ਮੂੰਹਜ਼ੋਰ ਜੈੱਨ-ਜ਼ੀ ਅੱਗੇ ਮੂੰਹ ਭਾਰ ਸਿਆਸਤ
ਸ਼ਨਿੱਚਰਵਾਰ ਬਾਅਦ ਦੁਪਹਿਰ ਉਹ ਹੋਇਆ ਜਿਸ ਦੀ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਦੇਸ਼ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ‘ਨੀਟ’ ਪੇਪਰ ਲੀਕ ਮੁੱਦੇ ’ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕਾਫ਼ੀ...
ਸ਼ਨਿੱਚਰਵਾਰ ਬਾਅਦ ਦੁਪਹਿਰ ਉਹ ਹੋਇਆ ਜਿਸ ਦੀ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਦੇਸ਼ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ‘ਨੀਟ’ ਪੇਪਰ ਲੀਕ ਮੁੱਦੇ ’ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕਾਫ਼ੀ ਪਹਿਲਾਂ ਇੱਕ ਵਾਰ ਪੁੱਛੇ ਗਏ ਕਿਸੇ ਸਵਾਲ ਦੇ ਜਵਾਬ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸਰਕਾਰ ’ਚ ਕਦੇ ਅਸਤੀਫ਼ੇ ਨਹੀਂ ਹੁੰਦੇ। ਗੌਰਤਲਬ ਹੈ ਕਿ ਦਿੱਲੀ ਦੀਆਂ ਬਰੂਹਾਂ ’ਤੇ ਇੱਕ ਸਾਲ ਤੋਂ ਵੱਧ ਸਮਾਂ ਚੱਲੇ ਕਿਸਾਨ ਅੰਦੋਲਨ ਵੇਲੇ ਸਰਕਾਰ ਨੇ ਕਿਸਾਨਾਂ ਦੇ ਦਬਾਅ ਅੱਗੇ ਝੁਕਦਿਆਂ ਤਿੰਨ ਖੇਤੀ ਕਾਨੂੰਨ ਤਾਂ ਵਾਪਸ ਲੈ ਲਏ ਸਨ ਪਰ ਸਬੰਧਿਤ ਮੰਤਰੀ ਦਾ ਅਸਤੀਫ਼ਾ ਉਦੋਂ ਵੀ ਨਹੀਂ ਸੀ ਹੋਇਆ। ਕਿਸੇ ਵੀ ਜਮਹੂਰੀ ਮੁਲਕ ਦੀ ਸੱਤਾ ’ਚ ਬੈਠੀ ਧਿਰ ਵੱਲੋਂ ਜੇਕਰ ਕੋਈ ਗ਼ਲਤੀ ਹੋ ਜਾਵੇ ਤਾਂ ਉਸ ਨੂੰ ਮੰਨ ਕੇ ਆਪਣੀ ਜ਼ਿੰਮੇਵਾਰੀ ਤੇ ਜਵਾਬਦੇਹੀ ਸਮਝਦਿਆਂ ਅਹੁਦਾ ਛੱਡਣਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ, ਸਗੋਂ ਨੈਤਿਕਤਾ ਦਾ ਤਕਾਜ਼ਾ ਹੁੰਦਾ ਹੈ। ਗ਼ਲਤੀ ਦਾ ਅਹਿਸਾਸ ਹੋਣ ਮਗਰੋਂ ਵੇਲੇ ਸਿਰ ਢੁੱਕਵਾਂ ਕਦਮ ਚੁੱਕ ਲਿਆ ਜਾਵੇ ਤਾਂ ਬਿਹਤਰ ਹੁੰਦਾ ਹੈ, ਨਹੀਂ ਤਾਂ ਫਿਰ ਖੁਨਾਮੀ ਪੱਲੇ ਪੈਣ ਦੇ ਆਸਾਰ ਵੱਧ ਹੁੰਦੇ ਹਨ।
ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਮਗਰੋਂ ਸੀ ਜੇ ਪੀ (ਕੌਕਰੋਚ ਜਨਤਾ ਪਾਰਟੀ) ਨੇ ਕਾਂਸਟੀਚਿਊਸ਼ਨ ਕਲੱਬ ’ਚ ਕੇਂਦਰੀ ਮੰਤਰੀਆਂ ਜੇ ਪੀ ਨੱਡਾ ਤੇ ਜੀਤੇਂਦਰ ਸਿੰਘ ਨਾਲ ਮੀਟਿੰਗ ਤੋਂ ਬਾਅਦ ਇਨ੍ਹਾਂ ਦੋਵਾਂ ਮੰਤਰੀਆਂ ਦੀ ਹਾਜ਼ਰੀ ’ਚ ਹੀ ਅੰਦੋਲਨ ਖ਼ਤਮ ਕਰਨ ਤੇ ਜੰਤਰ ਮੰਤਰ ਖਾਲੀ ਕਰਨ ਦਾ ਐਲਾਨ ਕਰ ਦਿੱਤਾ। ਸੀ ਜੇ ਪੀ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਦੇ ਅਸਤੀਫ਼ੇ ਦੇ ਨਾਲ-ਨਾਲ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦਰਜ ਹੋਏ ਸਾਰੇ ਕੇਸ ਵਾਪਸ ਲੈਣ ਤੇ ਖ਼ੁਦਕੁਸ਼ੀ ਕਰਨ ਵਾਲੇ ‘ਨੀਟ’ ਦੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਮੁਆਵਜ਼ੇ ਵਜੋਂ ਦੇਣ ਦੀ ਗੱਲ ਵੀ ਮੰਨ ਲਈ ਗਈ ਹੈ। ਮੁੱਖ ਧਾਰਾ ਦੇ ਸਾਰੇ ਚੈਨਲਾਂ ਵੱਲੋਂ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਸਵੇਰ ਤੱਕ ਵੀ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਚਲਾਈ ਜਾ ਰਹੀ ਸੀ ਕਿ ਭਾਜਪਾ ਨੂੰ ਲੱਗਦਾ ਹੈ ਕਿ ਅਸਤੀਫ਼ਾ ਦੇਣਾ ਜ਼ਿੰਮੇਵਾਰੀ ਤੋਂ ਭੱਜਣਾ ਹੋਵੇਗਾ ਅਤੇ ਬਿਹਤਰ ਇਹੀ ਹੋਵੇਗਾ ਕਿ ਜ਼ਿੰਮੇਵਾਰੀ ਸਮਝਦਿਆਂ ਧਰਮੇਂਦਰ ਪ੍ਰਧਾਨ ਆਪਣੇ ਅਹੁਦੇ ’ਤੇ ਕਾਇਮ ਰਹਿੰਦਿਆਂ ਸਿਸਟਮ ਨੂੰ ਸੁਧਾਰਨ। ਧਰਮੇਂਦਰ ਪ੍ਰਧਾਨ ਇਸੇ ਸੋਚ ’ਤੇ ਹੀ ਚੱਲ ਰਹੇ ਸਨ, ਪਰ ਫਿਰ ਕੁਝ ਘੰਟਿਆਂ ਦੇ ਅੰਦਰ-ਅੰਦਰ ਹੀ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਕਿਹਾ ਕਿ ਉਹ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਇਹ ਕਦਮ ਚੁੱਕ ਰਹੇ ਹਨ। ਇਹ ਵਿਦਿਆਰਥੀ ਤਾਂ ਪੇਪਰ ਲੀਕ ਦੇ ਮੁੱਦੇ ’ਤੇ 6 ਜੂਨ ਤੋਂ ਜੰਤਰ ਮੰਤਰ ’ਤੇ ਧਰਨਾ ਦੇ ਰਹੇ ਸਨ। ਨੌਜਵਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ’ਚ ਉਨ੍ਹਾਂ ਨੂੰ ਕੋਈ 49 ਦਿਨ ਲੱਗ ਗਏ। ਭਾਜਪਾ ਪ੍ਰਧਾਨ ਨਿਤਿਨ ਨਬੀਨ ਨੂੰ ਵੀ ਹੁਣ ਲੱਗਿਐ ਕਿ ਪ੍ਰਧਾਨ ਨੇ ਅਸਤੀਫ਼ਾ ਦੇ ਕੇ ਬਹੁਤ ਕਮਾਲ ਦਾ ਕੰਮ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ, ‘‘ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਇਮਾਨਦਾਰੀ ਤੇ ਨਿਸ਼ਕਾਮ ਸੇਵਾ ਦੇ ਉੱਚੇ ਮਿਆਰਾਂ ਦੀ ਮਿਸਾਲ ਹੈ। ਪਾਰਟੀ ਉਨ੍ਹਾਂ ਦੇ ਫ਼ੈਸਲੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।’’ ਇਹ ਨਿਸ਼ਕਾਮ ਸੇਵਾ ਕੀ ਉਹ ਪਹਿਲਾਂ ਨਹੀਂ ਸੀ ਕਰ ਸਕਦੇ?
