ਖਾਲਸ ਰਾਸ਼ਟਰਵਾਦੀ ਬਰਕਤੁੱਲ੍ਹਾ ਭੋਪਾਲੀ
ਬਰਕਤੁੱਲ੍ਹਾ ਭੋਪਾਲੀ ਸੈਕਰਾਮੈਂਟੋ (ਕੈਲੀਫੋਰਨੀਆ) ਵਿੱਚ ਸਥਾਪਿਤ ਹੋਈ ‘ਗ਼ਦਰ ਪਾਰਟੀ ਔਫ ਇੰਡੀਆ’ ਦਾ ਮੋਢੀ ਮੈਂਬਰ ਸੀ, ਜਿਸਦਾ ਮੰਤਵ ਹਿੰਦੁਸਤਾਨ ਵਿੱਚ ਬਸਤੀਵਾਦੀ ਸਰਕਾਰ ਨੂੰ ਖ਼ਤਮ ਕਰਨਾ ਸੀ। ਦੇਸ਼ ਦੀ ਆਜ਼ਾਦੀ ਲਈ ਉਸ ਨੇ ਆਪਣਾ ਸੰਘਰਸ਼ ਸਾਰੀ ਉਮਰ ਜਾਰੀ ਰੱਖਿਆ। ਅੰਤ ਅਮਰੀਕਾ ਵਿੱਚ...
ਬਰਕਤੁੱਲ੍ਹਾ ਭੋਪਾਲੀ ਸੈਕਰਾਮੈਂਟੋ (ਕੈਲੀਫੋਰਨੀਆ) ਵਿੱਚ ਸਥਾਪਿਤ ਹੋਈ ‘ਗ਼ਦਰ ਪਾਰਟੀ ਔਫ ਇੰਡੀਆ’ ਦਾ ਮੋਢੀ ਮੈਂਬਰ ਸੀ, ਜਿਸਦਾ ਮੰਤਵ ਹਿੰਦੁਸਤਾਨ ਵਿੱਚ ਬਸਤੀਵਾਦੀ ਸਰਕਾਰ ਨੂੰ ਖ਼ਤਮ ਕਰਨਾ ਸੀ। ਦੇਸ਼ ਦੀ ਆਜ਼ਾਦੀ ਲਈ ਉਸ ਨੇ ਆਪਣਾ ਸੰਘਰਸ਼ ਸਾਰੀ ਉਮਰ ਜਾਰੀ ਰੱਖਿਆ। ਅੰਤ ਅਮਰੀਕਾ ਵਿੱਚ ਸੰਨ 1927 ਵਿੱਚ ਫੌਤ ਹੋਇਆ। ਹਥਲਾ ਲੇਖ ਭੋਪਾਲ ਦੀ ਯੂਨੀਵਰਸਿਟੀ ਦੇ ਨਾਂ ’ਚੋਂ ਬਰਕਤੁੱਲ੍ਹਾ ਦਾ ਨਾਂ ਹਟਾਉਣ ਦੀਆਂ ਫ਼ਿਰਕੂ ਸਿਆਸੀ ਕੋਸ਼ਿਸ਼ਾਂ ਨੂੰ ਬੇਪਰਦ ਕਰਦਾ ਹੈ।
ਭੋਪਾਲ ਸਥਿਤ ਸਟੇਟ ਯੂਨੀਵਰਸਿਟੀ ਦੀ ਕਾਰਜਕਾਰੀ ਕੌਂਸਲ ਨੇ ਇੱਕ ਮਤਾ ਪਾਸ ਕਰ ਕੇ ਮੱਧ ਪ੍ਰਦੇਸ਼ ਸਰਕਾਰ ਨੂੰ ਕਿਹਾ ਹੈ ਕਿ ਹੁਣ ਇਸਦਾ ਨਾਂ ‘ਵਾਗਦੇਵੀ ਭੋਜਪਾਲ ਯੂਨੀਵਰਸਿਟੀ’ ਕਰ ਦਿੱਤਾ ਜਾਵੇ। ਵਾਗਦੇਵੀ ਸਰਸਵਤੀ ਦੇਵੀ ਹੈ ਅਤੇ ਭੋਜਪਾਲ ਭੋਪਾਲ ਦਾ ਪੁਰਾਣਾ ਨਾਂ ਹੈ, ਜੋ ਕਿ ਰਾਜਾ ਭੋਜ ਨਾਲ ਸੰਬੰਧ ਰੱਖਦਾ ਹੈ। ਸਰਸਵਤੀ ਵਿੱਦਿਆ ਅਤੇ ਬੁੱਧੀਮਾਨਤਾ ਦੀ ਦੇਵੀ ਹੈ ਤੇ ਰਾਜਾ ਭੋਜ ਬਹੁਤ ਵੱਡਾ ਦਾਨਿਸ਼ਵਰ। 1970 ਵਿੱਚ ਇਸ ਦਾ ਨਾਂ ਭੋਪਾਲ ਯੂਨੀਵਰਸਿਟੀ ਹੁੰਦਾ ਸੀ। ਇਹ ਮਤਾ ਉਦੋਂ ਤੱਕ ਸਹੀ ਜਾਪਦਾ ਹੈ ਜਦੋਂ ਤੱਕ ਪਤਾ ਨਹੀਂ ਲੱਗਦਾ ਕਿ 1988 ਵਿੱਚ ਕਾਂਗਰਸ ਦੇ ਮੁੱਖ ਮੰਤਰੀ ਅਰਜਨ ਸਿੰਘ ਦੇ ਵੇਲੇ ਇਸ ਦਾ ਨਾਂ ਬਰਕਤੁੱਲ੍ਹਾ ਯੂਨੀਵਰਸਿਟੀ ਕਰ ਦਿੱਤਾ ਗਿਆ ਸੀ ਜੋ ਕਿ ਗ਼ਦਰ ਪਾਰਟੀ ਦਾ ਵੱਡਾ ਸੁਤੰਤਰਤਾ ਸੰਗਰਾਮੀ ਸੀ। ਮੁੱਖ ਸਵਾਲ ਇਹ ਹੈ ਕਿ ਕੀ ਇਸ ਮਤੇ ਦਾ ਮਕਸਦ ਸੱਚਮੁੱਚ ਰਾਜਾ ਭੋਜ ਨੂੰ ਯਾਦ ਕਰਨਾ ਹੈ ਜਾਂ ਇੱਕ ਮੁਸਲਿਮ ਦੇ ਨਾਂ ਤੋਂ ਯੂਨੀਵਰਸਿਟੀ ਨੂੰ ਵੱਖ ਕਰਨਾ ਹੈ?
ਬਰਕਤੁੱਲ੍ਹਾ ਭੋਪਾਲੀ 1854 ਵਿੱਚ ਪੈਦਾ ਹੋਇਆ ਅਤੇ ਸਾਰੀ ਉਮਰ ਬਰਤਾਨੀਆ ਦੇ ਸਾਮਰਾਜੀ ਏਜੰਡੇ ਖ਼ਿਲਾਫ਼ ਕੌਮਾਂਤਰੀ ਪੱਧਰ ’ਤੇ ਲੜਦਾ ਰਿਹਾ। ਉਹ ਸੈਕਰਾਮੈਂਟੋ (ਕੈਲੀਫੋਰਨੀਆ) ਵਿੱਚ ਸਥਾਪਿਤ ਹੋਈ ‘ਗ਼ਦਰ ਪਾਰਟੀ ਔਫ ਇੰਡੀਆ’ ਦਾ ਮੋਢੀ ਮੈਂਬਰ ਸੀ, ਜਿਸਦਾ ਮੰਤਵ ਹਿੰਦੁਸਤਾਨ ਵਿੱਚ ਬਸਤੀਵਾਦੀ ਸਰਕਾਰ ਨੂੰ ਖ਼ਤਮ ਕਰਨਾ ਸੀ। ਉਹ ਧਾਰਮਿਕ ਸਕਾਲਰ ਸੀ ਪਰ ਸਿਰੇ ਦਾ ਧਰਮ-ਨਿਰਪੱਖ ਅਤੇ ਦ੍ਰਿੜ ਕੌਮਪ੍ਰਸਤ ਇਨਸਾਨ ਸੀ। ਜਰਮਨੀ ਦੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਉਸਦੇ ਧਰਮ ਨਾਲੋਂ ਰਾਸ਼ਟਰਵਾਦ ਨੂੰ ਬਹੁਤ ਉੱਚਾ ਸਥਾਨ ਦਿੱਤਾ ਹੈ। ਉਨ੍ਹਾਂ ਦੀ ਪੜਚੋਲ ਦਾ ਆਧਾਰ ਇਹ ਹੈ ਕਿ ਬਰਕਤੁੱਲ੍ਹਾ ‘ਇੰਡੀਆ ਕੌਂਸਲ ਫਾਰ ਇੰਡੀਪੈਂਡੈਂਸ’ ਸਥਾਪਿਤ ਕਰਨ ਲਈ 1914 ਵਿੱਚ ਬਰਲਿਨ ਗਿਆ ਸੀ। ਇਸ ਗੱਲ ਦੇ ਬਾਵਜੂਦ ਕਿ ਭਾਰਤੀ ਸਿਪਾਹੀ ਇੰਗਲੈਂਡ ਦੀਆਂ ਫ਼ੌਜਾਂ ਲਈ ਲੜ ਰਹੇ ਸਨ, ਬਰਕਤੁੱਲ੍ਹਾ ਦੇ ਲੇਖਾਂ ਨੇ ਮੁਸਲਮਾਨਾਂ ਨੂੰ ਕਿਹਾ ਸੀ ਕਿ ਉਹ ਜਰਮਨੀ ਦਾ ਸਾਥ ਦੇਣ ਤਾਂ ਕਿ ਉਨ੍ਹਾਂ ਰਾਹੀਂ ਮੁਲਕ ਨੂੰ ਆਜ਼ਾਦ ਕਰਵਾਇਆ ਜਾ ਸਕੇ। 1924 ਵਿੱਚ ਛਪੀ ਆਪਣੀ ਪੁਸਤਕ ‘ਖ਼ਿਲਾਫ਼ਤ’ ਵਿੱਚ ਉਹ ਸਪੱਸ਼ਟ ਲਿਖਦਾ ਹੈ ਕਿ ਮੁਸਲਮਾਨ ਆਪਣੀ ਰੂਹਾਨੀਅਤ ਲਈ ਭਾਵੇਂ ਗਲੋਬਲ ਖ਼ਲੀਫ਼ਾ ਵੱਲ ਦੇਖ ਸਕਦੇ ਹਨ ਪਰ ਉਨ੍ਹਾਂ ਦੀ ਰਾਜਸੀ ਪ੍ਰਤੀਬੱਧਤਾ ਆਪਣੇ ਮੁਲਕ ਨਾਲ ਹੀ ਹੋਣੀ ਚਾਹੀਦੀ ਹੈ। 1915 ਵਿੱਚ ਕਾਬੁਲ ਵਿੱਚ ਭਾਰਤ ਦੀ ਪਹਿਲੀ ਆਰਜ਼ੀ ਸਰਕਾਰ ਬਣੀ ਤਾਂ ਰਾਜਾ ਮਹਿੰਦਰ ਪ੍ਰਤਾਪ ਸਿੰਘ ਉਸ ਦਾ ਪ੍ਰਧਾਨ ਅਤੇ ਬਰਕਤੁੱਲ੍ਹਾ ਪ੍ਰਧਾਨ ਮੰਤਰੀ ਬਣਿਆ ਸੀ। ਉਸ ਨੇ ਪੂਰੀ ਸੂਝ-ਸਿਆਣਪ ਨਾਲ ਆਪਣੀ ਇਸਲਾਮੀ ਵਿਚਾਰਧਾਰਾ ਵਿੱਚ ਖੱਬੇ-ਪੱਖੀ ਵਿਚਾਰਾਂ ਨੂੰ ਸ਼ਾਮਿਲ ਕਰ ਕੇ ਵਕਤ ਦੇ ਹਾਣ ਦੀਆਂ ਗੱਲਾਂ ਕੀਤੀਆਂ ਜਿਨ੍ਹਾਂ ਵਿੱਚ ਕੋਈ ਸਵੈ-ਵਿਰੋਧ ਨਹੀਂ ਸੀ। ਉਸ ਦੀ ਮੁੱਢਲੀ ਸੋਚ ਇਹ ਸੀ ਕਿ ਮਾਰਕਸਵਾਦ ਅਤੇ ਇਸਲਾਮ ਦੋਵੇਂ ਦੱਬੇ-ਕੁਚਲੇ ਲੋਕਾਂ ਦੇ ਹੱਕ ਦੀ ਗੱਲ ਕਰਦੇ ਹਨ ਅਤੇ ਸਾਮਰਾਜੀ ਵਿਸਤਾਰਵਾਦ ਦੇ ਵਿਰੋਧੀ ਹਨ। ਉਹ ਅਰਬੀ, ਫ਼ਾਰਸੀ ਅਤੇ ਉਰਦੂ ਦਾ ਮਾਸਟਰ ਸੀ; ਲੰਡਨ ਵਿੱਚ ਇਹ ਬੋਲੀਆਂ ਪੜ੍ਹਾਉਂਦਾ ਵੀ ਰਿਹਾ। ਅੰਗਰੇਜ਼ੀ ਉੱਤੇ ਉਸਦੀ ਪੂਰੀ ਪਕੜ ਸੀ। ਪਰ ਬਾਕੀ ਸਾਰੇ ਸੰਸਾਰ ਨਾਲ ਜੁੜ ਕੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਕੁਝ ਕਰਨ ਦੀ ਇੱਛਾ ਕਾਰਨ ਉਸਨੇ ਤੁਰਕੀ, ਜਰਮਨ, ਫਰੈਂਚ ਅਤੇ ਜਪਾਨੀ ਬੋਲੀਆਂ ਵੀ ਸਿੱਖੀਆਂ; ਇਸੇ ਯੋਗਤਾ ਕਾਰਨ ਉਹ ਜਪਾਨ ਵਿੱਚ ਵੀ ਪੜ੍ਹਾਉਂਦਾ ਰਿਹਾ। ਉਹ ਖ਼ੁਦ ਮਾਰਕਸਵਾਦੀ ਨਹੀਂ ਸੀ ਪਰ ਉਸ ਨੇ ਭਾਰਤੀ ਯੋਧਿਆਂ ਨੂੰ ਦੁਨੀਆ ਦਾ ਸਹਿਯੋਗ ਦਿਵਾਉਣ ਵਾਸਤੇ ਹਰ ਤਰ੍ਹਾਂ ਦਾ ਸੰਘਰਸ਼ ਕੀਤਾ। ਇਸੇ ਆਸ਼ੇ ਅਧੀਨ ਰੂਸ ਤੋਂ ਆਰਥਿਕ ਅਤੇ ਰਾਜਸੀ ਮਦਦ ਲੈਣ ਲਈ ਉਸਨੇ ਰਾਜਾ ਮਹਿੰਦਰ ਪ੍ਰਤਾਪ ਦੇ ਨਾਲ ਮਈ 1919 ਵਿੱਚ ਲੈਨਿਨ ਨਾਲ ਮੁਲਾਕਾਤ ਕੀਤੀ। ਉਹ ਅਫ਼ਗਾਨਿਸਤਾਨ ਵਿੱਚ ਸਥਾਪਿਤ ਪਹਿਲੀ ਭਾਰਤ ਸਰਕਾਰ ਦੇ ਨੁਮਾਇੰਦੇ ਵਜੋਂ ਮੀਟਿੰਗ ਵਿੱਚ ਗਿਆ ਸੀ। ਲੈਨਿਨ ਨੇ ਸਾਥ ਦੇਣ ਦਾ ਵਚਨ ਦਿੱਤਾ ਪਰ ਬਰਤਾਨੀਆ ਨਾਲ ਅਫ਼ਗਾਨਿਸਤਾਨ ਦੀ ਸੰਧੀ ਹੋ ਜਾਣ ਕਾਰਨ ਉਹ ਉਥੋਂ ਭਾਰਤ ਦੀ ਸੁਤੰਤਰਤਾ ਲਈ ਕੋਈ ਕਦਮ ਨਾ ਪੁੱਟ ਸਕਿਆ। ਜਲਦੀ ਹੀ ਉਸ ਨੂੰ ਅਫ਼ਗਾਨਿਸਤਾਨ ਵਿੱਚੋਂ ਨਿਕਲਣਾ ਪਿਆ। 2021 ਵਿੱਚ ਮਹਿੰਦਰ ਪ੍ਰਤਾਪ ਸਿੰਘ ਦੇ ਨਾਂ ’ਤੇ ਅਲੀਗੜ੍ਹ ਵਿੱਚ ਇੱਕ ਸਟੇਟ ਯੂਨੀਵਰਸਿਟੀ ਸਥਾਪਿਤ ਕੀਤੀ ਗਈ।
ਮੌਲਵੀ ਬਰਕਤੁੱਲ੍ਹਾ ਮੁਸਲਿਮ ਸਕਾਲਰ ਸੀ ਅਤੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਫਿਰੰਗੀਆਂ ਖ਼ਿਲਾਫ਼ ਇਕੱਠੇ ਕਰਨਾ ਚਾਹੁੰਦਾ ਸੀ। ਗ਼ਦਰ ਪਾਰਟੀ ਦਾ ਸਾਰਾ ਇਤਿਹਾਸ ਉਸ ਨੂੰ ਇੱਕ ਪ੍ਰਤੀਬੱਧ ਕੌਮਪ੍ਰਸਤ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਲਾਲਾ ਹਰਦਿਆਲ ਅਤੇ ਬਾਬਾ ਸੋਹਨ ਸਿੰਘ ਭਕਨਾ ਨੇ ਜਦੋਂ 1913 ਵਿੱਚ ‘ਹਿੰਦੀ ਐਸੋਸੀਏਸ਼ਨ ਔਫ ਪੈਸੀਫਿਕ ਕੋਸਟ’ ਬਣਾਈ ਤਾਂ ਮੌਲਵੀ ਉਨ੍ਹਾਂ ਨਾਲ ਸੀ। ਏਸੇ ਵਿਚੋਂ ਗ਼ਦਰ ਪਾਰਟੀ ਨਿਕਲੀ। ਉਸ ਦੀ ਸੂਝ-ਬੂਝ ਅਤੇ ਲਿਆਕਤ ਕਾਰਨ ਉਸ ਨੂੰ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ। ਉਸਨੇ ‘ਹਿੰਦੁਸਤਾਨ ਗ਼ਦਰ’ ਨਾਂ ਦੇ ਅਖ਼ਬਾਰ ਨੂੰ ਤਿਆਰ ਕਰਨ ਅਤੇ ਉਸ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਲਈ। ਜਦੋਂ 1914 ਵਿੱਚ ਲਾਲਾ ਹਰਦਿਆਲ ਗ੍ਰਿਫ਼ਤਾਰ ਹੋ ਗਿਆ, ਬਰਕਤੁੱਲ੍ਹਾ ਅਤੇ ਰਾਮ ਚੰਦਰ ਨੇ ਇਸ ਅਖ਼ਬਾਰ ਰਾਹੀਂ ਬਸਤੀਵਾਦ ਦੇ ਖ਼ਿਲਾਫ਼ ਆਪਣਾ ਪ੍ਰਚਾਰ ਜਾਰੀ ਰੱਖਿਆ। ਸਾਂ ਫਰਾਂਸਿਸਕੋ ਵਿੱਚ ਗ਼ਦਰੀਆਂ ਦੇ ਹੈੱਡ-ਕੁਆਰਟਰ ਯੁਗਾਂਤਰ ਆਸ਼ਰਮ ਨਾਲ ਉਹਦਾ ਬੜਾ ਨੇੜਲਾ ਸੰਬੰਧ ਸੀ। ਇਸ ਦਫ਼ਤਰ ਨੂੰ ਸਥਾਪਿਤ ਕਰਨ ਵਿੱਚ ਉਸਦੀ ਅਹਿਮ ਭੂਮਿਕਾ ਸੀ। ਏਥੋਂ ਹੀ ਉਸਨੇ ਗ਼ਦਰੀ ਵਿਚਾਰਾਂ ਨੂੰ ਕੌਮਾਂਤਰੀ ਬਣਾਉਣ ਦੀ ਕੋਸ਼ਿਸ਼ ਕੀਤੀ। ‘ਗ਼ਦਰ’ ਅਖ਼ਬਾਰ ਦਾ ਦਫ਼ਤਰ ਵੀ ਏਹੋ ਸੀ। ਮਈ 1914 ਵਿੱਚ ਉਹ ਗਿਆਨੀ ਭਗਵਾਨ ਸਿੰਘ ਨਾਲ ਵੱਖ-ਵੱਖ ਥਾਵਾਂ ’ਤੇ ਲੋਕਾਂ ਵਿੱਚ ਲੈਕਚਰ ਕਰਨ ਲਈ ਅਤੇ ਉਨ੍ਹਾਂ ਨੂੰ ਹਿੰਦੁਸਤਾਨ ਜਾ ਕੇ ਤਖ਼ਤਾ ਪਲਟ ਵਾਸਤੇ ਤਿਆਰ ਕਰਨ ਲਈ ਨਿਕਲਿਆ। ਉਸਦਾ ਇੱਕ ਫ਼ਾਰਸੀ ਖ਼ਤ ਬੜਾ ਮਸ਼ਹੂਰ ਹੈ ਜਿਹੜਾ ਉਸਨੇ 1907 ਵਿੱਚ ਲਿਖਿਆ ਸੀ, ਜੋ ਅਲੀਗੜ੍ਹ ਦੇ ਇਕ ਉਰਦੂ ਅਖ਼ਬਾਰ ਵਿੱਚ ਛਪਿਆ ਸੀ। ਉਸ ਨੂੰ ਦੁਨੀਆ ਦੇ ਇਤਿਹਾਸ ਦੀ ਭਵਿੱਖਬਾਣੀ ਵੀ ਮੰਨਿਆ ਜਾਂਦਾ ਹੈ। ਉਸ ਵਿੱਚ ਮੌਲਵੀ ਨੇ ਚਾਰ ਗੱਲਾਂ ਕਹੀਆਂ ਸਨ: 1) ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਪੂਰੀ ਏਕਤਾ ਤੋਂ ਬਿਨਾਂ ਆਜ਼ਾਦੀ ਸੰਭਵ ਨਹੀਂ। 2) ਉਸ ਨੇ ਭਾਰਤੀ ਮੁਸਲਮਾਨਾਂ ਨੂੰ ਬਾਹਰੀ ਮੁਸਲਮਾਨਾਂ ਨਾਲ ਸੰਬੰਧ ਰੱਖਦਿਆਂ ਵੀ ਮੁਲਕ ਪ੍ਰਤੀ ਵਫ਼ਾਦਾਰ ਰਹਿਣ ਲਈ ਕਿਹਾ। 3) ਉਸਨੇ ਅੰਗਰੇਜ਼ਾਂ ਦੇ ਗ਼ਲਤ ਹੁਕਮਾਂ ਦਾ ਵਿਰੋਧ ਕਰਨ ਅਤੇ 4) ਸਵਦੇਸ਼ੀ ਅਪਣਾਉਣ ਦੀ ਸਲਾਹ ਦਿੱਤੀ। 