ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਅਵਿਜੀਤ ਪਾਠਕ

ਅਵਿਜੀਤ ਪਾਠਕ

ਹਾਲ ਹੀ ਵਿਚ ਵਰਧਾ ਵਿਚ ਸੇਵਾਗ੍ਰਾਮ ਆਸ਼ਰਮ ਵਿਚ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰੇਰਕ ਪ੍ਰੋਗਰਾਮ ਵਿਚ ਪਾਰਟੀ ਦੇ ਆਗੂ ਰਾਹੁਲ ਗਾਂਧੀ ਦੇ ਭਾਸ਼ਣ ਰਾਹੀਂ ਕਾਂਗਰਸੀ ਕੇਡਰ ਨੂੰ ਪ੍ਰੇਰਨ ਦਾ ਯਤਨ ਕੀਤਾ ਗਿਆ ਹੈ ਅਤੇ ਉਸ ਨੂੰ ਵਿਚਾਰਧਾਰਕ ਜ਼ਾਵੀਏ ਤੋਂ ਸੋਚਣ, ਹਿੰਦੂਵਾਦ ਦੀ ਸੂਖਮਤਾ ਤੇ ਹਿੰਦੂਤਵ ਦੀ ਕਰੂਰਤਾ ਵਿਚਕਾਰ ਫ਼ਰਕ ਕਰਨ ਅਤੇ ਸੰਘ ਪਰਿਵਾਰ ਦੀ ਰਾਜਸੀ-ਸੱਭਿਆਚਾਰਕ ਪਹੁੰਚ ਦੀ ਸਖ਼ਤ ਆਲੋਚਨਾ ਲੈ ਕੇ ਸਾਹਮਣੇ ਆਉਣ ਦਾ ਸੱਦਾ ਦਿੱਤਾ ਹੈ। ਇਕ ਲੇਖੇ ਉਨ੍ਹਾਂ ਦਾ ਇਹ ਭਾਸ਼ਣ ਸਾਡੇ ਇਤਿਹਾਸ ਦੇ ਉਥਲ ਪੁਥਲ ਭਰੇ ਦੌਰ ਨੂੰ ਮੁੜ ਚਿਤਵਣ ਅਤੇ ਮਹਾਤਮਾ ਗਾਂਧੀ ਦੀ ਹਿੰਦੂਵਾਦ ਨਾਲ ਪ੍ਰਯੋਗੀ ਤੇ ਰਚਨਾਤਮਿਕ ਸਾਂਝ ਅਤੇ ਸਾਵਰਕਰ ਤੇ ਗੋਲਵਲਕਰ ਵਰਗਿਆਂ ਦੇ ਪ੍ਰਚਾਰੇ ਜਾਂਦੇ ਕੁਲੀਨਵਾਦੀ ਤੇ ਨਿਰੰਕੁਸ਼ਵਾਦੀ ਹਿੰਦੂਤਵ ਵਿਚਕਾਰ ਅੰਤਰ ਨੂੰ ਯਾਦ ਕਰਨ ਦੇ ਤੁੱਲ ਹੋਵੇਗਾ।

ਬਹੁਗਿਣਤੀ ਫਿਰਕਾਪ੍ਰਸਤੀ ਬਨਾਮ ਘੱਟਗਿਣਤੀ ਫਿਰਕਾਪ੍ਰਸਤੀ ਦੀ ਇਸ ਜ਼ਹਿਰੀਲੀ ਖੇਡ ਵਿਚ ਕੋਈ ਵੀ ਜੇਤੂ ਨਹੀਂ ਹੋ ਸਕਦਾ। ਸਾਡੇ ਸਿਆਸੀ ਇਤਿਹਾਸ ਦੇ ਇਸ ਮੁਕਾਮ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਕਿੰਝ ਸੋਚੇ ਸਮਝੇ ਢੰਗ ਨਾਲ ਹਿੰਦੂਤਵੀ ਧੌਂਸ ਨੂੰ ਪੱਕੇ ਪੈਰੀਂ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰਾਜੈਕਟ ਦੀ ਨੁਕਤਾਚੀਨੀ ਕਰਨ ਵਾਲੇ ਹਰ ਸ਼ਖ਼ਸ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ ਤਾਂ ਇਹ ਅਹਿਸਾਸ ਜਗਾਉਣਾ ਅਹਿਮ ਹੈ ਕਿ ਜ਼ਰੂਰੀ ਨਹੀਂ ਕਿ ਧਰਮ (ਜੋ ਮੁਕਤੀ ਦਾ ਮਾਰਗ ਦਿਖਾਉਂਦਾ ਹੈ) ਦਾ ਰਾਗ ਹਰ ਵੇਲੇ ਉਸ ਸਿਆਸਤ ਦੇ ਫਿੱਟ ਹੀ ਬੈਠੇ ਜੋ ਧਰਮ ਦੇ ਨਾਂ ਤੇ ਨਫ਼ਰਤ ਤੇ ਹਿੰਸਾ ਫੈਲਾਉਂਦੀ ਹੈ। ਮਿਸਾਲ ਦੇ ਤੌਰ ਤੇ ਮੈਂ ਉਪਨਿਸ਼ਦ ਦੀ ਪਾਰਾਵਾਰ ਤਲਾਸ਼ ਲਈ ਵਾਰ ਵਾਰ ਅੰਤਰ ਧਿਆਨ ਹੋ ਜਾਂਦਾ ਹਾਂ; ਮੀਰਾ ਬਾਈ ਦਾ ਭਜਨ ਧੁਰ ਆਤਮਾ ਨੂੰ ਛੂੰਹਦਾ ਹੈ; ਸ੍ਰੀ ਅਰਬਿੰਦੋ ਦਾ ਸ਼ਾਹਕਾਰ ਰਚਨਾ ‘ਦਿ ਲਾਈਫ ਡਿਵਾਈਨ’ ਕੰਨਾਂ ਵਿਚ ਫੁਸਫੁਸਾਉਂਦੀ ਹੈ; ਤਾਂ ਵੀ ਇਹ ‘ਹਿੰਦੂ ਖ਼ੁਸ਼ਬੂ’ ਕਦੇ ਵੀ ਮੈਨੂੰ ਫਰਾਇਡੋ- ਮਾਰਕਸੀ ਮਨੋਵਿਗਿਆਨੀ ਐਰਿਕ ਫਰੌਮ, ਸੂਫ਼ੀ ਫ਼ਕੀਰ ਜਲਾਲੂਦੀਨ ਰੂਮੀ, ਵੀਅਤਨਾਮੀ ਬੋਧੀ ਭਿਖਸ਼ੂ ਥਿਕ ਨਹਾਤ ਹਾਨ੍ਹ ਜਾਂ ਇਸਾਈ ਹੋਂਦਵਾਦੀ ਦਾਰਸ਼ਨਿਕ ਪਾਲ ਟਿਲਿਚ ਵੱਲ ਚੱਲਣ ਤੋਂ ਨਹੀਂ ਡੱਕਦੀ। ਇਕ ਲੇਖੇ ਧਰਮ ਦਾ ਸੰਗੀਤ ਸਾਨੂੰ ਸੰਵਾਦ ਦੀ ਕਲਾ ਅਤੇ ਤਹੱਮਲ ਨਾਲ ਸੁਣਨ ਦੀ ਕਵਾਇਦ ਕਰਵਾਉਂਦਾ ਹੈ। ਮਿਸਾਲ ਦੇ ਤੌਰ ਤੇ ਜਿਵੇਂ ਮਹਾਤਮਾ ਗਾਂਧੀ ਨੇ ਲਿਓ ਤਾਲਸਤਾਏ ਨਾਲ ਸੰਵਾਦ ਰਚਾਇਆ ਸੀ ਅਤੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਤੇ ਈਸਾਈਆਂ ਨਾਲ ਭਾਰਤ ਦੇ ਕਰੁਨਾਮਈ ਤੇ ਸਾਗਰ ਵਾਲੀ ਵਿਸ਼ਾਲਤਾ ਦੀ ਧਾਰਨਾ ਨਾਲ ਤੁਰੇ ਸਨ ਜਦਕਿ ਉਸ ਸਮੇਂ ਸਾਵਰਕਰ ਤੇ ਜਿਨਾਹ ਦੇ ਪੈਰੋਕਾਰ ‘ਦੋ ਕੌਮਾਂ ਦੇ ਸਿਧਾਂਤ’ ਦੀ ਫੁੱਟਪਾਊ ਵਿਚਾਰਧਾਰਾ ਦੇ ਬੁੱਕ ਭਰ ਭਰ ਵੰਡ ਰਹੇ ਸਨ ਤੇ ਇੰਜ ਦੇਸ਼ ਦੀ ਵੰਡ ਦੇ ਬੀਜ ਬੋਅ ਰਹੇ ਸਨ। ਲਿਹਾਜ਼ਾ, ਰਾਹੁਲ ਗਾਂਧੀ ਵਲੋਂ ਹਿੰਦੂਤਵ ਅਤੇ ਇਸ ਦੀ ਜ਼ਾਹਰਾ ਹਿੰਸਾ, ਖ਼ੁਦਪ੍ਰਸਤੀ ਅਤੇ ਨਿਰੰਕੁਸ਼ਵਾਦ ਦੀ ਕੀਤੀ ਵਿਚਾਰਧਾਰਕ ਆਲੋਚਨਾ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ।

ਬਹਰਹਾਲ, ਜੇ ਰਾਹੁਲ ਗਾਂਧੀ ਹਿੰਦੂਤਵ ਖਿ਼ਲਾਫ਼ ਲੜਾਈ ਦੇਣ ਲਈ ਸੁਹਿਰਦ ਹਨ ਤਾਂ ਉਨ੍ਹਾਂ ਨੂੰ ਦੋ ਮੁੱਦਿਆਂ ਬਾਰੇ ਸੋਚਣਾ ਪਵੇਗਾ। ਪਹਿਲਾ, ਇਹ ਅਹਿਸਾਸ ਕਰਨਾ ਕਿ ਧਰਮ ਦੇ ਮੁਕਤੀਦਾਤੇ ਵਿਚਾਰਾਂ ਦੇ ਰਚਨਾਤਮਿਕ ਮੁਹਾਣ ਨੂੰ ਸਿਰਫ਼ ਸਿਆਸੀ ਹਿੰਦੂਤਵ ਹੀ ਨਹੀਂ ਡੱਕ ਰਿਹਾ ਸਗੋਂ ਆਪਣੇ ਨਿੱਤਕਰਮ ਵਿਚ ਹਿੰਦੂਵਾਦ ਵੀ ਆਡੰਬਰਾਂ ਦੇ ਬੋਝ ਥੱਲੇ ਦੱਬਿਆ ਪਿਆ ਹੈ, ਪੁਜਾਰੀਵਾਦ ਅਤੇ ਦਮਨਕਾਰੀ, ਦਰਜਾਬੱਧ, ਪਿੱਤਰਸੱਤਾਵਾਦੀ ਜਾਤੀ ਵਿਵਸਥਾ ਦੇ ਹੁਕਮਾਂ ਅੱਗੇ ਨਿਵਦਾ ਰਹਿੰਦਾ ਹੈ। ਆਧੁਨਿਕ ਸਮਿਆਂ ਵਿਚ ਨਹਿਰੂ ਨੇ ਆਪਣੀ ਵਿਗਿਆਨਕ ਖਾਸੀਅਤ ਅਤੇ ਅੰਬੇਡਕਰ ਨੇ ‘ਪਿੱਤਰਸੱਤਾਵਾਦੀ ਬ੍ਰਾਹਮਣਵਾਦ’ ਦੀ ਆਲੋਚਨਾ ਜ਼ਰੀਏ ਸਾਨੂੰ ਅਤੀਤ ਦੇ ਇਸ ਬੋਝ ਤੋਂ ਮੁਕਤ ਕਰਾਉਣਾ ਚਾਹਿਆ ਸੀ। ਅਜੇ ਵੀ ਅਸੀਂ ਜਾਣਦੇ ਹਾਂ ਕਿ ਇਹ ਰਵਾਇਤਾਂ ਸਾਡੇ ਰੋਜ਼ਮੱਰਾ ਜੀਵਨ ਵਿਚ ਇਸ ਕਦਰ ਧਸੀਆਂ ਪਈਆਂ ਹਨ ਕਿ ਖ਼ਾਸ ਤੌਰ ਤੇ ਕਿਸੇ ਸਿਆਸਤਦਾਨ ਲਈ ਇਸ ਤੇ ਸਵਾਲ ਉਠਾਉਣਾ ਤੇ ਦੁਨੀਆ ਨੂੰ ਅੰਦਰੋਂ ਬਾਹਰੋਂ ਅਸਲੋਂ ਨਵੇਂ ਕੋਣ ਤੋਂ ਦੇਖਣ ਦੀ ਹਿੰਮਤ ਦਿਖਾਉਣੀ ਸੌਖਾ ਨਹੀਂ ਹੈ। ਇਸੇ ਕਰ ਕੇ ਜਦੋਂ ਸਾਡੇ ਧਰਮ ਨਿਰਪੱਖ ਸਿਆਸਤਦਾਨ ਹਿੰਦੂਤਵ ਦੀ ਆਲੋਚਨਾ ਕਰਦੇ ਹਨ ਤਾਂ ਉਹ ‘ਹਿੰਦੂ ਭਾਵਨਾਵਾਂ’ ਪ੍ਰਤੀ ਕੁਝ ਜ਼ਿਆਦਾ ਹੀ ਸਜਗ ਹੁੰਦੇ ਹਨ ਅਤੇ ਉਹ ਵੱਖ ਵੱਖ ਕਿਸਮ ਦੀਆਂ ਡਰਾਮਈ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਵੀ ਮੰਦਰ ਜਾ ਸਕਦੇ ਹਨ ਅਤੇ ਆਪਣਾ ਗੋਤਰ ਵੀ ਯਾਦ ਰੱਖਦੇ ਹਨ? ਇਹ ਬਿਲਕੁੱਲ ਉਸੇ ਜਾਲ ਵਿਚ ਫਸਣ ਵਰਗਾ ਕੰਮ ਹੈ (ਮਸਲਨ ਸਿਆਸੀ ਤੌਰ ਤੇ ਸਫ਼ਲ ਹੋਣ ਲਈ ਤੁਸੀਂ ਆਪਣਾ ਹਿੰਦੂ ਕਾਰਡ ਦਿਖਾਓ) ਜਿਸ ਰਾਹੀਂ ਹਿੰਦੂਤਵੀ ਸਿਆਸਤ ਦੇ ਅਲੰਬਰਦਾਰਾਂ ਨੇ ਪਹਿਲਾਂ ਹੀ ਸਾਡੀ ਸਮੂਹਕ ਮਨੋਦਸ਼ਾ ਵਿਸ਼ੈਲੀ ਬਣਾ ਕੇ ਰੱਖ ਦਿੱਤੀ ਹੈ। ਮੁਕਤੀਦਾਤੀ ਸਿਆਸਤ ਲਈ ਅਜਿਹੀ ਸਿੱਖਿਆ ਦੀ ਲੋੜ ਹੈ ਜੋ ਸਾਨੂੰ ਸੰਵੇਦਨਸ਼ੀਲ ਬਣਾਵੇ ਅਤੇ ਸਾਡੇ ਅੰਦਰ ਇਹ ਭਰੋਸਾ ਪੈਦਾ ਕਰੇ ਕਿ ਸੱਚੇ ਧਰਮ ਦਾ ਮਾਰਗ ਕਿਸੇ ਜਥੇਬੰਦ ਧਰਮ ਦੇ ਬਿੰਬਾਂ ਦੀ ਨੁਮਾਇਸ਼ ਦਾ ਮੁਹਤਾਜ ਨਹੀਂ ਹੁੰਦਾ: ਟੈਲੀਵਿਜ਼ਨ ਕੈਮਰਿਆਂ ਸਾਹਮਣੇ ਮੰਦਰ ਦਰਸ਼ਨ ਅਤੇ ਇਫ਼ਤਾਰ ਦੀ ਦਾਅਵਤ ਦੇਣਾ ਨਹੀਂ ਹੁੰਦਾ। ਸਗੋਂ ਇਸ ਦੀ ਬਜਾਇ ਇਹ ਪਿਆਰ, ਇਕਜੁੱਟਤਾ, ਰੂਹਾਨੀ ਸੁੱਚਮਤਾ ਅਤੇ ਦਿਸਹੱਦਿਆਂ ਦਾ ਮੇਲ ਹੁੰਦਾ ਹੈ। ਸਿਆਸਤ ਜਿਵੇਂ ਵੱਧ ਤੋਂ ਵੱਧ ਔਜ਼ਾਰ ਦਾ ਰੂਪ ਧਾਰਨ ਕਰ ਰਹੀ ਹੈ ਅਤੇ ਕਿਸੇ ਵੀ ਕੀਮਤ ਤੇ ਚੋਣਾਂ ਜਿੱਤਣਾ ਹੀ ਇਸ ਦਾ ਮੂਲ ਉਦੇਸ਼ ਬਣ ਗਿਆ ਹੈ ਤਾਂ ਕੀ ਰਾਹੁਲ ਗਾਂਧੀ ਲਈ ਆਪਣਾ ਸਬਰ ਕਾਇਮ ਰੱਖਣਾ, ਸਖ਼ਤ ਮਿਹਨਤ ਕਰਨਾ, ਗਹਿਗੱਚ ਸੰਵਾਦ ਸ਼ੁਰੂ ਕਰਨਾ ਅਤੇ ਆਪਣੇ ਪਾਰਟੀ ਕੇਡਰ ਦੀ ਪਹੁੰਚ ਨੂੰ ਮਹਾਤਮਾ ਗਾਂਧੀ ਅਤੇ ਨਹਿਰੂ ਦੀ ਸੋਚ ਮੁਤਾਬਕ ਢਾਲ ਸਕਣਾ ਸੰਭਵ ਹੋ ਸਕੇਗਾ?

ਦੂਜਾ, ਇਹ ਗੱਲ ਪ੍ਰਵਾਨ ਕਰਨਾ ਵੀ ਅਹਿਮ ਹੋਵੇਗਾ ਕਿ ਹਿੰਦੂਤਵ ਜਿਹੇ ਨਿਰੰਕੁਸ਼ਵਾਦੀ ਸਿਧਾਂਤ ਦੀ ਹਰਮਨਪਿਆਰਤਾ ਨੂੰ ਟੁੱਟਵੇਂ ਰੂਪ ਵਿਚ ਨਹੀਂ ਦੇਖਿਆ ਜਾ ਸਕਦਾ; ਇਹ ਮੂਲ ਰੂਪ ਵਿਚ ਦੁਨੀਆ ਭਰ ਵਿਚ ਮੂਲਵਾਦ ਦੇ ਉਭਾਰ ਜੋ ਇਸਲਾਮੀ ਹੋਵੇ ਜਾਂ ਈਸਾਈ ਮੂਲਵਾਦ ਨਾਲ ਜੁੜਿਆ ਹੋਇਆ ਹੈ। ਇਸ ਉਪ ਮਹਾਦੀਪ ਜਿਸ ਅੰਦਰ ਹਿੰਦੂ-ਮੁਸਲਮਾਨ ਟਕਰਾਅ ਦੇ ਤ੍ਰਾਸਦਿਕ ਇਤਿਹਾਸ ਨਾਲ ਜੁੜਿਆ ਹੋਇਆ ਹੈ, ਵਿਚ ਵੰਡਪਾਊ ਤਾਕਤਾਂ ਉਸ ਜ਼ਖ਼ਮ ਦੀ ਯਾਦ ਦਾ ਲਾਹਾ ਤਕਾਉਣ, ਤਫ਼ਰਕੇ ਦੀਆਂ ਕੰਧਾਂ ਖੜ੍ਹੀਆਂ ਕਰਨ ਅਤੇ ਸਾਡੀ ਚੇਤਨਾ ਨੂੰ ਖੁੰਢੀ ਕਰਨ ਅਤੇ ਬਦਲੇ ਤੇ ਦੂਸ਼ਣਬਾਜ਼ੀ ਦੀ ਸਿਆਸਤ ਖੇਡਣ ਤੋਂ ਕਦੇ ਨਹੀਂ ਥੱਕਦੀਆਂ। ਬਹੁਗਿਣਤੀ ਫਿਰਕਾਪ੍ਰਸਤੀ ਬਨਾਮ ਘੱਟਗਿਣਤੀ ਫਿਰਕਾਪ੍ਰਸਤੀ ਦੀ ਇਸ ਜ਼ਹਿਰੀਲੀ ਖੇਡ ਵਿਚ ਜਿੱਤ ਕਿਸੇ ਦੀ ਵੀ ਨਹੀਂ ਹੁੰਦੀ ਸਗੋਂ ਅਸੀਂ ਸਮੂਹਕ ਆਤਮਘਾਤ ਵੱਲ ਵਧ ਰਹੇ ਹਾਂ। ਇਸ ਨੂੰ ਇਕ ਮੁਸਲਮਾਨ ਕਸ਼ਮੀਰੀ ਔਰਤ ਤੋਂ ਬਿਹਤਰ ਹੋਰ ਕੌਣ ਸਮਝ ਸਕਦਾ ਹੈ ਜਿਸ ਨੂੰ ਮੁਕਾਬਲੇ ਵਿਚ ਮਾਰੇ ਗਏ ਆਪਣੇ ਨੌਜਵਾਨ ਦਾ ਚਿਹਰਾ ਤੱਕਣਾ ਪੈਂਦਾ ਹੈ ਜਾਂ ਇਕ ਅਜਿਹਾ ਹਿੰਦੂ ਪਿਤਾ ਜਿਸ ਦੀ ਧੀ ਨਾਲ ਦੰਗਿਆਂ ਵਿਚ ਬਲਾਤਕਾਰ ਕੀਤਾ ਜਾਂਦਾ ਹੈ।

