਲਿਖਿਆ ਗਿਆ। ਇਹ ਗੱਲ ਸਰ ਮਾਰਕ ਟੱਲੀ ਤੋਂ ਸਿੱਖੀ ਜਾਂ ਉਨ੍ਹਾਂ ਦੀਆਂ ਗੱਲਾਂ ਵਿੱਚੋਂ ਪਤਾ ਲਗਾਈ ਜਾ ਸਕਦੀ ਸੀ ਕਿ ਨਿਰਪੱਖ, ਨਿਡਰ ਤੇ ਸੱਚੀ ਪੱਤਰਕਾਰੀ ਕੀ ਹੁੰਦੀ ਹੈ।

Advertisement

ਕਲਕੱਤਾ ਵਿੱਚ ਪੈਦਾ ਹੋਏ ਮਾਰਕ ਟੱਲੀ ਆਪਣੇ ਆਪ ਨੂੰ ਭਾਰਤੀ ਹੀ ਮੰਨਦੇ ਸਨ ਅਤੇ ਉਹ ਹਮੇਸ਼ਾ ਇਹ ਕਹਿੰਦੇ ਸਨ ਕਿ ਜਿਸ ਨੇ ਭਾਰਤ ਨਹੀਂ ਦੇਖਿਆ ਉਸ ਨੇ ਕੁਝ ਨਹੀਂ ਦੇਖਿਆ। ਉਨ੍ਹਾਂ ਆਪਣੀ ਮਿਸਾਲ ਨਾਲ ਇਹ ਦਿਖਾਇਆ ਕਿ ਭਾਰਤ ਵਿੱਚ ਨਿਰਪੱਖ ਤੇ ਬੇਬਾਕ ਪੱਤਰਕਾਰੀ ਨੂੰ ਸਚਾਈ ਤੇ ਸਹਿਜ ਵਿਆਖਿਆ ਨਾਲ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਉਂ ਉਹ ਭਾਰਤ ਵਿੱਚ ਅਨੁਭਵੀ ਤੇ ਅਨੂਠੇ ਸਿਰਮੌਰ ਪੱਤਰਕਾਰ ਵਜੋਂ ਸਾਹਮਣੇ ਆਇਆ, ਜਿਸ ਨੇ ਭਾਰਤੀ ਪੱਤਰਕਾਰੀ ਦੀ ਸਚਾਈ ਨੂੰ ਨਵੇਂ ਰੂਪ ਵਿੱਚ ਪੇਸ਼ ਕੀਤਾ।

ਉਹ ਦੋਸਤਾਂ ਦਾ ਦੋਸਤ ਅਤੇ ਸੁਹਜਮਈ ਬਿਰਤੀਆਂ ਦਾ ਮਾਲਕ ਇੱਕ ਸਾਫ਼ ਸ਼ਫਾਫ ਦਿਲ ਵਾਲਾ ਸਾਦਾ ਆਦਮੀ ਸੀ, ਜਿਸ ਦੇ ਦਿਲ ਦੀ ਗਹਿਰਾਈ ਨੂੰ ਕੋਈ ਵੀ ਮਾਪ ਨਹੀਂ ਸੀ ਸਕਦਾ। ਪਾਕਿਸਤਾਨ ਵਿੱਚ ਜ਼ੁਲਫਿਕਾਰ ਅਲੀ ਭੁੱਟੋ ਨੂੰ ਫਾਂਸੀ ਦਿੱਤੇ ਜਾਣ ਦੇ ਘਟਨਾਕ੍ਰਮ ਸਮੇਂ ਉਸ ਨੇ ਬੜੇ ਸਹਿਜ ਨਾਲ ਪਾਕਿਸਤਾਨੀ ਜੱਜਾਂ ਨਾਲ ਮਿਲ ਕੇ ਸਚਾਈ ਨੂੰ ਉਜਾਗਰ ਕੀਤਾ ਸੀ। ਉਹ ਮੁਲਜ਼ਮ ਨੂੰ ਫਾਂਸੀ ਲੱਗਣ ਤੋਂ ਪਹਿਲਾਂ ਇਹ ਖ਼ਬਰ ਨਸ਼ਰ ਕਰਨ ਵਾਲਾ ਪੱਤਰਕਾਰ ਸੀ। ਇਸੇ ਤਰ੍ਹਾਂ ਬਾਬਰੀ ਮਸਜਿਦ ਢਾਹੁਣ ਸਬੰਧੀ ਉਸ ਨੇ ਬੇਬਾਕ ਪੱਤਰਕਾਰੀ ਦੀ ਮਿਸਾਲ ਕਾਇਮ ਕੀਤੀ। ਜ਼ਿਕਰਯੋਗ ਹੈ ਕਿ ਐਮਰਜੈਂਸੀ ਵੇਲੇ ਬੇਬਾਕ ਰਿਪੋਰਟਿੰਗ ਕਾਰਨ ਉਸ ਨੂੰ ਭਾਰਤ ਵਿੱਚੋਂ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ ਗਏ ਸਨ। ਦਿਲਚਸਪ ਤੱਥ ਇਹ ਹੈ ਕਿ ਇਸ ਉੱਘੀ ਸ਼ਖ਼ਸੀਅਤ ਨੂੰ ਭਾਰਤ ਸਰਕਾਰ ਨੇ ਪਦਮ ਸ੍ਰੀ ਅਤੇ ਬਰਤਾਨਵੀ ਸਰਕਾਰ ਨੇ ਸਰ ਦੇ ਖਿਤਾਬ

ਨਾਲ ਨਿਵਾਜਿਆ।

ਅਸਲ ਵਿੱਚ ਉਹ ਭਾਰਤੀ ਪੱਤਰਕਾਰੀ ਵਿੱਚ ਭਾਰਤ ਨੂੰ ਸਮਝਣ ਵਾਲਾ ਅਜਿਹਾ ਵਿਦੇਸ਼ੀ ਪੱਤਰਕਾਰ ਸੀ, ਜਿਸ ’ਤੇ ਦੇਸ਼ ਦੇ ਹਰ ਪਿੰਡ ਸ਼ਹਿਰ ਦੇ ਲੋਕ ਵਿਸ਼ਵਾਸ ਕਰਦੇ ਸਨ। ਇੱਕ ਵਾਰ ਉਸ ਦੇ ਨਾਲ ਦੌਰਾ ਕਰਦਿਆਂ ਤੇ ਬਾਅਦ ਵਿੱਚ ਦੂਰਦਰਸ਼ਨ ਲਈ ਉਸ ਨਾਲ ਇੱਕ ਲੰਮੀ ਇੰਟਰਵਿਊ ਰਿਕਾਰਡ ਕਰਦਿਆਂ ਮੈਂ ਦੇਖਿਆ ਕਿ ਉਹ ਪੰਜਾਬ ਦੇ ਪਿੰਡਾਂ ਵਿੱਚ ਕਿੰਨਾ ਪ੍ਰਸਿੱਧ ਸੀ।

ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਪੁੱਜਣ ’ਤੇ ਬਜ਼ੁਰਗਾਂ ਤੋਂ ਲੈ ਕੇ ਜਵਾਨਾਂ ਤੱਕ ਹਰ ਕੋਈ ਉਸ ਦਾ ਸਵਾਗਤ ਕਰਦਾ ਸੀ। ਇਸ ਸਦਕਾ ਪਤਾ ਲੱਗਿਆ ਕਿ ਸਮਾਜ ਵਿੱਚ ਭਰੋਸੇਯੋਗ ਪੱਤਰਕਾਰ ਵਜੋਂ ਮਾਰਕ ਟੱਲੀ ਦੀ ਕਿੰਨੀ ਅਹਿਮੀਅਤ ਹੈ। ਉਸ ਨੇ ਭਾਰਤੀ ਪੱਤਰਕਾਰੀ ਨੂੰ ਨਵੀਂ ਉਡਾਣ ਤੇ ਨਵੀਂ ਦਿਸ਼ਾ ਦਿੱਤੀ ਅਤੇ ਭਵਿੱਖ ਦੇ ਪੱਤਰਕਾਰਾਂ ਲਈ ਅਜਿਹਾ ਪ੍ਰੇਰਨਾ ਸਰੋਤ ਬਣਿਆ, ਜਿਸ ਦੀ ਕੋਈ ਹੋਰ ਮਿਸਾਲ ਨਹੀਂ ਦਿੱਤੀ ਜਾ ਸਕਦੀ।

