DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਸੰਵੇਦਨਾ ਤੋਂ ਗੁੰਗੇ ਵਿਰਲਾਪ ਤੱਕ’ ਪੜ੍ਹਦਿਆਂ...

ਸਤਨਾਮ ਚਾਨਾ ਲੇਖਕ, ਖੋਜੀ, ਫਿਲਮਸਾਜ਼, ਪਟਕਥਾ ਲੇਖਕ, ਸੰਪਾਦਕ ਅਤੇ ਪੱਤਰਕਾਰ ਵਜੋਂ ਪੰਜਾਬੀ ਸਾਹਿਤ ਜਗਤ ਦਾ ਜਾਣਿਆ-ਪਛਾਣਿਆ ਹਸਤਾਖਰ ਹੈ। ਉਸ ਦੀ ਨਵੀਂ ਕਿਤਾਬ ‘ਸੰਵੇਦਨਾ ਤੋਂ ਗੁੰਗੇ ਵਿਰਲਾਪ ਤੱਕ’ ਮਾਨਵੀ ਸੱਭਿਅਤਾ ਦੇ ਇਤਿਹਾਸ ਦਾ ਲੇਖਾ-ਜੋਖਾ ਹੈ, ਜਿਸ ਨਾਲ ਪੰਜਾਬੀ ਵਾਰਤਕ ਸਾਹਿਤ ਵਿੱਚ...

  • fb
  • twitter
  • whatsapp
  • whatsapp
Advertisement

ਸਤਨਾਮ ਚਾਨਾ ਲੇਖਕ, ਖੋਜੀ, ਫਿਲਮਸਾਜ਼, ਪਟਕਥਾ ਲੇਖਕ, ਸੰਪਾਦਕ ਅਤੇ ਪੱਤਰਕਾਰ ਵਜੋਂ ਪੰਜਾਬੀ ਸਾਹਿਤ ਜਗਤ ਦਾ ਜਾਣਿਆ-ਪਛਾਣਿਆ ਹਸਤਾਖਰ ਹੈ। ਉਸ ਦੀ ਨਵੀਂ ਕਿਤਾਬ ‘ਸੰਵੇਦਨਾ ਤੋਂ ਗੁੰਗੇ ਵਿਰਲਾਪ ਤੱਕ’ ਮਾਨਵੀ ਸੱਭਿਅਤਾ ਦੇ ਇਤਿਹਾਸ ਦਾ ਲੇਖਾ-ਜੋਖਾ ਹੈ, ਜਿਸ ਨਾਲ ਪੰਜਾਬੀ ਵਾਰਤਕ ਸਾਹਿਤ ਵਿੱਚ ਇੱਕ ਨਵਾਂ ਪਾਸਾਰ ਉਭਰਦਾ ਦਿਸਦਾ ਹੈ। ਇਹ ਉਤਰ-ਮਾਨਵਵਾਦ ਦੇ ਦ੍ਰਿਸ਼ਟੀਕੋਣ ਤੋਂ ਮਨੁੱਖਤਾ ਦੇ ਐਂਥਰੋਪੋਸੈਂਟਰੀਸਿਜ਼ਮ (ਮਨੁੱਖ ਦੀ ਦੂਜੀਆਂ ਪ੍ਰਜਾਤੀਆਂ ਅਤੇ ਪ੍ਰਕਿਰਤੀ ਉੱਪਰ ਉਸਾਰੀ) ਦੇ ਰੁਝਾਨ ਦੀਆਂ ਪਰਤਾਂ ਨੂੰ ਖੋਲ੍ਹਦੀ ਹੈ। ਮਨੁੱਖ ਪ੍ਰਕਿਰਤੀ ’ਚ ਰਹਿੰਦਿਆਂ ਆਪਣੀ ਮਨੁੱਖਤਾ ਅਤੇ ਕਦਰਾਂ-ਕੀਮਤਾਂ ਤੋਂ ਵਿਛੁੰਨਿਆ ਗਿਆ, ਜਿਸ ਦੇ ਇਤਿਹਾਸ ਦੀਆਂ ਪਰਤਾਂ ’ਚ ਪਏ ਸੱਚ ਨੂੰ ਇਸ ਕਿਤਾਬ ਦੀ ਤਾਰਕਿਕ ਭਾਸ਼ਾ ’ਚ ਲੱਭਣ ਦਾ ਯਤਨ ਕੀਤਾ ਗਿਆ ਹੈ।