ਦਰਅਸਲ, ਮੂਲਵਾਦ ਦਾ ਮਨੋਵਿਗਿਆਨ ਜਾਂ ਤੈਅਸ਼ੁਦਾ ਧਾਰਮਿਕ ਪਛਾਣ ਦੁਆਲੇ ਘੁੰਮਦੀ ਸਿਆਸਤ ਇਸ ਸਭਿਅਕ ਵਿਹਾਰ ਨੂੰ ਸਹਿਣ ਨਹੀਂ ਕਰਦੀ; ਇਹ ਬਹੁਤ ਹੀ ਪਿੱਤਰਸੱਤਾਵਾਦੀ ਹੈ; ਇਹ ਮੁੱਢੋਂ ਔਰਤਾਂ, ਆਲੋਚਨਾਤਮਿਕ ਸੋਚ, ਰੂਹਾਨੀ ਜਾਚ ਅਤੇ ਆਲਮੀਅਤ ਦੀ ਭਾਵਨਾ ਦੇ ਖਿਲਾਫ਼ ਹੈ। ਇਹ ਸਾਡੇ ਤੋਂ ਸਿੱਖਿਆ, ਬੇਰੁਜ਼ਗਾਰੀ, ਸਿਹਤ ਅਤੇ ਸਮਾਜਿਕ ਸੁਰੱਖਿਆ ਦੇ ਸਾਡੇ ਸਾਂਝੇ ਸਰੋਕਾਰ ਖੋਹ ਲੈਂਦੀ ਹੈ। ਲਿਹਾਜ਼ਾ, ਸਾਡੀ ਸਮੂਹਕ ਬੰਦਖਲਾਸੀ ਵਾਸਤੇ ਕਿਸੇ ਵੀ ਕਿਸਮ ਜਾਂ ਰੰਗ ਵਾਲੀ ਫਿਰਕਾਪ੍ਰਸਤੀ ਜਾਂ ਬੁਨਿਆਦਪ੍ਰਸਤੀ ਦਾ ਇਕੋ ਜਿੰਨੀ ਤਾਕਤ ਤੇ ਤਨਦੇਹੀ ਨਾਲ ਵਿਰੋਧ ਕਰਨਾ ਬਣਦਾ ਹੈ। ਇਸ ਲਈ ਵੱਡੇ ਜੇਰੇ ਦੀ ਲੋੜ ਹੈ ਕਿਉਂਕਿ ਇਸ ਤਰ੍ਹਾਂ ਤੁਹਾਨੂੰ ਮੰਦਰ ਸਿਆਸਤ ਦੇ ਪੁਰਾਤਨਪੰਥੀਆਂ ਅਤੇ ਤਾਲਿਬਾਨ ਚੇਤਨਾ ਨਾਲ ਗ੍ਰਸੇ ਮੂੜ੍ਹ ਮੌਲਾਣਿਆਂ ਦੋਵਾਂ ਦੇ ਗੁੱਸੇ ਦਾ ਨਿਸ਼ਾਨਾ ਬਣਨਾ ਪੈ ਸਕਦਾ ਹੈ।

ਕੀ ਵੋਟ ਬੈਂਕ ਸਿਆਸਤ ਦੇ ਮੈਕੇਵਲਿਆਈ ਅੰਕੜੇ ਰਾਹੁਲ ਗਾਂਧੀ ਨੂੰ ਇਸ ਪਾਰਦਰਸ਼ੀ, ਇਮਾਨਦਾਰ ਤੇ ਦਲੇਰਾਨਾ ਕਦਮ ਉਠਾਉਣ ਬਾਰੇ ਸੋਚਣ ਦੇ ਯੋਗ ਬਣਾਉਣਗੇ?

*ਲੇਖਕ ਸਮਾਜ ਸ਼ਾਸਤਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All