ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਡਾ. ਸ ਸ ਛੀਨਾ

ਡਾ. ਸ ਸ ਛੀਨਾ

ਕਣਕ ਅਤੇ ਝੋਨੇ ਵਾਲੀਆਂ ਜ਼ਮੀਨਾਂ ਕੰਪਿਊਟਰ ਤੇ ਪਾ ਕੇ ਜ਼ਮੀਨ ਦੇ ਹਿਸਾਬ ਨਾਲ ਇਹ ਫਸਲਾਂ ਖਰੀਦਣ ਪਿੱਛੇ ਮਕਸਦ ਭਾਵੇਂ ਕਣਕ ਝੋਨੇ ਹੇਠਲਾ ਖੇਤਰ ਘੱਟ ਕਰਨ ਦੇ ਨਾਲ ਨਾਲ ਹੋਰ ਮਕਸਦ- ਖੇਤੀ ਫਸਲਾਂ ਵਿਚ ਵੰਨ-ਸਵੰਨਤਾ, ਖੇਤੀ ਨਾ ਕਰਨ ਵਾਲਿਆਂ ਨੂੰ ਮਿਲਣ ਵਾਲੀ ਆਮਦਨ ਕਰ ਦੀ ਛੋਟ ਬੰਦ ਕਰਨਾ ਅਤੇ ਕਣਕ ਝੋਨੇ ਦੀ ਸੰਭਾਲ ਦੀਆਂ ਮੁਸ਼ਕਿਲਾਂ ਵੀ ਹੋ ਸਕਦੇ ਹਨ ਪਰ ਇਸ ਨੇ ਕਿਸਾਨਾਂ ਅੰਦਰ ਵੱਡੇ ਭਰਮ-ਭੁਲੇਖੇ ਪਾਏ ਹਨ। ਇਹੋ ਵਜ੍ਹਾ ਹੈ ਕਿ ਕਿਸਾਨ ਯੂਨੀਅਨਾਂ ਅਜਿਹੇ ਆਦੇਸ਼ ਦੀ ਆਲੋਚਨਾ ਵੀ ਕਰ ਰਹੀਆਂ ਹਨ। ਅਸਲ ਵਿਚ ਭਾਰਤ ਦੀ ਖੇਤੀ ਪੇਸ਼ਾ ਨਾ ਹੋ ਕੇ ਰਹਿਣ ਦਾ ਸਾਧਨ ਹੈ ਅਤੇ ਕਿਸਾਨਾਂ ਨੂੰ ਇਸ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਵਿਚ ਨਹੀਂ ਪਾਉਣਾ ਚਾਹੀਦਾ। ਇਸ ਦਾ ਠੋਸ ਤਰਕ ਵੀ ਹੈ ਅਤੇ ਜਿਹੜੇ ਮਕਸਦ ਅਜਿਹੇ ਆਰਡਰ ਨਾਲ ਪ੍ਰਾਪਤ ਕਰਨੇ ਹਨ, ਉਨ੍ਹਾਂ ਦੇ ਬਦਲ ਇਸ ਤੋਂ ਜਿ਼ਆਦਾ ਚੰਗੇ ਅਤੇ ਉਤਸ਼ਾਹ ਵਾਲੇ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਫਿ਼ਲਹਾਲ ਅਣਗੌਲਿਆ ਜਾ ਰਿਹਾ ਹੈ।