‘ਸੰਵੇਦਨਾ ਤੋਂ ਗੁੰਗੇ ਵਿਰਲਾਪ ਤੱਕ’ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਇਸ ਦੇ ਲੇਖਕ ਨੂੰ ਦੋ ਮਨੁੱਖੀ ਬੱਚਿਆਂ ਦੇ ਜੰਗਲ ’ਚ ਜਾਨਵਰਾਂ ਨਾਲ ਵਿਚਰਨ ਬਾਰੇ ਫਿਲਮ ਬਣਾਉਣ ਦਾ ਪ੍ਰੋਜੈਕਟ ਮਿਲਿਆ। ਉਸ ਨੇ ਇਸ ਬਾਰੇ ਆਪਣੀ ਖੋਜ ਸ਼ੁਰੂ ਕੀਤੀ। ਭਾਵੇਂ ਉਹ ਕੋਈ ਵਿਗਿਆਨੀ ਨਹੀਂ, ਪਰ ਉਹ ਵਿਗਿਆਨਕ ਖੋਜਾਂ ਸਹਾਰੇ ਸੰਸਾਰ ਨੂੰ ਇਸ ਦੀ ਸਮੁੱਚਤਾ ਵਿੱਚ ਸਮਝਣ ਦਾ ਯਤਨ ਕਰਦਾ ਹੈ। ਮੂਲ ਮਨੋਰਥ ਜਾਨਵਰਾਂ ਦੀ ਸੰਵੇਦਨਾ ਅਤੇ ਮਾਨਸਿਕਤਾ ਨੂੰ ਸਮਝਣਾ ਸੀ, ਪਰ ਇਹ ਫੈਲਦਾ ਫੈਲਦਾ ਮਨੁੱਖੀ ਮਾਨਸਿਕਤਾ ਅਤੇ ਚਰਿੱਤਰ ਨਿਰਮਾਣ ਦੇ ਵਿਗਾਸ ਵੱਲ ਚਲਾ ਗਿਆ। ਇਸ ਕਿਤਾਬ ਦੀ ਉਸਾਰੀ ’ਚ ਦੂਸਰੀਆਂ ਕਿਤਾਬਾਂ ਦੀ ਭੂਮਿਕਾ ਦੇ ਨਾਲ ਨਾਲ ਚਾਰਲਸ ਡਾਰਵਿਨ ਦੀਆਂ ਕਿਤਾਬਾਂ ਦਾ ਖ਼ਾਸਾ ਰੋਲ ਦਿਖਾਈ ਦਿੰਦਾ ਹੈ।

Advertisement

‘ਸੰਵੇਦਨਾ ਤੋਂ ਗੁੰਗੇ ਵਿਰਲਾਪ ਤੱਕ’ ਵਿੱਚ ਸਭ ਤੋਂ ਪਹਿਲਾਂ ਲੇਖਕ ਨੇ ਇਹ ਕਿਤਾਬ ਲਿਖਣ ਦਾ ਉਦੇਸ਼, ਖੋਜ ਲਈ ਉਤਸੁਕਤਾ, ਵਿਸ਼ੇਸ਼-ਵਿਧੀ ਵਿਧਾਨ ਅਪਣਾਉਣ ਅਤੇ ਇਸ ਦਾ ਕਾਰਨ ਦੱਸਣ ਮਗਰੋਂ ਇਸ ਖੋਜ ਕਾਰਜ ਦੇ ਦਾਰਸ਼ਨਿਕ ਪਰਿਪੇਖਾਂ ਤੇ ਨਿਚੋੜਾਂ ਨੂੰ ਅੰਕਿਤ ਕੀਤਾ ਹੈ ਅਤੇ ਫਿਰ ਜੀਵ-ਜਗਤ ਦੇ ਵਿਹਾਰਾਤਮਕ ਵਿਗਿਆਨ ਵਿੱਚੋਂ ਗੁਜ਼ਰਦੇ ਹੋਏ, ਆਪਣੇ ਅਧਿਐਨ ਨੂੰ ਲੇਖਕ ਨੇ ਜੀਵਨੀਮੂਲਕ ਅਨੁਭਵਾਂ ’ਚੋਂ ਕਸ਼ੀਦੇ ਇੱਕ ਛੋਟੇ ਜਿਹੇ ਦ੍ਰਿਸ਼ਟਾਂਤ ਰਾਹੀਂ ਗਿਆਨਾਤਮਕ ਦਾਰਸ਼ਨਿਕਤਾ ਦਾ ਸਰੂਪ ਬਖ਼ਸ਼ਿਆ ਹੈ। ਇਸ ਕਿਤਾਬ ਦਾ ਅੰਤਿਮ ਨਿਚੋੜ ਇਹ ਨਿਕਲਦਾ ਹੈ ਕਿ ਮਨੁੱਖੀ ਸੱਭਿਅਤਾ ਦੇ ਇਤਿਹਾਸ ’ਚ ਮਨੁੱਖਾਂ ਦੇ ਗਿਆਨ ਦਾ ਉਧਾਲਾ ਹੋ ਚੁੱਕਾ ਹੈ। ਇਹ ਉਧਾਲਾ ਕਰਨ ਵਾਲੇ ਸੱਤਾਵਾਨ ‘ਗਰੋਹ’ ਕੌਣ ਹਨ? ਇਸ ਬਾਰੇ ਲੇਖਕ ਨੇ ਦਵੰਦਾਤਮਕ ਇਤਿਹਾਸਵਾਦ ਤੋਂ ਪ੍ਰਭਾਵਿਤ ਆਪਣੇ ਦ੍ਰਿਸ਼ਟੀਕੋਣ ’ਚੋਂ ਸਮਝਿਆ ਹੈ। ਇਸ ਦ੍ਰਿਸ਼ਟੀਕੋਣ ਦਾ ਆਧਾਰ ਹੀਗਲ, ਕਾਰਲ ਮਾਰਕਸ ਦੀਆਂ ਲਿਖਤਾਂ ਅਤੇ ਫਰੈਡਰਿਕ ਏਂਗਲਜ਼ ਦੀ ਕਿਤਾਬ ਹਨ, ਜੋ ਕਿਰਤ, ਕਦਰ ਅਤੇ ਬੇਗ਼ਾਨਗੀ, ਖ਼ੁਦਗਰਜ਼ੀ ਤੇ ਨਿੱਜਪ੍ਰਸਤੀ ਦੇ ਸੰਕਲਪਾਂ ਤੋਂ ਇਲਾਵਾ ਮਨੁੱਖੀ ਸੱਭਿਅਤਾ ਦੇ ਇਤਿਹਾਸ ਨਾਲ ਜੁੜੇ ਹੋਰ ਸੰਕਲਪਾਂ ਨੂੰ ਖੋਲ੍ਹ ਕੇ ਸਮਝਾਉਂਦੀਆਂ ਹਨ।

Advertisement

ਇਸ ਕਿਤਾਬ ਦਾ ਦਾਰਸ਼ਨਿਕ ਪਰਿਪੇਖ ਉਸਾਰਨ ਲਈ ਗਈ ਸਰੋਤ ਸਮੱਗਰੀ ਤੋਂ ਲੇਖਕ ਦੇ ਵਿਚਾਰਧਾਰਕ ਅਤੇ ਗਿਆਨਸ਼ਾਸਤਰੀ ਦ੍ਰਿਸ਼ਟੀਕੋਣ ਦਾ ਸਹਿਜੇ ਹੀ ਪਤਾ ਲੱਗ ਜਾਂਦਾ ਹੈ। ਉਸ ਅਨੁਸਾਰ ਪੋਲਿਸ਼ ਜੀਵ ਵਿਗਿਆਨੀ ਜਾਨ ਦੇਬੋਵਸਕੀ ਦਾ ਕਥਨ ਹੈ ਕਿ ਮਨੁੱਖ ਦੀ ਮਾਨਸਿਕਤਾ ਅਚਾਨਕ ਪੈਦਾ ਨਹੀਂ ਹੋ ਗਈ, ਸਗੋਂ ਇਸ ਨੇ ਹੌਲੀ-ਹੌਲੀ ਵਿਕਾਸ ਕੀਤਾ ਹੈ। ਮਨੁੱਖੀ ਮਾਨਸਿਕਤਾ ਨੂੰ ਓਨੀ ਦੇਰ ਤੱਕ ਨਹੀਂ ਸਮਝਿਆ ਜਾ ਸਕਦਾ, ਜਿੰਨੀ ਦੇਰ ਤੱਕ ਜਾਨਵਰਾਂ ਦੀ ਮਾਨਸਿਕ ਸਰਗਰਮੀ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜਾਂਦਾ। ਇਸ ਕਥਨ ਨੂੰ ਰੂਸੀ ਜੀਵ ਵਿਗਿਆਨੀ ਈਗੋਰ ਆਕੀਮੁਸ਼ਕਿਨ ਨੇ ਆਪਣੀ ਕਿਤਾਬ ‘Ethology: What Animals Do and Why’ ਵਿੱਚ ਪੇਸ਼ ਕਰਦਿਆਂ ਕਿਹਾ ਕਿ ਹਰ ਪ੍ਰਜਾਤੀ ਦੇ ਜਾਨਵਰਾਂ ਦੀ ਮਾਨਸਿਕਤਾ ਆਪਣੀ ਪ੍ਰਜਾਤੀ ਦੇ ਜਾਨਵਰਾਂ ਦੇ ਅੰਦਰ ਵਿਗਸਦੀ ਹੈ ਅਤੇ ਕਿਸੇ ਵੀ ਦੂਜੀ ਪ੍ਰਜਾਤੀ ਨਾਲੋਂ ਭਿੰਨ ਹੁੰਦੀ ਹੈ, ਪਰ ਫਿਰ ਵੀ ਸਾਰੀਆਂ ਪ੍ਰਜਾਤੀਆਂ ਦੇ ਜਾਨਵਰਾਂ ਦੀ ਸਾਂਝੀ ਮਾਨਸਿਕਤਾ ਵੀ ਹੈ। ਜਾਨਵਰਾਂ ਦੀਆਂ ਪ੍ਰਜਾਤੀਆਂ ਭਾਵੇਂ ਲੱਖਾਂ ਹਨ, ਪਰ ਉਨ੍ਹਾਂ ਦੀਆਂ ਮਾਨਸਿਕਤਾਵਾਂ ’ਚ ਇੱਕ ਸਾਂਝ ਵੀ ਹੈ। ਮਨੁੱਖ ਦੇ ਇਸ ਮਾਨਸਿਕਤਾ ਰਾਹੀਂ ਗਿਆਨ ਦੀ ਅਵਸਥਾ ਤੱਕ ਪਹੁੰਚਣ ਬਾਰੇ ਇਹ ਦੱਸਿਆ ਗਿਆ ਹੈ ਕਿ ਮਨੁੱਖੀ ਮਾਨਸਿਕਤਾ ਮਨੁੱਖਾਂ ਦੀ ਨਿਵੇਕਲੀ ਉਤਪਤੀ ਨਹੀਂ ਸਗੋਂ ਜੀਵ-ਜੰਤੂਆਂ ਦੇ ਮਾਧਿਅਮ ਰਾਹੀਂ ਵਿਕਾਸ ਕਰਦੀ ਹੋਈ ਮਨੁੱਖਾਂ ਤੱਕ ਪਹੁੰਚੀ ਹੈ। ਮਨੁੱਖ ਅੰਦਰ ਅੱਜ ਪਾਈਆਂ ਜਾਂਦੀਆਂ ਪ੍ਰਵਿਰਤੀਆਂ ਮਨੁੱਖਾਂ ਦੇ ਹੋਂਦ ’ਚ ਆਉਣ ਤੋਂ ਪਹਿਲਾਂ ਹੀ ਜੀਵ-ਜਗਤ ਵਿੱਚ ਵਿਕਸਿਤ ਹੋ ਚੁੱਕੀਆਂ ਸਨ ਜਿਵੇਂ ਗਾਉਣਾ, ਨੱਚਣਾ, ਖੇਡਣਾ, ਪਿਆਰ ਕਰਨਾ, ਭਰਮਾਉਣਾ, ਵਿਆਹ ਕਰਨਾ, ਸੰਗਠਿਤ ਹੋਣਾ, ਹਲਕੇ ਵੰਡਣਾ ਅਤੇ ਸਰਹੱਦਾਂ ਮਿੱਥਣਾ ਆਦਿ।