1918 ਵਿੱਚ ਰੌਲੈੱਟ ਕਮਿਸ਼ਨ ਦੀ ਰਿਪੋਰਟ ਵਿੱਚ ਬਰਕਤੁੱਲ੍ਹਾ ਦੇ ਖ਼ਤ ਨੂੰ ਇੱਕ ਅੰਤਰਰਾਸ਼ਟਰੀ ਸਾਜ਼ਿਸ਼ ਦੀ ਰੂਪ-ਰੇਖਾ ਮੰਨਿਆ ਗਿਆ। ਇਸ ਰਿਪੋਰਟ ਦਾ ਸਰਕਾਰੀ ਨਾਂ ਸੀ ‘ਸੈਡੀਸ਼ਨ ਕਮੇਟੀ ਰਿਪੋਰਟ 1918’। ਜਦੋਂ ਰੌਲੈਟ ਐਕਟ ਬਣਿਆਂ ਤਾਂ ਉਸ ਨੂੰ ‘ਐਨਾਰਕੀਕਲ ਐਂਡ ਰੈਵੋਲਿਊਸ਼ਨਰੀ ਕਰਾਈਮਜ਼ ਐਕਟ 1919’ ਦਾ ਨਾਂ ਦਿੱਤਾ ਗਿਆ ਸੀ। ਇਹ ਐਕਟ ਅਸਲ ਵਿੱਚ ਬਰਕਤੁੱਲ੍ਹਾ ਵਰਗੇ ਲੋਕਾਂ ਦੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਹੀ ਬਣਾਇਆ ਗਿਆ ਸੀ ਅਤੇ ਇਸ ਦੀਆਂ ਧਾਰਾਵਾਂ ਬਹੁਤ ਕਠੋਰ ਸਨ। ਮਹਾਤਮਾ ਗਾਂਧੀ ਨੇ ਇਸ ਐਕਟ ਵਿਰੁੱਧ ਸੱਤਿਆਗ੍ਰਹਿ ਕੀਤਾ ਅਤੇ ਇਸੇ ਅਧੀਨ ਅੰਮ੍ਰਿਤਸਰ ਵਿੱਚ ਸੈਫ਼ੂਦੀਨ ਕਿਚਲੂ ਅਤੇ ਡਾ. ਸਤਿਆਪਾਲ ਉੱਤੇ ਤਸ਼ੱਦਦ ਹੋਇਆ ਤੇ ਅੰਤ ਜੱਲ੍ਹਿਆਂਵਾਲਾ ਬਾਗ਼ ਦਾ ਦੁਖਾਂਤ ਵਾਪਰਿਆ।
ਉਪਰੋਕਤ ਸਾਰੇ ਕਾਰਨਾਂ ਕਰੇ ਬਰਕਤੁੱਲ੍ਹਾ ਅੰਗਰੇਜ਼ਾਂ ਦੀ ਅੱਖ ਵਿੱਚ ਰੜਕਦਾ ਰਿਹਾ ਤੇ ਹਿੰਦੁਸਤਾਨ ਨਹੀਂ ਪਰਤ ਸਕਿਆ। 1927 ਵਿੱਚ ਸਾਂ ਫਰਾਂਸਿਸਕੋ ਵਿੱਚ ਉਹ ਫ਼ੌਤ ਹੋਇਆ; ਉਸ ਦੀ ਕਬਰ ਸੈਕਰਾਮੈਂਟੋ ਵਿੱਚ ਹੈ। ਉਹ ਆਪਣੇ ਆਖ਼ਰੀ ਦਿਨਾਂ ਵਿੱਚ ਵੀ ਯੁਗਾਂਤਰ ਆਸ਼ਰਮ ਨਾਲ ਜੁੜਿਆ ਰਿਹਾ। ਅਜਿਹੇ ਰਾਸ਼ਟਰਵਾਦੀ ਅਤੇ ਨਿਰਸੁਆਰਥ ਦਾਨਿਸ਼ਵਰ ਦੇ ਨਾਂ ਨੂੰ ਕਿਸੇ ਯੂਨੀਵਰਸਿਟੀ ਦੇ ਨਾਂ ਨਾਲੋਂ ਅਲੱਗ ਕਰ ਦੇਣਾ ਹੈਰਾਨੀਜਨਕ ਹੈ। ਇਸ ਨੂੰ ‘ਸੱਭਿਆਚਾਰਕ ਆਤਮਘਾਤ’ ਦਾ ਨਾਂ ਦਿੱਤਾ ਜਾਣਾ ਚਾਹੀਦਾ ਹੈ। ਪਰ ਇਸ ਪਿੱਛੇ ਕੰਮ ਕਰ ਰਹੀ ਸਿਆਸਤ ਬਹੁਤ ਸਪੱਸ਼ਟ ਹੈ। ਅਲਾਹਾਬਾਦ ਹੁਣ ਪ੍ਰਯਾਗਰਾਜ (2018) ਹੈ, ਔਰੰਗਾਬਾਦ ਛੱਤਰਪਤੀ ਸਾਂਭਾਜੀ ਨਗਰ (2023) ਬਣ ਗਿਆ ਹੈ। ਓਸਮਾਨਾਬਾਦ ਧਾਰਾਸ਼ਿਵ, ਫ਼ੈਜ਼ਾਬਾਦ ਅਯੋਧਿਆ ਅਤੇ ਮੁਗਲਸਰਾਏ, ਪੰਡਿਤ ਦੀਨ ਦਿਆਲ ਉਪਾਧਿਆਇ ਨਗਰ ਹੋ ਗਿਆ ਹੈ। ਇਸ ਸਭ ਕੁਝ ਦੇ ਪਿੱਛੇ ਜਨਤਕ ਨਜ਼ਰਾਂ ਵਿੱਚ ਮੁਸਲਿਮ ਸੱਭਿਆਚਾਰ ਨੂੰ ਖ਼ਤਮ ਕਰਨ ਦਾ ਸੰਕੀਰਣ ਇਰਾਦਾ ਹੈ। ਪਰ ਹੁਣ ਤੱਕ ਜਿਹੜੇ ਨਾਂ ਬਦਲੇ ਗਏ ਹਨ ਉਹ ਮੁੱਖ ਤੌਰ ’ਤੇ ਪੁਰਾਣੇ ਇਤਿਹਾਸ ਨਾਲ ਸੰਬੰਧ ਰੱਖਦੇ ਸਨ। ਬਰਕਤੁੱਲ੍ਹਾ ਵੀਹਵੀਂ ਸਦੀ ਦਾ ਆਧੁਨਿਕ ਰਾਸ਼ਟਰਵਾਦੀ ਨਾਇਕ ਹੈ। ਸੱਚੇ ਰਾਸ਼ਟਰਵਾਦੀ ਇਸ ਤਬਦੀਲੀ ਨੂੰ ਨਹੀਂ ਪਚਾ ਸਕਦੇ। ਆਰ ਐੱਸ ਐੱਸ ਅਤੇ ਭਾਜਪਾ ਨੂੰ ਇਹ ਚਾਲ ਮਹਿੰਗੀ ਪੈ ਸਕਦੀ ਹੈ। ਜੇ ਉਨ੍ਹਾਂ ਦਾ ਥਿੰਕ ਟੈਂਕ ਸੱਚਮੁਚ ਰਾਸ਼ਟਰਵਾਦੀ ਹੈ ਤਾਂ ਨਾਮ ਨਹੀਂ ਬਦਲੇਗਾ। ਪ੍ਰਸ਼ਨ ਇਹ ਵੀ ਹੈ ਕਿ ਜੋ ਹੋ ਚੁੱਕਾ ਹੈ, ਉਹ ਕਿਵੇਂ ਹੋਇਆ? ਯੂਨੀਵਰਸਿਟੀ ਦੀ ਕਾਰਜਕਾਰਨੀ ਕੌਂਸਲ ਦੇ ਮੈਂਬਰ ਧੀਰੇਂਦਰ ਚਤੁਰਵੇਦੀ ਨੇ ਇਹ ਮਤਾ ਪੇਸ਼ ਕੀਤਾ ਸੀ। ਉਹ ਸਰਕਾਰ ਵੱਲੋਂ ਨਾਮਜ਼ਦ ਨੁਮਾਇੰਦਾ ਹੈ। ਉਹ ‘ਪ੍ਰੱਗਿਆ ਪ੍ਰਵਾਹ’ ਨਾਂ ਦੀ ਸੰਸਥਾ ਦਾ ਪ੍ਰਾਂਤ ਸੰਯੋਜਕ ਹੈ। ਇਹ ਸੰਸਥਾ ਆਰ ਐੱਸ ਐੱਸ ਦੀ ਬੌਧਿਕ ਸ਼ਾਖਾ ਹੈ। ਇਸ ਦਾ ਕੰਮ ਹਿੰਦੂਤਵ ਦੇ ਸਿਆਣਿਆਂ ਦੀ ਸਹਾਇਤਾ ਨਾਲ ਭਾਰਤ ਦੇ ਇਤਿਹਾਸ, ਦਰਸ਼ਨ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਪੁਨਰ-ਜਾਗਰਤੀ ਕਰਨਾ ਹੈ। ਇਸ ਸੰਸਥਾ ਨੂੰ ਬਾਲਾਸਾਹੇਬ ਦਿਓਰਸ ਅਤੇ ਕੇ ਐਸ ਸੁਦਰਸ਼ਨ ਵਰਗੇ ਅਤੀਤ ਦੇ ਆਰ ਐੱਸ ਐੱਸ ਮੁਖੀਆਂ ਨੇ ਖੜ੍ਹਾ ਕੀਤਾ ਸੀ। ਇਨ੍ਹਾਂ ਨੇ ਭਾਰਤ ਦੀਆਂ ਅਨੇਕਾਂ ਯੂਨੀਵਰਸਿਟੀਆਂ ਵਿੱਚ ਆਪਣੇ ਸੈੱਲ ਕਾਇਮ ਕਰ ਲਏ ਹਨ।
‘ਪ੍ਰੱਗਿਆ ਪ੍ਰਵਾਹ’ ਦੇ ਮੂਲ ਸਿਧਾਂਤਾਂ ਵਿੱਚ ‘ਸਮਾਜਿਕ ਸਮਰਸਤਾ’, ‘ਪਰਿਆਵਰਨ ਸੰਰਕਸ਼ਣ’, ‘ਸਵਦੇਸ਼ੀ ਆਚਰਣ’ ਅਤੇ ‘ਨਾਗਰਿਕ ਕਰਤੱਵਯ’ ਸ਼ਾਮਿਲ ਹਨ। ਜੇ ਇਨ੍ਹਾਂ ਸਿਧਾਂਤਾਂ ਦੀ ਦ੍ਰਿਸ਼ਟੀ ਤੋਂ ਵੀ ਦੇਖਿਆ ਜਾਵੇ ਤਾਂ ਮੌਲਵੀ ਬਰਕਤੁੱਲ੍ਹਾ ਦਾ ਨਾਂ ਭੋਪਾਲ ਦੀ ਯੂਨੀਵਰਸਟੀ ਤੋਂ ਅਲੱਗ ਕਰਨਾ ਸਮਝ ਵਿੱਚ ਨਹੀਂ ਆਉਂਦਾ। ਇਸੇ ਕਰਕੇ ਕੌਂਸਲ ਦੀ ਮੈਂਬਰ ਡਾਕਟਰ ਤਾਹਿਰਾ ਅੱਬਾਸੀ ਨੇ, ਜੋ ਕਿ ਇਸੇ ਯੂਨੀਵਰਸਟੀ ਵਿੱਚ ਪੜ੍ਹਾਉਂਦੀ ਹੈ, ਨੇ ਇਸ ਮਤੇ ਦਾ ਤਾਰਕਿਕ ਵਿਰੋਧ ਕੀਤਾ ਹੈ। ਮੌਲਵੀ ਬਰਕਤੁੱਲ੍ਹਾ ਪੜਿ੍ਹਆ-ਲਿਖਿਆ ਇਨਸਾਨ ਸੀ, ਸੁਲਝਿਆ ਹੋਇਆ ਲੇਖਕ ਅਤੇ ਬੁਲਾਰਾ ਸੀ, ਸਾਰੀ ਉਮਰ ਦੇਸ਼ ਵਾਸਤੇ ਲੜਦਾ ਰਿਹਾ ਅਤੇ ਅਨੇਕ ਕਿਸਮ ਦੀ ਰਾਜਸੀ ਉਥਲ-ਪੁਥਲ ਦੇ ਬਾਵਜੂਦ ਆਪਣੇ ਸੈਕੁਲਰ ਦੇਸ਼-ਪ੍ਰੇਮ ਨੂੰ ਨਹੀਂ ਤਿਆਗਿਆ। ਅਜਿਹੇ ਇਨਸਾਨ ਨੂੰ ਦਰਕਿਨਾਰ ਕਰਨ ਦਾ ਕੀ ਕਾਰਨ ਹੋ ਸਕਦਾ ਹੈ? ਯੂਨੀਵਰਸਟੀ ਦੇ ਵਾਈਸ ਚਾਂਸਲਰ ਸੁਰੇਸ਼ ਕੁਮਾਰ ਦੀ ਦਲੀਲ ਹੈ ਕਿ ਭੋਪਾਲ ਦੇ ਸਾਰੇ ਖਿੱਤੇ ਨੂੰ ਜੋ ਦੇਣ ਰਾਜਾ ਭੋਜ ਦੀ ਹੈ ਉਸ ਦੇ ਸਾਹਮਣੇ ਬਰਕਤੁੱਲ੍ਹਾ ਦਾ ਭੋਪਾਲ ਵਾਸਤੇ ਕੋਈ ਵਿਸ਼ੇਸ਼ ਕੰਮ ਨਹੀਂ। ਉਸਦੀ ‘ਦੇਸ਼ ਨੂੰ ਦੇਣ’ ਨੂੰ ਭੁਲਾ ਕੇ ‘ਭੋਪਾਲ ਨੂੰ ਦੇਣ’ ਦੇਖੀ ਜਾ ਰਹੀ ਹੈ। ਚਾਰ ਦਹਾਕਿਆਂ ਤੋਂ ਚੱਲ ਰਹੇ ਨਾਂ ਨੂੰ ਇਹੋ ਜੇਹੀ ਹਲਕੀ ਦਲੀਲ ਨਾਲ ਹਟਾਉਣਾ ਕਿਸੇ ਵੀ ਤਰੀਕੇ ਵਾਜਬ ਨਹੀਂ ਮੰਨਿਆ ਜਾ ਸਕਦਾ। ਇਸ ਤਰ੍ਹਾਂ ਤਾਂ ਦੇਸ਼ ਦੇ ਪੰਜਾਹ ਫ਼ੀਸਦੀ ਨਾਂ ਬਦਲੇ ਜਾਣੇ ਚਾਹੀਦੇ ਹਨ। ਵਤਨ ਲਈ ਮਰਨ ਵਾਲਿਆਂ ਦੇ ਨਿਸ਼ਾਨ ਇਸ ਤਰ੍ਹਾਂ ਮਿਟਾਏ ਜਾਣਗੇ ਇਹ ਗੱਲ ਸਮਝ ਤੋਂ ਪਰ੍ਹੇ ਹੈ। ਡਾਕਟਰ ਅੱਬਾਸੀ ਦੀ ਇਹ ਆਲੋਚਨਾ ਬਿਲਕੁਲ ਸਹੀ ਹੈ ਕਿ ਅਸੀਂ ਯੂਨੀਵਰਸਟੀ ਦਾ ਨਾਂ ਬਦਲ ਕੇ ਇਕ ਮਹਾਨ ਪਰੰਪਰਾ ਨੂੰ ਬੇਪੱਤ ਕਰ ਰਹੇ ਹਾਂ। ਉਸਦੀ ਰਾਏ ਹੈ ਕਿ ਰਾਜਾ ਭੋਜ ਨੂੰ ਉਸ ਦਾ ਸਹੀ ਸਥਾਨ ਦੇਣ ਵਾਸਤੇ ਨਵੀਂ ਯੂਨੀਵਰਸਟੀ ਸਥਾਪਿਤ ਕੀਤੀ ਜਾਵੇ। ਅਸੀਂ ਪੰਜਾਬ ਦੇ ਲੋਕ ਗ਼ਦਰ ਪਾਰਟੀ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਜਿਸ ਵਿੱਚ 150 ਲੋਕਾਂ ਨੇ ਆਪਣੀਆਂ ਜਾਨਾਂ ਵਾਰੀਆਂ, 300 ਲੋਕਾਂ ਉਮਰ-ਕੈਦਾਂ ਭੋਗੀਆਂ ਤੇ ਹੋਰ ਅਨੇਕਾਂ ਲੋਕਾਂ ਨੇ ਸਿੱਧੇ-ਅਸਿੱਧੇ ਦੁੱਖ ਝਾਗੇ। ਬਰਕਤੁੱਲ੍ਹਾ ਯੂਨੀਵਰਸਿਟੀ ਸਿਰਫ਼ ਇਕੋ-ਇੱਕ ਉੱਚ ਸਿੱਖਿਆ ਸੰਸਥਾ ਹੈ ਜੋ ਰਾਸ਼ਟਰ ਪੱਧਰ ’ਤੇ ਗ਼ਦਰ ਲਹਿਰ ਦੀ ਯਾਦ ਕਰਾਉਂਦੀ ਹੈ। ਇਹ ਸਿਰਫ਼ ਬਰਕਤੁੱਲ੍ਹਾ ਦਾ ਨਹੀਂ, ਸਾਰੀ ਗ਼ਦਰ ਲਹਿਰ ਅਤੇ ਆਜ਼ਾਦੀ ਸੰਗਰਾਮ ਦਾ ਅਪਮਾਨ ਹੈ।
ਹਰ ਗੱਲ ’ਤੇ ਪਾਕਿਸਤਾਨ ਨਾਲ ਤੁਲਨਾ ਕਰਨ ਵਾਲੀ ਭਾਜਪਾ ਵਾਸਤੇ ਇਹ ਗੱਲ ਜਾਣ ਲੈਣੀ ਬਹੁਤ ਜ਼ਰੂਰੀ ਹੈ ਕਿ ਅੱਜ ਪਾਕਿਸਤਾਨ ਦੀ ਸੱਤਾ ਸਾਡੇ ਮੁਲਕ ਨਾਲੋਂ ਵੱਧ ਸੈਕੁਲਰ ਨਜ਼ਰ ਆ ਰਹੀ ਹੈ। ਉਨ੍ਹਾਂ ਨੇ 1947 ਤੋਂ ਬਾਅਦ ਗੁੱਸੇ ਵਿੱਚ ਜਿਹੜੇ ਥਾਵਾਂ ਦੇ ਨਾਵਾਂ ਦਾ ਇਸਲਾਮੀਕਰਨ ਕਰ ਦਿੱਤਾ ਸੀ ਉਨ੍ਹਾਂ ਨੂੰ ਸਰਕਾਰ ਨੇ ਮੁੜ ਤੋਂ ਹਿੰਦੂ ਨਾਂ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਜਿਹੜੇ ਥਾਂ ਕੁਝ ਵਕਤ ਪਹਿਲਾਂ ਇਸਲਾਮਪੁਰਾ, ਮੁਸਤਫ਼ਾਬਾਦ, ਬਾਬਰੀ ਮਸਜਿਦ ਚੌਕ, ਮੌਲਾਨਾ ਜ਼ਫ਼ਰ ਅਲੀ ਖਾਨ ਚੌਕ, ਸੁੰਨਤ ਨਗਰ ਅਤੇ ਰਹਿਮਾਨ ਗਲੀ ਬਣ ਗਏ ਸਨ, ਉਨ੍ਹਾਂ ਨੂੰ ਮੁੜ ਕੇ ਪੁਰਾਣੇ ਨਾਵਾਂ ਨਾਲ ਜਾਣਨ ਦਾ ਸਰਕਾਰੀ ਪ੍ਰਸਤਾਵ ਸੀ ਜਿਵੇਂ ਕ੍ਰਿਸ਼ਨ ਨਗਰ, ਧਰਮਪੁਰਾ, ਜੈਨ ਮੰਦਿਰ ਚੌਕ, ਲਕਸ਼ਮੀ ਚੌਕ, ਸੰਤ ਨਗਰ ਅਤੇ ਰਾਮ ਗਲੀ। ਭਾਵੇਂ ਕੱਟੜਪੰਥੀਆਂ ਨੇ ਅਜੇ ਇਸਨੂੰ ਲਾਗੂ ਨਹੀਂ ਹੋਣ ਦਿੱਤਾ ਪਰ ਸਟੇਟ ਨੇ ਸੈਕੁਲਰ ਹੋਣ ਦਾ ਸਬੂਤ ਜ਼ਰੂਰ ਦਿੱਤਾ ਹੈ। ਭਾਰਤੀ ਸਰਕਾਰ ਲਈ ਸਹੀ ਅਰਥਾਂ ਵਿੱਚ ਸੈਕੁਲਰ ਹੋਣਾ ਤਾਂ ਦੇਰ ਤੋਂ ਮੁਸ਼ਕਲ ਹੋ ਚੁੱਕਾ ਹੈ ਪਰ ਅਸੀਂ ਇਹ ਕਲਪਨਾ ਵੀ ਨਹੀਂ ਸੀ ਕੀਤੀ ਕਿ ਉਹ ਰਾਸ਼ਟਰਵਾਦੀ ਵੀ ਨਹੀਂ ਰਹੇਗੀ। 1915 ਵਿੱਚ ਜਦੋਂ ਦਿੱਲੀ ਦੀ ਔਰੰਗਜ਼ੇਬ ਰੋਡ ਦਾ ਨਾਂ ਅਬਦੁਲ ਕਲਾਮ ਦੇ ਨਾਂ ’ਤੇ ਰੱਖਿਆ ਗਿਆ ਸੀ ਉਦੋਂ ਘੱਟੋ-ਘੱਟ ਰਾਸ਼ਟਰਵਾਦ ਨੂੰ ਪ੍ਰਮੁੱਖਤਾ ਦਿੱਤੀ ਗਈ ਸੀ। ਪਰ ਹੁਣ ਉਸ ਨੂੰ ਵੀ ਦਰਕਿਨਾਰ ਕਰਨ ਦੀ ਤਿਆਰੀ ਹੈ। ਪ੍ਰਸਿੱਧ ਅਖਾਣ ਹੈ ਕਿ ‘ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ?’ ਰਾਜਾ ਭੋਜ ਦੀ ਲਿਆਕਤ ਦਾ ਅਸੀਂ ਦਿਲੀ ਸਤਿਕਾਰ ਕਰਦੇ ਹਾਂ; ਉਹ ਨਿਸਚੇ ਹੀ ਵੱਡਾ ਦਾਨਿਸ਼ਵਰ ਸੀ ਪਰ ਇਹ ਵੀ ਸਪੱਸ਼ਟ ਤੌਰ ’ਤੇ ਕਹਿਣਾ ਚਾਹੁੰਦੇ ਹਾਂ ਕਿ ਬਰਕਤੁੱਲ੍ਹਾ ਕੋਈ ਗੰਗੂ ਤੇਲੀ ਨਹੀਂ ਸੀ। ਮੈਂ ਮੱਧ ਪ੍ਰਦੇਸ਼ ਦੇ ਰਾਜਪਾਲ ਜੀ ਨੂੰ ਅਪੀਲ ਕਰਦਾ ਹਾਂ ਕਿ ਇਸ ਪ੍ਰਸਤਾਵ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ ਕਿਉਂਕਿ ਇਹ ਆਪਣੀ ਭਾਵਨਾ ਵਿੱਚ ਪੂਰੀ ਤਰ੍ਹਾਂ ਰਾਸ਼ਟਰ-ਵਿਰੋਧੀ ਕਦਮ ਹੈ।
