DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿੱਖ ਬਨਾਮ ਤੌਖ਼ਲਿਆਂ ਨੂੰ ਹਵਾ ਦਿੰਦੀ ਸਿਆਸਤ

ਡੋਨਲਡ ਟਰੰਪ ਜਦੋਂ ਤੋਂ ‘ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ’ (To make America great again) ਦਾ ਨਾਅਰਾ ਦੇ ਕੇ ਦੂਜੀ ਵਾਰ ਰਾਸ਼ਟਰਪਤੀ ਬਣਿਆ ਹੈ, ਉਦੋਂ ਤੋਂ ਹੀ ਉਸ ਨੇ ਆਲਮੀ ਸਿਆਸਤ, ਰਣਨੀਤੀ, ਅਰਥਵਿਵਸਥਾ ਅਤੇ ਖ਼ਾਸਕਰ ਇਮੀਗ੍ਰੇਸ਼ਨ ਦੇ ਮਾਮਲੇ ’ਚ ਹੇਠਲੀ...

  • fb
  • twitter
  • whatsapp
  • whatsapp
Advertisement

ਡੋਨਲਡ ਟਰੰਪ ਜਦੋਂ ਤੋਂ ‘ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ’ (To make America great again) ਦਾ ਨਾਅਰਾ ਦੇ ਕੇ ਦੂਜੀ ਵਾਰ ਰਾਸ਼ਟਰਪਤੀ ਬਣਿਆ ਹੈ, ਉਦੋਂ ਤੋਂ ਹੀ ਉਸ ਨੇ ਆਲਮੀ ਸਿਆਸਤ, ਰਣਨੀਤੀ, ਅਰਥਵਿਵਸਥਾ ਅਤੇ ਖ਼ਾਸਕਰ ਇਮੀਗ੍ਰੇਸ਼ਨ ਦੇ ਮਾਮਲੇ ’ਚ ਹੇਠਲੀ ਉੱਤੇ ਕੀਤੀ ਹੋਈ ਹੈ। ਅਸਲ ’ਚ ਉਹ ਅਮਰੀਕੀਆਂ ਦੀਆਂ ਨਜ਼ਰਾਂ ’ਚ ਉਨ੍ਹਾਂ ਦਾ ਖ਼ੈਰਖ਼ਾਹ ਬਣਨਾ ਚਾਹੁੰਦਾ ਹੈ, ਜੋ ਉਨ੍ਹਾਂ ਬਾਰੇ ਇਸ ਗੱਲੋਂ ਫ਼ਿਕਰਮੰਦ ਹੈ ਕਿ ਬਾਹਰੋਂ ਆਏ ਲੋਕ ਅਮਰੀਕੀ ਲੋਕਾਂ ਤੋਂ ਮੌਕੇ ਖੋਹ ਜਾਂ ਵੰਡਾ ਨਾ ਸਕਣ। ਅਮਰੀਕੀਆਂ ਅੰਦਰਲੇ ਅਜਿਹੇ ਤੌਖ਼ਲਿਆਂ ਨੂੰ ਹਵਾ ਦੇਣਾ ਉਸ ਦੀ ਸਿਆਸਤ ਨੂੰ ਵਾਰਾ ਖਾਂਦਾ ਹੈ। ਹਾਲ ਹੀ ਵਿੱਚ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਵਿਭਾਗ ਦੇ ਇੱਕ ਇਸ਼ਤਿਹਾਰ ਨੂੰ ਲੈ ਕੇ ਚਾਰੋਂ ਪਾਸੇ ਵਿਵਾਦ ਭਖਿਆ ਹੋਇਆ ਹੈ, ਜੋ ਸਿੱਖ ਭਾਈਚਾਰੇ ਲਈ ਬਹੁਤ ਹੱਤਕ ਭਰਿਆ ਹੈ। ਤਿੱਖੇ ਵਿਰੋਧ ਮਗਰੋਂ ਹੋਮਲੈਂਡ ਸਕਿਉਰਿਟੀ ਵਿਭਾਗ ਨੇ ਇਹ ਇਸ਼ਤਿਹਾਰ ਹਟਾ ਤਾਂ ਲਿਆ ਹੈ, ਪਰ ਇਹ ਘਟਨਾ ਸਾਨੂੰ ਇਹ ਸਮਝਾਉਣ ਲਈ ਕਾਫ਼ੀ ਹੈ ਕਿ ਅਮਰੀਕਾ ਨੂੰ ‘ਗ੍ਰੇਟ’ ਬਣਾਉਣ ਲਈ ਟਰੰਪ ਪ੍ਰਸ਼ਾਸਨ ਵੱਲੋਂ ਅਪਣਾਏ ਜਾ ਰਹੇ ਢੰਗ ਤਰੀਕਿਆਂ ਦਾ ਇਹ ਇੱਕ ਛੋਟਾ ਜਿਹਾ ਨਮੂਨਾ ਹੈ।