ਇਸ ਕਿਤਾਬ ’ਚ ਇਹ ਚਰਚਾ ਵੀ ਕੀਤੀ ਗਈ ਹੈ ਕਿ ਮਨੁੱਖੀ ਸੰਵੇਦਨਾ ਪੜਾਅਵਾਰ ਵਿਕਸਿਤ ਹੋ ਕੇ ਮਨੁੱਖਾਂ ਦੇ ਗਿਆਨ ਤੱਕ ਪਹੁੰਚੀ। ਸੰਵੇਦਨਾ ਇੱਕ ਆਜ਼ਾਦ ਹੋਂਦ ਵੀ ਹੈ, ਜੋ ਜੀਵਾਂ ਦੇ ਮਾਧਿਅਮ ਰਾਹੀਂ ਪ੍ਰਕਿਰਤੀ ਵਿੱਚ ਕਿਰਿਆਸ਼ੀਲ ਚੱਲੀ ਆ ਰਹੀ ਹੈ। ਮਨੁੱਖ ਪ੍ਰਜਾਤੀ ਉਸ ਦਾ ਹੁਣ ਤੱਕ ਦਾ ਆਖ਼ਰੀ ਪੜਾਅ ਹੈ। ਸੰਵੇਦਨਾ ’ਚੋਂ ਅਨੁਭਵ ਨੇ ਜਨਮ ਲਿਆ ਤਾਂ ਸਭ ਕੁਝ ਆਮ ਵਾਂਗ ਪ੍ਰਕਿਰਤਕ ਸੀ, ਪਰ ਕਲਪਨਾ ਦੇ ਜਨਮ ਲੈਂਦਿਆਂ ਹੀ ਉਥਲ-ਪੁਥਲ ਸ਼ੁਰੂ ਹੋ ਗਈ। ਕਲਪਨਾ ਦੀ ਉਤਪਤੀ ਮਾਨਸਿਕ ਕ੍ਰਾਂਤੀ ਦਾ ਆਰੰਭ ਸੀ। ਕਲਪਨਾ ਆਪਣੇ ਨਾਲ ਸੰਦੇਹ, ਸਵਾਲ, ਸੁਝਾਅ, ਗੱਪਾਂ, ਮਿੱਥਾਂ ਅਤੇ ਗਲਪ/ਕਥਾ ਕਹਾਣੀਆਂ ਲੈ ਕੇ ਆਈ। ਇਸ ਨੇ ਮਨੁੱਖੀ ਸੱਭਿਆਚਾਰ ’ਚ ਯਾਦਦਾਸ਼ਤ, ਨਕਲ, ਸਿੱਖਿਆ, ਹੁਨਰ ਨਿਰਮਾਣ ਤੇ ਬੁਣਤੀ ਕਲਾ, ਸਮਾਜ ਸੰਗਠਨ ਤੇ ਰਹਿਨੁਮਾਈ, ਜੂਹਬੰਦੀ ਤੇ ਸਰਹੱਦਬੰਦੀ ਅਤੇ ਸਮਾਜਿਕ ਪਰਿਵਾਰਕ ਅਤੇ ਜਿਨਸੀ ਰਿਸ਼ਤੇ, ਸੁਨੇਹੇ ਤੇ ਸੰਚਾਰ ਸਾਧਨ, ਜੀਵਾਂ ਦਾ ਸਿੱਖਿਆ ਪ੍ਰਬੰਧ, ਦ੍ਰਿਸ਼ ਗ੍ਰਹਿਣ ਕਰਨ ਤੇ ਦੇਖਣ ਦੇ ਗੁਣ ਅਤੇ ਨਿੱਜੀ ਮਾਲਕੀ ਦੇ ਅਮਲਾਂ ਨੂੰ ਘੜਨ ਵਿੱਚ ਵੱਡੀ ਭੂਮਿਕਾ ਨਿਭਾਈ। ਯੁਵਾਲ ਨੋਹ ਹਰਾਰੀ ਇਸ ਨੂੰ ਸੰਗਿਆਨਕ ਕ੍ਰਾਂਤੀ (Cognitive Revolution) ਕਹਿੰਦਾ ਹੈ, ਜੋ ਮਨੁੱਖ ਦੀ ਭਾਸ਼ਾ ਸਮਰੱਥਾ ’ਤੇ ਟਿਕੀ ਹੁੰਦੀ ਹੈ। ਮਨੁੱਖ ਦੀ ਇਹ ਵਿਕਸਤ ਭਾਸ਼ਾ ਹੀ ਉਸ ਨੂੰ ਦੂਜੇ ਪ੍ਰਾਣੀਆਂ ਤੋਂ ਅਲੱਗ ਕਰਦੀ ਹੈ। ਹਰਾਰੀ ਦੀਆਂ ਚਾਰੋਂ ਕਿਤਾਬਾਂ ਇਸੇ ਸੰਗਿਆਨਕ ਕ੍ਰਾਂਤੀ ਦੇ ਵਿਚਾਰ ਉੱਪਰ ਆਧਾਰਿਤ ਹਨ। ਇਹ ਲਿਖਤਾਂ ਇਸ ਕ੍ਰਾਂਤੀ ਰਾਹੀਂ ਮਨੁੱਖੀ ਸੱਭਿਅਤਾ ਦੇ ਵਿਕਾਸ ’ਚ ਗਿਆਨ, ਵਿਗਿਆਨ, ਕਲਪਨਾ, ਭਾਸ਼ਾ ਅਤੇ ਮਨੁੱਖਾਂ ਦੇ ਆਪਸੀ ਸਹਿਯੋਗ ਵੱਲੋਂ ਨਿਭਾਈ ਭੂਮਿਕਾ ਦੇ ਇਤਿਹਾਸ ਦੀਆਂ ਪੈੜਾਂ ਨੂੰ ਤਲਾਸ਼ਦੀਆਂ ਹਨ।

