ਡਾਕਟਰ ਜਗਤਾਰ ਨੂੰ ਯਾਦ ਕਰਦਿਆਂ
ਡਾ. ਜਗਤਾਰ ਨੂੰ ਸਾਥੋਂ ਵਿਛੜਿਆਂ ਸੋਲ੍ਹਾਂ ਵਰ੍ਹੇ ਬੀਤ ਗਏ ਹਨ, ਪਰ ਉਨ੍ਹਾਂ ਦੀ ਕਵਿਤਾ ਅੱਜ ਵੀ ਓਨੀ ਸਾਰਥਕ ਹੈ, ਜਿੰਨੀ ਉਨ੍ਹਾਂ ਦੇ ਵੇਲਿਆਂ ’ਚ ਸੀ। ਇਸ ਕਵਿਤਾ ਨੂੰ ਪੜ੍ਹ ਕੇ ਜਿਊਣ ਦੇ ਅੰਦਾਜ਼ ਜਾਗ ਪੈਂਦੇ ਨੇ, ਕਈ ਬੰਦ ਖਿੜਕੀਆਂ ਦੇ...
ਡਾ. ਜਗਤਾਰ ਨੂੰ ਸਾਥੋਂ ਵਿਛੜਿਆਂ ਸੋਲ੍ਹਾਂ ਵਰ੍ਹੇ ਬੀਤ ਗਏ ਹਨ, ਪਰ ਉਨ੍ਹਾਂ ਦੀ ਕਵਿਤਾ ਅੱਜ ਵੀ ਓਨੀ ਸਾਰਥਕ ਹੈ, ਜਿੰਨੀ ਉਨ੍ਹਾਂ ਦੇ ਵੇਲਿਆਂ ’ਚ ਸੀ। ਇਸ ਕਵਿਤਾ ਨੂੰ ਪੜ੍ਹ ਕੇ ਜਿਊਣ ਦੇ ਅੰਦਾਜ਼ ਜਾਗ ਪੈਂਦੇ ਨੇ, ਕਈ ਬੰਦ ਖਿੜਕੀਆਂ ਦੇ ਰਾਹ ਖੁੱਲ੍ਹਦੇ ਨੇ।
ਉਹ ਪ੍ਰੌਢ, ਉਸਤਾਦ ਸ਼ਾਇਰ, ਗਹਿਰ ਗੰਭੀਰ ਚਿੰਤਕ, ਅਨੁਵਾਦਕ, ਖੋਜੀ, ਸੰਪਾਦਕ ਤੇ ਸਾਹਿਤ ਆਲੋਚਕ ਸਨ। ਉਨ੍ਹਾਂ ਨੇ ਰੁਮਾਂਸਵਾਦੀ, ਪ੍ਰਯੋਗਵਾਦੀ, ਜੁਝਾਰਵਾਦੀ, ਪ੍ਰਗਤੀਵਾਦੀ ਅਤੇ ਅਸਲੋਂ ਨਵੀਂ ਕਵਿਤਾ ਦੀ ਰਚਨਾ ਕੀਤੀ। ਉਨ੍ਹਾਂ ਸਮੇਂ ਸਮੇਂ ਚੱਲੀਆਂ ਲਹਿਰਾਂ ਦੀ ਅਗਵਾਈ ਤਾਂ ਨਹੀਂ ਕੀਤੀ, ਪਰ ਲਹਿਰਾਂ ਦੀ ਸਿਆਸੀ ਸਮਝ ਨੂੰ ਚੰਗੀ ਤਰ੍ਹਾਂ ਜਾਣਿਆ ਤੇ ਲਹਿਰਾਂ ਦੀ ਸੁਰ ਵਾਲੀ ਕਵਿਤਾ ਵੀ ਰਚੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਹਿਰਾਂ ਅੰਦਰ ਆਈ ਗਿਰਾਵਟ ਨੂੰ ਪਰਖਿਆ ਵੀ ਅਤੇ ਸੇਧ ਦੇਣ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਪਾਕਿਸਤਾਨੀ ਸਾਹਿਤ ਬਾਰੇ ਨਿੱਠ ਕੇ ਖੋਜ ਕੀਤੀ, ਡਾਕਟਰੇਟ ਪਾਕਿਸਤਾਨੀ ਪੰਜਾਬੀ ਸਾਹਿਤ ’ਤੇ ਕੀਤੀ, ਚੜ੍ਹਦੇ ਪੰਜਾਬ ਦੇ ਸਾਹਿਤ ਨੂੰ ਗੁਰਮੁਖੀ ਵਿੱਚ ਲਿਪੀਅੰਤਰ ਤੇ ਸੰਪਾਦਿਤ ਵੀ ਕੀਤਾ। ਡਾ. ਜਗਤਾਰ ਨੇ ਰਾਜਸਥਾਨ ਦੇ ਕਿਲ੍ਹਿਆਂ, ਸਿੱਕਿਆਂ, ਕੰਧਚਿੱਤਰਾਂ, ਲੋਕਧਾਰਾ ਤੇ ਪਸ਼ੂ-ਪੰਛੀਆਂ ਦਾ ਡੂੰਘਾ ਅਧਿਐਨ ਕੀਤਾ। ਉਨ੍ਹਾਂ ਆਪਣੇ ਸਮਿਆਂ ’ਚ ਫੋਟੋਗ੍ਰਾਫੀ ਦਾ ਮਹਿੰਗਾ ਸ਼ੌਕ ਵੀ ਪਾਲਿਆ ਅਤੇ ਦੂਰ-ਦੁਰਾਡੇ ਘੁੰਮਦਿਆਂ ਉੱਥੋਂ ਦੇ ਸਮਾਜ, ਆਰਥਿਕਤਾ, ਸੱਭਿਆਚਾਰ ਤੇ ਭੂਗੋਲਿਕ ਖਿੱਤੇ ਨੂੰ ਜਾਣਿਆ।
ਮੈਂ ਡਾ. ਜਗਤਾਰ ਨਾਲ ਘੁੰਮਦਿਆਂ ਰਾਜਸਥਾਨ ਦੀਆਂ ਸ਼ਾਮਾਂ ਤੇ ਕਵਿਤਾਵਾਂ ਦਾ ਗਵਾਹ ਵੀ ਹਾਂ ਅਤੇ ਉਨ੍ਹਾਂ ਦਾ ਪਾਠਕ ਵੀ। ਉਨ੍ਹਾਂ ਨੂੰ ਸਾਹ ਦੀ ਸਮੱਸਿਆ ਹੋਣ ਕਾਰਨ ਇਨਹੇਲਰ ਲੈਂਦੇ ਦੇਖਿਆ। ਉਹ ਸਿਹਤ ਨਾਸਾਜ਼ ਹੋਣ ਦੇ ਬਾਵਜੂਦ ਉੱਚੇ ਉੱਚੇ ਕਿਲ੍ਹਿਆਂ ’ਤੇ ਚੜ੍ਹਦਿਆਂ ਫੋਟੋਗ੍ਰਾਫੀ ਕਰਦਿਆਂ ਆਪਣੇ ਅੰਦਰਲੀ ਵੇਖਣ ਦੀ ਤਾਂਘ ਨੂੰ ਮਰਨ ਨਹੀਂ ਸਨ ਦਿੰਦੇ। ਉਹ ਇਤਿਹਾਸ ਨੂੰ ਜਾਣਨ ਲਈ ਦੂਰ-ਦੁਰਾਡੇ ਘੁੰਮਦੇ ਅਤੇ ਮਹਿੰਗੇ ਤੋਂ ਮਹਿੰਗਾ ਸਾਹਿਤ ਖਰੀਦ ਕੇ ਪੜ੍ਹਦੇ ਸਨ। ਉਹ ਆਖਦੇ ਸਨ, “ਪੰਜਾਬੀ ਦਾ ਲੇਖਕ ਪਛੜਿਆ ਹੋਇਆ ਹੈ। ਉਹ ਨਾ ਤਾਂ ਹੋਰ ਭਾਸ਼ਾਵਾਂ ਦਾ ਸਾਹਿਤ ਪੜ੍ਹਦੈ, ਨਾ ਹੀ ਲਿਖੇ ਗ੍ਰੰਥਾਂ ਨੂੰ ਖੰਘਾਲ਼ਦਾ ਹੈ, ਘੁੰਮਣ ਦਾ ਸ਼ੌਕ ਤਾਂ ਉੱਕਾ ਹੀ ਨਹੀਂ ਪਾਲਦਾ।’’ ਉਨ੍ਹਾਂ ਦੀ ਇਹ ਗੱਲ ਕਿਸੇ ਹੱਦ ਤੱਕ ਠੀਕ ਵੀ ਸੀ। ਘੁਮੱਕੜ ਹੋਣ ਸਦਕਾ ਮਨੁੱਖ ਦੇ ਮਨ ਦੇ ਕਈ ਬੰਦ ਖਿੜਕੀਆਂ ਤੇ ਰਾਹ ਵੀ ਖੁੱਲ੍ਹਦੇ ਹਨ, ਮਨ ਦੇ ਜਾਲ਼ੇ ਵੀ ਸਾਫ਼ ਹੁੰਦੇ ਹਨ।