ਇਸ ਇਸ਼ਤਿਹਾਰ ਵਿੱਚ ਸਿੱਖ ਡਰਾਈਵਰਾਂ ਨੂੰ ‘ਮਿਸਟਰ ਸਿੰਘ’ ਕਹਿੰਦਿਆਂ ਖ਼ੁਦ ਹੀ ਦੇਸ਼ (ਅਮਰੀਕਾ) ਛੱਡ ਜਾਣ ਲਈ ਕਿਹਾ ਗਿਆ ਹੈ। ਬਿਨਾਂ ਕਮਰਸ਼ੀਅਲ ਲਾਇਸੈਂਸ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਵਿੱਢੀ ਇਸ ਮੁਹਿੰਮ ’ਚ ‘ਮਿਸਟਰ ਸਿੰਘ’ ਕਹਿ ਕੇ ਇੱਕ ਤਰ੍ਹਾਂ ਨਾਲ ਸਮੁੱਚੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਸਾਂਵਲੇ ਰੰਗ ਦੇ ਦਾੜ੍ਹੀ ਵਾਲੇ ਇੱਕ ਵਿਅਕਤੀ ਨੂੰ ਕਿਹਾ ਜਾ ਰਿਹਾ ਹੈ, ‘‘ਸਾਡੀਆਂ ਸੜਕਾਂ ਤੋਂ ਲਾਂਭੇ ਹੋ ਜਾਓ। ਤੁਹਾਨੂੰ ਗੱਡੀ ਨਹੀਂ ਚਲਾਉਣੀ ਆਉਂਦੀ।’’ ਏ ਆਈ ਰਾਹੀਂ ਤਿਆਰ ਕੀਤੇ ਗਏ ਇਸ ਇਸ਼ਤਿਹਾਰ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤੇ ਜਾਣ ਮਗਰੋਂ ਕਿਸੇ ਇੱਕ ਭਾਈਚਾਰੇ ਨੂੰ ਇਉਂ ਨਿਸ਼ਾਨਾ ਬਣਾਏ ਜਾਣ ਦਾ ਪੱਤਰਕਾਰਾਂ, ਕਾਨੂੰਨਸਾਜ਼ਾਂ, ਮਨੁੱਖੀ ਅਧਿਕਾਰ ਸੰਗਠਨਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਸੀ।