ਮਾਰਕ ਟੱਲੀ ਨੇ ਆਪਣੀ ਸਾਰੀ ਉਮਰ ਭਾਰਤ ਵਿੱਚ ਬਿਤਾਈ ਅਤੇ ਉਸ ਦਾ ਦੇਹਾਂਤ ਵੀ ਭਾਰਤ ਵਿੱਚ ਹੀ ਹੋਇਆ। ਉਸ ਦੇ ਦੇਹਾਂਤ ਨਾਲ ਭਾਰਤੀ ਪੱਤਰਕਾਰੀ ਨੂੰ ਨਵਾਂ ਚਿਹਰਾ ਬਖ਼ਸ਼ਣ ਵਾਲੀ ਆਵਾਜ਼ ਖ਼ਾਮੋਸ਼ ਹੋ ਗਈ ਹੈ, ਜਿਸ ’ਤੇ ਹਮੇਸ਼ਾ ਫ਼ਖ਼ਰ ਕੀਤਾ ਜਾ ਸਕਦਾ ਹੈ। ਉਸ ਵਰਗੇ ਪੱਤਰਕਾਰ ਦੁਨੀਆ ਵਿੱਚ ਵਿਰਲੇ ਟਾਵੇਂ ਹੁੰਦੇ ਹਨ। ਅੱਜ ਮਾਰਕ ਟੱਲੀ ਨੂੰ ਯਾਦ ਕਰਦਿਆਂ ਇਹ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਮੀਡੀਆ ਤੇ ਪੱਤਰਕਾਰੀ ਨੂੰ ਕਿਸ ਤਰ੍ਹਾਂ ਦਾ ਮਿਆਰ ਕਾਇਮ ਕਰਨਾ ਅਤੇ ਕਾਇਮ ਰੱਖਣਾ ਚਾਹੀਦਾ ਹੈ। ਸੱਚਮੁੱਚ ਬਹੁਤ ਯਾਦ ਆਵੇਗਾ ਮਾਰਕ ਟੱਲੀ।

ਉਸ ਨੇ ਆਪਣੀ ਕਿਤਾਬ ‘ਅੰਮ੍ਰਿਤਸਰ: ਮਿਸਿਜ਼ ਗਾਂਧੀ’ਜ਼ ਲਾਸਟ ਬੈਟਲ’ ਵਿੱਚ ਪੰਜਾਬ ਅਤੇ ਪੰਜਾਬ ਵਿਚਲੀ ਸਿਆਸਤ ਬਾਰੇ ਲਿਖਿਆ ਹੈ। ਪੰਜਾਬ ਦੇ ਹਾਲਾਤ ਤੇ ਇੱਥੋਂ ਦੀ ਸਿਆਸਤ ਬਾਰੇ ਉਸ ਦਾ ਅਧਿਐਨ ਅਦਭੁੱਤ ਹੈ। ਉਹ ਅਦਭੁੱਤ ਇਨਸਾਨ ਅਤੇ ਪ੍ਰੇਰਨਾਮਈ ਪੱਤਰਕਾਰ ਸੀ, ਜਿਸ ਤੋਂ ਹਮੇਸ਼ਾ ਸਿੱਖਿਆ ਜਾ ਸਕਦਾ ਸੀ। ਮੇਰੀਆਂ ਯਾਦਾਂ ਅਤੇ ਭਾਰਤੀ ਪੱਤਰਕਾਰੀ ਦੇ ਇਤਿਹਾਸ ਵਿੱਚ ਉਹ ਸਦਾ ਇੱਕ ਯੁੱਗਪੁਰਸ਼ ਤੇ ਵਿਸ਼ਵਾਸ ਦੇ ਪਾਤਰ ਪੱਤਰਕਾਰ ਵਜੋਂ ਜਿਊਂਦਾ ਰਹੇਗਾ।

* ਉੱਘਾ ਮੀਡੀਆ ਵਿਸ਼ਲੇਸ਼ਕ ਅਤੇ ਸਾਬਕਾ ਉਪ ਮਹਾਨਿਰਦੇਸ਼ਕ, ਦੂਰਦਰਸ਼ਨ।

Advertisement
×