ਏ ਐੱਨ ਲਿਉਨਤੇਵ ਦੀ ਕਿਤਾਬ ‘Problems of Development of Mind’ ਅਤੇ ਯੁਵਾਲ ਨੋਹ ਹਰਾਰੀ ਦੀਆਂ ਲਿਖਤਾਂ ’ਚੋਂ ਪ੍ਰਾਪਤ ਅੰਤਰ-ਦ੍ਰਿਸ਼ਟੀਆਂ ਨੂੰ ਵੀ ‘ਸੰਵੇਦਨਾ ਤੋਂ ਗੁੰਗੇ ਵਿਰਲਾਪ ਤੱਕ’ ਦੀ ਇਸ ਧਾਰਨਾ ਨੂੰ ਉਸਾਰਨ ’ਚ ਆਧਾਰ ਬਣਾਇਆ ਗਿਆ। ਇਹ ਕਿਤਾਬ ਦੱਸਦੀ ਹੈ ਕਿ ਕਿਵੇਂ ਕਲਪਨਾ ਦੇ ਕਲਪਿਤ ਪ੍ਰਯੋਗਾਂ ਨਾਲ ਪਏ ਵਿਗਾੜਾਂ ਨੂੰ ਸੋਧਣ ਲਈ ਕੀਤੇ ਜਾਂਦੇ ਇੱਕ ਤੋਂ ਬਾਅਦ ਇੱਕ ਪ੍ਰਯੋਗ ਨੂੰ ਵਿਕਾਸ ਦਾ ਨਾਮ ਦੇ ਦਿੱਤਾ ਗਿਆ, ਜੋ ਅਸਲ ਵਿੱਚ ਕਲਪਨਾ ਦੇ ਪ੍ਰਯੋਗ ਦਾ ਹੀ ਵਿਕਾਸ ਹੈ, ਪ੍ਰਸਥਿਤੀਆਂ ਦੀ ਬਿਹਤਰੀ ਦਾ ਵਿਕਾਸ ਨਹੀਂ। ਇਹ ਭੌਤਿਕਤਾ ਨੂੰ ਫ਼ਰਜ਼ੀ ਸਿਧਾਂਤ ਅਨੁਸਾਰ ਢਾਲਣ ਦਾ ਸਿਧਾਂਤ ਜਾਂ ਆਪਣੇ ਹੀ ਪਾਏ ਹੋਏ ਵਿਗਾੜਾਂ ਨੂੰ ਸੋਧਣ ਦੇ ਅਮਲਾਂ ਦਾ ਵਿਕਾਸ ਹੈ। ਅਸਲੀਅਤ ਕਲਪਨਾ ਦੇ ਵਿਰੋਧ ’ਚ ਖੜ੍ਹਦੀ ਹੈ ਤਾਂ ਕਲਪਨਾ ਉਸ ਨੂੰ ਪ੍ਰਵਾਨ ਚੜ੍ਹਾਉਣ ਲਈ ਜ਼ੋਰ ਜ਼ਬਰਦਸਤੀ ਦਾ ਸਹਾਰਾ ਲੈਂਦੀ ਹੈ। ਕਲਪਨਾ ਦੇ ਇਸ ਗਿਆਨ ਦੇ ਦਾਬੇ ਨੂੰ ਬਣਾਈ ਰੱਖਣ ਲਈ ਸੱਤਾ ਹੋਂਦ ’ਚ ਆਉਂਦੀ ਹੈ। ਮਿਸ਼ੇਲ ਫੂਕੋ ਇਸ ਬਾਰੇ ਕਹਿੰਦਾ ਹੈ ਕਿ ਗਿਆਨ ਹੀ ਸੱਤਾ ਹੈ। ਇਸ ਨਾਲ ਸੱਤਾ ਦਾ ਗਰੋਹ ਪੈਦਾ ਹੁੰਦਾ ਹੈ, ਜਿਸ ਦਾ ਮਨੁੱਖਾਂ ਦੇ ਸੁਖ-ਦੁਖ ਨਾਲ ਕੋਈ ਸਬੰਧ ਨਹੀਂ ਹੁੰਦਾ ਸਗੋਂ ਆਪਣੀਆਂ ਯੋਜਨਾਵਾਂ ਨੂੰ ਸੱਤਾ ਦੇ ਖ਼ੌਫ਼ ਰਾਹੀਂ ਪ੍ਰਵਾਨ ਚੜ੍ਹਾਉਣਾ ਹੁੰਦਾ ਹੈ। ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਵੇਂ ਆਭਾ ਮੰਡਲ ’ਚ ਇਸ ਗਿਆਨ ਗਰੋਹ ਵੱਲੋਂ ਮਸ਼ੀਨੀ ਸੰਵੇਦਨਾ (Machine Sensibility) ਦੇ ਨਿਰਮਾਣ ਦੀ ਗੱਲ ਕੀਤੀ ਜਾ ਰਹੀ ਹੈ, ਜੋ ਇਨ੍ਹਾਂ ਪ੍ਰਯੋਗਾਂ ਦੇ ਸਿਲਸਿਲੇ ਦੀ ਇੱਕ ਕੜੀ ਹੈ।