ਭਾਰਤ ਦੀ ਆਜ਼ਾਦੀ ਸਮੇਂ ਮੁਲਕ ਦੀ ਕੁੱਲ ਆਬਾਦੀ 34 ਕਰੋੜ ਸੀ। ਜ਼ਮੀਨ ਅਤੇ ਪਾਣੀ ਦੀ ਮਾਤਰਾ ਦੇ ਹਿਸਾਬ ਨਾਲ ਇਹ ਅਨਕੂਲ ਹੀ ਸੀ। ਫਿਰ ਵੀ ਇਹ ਖੇਤੀ, ਮੁਲਕ ਦੀਆਂ ਅਨਾਜ ਲੋੜਾਂ ਪੂਰੀਆਂ ਨਹੀਂ ਸੀ ਕਰ ਸਕਦੀ। ਮੁਲਕ ਅਨਾਜ ਸੰਕਟ ਨਾਲ ਜੂਝ ਰਿਹਾ ਸੀ। ਹਰ ਸਾਲ ਹਜ਼ਾਰਾਂ ਕਰੋੜਾਂ ਦਾ ਅਨਾਜ ਬਾਹਰੋਂ ਮੰਗਵਾਇਆ ਜਾਂਦਾ ਸੀ ਜੋ ਮੁਲਕ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਰਿਹਾ ਸੀ। ਤੇਜ਼ ਰਫਤਾਰ ਨਾਲ ਵਧਦੀ ਵਸੋਂ ਅਤੇ ਪ੍ਰਤੀ ਵਿਅਕਤੀ ਭੂਮੀ ਤੇ ਪਾਣੀ ਦੀ ਮਾਤਰਾ ਤਾਂ ਘਟ ਰਹੀ ਸੀ ਪਰ ਖੁਰਾਕ ਸਮੱਸਿਆ ਵਧ ਰਹੀ ਸੀ। 1966 ਤੋਂ ਬਾਅਦ ਅਪਨਾਈ ਰਹੇ ਇਨਕਲਾਬ ਦੀ ਨੀਤੀ ਵਿਚ ਭਾਵੇਂ ਨਵੇਂ ਬੀਜਾਂ ਦੀਆਂ ਖੋਜਾਂ, ਪਾਣੀ ਦੀ ਪੂਰਤੀ ਨੂੰ ਟਿਊਬਵੈੱਲ ਨਾਲ ਵਧਾਉਣਾ, ਖਾਦਾਂ ਦੀ ਵਰਤੋਂ ਵਿਚ ਵਾਧਾ ਆਦਿ ਢੰਗ ਅਪਨਾਏ ਗਏ ਪਰ ਇਨ੍ਹਾਂ ਸਾਰੇ ਢੰਗਾਂ ਦੇ ਨਾਲ ਨਾਲ ਕਣਕ ਤੇ ਝੋਨੇ ਨੂੰ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਕੀਮਤਾਂ ਤੇ ਖਰੀਦਣ ਦਾ ਢੰਗ ਸਭ ਤੋਂ ਵੱਧ ਕਾਰਗਰ ਸਾਬਿਤ ਹੋਇਆ। 2020 ਤੱਕ ਕਣਕ ਦਾ ਉਤਪਾਦਨ 7 ਕਰੋੜ ਟਨ ਤੋਂ ਵਧ ਕੇ 109 ਕਰੋੜ ਟਨ ਹੋ ਗਿਆ, ਭਾਵ 15.5 ਗੁਣਾ ਵਧਿਆ। ਝੋਨੇ ਦਾ ਉਤਪਾਦਨ 26 ਕਰੋੜ ਟਨ 102 ਕਰੋੜ ਟਨ ਹੋਇਆ, ਭਾਵ 5.9 ਗੁਣਾ ਵਧਿਆ। ਵਸੋਂ 34 ਕਰੋੜ ਤੋਂ 138 ਕਰੋੜ ਹੋਈ, ਭਾਵ 4.1 ਗੁਣਾ ਵਧੀ। ਇੰਨਾ ਉਤਪਾਦਨ ਹੋਣ ਕਰਕੇ ਹੀ ਸਰਕਾਰ ਲਈ ਖੁਰਾਕ ਸੁਰੱਖਿਆ ਕਾਨੂੰਨ ਲਾਗੂ ਕਰਨ ਸੰਭਵ ਹੋਇਆ। ਫਿਰ ਕਣਕ ਝੋਨਾ ਸੰਭਾਲਣ ਦੀ ਸਮੱਸਿਆ ਪੈਦਾ ਹੋਈ। ਮੁਲਕ ਵਿਚ ਸਿਰਫ਼ 88 ਕਰੋੜ ਟਨ ਅਨਾਜ ਸੰਭਾਲ ਦੀ ਸਮੱਰਥਾ ਹੈ। ਇਸੇ ਕਾਰਨ 13 ਕਰੋੜ ਟਨ ਖੁੱਲ੍ਹੇ ਆਸਮਾਨ ਥੱਲੇ ਤਰਪਾਲਾਂ ਹੇਠ ਹੈ। ਕਣਕ ਝੋਨੇ ਦੀ ਬਰਾਮਦ ਸਮਰਥਾ ਬਹੁਤ ਘੱਟ ਹੈ ਅਤੇ ਲਾਭਦਾਇਕ ਨਹੀਂ, ਇਸ ਲਈ ਇਸ ਗੱਲ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਕਣਕ ਝੋਨੇ ਹੇਠ ਖੇਤਰ ਘਟਾ ਕੇ ਹੋਰ ਫਸਲਾਂ ਅਧੀਨ ਲਿਆਂਦਾ ਜਾਵੇ, ਖਾਸ ਕਰਕੇ ਉਨ੍ਹਾਂ ਫਸਲਾਂ ਅਧੀਨ ਜਿਨ੍ਹਾਂ ਦੀ ਦਰਾਮਦ ਕੀਤੀ ਜਾਂਦੀ ਹੈ। ਇਉਂ ਉਪਰ ਚਰਚਾ ਅਧੀਨ ਆਏ ਆਰਡਰ ਦੇ ਬਦਲ ਮੌਜੂਦ ਹਨ ਅਤੇ ਜਿ਼ਆਦਾ ਸਾਰਥਕ ਵੀ ਹਨ।

ਕਣਕ ਝੋਨੇ ਅਧੀਨ ਸਭ ਤੋਂ ਜਿ਼ਆਦਾ ਖੇਤਰ ਪੰਜਾਬ ਤੇ ਹਰਿਆਣਾ ਵਿਚ ਵਧਿਆ ਹੈ ਜਿੱਥੇ ਕੋਈ 70 ਫੀਸਦੀ ਖੇਤਰ ਸਿਰਫ਼ ਇਨ੍ਹਾਂ ਫਸਲਾਂ ਅਧੀਨ ਆ ਗਿਆ ਹੈ। ਇਸ ਦੀ ਇੱਕੋ-ਇੱਕ ਵਜ੍ਹਾ ਸਰਕਾਰੀ ਖਰੀਦ ਹੈ। ਇਹ ਸਪਸ਼ਟ ਹੈ; ਨਹੀਂ ਤਾਂ ਹਰੇ ਇਨਕਲਾਬ ਦਾ ਪ੍ਰਭਾਵ ਸਿਰਫ਼ ਇਨ੍ਹਾਂ ਦੋਵਾਂ ਫਸਲਾਂ ਤੇ ਹੀ ਕਿਉਂ ਹੋਇਆ? ਹੋਰ ਫਸਲਾਂ ਤੇ ਕਿਉਂ ਨਹੀਂ? ਹਰੇ ਇਨਕਲਾਬ ਦੇ ਢੰਗ ਤਾਂ ਸਾਰੀਆਂ ਫਸਲਾਂ ਲਈ ਅਪਨਾਏ ਸਨ! ਕਿਸਾਨਾਂ ਨੇ ਉਹ ਫਸਲਾਂ ਵੀ ਬੀਜਣੀਆਂ ਛੱਡ ਦਿੱਤੀਆਂ ਜੋ ਜਿ਼ਆਦਾ ਆਮਦਨ ਦੇ ਸਕਦੀਆਂ ਸਨ ਕਿਉਂਕਿ ਉਨ੍ਹਾਂ ਲਈ ਯਕੀਨੀ ਮੰਡੀਕਰਨ ਨਹੀਂ ਸੀ। ਕੀ ਅਜਿਹਾ ਯਕੀਨੀ ਮੰਡੀਕਰਨ ਉਨ੍ਹਾਂ ਫਸਲਾਂ ਲਈ ਪੈਦਾ ਨਹੀਂ ਕਰਨਾ ਚਾਹੀਦਾ ਜਿਹੜੀਆਂ ਦਰਾਮਦ ਕੀਤੀਆਂ ਜਾ ਰਹੀਆਂ ਹਨ?