ਉਨ੍ਹਾਂ ਦੇ ਸੁਭਾਅ ਦੀ ਖ਼ਾਸੀਅਤ ਸੀ ਕਿ ਜਿਸ ਖ਼ਿੱਤੇ ’ਚ ਉਨ੍ਹਾਂ ਘੁੰਮਣਾ ਹੁੰਦਾ ਸੀ, ਉਸ ਬਾਰੇ ਨਿੱਠ ਕੇ ਘੋਖ-ਪੜਤਾਲ ਕਰਦੇ ਸਨ ਕਿ ਕਿਹੜੇ ਰਸਤੇ ਤੋਂ ਜਾਣਾ, ਕਿੱਥੇ ਠਹਿਰਨਾ, ਕਿੰਨੇ ਕਿਲੋਮੀਟਰ ਵੇਖਣ ਵਾਲੀ ਥਾਂ ਹੈ। ਉਨ੍ਹਾਂ ਦੇ ਹੱਥ ’ਚ ਐਟਲਸ ਗੂਗਲ ਦਾ ਕੰਮ ਕਰਦੀ ਸੀ। ਉਨ੍ਹਾਂ ਵਾਰ ਵਾਰ ਰਾਜਸਥਾਨ ਦੀ ਯਾਤਰਾ ਕੀਤੀ। ਕਈ ਵਾਰ ਰੇਤ ’ਤੇ ਡੰਡੌਤ ਕਰਦਿਆਂ ਆਪਣੇ ਮਨ ਦੀ ਇੱਛਾ ਜ਼ਾਹਰ ਕੀਤੀ ਕਿ ਉਹ ਰਾਣੀ ਪਦਮਿਨੀ ਬਾਰੇ ਮਹਾਂਕਾਵਿ ਲਿਖਣਾ ਚਾਹੁੰਦੇ ਹਨ। ਉਹ ਪਦਮਿਨੀ ਦੇ ਹੁਸਨ ਤੇ ਬਹਾਦਰੀ ਦੋਵਾਂ ਤੋਂ ਪ੍ਰਭਾਵਿਤ ਸਨ। ਉਨ੍ਹਾਂ ਦੀ ਅੱਖ ਦੀ ਲਿਸ਼ਕੋਰ ਤੋਂ ਇਹ ਸਾਫ਼ ਪੜ੍ਹਿਆ ਜਾ ਸਕਦਾ ਸੀ ਕਿ ਉਨ੍ਹਾਂ ਅੰਦਰ ਰਾਣੀ ਪਦਮਿਨੀ ਬਾਰੇ ਮਹਾਂਕਾਵਿ ਲਿਖਣ ਦਾ ਕਿੰਨਾ ਜਨੂੰਨ ਹੈ। ਉਨ੍ਹਾਂ ਬਹੁਤ ਸਾਰੇ ਸਰੋਤਾਂ ਤੋਂ ਪਦਮਿਨੀ ਦਾ ਜੀਵਨ ਬਿਓਰਾ, ਉਸ ਵੇਲੇ ਦੀ ਸਮਾਜਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ ਤੇ ਭੂਗੋਲਿਕ ਸਥਿਤੀ ਬਾਰੇ ਜਾਣਨ ਲਈ ਕਈ ਯਾਤਰਾਵਾਂ ਕੀਤੀਆਂ, ਪਰ ਅਫ਼ਸੋਸ ਉਨ੍ਹਾਂ ਦੇ ਵਕਤ ਤੋਂ ਪਹਿਲਾਂ ਤੁਰ ਜਾਣ ਕਾਰਨ ਅਸੀਂ ‘ਮਹਾਰਾਣੀ ਪਦਮਿਨੀ’ ਬਾਰੇ ਮਹਾਂਕਾਵਿ ਪੜ੍ਹਨ ਤੋਂ ਵਾਂਝੇ ਰਹਿ ਗਏ।
ਡਾ. ਜਗਤਾਰ ਨੂੰ ਪੁਰਾਣੇ ਸਿੱਕੇ ਇਕੱਠੇ ਕਰਨ ਦਾ ਵੀ ਬੜਾ ਸ਼ੌਕ ਸੀ। ਉਨ੍ਹਾਂ ਕੋਲ ਮੁਗ਼ਲ ਕਾਲ ਤੋਂ ਲੈ ਕੇ ਅੱਜ ਤੱਕ ਦੇ ਸਿੱਕੇ ਸਨ। ਉਹ ਉਰਦੂ ਤੇ ਫ਼ਾਰਸੀ ਦੇ ਗਿਆਤਾ ਸਨ। ਉਨ੍ਹਾਂ ਨੇ ਦੋਵਾਂ ਵਿਸ਼ਿਆਂ ’ਚ ਐੱਮ ਏ ਕੀਤੀ ਹੋਈ ਸੀ। ਇਸ ਲਈ ਉਹ ਸਿੱਕਿਆਂ ’ਤੇ ਲਿਖੀ ਇਬਾਰਤ ਨੂੰ ਲੈਨਜ਼ ਨਾਲ ਪੜ੍ਹ ਕੇ ਦੱਸ ਦਿੰਦੇ ਸਨ ਕਿ ਇਹ ਸਿੱਕਾ ਕਿਹੜੀ ਸਦੀ, ਕੀਹਦੇ ਰਾਜ ਅਤੇ ਕਿਸ ਕਾਲ ਦਾ ਹੈ। ਉਨ੍ਹਾਂ ਨੂੰ ਨਿਰਾ ਸਿੱਕੇ ਇਕੱਠੇ ਕਰਨ ਦਾ ਸ਼ੌਕ ਹੀ ਨਹੀਂ ਸੀ, ਸਗੋਂ ਉਹ ਇਨ੍ਹਾਂ ਸਿੱਕਿਆਂ ਜ਼ਰੀਏ ਇਤਿਹਾਸ ਨੂੰ ਜਾਣਨਾ ਚਾਹੁੰਦੇ ਸਨ। ਕਈ ਵੇਰਾਂ ਰਾਜਸਥਾਨ, ਮੱਧ ਪ੍ਰਦੇਸ਼ ਤੇ ਗੁਜਰਾਤ ਦੇ ਬਾਜ਼ਾਰਾਂ ’ਚ ਸਿੱਕਿਆਂ ਦੀ
ਭਾਲ ਵਿੱਚ ਘੁੰਮਦਿਆਂ ਅਸੀਂ ਅੱਕ ਜਾਂਦੇ, ਪਰ ਡਾ. ਜਗਤਾਰ ਨਹੀਂ ਸਨ ਥੱਕਦੇ। ਅਫ਼ਸੋਸ! ਸਿੱਕਿਆਂ ਬਾਰੇ ਲਿਖੀ ਜਾਣ ਵਾਲੀ ਉਨ੍ਹਾਂ ਦੀ ਕਿਤਾਬ ਦਾ ਪ੍ਰੋਜੈਕਟ ਵੀ ਅਧੂਰਾ ਰਹਿ ਗਿਆ।
ਡਾ. ਜਗਤਾਰ ਦੀ ਸਾਹਿਤਕ ਯਾਤਰਾ ਦੀ ਗੱਲ ਕਰੀਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਅੱਧੀ ਸਦੀ ਤੋਂ ਵੱਧ ਕਾਵਿ ਸਾਧਨਾ ਨਾਲ ਜੁੜੇ ਰਹੇ। ਦੁੱਧ ਪੱਥਰੀ, ਛਾਂਗਿਆ ਰੁੱਖ, ਅਧੂਰਾ ਆਦਮੀ, ਤਲਖ਼ੀਆਂ ਰੰਗੀਨੀਆਂ, ਰੁੱਤਾਂ ਰਾਂਗਲੀਆਂ, ਸ਼ੀਸ਼ੇ ਦਾ ਜੰਗਲ, ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ, ਲਹੂ ਦੇ ਨਕਸ਼, ਚਨੁਕਰੀ ਸ਼ਾਮ, ਜੁਗਨੂੰ ਦੀਵਾ ਤੇ ਦਰਿਆ, ਅੱਖਾਂ ਵਾਲੀਆਂ ਪੈੜਾਂ, ਮੋਮ ਦੇ ਲੋਕ, ਪ੍ਰਵੇਸ਼ ਦੁਆਰ ਆਦਿ ਕਾਵਿ-ਸੰਗ੍ਰਹਿਆਂ ਦੀ ਰਚਨਾ ਕੀਤੀ। ਸਲੀਮ ਖਾਂ ਗਿੰਮੀ ਅਤੇ ਅਫ਼ਜ਼ਲ ਅਹਿਸਨ ਰੰਧਾਵਾ ਦੇ ਨਾਵਲਾਂ ਕ੍ਰਮਵਾਰ ‘ਸਾਂਝ’ ਅਤੇ ‘ਦੁਆਬਾ’, ਇਸਹਾਕ ਮੁਹੰਮਦ ਦੇ ਡਰਾਮੇ ‘ਕੁਕਨੂਸ’ ਅਤੇ ਮਜ਼ਹਰ-ਉਲ-ਇਸਲਾਮ ਦੇ ਕਹਾਣੀ ਸੰਗ੍ਰਹਿ ‘ਹਰਾ ਸਮੁੰਦਰ’ ਦਾ ਲਿਪੀਅੰਤਰ ਵੀ ਕੀਤਾ। ਫ਼ੈਜ਼ ਅਹਿਮਦ ਫ਼ੈਜ਼ ਦੀ ਚੋਣਵੀਂ ਕਵਿਤਾ ‘ਰਾਤ ਦੀ ਰਾਤ’ ਅਤੇ ਅਬਦੁੱਲਾ ਹੁਸੈਨ ਦੇ ਨਾਵਲ ‘ਰਾਤ’ ਦਾ ਅਨੁਵਾਦ ਕਰਨ ਤੋਂ ਇਲਾਵਾ ‘ਦੁੱਖ ਦਰਿਆਓਂ ਪਾਰ ਦੇ’, ‘ਆਖਿਆ ਫਰੀਦ ਨੇ’, ‘ਸੂਫ਼ੀ ਕਾਵਿ ਤੇ ਉਸਦਾ ਪਿਛੋਕੜ’ ਅਤੇ ‘ਹੀਰ ਦਮੋਦਰ’ ਦਾ ਸੰਪਾਦਨ ਵੀ ਕੀਤਾ। ਇਉਂ ਇੱਕ ਲੰਮੀ ਯਾਤਰਾ ਹੈ ਡਾ. ਜਗਤਾਰ ਦੀ। ਉਨ੍ਹਾਂ ਦੀ ਕਵਿਤਾ ਕਿਸੇ ਵੀ ਸਥਿਤੀ ’ਚ ਕਿਉਂ ਨਾ ਹੋਵੇ, ਮਨੁੱਖੀ ਮਨ, ਜੀਵਨ ਤੇ ਸਮਾਜ ਦੀ ਆਰਸੀ ’ਚੋਂ ਵੇਖਦੀ ਵਿਚਾਰਧਾਰਕ ਪੈਂਤੜਾ ਨਹੀਂ ਛੱਡਦੀ। ਨਵੀਨਤਾ ਤੇ ਵੰਨ-ਸੁਵੰਨਤਾ ਉਨ੍ਹਾਂ ਦੀ ਕਵਿਤਾ ਦਾ ਖ਼ਾਸ ਗੁਣ ਹੈ। ਉਹ ਜੀਵਨ ਦੇ ਵਸਤੂਗਤ ਯਥਾਰਥ ਨਾਲੋਂ ਵੱਧ ਆਤਮਮੁਖੀ ਅਨੁਭਵ ਦੇ ਸੱਚ ਨੂੰ ਕਲਾਤਮਿਕਤਾ ਨਾਲ ਪੇਸ਼ ਕਰਦੇ ਸਨ। ਮੁਹਾਵਰੇ ਨੂੰ ਨਵੇਂ ਢੰਗ ਨਾਲ ਵਰਤਣ-ਵਿਉਂਤਣ ਦੀ ਕਲਾ ਉਨ੍ਹਾਂ ਨੂੰ ਆਉਂਦੀ ਸੀ। ਉਨ੍ਹਾਂ ਦੀ ਕਵਿਤਾ ਮਨੁੱਖੀ ਹੋਂਦ ਦੇ ਅਰਥਾਂ ਦੀ ਤਲਾਸ਼ ਸੀ, ਜ਼ਿੰਦਗੀ ਦੇ ਗੁੰਮ ਗਏ ਯਥਾਰਥ ਦੀ ਭਾਲ ਸੀ ਅਤੇ ਮਨੁੱਖ ਦੇ ਖਿੰਡ-ਪੁੰਡ ਗਏ ਅਸਤਿਤਵ ਨੂੰ ਲੱਭਦੀ ਸੀ। ਇਹ ਕਠੋਰ ਯਥਾਰਥ ਦੀਆਂ ਪੇਚੀਦਗੀਆਂ ਦੇ ਬੋਝ ਹੇਠ ਸਿਸਕਦੀ ਸੀ। ਅਜੋਕੇ ਮਨੁੱਖ ਦੀ ਚੇਤਨਾ, ਇਕੱਲਤਾ ਤੇ ਭਟਕਣ ਅੰਦਰੋਂ-ਅੰਦਰ ਟਕਰਾਉਂਦੀ ਤੇ ਅੰਤਰੀਵ ਤਣਾਅ ਦੀਆਂ ਸਥਿਤੀਆਂ ਨੂੰ ਪ੍ਰਚੰਡ ਸੁਰ ਪ੍ਰਦਾਨ ਕਰਦੀ ਸੀ।
ਅੱਜ ਡਾ. ਜਗਤਾਰ ਨੂੰ ਯਾਦ ਕਰਦਿਆਂ ਸੋਚਦਾ ਹਾਂ ਕਿ ਉਨ੍ਹਾਂ ਦੀ ਸ਼ਾਇਰੀ ਯੂਨੀਵਰਸਿਟੀਆਂ, ਕਾਲਜਾਂ ’ਚ ਅਕਾਦਮਿਕ ਸਿੱਖਿਆ ਦੇ ਸਿਲੇਬਸ ਵਜੋਂ ਪੜ੍ਹੀ ਪੜ੍ਹਾਈ ਗਈ, ਪਰ ਕਿਸੇ ਵੀ ਆਲੋਚਕ ਵਿਦਵਾਨ ਨੇ ਉਨ੍ਹਾਂ ਦੀ ਸ਼ਾਇਰੀ ਦਾ ਇਮਾਨਦਾਰੀ ਨਾਲ ਨਿੱਠ ਕੇ ਮੁਲਾਂਕਣ ਨਹੀਂ ਕੀਤਾ। ਇਸ ਗੱਲ ਦਾ ਸ਼ਿਕਵਾ ਡਾ. ਜਗਤਾਰ ਨੂੰ ਵੀ ਰਿਹਾ। ਉਹ ਆਖਦੇ ਹੁੰਦੇ ਸਨ, “ਲੋਕ ਅੱਜ ਵੀ ਉਸ ਦੀ ਸ਼ਾਇਰੀ ਦੇ ਉਹੀ ਅਰਥ ਕੱਢੀ ਜਾਂਦੇ ਹਨ, ਜਿਹੜੇ ਇਨ੍ਹਾਂ ਤੀਹ ਸਾਲ ਪਹਿਲਾਂ ਕੱਢੇ ਸਨ। ਉਹ ਉੱਥੇ ਹੀ ਖੜ੍ਹੇ ਹਨ, ਮੈਂ ਬਹੁਤ ਅਗਾਂਹ ਨਿਕਲ ਗਿਆ ਹਾਂ। ਇਹ ਲੋਕ ਮੇਰੇ ਸ਼ਿਅਰਾਂ ਦੀਆਂ ਪਰਤਾਂ ਅਜੇ ਵੀ ਨਹੀਂ ਖੋਲ੍ਹ ਸਕੇ।’’
ਡਾ. ਜਗਤਾਰ ਨੇ ਨਾ ਲਿਖਣ ਲਈ ਲਿਖਿਆ, ਨਾ ਵਿਕਣ ਲਈ। ਉਨ੍ਹਾਂ ਲੋਕਾਂ ਲਈ ਲਿਖਿਆ, ਜੋਕਾਂ ਲਈ ਨਹੀਂ ਲਿਖਿਆ। ਸ਼ਾਇਰੀ ਦਾ ਇਹ ਕਰਮ ਹੁੰਦਾ ਹੈ ਕਿ ਨਿਰਾ ਜੀਵਨ ਦੇ ਕਰੂਰ ਯਥਾਰਥ ਨੂੰ ਹੀ ਨਾ ਚਿਤਰੇ, ਉਸ ਨੂੰ ਆਦਰਸ਼ ਵੀ ਦੇਵੇ, ਦਸ਼ਾ ਨੂੰ ਦਿਸ਼ਾ, ਦਲਿੱਦਰ ਨੂੰ ਦਲੇਰੀ, ਹਾਰੇ ਨੂੰ ਜਿੱਤ, ਨਿਰਾਸ਼ਾ ਨੂੰ ਆਸ, ਝੁੱਲਦੀਆਂ ਹਨੇਰੀਆਂ ਅੱਗੇ ਡਟ ਜਾਣ ਦਾ ਜਜ਼ਬਾ, ਡੋਬੂਆਂ ਨੂੰ ਤਾਰੂ ਬਣਨ ਦਾ ਹੁਨਰ ਸਿਖਾਵੇ, ਲੋਕਾਂ ਨੂੰ ਲੋਕ ਸੰਗਰਾਮ ਦੇ ਇਤਿਹਾਸ ਤੋਂ ਜਾਣੂ ਕਰਾਵੇ। ਇਹ ਸਭ ਕੁਝ ਡਾ. ਜਗਤਾਰ ਦੀ ਸ਼ਾਇਰੀ ’ਚ ਮੌਜੂਦ ਹੈ।
