‘‘ਮੈਂ ਦੋਸ਼ ਲਾਉਂਦਾ ਹਾਂ...…’’

‘‘ਮੈਂ ਦੋਸ਼ ਲਾਉਂਦਾ ਹਾਂ...…’’

ਸਵਰਾਜਬੀਰ

ਕੁਝ ਦਿਨ ਪਹਿਲਾਂ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲੀਸ ਜੂਲੀਓ ਰਿਬੇਰੋ ਨੇ ਦਿੱਲੀ ਦੇ ਮੌਜੂਦਾ ਕਮਿਸ਼ਨਰ ਆਫ਼ ਪੁਲੀਸ ਐੱਸਐੱਨ ਸ੍ਰੀਵਾਸਤਵ ਨੂੰ ਇਕ ਖੁੱਲ੍ਹੀ ਚਿੱਠੀ ਵਿਚ ਲਿਖਿਆ, ‘‘ਮੈਂ ਤੁਹਾਨੂੰ ਬਹੁਤ ਭਰੇ ਮਨ ਨਾਲ ਇਹ ਲਿਖ ਰਿਹਾ ਹਾਂ। ਇਕ ਸੱਚੇ ਦੇਸ਼ ਭਗਤ ਅਤੇ ਭਾਰਤੀ ਪੁਲੀਸ ਸੇਵਾ (ਇੰਡੀਅਨ ਪੁਲੀਸ ਸਰਵਿਸ-ਆਈਪੀਐੱਸ) ਦੇ ਇਕ ਸਾਬਕਾ ਮਾਣ-ਮੱਤੇ ਮੈਂਬਰ ਵਜੋਂ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਸ਼ਾਂਤਮਈ ਮੁਜ਼ਾਹਰਾਕਾਰੀਆਂ, ਜਿਨ੍ਹਾਂ ਨੂੰ ਘੱਟਗਿਣਤੀ ਫ਼ਿਰਕੇ ਨਾਲ ਹੋ ਰਹੇ ਵਿਤਕਰੇ ਅਤੇ ਘਿਰਣਾ ਤੋਂ ਪੈਦਾ ਹੋਈ ਬੇਇਨਸਾਫ਼ੀ ਕਾਰਨ ਸਹੀ ਤੌਖ਼ਲੇ ਮਹਿਸੂਸ ਹੋਏ ਸਨ, ਵਿਰੁੱਧ ਦਰਜ ਕੀਤੇ 753 ਕੇਸਾਂ ਵਿਚ ਨਿਰਪੱਖ ਤਰੀਕੇ ਨਾਲ ਤਫ਼ਤੀਸ਼ ਕਰਾਓ।’’ ਨਿਸ਼ਚੇ ਹੀ ਰਿਬੇਰੋ ਨੇ ਇਹ ਚਿੱਠੀ ਬੜੇ ਦੁਖੀ ਹੋ ਕੇ ਲਿਖੀ ਹੈ ਕਿਉਂਕਿ ਇਹ ਗੱਲ ਜੱਗ ਜ਼ਾਹਿਰ ਹੈ ਕਿ ਫਰਵਰੀ 2020 ਵਿਚ ਦਿੱਲੀ ਵਿਚ ਹੋਈ ਹਿੰਸਾ ਦੇ ਕੇਸਾਂ ਦੀ ਤਫ਼ਤੀਸ਼ ਬਹੁਤ ਪੱਖਪਾਤੀ ਤਰੀਕੇ ਨਾਲ ਕੀਤੀ ਜਾ ਰਹੀ ਹੈ। ਰਿਬੇਰੋ ਆਪਣੀ ਚਿੱਠੀ ਵਿਚ ਅੱਗੇ ਲਿਖਦਾ ਹੈ, ‘‘ਦਿੱਲੀ ਪੁਲੀਸ ਨੇ ਸ਼ਾਂਤਮਈ ਮੁਜ਼ਾਹਰਾਕਾਰੀਆਂ ਵਿਰੁੱਧ ਤਾਂ ਕਾਰਵਾਈ ਕੀਤੀ ਪਰ ਜਾਣ-ਬੁੱਝ ਕੇ ਉਨ੍ਹਾਂ ਲੋਕਾਂ ਵਿਰੁੱਧ ਕੇਸ ਦਰਜ ਨਹੀਂ ਕੀਤੇ ਜਿਨ੍ਹਾਂ ਨੇ ਨਫ਼ਰਤ ਭੜਕਾਉਣ ਵਾਲੇ ਭਾਸ਼ਨ ਦਿੱਤੇ ਜਿਨ੍ਹਾਂ ਕਾਰਨ ਉੱਤਰ ਪੂਰਬੀ ਦਿੱਲੀ ਵਿਚ ਦੰਗੇ ਹੋਏ। ਮੇਰੇ ਜਿਹੇ ਹੋਸ਼ੋ-ਹਵਾਸ ਨੂੰ ਕਾਇਮ ਰੱਖਣ ਵਾਲੇ ਅਤੇ ਗ਼ੈਰ-ਸਿਆਸੀ ਬੰਦਿਆਂ ਨੂੰ ਇਹ ਦੇਖ ਕੇ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਕਿ ਕਪਿਲ ਮਿਸ਼ਰਾ, ਅਨੁਰਾਗ ਠਾਕੁਰ ਅਤੇ ਪਰਵੇਸ਼ ਵਰਮਾ ਜਿਹੇ ਲੋਕਾਂ ਨੂੰ ਅਦਾਲਤਾਂ ਸਾਹਮਣੇ ਦੋਸ਼ੀ ਕਿਉਂ ਨਹੀਂ ਠਹਿਰਾਇਆ ਗਿਆ ਜਦੋਂ ਕਿ ਦੁਖਿਆਰੀਆਂ ਮੁਸਲਮਾਨ ਔਰਤਾਂ, ਜਿਹੜੀਆਂ ਧਾਰਮਿਕ ਵਿਤਕਰੇ ਦਾ ਵਿਰੋਧ ਕਰ ਰਹੀਆਂ ਸਨ, ਨੂੰ ਮਹੀਨਿਆਂ-ਬੱਧੀ ਜੇਲ੍ਹਾਂ ਵਿਚ ਡੱਕਿਆ ਗਿਆ ਹੈ।’’ ਰਿਬੇਰੋ ਨੇ ਇਹ ਵੀ ਲਿਖਿਆ ਹੈ ਕਿ ਦਿੱਲੀ ਪੁਲੀਸ ਦਾ ਹਰਸ਼ ਮੰਦਰ ਅਤੇ ਪ੍ਰੋ. ਅਪੂਰਵਾਨੰਦ ਜਿਹੇ ਸੱਚੇ ਦੇਸ਼ ਭਗਤਾਂ ਨੂੰ ਇਨ੍ਹਾਂ ਕੇਸਾਂ ਵਿਚ ਘਸੀਟਣ ਦਾ ਯਤਨ ਵੀ ਚਿੰਤਾ ਦਾ ਵਿਸ਼ਾ ਹੈ।

ਫਰਾਂਸ ਦੇ ਅਖ਼ਬਾਰ ‘ਲੋ-ਰੋਰ’ ਵਿਚ 13 ਜਨਵਰੀ 1898 ਨੂੰ ਪਹਿਲੇ ਪੰਨੇ ’ਤੇ ਛਪਿਆ ਏਮੀਲ ਜ਼ੋਲਾ ਦਾ ਖੁੱਲ੍ਹਾ ਖ਼ਤ ‘ਯਕਿਊਜ਼’ (ਮੈਂ ਦੋਸ਼ ਲਾਉਂਦਾ ਹਾਂ...)। ਰਿਬੇਰੋ ਦੇ ਖ਼ਤ ਦੇ ਤੇਵਰ ਵੀ ਜ਼ੋਲਾ ਦੇ ਖ਼ਤ ‘‘ਮੈਂ ਦੋਸ਼ ਲਾਉਂਦਾ ਹਾਂ’’ ਨਾਲ ਮਿਲਦੇ-ਜੁਲਦੇ ਹਨ।

ਕੋਈ ਸਾਬਕਾ ਉੱਚ-ਅਧਿਕਾਰੀ ਅਤੇ ਇਨਸਾਫ਼ਪਸੰਦ ਮਨੁੱਖ ਅਜਿਹਾ ਖ਼ਤ ਕਦੋਂ ਲਿਖਦਾ ਹੈ? ਉਦੋਂ ਜਦੋਂ ਉਹ ਦੇਖਦਾ ਹੈ ਕਿ ਕਿਸੇ ਥਾਂ ’ਤੇ ਵੱਡੀ ਪੱਧਰ ’ਤੇ ਬੇਇਨਸਾਫ਼ੀ ਅਤੇ ਜਮਹੂਰੀ ਹੱਕਾਂ ਦਾ ਘਾਣ ਹੋ ਰਿਹਾ ਹੈ; ਧਰਮ ਨਿਰਪੱਖਤਾ ਅਤੇ ਸਾਂਝੀਵਾਲਤਾ ਜਿਹੀਆਂ ਕਦਰਾਂ-ਕੀਮਤਾਂ ਖ਼ਤਰੇ ਵਿਚ ਹਨ। ਕਿਸੇ ਸਰਕਾਰੀ ਅਧਿਕਾਰੀ ਦਾ ਕਾਰਜਕਾਲ ਪੂਰਨ ਤੌਰ ’ਤੇ ਸੱਚਾ-ਸੁੱਚਾ ਨਹੀਂ ਹੋ ਸਕਦਾ; ਅਧਿਕਾਰੀ ਜਟਿਲ ਸਿਆਸੀ ਤੇ ਸਮਾਜਿਕ ਹਾਲਾਤ ਵਿਚ ਕੰਮ ਕਰਦੇ ਹਨ; ਉਨ੍ਹਾਂ ਤੋਂ ਗ਼ਲਤੀਆਂ ਹੁੰਦੀਆਂ ਹਨ ਪਰ ਚੰਗੇ ਅਧਿਕਾਰੀ ਇਹ ਕੋਸ਼ਿਸ਼ ਕਰਦੇ ਹਨ ਕਿ ਉਹ ਨਿਰਪੱਖ ਰਹਿ ਕੇ ਕੰਮ ਕਰਨ; ਉਨ੍ਹਾਂ ਦੇ ਮਕਸਦ ਨੇਕ ਅਤੇ ਲੋਕ-ਪੱਖੀ ਹੋਣ। ਕਿਹਾ ਜਾ ਸਕਦਾ ਹੈ ਕਿ ਮੌਜੂਦਾ ਸਮਿਆਂ ਵਿਚ ਅਜਿਹੇ ਅਧਿਕਾਰੀ ਬਹੁਤ ਵਿਰਲੇ ਹਨ ਅਤੇ ਰਿਬੇਰੋ ਉਨ੍ਹਾਂ ਵਿਰਲਿਆਂ ਵਿਚੋਂ ਇਕ ਹੈ। ਉਹ ਦਿੱਲੀ ਪੁਲੀਸ ਦੇ ਪੱਖਪਾਤੀ ਅਤੇ ਬਦਲਾਲਊ ਰਵੱਈਏ ਵਿਰੁੱਧ ਆਵਾਜ਼ ਉਠਾ ਰਿਹਾ ਹੈ।

ਦਿੱਲੀ ਪੁਲੀਸ ਕਮਿਸ਼ਨਰ ਨੇ ਰਿਬੇਰੋ ਦੇ ਖ਼ਤ ਦਾ ਜਵਾਬ ਦਿੰਦਿਆਂ ਦਿੱਲੀ ਪੁਲੀਸ ਦੀਆਂ ਕਾਰਵਾਈਆਂ ਨੂੰ ਜਾਇਜ਼ ਅਤੇ ਕਾਨੂੰਨ ’ਤੇ ਆਧਾਰਿਤ ਦੱਸਿਆ ਹੈ ਪਰ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਭਾਜਪਾ ਦੇ ਆਗੂਆਂ ਕਪਿਲ ਮਿਸ਼ਰਾ, ਅਨੁਰਾਗ ਠਾਕੁਰ ਤੇ ਪਰਵੇਸ਼ ਵਰਮਾ ਵਿਰੁੱਧ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇਸ ਕਾਰਨ ਰਿਬੇਰੋ ਨੂੰ ਪੁਲੀਸ ਕਮਿਸ਼ਨਰ ਨੂੰ ਇਕ ਹੋਰ ਚਿੱਠੀ ਲਿਖਣ ਲਈ ਮਜਬੂਰ ਹੋਣਾ ਪਿਆ ਹੈ। ਉਸ ਨੇ ਲਿਖਿਆ, ‘‘ਮੈਂ ਮਹਿਸੂਸ ਕਰਦਾ ਹਾਂ ਕਿ ਭਾਜਪਾ ਦੇ ਉਨ੍ਹਾਂ ਤਿੰਨ ਆਗੂਆਂ, ਜਿਨ੍ਹਾਂ ਦਾ ਮੈਂ ਨਾਂ ਲਿਆ ਸੀ, ਨੂੰ ਧੂੰਆਂ-ਧਾਰ ਭਾਸ਼ਨ ਦੇਣ, ਬਕੜਵਾਦ ਕਰਨ ਅਤੇ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਵਾਲਿਆਂ ਨੂੰ ਧਮਕੀ ਦੇਣ ਦੀ ਖੁੱਲ੍ਹੀ ਛੁੱਟੀ ਦੇਣ ਨੂੰ ਸਹੀ ਠਹਿਰਾਉਣਾ ਨਾਮੁਮਕਿਨ ਹੈ। ਜੇ ਅਜਿਹੇ ਭਾਸ਼ਨ ਖੱਬੇ-ਪੱਖੀਆਂ ਜਾਂ ਮੁਸਲਮਾਨਾਂ ਨੇ ਦਿੱਤੇ ਹੁੰਦੇ ਤਾਂ ਇਹ ਗੱਲ ਪੱਕੀ ਹੈ ਕਿ ਪੁਲੀਸ ਨੇ ਉਨ੍ਹਾਂ ਨੂੰ ਦੇਸ਼-ਧ੍ਰੋਹੀ ਕਰਾਰ ਦੇ ਕੇ ਗ੍ਰਿਫ਼ਤਾਰ ਕਰ ਲੈਣਾ ਸੀ।’’

ਰਿਬੇਰੋ ਨਾ ਖੱਬੇ-ਪੱਖੀ ਹੈ ਅਤੇ ਨਾ ਮੁਸਲਮਾਨ ਪਰ ਉਹ ਬਹੁਤ ਸਹੀ ਤਰੀਕੇ ਨਾਲ ਦੇਖ ਰਿਹਾ ਹੈ ਕਿ ਦਿੱਲੀ ਪੁਲੀਸ ਕਿਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ‘ਦਿ ਟ੍ਰਿਬਿਊਨ’ ਵਿਚ ਲਿਖੇ ਲੇਖ ਵਿਚ ਰਿਬੇਰੋ ਲਿਖਦਾ ਹੈ, ‘‘ਅਸੀਂ ਸੋਚਦੇ ਹਾਂ ਕਿ ਅੰਕੜੇ ਆਪਣੀ ਕਹਾਣੀ ਆਪ ਦੱਸਣਗੇ। ਪੀਐੱਚਡੀ (PhD) ਕਰ ਰਹੇ 18 ਵਿਦਿਆਰਥੀਆਂ, ਜਿਨ੍ਹਾਂ ਵਿਚੋਂ ਕੁਝ ਕੁੜੀਆਂ ਵੀ ਸਨ, ਵਿਰੁੱਧ ਕੇਸ ਰਜਿਸਟਰ ਕੀਤੇ ਗਏ। ਉਹ ਜਾਂ ਤਾਂ ਮੁਸਲਮਾਨ ਸਨ ਜਾਂ ਖੱਬੇ-ਪੱਖੀ, ਉਹ ਦੋਵੇਂ ਤਰ੍ਹਾਂ ਦੇ ਵਿਅਕਤੀ ਜਿਹੜੇ ਹਾਕਮ ਜਮਾਤ ਲਈ ਸਰਾਪੇ ਹੋਏ ਲੋਕ (anathema) ਹਨ।’’ ਖੱਬੇ-ਪੱਖੀਆਂ ਅਤੇ ਮੁਸਲਮਾਨਾਂ ਵਿਰੁੱਧ ਅਜਿਹੀਆਂ ਕਾਰਵਾਈਆਂ ਕਰਨ ਵਿਚ ਦਿੱਲੀ ਪੁਲੀਸ ਇਕੱਲੀ ਨਹੀਂ ਹੈ। ਉੱਤਰ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਛੱਤੀਸਗੜ੍ਹ ਅਤੇ ਹੋਰ ਸੂਬਿਆਂ ਦੀਆਂ ਪੁਲੀਸ ਫੋਰਸਾਂ ਤੇ ਰਾਸ਼ਟਰੀ ਜਾਂਚ ਏਜੰਸੀ (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ-ਐੱਨਆਈਏ) ਨੇ ਅਜਿਹੀਆਂ ਜਨੂੰਨੀ ਅਤੇ ਪੱਖਪਾਤੀ ਕਾਰਵਾਈਆਂ ਕਰਨ ਵਿਚ ਕੋਈ ਕਸਰ ਨਹੀਂ ਛੱਡੀ। 2018 ਦੇ ਭੀਮਾ-ਕੋਰੇਗਾਉਂ ਕੇਸ ਵਿਚ ਦੇਸ਼ ਦੇ ਨਾਮਵਰ ਕਵੀ, ਚਿੰਤਕ, ਵਕੀਲ ਅਤੇ ਜਮਹੂਰੀ ਹੱਕਾਂ ਲਈ ਕੰਮ ਕਰਨ ਵਾਲੇ ਸਮਾਜਿਕ ਕਾਰਕੁਨ ਗ੍ਰਿਫ਼ਤਾਰ ਕੀਤੇ ਗਏ ਹਨ; ਹੁਣੇ ਹੁਣੇ ਦਿੱਲੀ ਯੂਨੀਵਰਸਿਟੀ ਦੇ ਪ੍ਰਾਧਿਆਪਕ ਹਨੀ ਬਾਬੂ ਅਤੇ ਕਬੀਰ ਕਲਾ ਮੰਚ ਦੇ ਕਲਾਕਾਰਾਂ ਨੂੰ ਵੀ ਉਸ ਕੇਸ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਜਾਮੀਆ ਮਿਲੀਆ ਇਸਲਾਮੀਆ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀਆਂ ਦੀਆਂ ਵਿਦਿਆਰਥਣਾਂ ਨੂੰ ਜੇਲ੍ਹਾਂ ’ਚ ਡੱਕਿਆ ਗਿਆ ਹੈ।

ਰਿਬੇਰੋ ਖ਼ਤ ਲਿਖਣ ਵਾਲਾ ਪਹਿਲਾ ਸਾਬਕਾ ਅਧਿਕਾਰੀ ਜਾਂ ਦਾਨਿਸ਼ਵਰ ਨਹੀਂ ਹੈ। ਭੀਮਾ-ਕੋਰੇਗਾਉਂ ਕੇਸ ਅਤੇ ਦਿੱਲੀ ਦੰਗਿਆਂ ਦੇ ਸਬੰਧ ਵਿਚ ਸੈਂਕੜੇ ਸਾਬਕਾ ਉੱਚ-ਅਧਿਕਾਰੀਆਂ, ਵਿਸ਼ਵ ਪ੍ਰਸਿੱਧ ਚਿੰਤਕਾਂ, ਵਿਗਿਆਨੀਆਂ, ਸਮਾਜ ਸ਼ਾਸਤਰੀਆਂ, ਇਤਿਹਾਸਕਾਰਾਂ, ਅਰਥ ਸ਼ਾਸਤਰੀਆਂ ਅਤੇ ਹੋਰ ਵਿਦਵਾਨਾਂ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਤੇ ਸੂਬਾ ਸਰਕਾਰਾਂ ਨੂੰ ਲਿਖਿਆ ਹੈ; 80 ਸਾਲਾ ਬਜ਼ੁਰਗ ਸ਼ਾਇਰ ਵਰਵਰਾ ਰਾਓ, ਆਨੰਦ ਤੈਲਤੁੰਬੜੇ, ਗੌਤਮ ਨਵਲੱਖਾ, ਸੁਧਾ ਭਾਰਦਵਾਜ ਤੇ ਹੋਰਨਾਂ ਦੇ ਹੱਕ ਵਿਚ ਆਵਾਜ਼ ਉਠਾਈ ਹੈ।

ਅਜਿਹਾ ਹੀ ਇਕ ਖੁੱਲ੍ਹਾ ਖ਼ਤ ਮਸ਼ਹੂਰ ਫਰਾਂਸੀਸੀ ਲੇਖਕ ਏਮੀਲ ਜ਼ੋਲਾ (Emile Zola) ਨੇ 1898 ਵਿਚ ਕੈਪਟਨ ਅਲਫਰੇਦ ਦ੍ਰੇਫਿਊਸ (Captain Alfred Dreyfus) ਦੇ ਮਾਮਲੇ ਵਿਚ ਫਰਾਂਸੀਸੀ ਰਾਸ਼ਟਰਪਤੀ ਅਤੇ ਫਰਾਂਸੀਸੀ ਅਧਿਕਾਰੀਆਂ ਨੂੰ ਲਿਖਿਆ ਸੀ। ਦ੍ਰੇਫਿਊਸ ’ਤੇ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ ਕੁਝ ਗੁਪਤ ਦਸਤਾਵੇਜ਼ ਜਰਮਨੀ ਫ਼ੌਜੀ ਅਧਿਕਾਰੀਆਂ ਨੂੰ ਦਿੱਤੇ ਸਨ। ਬਾਅਦ ਵਿਚ ਪਤਾ ਲੱਗਾ ਸੀ ਕਿ ਦ੍ਰੇਫਿਊਸ ਦੋਸ਼ੀ ਨਹੀਂ ਸੀ। ਦ੍ਰੇਫਿਊਸ ਯਹੂਦੀ ਸੀ ਅਤੇ ਬਹੁਤ ਸਾਰੇ ਲੋਕ ਜਾਣਦੇ ਸਨ ਕਿ ਦ੍ਰੇਫਿਊਸ ਵਿਰੁੱਧ ਦੋਸ਼ ਫਰਾਂਸ ਵਿਚ ਉਸ ਵੇਲੇ ਪਣਪ ਰਹੇ ਯਹੂਦੀ-ਵਿਰੋਧੀ ਵਿਚਾਰਾਂ ਕਰ ਕੇ ਲਗਾਏ ਜਾ ਰਹੇ ਹਨ। ਇਹ ਪਤਾ ਲੱਗ ਜਾਣ ’ਤੇ ਕਿ ਦ੍ਰੇਫਿਊਸ ਮੁੱਢਲੇ ਮੁਕੱਦਮੇ ਵਿਚ ਵੀ ਬੇਗੁਨਾਹ ਸੀ, ਫ਼ੌਜੀ ਅਧਿਕਾਰੀਆਂ ਨੇ ਕੁਝ ਨਕਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਉਸ ਵਿਰੁੱਧ ਕੁਝ ਹੋਰ ਦੋਸ਼ ਲਗਾ ਦਿੱਤੇ। ਉਸ ਵੇਲੇ ਜ਼ੋਲਾ ਨੇ ਲਿਖਿਆ, ‘‘ਸ੍ਰੀਮਾਨ ਰਾਸ਼ਟਰਪਤੀ ਜੀ, ਤੱਥ ਦੱਸਦੇ ਹਨ ਕਿ ਅਨਿਆਂ ਹੋਇਆ ਹੈ; ਨੈਤਿਕ ਗਵਾਹੀ, ਦ੍ਰੇਫਿਊਸ ਦੇ ਮਾਲੀ ਹਾਲਾਤ, ਅਜਿਹਾ ਕਾਰਾ ਕਰਨ ਲਈ ਲੋੜੀਂਦੇ ਮੰਤਵਾਂ ਦੀ ਅਣਹੋਂਦ, ਉਸ ਦੀ ਆਪਣੇ ਆਪ ਨੂੰ ਬੇਗੁਨਾਹ ਦੱਸਦੀ ਹੋਈ ਚੀਖੋ-ਪੁਕਾਰ, ਸਭ ਇਹ ਗੱਲ ਸਾਬਤ ਕਰਦੇ ਹਨ ਕਿ ਉਹ ਉਸ ਧਾਰਮਿਕ ਪ੍ਰਣਾਲੀ ਦੇ ਕਮਾਂਡਰ ਦੀ ਵਚਿੱਤਰ ਕਲਪਨਾ ਦਾ ਸ਼ਿਕਾਰ ਹੋਇਆ ਹੈ ਜਿਹੜੀ ਹਮੇਸ਼ਾ ‘‘ਗੰਦੇ ਯਹੂਦੀਆਂ’’ ਦੀ ਤਲਾਸ਼ ਕਰਦੀ ਰਹਿੰਦੀ ਹੈ; ਇਸ ਤਰ੍ਹਾਂ ਦੀ ਸੋਚ ਸਾਡੇ ਸਮਿਆਂ ਦੀ ਬੇਪੱਤੀ ਹੈ।’’