ਅਨਾਜ ਭੰਡਾਰਾਂ ਵਿਚ ਸਭ ਤੋਂ ਵਧ ਯੋਗਦਾਨ ਪਾਉਣ ਵਾਲਾ ਪੰਜਾਬ ਹੈ। ਇਹ ਤਕਰੀਬਨ 60 ਫ਼ੀਸਦ ਹਿੱਸਾ ਪਾਉਂਦਾ ਰਿਹਾ ਹੈ ਪਰ ਪੰਜਾਬ ਵਿਚ ਵੀ ਸਿਰਫ਼ 35 ਫੀਸਦ ਉਹ ਕਾਸ਼ਤਕਾਰ ਹਨ ਜਿਹੜੇ ਆਪਣੀ ਜ਼ਮੀਨ ਤੇ ਆਪ ਖੇਤੀ ਕਰਦੇ ਹਨ। ਬਾਕੀ ਦੇ 65 ਫੀਸਦ ਲੋਕ ਹੋਰ ਕਿਸਾਨਾਂ ਦੀ ਜ਼ਮੀਨ ਠੇਕੇ ਤੇ ਲੈਂਦੇ ਹਨ। ਇਨ੍ਹਾਂ ਵਿਚ ਸਭ ਤੋਂ ਜਿ਼ਆਦਾ ਖੇਤੀ ਕਿਰਤੀ ਹਨ ਜਾਂ ਸੀਮਾਂਤ ਕਿਸਾਨ। ਜ਼ਮੀਨ ਦੀ ਗਿਰਦਾਵਰੀ ਵਿਚ ਜ਼ਮੀਨ ਮਾਲਕ ਦੇ ਨਾਲ ਨਾਲ ਕਾਸ਼ਤਕਾਰ ਦੇ ਨਾਂ ਵਾਲਾ ਕਾਲਮ ਵੀ ਹੈ ਪਰ ਜਿ਼ਆਦਾ ਵਾਰ ਮਾਲਕ ਨੂੰ ਹੀ ਕਾਸ਼ਤਕਾਰ ਦਿਖਾਇਆ ਜਾਂਦਾ ਹੈ। ਕਈ ਵਾਰ ਜ਼ਮੀਨ ਦਾ ਮਾਲਕ ਵਿਦੇਸ਼ਾਂ ਵਿਚ ਹੁੰਦਾ ਹੈ ਜਾਂ ਹੋਰ ਪ੍ਰਦੇਸ਼ਾਂ ਵਿਚ ਕਿਸੇ ਨੌਕਰੀ ਜਾਂ ਕਾਰੋਬਾਰ ਤੇ ਹੁੰਦਾ ਹੈ ਪਰ ਗਿਰਦਾਵਰੀ ਵਿਚ ਉਸ ਨੂੰ ਹੀ ਕਾਸ਼ਤਕਾਰ ਦਿਖਾਇਆ ਜਾਂਦਾ ਹੈ। ਕਈ ਵਾਰ ਜ਼ਮੀਨ ਦਾ ਮਾਲਕ ਠੇਕੇ ਵਿਚ ਸ਼ਰਤ ਰੱਖਦਾ ਹੈ ਕਿ ਕਾਸ਼ਤਕਾਰ ਦੇ ਕਾਲਮ ਵਿਚ ਵੀ ਉਸ ਦਾ ਨਾਂ ਆਵੇਗਾ, ਠੇਕੇ ਤੇ ਲੈਣ ਵਾਲਾ ਬੇਰੁਜ਼ਗਾਰੀ ਦੇ ਡਰ ਤੋਂ ਇਹ ਸ਼ਰਤ ਵੀ ਮੰਨ ਲੈਂਦਾ ਹੈ। ਜੇ ਜ਼ਮੀਨ ਤੇ ਕਾਸ਼ਤ ਕਰਨ ਵਾਲੇ ਦਾ ਨਾਂ ਗਿਰਦਾਵਰੀ ਵਿਚ ਨਾ ਆਇਆ ਤਾਂ ਉਸ ਦੀ ਵੇਚੀ ਕਣਕ ਅਤੇ ਝੋਨੇ ਦਾ ਭੁਗਤਾਨ ਆਨਲਾਈਨ ਬੈਂਕ ਵਿਚ ਉਸ ਮਾਲਕ ਦੇ ਖਾਤੇ ਵਿਚ ਚਲਾ ਜਾਵੇਗਾ। ਫਿਰ ਕਾਸ਼ਤਕਾਰ ਨੂੰ ਭੁਗਤਾਨ ਲੈਣ ਲਈ ਮਾਲਕ ਕੋਲ ਜਾਣਾ ਪਵੇਗਾ ਅਤੇ ਇਸ ਸਮੁੱਚੀ ਪ੍ਰਕਿਰਿਆ ਕਾਸ਼ਤਕਾਰ ਨੂੰ ਨਿਰਉਤਸ਼ਾਹਿਤ ਕਰੇਗੀ।

ਪੰਜਾਬ ਵਿਚ 8.37 ਲੱਖ ਕਿਸਾਨ ਹਨ ਜਿਨ੍ਹਾਂ ਕੋਲ 2.31 ਕਰੋੜ ਖਸਰਾ ਨੰਬਰ (ਛੋਟੇ ਤੇ ਵੱਡੇ ਪਲਾਟ) ਹਨ। ਪਟਵਾਰੀ ਨੂੰ ਸਾਲ ਵਿਚ ਦੋ ਵਾਰ ਇਕੱਲੇ ਇਕੱਲੇ ਖੇਤ ਤੇ ਜਾ ਕੇ ਉਸ ਦਾ ਰਿਕਾਰਡ ਬਣਾ ਕੇ ਕੰਪਿਊਟਰ ਤੇ ਪਾਉਣਾ ਪਵੇਗਾ ਅਤੇ ਅਗਾਂਹ ਉਹੋ ਰਿਕਾਰਡ ਆੜ੍ਹਤੀਆਂ ਕੋਲ ਆਨਲਾਈਨ ਜਾਵੇਗਾ ਜਿਸ ਦੇ ਆਧਾਰ ਤੇ ਉਹ ਕਣਕ ਜਾਂ ਝੋਨੇ ਦੀ ਖ਼ਰੀਦ ਕਰਨਗੇ। ਅੱਜ ਕੱਲ੍ਹ ਇਕ ਹੋਰ ਆਰਡਰ ਕੱਢਿਆ ਗਿਆ ਹੈ। ਇਕ ਕਿਸਾਨ ਕੋਲੋਂ ਸਿਰਫ਼ 34 ਕੁਇੰਟਲ ਝੋਨਾ ਪ੍ਰਤੀ ਏਕੜ ਖ਼ਰੀਦਿਆ ਜਾਵੇਗਾ। ਇਸ ਦਾ ਅਰਥ ਹੈ ਕਿ ਉਹ 80 ਫੀਸਦ ਕਿਸਾਨ ਜਿਹੜੇ ਜਾਂ ਸੀਮਾਂਤ ਹਨ, ਜਾਂ ਛੋਟੇ ਕਿਸਾਨ (ਪੰਜ ਏਕੜ ਤੋਂ ਘੱਟ) ਹਨ, ਉਹ ਝੋਨੇ ਦੇ ਯਕੀਨੀ ਮੰਡੀਕਰਨ ਕਰਕੇ ਹੀ ਇਸ ਦੀ ਬਿਜਾਈ ਕਰਦੇ ਹਨ, ਉਹ ਬਾਕੀ ਝੋਨਾ ਕਿੱਥੇ ਲੈ ਕੇ ਜਾਣਗੇ।