‘ਸੰਵੇਦਨਾ ਤੋਂ ਗੁੰਗੇ ਵਿਰਲਾਪ ਤੱਕ’ ਦੇ ਕੇਂਦਰ ’ਚੋਂ ਇਹ ਵਿਚਾਰ ਉੱਭਰਦਾ ਹੈ ਕਿ ਕਰੋੜਾਂ ਸਾਲਾਂ ਦੇ ਸੰਵੇਦਨਾ ਤੋਂ ਚਿੰਤਨ ਤੱਕ ਦੇ ਮਨੁੱਖੀ ਸਫ਼ਰ ’ਚ ਸੰਵੇਦਨਾ ਤੋਂ ਅਨੁਭਵ, ਅਨੁਭਵ ਤੋਂ ਕਲਪਨਾ, ਕਲਪਨਾ ਤੋਂ ਚੇਤਨਾ, ਚੇਤਨਾ ਤੋਂ ਸੂਝ, ਸੂਝ ਤੋਂ ਗਿਆਨ ਅਤੇ ਗਿਆਨ ਤੋਂ ਚਿੰਤਨ ਦਾ ਵਿਗਾਸ ਹੋਇਆ। ਇਸ ਵਿੱਚ ਦੋ ਸ਼੍ਰੇਣੀਆਂ ਉਤਪੰਨ ਹੋਈਆਂ: ਇੱਕ ਗਿਆਨੀਆਂ ਦੀ ਅਤੇ ਦੂਜੀ ਅਗਿਆਨੀਆਂ ਦੀ। ਗਿਆਨੀ ਉਹ ਹਨ, ਜੋ ਆਪਣੇ ਗਿਆਨ ਅਤੇ ਗਿਆਨ ਸੰਦਾਂ (ਅਲਥਿਊਸਰ ਅਨੁਸਾਰ ‘apparatuses’) ਕਾਰਨ ਸੱਤਾ ’ਚ ਹਨ ਤੇ ਦੂਜੇ ਅਗਿਆਨੀ ਭਾਵ ਦੱਬੇ-ਕੁਚਲੇ ਹਨ। ਦਰਅਸਲ, ਅਗਿਆਨੀ ਅਗਿਆਨਤਾ ਨੇ ਪੈਦਾ ਕੀਤੇ ਅਤੇ ਅਗਿਆਨਤਾ ਗਿਆਨ ਗਰੋਹ ਨੇ ਪੈਦਾ ਕੀਤੀ। ਸ਼ੋਸ਼ਿਤ ਦਾ ਅਰਥ ਹੈ ਗਿਆਨ ਵਿਹੂਣਾ ਅਤੇ ਸ਼ੋਸ਼ਕ ਦਾ ਅਰਥ ਹੈ ਗਿਆਨ ਗਰੋਹ। ‘ਅਗਿਆਨਤਾ ਹੀ ਬੰਧੂਆ ਮਜ਼ਦੂਰ ਹੈ’ ਵਾਲੇ ਭਾਗ ’ਚ ਇਸ ਸੂਤਰ ਨੂੰ ਬੜੇ ਵਿਸਤਾਰ ਨਾਲ ਵਿਚਾਰਿਆ ਗਿਆ ਹੈ ਕਿ ਮਨੁੱਖਾਂ ਦੇ ਸਾਂਝੇ ਗਿਆਨ ਦਾ ਸਮਾਜੀਕਰਨ ਹੋਣ ਦੀ ਥਾਂ ਇਹ ਨਿੱਜੀ ਮਾਲਕੀ ’ਚ ਬਦਲ ਜਾਣ ਕਾਰਨ ਗਿਆਨ ਦੇ ਪੂੰਜੀਕਰਨ ’ਚ ਬਦਲ ਗਿਆ। ਇਸ ਨਾਲ ਨਿੱਜਪ੍ਰਸਤੀ ਦੀ ਪ੍ਰਵਿਰਤੀ ਦਾ ਨਿਰਮਾਣ ਹੋਇਆ। ਇਸ ਨਿੱਜਪ੍ਰਸਤੀ ਨੂੰ ਉਚਿਤਤਾ ਪ੍ਰਦਾਨ ਕਰਨ ਲਈ ਧਰਮ ਦੇ ਪਰਦੇ ’ਚ ਦੈਵੀਅਤ ਦਾ ਪਾਰਾਵਾਰ ਸਿਰਜਿਆ ਗਿਆ।