Advertisement

ਗੱਲ ਸਿਰਫ਼ ਇਸ਼ਤਿਹਾਰ ਤੱਕ ਹੀ ਸੀਮਿਤ ਨਾ ਰਹੀ। ‘ਐਕਸ’ ’ਤੇ ਪੋਸਟ ਕੀਤੀ ਗਈ ਇੱਕ ਹੋਰ ਵੀਡੀਓ ’ਚ ‘ਟਰਾਂਸਫਾਰਮਰ’ ਫਿਲਮ ਦੇ ਮੁੱਖ ਖਲਨਾਇਕ ਮੈਗਾਟਰੌਨ ਨੂੰ ‘ਏਲੀਅਨਜ਼’ ਦੀ ਰਿਹਾਈ ਲਈ ਗੱਲ ਕਰਦੇ ਦਿਖਾਇਆ ਗਿਆ ਹੈ। ‘ਏਲੀਅਨ’ ਸ਼ਬਦ ਟਰੰਪ ਪ੍ਰਸ਼ਾਸਨ ਵੱਲੋਂ ਹੋਰ ਦੇਸ਼ਾਂ ਤੋਂ ਅਮਰੀਕਾ ਆ ਕੇ ਵਸੇ ਲੋਕਾਂ ਲਈ ਵਰਤਿਆ ਜਾਂਦਾ ਹੈ। ਇਸੇ ਵੀਡੀਓ ਵਿੱਚ ਸੜਕ ਹਾਦਸਿਆਂ ਅਤੇ ਹੋਰ ਅਪਰਾਧਾਂ ’ਚ ਸ਼ਾਮਿਲ ਪੰਜਾਬੀ ਟਰੱਕ ਡਰਾਈਵਰਾਂ ਹਰਜਿੰਦਰ ਸਿੰਘ, ਜਸਵੀਰ ਸਿੰਘ ਅਤੇ ਰਾਜਵਿੰਦਰ ਕੁਮਾਰ ਦੀਆਂ ਤਸਵੀਰਾਂ ਵੀ ਸਕਰੀਨ ’ਤੇ ਦਿਖਾਈ ਦਿੰਦੀਆਂ ਹਨ। ਹੋਮਲੈਂਡ ਸਕਿਉਰਿਟੀ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ‘‘ਜੇਕਰ ਤੁਸੀਂ ਇਸ ਮੁਲਕ ’ਚ ਵਿਰੋਧੀ ਭਾਵਨਾਵਾਂ ਦੇ ਇਰਾਦੇ ਨਾਲ ਕਦਮ ਰੱਖਦੇ ਹੋ ਤਾਂ ਇਹ ਸਮਝ ਲਓ ਕਿ ਅਸੀਂ ਆਪਣੀ ਰੱਖਿਆ ਕਰਾਂਗੇ।’’ ਇੱਕ ਹੋਰ ਪੋਸਟ ’ਚ ‘ਟਰਾਂਸਫਾਰਮਰ’ ਦੇ ਨਾਇਕ ਓਪਟੀਮਸ ਪ੍ਰਾਈਮ ਨੂੰ ਹੋਮਲੈਂਡ ਸਕਿਉਰਿਟੀ ਵਿਭਾਗ ਦਾ ਪਛਾਣ ਚਿੰਨ੍ਹ ਬਾਂਹ ’ਤੇ ਬੰਨ੍ਹਿਆ ਹੋਇਆ ਦਿਖਾਇਆ ਗਿਆ ਹੈ। ਉਹ ਦਾੜ੍ਹੀ ਵਾਲੇ ਇੱਕ ਵਿਅਕਤੀ ਨੂੰ ਆਖਦਾ ਹੈ, ‘‘ਆਪਣੇ ਆਪ ਹੀ ਮੁਲਕ ਛੱਡ ਕੇ ਚਲੇ ਜਾਓ, ਨਹੀਂ ਤਾਂ ਅੰਜਾਮ ਭੁਗਤਣ ਲਈ ਤਿਆਰ ਰਹੋ।’’ ਇਸ ਇਸ਼ਤਿਹਾਰ ਵਿੱਚ ‘ਅਮਰੀਕਾ ਸਿਰਫ਼ ਅਮਰੀਕੀਆਂ ਲਈ’ ਵੀ ਲਿਖਿਆ ਹੋਇਆ ਹੈ। ਇਹ ਇਸ਼ਤਿਹਾਰ ਉਨ੍ਹਾਂ ਇਮੀਗਰੇਸ਼ਨ ਨੀਤੀਆਂ ਦਾ ਹੀ ਹਿੱਸਾ ਜਾਪਦਾ ਹੈ, ਜਿਨ੍ਹਾਂ ਬਾਰੇ ਟਰੰਪ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ। ਖ਼ੈਰ, ਇਨ੍ਹਾਂ ਨੀਤੀਆਂ ਤਹਿਤ ਜਿਨ੍ਹਾਂ ਗ਼ੈਰ-ਕਾਨੂੰਨੀ ਆਵਾਸੀਆਂ ਨੂੰ ਟਰੰਪ ਪ੍ਰਸ਼ਾਸਨ ਦੇਸ਼ ’ਚੋਂ ਕੱਢਣ ਲਈ ਉਤਾਵਲਾ ਹੈ ਉਨ੍ਹਾਂ ਵਿੱਚ ਸਿੱਖ ਭਾਈਚਾਰੇ ਨਾਲ ਸਬੰਧਿਤ ਵਿਅਕਤੀ ਮਹਿਜ਼ 2 ਫ਼ੀਸਦੀ ਹਨ ਜਦੋਂਕਿ ਮੈਕਸਿਕੋ ਦੇ 43.8, ਗੁਆਟੇਮਾਲਾ ਦੇ 6.8 ਅਤੇ ਅਲ ਸਲਵਾਡੋਰ ਦੇ 6.5 ਫ਼ੀਸਦੀ ਵਿਅਕਤੀ ਗ਼ੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਰਹਿ ਰਹੇ ਹਨ।