ਡਾ. ਜਗਤਾਰ ਨੂੰ ਮਿੱਟੀ ਅੰਦਰ ਹਮਕ, ਖੁਸ਼ਬੂ ਦੀ ਬਾਰੀਕੀ ਨਾਲ ਸਮਝ ਸੀ ਕਿ ਕਿਹੜੀ ਰੁੱਤ, ਕਿਹੜੇ ਸਮਿਆਂ ’ਚ ਮਿੱਟੀ ਦੀ ਖੁਸ਼ਬੋਈ ਹੈ ਤੇ ਕਦੋਂ ਹਮਕ। ਉਹ ਵੀ ਉਨ੍ਹਾਂ ਦੀ ਸ਼ਾਇਰੀ ’ਚ ਮੌਜੂਦ ਹੈ। ਦੁਨੀਆ ਦੇ ਮਹਾਨ ਚਿੱਤਰਕਾਰਾਂ ਦੀਆਂ ਕਿਤਾਬਾਂ, ਪੇਂਟਿੰਗਜ਼ ਅਤੇ ਕੋਲਾਜ ਬਾਰੇ ਅਨੇਕਾਂ ਕਿਤਾਬਾਂ ਉਨ੍ਹਾਂ ਦੀ ਲਾਇਬਰੇਰੀ ’ਚ ਮੌਜੂਦ ਸਨ। ਉਨ੍ਹਾਂ ਦੀ ਸ਼ਾਇਰੀ ’ਚ ਸ਼ਾਇਦ ਇਸੇ ਕਰਕੇ ਬਹੁਤ ਸਾਰੇ ਰੰਗਾਂ ਦੀ ਭਰਮਾਰ ਹੈ।
ਦੇਸ਼ ਦੀ ਵੰਡ, ਖ਼ਾਸਕਰ ਪੰਜਾਬ ਦੀ ਵੰਡ ਨਾਲ ਉਹ ਅੰਦਰੋਂ ਵੱਢੇ ਗਏ ਸਨ। ਉਨ੍ਹਾਂ ਦਾ ਪਾਕਿਸਤਾਨ ਨਾਲ ਬੜਾ ਲਗਾਉ ਸੀ। ਇਸ ਲਈ ਉਹ ਕਈ ਵਾਰ ਪਾਕਿਸਤਾਨ ਗਏ। ਉੱਥੇ ਤੇ ਇੱਥੇ ਦੋਵੇਂ ਪੰਜਾਬਾਂ ’ਚ ਉਨ੍ਹਾਂ ਦੇ ਪਾਠਕਾਂ ਤੇ ਚਹੇਤਿਆਂ ਦੀ ਲੰਮੀ ਫਹਿਰਿਸਤ ਹੈ।
ਜਦੋਂ ਪੰਜਾਬ ’ਚ ਅਤਿਵਾਦ ਜ਼ੋਰਾਂ ’ਤੇ ਸੀ ਤਾਂ ਉਹ ਤੜਫ਼ ਰਹੇ ਸਨ, ਵਿਲਕ ਰਹੇ ਸਨ। ਉਨ੍ਹਾਂ ਦੀਆਂ ਦੋ ਪੁਸਤਕਾਂ ‘ਚਨੁਕਰੀ ਸ਼ਾਮ’ ਤੇ ‘ਜੁਗਨੂੰ ਦੀਵਾ ਤੇ ਦਰਿਆ’ ਉਨ੍ਹਾਂ ਵੇਲਿਆਂ ਦੀ ਬਾਤ ਪਾਉਂਦੀਆਂ ਹਨ। ਪੰਜਾਬ
ਦੇ ਸੰਤਾਪ ਨੂੰ ਰਾਜਨੀਤਕ ਇਤਿਹਾਸਕ ਵਰਤਾਰੇ
ਦੀ ਰੌਸ਼ਨੀ ’ਚ ਰੱਖ ਕੇ, ਪੰਜਾਬ ਦੇ ਸੁੰਗੜਦੇ ਜਾਂਦੇ
ਜ਼ਮੀਨੀ ਵਜੂਦ ਦੀ ਗੱਲ ਉਨ੍ਹਾਂ ਦੀ ਸ਼ਾਇਰੀ ’ਚੋਂ
ਪੜ੍ਹੀ ਜਾ ਸਕਦੀ ਹੈ।
ਡਾ. ਜਗਤਾਰ ਸ਼ਾਇਰੀ ਦੇ ਉਹ ਉਕਾਬ ਸਨ, ਜਿਹੜਾ ਸਦਾ ਆਸਮਾਨ ’ਤੇ ਉੱਚੀ ਉਡਾਣ ’ਚ ਰਹੇ ਹਨ। ਡਾ. ਜਗਤਾਰ ਵਰਗੇ ਸ਼ਾਇਰ ਵਿਰਲੇ ਹੀ ਹੁੰਦੇ ਹਨ। ਉਨ੍ਹਾਂ ਦੀ ਸ਼ਾਇਰੀ ਦੀ ਸਾਰਥਕਤਾ ਨੂੰ ਕਦੇ ਤਾਂ ਪਾਰਖੂ ਪਰਖਣਗੇ:
ਜ਼ਮਾਨਾ ਆਏਗਾ ਜਗਤਾਰ ਜਦ ਕੁਝ ਲੋਕ ਸਮਝਣਗੇ