‘ਸੰਵੇਦਨਾ ਤੋਂ ਗੁੰਗੇ ਵਿਰਲਾਪ ਤੱਕ’ ਇਹ ਘੁੰਡੀ ਵੀ ਖੋਲ੍ਹਦੀ ਹੈ ਕਿ ਕਿਵੇਂ ਗਿਆਨ ਦੀ ਇਹ ਯੋਜਨਾਬੱਧ ਅਜਾਰੇਦਾਰੀ ਅਸਲ ’ਚ ਅਗਿਆਨਤਾ ਨੂੰ ਸੰਸਥਾਗਤ ਕਰਨ ਦੀ ਵਿਵਸਥਾ ਦਾ ਗਿਆਨ ਸੀ, ਜਿਸ ਨੇ ਗਿਆਨ-ਵਿਹੂਣੇ ਮਨੁੱਖਾਂ ਨੂੰ ਗਿਆਨ ਦੀ ਧੌਂਸ ਕਬੂਲ ਕਰਨ ਲਈ ਮਜਬੂਰ ਕਰ ਦਿੱਤਾ। ਗਿਆਨ ਸੱਤਾਵਾਨ ਹੋ ਗਿਆ ਅਤੇ ਅਗਿਆਨੀ ਰਿਆਇਆ। ਇਹ ਇੱਕ ਤਰ੍ਹਾਂ ਮਾਨਸਿਕ ਫਰੇਬ ਦੀ ਬੁਨਿਆਦ ਸੀ। ਇਹ ਫਰੇਬ ਮਨੁੱਖਾਂ ਨਾਲ ਕਿਵੇਂ ਹੋਇਆ? ਦਰਅਸਲ, ਮਨੁੱਖਾਂ ਦੇ ਕਸ਼ਟਾਂ ਕਲੇਸ਼ਾਂ ਦੇ ਤਿੰਨ ਸਾਂਝੇ ਸਰੋਤ ਹੁੰਦੇ ਹਨ: ਪ੍ਰਕਿਰਤੀ, ਮਨੁੱਖੀ ਮਾਨਸਿਕਤਾ ਅਤੇ ਮਨੁੱਖਾਂ ਦੇ ਆਪਸੀ ਰਿਸ਼ਤੇ। ਇਹ ਖੇਤਰ ਮਨੁੱਖਾਂ ਦੀ ਆਪਸੀ ਲੜਾਈ ਦੇ ਸਦਾ ਤੋਂ ਹੀ ਅਖਾੜੇ ਬਣੇ ਰਹੇ। ਕਿਰਤ, ਔਜ਼ਾਰ ਅਤੇ ਵਿਉਂਤਬੰਦੀ ਇਸ ਦੇ ਹਥਿਆਰ ਸਾਬਿਤ ਹੋਏ। ਇਸ ਤੋਂ ਪਹਿਲਾਂ ਮਨੁੱਖ ਦੂਜੇ ਜੀਵਾਂ ਵਾਂਗ ਹੀ ਪ੍ਰਕਿਰਤੀ ਨਾਲ ਜੂਝਦੇ ਸਨ, ਫਿਰ ਉਨ੍ਹਾਂ ਨੂੰ ਸਮਾਜਿਕ ਰਿਸ਼ਤਿਆਂ ਵਿੱਚ ਅਤੇ ਆਪਣੀ ਮਾਨਸਿਕਤਾ ਦੇ ਅੰਦਰ ਵੀ ਜੂਝਣਾ ਪਿਆ। ਮਨੁੱਖਾਂ ਵੱਲੋਂ ਆਪਣੇ ਦੁੱਖਾਂ ਦਾ ਅੰਤ ਕਰਨ ਲਈ ਛੇੜੇ ਗਏ ਸੰਘਰਸ਼ ਇੱਕ-ਦੂਜੇ ਦਾ ਅੰਤ ਕਰਨ ਦਾ ਸੰਘਰਸ਼ ਬਣ ਗਏ। ਇੱਕ ਪਾਸੇ ਮਾਨਸਿਕ ਸੰਘਰਸ਼ ਅਤੇ ਦੂਜੇ ਪਾਸੇ ਸਮਾਜਿਕ ਸੰਘਰਸ਼। ਗਿਆਨ ਗਰੋਹਾਂ ਨੇ ਮਨੁੱਖਾਂ ਨੂੰ ਇਨ੍ਹਾਂ ਸੰਘਰਸ਼ਾਂ ’ਚ ਫਸਾ ਕੇ ਵੱਡੀ ਕਾਮਯਾਬੀ ਹਾਸਿਲ ਕੀਤੀ। ਇਸ ਨਾਲ ਮਨੁੱਖ ਦੇ ਦੁੱਖਾਂ ਕਲੇਸ਼ਾਂ ’ਚ ਵੱਡਾ ਵਾਧਾ ਹੋਇਆ। ਪਹਿਲਾਂ ਮਨੁੱਖ ਜਿਊਂਦੇ ਰਹਿਣ ਲਈ ਸੰਘਰਸ਼ ਕਰਦਾ ਸੀ। ਹੁਣ ਉਹ ਕਸ਼ਟਾਂ, ਕਲੇਸ਼ਾਂ ਅਤੇ ਦੁੱਖਾਂ ਤੋਂ ਛੁਟਕਾਰੇ ਲਈ ਸੰਘਰਸ਼ ਕਰਨ ਲੱਗਾ। ਮਨੁੱਖ ਸਮੁੱਚਤਾ ਤੋਂ ਵਿਛੁੰਨਿਆ ਗਿਆ। ਉਸ ਨੇ ਇਸ ਕਰਮ ’ਚ ਪੈ ਕੇ ਪ੍ਰਕਿਰਤੀ/ਬਨਸਪਤੀ, ਜੀਵ ਜੰਤੂਆਂ ਅਤੇ ਦੂਜੇ ਮਨੁੱਖਾਂ ਨਾਲ ਰਿਸ਼ਤੇ ਅਸਹਿਜ ਕਰ ਲਏ। ਮਨੁੱਖ ਜਿੰਨਾ ਉਤਪੰਨ ਕਰਦਾ ਗਿਆ ਓਨਾ ਹੀ ਗਿਆਨ ਪੱਖੋਂ ਗ਼ਰੀਬ ਹੁੰਦਾ ਗਿਆ। ਗਿਆਨ ਦੀ ਦੁਰਵਰਤੋਂ ਇਸ ’ਤੇ ਕਾਬਜ਼ ਗਰੋਹਾਂ ਨੇ ਕੀਤੀ, ਨਾ ਕਿ ਇਸ ਦੇ ਉਤਪਾਦਕਾਂ ਨੇ। ਅਗਿਆਨੀ ਆਪਣੇ ਅਗਿਆਨ ਕਾਰਨ ਦੁੱਖਾਂ ’ਚ ਫਸਦਾ ਫਸਦਾ ਵਿਰਲਾਪ ਦੀ ਹੋਣੀ ਤੱਕ ਪਹੁੰਚ ਗਿਆ।