ਅਸਲ ਵਿਚ ਖੇਤੀ ਬੜਾ ਸਾਧਾਰਨ ਪੇਸ਼ਾ ਹੈ। ਕਿਸਾਨ ਨੂੰ ਅਜਿਹੇ ਹਿਸਾਬ ਕਿਤਾਬ ਵਿਚ ਪਾ ਕੇ ਕਿਸਾਨੀ ਅੰਦਰ ਭਰਮ-ਭੁਲੇਖੇ ਨਹੀਂ ਪਾਉਣੇ ਚਾਹੀਦੇ ਕਿਉਂ ਜੋ ਕਿਸਾਨ ਨੇ ਉਸ ਤੋਂ ਪ੍ਰਾਪਤ ਆਮਦਨ ਤੋਂ ਨਾ ਸਿਰਫ਼ ਖੇਤੀ ਸਗੋਂ ਘਰ ਦੇ ਖਰਚ ਵੀ ਪੂਰੇ ਕਰਨੇ ਹਨ। ਭੁਗਤਾਨ ਵਿਚ ਦੇਰੀ ਜਾਂ ਔਖ ਖੇਤੀ ਨੂੰ ਨਿਰਉਤਸ਼ਾਹਿਤ ਕਰੇਗੀ।

ਅਨਾਜ ਸੰਭਾਲਣ ਦੀ ਸਮੱਸਿਆ ਗੰਭੀਰ ਸਮੱਸਿਆ ਹੈ। ਅਨਾਜ ਦਾ ਜਇਆ ਜਾਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਖਪਤਕਾਰਾਂ ਦੇ ਮਸਲਿਆਂ ਦੀ ਵਜ਼ਾਰਤ ਅਨੁਸਾਰ 2011 ਤੋਂ 2020 ਤੱਕ ਕੋਈ 62 ਹਜ਼ਾਰ ਕਰੋੜ ਟਨ ਜਾਇਆ ਹੋ ਗਿਆ, ਕਿਉਂ ਜੋ ਸੰਭਾਲ ਦੇ ਪ੍ਰਬੰਧ ਠੀਕ ਨਹੀਂ ਸਨ। ਇੰਨੇ ਅਨਾਜ ਨਾਲ ਇਕ ਕਰੋੜ ਲੋਕਾਂ ਨੂੰ ਭੋਜਨ ਮਿਲ ਸਕਦਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਣਕ ਤੇ ਝੋਨੇ ਦੀ ਜਗ੍ਹਾ ਉਸ ਖੇਤਰ ਦੀ ਅਨੁਕੂਲਤਾ ਅਨੁਸਾਰ ਹੋਰ ਫਸਲਾਂ ਲਾਉਣੀਆਂ ਚਾਹੀਦੀਆਂ ਹਨ। ਕੇਰਲ ਸਰਕਾਰ ਵੱਲੋਂ ਸਬਜ਼ੀਆਂ ਦੀਆਂ ਕੀਮਤਾਂ ਸਥਿਰ ਰੱਖਣ ਲਈ ਅਪਨਾਇਆ ਮਾਡਲ ਹਰ ਖੇਤਰ ਦੀ ਉਪਜ ਲਈ ਅਪਨਾਉਣਾ ਵਾਜਬ ਹੈ। ਇਸ ਵਿਚ ਇਕ ਕਿਸਾਨ ਵੱਲੋਂ ਕੁੱਲ ਖੇਤਰ ਦੀ ਸੀਮਾ ਦੇ ਆਧਾਰ ਤੇ ਉਸ ਖੇਤਰ ਵਿਚ ਉਤਨੇ ਕਿਸਾਨਾਂ ਨੂੰ ਦਰਜ ਕੀਤਾ ਜਾਵੇ ਜਿਸ ਨਾਲ ਉਸ ਵਸਤੂ ਦੀ ਮੰਗ ਪੂਰੀ ਹੋ ਜਾਵੇ ਜਿਸ ਫਸਲ ਨੂੰ ਘੱਟੋ-ਘੱਟ ਸਮਰਥਨ ਕੀਮਤਾਂ ਤੇ ਯਕੀਨੀ ਖਰੀਦਿਆ ਜਾਵੇ; ਖਾਸਕਰ ਉੱਚੇ ਮੁੱਲ ਵਾਲੀਆਂ ਵਸਤੂਆਂ ਜਿਹੜੀਆਂ ਦਰਾਮਦ ਕੀਤੀਆਂ ਜਾਦੀਆਂ ਹਨ, ਉਨ੍ਹਾਂ ਲਈ ਇਹ ਵਿਵਸਥਾ ਕੀਤੀ ਜਾਵੇ।

ਆੜਤੀਆਂ ਦੀ ਸੰਸਥਾ ਭਾਰਤ ਦੀ ਖੇਤੀ ਵਿਚ ਬਹੁਤ ਪੁਰਾਣੀ ਹੈ। ਇਹ ਸਿਰਫ਼ ਕਣਕ ਤੇ ਝੋਨਾ ਹੀ ਨਹੀਂ ਖਰੀਦਦੇ ਸਗੋਂ ਹੋਰ ਕਈ ਵਸਤੂਆਂ ਜਿਨ੍ਹਾਂ ਵਿਚ ਦਾਲਾਂ, ਤੇਲ ਬੀਜ ਆਦਿ ਫਸਲਾਂ ਆਉਂਦੀਆਂ ਹਨ, ਵੀ ਖਰੀਦੀਆਂ ਜਾਂਦੀਆਂ ਹਨ। ਕਿਸਾਨ ਆੜਤੀ ਨਾਲ ਆਸਾਨੀ ਨਾਲ ਤਾਲਮੇਲ ਕਰ ਸਕਦਾ ਹੈ। ਪੰਜਾਬ ਜਾਂ ਹੋਰ ਪ੍ਰਦੇਸ਼ਾਂ ਵਿਚ ਖੇਤੀ ਆਧਾਰਿਤ ਉਦਯੋਗ ਬਹੁਤ ਪਿੱਛੇ ਰਹਿ ਗਏ ਹਨ। ਬਹੁਤੇ ਖੇਤੀ ਆਧਾਰਿਤ ਉਦਯੋਗਪਤੀਆਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਲੋੜੀਂਦੀ ਮਾਤਰਾ ਵਿਚ ਅਤੇ ਉਚੀ ਕੁਆਲਟੀ ਵਾਲਾ ਕੱਚਾ ਮਾਲ ਨਹੀਂ ਮਿਲਦਾ। ਆੜਤੀ ਇਸ ਪੱਖੋਂ ਗਾਈਡ, ਸਹਾਇਕ ਅਤੇ ਜਾਣਕਾਰੀ ਦੀ ਚੰਗੀ ਭੂਮਿਕਾ ਨਿਭਾ ਸਕਦੇ ਹਨ। ਆੜਤੀ ਦੀ ਸੰਸਥਾ ਨੂੰ ਬਿਲਕੁਲ ਬਾਹਰ ਕੱਢਣ ਨਾਲੋਂ ਉਸ ਨੂੰ ਨਿਯਮਤ ਕਰਨਾ ਜਿ਼ਆਦਾ ਸਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All