ਬੁਲੰਦੀ ਤੇਰੇ ਸ਼ਿਅਰਾਂ ਦੀ ਤਿਰੇ ਸ਼ਿਅਰਾਂ ਦੀ ਗਹਿਰਾਈ।
ਸੰਪਰਕ: 94172-07627
ਇਸ ਤਰ੍ਹਾਂ ਦੇ ਦੋਸਤੋ ਸਾਨੂੰ ਸਦਾ ਰਹਿਬਰ ਮਿਲੇ
ਡਾ. ਜਗਤਾਰ
ਇਸ ਤਰ੍ਹਾਂ ਦੇ ਦੋਸਤੋ ਸਾਨੂੰ ਸਦਾ ਰਹਿਬਰ ਮਿਲੇ।
ਸਾਥੀਆਂ ਦੇ ਥਾਂ-ਗਥਾਂ, ਮੰਜ਼ਿਲਾਂ ਜਗ੍ਹਾ ਪਿੰਜਰ ਮਿਲੇ।
ਕਿਸ ਤਰ੍ਹਾਂ ਦਾ ਦੌਰ ਹੈ, ਕੈਸੀ ਹਵਾ ਮੌਸਮ ਕੇਹਾ,
ਜਾਂ ਹਨੇਰਾ ਆਦਮੀ ਦੇ ਦਿਲ ’ਚ ਜਾਂ ਖੰਡਰ ਮਿਲੇ।
ਯਾਰ ਨਾ ਦਿਲਦਾਰ ਗਲੀਆਂ, ਸ਼ਹਿਰ ਕੈਸਾ ਸ਼ਹਿਰ ਹੈ,
ਓਪਰੇ ਚਿਹਰੇ ਮਿਲੇ ਜਾਂ ਪੱਥਰਾਂ ਦੇ ਘਰ ਮਿਲੇ।
ਸੁਰਖ਼ ਫੁੱਲਾਂ ਦੀ ਜਿਨ੍ਹਾਂ ਰੁੱਖਾਂ ਨੂੰ ਚਿਰ ਤੋਂ ਸੀ ਉਮੀਦ,
ਜਾਂ ਬਹਾਰ ਆਈ ਉਨ੍ਹਾਂ ਨੂੰ ਤੇਜ਼ ਤਰ ਖ਼ੰਜਰ ਮਿਲੇ।
ਨਕਸ਼ ਸੀ ਤੇਰੇ ਉਨ੍ਹਾਂ ’ਤੇ, ਮੰਜ਼ਿਲਾਂ ਦਾ ਜਾਂ ਪਤਾ,
ਖ਼ੂਨ ਵਿੱਚ ਭਿੱਜੇ ਹੋਏ ਰਾਹਾਂ ’ਚ ਜੋ ਪੱਥਰ ਮਿਲੇ।
ਸੜ ਗਏ ਜੰਗਲ ਦੀ ਬਸ ਕੌੜੀ ਕਸੈਲੀ ਬੂ ਮਿਲੀ,
ਜਾਂ ਮਿਲੇ ਕੁਝ ਰਾਖ ਹੋਏ, ਪੰਛੀਆਂ ਦੇ ਪਰ ਮਿਲੇ।
ਜੋ ਸਫ਼ਰ ਕਰਦੈ ਹਵਾ ਦੇ ਨਾਲ, ਪਰ ਘੁੰਮਦਾ ਨਹੀਂ,
ਕਿਸ ਤਰ੍ਹਾਂ ਉਹ ਆਦਮੀ ਮੌਕਾ-ਸ਼ਨਾਸੋ ਘਰ ਮਿਲੇ।
ਮੁੱਦਤਾਂ ਤੋਂ ਸੋਚਦਾ ਹਾਂ, ਖ਼ਤ ਲਿਖਾਂ ਪਰ ਦੋਸਤਾ,
ਮੈਂ ਜੋ ਚਾਹੇ ਉਹ ਕਦੇ ਅਜ ਤੀਕ ਨਾ ਅੱਖਰ ਮਿਲੇ।
ਜ਼ਹਿਰ ਅੰਦਰ ਡੋਬ ਕੇ ਰੰਗੀਨ ਮੌਸਮ ਤੁਰ ਗਿਓਂ,
ਕੀ ਪਤਾ ਰੰਗਾਂ ’ਚ ਡੁੱਬਾ ਹੁਣ ਕਦੋਂ ਚੇਤਰ ਮਿਲੇ।
ਇਸ ਜਹਾਨ ਅੰਦਰ ਕਿਸੇ ਨੂੰ ਯਾ ਖ਼ੁਦਾ ‘ਜਗਤਾਰ’ ਵਾਂਗ,
ਨਾ ਜੁਦਾਈ ਦਾ ਖ਼ਲਾ ਨਾ ਦਰਦ ਦਾ ਅਜਗਰ ਮਿਲੇ।
* * *