ਏਂਗਲਜ਼ ਦੱਸਦਾ ਹੈ ਕਿ ਮਾਰਕਸ ਪ੍ਰਕਿਰਤੀ ’ਤੇ ਦਵੰਦਵਾਦੀ ਸਿਧਾਂਤ ਠੋਸਦਾ ਨਹੀਂ, ਦਵੰਦਵਾਦੀ ਸਿਧਾਂਤ ਪ੍ਰਕਿਰਤੀ ਤੇ ਮਨੁੱਖਾਂ ’ਚੋਂ ਲੱਭਦਾ ਹੈ। ਸਿਧਾਤਾਂ ਨੂੰ ਪ੍ਰਕਿਰਤੀ ’ਤੇ ਥੋਪਿਆ ਨਹੀਂ ਜਾ ਸਕਦਾ। ਉਹੀ ਸਿਧਾਂਤ ਪ੍ਰਮਾਣਿਕ ਹੈ, ਜਿਸ ਨੂੰ ਮਨੁੱਖ ਅਤੇ ਪ੍ਰਕਿਰਤੀ ਦਾ ਇਤਿਹਾਸ ਸਹੀ ਸਾਬਿਤ ਕਰਦਾ ਹੈ। ਇਸ ਤੋਂ ਭਾਵ ਹੈ ਕਿ ਸਮਾਜ ਵਿੱਚ ਅਸਮਾਨਤਾ ਸਿਰਫ਼ ਜਬਰ ਦਾ ਨਤੀਜਾ ਹੈ। ਇਹ ਵਿਚਾਰ ਹੈ ਕਿ ਮਨੁੱਖ ਵੱਲੋਂ ਕੁਦਰਤ ’ਤੇ ਹਕੂਮਤ ਕਰਨ ਲਈ ਪਹਿਲਾਂ ਮਨੁੱਖ ਵੱਲੋਂ ਮਨੁੱਖ ’ਤੇ ਹਕੂਮਤ ਕਰਨੀ ਲਾਜ਼ਮੀ ਹੈ। ਇਸ ਨਜ਼ਰੀਏ ਤੋਂ ਸੰਵੇਦਨਾ ਤੋਂ ਵਿਰਲਾਪ ਤੱਕ ਦੇ ਸਫ਼ਰ ਨੂੰ ਘਾਹ ਖੋਤਣ ਤੋਂ ਲੈ ਕੇ ਘਾਹ ਦੇ ਖੋਹੇ ਜਾਣ ਤੱਕ ਦੇ ਸਵੈ-ਜੀਵਨੀਮੂਲਕ ਅਮਲ ਵਿੱਚੋਂ ਕਿਰਤ, ਕਦਰ, ਕਰਮ ਅਤੇ ਵਿਤਕਰੇ ਦੀ ਸਿਧਾਂਤਕਤਾ ਰਾਹੀਂ ਬੜੇ ਸਰਲ ਅੰਦਾਜ਼ ’ਚ ਸਮਝਾਇਆ ਗਿਆ ਹੈ।

ਸਤਨਾਮ ਚਾਨਾ ਦੀ ਕਿਤਾਬ ‘ਸੰਵੇਦਨਾ ਤੋਂ ਗੁੰਗੇ ਵਿਰਲਾਪ ਤੱਕ’ ਪੰਜਾਬੀ ਜਗਤ ਗਿਆਨਾਤਮਕ ਪਿੜ ’ਚ ਇੱਕ ਨਿੱਗਰ ਵਾਧਾ ਹੈ।

ਸੰਪਰਕ: 82839-48811

Advertisement
×