ਸਾਡੇ ਦੇਸ਼ ਵਿਚ ਇਸ ਸਮੇਂ ਖੱਬੇ-ਪੱਖੀਆਂ, ਉਦਾਰਵਾਦੀਆਂ, ਧਰਮ ਨਿਰਪੱਖ ਸੋਚ ਰੱਖਣ ਵਾਲਿਆਂ ਅਤੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨਾਲ ਓਦਾਂ ਦਾ ਵਿਵਹਾਰ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਦਾ ਉਸ ਸਮੇਂ ਫਰਾਂਸ ਵਿਚ ‘ਗੰਦੇ ਯਹੂਦੀਆਂ’ ਨਾਲ ਕੀਤਾ ਜਾ ਰਿਹਾ ਸੀ। ਜ਼ੋਲਾ ਨੇ ਲਿਖਿਆ, ‘‘ਮੈਂ ਫ਼ੌਜੀ ਅਧਿਕਾਰੀਆਂ ਤੇ ਲੋਕਾਂ ਦੇ ਵਿਚਾਰਾਂ ਨੂੰ ਗ਼ਲਤ ਪਾਸੇ ਖੜ੍ਹਨ ਅਤੇ ਆਪਣੀਆਂ ਗ਼ਲਤੀਆਂ ਨੂੰ ਛਿਪਾਉਣ ਦਾ ਦੋਸ਼ ਲਾਉਂਦਾ ਹਾਂ।’’ ਜ਼ੋਲਾ ਦਾ ਇਹ ਖ਼ਤ 13 ਜਨਵਰੀ 1898 ਨੂੰ ਅਖ਼ਬਾਰ ‘ਲੋਰੋਰ (L’ Aurore)’ ਵਿਚ ‘‘ਮੈਂ ਦੋਸ਼ ਲਾਉਂਦਾ ਹਾਂ (I accuse, ਫਰਾਂਸੀਸੀ ਵਿਚ J’ accuse ਯਕਿਊਜ)” ਦੀ ਸੁਰਖ਼ੀ ਹੇਠ ਪ੍ਰਕਾਸ਼ਿਤ ਹੋਇਆ। ਰਿਬੇਰੋ ਦੇ ਖ਼ਤ ਦੇ ਤੇਵਰ ਵੀ ਜ਼ੋਲਾ ਦੇ ਖ਼ਤ ‘‘ਮੈਂ ਦੋਸ਼ ਲਾਉਂਦਾ ਹਾਂ’’ ਨਾਲ ਮਿਲਦੇ-ਜੁਲਦੇ ਹਨ।

ਕੁਝ ਹੋਰ ਚਿੰਤਕਾਂ, ਕਲਾਕਾਰਾਂ, ਲੇਖਕਾਂ, ਸਾਬਕਾ ਅਫ਼ਸਰਾਂ, ਵਿਗਿਆਨੀਆਂ ਅਤੇ ਵਿਦਵਾਨਾਂ ਨੇ ਦਿੱਲੀ ਪੁਲੀਸ ’ਤੇ ਪੱਖਪਾਤ ਕਰਨ ਅਤੇ ਘੱਟਗਿਣਤੀ ਦੇ ਲੋਕਾਂ ਤੇ ਕੁਝ ਦਾਨਿਸ਼ਵਰਾਂ ਨੂੰ ਨਿਸ਼ਾਨਾ ਬਣਾਉਣ ਅਤੇ ਅਨਿਆਂ ਕਰਨ ਦੇ ਦੋਸ਼ ਲਗਾਏ ਹਨ। ਪੱਖਪਾਤੀ ਅਤੇ ਜਨੂੰਨੀ ਸਮਿਆਂ ਵਿਚ ਨਿਆਂ ਮਿਲਣ ਲਈ ਬਹੁਤ ਸਮਾਂ ਲੱਗਦਾ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਬੇਗੁਨਾਹ ਹੋਣ ਦੇ ਬਾਵਜੂਦ ਬੰਦੀਵਾਨ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਦੁੱਖ-ਦੁਸ਼ਵਾਰੀਆਂ ਝੱਲਣੀਆਂ ਪੈਂਦੀਆਂ ਹਨ। ਦ੍ਰੇਫਿਊਸ ਨੂੰ ਆਪਣੇ ਆਪ ਨੂੰ ਬੇਗ਼ੁਨਾਹ ਸਾਬਤ ਕਰਨ ਲਈ ਲਗਭਗ 12 ਸਾਲ ਲੱਗ ਗਏ ਸਨ ਪਰ ਮਸ਼ਹੂਰ ਫਰਾਂਸੀਸੀ ਲੇਖਕਾਂ, ਵਿਗਿਆਨੀਆਂ ਅਤੇ ਕਲਾਕਾਰਾਂ, ਜਿਨ੍ਹਾਂ ਵਿਚ ਅੰਤੋਲ ਫਰਾਂਸ, ਮਾਰਸੇਲ ਪਰਾਊਸਟ, ਐਮਾਈਲ ਦੁਰਖੇਮ, ਕਲਾਡ ਮੋਨੇ ਅਤੇ ਕਈ ਹੋਰ ਸ਼ਾਮਿਲ ਸਨ, ਨੇ ਏਮੀਲ ਜ਼ੋਲਾ ਨਾਲ ਮਿਲ ਕੇ ਉਸ ਅਨਿਆਂ ਵਿਰੁੱਧ ਆਵਾਜ਼ ਉਠਾਈ।

ਭਾਰਤ ਦੇ ਨਾਗਰਿਕਾਂ ਨੂੰ ਵੀ ਅਜਿਹੇ ਸਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਹਿਮਤੀ ਦੀਆਂ ਆਵਾਜ਼ਾਂ ਨੂੰ ਦਬਾਇਆ ਅਤੇ ਕੱਟੜਪੰਥੀ ਸੋਚ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਦੇਸ਼ ਦੇ ਦਾਨਿਸ਼ਵਰਾਂ, ਕਲਾਕਾਰਾਂ, ਵਿਦਵਾਨਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਫਰਜ਼ ਹੈ ਕਿ ਉਹ ਜੂਲੀਓ ਰਿਬੇਰੋ, ਰੋਮੀਲਾ ਥਾਪਰ, ਅਮ੍ਰਤਿਆ (Amartya) ਸੇਨ, ਰਾਮਚੰਦਰ ਗੁਹਾ, ਪਾਰਥਾ ਚੈਟਰਜੀ, ਅਰੁਨ ਕੁਮਾਰ, ਅਨੀਆ ਲੂੰਬਾ, ਗਿਆਨ ਪਾਂਡੇ ਅਤੇ ਹੋਰ ਸੈਂਕੜੇ ਦਾਨਿਸ਼ਵਰਾਂ ਦੁਆਰਾ ਉਠਾਈ ਜਾ ਰਹੀ ਆਵਾਜ਼ ਵਿਚ ਉਨ੍ਹਾਂ ਦਾ ਸਾਥ ਦੇਣ। ਜਿਵੇਂ ਜ਼ੋਲਾ ਨੇ ਕਿਹਾ ਸੀ ਕਿ ਕੱਟੜਪੰਥੀ ਸੋਚ ਸਾਡੇ ਸਮਿਆਂ ਦੀ ਬੇਪੱਤੀ ਹੈ। ਇਸ ਨੈਤਿਕ ਪਤਨ ਤੋਂ ਬਚਣ ਲਈ ਸਾਰੀਆਂ ਜਮਹੂਰੀ ਧਿਰਾਂ ਦਾ ਇਕੱਠੇ ਹੋਣਾ ਜ਼ਰੂਰੀ ਹੈ। ਜਮਹੂਰੀਅਤ ਨੂੰ ਜਮਹੂਰੀਅਤ ਲਈ ਸੰਘਰਸ਼ ਕਰਕੇ ਹੀ ਬਚਾਇਆ ਜਾ ਸਕਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All