ਖ਼ੈਰ, ਪ੍ਰਧਾਨ ਦੇ ਅਸਤੀਫ਼ੇ ਦੇ ਐਲਾਨ ਮਗਰੋਂ ਜੰਤਰ ਮੰਤਰ ’ਤੇ ਜਸ਼ਨ ਦਾ ਮਾਹੌਲ ਬਣ ਗਿਆ। ‘ਵੰਦੇ ਮਾਤਰਮ’ ਦੀ ਗੂੰਜ ’ਚ ਵਿਦਿਆਰਥੀਆਂ ਨੇ ਆਪਣੀਆਂ ਪੁਰਾਣੀਆਂ ਮੰਗਾਂ ਵਾਲੇ ਪੋਸਟਰ ਬਦਲ ਕੇ ਨਵੇਂ ਪੋਸਟਰ ਹੱਥਾਂ ’ਚ ਚੁੱਕ ਲਏ, ਜਿਨ੍ਹਾਂ ’ਤੇ ਉਨ੍ਹਾਂ ਨੇ ‘ਆਪਣੀ ਜਿੱਤ’ ਦੇ ਨਾਲ-ਨਾਲ ‘ਹਾਰ ਗਈ ਸਰਕਾਰ’ ਲਿਖਿਆ ਹੋਇਆ ਸੀ। ਧਰਮੇਂਦਰ ਪ੍ਰਧਾਨ ਨੇ ਜਦੋਂ ਅਜੇ ਅਸਤੀਫ਼ਾ ਨਹੀਂ ਸੀ ਦਿੱਤਾ ਤਾਂ ਸੋਨਮ ਵਾਂਗਚੁਕ ਨਾਲ ਭੁੱਖ ਹੜਤਾਲ ’ਤੇ ਬੈਠਣ ਵਾਲੀ ਨੇਹਾ ਤੇ ਹੋਰ ਵਿਦਿਆਰਥਣਾਂ ਵੀ ਰਾਹੁਲ ਗਾਂਧੀ ਵੱਲੋਂ ਸਵੇਰ ਵੇਲੇ ‘ਨੀਟ’ ਮੁੱਦੇ ’ਤੇ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਹਾਜ਼ਰ ਸਨ। ਉਸ ਮੌਕੇ ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਭਾਰਤ ਦਾ ਭਵਿੱਖ ਦੱਸਦਿਆਂ ਕਿਹਾ ਸੀ ਕਿ ਇਨ੍ਹਾਂ ਨਾਲ ਕੋਈ ਨਹੀਂ ਲੜ ਸਕਦਾ। ਇਸ ਨਵੀਂ ਪੀੜ੍ਹੀ, ਜਿਸ ਨੂੰ ਜੈੱਨ-ਜ਼ੀ (Generation Z) ਕਿਹਾ ਜਾਂਦਾ ਹੈ, ਨੇ 19 ਜੁਲਾਈ ਨੂੰ ਸੋਨਮ ਵਾਂਗਚੁਕ ਨੂੰ ਧਰਨੇ ਵਾਲੀ ਥਾਂ ਤੋਂ ਪੁਲੀਸ ਵੱਲੋਂ ਚੁੱਕੇ ਜਾਣ ਦੇ ਬਾਵਜੂਦ 20 ਜੁਲਾਈ ਦੇ ਸੰਸਦ ਮਾਰਚ ਦੇ ਸੱਦੇ ’ਤੇ ਵੱਡੀ ਗਿਣਤੀ ’ਚ ਆਪਣੀ ਮੌਜੂਦਗੀ ਦਰਜ ਕਰਵਾਈ ਅਤੇ ਉਹ ਸੰਸਦ ਦੇ ਬੂਹੇ ਤੱਕ ਜਾ ਪੁੱਜੇ ਜਦੋਂਕਿ ਉਨ੍ਹਾਂ ਦੀ ਅਗਵਾਈ ਕਰਨ ਵਾਲਾ ਕੋਈ ਆਗੂ ਨਹੀਂ ਸੀ। ਲੱਗਦਾ ਸੀ ਜਿਵੇਂ ਹਰ ਕਿਸੇ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਅੰਦੋਲਨ ਦੀ ਅਗਵਾਈ ਖ਼ੁਦ ਆਪਣੇ ਹੱਥ ਲੈ ਲਈ ਹੋਵੇ ਅਤੇ ਉਸ ਮੌਕੇ ਦਿੱਲੀ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਤੇ ਦਾਗੇ ਗਏ ਅੱਥਰੂ ਗੈਸ ਦੇ ਗੋਲਿਆਂ ਕਾਰਨ ਕੁਝ ਵਿਦਿਆਰਥੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਦਿੱਲੀ ਪੁਲੀਸ ’ਤੇ ਦੋਸ਼ ਤਾਂ ਇਹ ਵੀ ਲੱਗਿਆ ਕਿ ਵਿਦਿਆਰਥੀਆਂ ’ਤੇ ਪੈਲੇਟ ਗੰਨ ਦੀ ਵਰਤੋਂ ਦੇ ਨਾਲ-ਨਾਲ ਸ਼ੌਕ ਬੈਟਨ (ਕਰੰਟ ਵਾਲੇ ਡੰਡਿਆਂ) ਅਤੇ ਕਿੱਲਾਂ ਵਾਲੇ ਡੰਡਿਆਂ ਦੀ ਵਰਤੋਂ ਵੀ ਕੀਤੀ ਗਈ, ਪਰ ਪੁਲੀਸ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਲਾਠੀਚਾਰਜ ਦੌਰਾਨ ਕਈਆਂ ਦੀਆਂ ਹੱਡੀਆਂ ਟੁੱਟੀਆਂ, ਪ੍ਰਦਰਸ਼ਨਕਾਰੀ ਲੜਕੀਆਂ ਨੂੰ ਕੁੱਟਿਆ ਗਿਆ ਅਤੇ ਉਨ੍ਹਾਂ ਦੇ ਕੱਪੜੇ ਪਾੜੇ ਗਏ ਜਿਸ ਕਾਰਨ ਦੇਸ਼ ਭਰ ਵਿੱਚ ਮਾਪਿਆਂ, ਦਾਦੇ-ਦਾਦੀਆਂ ਤੇ ਨਾਨੇ-ਨਾਨੀਆਂ ਵਿੱਚ ਰੋਹ ਪੈਦਾ ਹੋਇਆ। ਗੱਲ ਜਦੋਂ ਬੱਚਿਆਂ ’ਤੇ ਆਉਂਦੀ ਹੈ ਤਾਂ ਮਾਪੇ ਵੀ ਪਿੱਛੇ ਨਹੀਂ ਰਹਿੰਦੇ। ਹੁਣ ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਪੇ ਤੇ ਬਜ਼ੁਰਗ ਢਾਲ ਵਜੋਂ ਜੰਤਰ ਮੰਤਰ ’ਤੇ ਹਾਜ਼ਰੀ ਭਰਨ ਲੱਗੇ। ਸਾਰੇ ਮਾਪਿਆਂ ਦੇ ਮਨ ’ਚ ਸੀ ਕਿ ਕੋਚਿੰਗ ਕਲਾਸਾਂ ’ਤੇ ਲੱਖਾਂ ਰੁਪਏ ਖਰਚ ਕੇ ਅਤੇ ਸਾਲ ਭਰ ਮਿਹਨਤ ਕਰ ਕੇ ਜਦੋਂ ਬੱਚਿਆਂ ਨੇ ਪੇਪਰ ਦਿੱਤਾ ਤਾਂ ਉਹ ਲੀਕ ਹੋ ਗਿਆ; ਇਸ ਵਿੱਚ ਉਨ੍ਹਾਂ ਦੇ ਬੱਚਿਆਂ ਦਾ ਕੀ ਕਸੂਰ ਹੈ? ਕਈ ਬੱਚੇ ਤਾਂ ਮੁੜ-ਪ੍ਰੀਖਿਆ ਦੇਣ ਦੇ ਦਬਾਅ ਨੂੰ ਨਾ ਝੱਲਦਿਆਂ ਖ਼ੁਦਕੁਸ਼ੀ ਵੀ ਕਰ ਗਏ। ਇਸ ਦੇ ਬਾਵਜੂਦ ਸਰਕਾਰ ਨੇ ਹਮਦਰਦੀ ਨਾਲ ਉਨ੍ਹਾਂ ਦੀ ਗੱਲ ਵੀ ਨਹੀਂ ਸੁਣੀ ਤੇ ਨਾ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਦਿੱਤਾ। ਇਸ ਰਵੱਈਏ ਕਾਰਨ ਮਾਪੇ ਆਪਣੀ ਥਾਂ ਬਹੁਤ ਪ੍ਰੇਸ਼ਾਨ ਸਨ।
ਓਦਾਂ ਵੀ ਸਰਕਾਰ ਵੱਲੋਂ ਵਿਰੋਧ ਨੂੰ ਕੁਚਲਣ ਲਈ ਅਜ਼ਮਾਏ ਹੋਏ ਆਪਣੇ ਢੰਗ-ਤਰੀਕਿਆਂ ਨੂੰ ਵਰਤਣ ਕਾਰਨ ਨੌਜਵਾਨਾਂ ਅੰਦਰਲਾ ਰੋਹ ਹੋਰ ਭੜਕ ਗਿਆ। ਇਹ ਨਵੀਂ ਪੀੜ੍ਹੀ ਵੱਖਰੀ ਹੈ, ਜਿਸ ਨੂੰ ਦਲੀਲ ਨਾਲ ਹੀ ਕੋਈ ਗੱਲ ਸਮਝਾਈ ਜਾ ਸਕਦਾ ਹੈ। ਇਹ ਗੋਲ ਮੋਲ ਗੱਲਾਂ ਨਹੀਂ ਸੁਣਦੀ ਸਗੋਂ ਆਪਣੇ ਸਵਾਲਾਂ ਦੇ ਸਪੱਸ਼ਟ ਜਵਾਬ ਮੰਗਦੀ ਹੈ। ਹਾਲਾਂਕਿ, ਇਸ ਪੀੜ੍ਹੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠਾਏ ਜਾਂਦੇ ਹਨ ਕਿ ਇਹ ਪੀੜ੍ਹੀ ਆਪਣੇ ਸੁਖ ਸਹੂਲਤਾਂ ਵਾਲੇ ਮਾਹੌਲ ’ਚੋਂ ਬਾਹਰ ਨਹੀਂ ਨਿਕਲਦੀ ਜਾਂ ਸਮਾਜਿਕ ਮੁੱਦਿਆਂ ਨਾਲ ਉਨ੍ਹਾਂ ਨੂੰ ਕੋਈ ਬਹੁਤਾ ਸਰੋਕਾਰ ਨਹੀਂ। ਸਿਆਸੀ ਪੇਚਾਂ ਅਤੇ ਘੁੰਮਣਘੇਰੀਆਂ ਦੀ ਭਲਾ ਇਸ ਪੀੜ੍ਹੀ ਨੂੰ ਕੀ ਸਮਝ?
ਦਰਅਸਲ, ਸਿਆਸਤ ’ਚ ਜਦੋਂ ਵੀ ਸੱਤਾਧਾਰੀਆਂ ਦਾ ਵਾਹ ਵਿਰੋਧੀ ਧਿਰ ਦੇ ਆਗੂਆਂ ਨਾਲ ਪੈਂਦਾ ਰਿਹਾ ਤਾਂ ਉਨ੍ਹਾਂ ਦੇ ਨਾਲ ਈ ਡੀ ਅਤੇ ਸੀ ਬੀ ਆਈ ਦੇ ਡਰਾਵੇ ਰਾਹੀਂ ਸਿੱਝ ਲਿਆ ਗਿਆ ਤੇ ਬੇਖ਼ੌਫ਼ ਸਿਆਸਤ ਕੀਤੀ ਗਈ, ਪਰ ਉਨ੍ਹਾਂ ਨੂੰ ਇਸ ਵਾਰ ਇਹ ਸਮਝ ਨਹੀਂ ਲੱਗੀ ਕਿ ਅੱਲੜ੍ਹ ਉਮਰ ਦੇ ਇਨ੍ਹਾਂ ਮੂੰਹਜ਼ੋਰ ਪ੍ਰਦਰਸ਼ਨਕਾਰੀਆਂ ਨਾਲ ਕਿਵੇਂ ਸਿੱਝਣਾ ਹੈ। ਜਦੋਂ ਤੁਸੀਂ ਵੱਖ- ਵੱਖ ਚੈਨਲਾਂ ’ਤੇ ਪੱਤਰਕਾਰਾਂ ਵੱਲੋਂ ਇਨ੍ਹਾਂ ਨੌਜਵਾਨਾਂ ਨਾਲ ਕੀਤੀ ਗਈ ਗੱਲਬਾਤ ਦੇਖਦੇ ਹੋ ਤਾਂ ਤੁਹਾਨੂੰ ਸਮਝ ਪੈ ਜਾਂਦੀ ਹੈ ਕਿ ਇਹ ਸਿਰਫ਼ ਪਿਜ਼ਾ, ਬਰਗਰ ਖਾਣ ਵਾਲੇ ਨਹੀਂ ਸਗੋਂ ਹਰ ਮੁੱਦੇ ’ਤੇ ਪੂਰੇ ਅੰਕੜਿਆਂ ਨਾਲ ਲੈਸ ਹਨ। ਸਿਆਸਤ ਦੀਆਂ ਪੇਚੀਦਗੀਆਂ, ਮਸਲਿਆਂ ਅਤੇ ਮੁੱਦਿਆਂ ਦੀ ਉਨ੍ਹਾਂ ਨੂੰ ਚੰਗੀ ਸਮਝ ਹੈ। ਅੱਲੜ੍ਹ ਉਮਰ ਦੇ ਇੱਕ ਵਿਦਿਆਰਥੀ ਨੇ ਪੱਤਰਕਾਰ ਦੇ ਇੱਕ ਸਵਾਲ ਦੇ ਜਵਾਬ ’ਚ ਕਿਹਾ, ‘‘ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਯੁਵਾ ਹੈ ਅਤੇ ਜਿਹੜੀ ਸਰਕਾਰ ਸਾਡੀ ਗੱਲ ਨਹੀਂ ਸੁਣੇਗੀ, ਉਹ ਸਾਡੀ ਵੋਟ ਦੀ ਹੱਕਦਾਰ ਨਹੀਂ ਹੋਵੇਗੀ।’’ ਇਸ ਇੱਕ ਸਾਦੇ ਫ਼ਿਕਰੇ ’ਚ ਉਸ ਨੇ ਦੇਸ਼ ਦੀ ਸਿਆਸਤ ਤੇ ਸਿਆਸਤਦਾਨਾਂ ਦੀ ਕਮਜ਼ੋਰੀ ਬਿਆਨ ਕਰ ਦਿੱਤੀ ਕਿ ਉਨ੍ਹਾਂ ਦੀ ਵੋਟ ਦਾ ਹੱਕਦਾਰ ਬਣਨ ਲਈ ਉਨ੍ਹਾਂ ਦੀ ਗੱਲ ਤਾਂ ਸੁਣਨੀ ਹੀ ਪੈਣੀ ਹੈ ਤੇ ਅਖੀਰ ਗੱਲ ਸੁਣਨੀ ਹੀ ਪਈ।
ਓਦਾਂ ਵੀ ਦੇਸ਼-ਵਿਦੇਸ਼ ਤੋਂ ਲੋਕਾਂ ਨੇ ਜੰਤਰ ਮੰਤਰ ’ਤੇ ਬੈਠੇ ਧਰਨਾਕਾਰੀ ਬੱਚਿਆਂ ਲਈ ਫੂਡ ਡਲਿਵਰੀ ਐਪਸ ਰਾਹੀਂ ਖਾਣਾ, ਪਾਣੀ, ਚਾਹ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਪਹੁੰਚਾਈਆਂ। ਕੁਝ ਲੋਕ ਦੇਸ਼ ਅਤੇ ਕੁਝ ਵਿਦੇਸ਼ ਤੋਂ ਆਪਣੇ ਪੈਸੇ ਖਰਚ ਕੇ ਜੰਤਰ ਮੰਤਰ ’ਤੇ ਵਿਦਿਆਰਥੀਆਂ ਦੀ ਹਮਾਇਤ ਲਈ ਪੁੱਜੇ। ਵਿਦਿਆਰਥੀਆਂ ਵਾਸਤੇ ਲੋਕਾਂ ਵਿੱਚ ਇੱਕ ਅਜਿਹਾ ਜਜ਼ਬਾ ਪੈਦਾ ਹੋ ਗਿਆ, ਜੋ ਅੰਦੋਲਨ ਅਤੇ ਵਿਦਿਆਰਥੀਆਂ ਦੀ ਢਾਲ ਬਣ ਗਿਆ।