Advertisement

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਭਾਈਚਾਰੇ ਨਾਲ ਸਬੰਧਿਤ ਕੁਝ ਕੁ ਵਿਅਕਤੀ ਸੜਕ ਹਾਦਸਿਆਂ ਜਾਂ ਹੋਰ ਅਪਰਾਧਾਂ ’ਚ ਸ਼ਾਮਿਲ ਰਹੇ ਹੋਣਗੇ, ਪਰ ਉਨ੍ਹਾਂ ਵਿਅਕਤੀਆਂ ਦੀਆਂ ਤਸਵੀਰਾਂ ਦੇ ਨਾਲ ਸਮੁੱਚੇ ਭਾਈਚਾਰੇ ਨੂੰ ਹੀ ਨਿਯਮਾਂ-ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਜਾਂ ਅਪਰਾਧੀ ਦੱਸਣਾ ਤਰਕ ਜਾਂ ਨੈਤਿਕਤਾ ਦੇ ਕਿਸੇ ਵੀ ਤਕਾਜ਼ੇ ਤੋਂ ਉਚਿਤ ਨਹੀਂ ਠਹਿਰਾਇਆ ਜਾ ਸਕਦਾ।

ਅਮਰੀਕੀ ਨਿਊਜ਼ ਐਂਕਰ ਐਲਿਕ ਨੋਲਨ ਨੇ ਸਿੱਖ ਭਾਈਚਾਰੇ ਦੇ ਹੱਕ ਵਿੱਚ ਖੜ੍ਹਦਿਆਂ ਹੋਮਲੈਂਡ ਸਕਿਉਰਿਟੀ ਵਿਭਾਗ ਦੇ ਇਸ ਇਸ਼ਤਿਹਾਰ ਦਾ ਤਿੱਖਾ ਵਿਰੋਧ ਕੀਤਾ ਹੈ। ਉਸ ਨੇ ਆਪਣੇ ਪੜਦਾਦਾ ਕਥਾ ਸਿੰਘ ਦੀ ਕਹਾਣੀ ਦੱਸੀ, ਜੋ ਦਹਾਕਿਆਂ ਪਹਿਲਾਂ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਅਮਰੀਕਾ ਆਇਆ ਸੀ ਤੇ ਉਸ ਨੇ ਕੈਲੀਫੋਰਨੀਆ ’ਚ ਖੇਤੀ ਨੂੰ ਆਪਣਾ ਕਿੱਤਾ ਬਣਾਇਆ। ਉਸ ਮਗਰੋਂ ਉਸ ਦੇ ਦਾਦੇ ਦਾਨ ਸਿੰਘ ਨੇ ਖੇਤੀ ਦੇ ਕਿੱਤੇ ਦੇ ਨਾਲ-ਨਾਲ ਟਰੱਕ ਡਰਾਈਵਰੀ ਵੀ ਕੀਤੀ ਅਤੇ ਅਮਰੀਕੀ ਸਮਾਜ ’ਚ ਆਪਣੇ ਆਪ ਨੂੰ ਸਥਾਪਿਤ ਕੀਤਾ। ਜੋ ਕੁਝ ਵੀ ਉਸ ਦੇ ਪਰਿਵਾਰ ਨੇ ਹਾਸਿਲ ਕੀਤਾ, ਉਸ ਪਿੱਛੇ ਉਸ ਦੇ ਪੁਰਖਿਆਂ ਦੀ ਕਰੜੀ ਮਿਹਨਤ ਸੀ। ਨੋਲਨ ਦਾ ਰਹਿਣ-ਸਹਿਣ ਭਾਵੇਂ ਪੂਰੀ ਤਰ੍ਹਾਂ ਅਮਰੀਕੀ ਹੈ, ਪਰ ਜੜ੍ਹਾਂ ਤਾਂ ਸਿੱਖਾਂ ਨਾਲ ਜੁੜੀਆਂ ਹੋਈਆਂ ਹਨ। ਇਸ ਇਸ਼ਤਿਹਾਰ ’ਚ ਜਦੋਂ ‘ਮਿਸਟਰ ਸਿੰਘ’ ਨੂੰ ਸੜਕਾਂ ਤੋਂ ਹਟਣ ਲਈ ਕਿਹਾ ਗਿਆ ਤਾਂ ਨੋਲਨ ਨੂੰ ਲੱਗਿਆ ਜਿਵੇਂ ਉਸ ਦੀ ਸਿੱਖ ਸ਼ਨਾਖ਼ਤ ਨੂੰ ਗਾਲ੍ਹ ਕੱਢੀ ਗਈ ਹੋਵੇ ਕਿਉਂਕਿ ਉਸ ਦਾ ਦਾਦਾ ਦਾਨ ਸਿੰਘ ਆਪਣੀ ਰੋਜ਼ੀ-ਰੋਟੀ ਲਈ ਅਮਰੀਕਾ ਦੀਆਂ ਸੜਕਾਂ ’ਤੇ ਟਰੱਕ ਹੀ ਤਾਂ ਚਲਾਉਂਦਾ ਸੀ। ਇਸੇ ਲਈ ਨੋਲਨ ਨੂੰ ਇਹ ਇਸ਼ਤਿਹਾਰ ਨਸਲਵਾਦੀ ਅਤੇ ਹੱਤਕ ਭਰਿਆ ਜਾਪਿਆ।

ਅਸਲ ਵਿੱਚ ਅਮਰੀਕਾ ਵਿੱਚ ਸਿੱਖਾਂ ਦੀ ਆਮਦ 18ਵੀਂ ਸਦੀ ਦੇ ਅਖੀਰ ਅਤੇ 19ਵੀਂ ਸਦੀ ਦੇ ਸ਼ੁਰੂ ਵਿੱਚ ਹੋਈ। ਇਨ੍ਹਾਂ ਵਿੱਚ ਬਹੁਤੇ ਕਿਸਾਨ ਅਤੇ ਸਾਬਕਾ ਫ਼ੌਜੀ ਸਨ। ਸੰਨ 1899 ਤੋਂ 1914 ਦਰਮਿਆਨ ਅਮਰੀਕਾ ਦੇ ਪੱਛਮੀ ਕੰਢੇ (ਵੈਸਟ ਕੋਸਟ) ’ਤੇ ਪੁੱਜਣ ਵਾਲੇ 6,800 ਵਿਅਕਤੀਆਂ ਵਿੱਚ 85 ਫ਼ੀਸਦੀ ਸਿੱਖ ਸ਼ਾਮਿਲ ਸਨ, ਜਿਨ੍ਹਾਂ ਅਮਰੀਕਾ ਪੁੱਜ ਕੇ ਮੁੱਖ ਤੌਰ ’ਤੇ ਖੇਤੀਬਾੜੀ ਦਾ ਕਿੱਤਾ ਅਪਣਾਇਆ। ਉਨ੍ਹਾਂ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਨੂੰ ਖੇਤੀਬਾੜੀ ਲਈ ਉਪਜਾਊ ਜ਼ਮੀਨ ਵਿੱਚ ਬਦਲ ਦਿੱਤਾ ਅਤੇ 1920ਵਿਆਂ ਤੱਕ ਇਹ ਭਾਈਚਾਰਾ ਇੱਥੇ ਖੇਤੀਬਾੜੀ ਵਾਲੀ 10 ਹਜ਼ਾਰ ਏਕੜ ਜ਼ਮੀਨ ਦਾ ਮਾਲਕ ਬਣ ਗਿਆ ਸੀ। ਖੇਤੀਬਾੜੀ ਦੇ ਨਾਲ-ਨਾਲ ਇਸ ਭਾਈਚਾਰੇ ਨੇ ਅਮਰੀਕਾ ਦੀ ਕਮਰਸ਼ੀਅਲ ਟਰੱਕਿੰਗ ਇੰਡਸਟਰੀ ਵਿੱਚ ਭਰਵਾਂ ਯੋਗਦਾਨ ਪਾਇਆ। ਕਮਰਸ਼ੀਅਲ ਟਰੱਕਿੰਗ ਅਮਰੀਕੀ ਅਰਥਚਾਰੇ ਦੀ ਜੀਵਨ ਰੇਖਾ ਹੈ ਅਤੇ ਸਿੱਖ ਭਾਈਚਾਰੇ ਵੱਲੋਂ ਅਮਰੀਕੀ ਅਰਥਚਾਰੇ ’ਚ ਪਾਏ ਗਏ ਯੋਗਦਾਨ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਅਤੇ ਨਾ ਹੀ ਇਸ ਭਾਈਚਾਰੇ ਦੇ ਪੇਸ਼ੇਵਰ ਮਾਹਿਰਾਂ ਦਾ ਯੋਗਦਾਨ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ।

ਅਸਲ ’ਚ ਟਰੰਪ ਨੇ ਰਾਸ਼ਟਰਪਤੀ ਦੀ ਚੋਣ ਦੂਜੀ ਵਾਰ ਲੜਨ ਵੇਲੇ ਵਾਅਦਾ ਕੀਤਾ ਸੀ ਕਿ ਨੌਕਰੀਆਂ ਵਿੱਚ ਅਮਰੀਕੀਆਂ ਨੂੰ ਤਰਜੀਹ ਮਿਲੇਗੀ। ਹੋਰਨਾਂ ਵਾਅਦਿਆਂ ਦੇ ਨਾਲ ਨਾਲ ਉਸ ਨੇ ਇਹ ਵਾਅਦਾ ਵੀ ਕੀਤਾ ਸੀ ਕਿ ਉਤਪਾਦਨ ਦੇ ਖੇਤਰ ਵਿੱਚ ਪੁਨਰ-ਜਾਗਰਿਤੀ ਲਿਆਉਣ ਅਤੇ ਵੱਧ ਤਨਖ਼ਾਹ ਵਾਲੀਆਂ ਨੌਕਰੀਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਅਮਰੀਕੀ ਕੰਪਨੀਆਂ ਦੀਆਂ ਬਾਹਰ ਲਾਈਆਂ ਗਈਆਂ ਫੈਕਟਰੀਆਂ ਨੂੰ ਦੇਸ਼ ਵਿੱਚ ਮੋੜ ਲਿਆਂਦਾ ਜਾਵੇਗਾ। ਉਹ ਅਮਰੀਕਾ ਦੀਆਂ ਪ੍ਰਮੁੱਖ ਤਕਨੀਕੀ ਕੰਪਨੀਆਂ ਵੱਲੋਂ ਤਰਜੀਹੀ ਤੌਰ ’ਤੇ ਅਮਰੀਕੀਆਂ ਲਈ ਰੁਜ਼ਗਾਰ ਪੈਦਾ ਕਰਨ ਅਤੇ ਵਿਦੇਸ਼ੀ ਪ੍ਰਤਿਭਾ ’ਤੇ ਨਿਰਭਰਤਾ ਘਟਾਉਣ ਦਾ ਵੀ ਹਾਮੀ ਸੀ।

ਹਫ਼ਤਾ ਕੁ ਪਹਿਲਾਂ ‘ਦਿ ਗਾਰਡੀਅਨ’ ਵਿੱਚ ਸਟੀਵਨ ਗਰੀਨਹਾਊਸ ਦੇ ਛਪੇ ਇੱਕ ਲੇਖ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਨੇ ਪਿਛਲੇ ਸਾਲ ਮਜ਼ਦੂਰ ਦਿਵਸ ਮੌਕੇ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਦੀ ਹਰ ਨੀਤੀ ਅਮਰੀਕੀ ਕਿਰਤੀਆਂ ਦੀ ਬਿਹਤਰੀ ਅਤੇ ਉਨ੍ਹਾਂ ਨੂੰ ਵੱਧ ਤਨਖ਼ਾਹ ਵਾਲੀਆਂ ਨੌਕਰੀਆਂ ਦੇਣ ਲਈ ਘੜੀ ਗਈ ਹੈ। ਖ਼ੈਰ, ਹਕੀਕਤ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਟਰੰਪ ਨੇ ਜੋ ਕਦਮ ਚੁੱਕੇ ਹਨ, ਉਹ ਅਮਰੀਕੀ ਕਿਰਤੀਆਂ ਦੇ ਹੱਕ ਵਿੱਚ ਨਹੀਂ ਭੁਗਤਦੇ। ਵ੍ਹਾਈਟ ਹਾਊਸ ਵੱਲੋਂ ਇਹ ਗੱਲ ਬਹੁਤ ਹੁੱਬ ਕੇ ਦੱਸੀ ਜਾਂਦੀ ਹੈ ਕਿ ਅਮਰੀਕੀ ਕਿਰਤੀਆਂ ਦੀਆਂ ਤਨਖ਼ਾਹਾਂ ’ਚ ਚੋਖਾ ਵਾਧਾ ਹੋਇਆ ਹੈ, ਪਰ ਕਿਰਤੀਆਂ ਦਾ ਕਹਿਣਾ ਹੈ ਕਿ ਅਸਲ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਲਾਏ ਗਏ ਟੈਰਿਫਾਂ ਤੇ ਛੇੜੀ ਗਈ ਇਰਾਨ ਜੰਗ ਕਾਰਨ ਕੀਮਤਾਂ ਵਿੱਚ ਤਨਖ਼ਾਹਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਵਾਧਾ ਹੋਇਆ ਹੈ।

ਦੇਸ਼ ਚਾਹੇ ਕੋਈ ਵੀ ਹੋਵੇ ਤੇ ਸਿਆਸਤਦਾਨ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ, ਜਦੋਂ ਉਹ ਆਪਣੇ ਵੱਲੋਂ ਕੀਤੇ ਗਏ ਵਾਅਦੇ ਪੂਰੇ ਕਰਨ ’ਚ ਨਾਕਾਮ ਰਹਿੰਦੇ ਹਨ ਤਾਂ ਉਹ ਲੋਕ ਕਚਹਿਰੀ ’ਚ ਜਵਾਬਦੇਹੀ ਤੋਂ ਬਚਣ ਲਈ ਅਜਿਹੇ ਭੜਕਾਊ ਮੁੱਦਿਆਂ ਨੂੰ ਛੇੜ ਕੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦਾ ਕੰਮ ਕਰਦੇ ਹਨ।

Advertisement
×