ਧਰਨੇ ’ਚ ਪੁੱਜੇ ਵੱਖ-ਵੱਖ ਲੋਕਾਂ ਦੀਆਂ ਕਹਾਣੀਆਂ/ ਗੱਲਾਂ ਸੁਣ ਕੇ ਤੁਹਾਨੂੰ ਇਸ ਜਜ਼ਬੇ ਦੀ ਸਮਝ ਪੈਂਦੀ ਹੈ। ਇੱਕ ਚੈਨਲ ਦਾ ਪੱਤਰਕਾਰ ਉੱਥੇ ਹਾਜ਼ਰ ਵੱਖ-ਵੱਖ ਲੋਕਾਂ ਨਾਲ ਗੱਲਾਂ ਕਰਦਿਆਂ-ਕਰਦਿਆਂ ਵੱਡੀ ਉਮਰ ਦੀ ਇੱਕ ਜੋੜੀ ਕੋਲ ਰੁਕਿਆ। ਦੇਖਣ ਨੂੰ ਦੋਵੇਂ ਕਾਰਪੋਰੇਟ ਸੈਕਟਰ ਵਿੱਚ ਕੰਮ ਕਰਦੇ ਜਾਪਦੇ ਸਨ। ਪੱਤਰਕਾਰ ਨੇ ਜਦੋਂ ਪਤੀ ਨੂੰ ਪੁੱਛਿਆ ਕਿ ਵਿਦਿਆਰਥੀਆਂ ਦੇ ਇਸ ਅੰਦੋਲਨ ’ਚ ਉਨ੍ਹਾਂ ਦੇ ਆਉਣ ਦਾ ਮਕਸਦ ਕੀ ਹੈ ਤਾਂ ਉਸ ਦਾ ਜਵਾਬ ਸੀ, ‘‘ਮੇਰਾ ਪੁੱਤਰ ਲੰਡਨ ’ਚ ਨੌਕਰੀ ਕਰਦਾ ਹੈ। ਉਸ ਨੂੰ ਉੱਥੋਂ ਛੁੱਟੀ ਨਹੀਂ ਮਿਲੀ। ਉਸ ਨੇ ਸਾਨੂੰ ਕਿਹਾ ਹੈ ਕਿ ਅਸੀਂ ਧਰਨੇ ’ਚ ਸ਼ਾਮਿਲ ਹੋਈਏ ਅਤੇ ਜੰਤਰ ਮੰਤਰ ਜਾ ਕੇ ਉਸ ਦੇ ਹਿੱਸੇ ਦਾ ਡੰਡਾ ਖਾਈਏ। ਉਸ ਨੇ ਮੈਨੂੰ ਕਿਹਾ ਕਿ ਮੈਂ ਉੱਥੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਬੇਨਤੀ ਕਰਾਂ ਕਿ ਉਹ ਮੈਨੂੰ ਘੱਟੋ-ਘੱਟ ਇੱਕ ਡੰਡਾ ਜ਼ਰੂਰ ਮਾਰਨ ਤਾਂ ਕਿ 20 ਤਾਰੀਖ਼ ਨੂੰ ਬੱਚਿਆਂ ਨਾਲ ਜੋ ਬੀਤੀ, ਉਸ ਨੂੰ ਆਪਣੇ ਪਿੰਡੇ ’ਤੇ ਹੰਢਾ ਕੇ ਮਹਿਸੂਸ ਕਰ ਸਕਾਂ। ਮੈਨੂੰ ਲੱਗਦੈ ਕਿ ਕੱਲ੍ਹ ਨੂੰ ਮੈਂ ਇਹ ਕਹਿ ਸਕਾਂਗਾ ਕਿ ਜਦੋਂ ਸਾਡੇ ਬੱਚਿਆਂ ਨੇ ਆਪਣੀਆਂ ਹੱਕੀ ਮੰਗਾਂ ਲਈ ਡੰਡੇ ਖਾਧੇ ਤਾਂ ਉਨ੍ਹਾਂ ਦੇ ਵੱਡੇ ਵੀ ਨਾਲ ਸਨ।’’
ਓਦਾਂ ਵੀ ਅੱਲੜ੍ਹ ਉਮਰ ਦੇ ਇਨ੍ਹਾਂ ਬੱਚਿਆਂ ’ਚ ਜਿੱਥੇ ਆਪਣੀਆਂ ਮੰਗਾਂ ਮਨਵਾਉਣ ਲਈ ਸੰਜੀਦਗੀ ਨਾਲ ਸੰਘਰਸ਼ ਕਰਨ ਦਾ ਜੇਰਾ ਹੈ, ਉੱਥੇ ਉਹ ਇਸ ਉਮਰ ਦੀਆਂ ਖ਼ਰਮਸਤੀਆਂ ਵੀ ਨਹੀਂ ਭੁੱਲਦੇ। ਬਿਹਾਰ ਦੇ ਪਟਨਾ ਵਿੱਚ ਇਸੇ ਮੁੱਦੇ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਖਦੇੜਨ ਲਈ ਜਦੋਂ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤਾਂ ਇਨ੍ਹਾਂ ਨੇ ਕੱਪੜੇ ਲਾਹ ਕੇ ਨਹਾਉਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਬੱਚਾ ਤਾਂ ਉੱਥੇ ਤਾਇਨਾਤ ਪੁਲੀਸ ਵਾਲਿਆਂ ਵੱਲ ਜਾ ਕੇ ਪੁੱਛਣ ਲੱਗਿਆ, ‘‘ਸਰ, ਇਧਰ ਕੌਨੋ ਆਂਸੂ ਗੈਸ ਕੀ ਵਿਵਸਥਾ ਨਹੀਂ ਹੈ ਕਯਾ?’’
ਵਰਤੋਂ ਵਿਹਾਰ ਦੇ ਕਾਇਦਿਆਂ ਤੇ ਪ੍ਰੋਟੋਕੋਲ ਤੋਂ ਬੇਪਰਵਾਹ ਇਨ੍ਹਾਂ ਬੱਚਿਆਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਮਿੱਤਰਾਂ ’ਚ ਸ਼ੁਮਾਰ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਦੇ ਸੋਸ਼ਲ ਮੀਡੀਆ ਖਾਤੇ ਕੁਮੈਂਟਾਂ ਨਾਲ ਭਰ ਦਿੱਤੇ ਅਤੇ ਅੰਤ ਉਨ੍ਹਾਂ ਨੂੰ ਇਹ ਕੁਮੈਂਟ ਬਲੌਕ ਕਰਨੇ ਪਏ। ਇਨ੍ਹਾਂ ਵੱਲੋਂ ਨਵੇਂ ਨਵੇਂ ਅੰਦਾਜ਼ ਦੇ ਮੀਮਜ਼ ਤੇ ਪੋਸਟਰਾਂ ਨਾਲ ਜਿਸ ਤਰ੍ਹਾਂ ਸੱਤਾ ਤੇ ਸ਼ਾਸਨ ਨੂੰ ਠਿੱਠ ਕੀਤਾ ਗਿਆ, ਨਾ ਤਾਂ ਉਸ ਦਾ ਜਵਾਬ ਦਿੱਤਾ ਜਾ ਸਕਦਾ ਸੀ, ਨਾ ਇਸ ਦੇ ਲਈ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾ ਸਕਦੀ ਸੀ। ਬੱਸ ਉਨ੍ਹਾਂ ਨੂੰ ਦੇਖ ਕੇ ਤੁਹਾਡਾ ਬੇਸਾਖਤਾ ਹਾਸਾ ਨਿਕਲ ਜਾਂਦਾ ਹੈ। ਭਾਵੇਂ ਪੌਣੇ ਦੋ ਮਹੀਨਿਆਂ ’ਚ ਹੀ ਸਹੀ, ਫਿਰ ਵੀ ਸੱਤਾਧਾਰੀ ਧਿਰ ਨੂੰ ਛੇਤੀ ਹੀ ਸਮਝ ਆ ਗਈ ਕਿ ਇਸ ਵਾਰੀ ਵਾਹ ਰਵਾਇਤੀ ਸਿਆਸਤਦਾਨਾਂ ਨਾਲ ਨਹੀਂ, ਜੈੱਨ-ਜ਼ੀ ਨਾਲ ਪਿਆ ਹੈ।

